Share on Facebook

Main News Page

ਕਬੀਰ ਪਾਹਨ ਪ੍ਰਮੇਸ਼ਰ ਕੀਆ
-: ਗੁਰਦੇਵ ਸਿੰਘ ਸੱਧੇਵਾਲੀਆ

ਪੱਥਰ ਦਾ ਰੱਬ ਕਰ ਲਿਆ? ਪੱਥਰ ਦਾ ਤਾਂ ਕੋਈ ਔਰਤ ਘਰਵਾਲਾ ਵੀ ਨਹੀਂ ਕਰਦੀ ਪਰ ਮੈਂ ਰੱਬ ਕਰ ਲਿਆ? ਪੱਥਰ ਨੂੰ ਰੱਬ ਬਣਾ ਲਿਆ। ਆਪੇ ਹੀ ਬਣਾਇਆ, ਆਪੇ ਬਣਾਏ ਰੱਬ ਅੱਗੇ ਸਿਰ ਸੁੱਟ ਲਿਆ। ਪੱਥਰ ਨੂੰ ਮੈਂ ਹੀ ਘੜਿਆ ਸੀ। ਆਪਣੇ ਹੱਥਾਂ ਨਾਲ। ਉਸ ਦਾ ਮੂੰਹ, ਸਿਰ, ਕੰਨ, ਨੱਕ, ਹੱਥ, ਪੈਰ। ਮੇਰੇ ਹੀ ਤਾਂ ਘੜੇ ਹੋਏ ਸਨ। ਮੇਰੀ ਅਪਣੀ ਹੀ ਘਾੜਤ ਰੱਬ ਹੋ ਗਈ? ਯਾਨੀ ਰੱਬ ਨੂੰ ਘੜਨ ਵਾਲਾ ਤਾਂ ਮੈਂ ਖੁਦ ਹਾਂ, ਤੇ ਜੇ ਰੱਬ ਨੂੰ ਹੀ ਮੈਂ ਘੜਿਆ ਤਾਂ ਅਰਦਾਸਾਂ ਕਿਸ ਰੱਬ ਅੱਗੇ? ਰੱਬ ਦਾ ਘਾੜਾ ਵੱਡਾ ਹੋਇਆ ਜਾਂ ਘੜਿਆ ਜਾਣਾ ਵਾਲਾ?

ਵੱਡਾ ਤਾਂ ਮੈਂ ਹਾਂ ਫਿਰ ਰੱਬ ਨੂੰ ਮੇਰੇ ਤੋਂ ਮੰਗਣਾ ਚਾਹੀਦਾ ਸੀ, ਰੱਬ ਨੂੰ ਮੇਰੇ ਅੱਗੇ ਖੜ ਕੇ ਰੋਣਾ-ਧੋਣਾ ਚਾਹੀਦਾ ਸੀ, ਕਿਉਂਕਿ ਉਸ ਦਾ ਘਾੜਾ ਜੂ ਮੈਂ ਸਾਂ, ਪਰ ਇਥੇ ਉਲਟ ਹੈ। ਰੱਬ ਨੂੰ ਘੜਨ ਵਾਲਾ ਰੱਬ ਅੱਗੇ ਹੀ ਲੰਮਾ ਪੈ ਗਿਆ? ਬੇਜਾਨ ਰੱਬ ਵਿਚ ਜਾਨ ਤਾਂ ਮੈਂ ਪਾਈ, ਰੱਬ ਨੂੰ ਨਕਸ਼ ਮੈਂ ਦਿੱਤੇ, ਰੱਬ ਨੂੰ ਹੱਥ ਪੈਰ ਮੈਂ ਦਿੱਤੇ ਤਾਂ ਵੱਡਾ ਕੌਣ ਹੋਇਆ? ਮੈਂ ਅਪਣੀ ਮਰਜੀ ਦੇ ਨਕਸ਼ ਘੜੇ ਉਸ ਦੇ। ਆਪਣੇ ਵਰਗੇ, ਬੰਦੇ ਵਰਗੇ। ਜੇ ਕਦੇ ਕੋਈ ਜਾਨਵਰ ਇਨੇ ਵਿਕਸਤ ਹੋ ਸਕਦੇ ਹੁੰਦੇ, ਕਿ ਉਹ ਵੀ ਬੁੱਤ ਘੜ ਸਕਦੇ ਹੁੰਦੇ ਤਾਂ ਸੋਚੋ ਉਨ੍ਹਾਂ ਦੇ ਰੱਬ ਕਿਹੋ ਜਿਹੇ ਹੋਣੇ ਸਨ! ਆਖਰ ਉਨ੍ਹਾਂ ਅਪਣੇ ਹੀ ਵਰਗੇ ਤਾਂ ਘੜਨੇ ਸਨ ਰੱਬ। ਮੈਨੂੰ ਹੀ ਤਾਂ ਕੇਵਲ ਹੱਕ ਨਹੀਂ ਨਾ ਕਿ ਮੈਂ ਆਪਣੀ ਨਸਲ ਦਾ ਰੱਬ ਘੜਾਂ, ਅਪਣੇ ਵਰਗਾ ਯਾਨੀ ਬੰਦੇ ਵਰਗਾ ਰੱਬ ਘੜਾਂ।

