Share on Facebook

Main News Page

ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ?
-: ਗੁਰਦੇਵ ਸਿੰਘ ਸੱਧੇਵਾਲੀਆ

ਮੇਰਾ ਇੱਕ ‘ਮਿੱਤਰ’ ਹੈ, ਦਿੱਲ ਕਰਦਾ ਉਸ ਦਾ ਨਾਂ ਲੈ ਦਿਆਂ, ਪਰ ਨਹੀਂ! ਉਸ ਦੀ ਆਦਤ ਉਸ ਬੱਕਰੀ ਵਰਗੀ ਹੈ, ਜਿਹੜੀ ਜਿਥੇ ਵੀ ਮਰਜੀ ਮੂੰਹ ਮਾਰ ਲੈਂਦੀ ਹੈ। ਉਸ ਦੀ ਸਭ ਨਾਲ ‘ਬਣਦੀ’। ਟਕਸਾਲੀ, ਅਖੰਡ ਕੀਰਤਨੀ, ਖਾਲਿਸਤਾਨੀ, ਹਿੰਦੋਸਤਾਨੀ, ਮਿਸ਼ਨਰੀ, ਡੇਰੇਦਾਰ, ਜਥੇਦਾਰ। ਯਾਨੀ ਆਲੂ ਵਾਂਗ ਹਰੇਕ ਸਬਜੀ ਵਿਚ ਪੈਣ ਵਾਲੀ ‘ਸ਼ੈਅ’।

ਉਹ ਕਿਸੇ ‘ਖਾਲਿਸਤਾਨੀ’ ਭਰਾ ਦਾ ਚੁੱਕਾ, ਮੈਨੂੰ ਕਹਿੰਦਾ ਕਿ ਤੁਸੀਂ ਮਿਸ਼ਨਰੀਏ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰਦੇ?

ਮੈਂ ਉਸ ਨੂੰ ਕਿਹਾ ਕਿ ਤੈਨੂੰ ਕਿੰਨ ਕਿਹਾ ਕਿ ਮੈਂ ਮਿਸ਼ਨਰੀ ਹਾਂ। ਸਿੱਖ ਹੋਣਾ ਕਾਫੀ ਨਹੀਂ ਕਿ ਮੈਂ ਟਕਸਾਲੀ, ਅਖੰਡ-ਕੀਰਤਨੀ ਜਾਂ ਮਿਸ਼ਨਰੀ ਹੋਵਾਂ?

ਦਰਅਸਲ ਉਸ ਨੂੰ ਮੇਰੀ ਲਿਖਣ ਸ਼ੈਲੀ ਤੋਂ ਸ਼ਾਇਦ ਜਾਪਿਆ ਹੋਵੇ ਕਿ ਮੈਂ ਮਿਸ਼ਨਰੀ ਹਾਂ। ਉਂਝ ਮਿਸ਼ਨਰੀ ਹੋਣਾਂ ਜਾਂ ਟਕਸਾਲੀ ਹੋਣਾਂ ਜਾਂ ਅਖੰਡ-ਕੀਰਤਨੀ ਹੋਣਾ ਕੋਈ ਗੁਨਾਹ ਨਹੀਂ, ਪਰ ਉਸ ਨੇ ਮੈਂਨੂੰ ਨੱਥੀ ਕਰਕੇ ਦੇਖਿਆ ਤਾਂ ਮੈਨੂੰ ਜਵਾਬ ਦੇਣਾ ਪਿਆ।

ਕਿਸੇ ਦਾ ਤਾਂ ਪਤਾ ਨਹੀਂ, ਪਰ ਮੈਂ ਤਾਂ ਖਾਲਿਸਤਾਨ ਦੀ ਗੱਲ ਕਰਦਾ ਹਾਂ!

