Share on Facebook

Main News Page

ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ
-
: ਗੁਰਦੇਵ ਸਿੰਘ ਸੱਧੇਵਾਲੀਆ

"ਇੱਲ਼" ਜਿਉਂਦੇ ਉਪਰ ਥੋੜਾਂ ਬੈਠਦੀ, ਮੁਰਦੇ ਨੂੰ ਚੂੰਡਦੀ ਇੱਲ ਤਾਂ। ਜਾਪਦਾ ਹੁੰਦਾ ਜਿਵੇਂ ਇੱਲ ਬਹੁਤ ਉੱਚੇ ਅਕਾਸ਼ਾਂ ਵਿਚ ਉੱਡ ਰਹੀ ਹੈ, ਪਰ ਉਹ ਤਾਂ ਬਹੁਤ ਹੇਠਾਂ ਹੁੰਦੀ ਹੈ। ਹੇਠਾਂ ਵੀ ਕਿਥੇ, ਮੁਰਦੇ ਉਪਰ? ਬੰਦਾ ਸੋਚਦਾ ਵਾਹ! ਕਿਆ ਉਡਾਰੀ ਹੈ, ਕਿੰਨੀ ਉਚੀ, ਕਿੰਨੀ ਖੁਲ੍ਹੀ ਉਡਾਰੀ, ਪਰ ਬਿਰਤੀ?

ਸੰਤ ਦਾ ਚੋਲਾ, ਗੋਲ ਪੱਗ, ਹੱਥ ਸਿਮਰਨਾ, ਮਿਚੀਆਂ ਅੱਖਾਂ, ਬਗਲ ਸਮਾਧ, ਟਿਕਦੇ ਮੱਥੇ, ਚੜ੍ਹਦੇ ਪ੍ਰਸਾਦ, ਦੁਆਲੇ ਹਾਜਰ ਖੜੋਤੇ ਸੇਵਕ, ਕੋਲੋਂ ਆਉਂਦੀਆਂ ਮਹਿਕਾਂ। ਬੰਦਾ ਸੋਚਦਾ ਵਾਹ! ਕਿੰਨੇ ਉੱਚੇ ਅਕਾਸ਼ ਵਿਚ ਉਡ ਰਹੇ ਨੇ, ਸਿਧੀਆਂ ਰੱਬ ਨਾਲ ਗੱਲਾਂ, ਅਕਾਸ਼ ਉਡਾਰੀਆਂ! ਇਹ ਤਾਂ ਜਦ ਚਾਹੁਣ ਸੱਚਖੰਡ ਜਾ ਆਉਂਦੇ ਹੋਣੇ ਜਾਂ ਜਦ ਚਾਹੁਣ ਰੱਬ ਨੂੰ ਹੇਠਾਂ ਲਾਹ ਲੈਂਦੇ ਹੋਣੇ! ਤੇ ਬੰਦਾ ਵਿਚਾਰਾ ਇਨ੍ਹਾਂ ਦੇ ਪੈਰ ਤੱਕ ਧੋ ਕੇ ਪੀਣ ਤੋਂ ਗੁਰੇਜ ਨਹੀਂ ਕਰਦਾ। ਇਨ੍ਹਾਂ ਦੀ ਹਰੇਕ ਬਦਮਾਸ਼ੀ ਅਤੇ ਗੁੰਡਾਗਰਦੀ ਅਤੇ ਗੱਪਾਂ ਨੂੰ ਅਪਣੀ ਚੁੱਪ ਹੇਠ ਦਬ ਲੈਂਦਾ ਹੈ ਕਿ ਮਤੇ ਅਜਿਹੇ ਉਚੇ ਅਕਾਸ਼ਾਂ ਵਿਚ ਉੱਡਦੇ ਮਹਾਂਪੁਰਖਾਂ ਦੀ ਕਿਤੇ ਨਿੰਦਾ ਹੋ ਜਾਏ। ਪਰ ਉਸ ਨੂੰ ਪਤਾ ਨਹੀਂ ਕਿ ਕਮਲਿਆ ਇਹ ਤਾਂ ਇੱਲ ਹੈ, ਇਹ ਤੇਰੀ ਮੁਰਦਾ ਹੋ ਚੁੱਕੀ ਮਾਨਸਿਕਤਾ ਉਪਰ ਝਪਟਣ ਲਈ ਤਿਆਰ ਖੜੀ ਹੈ। ਤੇਰੀ ਮੁਰਦਾ ਰੂਹ ਨੂੰ ਚੂੰਡ ਲਏਗੀ ਇਹ। ਐਵੇਂ ਜਾਪੀ ਜਾਂਦਾ ਜਿਵੇਂ ਇਹ ਬਹੁਤ ਉਚੀ ਉਡ ਰਹੀ ਹੈ, ਅਸਲ ਵਿਚ ਇਹ ਤਾਂ ਬਹੁਤ ਹੇਠਾਂ ਹੈ। ਮੁਰਦੇ ੳੇਪਰ ਇਸ ਦੀ ਨਿਗਾਹ ਹੈ।