ਸਭ ਕੁਝ ਮੇਰਾ ਹੀ ਦਿੱਤਾ ਰੱਬ ਨੂੰ। ਰੱਬ ਹੁੰਦਾ ਹੀ ਕਿਵੇਂ ਜੇ ਮੇਰੇ ਹੱਥ ਨਾ ਚਲਦੇ। ਹਥੌੜੀ ਮੈਂ ਚਲਾਈ, ਛੈਣੀ ਨਾਲ ਮੈਂ ਰੱਬ ਨੂੰ ਤਰਾਸ਼ਿਆ ਤਾਂ ਮੇਰਾ ਹੀ ਤਰਾਸ਼ਿਆ ਹੋਇਆ ਰੱਬ ਮੇਰੇ ਤੋਂ ਵੱਡਾ ਕਿਵੇਂ ਹੋ ਸਕਦਾ। ਹੋ ਸਕਦਾ?

ਬਾਬਾ ਜੀ ਆਪਣੇ ਕਹਿੰਦੇ ਕਿ ਪਾਹਨ ਯਾਨੀ ਪੱਥਰ ਨੂੰ ਪ੍ਰਮੇਸ਼ਰ ਕਰ ਲਿਆ ਤੇ ਉਸੇ ਅਪਣੇ ਕੀਤੇ ਯਾਨੀ ਬਣਾਏ ਰੱਬ ਦੀ ਪੂਜਾ ਸ਼ੁਰੂ ਕਰ ਦਿੱਤੀ। ਪਰ ਕਹਿੰਦੇ ਯਾਦ ਰੱਖ ਇਸ ਭਰਵਾਸੇ 'ਤੇ ਜਿਹੜੇ ਰਹਿੰਦੇ ਉਹ ਕਾਲੀ ਧਾਰ ਡੁੱਬਦੇ ਹਨ। ਹਿੰਦੋਸਤਾਨ ਡੁੱਬਾ ਤਾਂ ਰਿਹਾ! ਪੱਥਰ ਹੀ ਪੱਥਰ। ਹਰੇਕ ਮੰਦਰ ਵਿਚ ਪੱਥਰ, ਹਰੇਕ ਘਰ ਵਿਚ ਪੱਥਰ। ਯਾਨੀ ਪੱਥਰਾਂ ਦੇ ਰੱਬਾਂ ਦਾ ਮੁਲਖ?