ਪਰ ਗੱਲ ਉਸ ਦੇ ਸਮਝ ਨਾ ਆਈ। ਆ ਸਕਣੀ ਵੀ ਨਹੀਂ, ਕਿਉਂਕਿ ਖਾਲਿਸਤਾਨ ਨੂੰ ਜਿਸ ਕੋਨੇ ਤੋਂ ਉਹ ਦੇਖ ਰਿਹਾ ਹੈ, ਖਾਲਿਸਤਾਨ ਬਣਕੇ ਵੀ ਕੌਮ ਆਜ਼ਾਦ ਨਹੀਂ ਹੋ ਸਕਣੀ। ਆਜ਼ਾਦੀ ਸਭ ਤੋਂ ਪਹਿਲਾਂ ਸਿਰ ਤੋਂ ਸ਼ੁਰੂ ਹੁੰਦੀ ਯਾਣੀ ਵਿਚਾਰਧਾਰਾ! ਆਜ਼ਾਦੀ ਇੱਕ ਵਿਚਾਰਧਾਰਾ ਦਾ ਨਾਂ ਹੈ। ਆਜ਼ਾਦੀ ਸਭ ਤੋਂ ਪਹਿਲਾਂ ਵਿਚਾਰਾਂ ਵਿੱਚ ਆਉਂਦੀ ਹੈ ਤੇ ਫਿਰ ਅੱਗੇ ਤੁਰਦੀ ਤੇ ਅਪਣੇ ਨਿਸ਼ਾਨੇ ਮਿੱਥਦੀ ਹੈ। ਖਾਲਿਸਤਾਨ ਤਾਂ ਹਾਲੇ ਮੇਰੇ ਸਿਰ ਵਿਚ ਹੀ ਸ਼ੁਰੂ ਨਹੀਂ ਹੋਇਆ, ਬਾਹਰ ਮੈਂ ਆਜ਼ਾਦ ਕਿਥੇ ਹੋ ਲਵਾਂਗਾ। ਸਿਰ ਵਿੱਚ ਤਾਂ ਪੰਡੀਆ ਸ਼ਹਿ ਲਾਈ ਬੈਠਾ ਹੈ, ਜਿਸ ਦੇ ਰਾਮ-ਕ੍ਰਿਸ਼ਨ-ਬਿਸ਼ਨ-ਚੰਡਕਾ-ਜਗਮਾਤਾ-ਸ਼ਿਵ-ਕਾਲ-ਮਹਾਂਕਾਲ ਪੜੇ ਬਿਨਾ ਮੇਰਾ ਨਾ ਦਿਨ ਚੜ੍ਹਦਾ ਨਾ ਰਾਤ ਪੈਂਦੀ। ਆਜ਼ਾਦ ਮੈਂ ਹਿੰਦੂ ਤੋਂ ਹੀ ਹੋਣਾ ਚਾਹੁੰਦਾ ਨਾ, ਜਾਂ ਕਿਸੇ ਹੋਰ ਤੋਂ? ਸਿਰ ਨੂੰ ਤਾਂ ਆਜ਼ਾਦ ਕਰਾਂ ਉਸ ਤੋਂ ਪਹਿਲਾਂ! ਜਦ ਨੀਂਹ ਹੀ ਹੈ ਨਹੀਂ ਹੇਠਾਂ, ਤਾਂ ਖਾਲਿਸਤਾਨ ਕਾਹਦੇ ਉਪਰ ਰੱਖਾਂਗਾ! ਕਈ ਭਰਾਵਾਂ ਦਾ ਸੋਚਣਾ ਹੈ ਕਿ ਪਹਿਲਾਂ ਰਾਜ ਲੈ ਲਈਏ ਇਹ ਮਸਲੇ ਫਿਰ ਹੱਲ ਕਰ ਲਾਂਗੇ। ਇਥੇ ਹੀ ਅਸੀਂ ਗਲਤੀ ਕਰਦੇ ਹਾਂ, ਜਦ ਇਸ ਸਭ ਨੂੰ ਅਸੀਂ ਮਸਲੇ ਸਮਝ ਬੈਠਦੇ ਹਾਂ, ਜਦ ਕਿ ਇਹ ਮਸਲੇ ਨਹੀਂ ਬਲਕਿ ਪੀਡੀ ਗੁਲਾਮੀ ਹੈ। ਸਾਹ ਘੁੱਟ ਕੇ ਮਾਰ ਸੁੱਟਣ ਵਾਲੀ ਗੁਲਾਮੀ। ਕੋਈ ‘ਚਾਂਸ’ ਹੀ ਨਹੀਂ ਰਹਿੰਦਾ ਕਿ ਤੁਸੀਂ ਜਿੰਦਾ ਬੱਚ ਸਕੋ ਇਸ ਗੁਲਾਮੀ ਤੋਂ। ਵੱਡੇ ਬੁੱਧ ਤੇ ਜੈਨ ਇਸ ਗੁਲਾਮੀ ਦੇ ਢਿੱਡ ਵਿਚ ਚਲੇ ਗਏ! ਭਗਤ ਕਬੀਰ ਜੀ ਨੇ ਇਸੇ ਨੂੰ ‘ਸਾਂਕਲ ਜੇਵਰੀ’ ਯਾਣੀ ਵਰਨ ਆਸ਼ਰਮਾਂ ਦੇ ਸੰਗਲ ਕਿਹਾ। ਬੰਦਾ ਮਰਨੋ ਮਰ ਜੂ, ਇਹ ਨਹੀਂ ਟੁੱਟਦੇ। ਸਿਰ ਨੂੰ ਗੁਲਾਮ ਕਰ ਦਿਓ ਬੰਦੇ ਦਾ ਕੀ ਏ, ਭਵੇਂ ਗਾਤਰਾ ਪਾਈ ਫਿਰੇ ਤੇ ਸਿਰ ਤੇ ਖੱਟੀ ਪੱਗ, ਲੰਮਾ ਚੋਲਾ ਜਾਂ ਗੋਲ ਪਰਨਾ।

ਇਹ ਸੰਗਲ ਸਿੱਖ ਕੌਮ ਦੇ ਗਲ ਬੁਰੀ ਤਰ੍ਹਾਂ ਪੈ ਚੁੱਕੇ ਹੋਏ, ਤੇ ਅਸੀਂ ਇਸ ਨੂੰ ਮਸਲੇ ਸਮਝਦੇ ਵੱਡੀ ਭੁੱਲ ਕਰ ਰਹੇ ਹਾਂ। ਪੂਰੀ ਕੌਮ ਥਾਂ ਥਾਂ ਅੱਡੀਆਂ ਰਗੜ ਰਹੀ, ਮਾਨਸਿਕ ਤੌਰ 'ਤੇ ਕਮਜ਼ੋਰ ਅਤੇ ਬਿਮਾਰ ਹੋ ਚੁੱਕੀ, ਬਿੱਲੀ ਦੇ ਰਾਹ ਕੱਟਣ ਤੇ ਜੁੱਤੀਆਂ ਝਾੜਨ ਬਹਿ ਜਾਂਦੀ, ਨਸ਼ਿਆਂ ਬੁਰਾ ਹਾਲ ਕੀਤਾ ਪਿਆ, ਲੰਡਰ ਗਾਇਕ ਅੱਡ ਚਿੰਬੜੇ ਹੋਏ, ਥਾਂ ਥਾਂ ਕਬਰਾਂ ਤੇ ਮੜੀਆਂ ਵਲ ਹੋ ਤੁਰਿਆ ਸਿੱਖ, ਭੋਰਿਆਂ ਵਿਚ ਮਰੇ ਸਾਧਾਂ ਦੀਆਂ ਜੁੱਤੀਆਂ ਅਤੇ ਗੰਦੀਆਂ ਟਾਇਲਟਾਂ ਪੂਜਣ ਤੁਰੀ ਹੋਈ ਕੌਮ! ਅਸ਼ਟਮੀ, ਸ਼ਿਵਰਾਤਰੀ, ਸ਼ਨੀ ਮੰਦਰ, ਨੈਣਾਦੇਵੀ, ਵਡਭਾਗ ਸਿਓਂ, ਰਾਧਾ-ਸੁਆਮੀ, ਸੌਦਾ ਸਾਧ, ਆਸ਼ੂਤੋਸ਼, ਸ਼ੇਖ-ਫੱਤਾ, ਰੋਡਾ ਸ਼ਾਹ... ਪਤਾ ਨਹੀਂ ਕਿਥੇ ਕਿਥੇ ਜਾ ਕੇ ਸਿਰ ਰਗੜਦੀ ਫਿਰਦੀ, ਪਰ ਇਹ ਕਹਿੰਦੇ ਪਹਿਲਾਂ ਤੈਨੂੰ ਅਸੀਂ ਖਾਲਿਸਤਾਨ ਲੈ ਕੇ ਦੇਣਾ ਬਾਕੀ ਇਲਾਜ ਤੇਰੇ ਬਾਅਦ! ਚਲੋ ਹੇਠਾਂ ਵਾਲੇ ਛੱਡੋ ਉਪਰ ਵਾਲੇ ਕੀ ਤੰਦਰੁਸਤ ਨੇ? ਮੂਹਰੇ ਮੰਗਣ ਵਾਲੇ ਜਾਂ ਬਣਾਉਂਣ ਵਾਲੇ? ਉਨ੍ਹਾਂ ਨੂੰ ਗੁਰਦੁਆਰਿਆਂ ਤੋਂ ਲੜਨ ਤੋਂ ਵਿਹਲ ਮਿਲੂ ਤਾਂ ਉਹ ਖਾਲਿਸਤਾਨ ਬਾਰੇ ਸੋਚਣ ਲੱਗਣਗੇ!

