Share on Facebook

Main News Page

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ
-: ਗੁਰਦੇਵ ਸਿੰਘ ਸੱਧੇਵਾਲੀਆ

ਪਿੰਡਾ ਧੋ ਕੇ ਬੈਠਣ ਨਾਲ ਕੋਈ ਸੁੱਚਾ ਹੋਣ ਲੱਗਦਾ ਹੁੰਦਾ, ਤਾਂ ਡੁੱਡੂ ਤਾਂ ਰਹਿੰਦਾ ਹੀ ਪਾਣੀ ਵਿਚ ਹੈ। ਪਿੰਡਾ ਤਾਂ ਸਫਾਈ ਲਈ ਧੋਣਾ ਹੁੰਦਾ, ਨਾ ਕਿ ਸੁੱਚਾ ਹੋਣ ਲਈ। ਪਿੰਡਾ ਸੁੱਚਾ ਹੋ ਹੀ ਨਹੀਂ ਸਕਦਾ। ਪਿੰਡੇ ਦਾ ਸੁੱਚਾ ਹੋਣ ਨਾਲ ਸਬੰਧ ਹੀ ਕੋਈ ਨਹੀਂ। ਪਿੰਡਾ ਸੁੱਚਾ ਹੋਣ ਵਾਲੀ ਚੀਜ ਹੀ ਨਹੀਂ। ਸੁੱਚੀ ਤਾਂ ਸੋਚ ਹੁੰਦੀ। ਸੁੱਚੀ ਤਾਂ ਵਿਚਾਰ ਹੁੰਦੀ ਜਿਹੜੀ ਸੁੱਚੀ ਸੋਚ ਵਿਚੋਂ ਆਉਂਦੀ। ਸੋਚ ਵਿਚ ਜਦ ਸੁਚਮ ਆਉਂਦੀ, ਤਾਂ ਦੁਆਲਾ ਵੀ ਸੁੱਚਾ ਹੋ ਜਾਂਦਾ ਹੈ। ਪਿੰਡੇ ਵਿਚ ਨਿੱਤ ਗੰਦ ਰਹਿੰਦਾ। ਪਿੰਡੇ ਵਿਚਲਾ ਗੰਦ ਦੁਨੀਆਂ ਦਾ ਕੋਈ ਪਾਣੀ ਨਹੀਂ ਕੱਢ ਸਕਦਾ। ਕੋਈ ਪਾਣੀ ਬਣਿਆ ਹੀ ਨਹੀਂ ਕਿ ਪਿੰਡੇ ਨੂੰ ਸੁੱਚਾ ਕਰ ਸਕੇ।

ਹਰੀ ਸਿਉਂ ਰੰਧਾਵੇ ਵਾਲੇ ਦੀ ਸੁੱਚਮ ਹੈਰਾਨ ਕਰ ਦੇਣ ਵਾਲੀ ਹੈ। ਔਰਤ ਦੇ ਪਿੰਡੇ ਵਿਚ ਆਉਂਣ ਵਾਲੀ ਕੁਦਰਤੀ ਪ੍ਰਕਿਰਿਆ ਨੂੰ ਮਲੀਨ ਕਹਿਣ ਵਾਲਾ ਭਾਈ ਇਹ ਗੱਲ ਭੁੱਲ ਗਿਆ ਕਿ ਜੇ ਉਸ ਦੀ ਮਾਂ ਦੇ ਇਹ ਪ੍ਰਕਿਰਿਆ ਨਾ ਹੁੰਦੀ, ਤਾਂ ਇਸ ਧਰਤੀ ਉਪਰ ਹਰੀ ਸਿਉਂ ਰੰਧਾਵਾ ਨਾਂ ਦਾ ਬੰਦਾ ਦੋ ਗੱਜ ਕੱਪੜੇ ਚ ਮੋਰੀ ਕੱਢ ਕੇ ਚੋਲਾ ਬਣਾਈ ਕਦੇ ਨਾ ਤੁਰਿਆ ਫਿਰਦਾ ਹੁੰਦਾ। ਇਹ ਜੂਠੀ ਪ੍ਰਕਿਰਿਆ ਹੀ ਮਨੁੱਖ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ। ਤਾਂ ਫਿਰ ਇਸ ਜੂਠੀ ਪ੍ਰਕਿਰਿਆ ਵਿਚੋਂ ਪੈਦਾ ਹੋਏ ਮਨੁੱਖ ਦਾ ਪਿੰਡਾ ਸੁੱਚਾ ਕਿਵੇਂ ਹੋਇਆ? ਤੇ ਖੁਦ ਹਰੀ ਸਿਉਂ?