ਪੱਥਰ, ਜਿਹੜਾ ਕੁੱਝ ਚਿਰ ਪਹਿਲਾਂ ਕੱਖ ਵੀ ਨਹੀਂ ਸੀ, ਉਹੀ ਪੱਥਰ ਮੈਂ ਚੁੱਕਿਆ ਤੇ ਉਸ ਨੂੰ ਘੜ ਕੇ ਰੱਬ ਬਣਾ ਕੇ ਮੰਦਰ ਵਿੱਚ ਟਿਕਾ ਦਿੱਤਾ। ਦੁਨੀਆਂ ਆਈ ਗਈ, ਤੁਰੀ ਗਈ, ਮੱਥੇ ਰਗੜੀ ਗਈ ਤੇ ਸਮਝਦੀ ਰਹੀ ਕਿ ਉਹ ਰੱਬ ਕੋਲੇ ਹੋ ਆਏ ਹਨ। ਦਰਅਸਲ ਉਹ ਰੱਬ ਕੋਲੇ ਤਾਂ ਗਏ ਹੀ ਨਹੀਂ ਕਦੇ, ਕਦੇ ਵੀ ਨਹੀਂ। ਜਿਥੇ ਉਹ ਗਏ ਉਹ ਬੰਦੇ ਦਾ ਬਣਾਇਆ ਹੋਇਆ ਰੱਬ ਸੀ, ਬਲਕਿ ਬੰਦੇ ਤੋਂ ਵੀ ਕਿਤੇ ਹੇਠਲੇ ਦਰਜੇ ਦਾ। ਬੰਦਾ ਤਾਂ ਫਿਰ ਵੀ ਬੋਲਦਾ, ਤੁਰਦਾ ਪਰ ਇਹ ਰੱਬ ਸਦੀਆਂ ਤੋਂ ਮੰਦਰ ਵਿੱਚ ਚੁੱਪ ਬੈਠਾ। ਦੁਨੀਆਂ ਦੀ ਦੁਨੀਆਂ ਤੁਰ ਗਈ, ਮਰ ਗਈ, ਖੱਪ ਗਈ ਇਸ ਅੱਗੇ ਅਪਣੀਆਂ ਫਰਿਆਦਾਂ ਕਰਦੀ, ਪਰ ਇਸ ਉਪਰ ਕੋਈ ਅਸਰ ਨਹੀਂ ਹੋਇਆ। ਇਸ ਕਿਸੇ ਦੀ ਨਹੀਂ ਸੁਣੀ, ਕਿਸੇ ਦੀ ਵੀ ਨਹੀਂ। ਨਾ ਕਿਸੇ ਭਗਤ, ਪੁਜਾਰੀ ਨਾ ਲੋਕਾਂ ਦੀ! ਸੁਣ ਸਕਦਾ ਹੀ ਨਹੀਂ। ਸੁਣਨ ਲਈ ਕੰਨ ਚਾਹੀਦੇ, ਪਰ ਇਹ ਕੰਨ ਤਾਂ ਪੱਥਰ ਦੇ ਸਨ ਤੇ ਉਹ ਵੀ ਮੇਰੇ ਤਰਾਸ਼ੇ ਹੋਏ ਤਾਂ ਕਿਵੇਂ ਸੁਣਦਾ ਉਹ?

ਬੜੀਆਂ ਖੂਨੀ ਜੰਗਾ ਹੋਈਆਂ ਇਸ ਮੁਲਕ ਵਿੱਚ, ਬੜੇ ਅਤਿਆਚਾਰ, ਘੋਰ ਜੁਲਮ, ਪਰ ਇਹ ਪੱਥਰ ਨਹੀਂ ਬੋਲੇ। ਦੁੱਧਾਂ ਨਾਲ ਨਵਾਇਆ ਗਿਆ, ਲੱਸੀਆਂ ਡੋਹਲੀਆਂ ਗਈਆਂ, ਸ਼ਹਿਦ ਨਾਲ ਧੋਤਾ ਗਿਆ, ਮੱਖਣਾਂ ਦੇ ਲੇਪ ਕੀਤੇ ਗਏ ਇਸ ਉਪਰ ਪਰ ਇਹ ਰੱਬ ਨਹੀਂ ਬੋਲਿਆ! ਕਦੇ ਵੀ ਬੋਲਿਆ ਤਾਂ ਕੋਈ ਦੱਸੇ। ਬੋਲ ਸਕਦਾ ਹੀ ਨਹੀਂ। ਪੱਥਰ ਕਦੇ ਨਹੀਂ ਬੋਲਦੇ। ਪਰ ਲੋਕ ਪੱਥਰਾਂ ਦੇ ਰੱਬ ਭਰੋਸੇ ਕੁੱਟ ਖਾਈ ਗਏ, ਜੁਲਮ ਸਹੀ ਗਏ ਕਿ ਸ਼ਾਇਦ ਕਦੇ ਬੋਲ ਪਵੇਗਾ, ਕਦੇ ਤਾਂ ਬੋਲ ਹੀ ਪਵੇਗਾ। ਉਸ ਨੂੰ ਬੋਲਣ ਦੀਆਂ ਕਹਾਣੀਆਂ ਦੱਸੀਆਂ ਜਾਦੀਆਂ ਰਹੀਆਂ। ਭਗਤਾਂ ਦੇ ਬੇੜੇ ਪਾਰ ਕਰਨ ਦੀਆਂ ਪਰੀ ਕਹਾਣੀਆਂ। ਉਸ ਸੋਚਿਆ ਇਹ ਕਿਤੇ ਐਵੇਂ ਹੀ ਥੋੜੋਂ ਸੀ, ਜੇ ਉਦੋਂ ਬੋਲ ਸਕਦਾ ਸੀ ਹੁਣ ਕਿਉਂ ਨਹੀਂ। ਪਰ ਉਹ ਉਦੋਂ ਵੀ ਕਦੇ ਨਹੀਂ ਸੀ ਬੋਲਿਆ ਉਹ ਤਾਂ ਪੰਡੀਏ ਦੀਆਂ ਕਹਾਣੀਆਂ ਬੋਲ ਰਹੀਆਂ ਸਨ, ਉਹ ਤਾਂ ਖੁਦ ਪੰਡੀਆ ਬੋਲ ਰਿਹਾ ਸੀ, ਉਹ ਤਾਂ ਅਵਾਜ ਪੰਡੀਏ ਦੀ ਸੀ ਪਰ ਲੁਕਾਈ ਨੇ ਉਹ ਰੱਬ ਦੀ ਆਵਾਜ਼ ਸਮਝ ਲਈ।