ਟੋਰੰਟੋ ਤੋਂ ਸ਼ੁਰੂ ਕਰ ਲਓ ਵੈਨਕੁਵਰ ਤੱਕ ਚਲੇ ਜਾਉ। ਹੱਥ ਲਾ ਕੇ ਦੱਸੋ ਕਿਸੇ ਬੰਦੇ ਨੂੰ ਕਿ ਆਹ ਖਾਲਿਸਤਾਨ ਲੈਣ ਲਈ ਜਾਂ ਉਥੇ ਤੱਕ ਪਹੁੰਚਣ ਲਈ ਜਾਂ ਲੋਕਾਂ ਨੂੰ ਨਾਲ ਲੈ ਕੇ ਤੁਰਨ ਲਈ ਯੋਗ ਵਿਅਕਤੀ ਹੈ? ਜਾਂ ਕੀ ਪੰਜਾਬ ਦੇ ‘ਜਥੇਦਾਰ’ ਜਾਂ ਕੋਈ ਡੇਰੇਦਾਰ ਦੱਸ ਦਿਓ। ਜਾਂ ਮਹਿਤੇ-ਚਾਵਲੇ ਜਾਂ ਪੀਰ ਮੁਹੰਮਦ! ਉਹ ਛੱਡੋ! ਮਾਨ ਲੈ ਦਊ ਖਾਲਿਸਤਾਨ? ਜਿਹੜਾ ਸਿਹੋੜੇ ਵਾਲੇ ਦੇ ਵੀ ਸਿਰ ਰਗੜੀ ਆਇਆ, ਮੰਦਰ ਵੀ ਜਾ ਆਉਂਦਾ, ਤੇ ਜਿਹੜਾ ਉਦੋਂ ਕੱਖ ਨਹੀਂ ਕਰ ਸਕਿਆ, ਜਦ ਪੂਰੀ ਕੌਮ ਉਸ ਦੀ ਪਿੱਠ 'ਤੇ ਸੀ? ਪੂਰੀ ਦਰਦਨਾਕ ਕਹਾਣੀ ਉਸ ਦੀ ਡਿਬਡਿਬਾ ਦੀ ਕਿਤਾਬ ਵਿੱਚ ਪਈ ਹੈ, ਕਿਸੇ ਪੜਨੀ ਹੋਵੇ ਤਾਂ ਦੱਸਣਾ।

ਮੈਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਜੋ ਪਿਆਰ ਨਾਲ ਕਿਸੇ ਨੇ ਮੈਂਨੂੰ ਦਿਲ ਨਾਲ ਲਾਇਆ
ਉਹ ਬਲਵੰਤ ਸਿੰਘ ਜੀ ਹਨ
-
ਸਿਮਰਨਜੀਤ ਸਿੰਘ ਮਾਨ

ਇਸ ਪਖੰਡੀ ਸਾਧ ਦੇ ਮਾਨ ਸਾਬ ਸੋਹਲੇ ਗਾ ਰਹੇ ਸਨ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾ ਰਿਹਾ ਹੈ, ਜਿਸ ਵਿੱਚ ਕਈ ਉਘੇ ਅਕਾਲੀ, ਕਾਂਗਰਸੀ, ਪੁਲਸੀਏ ਆਦਿ ਸ਼ਾਮਿਲ ਹਨ...

