Share on Facebook

Main News Page

ਓਰਾ ਗਰਿ ਪਾਨੀ ਭਇਆ
-: ਗੁਰਦੇਵ ਸਿੰਘ ਸੱਧੇਵਾਲੀਆ

"ਓਰਾ" ਕਹਿੰਦੇ "ਗੜੇ" ਨੂੰ। ਪਾਣੀ ਜਦ ਠੰਡਾ ਹੁੰਦਾ ਹੈ ਤਾਂ ਗੜਾ ਬਣ ਜਾਂਦਾ ਹੈ। ਹੁਣ ਪਾਣੀ ਕਿਵੇਂ ਬਣੇ? ਪਾਣੀ ਤਾਂ ਗਰਮਾਇਸ਼ ਨਾਲ ਬਣੇਗਾ ਨਾ। ਗਰਮਾਇਸ਼ ਕਿਥੇ ਰਹਿਣ ਦਿੱਤੀ ਡੇਰੇ ਨੇ। ਡੇਰੇ ਨੇ ਸਿੱਖ ਠੰਡਾ ਕਰ ਦਿੱਤਾ। ਗੜਾ ਬਣ ਗਿਆ, ਕਦੇ ਉਧਰ ਤੇ ਕਦੇ ਇਧਰ ਰਿੜਦਾ ਫਿਰਦਾ। ਇਕ ਦੂਏ ਵਿਚ ਵੱਜਦਾ। ਪਾਣੀ ਹੋਵੇ ਤਾਂ ਸਾਗਰ ਵਿਚ ਮਿਲੇ। ਪਰ ਡੇਰੇ ਨੇ ਦੱਸਿਆ ਕਿ ਨਹੀਂ! ਤੇਰੇ ਵਰਗਾ ਸਿੱਖ ਕੋਈ ਨਹੀਂ। ਜਿਹੜਾ ਬਾਬਾ ਜੀ ਦਾ ਸੰਗੀ ਹੋ ਲਿਆ, ਉਸ ਵਰਗਾ ਹੋਰ ਹੈ ਹੀ ਕੋਈ ਨਹੀਂ। ਕਮਲਿਆ ਇਥੇ ਤਾਂ ਪੰਛੀ ਉਪਰ ਦੀ ਉੱਡ ਕੇ ਲੰਘ ਜਾਏ ਮੁਕਤ ਹੋ ਜਾਂਦਾ ਤੇਰੀਆਂ ਤਾਂ ਇੱਕੀ ਕੁਲਾਂ ਬੰਨੇ ਸਮਝ। ਠੰਡਾ ਕਰ ਦਿੱਤਾ ਮੁਕਤੀ ਨੇ, ਠੰਡਾ ਕਰ ਦਿੱਤਾ ਸੰਤ ਨੇ। ਇਨਾ ਠੰਡਾ ਕਿ ਗੜਾ ਬਣ ਗਿਆ। ਹੁਣ ਇੱਕ ਦੂਏ ਵਿਚ ਵੱਜੀ ਜਾਂਦਾ, ਰਿੜੀ ਜਾਂਦਾ ਕਿ ਮੇਰੇ ਵਾਲੇ ਵਾਲੇ ਬਾਬਾ ਜੀ ਵੱਡੇ ਹਨ, ਮੇਰੇ ਵਾਲਿਆਂ ਦੀ ਮਰਿਯਾਦਾ ਮਹਾਨ ਹੈ, ਮੇਰੇ ਵਾਲੇ ਵੱਡੇ ਬ੍ਰਹਮਿਗਿਆਨੀ? ਅਪਣੇ ਅਪਣੇ ਸੰਤ ਪਿੱਛੇ ਹੀ ਲੜੀ ਜਾਂਦਾ। ਸਾਰਾ ਜੋਰ ਅਪਣੇ ਸੰਤ ਦੇ ਡੇਰੇ ਉਪਰ ਲੱਗ ਗਿਆ ਇਸਦਾ, ਉਸ ਦੇ ਗੁੰਬਜ ਵੱਡੇ ਕਰਨ ਤੇ, ਸੋਨਾ-ਪੱਥਰ ਲਾਉਣ 'ਤੇ!