"ਸੰਤ" ਮੁਰਦਾ ਕਹਾਣੀਆਂ ਕਿਉਂ ਸੁਣਾਉਂਦਾ। "ਸੰਤ" ਮੁਰਦੇ ਪੈਦਾ ਕਰਨ ਵਿਚ ਵਿਸਵਾਸ਼ ਕਿਉਂ ਰੱਖਦਾ। ਦਰਅਸਲ ਸੰਤ ਉਹ ਇੱਲ ਹੈ, ਜਿਹੜੀ ਇਨ੍ਹਾਂ ਮੁਰਦਿਆਂ ਉਪਰ ਝਪਟਣ ਵਿਚ ਵਿਸਵਾਸ਼ ਰੱਖਦੀ ਹੈ। ਜੇ ਉਹ ਜਿਉਂਦੇ ਮਨੁੱਖ ਪੈਦਾ ਕਰਨ ਲੱਗ ਪਿਆ ਉਸ ਨੂੰ ਕੌਣ ਅਪਣੇ ਉਪਰ ਝਪਟਣ ਦਏਗਾ, ਕਿਉਂ ਝਪਟਣ ਦਏਗਾ। ਤੁਸੀਂ ਜਿਉਂਦੇ, ਚੰਗੇ-ਭਲੇ ਤੁਰੇ ਜਾਂਦੇ ਹੋ ਕਦੇ ਇੱਲ ਤੁਹਾਡੇ ਉਪਰ ਝਪਟਣ ਦੀ ਜੁਅਰਤ ਕਰੇਗੀ? ਕਿਵੇਂ ਕਰੇਗੀ? ਕਰ ਸਕਦੀ ਹੀ ਨਹੀਂ। ਝਪਟੇਗੀ ਉਦੋਂ ਜਦ ਤੁਸੀਂ ਮੁਰਦਾ ਹੋ ਚੁੱਕੇ ਹੋਵੋਂਗੇ। ਜਦ ਤੁਸੀਂ ਨਿਢਾਲ ਹੋ ਕੇ ਡਿੱਗ ਚੁੱਕੇ ਹੋਵੋਂਗੇ। ਜਦ ਤੁਹਾਡੇ ਪੈਰਾਂ ਹੇਠੋਂ ਤੁਰਨ ਦੀ ਸਮਰਥਾ ਗੁਆਚ ਚੁੱਕੀ ਹੋਵੇਗੀ। ਜਦ ਤੁਹਾਡੀਆਂ ਅੱਖਾਂ ਬੰਦ ਹੋ ਚੁੱਕੀਆਂ ਹੋਣਗੀਆਂ

