Share on Facebook

Main News Page

ਨਸ਼ਿਆਂ ਬਾਰੇ ਦਿਲਗੀਰ ਜੀ ਦੇ ਭੰਬਲਭੂਸੇ
-: ਗੁਰਦੇਵ ਸਿੰਘ ਸੱਧੇਵਾਲੀਆ

"ਨਸ਼ਾ" ਉਂਝ ਅਹੁਦੇ ਦਾ ਵੀ ਹੋ ਸਕਦਾ, ਕੁਰਸੀ ਦਾ ਵੀ ਤੇ ਵਿਦਵਤਾ ਦਾ ਵੀ। ਪਰ ਇਹ ਅਦਿੱਸ ਨਸ਼ੇ ਹਨ, ਜਿਹੜੇ ਬੰਦਾ ਵਰਤਦਾ ਹੋਇਆ ਵੀ ਨਿਮਰ ਬਣਨ ਦਾ ਪਖੰਡ ਕਰਦਾ ਰਹਿੰਦਾ ਹੈ ਜਾਂ ਕਰ ਸਕਦਾ ਹੈ। ਦੂਜਾ ਨਸ਼ਾ ਹੁੰਦਾ ਜਿਹੜਾ ਅਸੀਂ ਸਾਰੇ ਹੀ ਕਿਸੇ ਨਾ ਰੂਪ ਵਿਚ ਦਵਾਈਆਂ ਵਿਚ ਵਰਤਦੇ ਹਾਂ। ਅਲਕੋਹਲ ਵੀ ਹੋ ਸਕਦੀ, ਅਫੀਮ ਵੀ ਜਾਂ ਕੋਈ ਹੋਰ ਵੀ। ਇਹ ਨਸ਼ੇ ਸਾਡੀ ਬਿਮਾਰੀ ਨੂੰ ਘਟਾ ਕੇ ਸਾਨੂੰ ਤੰਦਰੁਸਤੀ ਵਲ ਲਿਜਾਂਦੇ ਹਨ। ਉਹੀ ਸ਼ਰਾਬ, ਅਫੀਮ, ਬਰਾਂਡੀ ਜਾਂ ਵਾਈਨ ਜਦ ਪੈੱਗ ਬਣਕੇ ਅੰਦਰ ਜਾਂਦੀ ਹੈ, ਤਾਂ ਉਹ ਮੇਰੀ ਬਿਮਾਰੀ ਨਹੀਂ ਕੱਟਦੀ, ਤੰਦਰੁਸਤ ਨਹੀਂ ਕਰਦੀ ਸਗੋਂ ਬਿਮਾਰੀ ਵਲ ਧੂੰਹਦੀ ਹੈ। ਪਹਿਲਾ ਪੈੱਗ ਲਾਉਂਣ ਵਾਲੇ ਨੂੰ ਕਦੇ ਪਤਾ ਨਹੀਂ ਹੁੰਦਾ ਕਿ ਉਸ ਦਾ ਜੀਵਨ ਕਿਸ ਦਲ-ਦਲ ਵਿਚ ਫਸਣ ਦਾ ਕਾਰਨ ਬਣ ਸਕਦਾ ਹੈ ਉਸ ਦਾ ਪਹਿਲਾ ਪੈੱਗ। ਅਲਕੋਹਲ ਉਹੀ ਸੀ, ਪਰ ਹੁਣ ਇਹ ਦਵਾਈ ਨਹੀਂ ਸੀ, ਬਲਕਿ ਪੈੱਗ ਸੀ। ਪੈੱਗ ਅਤੇ ਦਵਾਈਆਂ ਵਿਚ ਪਾਈ ਅਲਕੋਹਲ ਵਿਚ ਜਿੰਮੀ-ਅਸਮਾਨ ਦਾ ਫਰਕ ਹੈ। ਪਹਿਲਾ ਪੈੱਗ ਲਾਉਣ ਵਾਲਾ ਕਦੇ ਇਹ ਦਾਅਵਾ ਨਹੀਂ ਕਰ ਸਕਦਾ ਹੈ ਕਿ ਇਹ ਉਸ ਦਾ ਪਹਿਲਾ ਹੀ ਸੀ ਖਾਸ ਕਰ ਅਪਣੇ ਪੰਜਾਬੀ ਭਾਈ ਜਿੰਨਾ ਵਿੱਚ ਦਿਲਗੀਰ ਗੱਲ ਕਰ ਰਿਹਾ ਹੈ!