ਵੱਡਾ ਸਵਾਲ ਇਹ ਹੈ ਕਿ ਆਜ਼ਾਦੀ ਜਾਂ ਖਾਲਿਸਤਾਨ ਮੈਂ ਕਿਉਂ ਲੈਣਾ ਚਾਹੁੰਦਾ? ਕਿਉਂਕਿ ਮੈਂ ਇੱਕ ਵੱਖਰੀ ਕੌਮ ਹਾਂ! ਮੇਰੀ ਅੱਡਰੀ ਹੋਂਦ ਹੈ। ਮੈਂ ਖਾਲਸਾ ਹਾਂ। ਪਰ ਇਹ ਵਖਰੇਵਾਂ ਜਾਂ ਅਡਰਾਪਨ ਮੈਂ ਕਿਥੇ ਤੱਕ ਰੱਖ ਸਕਿਆਂ? ਜਾਂ ਰੱਖ ਵੀ ਸਕਿਆਂ? ਮੇਰੇ ਵਿਚ ਖਾਲਸਾ ਹੋਣ ਵਾਲੇ ਕਿਹੜੇ ਗੁਣ ਹਨ? ਮੇਰੇ ਜੰਮਣ ਤੋਂ ਮਰਨ ਤੱਕ ਦੀਆਂ ਸਭ ਰਸਮਾਂ ਦਾ ਤਾਂ ਹਿੰਦੂਕਰਣ ਹੋ ਚੁੱਕਾ ਹੋਇਆ। ਮੈਂ ਹਿੰਦੂ ਦੇ ਮੰਦਰਾਂ ਤੋਂ ਸਾਰੀਆਂ ਚੀਜਾਂ ਚੁੱਕ ਕੇ ਤਾਂ ਸ੍ਰੀ ਗੁਰੂ ਜੀ ਦੁਆਲੇ ਲਿਆ ਰੱਖੀਆਂ ਹਨ। ਉਨ੍ਹਾਂ ਦੀ ਕੱਚੀ ਲੱਸੀ ਤੱਕ ਨਹੀਂ ਛੱਡੀ ਮੈਂ। ਉਸ ਦੀ ਜਾਤ-ਪਾਤ, ਉਸ ਦੀਆਂ ਮੂਰਤੀਆਂ, ਉਸ ਦੇ ਪੱਥਰ ਦੇ ਬੁੱਤ, ਉਸ ਦੀਆਂ ਆਰਤੀਆਂ? ਖਾਲਸਈ ਵੱਖਰਾ ਪਨ ਰਿਹਾ ਕਿਥੇ? ਗੁਰਦੁਆਰਿਆਂ ਵਿੱਚ ਰਾਮ ਕਥਾ ਤੇ ਬਿਸ਼ਨੂੰ ਦੀ ਭਗਤੀ ਰੋਜ਼ਾਨਾ ਪੜੀ ਜਾਂਦੀ ਹੈ। ਮੈਂ ਕਹਿੰਨਾ ਹਿੰਦੂ ਨੇ 1984 ਵਿਚ ਮੇਰੇ ਬਾਪ ਦੀ ਪੱਗ ਨੂੰ ਹੱਥ ਪਾਇਆ। ਉਸ ਮੇਰੇ ਬਾਪ ਦੀ ਪੱਗ ਨੂੰ ਹੱਥ ਪਾਇਆ, ਪਰ ਮੈਂ ਉਸ ਦੀ ਮਾਂ ਦੀ ਆਰਤੀ ਕਰ ਰਿਹਾ ਹਾਂ? ਮੈਂ ਉਸ ਦੇ ਇੰਦਰ ਤੋਂ ਫੁੱਲ ਬਰਸਾ ਰਿਹਾਂ? ਮੇਰੇ ਵਰਗਾ ਬੇਗੈਰਤ ਕੌਣ ਹੈ ਜਿਹੜਾ ਆਪਣੇ ਬਾਪ ਦੀ ਪੱਗ ਨੂੰ ਹਥ ਪਾਉਂਣ ਵਾਲਿਆਂ ਦੀ ਮਾਂ ਨੂੰ ਪੂਜੀ ਤੁਰਿਆ ਜਾਂਦਾ? ਬੇਗੈਰਤ ਬੰਦਾ ਆਜ਼ਾਦੀ ਕਿਵੇਂ ਲੈ ਲਏਗਾ? ਤੇ ਜੇ ਲੈ ਵੀ ਲਏਗਾ ਤਾਂ ਕੀ ਉਹ ਆਜ਼ਾਦ ਹੋ ਕੇ ਵੀ ਗੁਲਾਮ ਨਹੀਂ ਰਹੇਗਾ? ਲੜਾਈ ਕਾਹਦੀ ਰਹਿ ਗਈ, ਉਸ ਨਾਲ ਮੇਰੀ ਜੇ ਸਿਰ ਵਿਚੋਂ ਉਸ ਨੂੰ ਵਿਦਾ ਨਾ ਕੀਤਾ।

ਦੂਜੀ ਜਿਹੜੀ ਲੋਕਾਂ ਦੇ ਸਮਝ ਆਉਂਣ ਵਾਲੀ ਗੱਲ ਹੈ, ਕਿ ਸਿੱਖ ਦੀ ਅੱਡਰੀ ਹੋਂਦ ਅਤੇ ਵੱਖਰੀ ਪਹਿਚਾਣ ਦੇ ਅੱਜ ਜੇ ਸਭ ਤੋਂ ਵੱਡੇ ਵੈਰੀ ਹਨ ਤਾਂ ਉਹ ਹਨ ਡੇਰੇ! ਤੇ ਤੁਸੀਂ ਹੈਰਾਨ ਹੋਵੋਂਗੇ ਕਿ ਤੁਹਾਡੀਆਂ ਬਹੁਤੀਆਂ ਖਾਲਿਸਤਾਨੀ ਧਿਰਾਂ ਅਤੇ ਡੇਰੇ ਘਿਉ-ਖਿੱਚੜੀ ਹਨ। ਡੇਰੇ ਯਾਨੀ ਬਾਦਲਾਂ ਦੀਆਂ ਭੇਡਾਂ? ਚੋਣਾਂ ਵੇਲੇ ਬਾਦਲ ਦੇ ਹੱਕ ਵਿਚ ਦਿੱਲੀ ਜਾ ਕੇ ਮਿਆਂਕੀਆਂ ਨਹੀਂ? ਸਭ ਨੇ ਦੇਖਿਆ ਨਹੀਂ? ਖਾਲਿਸਤਾਨ ਦੀ ਵਿਚਾਰਧਾਰਾ ਦਾ ਡੇਰੇ ਨਾਲ ਤਾਲ-ਮੇਲ ਹੀ ਕੋਈ ਨਹੀਂ ਬੈਠਦਾ, ਪਰ ਦੋਨੋਂ ਇੱਕੇ ਪਲੇਟ-ਫਾਰਮ ਉਪਰ ਕਿਵੇਂ?