ਉਹ ਬੰਦ ਬੱਤੀਆਂ ਕਰਕੇ ਸਿਮਰਨਾਂ ਦੇ ਨਾਂ ਤੇ ਤੁਹਾਡੀਆਂ ਅੱਖਾਂ ਹੀ ਤਾਂ ਬੰਦ ਕਰ ਰਹੇ ਨੇ, ਨਿਢਾਲ ਹੀ ਤਾਂ ਕਰ ਰਹੇ ਨੇ, ਪੈਰਾਂ ਦੀ ਸਮਰਥਾ ਹੀ ਤਾਂ ਖੋਹ ਰਹੇ ਹਨ। ਚੁੱਪ ਪਾਠ, ਚੁਪਹਿਰਾ ਪਾਠ, ਦੁਪਹਿਰਾ ਪਾਠ, ਇਨੀ ਗਿਣਤੀ ਪਾਠ, ਇਨੇ ਲੱਖ ਪਾਠ। ਫਿਰ ਉਹ ਕਹਾਣੀ ਸੁਣਾਉਂਦੇ ਨੇ ਫਲਾਂ ਮਹਾਂਪੁਰਖ ਇੱਨੇ ਲੱਖ ਪਾਠ ਕਰਦੇ ਹੁੰਦੇ ਸਨ, ਇਨੀ ਲੱਖ ਮਾਲਾ ਫੇਰਦੇ ਹੁੰਦੇ ਸਨਯਾਨੀ ਗਿਣ ਕੇ ਫੇਰਦੇ ਸਨ? ਮੇਰਾ ਸਾਰਾ ਧਿਆਨ ਗਿਣਤੀ ਉਪਰ ਕੇਂਦਰਤ ਹੋ ਗਿਆ ਤਾਂ ਪਾਠ ਵਿਚਲਾ ਸੱਚ ਅਲੋਪ ਤਾਂ ਹੋਏਗਾ ਹੀ! ਪਾਠ ਵਿਚਲਾ ਸੱਚ ਖਤਮ! ਗਿਣਤੀਆਂ ਵਿਚ ਸੱਚ ਕਿਥੇ ਰਹਿ ਗਿਆ? ਧਿਆਨ ਇੱਕ ਹੈ, ਕੇਵਲ ਇੱਕ। ਉਹ ਇੱਕ ਪਾਸੇ ਹੀ ਕੇਂਦਰਤ ਹੋ ਸਕਦਾ ਜਾਂ ਸੱਚ ਵਲ ਜਾਂ ਗਿਣਤੀ ਵਲ! ਉਨੀ ਕੀ ਕੀਤਾ ਕਿ ਉਸ ਕੇਂਦਰਤਾ ਨੂੰ ਗਿਣਤੀ ਵਾਲੇ ਪਾਸੇ ਲਾ ਦਿੱਤਾ। ਗਿਣਤੀ ਮੈਨੂੰ ਖੁਸ਼ੀ ਦੇਣ ਲੱਗ ਗਈ। ਜਿੰਨੀ ਵੱਧ ਗਿਣਤੀ ਉਨਾ ਵੱਡਾ ਸਿਰੋਪਾ ਪਾ ਕੇ ਸੰਤ ਨੇ ਹੰਕਾਰ ਮੇਰੇ ਨੂੰ ਹੋਰ ਬੜਾਵਾ ਦੇ ਦਿੱਤਾ। ਮੇਰੀ ਗਿਣਤੀ ਜਦ ਸਨਮਾਨੀ ਜਾਂਣ ਲੱਗੀ ਤਾਂ ਧਿਆਨ ਕਿਥੇ ਰਹਿ ਗਿਆ!

ਦੂਜਾ ਇੱਕ ਹੋਰ ਪੰਥ ਪੈਦਾ ਕਰ ਦਿੱਤਾ ਉਹ ਦਿਨ ਪੁਰ ਰਾਤ ਬਾਟੇ ਹੀ ਮਾਂਜੀ ਜਾਂਦਾਉਸ ਦਾ ਸਾਰਾ ਜੋਰ ਅਤੇ ਧਿਆਨ ਅਪਣੀ ਆਪੇ ਬਣਾ ਕੇ ਖਾਣ ਉਪਰ ਹੀ ਲੱਗਾ ਰਹਿੰਦਾ। ਇਸ ਦਾ ਹੱਥ ਨਾ ਲੱਗ ਜਾਏ, ਇਸ ਹੱਥੋਂ ਨਾ ਖਾਧਾ ਜਾਏ, ਇਸ ਤਰ੍ਹਾਂ ਦਾ ਨਾ ਖਾਧਾ ਜਾਏ, ਇਸ ਤਰ੍ਹਾਂ ਦੇ ਭਾਂਡੇ ਵਿਚ ਨਾ ਖਾਧਾ ਜਾਏ। ਅਪਣੀ ਸਕੀ ਮਾਂ ਹੱਥੋਂ ਨਹੀਂ ਖਾਧਾ ਜਾਂਦਾ। ਜਿਸ ਮਾਂ 9 ਮਹੀਨੇ ਢਿੱਡ ਵਿਚ ਰੱਖਿਆ, ਅਪਣੀ ਛਾਤੀ ਦਾ ਦੁੱਧ ਚੁੰਘਾਇਆ ਉਹ ਮਾਂ ਵੀ ਹੁਣ ਚੂਹੜੀ ਹੋ ਗਈ? ਧਿਆਨ ਕਿਧਰ ਰਹਿ ਗਿਆ? ਮਾਨਸਿਕਤਾ ਮ੍ਰੁਰਝਾਊ ਨਾ ਤਾਂ ਕੀ ਹੋਊ। ਇੱਲ ਝਪਟੂ ਕਿਵੇਂ ਨਾ, ਅਜਿਹੀ ਬਿਮਾਰ ਅਤੇ ਮਰ ਰਹੀ ਮਾਨਸਿਕਤਾ ਉਪਰ।