ਉਂਝ ਪਹਿਲੀ ਵਾਰ ਸੁਣਿਆ ਕਿ ਫਲ ਖਾਣ ਜਾਂ ਜੂਸ ਪੀਣ ਨਾਲ ਵੀ ਮਨ ਵਿਚ ਵਿਕਾਰ ਪੈਦਾ ਹੁੰਦੇ ਹਨਬਹਿਸ ਵਿੱਚ ਉਂਝ ਇਹ ਗੱਲ ਆ ਜ਼ਰੂਰ ਸਕਦੀ ਕਿ ਨਾ ਸ਼ਰਾਬ ਪੀਣ ਵਾਲੇ ਜਾਂ ਨਸ਼ਾ ਖਾਣ ਵਾਲੇ ਸਾਧ-ਸੰਤ ਕੀ ਵਿਭਚਾਰੀ ਨਹੀਂ? ਪਰ ਕਿਸੇ ਵੈਸ਼ਨੋ ਬੰਦੇ ਦੇ ਵਿਭਚਾਰੀ ਹੋਣ ਨਾਲ ਇਹ ਗੱਲ ‘ਜਸਟੀਫਾਈ’ ਨਹੀਂ ਹੋ ਜਾਂਦੀ ਕਿ ਸ਼ਰਾਬ, ਅਫੀਮ ਜਾਂ ਬਰਾਂਡੀ ਵਰਤ ਲੈਣੀ ਜਾਇਜ ਹੈ, ਬਲਕਿ ਉਹ ਨਸ਼ੇ ਲਈ ਨਾ ਹੋਵੇ? ਸਵਾਲ ਤਾਂ ਇਹ ਹੈ ਕਿ ਜੇ ਉਹ ਨਸ਼ੇ ਲਈ ਨਹੀਂ ਸੀ ਤਾਂ ਕਾਹਦੇ ਲਈ ਸੀ?

ਉਂਝ ਸਾਧ ਤਾਂ ਚੁਟਕਲੇ ਬੜੇ ਸੁਣਾਉਂਦੇ ਰਹਿੰਦੇ, ਪਰ ਵਿਦਵਾਨ ਵੀ ਸੁਣਾਉਂਣ ਲੱਗ ਪਏ?

ਖੈਰ ਗੱਲ ਲੰਮੀ ਚਲੀ ਜਾਵੇਗੀ ਇਹ ਚੁਟਕਲਾ ਮਿਸਟਰ ਦਿਲਗੀਰ ਜੀ ਸੁਣਾ ਰਹੇ ਸਨ! ਉਨ੍ਹਾਂ ਦੀ ਵਿਦਵਤਾ ਦੀਆਂ ਘੁੰਮਣ ਘੇਰੀਆਂ ਲੋਕੀਂ ਕਾਫੀ ਸਮਝਣ ਲੱਗ ਪਏ, ਪਰ ਅੱਜ-ਕੱਲ ਉਹ ਹੋਰ ਪਾਸੇ ਜੋਰ ਅਜ਼ਮਾਈ ਕਰਦੇ ਨਜ਼ਰ ਆ ਰਹੇ ਹਨ, ਜਿਸ ਵਿੱਚ ਵਾਲ ਕਿਥੋਂ ਕੱਟਣੇ, ਕਿਥੇ ਰੱਖਣੇ, ਕਿੰਨੇ ਕੱਟਣੇ ਤੇ ਕਿੰਨੇ ਰੱਖਣੇ, ਨਸ਼ਾ ਹੋਵੇ ਤੇ ਪਾਗਲ-ਪਨ ਨਾ ਕਰੇ? ਸ਼ਰਾਬ, ਵਾਈਨ ਜਾਂ ਬਰਾਂਡੀ ਜਾਂ ਅਫੀਮ ਕਿੰਨੀ ਕੁ ਖਾਧੀ ਜਾਵੇ ਤੇ ਨਸ਼ਾ ਨਹੀਂ ਕਰਦੀ ਜਾਂ ਜੇ ਇਹ ਚੀਜਾਂ ਵਰਤਣ ਨਾਲ ਬਰਲ ਯਾਨੀ ਪਾਗਲਪਨ ਨਾ ਆਵੇ ਮਨ੍ਹਾ ਨਹੀਂ। ਪਰ ਦਿਲਗੀਰ ਜੀ ਇਹ ਕਿਵੇਂ ਸਾਬਤ ਕਰਨਗੇ ਕਿ ਕਿੰਨੀ ਮਾਤਰਾ ਵਿੱਚ ਲਈ ਹੋਈ ਸ਼ਰਾਬ ਪਾਗਲਪਨ ਨਹੀਂ ਕਰਦੀ? ਸਭ ਨੂੰ ਪਤੈ ਕਿ ਦਵਾਈਆਂ ਵਿੱਚ ਵੀ ਅਲਕੋਹਲ ਹੈ, ਪਰ ਕਦੇ ਤੁਸੀਂ ਸ਼ਰਾਬ, ਵਾਈਨ ਜਾਂ ਬਰਾਂਡੀ ਪੀਣ ਬੈਠਣ ਲੱਗੇ ਇਹ ਕਹਿੰਦੇ ਹੋ ਕਿ ਆਉ ਦਵਾਈ ਪੀਈਏ? ਕਦੇ ਤੁਸੀਂ ਡਾਕਟਰ ਦੀਆਂ ਦਿੱਤੀਆਂ ਦਵਾਈਆਂ ਦੀ ਪਾਰਟੀ ਕੀਤੀ? ਸਭ ਤੋਂ ਵੱਡਾ ਸਵਾਲ ਕਿ ਕਿਸੇ ਨੇ ਨਸ਼ੇ ਲਈ ਸ਼ਰਾਬ ਜੇ ਨਹੀਂ ਪੀਣੀ ਤਾਂ ਪੀਣ ਦਾ ਅਰਥ ਹੋਰ ਕੀ ਹੈ?