ਗੱਲ ਛੋਟੀ ਕਰਦੇ ਹਾਂ। ਚਲੋ ਦੱਸੋ ਹਰੀ ਸਿਉਂ ਰੰਧਾਵੇ ਦੀ ਵਿਚਾਰਧਾਰਾ ਦਾ ਖਾਲਿਸਤਾਨ ਨਾਲ ਕੀ ਸਬੰਧ? ਪੂਰਾ ਸੰਤ ਸਮਾਜ? ਬਾਦਲਾਂ ਦਾ ਹਰਿਆਵਲ ਦਸਤਾ! ਆਰ.ਐਸ.ਐਸ ਦਾ ਯਾਰ! ਉਥੇ ਜਾ ਜਾ ਸਿਰੋਪੇ ਲੈਂਦਾ ਤੇ ਦਿੰਦਾ? ਰੁਲਦੇ ਹੁਰਾਂ ਦੇ ਭੋਗਾਂ ਤੇ ਜਾਂਦਾ! ਤੇ ਉਧਰ ਖਾਲਿਸਤਾਨੀ? ਕੋਈ ਗੱਲ ਤਾਂ ਰਲਦੀ ਹੋਵੇ। ਥੋੜੀ ਰਲਦੀ ਵੀ ਚਲ ਸਕਦੀ, ਪਰ ਇਹ ਤਾਂ ਬਿੱਲਕੁਲ ਹੀ ਈਸਟ-ਵੈਸਟ? ਇਸ ਦਾ ਮੱਤਲਬ ਖਾਲਿਸਤਾਨ ਬਾਰੇ ਖਾਲਿਸਤਾਨ ਕਹਿਣ ਵਾਲੇ ਸਪੱਸ਼ਟ ਨਹੀਂ ਹਨ। ਪਤਾ ਨਹੀਂ ਸ਼ਾਇਦ ਈਮਾਨਦਾਰ ਹੀ ਨਹੀਂ ਹਨ। ਖਾਲਿਸਤਾਨ ਦੇ ਵੱਡੇ ਥੰਮਾਂ ਦੀਆਂ ਹੈਰਾਨ ਕਰਨ ਵਾਲੀਆਂ ਕੜੀਆਂ ਕਿਥੇ ਕਿਥੇ ਜਾ ਜੁੜਦੀਆਂ, ਕਿ ਤੁਸੀਂ ਹੈਰਾਨ ਰਹਿ ਜਾਵੋਂ! ਕਿਤੇ ਫਿਰ ਜੋੜਾਂਗੇ।

ਵੈਸੇ ਮੈਨੂੰ ਮਿਸਟਰ ਗੁਰਪਤਵੰਤ ਪੰਨੂੰ ਦੀ ਗਰੀਬੀ ਉਪਰ ਤਰਸ ਆਉਂਦਾ, ਜਿਹੜਾ ਜਾਂ ਤਾਂ ਮਚਲਾ ਜਾਂ ਉਸ ਦੀ ਅਕਲ ਦੀ ਹੱਦ ਇਥੇ ਤੱਕ ਹੀ ਜਾਂਦੀ ਜਿਥੇ ਤੱਕ ਦੀ ਉਹ ਗੱਲ ਕਰ ਰਿਹਾ। ਪਰ ਸਿੱਖ ਕੌਮ ਇੱਕ ਗੱਲ ਯਾਦ ਰੱਖ ਲਵੇ 2020 ਵਾਲਾ ਸ਼ੋਸ਼ਾ ਸਿੱਖ ਆਜ਼ਾਦੀ ਦੀ ਲਹਿਰ ਵਿੱਚ ਆਖਰੀ ਕਿੱਲ ਹੈ। ਪੰਜਾਬ ਤੋਂ ਲੈ ਕੇ ਬਾਹਰ ਤੱਕ ਦੇ ਹਾਲਾਤ ਦੇਖ ਲਓ, ਕਹਿਣ ਦੀ ਲੋੜ ਨਹੀਂ। ਇਹ ਜਾਣ ਬੁੱਝ ਕੇ ਕੌਮ ਨੂੰ ਹਰਾਸ ਕਰਨ ਲਈ ਗਿਣ ਮਿੱਥ ਕੇ ਕੀਤਾ ਜਾ ਰਿਹਾ ਅਡੰਬਰ ਹੈ। ਪੰਜਾਬ ਤਾਂ ਪੂਰੀ ਤਰ੍ਹਾਂ ਨਸ਼ਿਆਂ ਵਿਚ ਗਰਕ ਚੁੱਕਾ ਤੇ ਬਾਹਰ?

ਇੱਕ ਅੰਦਾਜੇ ਮੁਤਾਬਕ 65 ਹਜਾਰ ਬੰਦਾ ਬਾਹਰ ਗੁਰਦੁਆਰਿਆਂ ਵਿਚ ਤੇ ਵੱਡੇ ਸ਼ਹਿਰਾਂ ਵਿਚ ਆਲੇ ਦੁਆਲੇ ਪੁਰਾ ਸਿੱਖੀ ਸਰੂਪ ਵਿਚ ਦਿੱਲੀ ਦੀ ਸੇਵਾ ਲਈ ਤਤਪਰ ਬੈਠਾ ਹੈ। ਵਿੱਕਣ ਲਈ ਤਿਆਰ। ਸਸਤਾ। ਬਹੁਤ ਸਸਤਾ। ਇਥੇ ਇੰਨਟੈਲੀਜੰਸੀ ਬਿਉਰੋ ਦੇ ਰਿਪੁਦਮਨਜੀਤ ਵਰਗੇ ਖਾਲਿਸਤਾਨ ਦੇ ਥੰਮਾਂ ਦੇ ਮੁੱਖ ਮਹਿਮਾਨ ਰਹਿ ਕੇ ਜਾ ਚੁੱਕੇ ਹਨ ਤੇ ਖਾਲਿਸਤਾਨ ਦੇ ਵੱਡੇ ਘੈਂਟਾਂ ਦਾ ਮਹਿਤਿਆਂ-ਚਾਵਲਿਆਂ ਨਾਲ ਲਗਾਤਾਰ ਸੰਪਰਕ ਹੈ। ਇੱਕ ਵੱਡੇ ਹਮੇਸ਼ਾਂ ਖੱਟੀ ਪੱਗ ਵਾਲੇ ਲੀਡਰ ਨੂੰ ਬਾਦਲਾਂ ਦਾ ਜੁੱਤੀ ਚੱਟ ਪੀਰ-ਮੁਹੰਮਦ ਅਥਾਰਟੀ ਲੈਟਰ ਦੇ ਰਿਹਾ ਕਿਸੇ ਉਪਰ ਕੇਸ ਕਰਨ ਲਈ। ਮਿਸ਼ਰਿਆਂ ਨਾਲ ਚਾਹ ਪੀਣ ਨੂੰ ਇੱਕ ਖਾਲਿਸਤਾਨੀ ਧੰਨਭਾਗ ਸਮਝਦਾ ਤੇ ਕੋਈ ਵੀਹ ਮਿੰਟ ਲਗਾਤਾਰ ਰੇਡੀਓ ਉਪਰ ਉਸ ਦਾ ਭੰਡਪੁਣਾ ਕਰਦਾ। ਇੱਕ ਵੱਡੇ ਖਾਲਿਸਤਾਨੀ ਦਾ ਐਮ.ਪੀ. ਮੁੰਡਾ ਕਰਮਚੰਦ ਗਾਂਧੀ ਦੀ ਸਮਾਧ 'ਤੇ ਸਿਰ ਰਗੜ ਆਇਆ। ਇੱਕ ਰੇਡੀਓ ਵਾਲਾ ਭਾਈ ਜਿਹੜਾ ਐਲਾਨੀਆਂ ‘ਭਾਰਤ ਮਾਂ ਦੀ ਜੈ’ ਕਹਿੰਦਾ ਤੇ ਜਿਹੜਾ ਬਕਾਇਦਾ ਪੰਜਾਬ ਜਾ ਕੇ ਸਰਕਾਰ ਕੋਲੋਂ ਬਾਡੀ-ਗਾਰਡ ਲੈ ਕੇ ਘੁੰਮਦਾ, ਉਸ ਦੇ ਉਨ੍ਹਾਂ ਲੋਕਾਂ ਨਾਲ ਘਣੇ ਸਬੰਧ ਹਨ, ਜਿਹੜੇ 2020 ਦੇ ਰਫੰਰਡਮ ਵਿਚ ਸਭ ਤੋਂ ਮੋਹਰੀ ਹਨ। ਫਰਨਾਂਡੇਜ਼ ਦਾ ਸਕਾ ਭਰਾ ਇੱਕ ਖਾਲਿਸਤਾਨੀ ਦੇ ਪਿਉ ਮਰੇ ਤੇ ਗੁਰਦੁਆਰੇ ਬੋਲ ਕੇ ਜਾਂਦਾ ਹੈ ਤੇ ਇੱਕ ਬਦਨਾਮ ਕਾਮਰੇਡ ਉੇਸ ਦੇ ਵੀਜਿਆਂ ਦਾ ਪ੍ਰਬੰਧ ਕਰਦਾ ਹੈ ਤੇ ਉਹ ਸਿੱਧਾ ਕੌਂਸਲੇਟ ਦੀ ਲੰਮੀ ਲਾਈਨ ਨੂੰ ‘ਬਾਈਪਾਸ’ ਕਰਕੇ ਅੰਦਰ ਜਾਂਦਾ ਹੈ। ਪਰ ਉਹ ਤੇ ਉਂਨ੍ਹਾਂ ਦਾ ਪੂਰਾ ਲਾਣਾ 2020 ਦੇ ਰਿਫਰੰਡਮ ਵਿੱਚ ਮੋਹਰੀ ਹਨ।