ਮੇਰੇ ਮਨੁੱਖ ਨੂੰ ਮੁਰਦਾ ਕਰਨ ਦੇ, ਸੰਮੋਹਕ ਕਰਨ ਦੇ, ਸਉਂ ਜਾਣ ਦੇ ਇਹ ਬੜੇ ਕਾਰਗਰ ਤਰੀਕੇ ਹਨ। ਮੁਰਦਾ ਹੋਵਾਂਗਾ ਤਾਂ ਇੱਲ ਝਪਟੇਗੀ ਨਾ । ਇੱਲ ਦਾ ਦਾਅ ਹੀ ਮੁਰਦੇ ਉਪਰ ਲੱਗਦਾ ਹੈ। ਮੁਰਦਾ ਹੀ ਤਾਂ ਭਾਲਦੀ ਫਿਰਦੀ ਰਹਿੰਦੀ ਇੱਲ ਉਪਰ ਉੱਡਦੀ। ਉਡਾਰੀ ਉਸ ਦਾ ਸ਼ੌਕ ਨਹੀਂ, ਉਸ ਦੀ ਮਜਬੂਰੀ ਹੈ। ਉਡਾਰੀ ਰਾਹੀਂ ਉਸ ਨੂੰ ਸ਼ਿਕਾਰ ਲੱਭਦਾ ਹੈ। ਉਡਾਰੀ ਲਾਊ ਤਾਂ ਸ਼ਿਕਾਰ ਦਿੱਸੂ। ਉਡਾਰੀ ਰਾਹੀਂ ਤਾਂ ਉਹ ਮੁਰਦਾ ਤਾੜਦੀ ਫਿਰਦੀ ਹੈ। ਸੰਤ ਦਾ ਚੋਲੇ ਪੱਗ ਤੋਂ ਮਾਲਾ-ਸਿਮਰਨੇ ਅਤੇ ਭਜਨਾ ਪਾਠਾਂ ਤੱਕ ਦਾ ਸਾਰਾ ਅਡੰਬਰ ਉਡਾਰੀ ਹੀ ਤਾਂ ਹੈ ਨਾ। ਇਸ ਅਡੰਬਰ ਰਾਹੀਂ ਹੀ ਉਹ ਮੁਰਦਾ ਤਾੜਦਾ ਹੈ, ਮੁਰਦੇ ਤੱਕ ਪਹੁੰਚਦਾ ਹੈ।