ਵੇਦਾਂ ਵਿਚ, ਪੁਰਾਣਾਂ ਵਿੱਚ, ਸਿੰਮ੍ਰਤੀਆਂ ਵਿੱਚ ਕਿਤੇ ਰੱਬ ਥੋੜੋਂ ਬੋਲ ਰਿਹਾ ਸੀ ਪਰ ਪੰਡੀਆ ਕਹਿੰਦਾ ਨਹੀਂ! ਇਹ ਰੱਬ ਹੀ ਤਾਂ ਬੋਲ ਰਿਹਾ ਹੈ, ਇਹ ਖੁਦ ਰੱਬ ਦੇ ਲਿਖੇ ਹੋਏ ਨੇ ਵੇਦ ਤੇ ਉਹੀ ਰੱਬ ਹੈ ਜਿਹੜਾ ਹੁਣ ਮੈਂ ਪੱਥਰਾਂ ਵਿਚ ਬਿਰਾਜਮਾਨ ਕਰ ਦਿੱਤਾ ਹੋਇਆ, ਤੇ ਲੋਕ ਸੋਚੀ ਗਏ ਇਨ੍ਹਾਂ ਪੱਥਰਾਂ ਵਿਚੋਂ ਉੱਠ ਕੇ ਰੱਬ ਸਾਡੇ ਨਾਲ ਆਣ ਖੜੋਵੇਗਾ, ਸਾਡੀ ਬਾਂਹ ਫੜੇਗਾ, ਸਾਡੇ ਉਪਰ ਲਟਕਦੀ ਤਲਵਾਰ ਖੁੰਡੀ ਕਰੇਗਾ।

ਉਨੀ ਦੇਹ ਤੇਰੀ ਦੀ ਘੰਟੇ ਖੜਕਾਏ, ਟੱਲਾਂ ਦੇ ਸਿਰ ਪਾੜ ਮਾਰੇ, ਸੰਖਾਂ ਦੀਆਂ ਚੀਕਾਂ ਕਢਾ ਮਾਰੀਆਂ, ਪਰ ਪੱਥਰਾਂ ਦੇ ਕੰਨਾ ਵਾਲਾ ਰੱਬ ਕਿਥੇ ਬੋਲ ਪਵੇਗਾ। ਲੁਕਾਈ ਨੇ ਪੱਥਰਾਂ ਭਰੋਸੇ ਕਿਸੇ ਹੋਰ ਪਾਸੇ ਹੱਥ ਪੈਰ ਹੀ ਨਹੀਂ ਮਾਰੇ। ਕੋਈ ਹੋਰ ਤਰਦਦ ਹੀ ਨਹੀਂ ਕੀਤਾ। ਕਿਤਿਓਂ ਹੋਰ ਮਦਦ ਹੀ ਨਹੀਂ ਮੰਗੀ ਕਿਉਂਕਿ ਸਦੀਆਂ ਤੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਰਿਹਾ ਸੀ ਕਿ ਇਹ ਪੱਥਰ ਤੁਹਾਡੀ ਬਹੁੜੀ ਕਰਨਗੇ। ਪੱਥਰਾਂ ਵਿਚੋਂ ਰੱਬ ਪ੍ਰਗਟ ਹੋਵੇਗਾ ਅਤੇ ਤੁਹਾਡਾ ਬੈਠਿਆਂ ਦਾ ਹੀ ਬੇੜਾ ਬੰਨੇ ਲਾ ਦਏਗਾ।