ਮਿਸਟਰ ਰੰਧਾਵਾ ਨੇ ਹੁਣ ਅਗਲੀ ਪਲਟੀ ਇਹ ਮਾਰੀ ਕਿ ਉਸ ਨੇ ਔਰਤ ਨੂੰ ਮਲੀਨ ਨਹੀਂ ਕਿਹਾ, ਬਲਕਿ ਆਉਂਣ ਵਾਲੀ ਪ੍ਰਕਿਰਿਆ ਨੂੰ ਮਲੀਨ ਕਿਹਾ ਹੈ। ਮਿਸਟਰ ਰੰਧਾਵਾ ਇਹ ਗੱਲ ਕਹਿਣ ਲੱਗਿਆ ਭੁੱਲ ਗਿਆ ਕਿ ਮਲੀਨ ਪ੍ਰਕਿਰਿਆ ਦਾ ਕਾਰਨ ਵੀ ਕੁਦਰਤ ਯਾਣੀ ਕਾਦਰ ਹੈ। ਜੇ ਉਸ ਦੀ ਪ੍ਰਕਿਰਿਆ ਮਲੀਨ ਹੈ, ਤਾਂ ਉਸ ਨੂੰ ਬਣਾਉਂਣ ਵਾਲਾ ਪਵਿੱਤਰ ਕਿਵੇਂ ਹੋਇਆ?

ਮਿਸਟਰ ਰੰਧਾਵੇ ਦੀਆਂ ਗੱਪਾਂ ਦੀ ਤਾਂ ਚਲੋ ਖਾਧੀ ਕੜੀ, ਉਸ ਦਾ ਤਾਂ ਕਿੱਤਾ ਹੀ ਹੈ, ਪਰ ਤੁਹਾਨੂੰ ਪ੍ਰਬਧੰਕ ਦਾ ਫਿਕਰ ਕਰਨਾ ਬਣਦਾ, ਕਿ ਉਹ ਅਜਿਹੇ ਗੱਪੀ ਲੋਕਾਂ ਦੀ ਕਿਵੇਂ ਢਾਲ ਬਣਕੇ ਅੱਗੇ ਆਉਂਦਾ ਹੈ ਤੇ ਲੋਕਾਂ ਦੇ ਗਾਟੇ ਲਾਹੁਣ ਦੀ ਗੱਲ ਕਰਦਾ ਹੈ। ਤੁਹਾਡਾ ਪ੍ਰਬੰਧਕ ਬੌਧਿਕ ਪੱਖੋਂ ਇਨਾ ਗਰੀਬ ਹੋ ਚੁੱਕਾ ਹੋਇਆ, ਕਿ ਉਹ ਇਸ ਝੂਠ ਦੀ ਹਨੇਰ-ਗਰਦੀ ਦੀ ਇੱਕ ਧਿਰ ਬਣਕੇ ਖੜ ਗਿਆ ਹੈ। ਉਹ ਅਪਣੀ ਦੁਕਾਨਦਾਰੀ ਦੇ ਚੱਕਰ ਵਿੱਚ ਸੱਚ ਨੂੰ ਦੇਖਣੋ ਹਟ ਗਿਆ ਹੈ, ਤੇ ਸੁਣਨੋ ਵੀ! ਉਸ ਨੂੰ ਦਰਅਸਲ ਹਰੀ ਸਿਉਂ ਰੰਧਾਵੇ ਦਾ ਫਿਕਰ ਨਹੀਂ, ਬਲਕਿ ਰੰਧਾਵੇ ਵਲੋਂ ਵੇਚੇ ਜਾ ਰਹੇ ਉਸ ਸੌਦੇ ਦਾ ਫਿਕਰ ਹੈ, ਜਿਹੜਾ ਵਿਚਣ ਨਾਲ ਉਸ ਦੀ ਦੁਕਾਨ ਦੀ ਭੀੜ ਵਿਚ ਵਾਧਾ ਹੁੰਦਾ ਹੈ।