ਤੁਸੀਂ ਐਵੇਂ ਕਿਉਂ ਸੋਚਦੇਂ ਕਿ ਪੰਜਾਬ ਵਿਚੋਂ ਇੱਲਾਂ ਖਤਮ ਹੋ ਰਹੀਆਂ। ਅਸਮਾਨ ਵਲ ਤੱਕੋ, ਇੱਲਾਂ ਦੇ ਝੁਰਮਟ। ਪੰਜਾਬ ਦੇ ਕੋਨੇ ਕੋਨੇ ਇੱਲਾਂ ਦੇ ਝੁਰਮਟ। ਇੱਲਾਂ ਦੀਆਂ ਬਹਾਰਾਂ ਹਨ ਪੰਜਾਬ ਦੀ ਧਰਤੀ 'ਤੇ। ਗਿਣਤੀ ਨਹੀਂ ਕਰ ਸਕਦੇ ਤੁਸੀਂ ਇੱਲਾਂ ਦੀ। ਪਤਾ ਕਿਉਂ? ਕਿਉਂਕਿ ਪੰਜਾਬ ਗੁਰੂ ਲਿਵ ਨਾਲੋਂ ਟੁੱਟ ਕੇ ਮੁਰਦਾ ਹੋ ਚੁੱਕਾ। ਸਾਧਾਂ ਦੀਆਂ ਮੁਰਦਾਂ ਕਹਾਣੀਆਂ ਨੇ ਇਸ ਨੂੰ ਮੁਰਦਾ ਕਰ ਦਿੱਤਾ। ਸੰਤ ਦੀਆਂ ਗੱਪਾਂ ਨੇ ਇਸ ਵਿਚੋਂ ਸਾਹ ਹੀ ਖਿੱਚ ਲਿਆ। ਅਬਦਾਲੀਆਂ-ਨਾਦਰਾਂ ਅੱਗੇ ਬਰਛੇ ਗੱਡ ਕੇ ਖੜ ਜਾਣ ਵਾਲੀ ਜੁਅਰਤ ਅਤੇ ਤਾਕਤ ਨੋਚ ਲਈ ਇਨ੍ਹਾਂ ਡੇਰਿਆਂ ਦੀਆਂ ਇੱਲਾਂ ਨੇ ਤੇ ਲਿਆ ਸੁੱਟਿਆ ਮਰਿਆਂ ਸਾਧਾਂ ਦੇ ਭੋਰਿਆਂ ਦੀਆਂ ਜੁੱਤੀਆਂ ਵਿੱਚ।

ਹੁਣ ਇਹ ਮਰੇ ਸਾਧ ਦੀਆਂ ਜੁੱਤੀਆਂ ਵਿਚ ਸੱਚਖੰਡ ਲੱਭਦਾ ਫਿਰ ਰਿਹਾ। ਹੁਣ ਇਸ ਦੀ ਚੁਰਾਸੀ ਗੁਰਬਾਣੀ ਦਾ ਸੱਚ ਨਹੀਂ, ਬਲਕਿ ਸਾਧ ਦੀ ਜੁੱਤੀ ਕੱਟਦੀ ਹੈ। ਸਾਧ ਦੇ ਧੋ ਕੇ ਪੀਤੇ ਹੋਏ ਪੈਰ ਕੱਟਦੇ ਨੇ। ਜਿਹੜਾ ਮਰਜੀ ਨੰਗ ਜਿਹਾ ਸਾਧ ਅਪਣੇ ਪੈਰ ਇਸ ਅੱਗੇ ਕਰ ਦਿੰਦਾ ਹੈ ਤੇ ਇਹ ਜਿਉਂ ਲੱਗਦਾ ਉਨ੍ਹਾਂ ਨੂੰ ਖਰੋਚ ਕੇ ਪੀਣ, ਮਤਾਂ ਕੋਈ ਗੰਦਗੀ ਅੰਦਰ ਜਾਣੋਂ ਰਹਿ ਜਾਏ। ਮੁਰਦਾ ਹੋ ਚੁੱਕਾ ਨਾ, ਤਾਂ ਹੀ ਤਾਂ ਇਨ੍ਹਾਂ ਇੱਲਾਂ ਅੱਗੇ ਬੇਬਸ ਹੋ ਗਿਆ ਤੇ ਇਹ ਬੜੀਆਂ ਬੇ-ਖੌਫ ਹੋ ਕੇ ਇਸ ਦਾ ਮਾਸ ਨੋਚ ਰਹੀਆਂ ਹਨ।

