Share on Facebook

Main News Page

ਸਵਰਗਾਂ ਦੇ ਰਾਹ
-: ਗੁਰਦੇਵ ਸਿੰਘ ਸੱਧੇਵਾਲੀਆ

ਸਵਰਗ ਦਰਅਸਲ ਕਿਸ ਨੂੰ ਨਹੀਂ ਚਾਹੀਦਾ। ਘੱਟੋ-ਘੱਟ ਇਥੇ ਭੁੱਖ ਨਾਲ ਘੁੱਲ ਰਹੇ ਗਰੀਬ ਨੂੰ ਤਾਂ ਜ਼ਰੂਰ ਚਾਹੀਦਾ। ਜਿਸ ਦਾ ਇਥੇ ਨਰਕ ਬਣਿਆ ਪਿਆ, ਖਾਣ ਨੂੰ ਰੋਟੀ ਨਹੀਂ ਉਸ ਦੀ ਤਾਂ ਇਹ ਤੀਬਰ ਇੱਛਾ ਹੈ, ਕਿ ਚਲੋ ਅੱਗੇ ਜਾ ਕੇ ਸਹੀਂ। ਸਵਰਗਾਂ ਦੇ ਰਾਹ ਪੈਣ ਲਈ ਉਹ ਫਿਰ ਇਥੇ ਦੇ ਜੀਵਨ ਨੂੰ ਨਰਕ ਵਿਚ ਸੁੱਟਦਾ ਹੈ। ਅਪਣੀ ਦੇਹ ਉਪਰ ਜ਼ੁਲਮ ਕਰਦਾ ਹੈ। ਭੁੱਖਾ ਰਹਿਣ ਤੋਂ ਲੈ ਕੇ ਤਸੀਹੇ ਦੇਣ ਤੱਕ। ਇਹ ਦਰਅਸਲ ਪੁੱਠਾ ਗੇੜਾ ਸੀ ਜਿਹੜਾ ਉਹ ਕਿਸੇ ਨੂੰ ਤਾਂ ਦੇ ਨਾ ਸਕਿਆ ਉਸ ਆਪਣੇ ਆਪ ਨੂੰ ਹੀ ਦੇ ਲਿਆ। ਉਹ ਇਥੇ ਦਾ ਸਵਰਗ ਧਨਾਢ ਅਤੇ ਲੁਟੇਰਿਆਂ ਤੋਂ ਤਾਂ ਖੋਹ ਨਾ ਸਕਿਆ ਉਸ ਅਗਲੇ ਸਵਰਗ ਦਾ ਰਾਹ ਚੁਣ ਲਿਆ। ਉਹ ਕਿਸੇ ਜ਼ੁਲਮ ਕਰਨ ਵਾਲੇ ਨਾਲ ਤਾਂ ਲੜ ਨਾ ਸਕਿਆ ਉਸ ਆਪਣੇ ਉਪਰ ਹੀ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਚਲੋ ਕਿਸੇ ਤੇ ਨਾ ਸਹੀਂ ਆਪਣੇ ਉਪਰ ਤਾਂ ਕਰ ਹੀ ਸਕਦ ਨਾ। ਆਪਣੇ ਉਪਰ ਕਰਨੋਂ ਥੋੜੋਂ ਕਿਸੇ ਰੋਕਣਾ!

ਜ਼ੁਲਮ ਤਾਂ ਜ਼ੁਲਮ ਹੀ ਹੈ ਚਾਹੇ ਤੁਸੀਂ ਕਿਸੇ ਉਪਰ ਕਰੋਂ ਜਾਂ ਆਪਣੇ ਆਪ ਉਪਰ। ਜੇ ਦੂਜੇ ਵਿਚ ਰੱਬ ਹੈ, ਤਾਂ ਮੇਰੇ ਵਿਚ ਵੀ ਤਾਂ ਹੈ ਨਾ। ਦੂਜੇ ਉਪਰ ਜ਼ੁਲਮ ਕਰਨਾ ਜੇ ਗੁਨਾਹ ਹੈ, ਤਾਂ ਆਪਣੇ ਉਪਰ ਕਰਨਾ ਪੁੰਨ ਕਿਵੇਂ ਹੋਇਆ? ਪਰ ਲੁਕਾਈ ਨੇ ਅਜਿਹੇ ਜਾਲਮ ਲੋਕਾਂ ਨੂੰ ਮਹਾਂਪੁਰਖ, ਰੱਬ ਦੇ ਬੰਦੇ, ਸੰਤ, ਬ੍ਰਹਮਗਿਆਨੀ ਤੇ ਪਤਾ ਨਹੀਂ ਕੀ ਕੀ ਮੰਨ ਲਿਆ ਤੇ ਪੂਜਾ ਸ਼ੁਰੂ ਕਰ ਦਿੱਤੀ।