ਭਗਤ ਕਬੀਰ ਜੀ ਕਹਿੰਦੇ ਮਨੁੱਖ ਠੰਡ ਨਾਲ ਜੰਮ ਗਿਆ ਹੈ। ਜੰਮ ਕੇ ਓਰਾ ਬਣ ਗਿਆ ਹੈ। ਹੁਣ ਗੜਾ ਤਾਂ ਹੀ ਪੰਗਰੇ, ਜਦ ਉਸ ਨੂੰ ਗਰਮੀ ਮਿਲੇ। ਬਾਬਾ ਜੀ ਕਹਿੰਦੇ ਸ਼ਬਦ ਦੀ ਗਰਮੀ ਇਸ ਨੂੰ ਪਾਣੀ ਕਰਦੀ ਹੈ। ਪਾਣੀ ਪਿਘਲ ਕੇ ਇੱਕ ਹੋ ਜਾਂਦਾ ਹੈ। ਪਾਣੀ ਪਿਘਲ ਕੇ ਵਹਿ ਤੁਰਦਾ ਹੈ ਤੇ ਵਹਿੰਦਾ ਪਾਣੀ ਦਰਿਆ ਬਣ ਜਾਂਦਾ ਤੇ ਦਰਿਆ ਸਾਗਰ ਵਿਚ ਜਾ ਕੇ ਇੱਕ ਹੋ ਜਾਂਦਾ। ਸ਼ਬਦ ਦੀ ਗਰਮੀ ਪਹੁੰਚਣ ਹੀ ਨਹੀਂ ਦਿੰਦਾ "ਸੰਤ"। ਉਹ ਡੇਰੇ ਉਪਰ ਹੀ ਘੁਮਾਈ ਫਿਰਦਾ। ਆਹ ਬਾਬਾ ਜੀ ਦਾ ਜਨਮ ਦਿਨ ਹੈ, ਆਹ ਬਾਬਿਆਂ ਦੀ ਬਰਸੀ ਹੈ, ਆਹ ਵੱਡੇ ਬਾਬਾ ਜੀ ਦੀ ਬਰਸੀ ਆ ਗਈ, ਆਹ ਹੁਣ ਛੋਟੇ ਬਾਬਾ ਜੀ ਦਾ ਜਨਮ ਦਿਨ ਹੈ। ਇਨੇ ਸੰਤ ਨੇ ਕਿ ਹਰੇਕ ਦਿਨ ਕਿਸੇ ਨਾ ਕਿਸੇ ਸੰਤ ਸਰਾਧ ਹੁੰਦਾ ਹੁਣ। ਪੰਜਾਬ ਮਾਅਰ ਟਰੈਕਟਰ-ਟਰਾਲੀਆਂ ਉਪਰ ਧੂੜਾ ਪੁੱਟਦਾ ਵਾਹੋ-ਦਾਹੀ ਹੋਇਆ ਰਹਿੰਦਾ। ਓਰਾ ਉਥੇ ਹੀ ਰਿੜੀ ਜਾਂਦਾ ਹੈ, ਓਰਾ ਲੋਕਾਂ ਦੇ ਸਿਰ ਵਿਚ ਵੱਜੀ ਜਾਂਦਾ ਹੈ, ਓਰਾ ਫਸਲਾਂ ਦਾ ਕੱਖ ਨਹੀਂ ਛੱਡਦਾ।