ਜਿਸ ਗੁਰਦੁਆਰੇ ਦੇ ਲੋਕ ਸਵਾਲ ਕਰਨ ਵਾਲਿਆਂ ਦੇ ਸਿਰ ਲਾਹੁਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਕਰਨੀ ਹੀ ਪੈਣੀ ਸੀ। ਤੁਹਾਡੇ ਚਲਦੇ ਵਪਾਰ ਵਿਚ ਆ ਕੇ ਕੋਈ ਖਲਲ ਪਾਵੇ, ਤੁਸੀਂ ਕੀ ਬੈਠੇ ਰਹੋਂਗੇ? ਜਿਥੇ ਹਰੇਕ ਹਫਤੇ 11 ਅਖੰਡ ਪਾਠਾਂ ਦਾ ਭੋਗ ਪੈਂਦਾ, ਉਥੇ ਹਰੀ ਸਿਉਂ ਰੰਧਾਵੇ ਦਾ ਸੌਦਾ ਉਨ੍ਹਾਂ ਨੂੰ ਵੇਚਣਾ ਹੀ ਪੈਣਾ। ਮੈਂ ਇੱਕ ਵਾਰੀ ਗਿਆਨੀ ਨਰਿੰਦਰ ਸਿਉਂ ਨੂੰ ਫੋਨ ਕਰਕੇ ਪੁੱਛਿਆ, ਕਿ ਇਹ ਜੋ ਤੂੰ ਕਰ ਰਿਹਾਂ ਇਹ ਗੁਰ ਆਸ਼ੇ ਦੀ ਕੱਸਵਟੀ ਉਪਰ ਖਰਾ ਵੀ ਉੱਤਰਦਾ ਯਾਣੀ ਇੰਝ ਹੋ ਸਕਦਾ? ਕਹਿੰਦਾ ਜੀ ਹੋਣਾ ਤਾਂ ਨਹੀਂ ਚਾਹੀਦਾ, ਪਰ ਸੰਗਤਾਂ?

ਹੁਣ ਤੁਸੀਂ ਦੱਸੋ ਕਿ ਗਿਆਰਾਂ ਪਾਠ ਕਰਾਉਂਣ ਵਾਲੀਆਂ ਤਾਂ ਸੰਗਤਾਂ ਹੋਈਆਂ, ਪਰ ਜਿਹੜੇ ਉਥੇ ਸਵਾਲ ਕਰਨ ਗਏ ਉਹ ਕੀ ਸਨ? ਇੱਕ ਸੰਗਤ ਦੀ ਤੁਸੀਂ ਮੰਨਦੇ, ਦੂਜੀ ਦਾ ਸਿਰ ਲਾਹੁਣ ਦੀ ਗੱਲ ਕਰਦੇਂ?