ਤੇ ਕਹਾਣੀਆਂ ਉਨ੍ਹਾਂ ਦੀਆਂ? ਅਖੇ ਬਾਬਾ ਜੀ ਕਿਤੇ ਬੰਦਗੀ ਕਰਦੇ ਸਨ! ਸਾਰੀ ਸਾਰੀ ਰਾਤ ਕੇਸ ਕਿੱਲੀ ਨਾਲ ਬੰਨ ਕੇ ਭਗਤੀ। ਤੇ ਸਾਡੇ ਵਾਲੇ ਬਾਬਾ ਜੀ! ਉਹ ਠਰੇ ਪਾਣੀਆਂ ਵਿਚ ਇੱਕ ਲੱਤ ਖੜਕੇ! ਤੇ ਸਾਡੇ? ਉਹ ਤਾਂ ਭਾਈ ਮੜੀਆਂ ਵਿਚ ਜਾ ਕੇ ਜਿਉਂ ਸਮਾਧੀ ਲਾਉਂਦੇ। ਤੁਸੀਂ ਸਾਡੇ ਬਾਬਾ ਜੀ ਬਾਰੇ ਨਹੀਂ ਸੁਣਿਆ ਫਿਰ! ਉਹੀ ਲੋਪੋ ਵਾਲੇ ਬਾਬਾ ਜੀ! ਧੰਨ ਧੰਨ ਬਅਸ ਧੰਨ ਹੀ ਕਹਿਣਾ ਬਣਦਾ। ਬਾਹਰੋਂ ਦਰਵਾਜਾ ਪੱਕਾ ਬੰਦ! ਤੇ ਜਦ ਕਈ ਸਾਲਾਂ ਬਾਅਦ ਖੋਹਲਿਆ ਤਾਂ ਸਿਰ ਵਿਚ ਚਿੜੀਆਂ ਆਹਲਣੇ ਪਾਏ, ਦੇਹੀ ਉਪਰ ਭੂੰਡਾਂ ਖੱਖਰ ਬਣਾਏ! ਇੱਕ ਦਾਣਾ ਜਉਂ ਦਾ ਤੇ ਇੱਕ ਘੁੱਟ ਪਾਣੀ ਦੀ! ਉਹ ਵੀ ਪਤਾ ਕਿਉਂ ਛੱਕਦੇ ਸਨ, ਕਿ ਗੁਰਬਾਣੀ ਕਹਿੰਦੀ ਏ ਨਾ ਕਿ ਅੰਨ ਨਹੀਂ ਛੱਡਣਾ! ਤੇ ਸਾਡੇ ਬਾਬਾ ਜੀ ਹੋਤੀ ਮਰਦਾਨ ਵਾਲੇ! ਆਹ! ਹਾ! ਹਾ! 121 ਗਾਗਰਾਂ ਨਾਲ ਰੋਜ਼ ਇਸ਼ਨਾਨ ਕਰਦੇ ਸਨ! ਕੋਈ ਦੱਸੇ ਕਾਹਦੇ ਲਈ?