ਵੈਨਕੋਵਰ ਦੀ ਗੱਲ ਹੈ, ਬਾਬਾ ਮੀਹਾਂ ਸਿੰਘ ਦਾ ਚੇਲਾ। ਗੱਲ ਚਲੀ ਖਾਲਸਾ ਰਾਜ ਦੀ। ਉਹ ਕਹਿੰਦਾ ਬਾਬਾ ਜੀ ਕਹਿੰਦੇ ਸਨ ਸਿੱਖ ਸਾਡੇ ਆਖੇ ਨਹੀਂ ਲੱਗੇ ਖਾਲਸਾ ਰਾਜ ਤਾਂ ਅਸੀਂ ਦਿਨਾ ਵਿਚ ਲੈ ਦੇਣਾ ਸੀਇੰਝ ਕੁ ਦੀ ਕਹਾਣੀ ਕਿਸੇ ਹੋਰ ਸਾਧ ਦੇ ਗਰੰਥ ਵਿਚ ਵੀ ਹੈ। 47 ਵੇਲੇ ਅਕਾਲੀਏ ਬਾਬਾ ਜੀ ਕੋਲੇ ਆਏ ਹੀ ਨਹੀਂ, ਨਹੀਂ ਤਾਂ ਬਾਬਾ ਜੀ ਨੇ ਦਰਗਾਹ ਵਿਚ ਖਾਲਸਾ ਰਾਜ ਦੀ ਗੱਲ ਚਲਾ ਲਈ ਹੋਈ ਸੀ। ਇੰਝ ਕੁ ਦੀ ਹੀ ਕਹਾਣੀ ਪੰਜਾਬੀ ਸੂਬੇ ਵੇਲੇ ਦੀ ਹੈ। ਨਾਨਕਸਰੀਆਂ ਦੇ ਬਾਬਾ ਈਸਰ ਸਿੰਘ ਦਾ ਚੇਲਾ ਕਹਿੰਦਾ ਬਾਬਾ ਜੀ ਕੋਲੇ ਕਾਲੀਏ ਉਦੋਂ ਗਏ ਜਦ ਬੱਅਸ ਹੋ ਚੁੱਕੀ ਸੀ, ਤਾਂ ਬਾਬਾ ਜੀ ਬਚਨ ਕੀਤਾ ਪੰਜਾਬੀ ਸੂਬਾ ਮਗਰ-ਮਗਰ ਤੁਰਿਆ ਫਿਰੇ? ਪਹਿਲਾਂ ਆ ਜਾਂਦੇ ਜਿਹਲੀਂ ਜਾਣ ਹੀ ਕੋਈ ਨਾ ਦੇਣਾ ਸੀ। ਹੁਣ ਉਸ ਨੂੰ ਕੌਣ ਸਮਝਾਏ ਕਿ ਕਮਲਿਆ ਤੇਰਾ ਇਹ ਮਹਾਂਪੁਰਖ ਤਾਂ ਕਾਤਲ ਕੈਰੋਂ ਨੂੰ ਸਿਰੋਪੇ ਦਿੰਦਾ ਫਿਰ ਰਿਹਾ ਸੀ, ਜਿੰਨ ਪੰਜਾਬੀ ਸੂਬਾ ਮੰਗਣ ਵਾਲੇ ਲੰਮਿਆਂ ਪਾ ਪਾ ਕੁੱਟੇ ਸਨ!