ਬਾਬਾ ਜੀ ਅਪਣੇ ਸਾਵਧਾਨ ਕਰਦੇ ਮਨੁੱਖ ਨੂੰ ਕਿ ਭਾਈ ਇੱਲ ਦੀ ਉੱਚੀ ਉਡਾਰੀ ਨਾ ਵੇਖ, ਇਸ ਦੀ ਬਿਰਤੀ ਵੇਖ, ਜਿਹੜੀ ਤੇਰੇ ਮਾਸ ਉਪਰ ਹੈ, ਜਿਹੜੀ ਤੈਨੂੰ ਚੂੰਡਣ ਉਪਰ ਹੈ। ਇਹ ਅਕਾਸ਼ ਉਪਰ ਉੱਡਦੀ ਹੋਈ ਵੀ ਬਹੁਤ ਨੀਵੀ ਸੋਚ ਵਾਲੀ, ਜਿਹੜੀ ਹਰ ਵੇਲੇ ਮੁਰਦੇ ਉਪਰ ਹੀ ਅੱਖ ਰੱਖੀ ਬੈਠੀ ਹੈ ਤੇ ਜਿਥੇ ਮੁਰਦਾ ਦਿੱਸਦਾ ਫੱਟ ਹੇਠਾਂ ਆ ਉਤਰਦੀ ਹੈ। ਤੂੰ ਚੋਲਾ, ਗੋਲ ਪੱਗ, ਸਿਮਰਨਾ ਤੇ ਬੁੱਲ ਹਿੱਲਦੇ ਨਾ ਦੇਖ, ਇਸ ਦੀ ਅੱਖ ਤੇਰੇ ਮਾਸ ਤੇ ਹੈ। ਤੂੰ ਜਾਹ ਸਹੀਂ ਇਸ ਕੋਲੇ ਅਪਣਾ ਦੁੱਖ ਲੈ ਕੇ, ਤੈਨੂੰ ਨੋਚ ਨੋਚ ਨਾ ਖਾ ਜਾਣ!

ਤੇਰੀਆਂ ਖਾਲਸਈ ਚ੍ਹੜਤਾਂ ਖਾ ਗਈਆਂ ਨੋਚਕੇ ਇਹ ਇੱਲਾਂ। ਨਾਦਰਾਂ ਦਾ ਰਾਹ ਰੋਕਣ ਵਾਲਾ ਹੁਣ ਤਾਂ ਬਿੱਲੀ ਦੇ ਰਾਹ ਰੋਕੇ ਜੁੱਤੀ ਝਾੜਨ ਬਹਿ ਜਾਂਦਾ ਹੈ? ਖਾਲਸਈ ਜਾਹੋ-ਜਲਾਲ ਖੁਸ ਗਿਆ ਤੇ ਹੁਣ ਖੜਕਾਈ ਜਾਹ ਗਲ ਪਾ ਕੇ ਢੋਲਕੀਆਂ ਕਿ ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ???


ਟਿੱਪਣੀ: ਗੁਰਦੇਵ ਸਿੰਘ ਸੱਧੇਵਾਲੀਆ ਜੀ ਦੀਆਂ ਲਿਖਤਾਂ ਲਾਜਵਾਬ ਹੁੰਦੀਆਂ ਹਨ, ਇੱਕ ਇੱਕ ਲਿਖਤ ਪੜ੍ਹਨ ਸੋਚਣ ਲਈ ਮਜਬੂਰ ਕਰਦੀ ਹੈ। ਕਾਸ਼ ਸਿੱਖ ਅਖਵਾਉਣ ਵਾਲਿਆਂ ਨੂੰ ਕਿਤੇ ਸੁੱਮਤ ਆ ਜਾਏ, ਤੇ ਉਹ ਇਨ੍ਹਾਂ ਇਲਾਂ ਦੇ ਨਜ਼ਰੀਂ ਨਾ ਚ੍ਹੜ ਸਕਣ, ਸਗੋਂ ਇਨ੍ਹਾਂ ਇਲਾਂ ਦਾ ਸ਼ਿਕਾਰ ਕਰਨ ਦੀ ਜ਼ੁਰੱਤ ਆ ਜਾਏ।

ਇਹ ਲਿਖਤ ਪੜ੍ਹਕੇ ਸਿਰਫ ਵਾਹ !! ਵਾਹ !! ਹੀ ਮੂੰਹ 'ਚੋਂ ਨਿਕਲ ਰਿਹਾ ਹੈ, ਕਿ ਗੁਰੂ ਦੀ ਕਿੰਨੀ ਬਖਸ਼ਿਸ਼ ਹੈ ਕਿ ਗੁਰਬਾਣੀ ਦਾ ਆਧਾਰ ਬਣਾ ਕੇ ਕਿਆ ਖੂਬਸੂਰਤ ਲਿਖਤ ਸਿਰਜੀ ਹੈ... ਵਾਹ!

- ਸੰਪਾਦਕ ਖ਼ਾਲਸਾ ਨਿਊਜ਼


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top