ਜੋਗੀਆਂ-ਸਿੱਧਾਂ ਨੇ ਸਵਰਗ ਜਾਣ ਲਈ ਜਟਾਂ ਬਣਾ ਕੇ ਸਿਰ ਸਵਾਹ ਪਾ ਲਈ। ਗਰਮੀਆਂ ਵਿਚ ਧੂਣਾ ਤਪਾ ਲਿਆ ਤੇ ਯੱਖ ਠੰਡ ਵਿਚ ਪਹਾੜੀਂ ਚੜ ਬਰਫ ਵਿੱਚ ਜਾ ਬੈਠੇ। ਕੁਦਰਤ ਦੇ ਹਰੇਕ ਨਿਯਮ ਦੇ ਉਲਟ ਦੇਹ ਨੂੰ ਗਾਲ ਲਿਆ ਕਿ ਅੱਗੇ ਜਾ ਕੇ ਸਵਰਗ ਮਿਲ ਜਾਏ।

ਇਹ ਸਵਰਗੀ ਸੁਪਨੇ ਕੇਵਲ ਹਿੰਦੋਸਤਾਨੀ ਸੰਤ ਹੀ ਨਹੀਂ ਸੀ ਲੈਂਦਾ, ਬਾਹਰ ਯੂਨਾਨ, ਮਿਸਰ, ਯੋਰਪ ਆਦਿ ਵਾਲੇ ਸੰਤ ਵੀ ਬੜਾ ਕੁਝ ਕਰਦੇ ਰਹੇ ਸਵਰਗ ਖਾਤਰ। ਈਸਾਈ ਪੁਜਾਰੀਆਂ ਸਵਰਗਾਂ ਦੇ ਸਰਟੀਫਿਕੇਟ ਇੰਝ ਵੇਚੇ ਜਿਵੇਂ ਬਲੈਕ ਵਿਚ ਕਿਸੇ ਹਿੰਦੀ ਫਿਲਮ ਦੀਆਂ ਟਿਕਟਾਂ ਵਿਕਦੀਆਂ। ਅੱਗੇ ਸਵਰਗ ਦੀਆਂ ਵੀ ਕਲਾਸਾਂ, ਪਹਿਲਾ, ਦੂਜਾ ਜਾਂ ਤੀਜੇ ਦਰਜੇ ਵਾਲੇ ਜਾਣਾ! ਤੇ ਲੁਕਾਈ ਨੇ ਉਹ ਬਲੈਕ ਟਿਕਟਾਂ ਅੰਨ੍ਹੇ-ਵਾਹ ਖਰੀਦੀਆਂ! ਉਥੇ ਦੇ ਸੰਤ ਵੀ ਬੜੇ ਪੁੱਠੇ-ਸਿੱਧੇ ਹੋਏ ਸਵਰਗ ਲੋਕ ਜਾਣ ਲਈ। ਕਹਿੰਦੇ ਸੰਤ ਪਾਕੋਮਿਊਸ ਖੜ੍ਹੇ ਆਸਣ ਸੌਂਦਾ ਸੀ। ਮਾਰਕਿਊਸ ਇੱਕ ਛੱਪੜ ਵਿਚ ਰਹਿੰਦਾ ਸੀ ਤਾਂ ਜੋ ਮੱਛਰ ਉਸ ਦੇ ਲਹੂ ਨਾਲ ਪਲਦੇ ਰਹਿਣ। ਸੰਤ ਸਾਈਮਨ ਸਟਾਲਿਸਟਅਰਬ ਦੇ ਮਾਰੂਥਲ ਵਿਚ ਇੱਕ ਥੰਮ ਉਪਰ 40 ਸਾਲ ਤੱਕ ਬੈਠਾ ਰਿਹਾ। ਸੰਤ ਐਨਤੈਨੀ ਨੇ ਅਪਣੀ ਸਾਰੀ ਜਾਇਦਾਦ ਵੇਚ ਕੇ ਖੈਰਾਤ ਵਿਚ ਦੇ ਦਿੱਤੀ ਤੇ ਮਿਸਰ ਦੇ ਥਲ ਵਿਚ ਰਹਿਣ ਲੱਗਾ ਅਤੇ ਵਾਲਾਂ ਦਾ ਬਣਿਆ ਚੋਲਾ ਪਹਿਨਦਾ ਸੀ, ਕਿਉਂਕਿ ਉਹ ਸਰੀਰ ਨੂੰ ਲੜਦੇ ਸਨ। ਉਹ ਉਸ ਰੋਟੀ ਤੇ ਗੁਜਾਰਾ ਕਰਦਾ ਸੀ ਜੋ ਛੇ ਮਹੀਨਿਆਂ ਬਾਅਦ ਮਿਲਦੀ ਸੀ। ਇਹ ਸਭ ਅਗਲੇ ਜਨਮ ਦੀ ਤਿਆਰੀ ਹੋ ਰਹੀ ਸੀ ਯਾਨੀ ਸਵਰਗ ਦੀ?