ਵੈਨਕੁਵਰ ਦੇ ਖਾਲਿਸਤਾਨ ਦੇ ਥੰਮ ਮਿਸਟਰ ਪਿਆਰੇ ਨੱਤ ਅਤੇ ਹਰਪਾਲ ਘੁੰਮਣ ਵਰਗਿਆਂ ਦਾ ਅੱਡੀਆਂ ਤੱਕ ਜੋਰ ਲੱਗਾ ਰਿਹਾ ਕਿ ਮੋਦੀ ਦੀ ਹਾਇ ਹਾਇ ਜਾਂ ਕੁੱਤੇ ਖਾਣੀ ਨਾ ਕੀਤੀ ਜਾਵੇ! ਰੁਲਦੇ ਵਰਗਿਆਂ ਨਾਲ ਖਾਲਿਸਤਾਨੀਆਂ ਦੀਆਂ ਬੈਠਕਾਂ ਤੇ ਸਬੰਧ ਇੱਕ ਲੰਮੀ ਕਹਾਣੀ ਹੈ! ਇਸ ਲਹਿਰ ਨੂੰ ਲੋਕਾਂ ਨੇ ਅੱਖਾਂ ਤੇ ਚੁੱਕਿਆ ਸੀ, ਪਰ ਦੋਗਲੇ ਅਤੇ ਬੇਈਮਾਨ ਲੋਕਾਂ ਇਸ ਲਹਿਰ ਵਿਚੋਂ ਜਾਨ ਕੱਢਕੇ ਰੱਖ ਦਿੱਤੀ ਹੈ। ਤੁਸੀਂ ਕੇਵਲ ਟਰੰਟੋ ਵਿਚਲਾ ‘ਇਤਿਹਾਸ’ ਹੀ ਦੇਖ ਲਵੋ। ਕਈ ਦਹਾਕਿਆਂ ਤੋਂ ਕੋਈ 20-25 ਕੁ ਲੋਕ ਹਨ, ਜਿੰਨਾ ਦੀ ਦੌੜ ਅਤੇ ਲੜਾਈ ਗੁਰਦੁਆਰਿਆਂ ਤੱਕ ਸੀਮਤ ਰਹੀ ਤੇ ਜਿਹੜੀ ਹੁਣ ਤੱਕ ਜਾਰੀ ਹੈ। ਉਹੀ ਲੋਕ ਬਦਲ ਬਦਲ ਕੇ ‘ਉਤਰ ਕਾਟੋ ਮੈਂ ਚੜਾਂ’ ਦੀ ਖੇਡ ਵਿੱਚ ਲੱਖਾਂ ਡਾਕਰ ਕੋਟਾਂ ਵਿਚ ਫੂਕ ਚੁੱਕੇ ਨੇ ਤੇ ਕਰੀਬਨ ਉਹੀ ਕੁ ਲੋਕ ਕਦੇ ਖਾਲਿਸਤਾਨ ਦੇ ਮੋਢੀ ਸਨ, ਉਹੀ ਮੁੜਕੇ ਡੇਰੇਦਾਰਾਂ ਦੇ ਢੋਲਕੀਆਂ ਖੜਕਵਾਉਣ ਵਾਲੇ, ਉਹੀ ਹੁਣ ਫਿਰ ਅੱਗੇ ਤੇ ਉਹੀ ਹੁਣ ਖਾਲਿਸਤਾਨ ਦਾ ਰਿਫਰੰਡਮ ਕਰਾਉਂਣ ਤੁਰੇ ਹੋਏ ਨੇ।