ਦਰਅਸਲ ਵਪਾਰੀ ਲਈ ਕੋਈ ਸੰਗਤ ਨਹੀਂ। ਨਾ ਪਹਿਲੀ ਨਾ ਦੂਜੀ। ਤੁਸੀਂ ਗਾਹਕ ਬਣ ਕੇ ਜਾਵੋ, ਤਾਂ ਸੰਗਤ, ਪਰ ਸਵਾਲ ਲੈ ਕੇ ਤਾਂ ਸਿਰ ਲਾਹਾਵਾਂਗੇ? ਵਪਾਰੀ ਸਵਾਲ ਹੀ ਤਾਂ ਚਾਹੁੰਦਾ ਨਹੀਂ। ਜਾਉ, ਅੱਖਾਂ ਮੀਚੋ, ਪਾਠ ਕਰਾਉ, ਦਾਨ-ਦਸ਼ਣਾ ਦਿਉ, ਤੇ ਮੌਜਾਂ ਕਰੋ। ਤੁਸੀਂ ਵੀ ਕਰੋ ਤੇ ਅਸੀਂ ਵੀ! ਪਰ ਸਵਾਲ ਨਹੀਂ! ਸਵਾਲ ਸਿਰ ਵਿਚੋਂ ਆਉਂਦਾ, ਤੇ ਸਿਰ ਹੀ ਤਾਂ ਪੰਡੀਏ ਨੂੰ ਚਾਹੀਦਾ ਨਹੀਂ। ਉਸ ਨੂੰ ਤੁਰੇ ਫਿਰਦੇ ਪਰ ਬਿਨਾ ਸਿਰ ਮਨੁੱਖ ਚਾਹੀਦੇ, ਜਿੰਨਾ ਦੇ ਮੂੰਹ ਵਿਚ ਜ਼ੁਬਾਨ ਨਾ ਹੋਵੇ। ਤੁਸੀਂ ਜ਼ੁਬਾਨ ਖੋਲ੍ਹੀ ਨਹੀਂ, ਕਿ ਉਹ ਡਾਂਗ ਲੈ ਕੇ ਤੁਹਾਡੇ ਦੁਆਲੇ ਹੋਇਆ ਨਹੀਂ। ਹਜ਼ਾਰਾਂ ਸਾਲਾਂ ਤੋਂ ਪੰਡੀਆ ਇਹੀ ਤਾਂ ਕਰਦਾ ਆ ਰਿਹਾ। ਉਦੋਂ ਵੀ ਉਹ ਬੋਲਣ ਵਾਲੇ ਦੀ ਜ਼ੁਬਾਨ ਵੱਡ ਦਿੰਦਾ ਸੀ, ਤੇ ਅੱਜ ਵੀ ਕਹਿੰਦਾ ਸਿਰ ਲਾਹ ਦਿਆਂਗਾ। ਸਿਰ ਲੱਥ ਗਿਆ ਜ਼ੁਬਾਨ ਆਪੇ ਲੱਥ ਜਾਣੀ! ਨਹੀਂ? ਤੇ ਤੁਹਾਨੂੰ ਕੌਣ ਕਹਿੰਦਾ ਤੁਹਾਡੇ ਗੁਰਦੁਆਰੇ ਚੋਲਾ ਪਾਈ ਕੋਈ ਸੰਤ ਜਾਂ ਭਾਈ ਬੈਠਾ? ਇਹੀ ਮੇਰੀ ਮੁਸ਼ਕਲ ਹੈ ਕਿ ਮੈਂ ਪੰਡੀਏ ਦੇ ਬਦਲੇ ਹੋਏ ਰੂਪ ਨੂੰ ਪਛਾਣ ਨਹੀਂ ਪਾ ਰਿਹਾ! ਦੱਸੋ ਫਰਕ ਕਿਥੇ ਹੈ, ਸਿਵਾਏ ਇਸ ਦੇ ਕਿ ਇੱਕ ਬੋਦੀ ਰੱਖੀ ਬੈਠਾ ਤੇ ਦੂਜਾ ਚੋਲਾ ਪਾਈ !!!

ਪਿੱਛੇ ਜਿਹੇ ਵੈਨਕੋਵਰ ਸ੍ਰੀ ਸੁਦਰਸ਼ਨ ਨਾਂ ਦੇ ਪੰਡਤ ਦਾ ਰੌਲਾ ਪਿਆ, ਤਾਂ ਸ੍ਰ. ਕੁਲਦੀਪ ਸਿੰਘ, ਪ੍ਰੋ. ਗੁਰਦਿੰਰ ਸਿੰਘ ਧਾਲੀਵਾਲ ਤੇ ਬੀਬੀ ਔਲਖ ਦੇ ਅੱਲਗ ਅੱਲਗ ਸਮੇਂ ਅਲੱਗ ਅੱਲਗ ਪ੍ਰੋਗਰਾਮਾਂ ਵਿੱਚ ਮੈਨੂੰ ਲੈ ਕੇ ਉਨੀ ਟਾਕ-ਸ਼ੋਅ ਕੀਤੇ। ਉਥੇ ਮੈਂ ਹਰੇਕ ਪ੍ਰੋਗਰਾਮ ਉਪਰ ਅਪਣੇ ਲੋਕਾਂ ਨੂੰ ਗੱਲ ਕਹੀ ਸੀ, ਕਿ ਭਾਈ ਆਹ ਪੰਡਤ ਦੁਆਲੇ ਤਾਂ ਤੁਸੀਂ ਹੋਏ ਫਿਰਦੇ ਹੋਂ ਚਲੋ ਹੋਣਾ ਵੀ ਚਾਹੀਦਾ, ਪਰ ਆਹ ਤੁਹਾਡੇ ਆਪਣੇ ਪਾਠ ਵੇਚਣ ਵਾਲੇ ਪੰਡਤ? ਪੂਰੀ ਕੌਮ ਵੇਚ ਕੇ ਡਕਾਰ ਗਏ, ਖਾ ਗਏ! ਗੁਰੂ ਬਾਣੀ ਦਾ ਪੂਰਨ ਤੌਰ 'ਤੇ ਇਨੀ ਵਪਾਰੀ-ਕਰਨ ਦਿੱਤਾ ਹੋਇਆ। ਇਹ ਤਾਂ ਚੱਕੀ ਵੀ ਚੱਟ ਗਏ ਤੇ ਚੀਥਰਾ ਵੀ ਨਹੀਂ ਛੱਡਿਆ? ਭਗਤ ਕਬੀਰ ਜੀ ਇਨਾਂ ਮਗਰ ਹੀ ਦੌੜੇ ਡੰਡਾ ਲੈ ਕੇ, ਕਿ ਤੇਰਾ ਬੇੜਾ ਬਹਿ ਜਾਏ ਆਟਾ ਤਾਂ ਚੱਟ ਲਿਆ, ਮੇਰਾ ਚੀਥਰਾ ਤਾਂ ਛੱਡ ਜਾਹ? ਇਹ ਚੱਟ ਗਏ ਪੂਰੀ ਕੌਮ ਨੂੰ !!!