ਇਹ ਤੱਪ ਸੀ ਜਾਂ ਜ਼ੁਲਮ? ਜ਼ੁਲਮ ਦੀ ਪਰਭਾਸ਼ਾ ਕੀ ਹੈ? ਕਤਲ ਕਰਨਾ ਤੇ ਆਤਮ-ਹੱਤਿਆ ਕਰਨੀ ਦੋਵੋਂ ਇੱਕੋ ਜਿੰਨੇ ਗੁਨਾਹ ਹਨ। ਪਰ ਆਤਮ-ਹੱਤਿਆ ਵਾਲੇ ਨੂੰ ਸਜ਼ਾ ਕੋਈ ਤਾਂ ਨਹੀਂ ਮਿਲ ਸਕਦੀ, ਕਿ ਉਹ ਰਿਹਾ ਹੀ ਨਹੀਂ ਹੁੰਦਾ ਤਾਂ ਸਜਾ ਕਿਸ ਨੂੰ ਦੇਣੀ। ਆਪਣੇ ਘਰ ਨੂੰ ਸਰਵਗ ਵਰਗਾ ਬਣਾਉਂਣ ਲਈ ਦੂਜਿਆਂ ਦਾ ਲਹੂ ਨਿਚੋੜਨ ਵਾਲਾ ਅਤੇ ਅੱਗੇ ਜਾਕੇ ਸਵਰਗ ਦੀ ਤਾਕ ਵਿਚ ਆਪਣੇ ਸਰੀਰ ਦਾ ਲਹੂ ਦਾ ਨਿਚੋੜਨ ਵਾਲਾ, ਦੋਹੇਂ ਅਲੱਗ ਕਿਵੇਂ ਹੋਏ। ਇੱਕ ਦੂਜੇ ਦੇ ਢਿੱਡ ਤੇ ਲੱਤ ਮਾਰਦਾ ਹੈ ਦੂਜਾ ਖੁਦ ਆਪਣੇ ਹੀ ਢਿੱਡ ਪੁਰ ਲੱਤ ਮਾਰਦਾ ਹੈ। ਇੱਕ ਦੂਜੇ ਦੇ ਮੂੰਹੋਂ ਰੋਟੀ ਖੋਹਦਾ ਹੈ ਤਾਂ ਜਾਲਮ, ਪਰ ਇੱਕ ਆਪਣੇ ਹੀ ਮੂੰਹੋਂ ਰੋਟੀ ਖੋਂਹਦਾ ਹੈ ਤਾਂ ਮਹਾਂਪੁਰਖ?

ਵੱਡਾ ਸਵਾਲ ਇਹ ਉਸ ਇਹ ਸਭ ਕੀਤਾ ਕਿਉਂ? ਸਵਰਗ ਖਾਤਰ ਹੀ ਨਾ?