ਇਹ ਇੱਕ ਲੰਮੀ ਦਾਸਤਾਨ ਹੈ। ਜੇ ਤੁਸੀਂ ਇਸ ਦੀ ਚੀਰ-ਫਾੜ ਕਰਨ ਲੱਗੋ ਤਾਂ ਸਾਰੀ ਉਮਰ ਤੁਹਾਡੀ ਕੋਟਾਂ-ਕਚਹਿਰੀਆਂ ਵਿਚ ਲੰਘ ਜਾਵੇ, ਕਿਉਂਕਿ ਇਨ੍ਹਾਂ ਦਾ ਚੰਗਾ ਤਗੜਾ ਤਜ਼ੁਰਬਾ ਹੈ ਲੋਕਾਂ ਨੂੰ ਕੋਟਾਂ ਵਿਚ ਖਿੱਚੀ ਫਿਰਨ ਦਾ। ਇਸੇ ਲਈ ਜਿਹੜੇ ਲੋਕ ਸਭ ਕਹਾਣੀ ਜਾਣਦੇ ਹਨ, ਇਨ੍ਹਾਂ ਨਾਲ ਉਲਝਦੇ ਨਹੀਂ। ਪ੍ਰੋ. ਉਦੇ ਸਿੰਘ ਉਲਝਿਆ ਸੀ, ਉਸ ਦਾ ਜੋ ਹਾਲ ਇਨੀ ਕੀਤਾ। ਪੁਲਿਸ ਵਾਲਾ ਨਾ ਬਚਾਉਂਦਾ ਉਸ ਨੂੰ, ਤਾਂ ਉਸ ਬਜ਼ੁਰਗ ਦਾ ਗਲ ਘੁੱਟਿਆ ਗਿਆ ਸੀ! ਮਰੇ ਨੂੰ ਖਾਲਿਸਤਾਨ ਦੇ ਝੰਡਿਆਂ ਵਿੱਚ ਵਲੇਟਣ ਵਾਲੇ, ਉਨ੍ਹਾਂ ਨਾਲ ਇੱਕ ਹਨ ਜਿਹੜੇ ਉਸ ਦਾ ਗਲ ਘੁਟਣ ਲੱਗੇ ਸਨ। ਉਸ ਬਜ਼ੁਰਗ ਦੀਆਂ ਲਿਖਤਾਂ ਪਈਆਂ ਮੇਰੇ ਕੋਲੇ, ਹੈਰਾਨ ਕਰਨ ਵਾਲੇ ਤੱਥ ਹਨ, ਜਿਹੜੇ ਕਿਸੇ ਨੇ ਚੈਲਿੰਜ ਵੀ ਨਹੀਂ ਕੀਤੇ ਕਿ ਇਹ ਗਤਲ ਸਨ। ਪਰ ਕੌਣ ਸਨ ਇਹ ਲੋਕ?

ਕਿਸ ਕਿਸ ਦੇ ਕੀਹਦੇ ਕੀਹਦੇ ਨਾਲ ਸਬੰਧਾਂ ਬਾਰੇ ਜੇ ਗੱਲ ਕਰਨ ਲੱਗੋ ਤਾਂ ਲੀਰਾਂ ਹੀ ਹੱਥ ਲੱਗਣੀਆਂ। ਖਾਲਿਸਤਾਨ ਬਾਰੇ ਰਿਫਰੰਡਮ ਕਰਾਉਂਣ ਵਾਲਿਆਂ ਦੀਆਂ ਖੁਦ ਦੀਆਂ ਤਾਰਾਂ ਕੀ ਪੀਰ ਮਹੁੰਮਦ ਨਾਲ ਜੁੜਦੀਆਂ ਨਹੀਂ?

ਮੈਨੂੰ ਪਤਾ ਮੇਰੀਆਂ ਗੱਲਾਂ ਦਾ ਇੱਕੋ ਜਵਾਬ ਹੋਣਾ ਕਿ ਏਜੰਸੀਆਂ ਕਰਵਾ ਰਹੀਆਂ ਜਾਂ ਏਜੰਸੀਆਂ ਦੇ ਬੰਦੇ ਪੈਸੇ ਦੇ ਕੇ ਲਿਖਵਾਉਂਦੇ। ਪਰ ਚਲੋ ਮੈਂ ਖੁਦ ਹੀ ਮੰਨ ਲੈਂਦਾ ਕਿ ਮੈਂ ਏਜੰਸੀਆਂ ਦਾ ਬੰਦਾ ਹੀ ਸਹੀ, ਪਰ ਮੇਰੇ ਏਜੰਸੀਆਂ ਦਾ ਹੋਣ ਨਾਲ ਕੀ ਸਵਾਲ ਖਤਮ ਹੋ ਜਾਣਗੇ? ਮੇਰੇ ਏਜੰਸੀ ਦਾ ਹੋਣ ਨਾਲ ਕੀ ਇਨ੍ਹਾਂ ਦੇ ਪਾਪ ਧੋਤੇ ਜਾਣਗੇ, ਜਿਹੜੇ ਇਨੀ ਕੌਮ ਨਾਲ ਕੀਤੇ?

ਬਹੁਤੀਆਂ ਖਾਲਿਤਸਾਨੀ ਧਿਰਾਂ ਤਾਂ ਹਾਲੇ ਇਹ ਹੀ ਫੈਸਲਾ ਨਹੀਂ ਕਰ ਪਾਈਆਂ ਕਿ ਬਾਬਾ ਜਰਨੈਲ ਸਿੰਘ ਸ਼ਹੀਦ ਹੈ ਜਾਂ ਮੈਦਾਨ ਛੱਡ ਗਿਆ, ਕਿਉਂਕਿ ਬਾਬੇ ਨੂੰ ਮੈਦਾਨ ਛੱਡ ਕੇ ਦੌੜਨ ਦਾ ਇਲਜਾਮ ਲਾਉਂਣ ਵਾਲੇ ਬਾਬਾ ਠਾਕੁਰ ਸਿੰਘ ਦੀਆਂ ਬਰਸੀਆਂ ਉਸ ਨੂੰ ਬ੍ਰਹਮਗਿਆਨੀ ਕਹਿਕੇ ਵੀ ਖਾਲਿਸਤਾਨੀ ਧਿਰਾਂ ਹੀ ਮਨਾ ਰਹੀਆਂ ਹਨ।