ਵੈਸੇ ਇਹ ਸਵਾਲ ਨਿੱਜੀ ਹਨ, ਪਰ ਕਿਉਂਕਿ ਦਿਲਗੀਰ ਜੀ ਜਾਣੇ ਪਹਿਚਾਣੇ ‘ਵਿਦਵਾਨ’ ਹਨ ਤੇ ਉਹ ਅਜਿਹੇ ਭੰਬਲਭੂਸੇ ਪੈਦਾ ਕਰਨ ਵਾਲੀਆਂ ਗੱਲਾਂ ਕਰਨਗੇ ਤਾਂ ਇਸ ਲਈ ਉਹ ਸਿੱਧੇ ਤੇ ਸਪੱਸ਼ਟ ਜਵਾਬਦੇਹ ਹਨ ਕਿ ਉਹ ਖੁਦ ਕਿਥੋਂ ਕਿਥੋਂ ਵਾਲ ਮੁੰਨਦੇ ਹਨ ਤੇ ਬਰਾਂਡੀ ਜਾਂ ਵਾਈਨ ਜਾਂ ਸ਼ਰਾਬ ਜਾਂ ਅਫੀਮ ਉਹ ਖੁਦ ਕਿੰਨੀ ਮਾਤਰਾ ਵਿਚ ਲੈਂਦੇ ਹਨ, ਕਿ ਜਿਸ ਨਾਲ ਨਸ਼ਾ ਨਾ ਹੁੰਦਾ ਹੋਵੇ ਜਾਂ ਬਰਲ ਨਾ ਪੈਂਦੀ ਹੋਵੇ ਜਾਂ ਮਨ ਵਿਚ ਵਿਕਾਰ ਨਾ ਪੈਦਾ ਹੁੰਦੇ ਹੋਣ। ਜੇ ਨਹੀਂ ਤਾਂ ਉਹ ਲੋਕਾਂ ਨੂੰ ਕਿਉਂ ਉਕਸਾ ਰਹੇ ਹਨ?

ਵੈਸੇ ਦਿਲਗੀਰ ਜੀ ਨੂੰ ਸਵਾਲ ਕਰਨ ਦੀ ਮੇਰੀ ਕੋਈ ‘ਅਥਾਰਟੀ’ ਨਹੀਂ, ਪਰ ਜਿਸ ਤਰੀਕੇ ਦਿਲਗੀਰ ਜੀ ਵਾਯਾਤ ਲਿਖ ਰਹੇ ਹਨ, ਉਸ ਨਾਲ ਸਵਾਲ ਤਾਂ ਪੈਦਾ ਹੋਣਗੇ ਹੀ।

ਦਿਲਗੀਰ ਜੀ ਨੇ ਇਹ ਸਪੱਸ਼ਟ ਕਰਨ ਦੀ ਕਿਉਂਕਿ ਜਰੂਰਤ ਨਹੀਂ ਸਮਝੀ ਕਿ ਇਹ ਸਵਾਲ ਕਿਥੇ ਪੈਦਾ ਹੋਇਆ ਕਿ ਦਵਾਈਆਂ ਵਿਚ ਕਿਉਂਕਿ ਅਲਕੋਹਲ ਜਾਂ ਅਫੀਮ ਪੈਂਦੀ ਹੈ ਸਾਨੂੰ ਦਵਾਈ ਨਹੀਂ ਖਾਣੀ ਚਾਹੀਦੀ, ਤਾਂ ਇਹ ਸਵਾਲ ਦਿਲਗੀਰ ਜੀ ਲਈ ਹੀ ਪੈਦਾ ਹੋਵੇਗਾ ਕਿ ਬਿਨਾ ਸਵਾਲ ਉੱਠੇ ਦਿਲਗੀਰ ਜੀ ਨੂੰ ਇਹ ਜਵਾਬ ਦੇਣ ਦੀ ਲੋੜ ਕਿਉਂ ਪਈ? ਜਾਂ ਦਿਲਗੀਰ ਜੀ ਨੂੰ ਜੇ ਕਿਸੇ ਡਾਕਟਰ ਨੇ ਵਾਈਨ ਜਾਂ ਬਰਾਂਡੀ ਪੀਣ ਲਈ ਕਿਹਾ ਹੈ, ਤਾਂ ਉਨ੍ਹਾਂ ਨੂੰ ਲੋਕਾਂ ਅੱਗੇ ਇਹ ਗੱਲ ਰੱਖਣ ਪਿੱਛੇ ਕਹਾਣੀ ਕੀ ਹੈ?