ਇਸ ਦਾ ਮੱਤਲਬ ਉਸ ਅੰਦਰ ਵੀ ਤਾਂ ਭੁੱਖ ਹੀ ਸੀ ਨਾ। ਕਿਸੇ ਅੰਦਰ ਪੁੱਤ-ਧੀਆਂ ਦੀ, ਕਿਸੇ ਧੰਨ ਦੀ ਤੇ ਕਿਸੇ ਸਵਰਗ ਦੀ? ਭੁੱਖ ਤਾਂ ਭੁੱਖ ਹੀ ਹੈ ਨਾ। ਲੋਭ ਤਾਂ ਲੋਭ ਹੀ ਹੈ ਚਾਹੇ ਸਵਰਗ ਦਾ ਹੀ ਕਿਉਂ ਨਾ ਹੋਵੇ। ਲੋਭੀ ਬੰਦਾ ਰੱਬ ਨੇੜੇ ਕਿਵੇਂ ਹੋਇਆ? ਲੋਭ ਬੰਦੇ ਨੂੰ ਜੀਵਨ ਦੇ ਨੇੜੇ ਆਉਂਣ ਹੀ ਨਹੀਂ ਦਿੰਦਾ। ਮਾਇਆ ਦਾ ਲੋਭੀ ਜੇ ਜੀਵਨ ਤੋਂ ਦੂਰ ਚਲਾ ਜਾਂਦਾ ਤਾਂ ਸਵਰਗ ਦਾ ਲੋਭੀ ਕਿਹੜਾ ਜੀਵਨ ਦੇ ਨੇੜੇ ਰਹਿੰਦਾ। ਇੱਕ ਲੋਭੀ ਆਪਣੇ ਸਿਰ ਨੂੰ ਤਾਉਂਦਾ ਹੈ, ਦੂਜਾ ਅਪਣੀ ਦੇਹ ਨੂੰ ਤਾਉਂਦਾ ਹੈ। ਇੱਨ ਮਾਨਸਿਕ ਦੁੱਖ ਭੋਗਦਾ ਦੂਜਾ ਸਰੀਰਕ । ਦੋਵੇਂ ਲੋਭੀ ਤੇ ਦੋਵੇਂ ਦੁੱਖੀ।

ਸੰਤ ਇਸੇ ਲੋਭ ਕਾਰਨ ਹੀ ਤਾਂ ਜੀਵਨ ਤੋਂ ਦੂਰ ਦੌੜਦਾ ਰਿਹਾ। ਬਾਬਾ ਜੀ ਆਪਣੇ ਤਾਂ ਕਹਿੰਦੇ ਕਿ ਲੋਭੀ ਦਾ ਵਿਸਾਹ ਨਹੀਂ ਕਰਨਾ, ਪਰ ਮੈਂ ਲੋਭੀ ਦੇ ਪੈਰੀਂ ਪੈ ਗਿਆ? ਸੰਤ ਤਾਂ ਇਥੇ ਨਾਤਾ ਹੀ ਤੋੜੀ ਬੈਠਾ ਸਭ ਕੁਝ ਨਾਲੋਂ, ਪਰ ਮੈਂ ਸੰਤ ਦੇ ਪੈਰ ਫੜੀ ਬੈਠਾ ਹਾਂ ਕਿ ਮੇਰੇ ਦੁੱਖ ਦੂਰ ਕਰ। ਜਿਸ ਬੰਦੇ ਨੇ ਆਪਣੇ ਸਾਰੇ ਸਬੰਧ ਹੀ ਧਰਤੀ ਨਾਲੋਂ ਤੋੜ ਲਏ, ਉਹ ਮੇਰੇ ਧਰਤੀ ਉਪਰਲੇ ਮਸਲੇ ਹੱਲ ਕਿਵੇਂ ਕਰੇਗਾ? ਸੰਤ ਸਾਰੇ ਕੰਮ ਕੁਦਰਤ ਤੋਂ ਉਲਟ ਕਰ ਰਿਹਾ ਹੈ। ਜਿਉਂਣ ਤੋਂ ਲੈ ਕੇ ਮਰਨ ਤੱਕ ਉਹ ਕੁਦਰਤ ਦੇ ਵਿਰੁਧ ਚਲਦਾ ਰਿਹਾ ਤੇ ਜਿਹੜਾ ਕੁਦਰਤ ਦੇ ਹੀ ਵਿਰੁਧ ਉਹ ਕਾਦਰ ਦਾ ਕਿਵੇਂ ਹੋਇਆ? ਨੀਂਦ, ਭੁੱਖ, ਭੋਗ ਸਭ ਕੁਦਰਤੀ ਨਿਯਮ ਸਨ, ਜਿੰਨਾ ਨਾਲ ਸੰਤ ਸਾਰੀ ਉਮਰ ਲੜਦਾ ਰਿਹਾ!