ਠੰਡਾ ਕਰ ਦਿੱਤਾ ਸਿੱਖ ਨੂੰ। ਗਰਮਾਇਸ਼ ਕਿਥੇ ਰਹਿ ਗਈ। ਮਾਲਾ, ਉਨ ਦੀਆਂ ਮਾਲਾ ਫੜਾ ਦਿੱਤੀਆਂ। ਇਨੀਆਂ ਕਰਨ ਨਾਲ ਆਹ ਫਲ ਇਨੀਆਂ ਨਾਲ ਆਹ ਦਰਗਾਹ ਤੇ ਆਹ ਚੱਕ ਮੁਕਤੀ। ਸਵੇਰੇ ਆ, ਬੱਤੀਆਂ ਬੰਦ ਤੇ ਮੁੜ ਦੇਹ ਗੇੜੇ ਤੇ ਗੇੜਾ। ਸਿਰ ਮਾਰ ਸਿਮਰਨ, ਚਾਂਘਾ ਮਾਰ ਸਿਮਰਨ, ਲੱਤਾਂ ਚੁੱਕ ਸਿਮਰਨ, ਹਾਉਕੇ ਲੈ ਸਿਰਮਨ। ਸਿਮਰਨ ਕੀ ਹੋਇਆ ਜੇ ਸਾਹ ਨਾ ਉਖੜਦਾ ਜਾਪਿਆ, ਜੇ ਪੱਗਾਂ ਨਾ ਲਹਿ ਗਈਆਂ, ਜੇ ਚੀਕਾਂ ਨਾ ਨਿਕਲੀਆਂ। ਜਿਸ ਵੇਲੇ ਆਸਾ ਦੀ ਵਾਰ ਨੇ ਲਹੂ ਵਿਚ ਗਰਮੀ ਪੈਦਾ ਕਰਨੀ ਸੀ, ਉਨੀ ਬੰਦ ਬੱਤੀਆਂ ਕਰਕੇ ਇਸ ਨੂੰ ਠੰਡਾ ਕਰਨਾ ਸ਼ੁਰੂ ਕਰ ਦਿੱਤਾ। 40 ਦਿਨਾ ਸਿਮਰਨ ਵੇਲੇ ਤਾਂ ਘੱਤ ਵਹੀਰਾਂ ਲਈਆਂ ਸਿੱਖ ਨੇ। ਫਿਕਰ ਪਾ ਦਿੱਤਾ ਦੂਜੇ ਗੁਰਦੁਆਰਿਆਂ ਵਾਲਿਆਂ ਨੂੰ। ਠੰਡ ਵਰਤਾ ਤੀ ਬਾਬਾ ਜੀਆਂ ਟਰੰਟੋ ਵਿਖੇ। ਠੰਡ ਤਾਂ ਪਹਿਲਾਂ ਹੀ ਬੜੀ ਸੀ, ਉਪਰੋਂ ਹੋਰ ਠੰਡ? ਉਨਾ ਦੇ ਔਖੇ ਸਾਹ ਵੇਖ ਵੇਖ ਬੰਦਾ ਉਈਂ ਡਰ ਜਾਂਦਾ, ਕਿ ਸਾਹ ਮੁੜ ਵੀ ਆਊ? ਉਪਰੋਂ ਕਹਾਣੀਆਂ?

ਉਪਰਲੀ ਪੰਗਤੀ ਵਿਚ ਕਬੀਰ ਜੀ ਕਹਿੰਦੇ ਦਿਸ਼ਾ ਹੀ ਸਾਰੀ ਭੁੱਲ ਗਈ। ਓਰੇ ਨੂੰ ਗੜੇ ਨੂੰ ਦਿਸ਼ਾ ਕੀ ਲੱਭਣੀ ਸੀ। ਠਰਿਆ ਹੋਇਆ, ਜੰਮਿਆ ਹੋਇਆ, ਬਰਫ ਬਣਿਆ। ਦਿਸ਼ਾ ਤੇ ਤਾਂ ਲੱਭੇ ਜੇ ਪਾਣੀ ਬਣੇ। ਹੰਕਾਰ ਨੇ ਜਮਾ ਦਿੱਤਾ ਇਸ ਨੂੰ। ਯੱਖ ਠੰਡਾ ਕਰ ਦਿੱਤਾ। ਡੇਰੇ ਦੇ ਚੇਲੇ ਨੂੰ ਪੁੱਛੋ ਉਹ ਕਹਿੰਦਾ ਸਿੱਧੀਆਂ ਰੱਬ ਨਾਲ ਗੱਲਾਂ।