ਉਨ੍ਹਾਂ ਵੈਸੇ ਆਪ ਹੀ ਅਖੀਰ 'ਤੇ ਸਪੱਸ਼ਟ ਕਰ ਦਿੱਤਾ ਹੈ ਕਿ ਨਸ਼ਾ ਦੇਣ ਵਾਲੀ ਜਾਂ ਨਸ਼ਾ ਲੈਣ ਲਈ ਵਰਤੀ ਗਈ ਹਰ ਚੀਜ਼ ਸਿੱਖੀ ਵਿਚ ਮਨ੍ਹਾ ਹੈ। ਪਰ ਇਸ ਗੱਲ ਦੀ ਤਸਦੀਕ ਕੌਣ ਕਰੇਗਾ ਕਿ ਇਨੀ ਮਿਕਦਾਰ ਵਿੱਚ ਵਾਈਨ ਜਾਂ ਬਰਾਂਡੀ ਪੀਣ ਨਾਲ ਨਸ਼ਾ ਨਹੀਂ ਹੁੰਦਾ। ਜੇ ਡਾਕਟਰ ਕਰੇਗਾ ਤਾਂ ਫਿਰ ਤਾਂ ਸਵਾਲ ਹੀ ਨਹੀਂ ਸੀ ਉੱਠਦਾ, ਤੇ ਜੇ ਸਵਾਲ ਹੀ ਨਹੀਂ ਸੀ ਉੱਠਦਾ ਤਾਂ ਦਿਲਗੀਰ ਜੀ ਨੂੰ ਇਸ ਵਿਸ਼ੇ ਨੂੰ ਛੇੜਨ ਦੀ ਲੋੜ ਕਿਉਂ ਪਈ? ਦਿਲਗੀਰ ਜੀ ਦੀ ਠੰਡੇ ਮੁੱਲਕਾਂ ਵਿਚ ਵਾਈਨ ਜਾਂ ਬਰਾਂਡੀ ਪੀਣ ਵਾਲੀ ਦਲੀਲ ਵੀ ਬੜੀ ਕੱਚੀ ਹੈ, ਕਿਉਂਕਿ ਅਸੀਂ ਤੁਸੀਂ ਸਭ ਠੰਡੇ ਮੁੱਲਕਾਂ ਵਿੱਚ ਹੀ ਰਹਿੰਦੇ ਹਾਂ, ਕਦੇ ਤੁਹਾਨੂੰ ਜਾਪਿਆ ਕਿ ਜੇ ਵਾਈਨ ਜਾਂ ਬਰਾਂਡੀ ਨਾ ਪੀਤੀ ਗਈ ਤਾਂ ਮਾਰੇ ਜਾਵਾਂਗੇ?

ਦਿਲਗੀਰ ਜੀ ਕਿਸੇ ਭਰਾ ਦੇ ਸਵਾਲ ਦੇ ਜਵਾਬ ਵਿਚ ਬੜੀ ਹਾਸੋ ਹੀਣੀ ਦਲੀਲ ਦਿੰਦੇ ਹਨ, ਕਿ ਮੈਨੂੰ ਇਨਿਆ ਨੇ ‘ਲਾਈਕ’ ਕੀਤਾ ਤੇ ਇਨਿਆ ਮੈਨੂੰ ‘ਸ਼ੇਅਰ’ ਕੀਤਾ ਹੈ। ਯਾਨੀ ਉਹ ਅਪਣੀ ਗੱਲ ਨੂੰ ਵੋਟਾਂ ਨਾਲ ‘ਜਸਟੀਫਾਈ’ ਕਰਨਾ ਚਾਹ ਰਹੇ ਹਨ? ਵੋਟਾਂ ਨਾਲ ਜਿੱਤਿਆ ਬਦਮਾਸ਼ੀ ਤੇ ਗੁੰਡਾ-ਗਰਦੀ ਕਰਨ ਵਾਲਾ ਬਾਦਲ, ਫਿਰ ਕਿਵੇਂ ਗਲਤ ਹੋਇਆ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top