ਪਰ ਬਾਕੀ ਦੁਨੀਆਂ ਵਾਂਗ ਹੁਣ ਸੰਤ ਵੀ ਤਰੱਕੀ ਕਰ ਗਿਆ! ਉਸ ਦੇ ਜੀਵਨ ਨੇ ਵੀ ਪਲਟਾ ਮਾਰਿਆ। ਉਸ ਜਦ ਦੇਖਿਆ ਕਿ ਜਦ ਇਥੇ ਧਰਤੀ ਉਪਰ ਹੀ ਸਵਰਗ ਹੈ, ਤਾਂ ਮੈ ਬਾਅਦ ਵਾਲੇ ਤੋਂ ਕੀ ਲੈਣਾ। ਤੁਸੀਂ ਪੁਰਾਣੇ ਅਤੇ ਨਵੇਂ ਸੰਤ ਵਿਚ ਵੱਡੀ ਤਬਦੀਲੀ ਵੇਖੋਂਗੇ। ਪੁਰਾਣਾ ਬਹੁਤਾ ਸੰਤ ਭੁੱਖ ਨੰਗ ਨਾਲ ਘੁਲਦਾ ਸੰਤ ਬਣਿਆ ਸੀ। ਉਸ ਦੀ ਭੁੱਖ ਨੰਗ ਵਿਚੋਂ ਲਾਲਚ ਪੈਦਾ ਹੋਇਆ, ਸਵਰਗ ਦਾ ਕਿ ਚਲੋ ਇਥੇ ਨਹੀਂ ਅੱਗੇ ਹੀ ਸਹੀਂ। ਇਥੇ ਜ਼ਿੱਲਤ ਭਰੀ ਜ਼ਿੰਦਗੀ ਮਿਲੀ, ਅਗੇ ਹੀ ਆਦਰ ਮਿਲ ਜਾਏ ਤੇ ਉਹ ਜਿਉਂ ਲੱਗਾ ਪੁੱਠਾ-ਸਿੱਧਾ ਲਮਕਣ!

ਪਰ ਨਵਾਂ ਸੰਤ? ਉਹ ਹੁਣ ਕੋਈ ਪੁੱਠਾ ਸਿੱਧਾ ਨਹੀਂ ਲਮਕਦਾ, ਉਹ ਕਹਿੰਦਾ ਪੁੱਠਾ ਲਮਕਕੇ ਜਿਹੜਾ ਸਵਰਗ ਅੱਗੇ ਜਾ ਕੇ ਮਿਲਣਾ ਉਹ ਤਾਂ ਇਥੇ ਹੀ ਬਣਿਆ ਪਿਆ, ਦਫਾ ਕਰੋ ਅੱਗੇ ਵਾਲੇ ਨੂੰ। ਤੁਸੀਂ ਹੁਣ ਵਾਲੇ ਸੰਤ ਨੂੰ ਕਦੇ ਕੇਸ ਕਿੱਲੀ ਨਾਲ ਬੰਨੇ ਸੁਣਿਆ? ਕਦੇ ਪੁੱਠਾ ਲਮਕਦਾ ਸੁਣਿਆ? ਕਦੇ ਭੁੱਖਾ ਰਹਿ ਕੇ ਦੇਹ ਨੂੰ ਦੁੱਖ ਦਿੰਦੇ ਸੁਣਿਆ? ਉਹ ਭੁੱਖਾ ਕਿਉਂ ਰਹੇ। ਛੇ ਛੇ ਕਾਉਂਲੀਆਂ ਵਾਲੇ ਚਮਕਦੇ ਥਾਲ ਉਸ ਲਈ ਲੱਗ ਕੇ ਆਉਂਦੇ ਹਨ। ਉਸ ਦੇ ਡੇਰੇ ਵਿਚ ਧਰਤੀ ਦੀ ਆਖਰੀ ਸਹੂਲਤ ਵਾਲੀ ਹਰੇਕ ਚੀਜ਼ ਮੌਜ਼ੂਦ ਹੈ। ਬੇਸ਼ਕ ਉਹ ਵਿਆਹ ਨਹੀਂ ਕਰਦਾ, ਪਰ ਉਸ ਕੋਲੇ ਸ਼ਾਦੀਆਂ ਵਾਲੀਆਂ ਸਹੂਲਤਾਂ ਮੌਜੂਦ ਹਨ। ਉਹ ਕਹਿੰਦਾ ਮੇਰੇ ਵਾਲੇ ਬਾਬਾ ਜੀ ਤਾਂ ਔਰਤ ਨੂੰ ਮੱਥੇ ਵੀ ਨਹੀਂ ਸਨ ਲਾਉਂਦੇ, ਪਰ ਖੁਦ ਉਹ ਔਰਤ ਦੇ ਸਿੱਧਾ ਮੱਥੇ ਵੱਜਦਾ ਹੈ?