ਬਾਬਾ ਠਾਕੁਰ ਸਿੰਘ ਨੂੰ ਬ੍ਰਹਮਗਿਆਨੀ ਕਹਿਣ ਦਾ ਸਿੱਧਾ ਮੱਤਲਬ ਬਾਬੇ ਦੇ 22 ਸਾਲ ਬੋਲੇ ਝੂਠ ਨੂੰ ‘ਜਸਟੀਫਾਈ’ ਕਰਨਾ, ਕਿ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਇਆ, ਬਲਕਿ ਦੌੜ ਗਿਆ ਸੀ। ਜਾਂ ਬ੍ਰਹਮਗਿਆਨੀ ਝੂਠ ਮਾਰਦਾ, ਜਾਂ ਬਾਬਾ ਦੌੜ ਗਿਆਅਸੀਂ ਤਾਂ ਹਾਲੇ ਇਨੀ ਗੱਲ ਸਪੱਸ਼ਟ ਨਹੀਂ ਕਰ ਸਕੇ, ਖਾਲਿਸਤਾਨ ਤਾਂ ਬਹੁਤ ਦੂਰ ਦੀ ਗੱਲ। ਮਿਟਸਰ ਪੰਨੂ ਐਂਡ ਪਾਰਟੀ ਹੀ ਸਪੱਸ਼ਟ ਕਰ ਦਏ, ਕਿ ਸਾਡਾ ਜਰਨੈਲ ਕੀ ਗੀਦੀ ਸੀ ਕਿ ਉਹ ਦੌੜ ਗਿਆ?

ਇਸ ਦਾ ਦੂਜਾ ਪੱਥ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਕੁਝ ਈਮਾਨਦਾਰ ਸਿੱਖ ਸੱਚਮੁਚ ਆਜ਼ਾਦੀ ਦੀ ਤੜਪ ਰੱਖਦੇ ਹਨ, ਪਰ ਉਨ੍ਹਾਂ ਦੀ ਮਜਬੂਰੀ ਇਹ ਹੈ ਕਿ ਇਸ ਸਾਰੀ ਲਹਿਰ ਨੂੰ ‘ਹਾਈਜੈਕ’ ਵੀ ਉਨ੍ਹਾਂ ਲੋਕਾਂ ਕਰ ਲਿਆ ਹੋਇਆ, ਜਿਹੜੇ ਇਸ ਲਹਿਰ ਦੀ ਜੜ੍ਹੀ ਤੇਲ ਦੇਣ ਵਾਲੇ ਸਨ ਤੇ ਤੜਪ ਵਾਲੇ ਲੋਕਾਂ ਨੂੰ ਸੁਝਦਾ ਕੁਝ ਨਹੀਂ ਕਿ ਉਹ ਜਾਣ ਤਾਂ ਜਾਣ ਕਿਧਰ। ਉਨ੍ਹਾਂ ਦੀ ਇਹ ਤੜਪ ਕੋਈ ਸਹੀ ‘ਡਾਇਰੈਕਸ਼ਨ’ ਨਾ ਲਵੇ, ਇਸ ਲਈ ਇਹ ਅਡੰਬਰ ਕਰਵਾ ਕੇ ਉਨ੍ਹਾਂ ਦੇ ਸਮੇਂ, ਸੋਚ ਤੇ ਪੈਸੇ ਦਾ ਮੁਹਾਣ ਗਲਤ ਪਾਸੇ ਮੋੜਿਆ ਜਾ ਰਿਹਾ ਹੈ।

ਇਹ ਮੁਹਾਣ ਬੜੇ ਕਾਰਗਰ ਤਰੀਕੇ ਨਾਲ ਗਲਤ ਪਾਸੇ ਮੋੜ ਦਿੱਤਾ ਗਿਆ ਹੈ ਤੇ ਅਗਲਾ ਵੱਡਾ ਦੁਖਾਂਤ ਇਹ ਕਿ ਉਨ੍ਹਾਂ ਦੀ ਇਸ ਤਾਕਤ ਨੂੰ ਖਾਲਿਸਤਾਨ ਦੇ ਨਾਂ 'ਤੇ ਗਲਤ ਧਾਰਨਾਵਾਂ ਨੂੰ ਸਿੱਖ ਕੌਮ ਉਪਰ ਥੋਪਣ ਲਈ ਵਰਤਿਆ ਜਾ ਰਿਹਾ ਹੈ, ਜਿਸ ਵਿਚ ਖਾਸ ਤੌਰ 'ਤੇ ‘ਦਸਮ ਗਰੰਥ’ ਵਰਗੇ ਕੋਝੇ ਮਜ਼ਾਕ! ਉਨਾਂ ਭੋਲਿਆਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ ਕਿ ਪਹਿਲਾਂ ਆਪਾਂ ਖਾਲਿਸਤਾਨ ਲਈਏ ਇਹ ਬਾਅਦ ਵਾਲੇ ਮਸਲੇ ਨੇ। ਫਿਰ ਯਾਦ ਰਹੇ ਕਿ ਮਸਲੇ ਹੈ ਹੀ ਨਹੀਂ, ਬਲਕਿ ਮਸਲਾ ਸਾਡਾ ਹੈ ਹੀ ਕੋਈ ਨਹੀਂ ਬਲਕਿ ਸਿਰ ਦੀ ਗੁਲਾਮੀ ਹੈ। ਹਿੰਦੂ ਦਾ ਨਾਗਵਲ! ਕੌਮ ਨੂੰ ਤੜਫਾ ਤੜਫਾ ਕੇ ਮਾਰ ਦਏਗਾ। ਲੜਾ ਲੜਾ ਕੇ ਮਾਰ ਦਏਗਾ, ਪਰ ਖੁਲ੍ਹੇਗਾ ਨਹੀਂ। ਇਸ ਨੂੰ ਖੋਹਲਣ ਦਾ ਇੱਕੋ ਰਾਹ ਤੇ ਉਹ ਰਾਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੇ ਦੁਆਲੇ ਵੀ ਉਸ ਨਾਗ-ਵਲ ਮਾਰ ਲਿਆ ਹੋਇਆ। ਰਹਿਮਤ ਮੰਗੀਏ ਗੁਰੂ ਤੋਂ ਸ਼ਾਇਦ ਖੁਲ੍ਹ ਜਾਏ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top