ਵੈਨਕੋਵਰ ਤੋਂ ਕੁਲਦੀਪ ਸਿੰਘ ਦੱਸ ਰਿਹਾ ਸੀ, ਉਸ ਦਾ ਇੱਕ ਜਾਣੂੰ ਪਰ ਬੁਲੰਦਪੁਰੀਆਂ ਦਾ ਚੇਲਾ ਉਸ ਨੂੰ ਮਿਲਿਆ। ਹੁਣੇ ਹੁਣੇ ਮਾਰਚ ਵਿਚ ਜੀਤੇ ਬਾਬੇ ਦੇ ਸਰਾਧ 'ਤੇ ਜਾ ਕੇ ਆਇਆ ਸੀ। ਮਹੀਨਾ ਭਰ ਉਥੇ ਰਿਹਾ ਸਮੇਤ ਟੱਬਰ। ਕਹਿੰਦਾ ਆਹ-ਹਾ-ਹਾ! ਸਵਰਗ ਚੋਂ ਆਇਆਂ! ਸਚਖੰਡ ਸੀ ਉਥੇ ਅਸਲ ਵਿਚ। ਧਰਤੀ ਤੇ ਸਚਖੰਡ ਦੇਖਣਾ ਹੋਵੇ ਤਾਂ ਉਥੇ! ਤੂੰ ਇੱਕ ਵਾਰ ਦਰਸ਼ਨ ਤਾਂ ਕਰ ਜਾ ਕੇ। ਦੁਨੀਆਂ ਭੁੱਲ ਕਿਉਂ ਨਾ ਜਾਵੇ। ਵੇਖਣ ਹੀ ਵਾਲਾ ਨਜਾਰਾ। ਹੁਣ ਇਸ ਦਾ ਕੀ ਇਲਾਜ ਕਰੋਂਗੇ। ਯੱਖ ਹੋ ਚੁੱਕਾ, ਬਿਲੱਕੁਲ ਠੰਡਾ। ਡੇਰੇ ਤੇ ਹੀ ਰਿੜੀ ਜਾਂਦਾ, ਡੇਰੇ ਉਪਰ ਹੀ ਗੇੜੇ ਕੱਢ ਕੇ ਆ ਗਿਆ। ਨਾ ਸਰਹੰਦ ਦਿੱਸੀ, ਨਾ ਠੰਡਾ ਬੁਰਜ, ਨਾ ਚਮਕੌਰ ਦੀ ਗੜੀ ਤੇ ਨਾ ਮਾਛੀਵਾੜਾ! ਸਿਰਸਾ ਦੀਆਂ ਲਹਿਰਾਂ ਤਾਂ ਸੁਣਨੀਆਂ ਹੀ ਕੀ ਸਨ

ਪਾਣੀ ਹੋਵੇ ਤਾਂ ਦਰਿਆ ਬਣੇ, ਲਹਿਰ ਬਣੇ, ਕੰਡਿਆਂ ਤੱਕ ਉਛਲੇ। ਦਰਿਆਵਾਂ ਦੀਆਂ ਅਮੋੜ ਲਹਿਰਾਂ ਗੜਿਆਂ ਨਾਲ ਨਹੀਂ ਪਾਣੀਆਂ ਨਾਲ ਬਣਦੀਆਂ ਹਨ। ਪਾਣੀ ਵਿਚ ਏਕਤਾ ਹੈ, ਪਾਣੀ ਵਿਚ ਇਕੱਠ ਹੈ, ਪਾਣੀ ਇਕੱਠਾ ਚਲਦਾ ਤੇ ਪਾਣੀ ਹੀ ਦਰਿਆ ਬਣਦਾ। ਗੜੇ ਤੁਸੀਂ ਕਦੇ ਲਹਿਰ ਬਣੇ ਦੇਖੇ? ਗੜੇ ਕਦੇ ਦਰਿਆ ਬਣਕੇ ਵਹਿੰਦੇ ਦੇਖੇ। ਗੜੇ ਨੂੰ ਪਾਣੀ ਯਾਨੀ ਦਰਿਆ ਬਣਨ ਲਈ ਗਰਮਾਇਸ਼ ਦੀ ਲੋੜ ਹੈ। ਸਿੱਖ ਇਤਿਹਾਸ ਦੈ ਖੂਨੀ ਪੱਤਰੇ, ਗੁਰਬਾਣੀ ਦੇ ਸ਼ਬਦ ਦੀ ਲੋਅ ਵਿਚੋਂ ਗਰਮਾਇਸ਼ ਮਿਲੇ ਤਾਂ ਪਾਣੀ ਬਣ ਕੇ ਵਹਿ ਤੁਰੇ, ਤਾਂ ਹੀ ਮੰਜਲ ਯਾਨੀ ਸਾਗਰ ਨੂੰ ਮਿਲ ਸਕਦਾ ਹੈ। ਮਰਿਆਂ ਸਾਧਾਂ ਦੀਆ ਮਰੀਆਂ ਕਹਾਣੀਆਂ, ਠੰਡਾ ਤਾਂ ਕਰ ਸਕਦੀਆਂ, ਪਰ ਗਰਮ ਨਹੀਂ!

ਪੂਰਾ ਬਚਨ ਇਉਂ ਹੈ

ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੁਲਿ ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥177॥


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top