ਦਰਅਸਲ ਪਦਾਰਥ ਦੇ ਇਸ ਜੁੱਗ ਨੇ ਸੰਤ ਦਾ ਦਰਵਾਜਾ ਵੀ ਜਾ ਖੜਕਾਇਆ ਕਿ ਸੰਤ ਜੀ ਨਿਕਲੋ ਬਾਹਰ ਭੋਰੇ ਚੋਂ। ਸਵਰਗ ਤਾਂ ਇਥੇ ਹੈ, ਬਹਾਰਾਂ ਲੱਗੀਆਂ ਪਈਆਂ, ਤੁਸੀਂ ਕਿਹੜੇ ਸਵਰਗ ਲਈ ਤੱਪੀ ਜਾਂਨੇ ਭੱਠੀ ਵਿੱਚ। ਇਸ ਧਰਤੀ ਦੇ ਸਵਰਗ ਨੂੰ ਛੱਡ ਐਵੇਂ ਪੁੱਠੇ-ਸਿੱਧੇ ਹੋਈ ਜਾਨੈ। ਸੰਤ ਨੇ ਫਿਰ ਹੋਰ ਕਹਾਣੀ ਘੜੀ। ਉਹ ਕਹਿੰਦਾ ਦਰਅਸਲ ਪਹਿਲੇ ਯਾਨੀ ਵੱਡੇ ਬਾਬਾ ਜੀ ਦੀ ਕਮਾਈ ਹੀ ਇਨੀ ਸੀ ਕਿ ਉਹੀ ਕਈ ਜਨਮ ਨਹੀਂ ਮੁੱਕਣੀ। ਪਿੱਛਲੇ 100-100 ਸਾਲ ਦੀ ਕਮਾਈ ਦੀਆਂ ਗੱਪਾਂ ਘੜ ਮਾਰੀਆਂ! ਹੁਣ ਨਾ 100 ਸਾਲ ਮੁੱਕੇ ਤੇ ਨਾ ਬਾਬਿਆਂ ਨੂੰ ਪੁੱਠਾ ਲਮਕਣਾ ਪਵੇ, ਉਂਝ ਵੀ ਕਿਹੜਾ ਕਿਸੇ ਪਿੱਛਲੇ ਸੌ ਸਾਲ ਜਾ ਕੇ ਦੇਖਣਾ ਤੇ ਸੰਤ ਦਾ ਸਵਰਗ ਖਰਾ! ਹੁਣ ਉਹ ਅਗਲੇ ਸਵਰਗ ਦੇ ਲਾਰੇ ਉਪਰ ਨਹੀਂ ਜਿਉਂਦਾ, ਬਲਕਿ ਇਥੇ ਦੇ ਸਵਰਗ ਨੂੰ ਭੋਗਦਾ, ਪਰ ਲੁਕਾਈ ਦੇ ਮੂੰਹ ਉਸ ਅਗਲੇ ਸਵਰਗ ਦਾ ਲਾਲੀਪਾਪ ਹੀ ਦੇ ਰੱਖਿਆ, ਤਾਂ ਕਿ ਉਸ ਦੇ ਇਥੇ ਦੇ ਸਵਰਗ ਵਿੱਚ ਕੋਈ ਵਿਘਨ ਨਾ ਪਵੇ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top