11-11, 24-24, 51-51 ਪਾਠਾਂ ਦੀਆਂ ਲੜੀਆਂ ਇਨੀ ਚਲਾ ਛੱਡੀਆਂ। ਤੁਹਾਡੇ ਭਲੇ ਖਾਤਰ? ਗਿਆਨੀ ਨਰਿੰਦਰ ਸਿਉਂ, ਦੱਸੋ ਤੁਹਾਡਾ ਕਿਹੜਾ ਭਲਾ ਕਰਦਾ ਆ ਰਿਹਾ ਹੁਣ ਤੱਕ ਸਿਵਾਏ ਤੁਹਾਡੀਆਂ ਜ੍ਹੇਬਾਂ ਕੱਟਣ ਦੇ? ਪੁੱਛੋ ਇਸ ਬੰਦੇ ਨੂੰ ਕਿ ਕਿੰਨੇ ਬੈਂਕੁਟ ਹਾਲ ਵਾਲਿਆਂ ਨੂੰ ਦਿੰਦਾ ਤੇ ਕਿੰਨੇ ਇਸ ਦੀ ਜ੍ਹੇਬ ਵਿੱਚ? ਤੁਹਾਡੇ ਪਾਠਾਂ ਦੇ ਪੈਸੇ ਨਾਲ ਹੁਣ ਤੱਕ ਇਸ ਭਾਈ ਨੇ ਤੁਹਾਡਾ, ਤੁਹਾਡੇ ਬੱਚਿਆਂ ਦਾ, ਤੁਹਾਡੀ ਕੌਮ ਦਾ ਦੱਸੋ ਕੀ ਭਲਾ ਕੀਤਾ?

ਜਿਹੜੀ ਚੀਜ ਸੁੱਚੀ ਹੋਣੀ ਸੀ, ਉਹ ਤਾਂ ਅੱਤ ਮਲੀਨ ਕਰ ਲਈ ਵਿਚੋ ਮਿਸਟਰ ਰੰਧਾਵੇ ਨੇ, ਪ੍ਰਬੰਧਕ ਨੇ ਤੇ ਵਿਚੇ ਗਿਆਨੀ ਨੇ। ਡਾਂਗ ਕੱਢੀ ਫਿਰਦਾ ਵਿਚਾਰੀ ਔਰਤ ਮਗਰ? ਉਹ ਤਾਂ ਹਰੇਕ ਮਹੀਨੇ ਲਹੂ-ਲੁਹਾਨ ਹੋ ਕੇ ਵੀ ਕਦੇ ਰੱਬ ਨੂੰ ਉਲਾਮਾ ਨਹੀਂ ਦਿੰਦੀ ਤੇ ਸਗੋਂ ਸ਼ੁੱਕਰ ਕਰਦੀ ਹੈ, ਕਿ ਮੇਰੀ ਇਸ ਪ੍ਰਕਿਰਿਆ ਨੇ ਮੈਨੂੰ ਮਾਂ ਹੋਣ ਦਾ ਮਾਣ ਬਖਸ਼ਿਆ? ਪ੍ਰਬੰਧਕ, ਮਿਸਟਰ ਰੰਧਾਵਾ ਤੇ ਵਿਚੇ ਗਿਆਨੀ ਆਪਣੀ ਮਾਂ ਨੂੰ ਪੁੱਛਣ, ਕਿ ਅਪਵਿਤਰ ਔਰਤ ਮੇਰੀ ਮਾਂ ਕਿਵੇਂ ਹੋਈ ਤੇ ਉਸ ਅਪਵਿੱਤਰ ਵਿਚੋਂ ਪੈਦਾ ਹੋਇਆ ਮੈਂ ਪਵਿੱਤਰ ਕਿਵੇਂ ਹੋਇਆ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top