ਇਤਿਹਾਸ ਪਿਆ ਖੋਹਲ ਲਵੋ ਕਿ ਕਿੰਨੇ ਲੋਕ ਇਸ ਨੂੰ ਕੁੱਟ ਕੇ ਚਲੇ ਗਏ ਪਰ ਇਸ ਮੁਲਕ ਨੇ ਚੂੰ ਨਹੀਂ ਕੀਤੀ ਕਿ ਭਗਵਾਨ ਪ੍ਰਗਟ ਹੋਣਗੇ, ਜਾਲਮਾਂ ਨੂੰ ਆਪੇ ਸਜਾਵਾਂ ਦੇਣਗੇ ਤੇ ਸਾਡਾ ਛੁਟਕਾਰਾ ਕਰਨਗੇ ਇਨ੍ਹਾਂ ਤੋਂ। ਬਾਬਰ ਆਇਆ, ਪੁਜਾਰੀ ਕਹਿੰਦੇ ਮਾਰ ਮਾਰ ਮੰਤਰ ਅੰਨੇ ਕਰ ਦਿਆਂਗੇ। ਕੋਈ ਫੌਜ ਨਹੀਂ, ਕੋਈ ਤਿਆਰੀ ਨਹੀਂ, ਕੋਈ ਭੱਜ ਦੌੜ ਨਹੀਂ, ਸਭ ਰੱਬ ਭਰੋਸੇ ਯਾਨੀ ਪੱਥਰਾਂ ਭਰੋਸੇ ਤੇ ਅਗਲੇ ਨੇ ਸਭ ਭੇਡਾਂ ਵਾਂਗੂੰ ਬੰਨ ਮੂਹਰੇ ਲਾ ਲਏ।

ਪਰ ਮੇਰੀ ਅਕਲ ਦੀ ਗੱਲ ਦੇਖੋ ਕਿ ਜਦ ਕੋਈ ਕਿਸੇ ਤੋਂ ਮਦਦ ਮੰਗਣ ਜਾਂਦਾ ਹੈ ਤਾਂ ਉਹ ਜਾਣ ਤੋਂ ਪਹਿਲਾਂ ਸੋਚਦਾ ਹੈ ਕਿ ਜਿਸ ਬੰਦੇ ਕੋਲੇ ਮਦਦ ਮੰਗਣ ਚਲਿਆਂ, ਉਸ ਕੋਲੇ ਕੋਈ ਚਾਰ ਬੰਦੇ ਵੀ ਹਨ ਡਾਂਗਾ ਵਾਲੇ, ਕੋਈ ਤਾਕਤ? ਨੰਗ ਕੋਲੋਂ ਕਦੇ ਕੋਈ ਮਦਦ ਮੰਗਣ ਗਿਆ? ਤੁਸੀਂ ਕਦੇ ਸੋਚਿਆ ਕਿ ਸੜਕ 'ਤੇ ਖੜੇ ਭਿਖਾਰੀ ਕੋਲੋਂ ਮਦਦ ਮੰਗ ਲਈ ਜਾਵੇ? ਉਹ ਤਾਂ ਵਿਚਾਰਾ ਖੁਦ ਮੰਗ ਰਿਹਾ ਤੁਸੀਂ ਉਸ ਕੋਲੋਂ ਮੰਗਣ ਤੁਰੇ ਜਾਂਦੇ? ਪੱਥਰ ਦਾ ਤੁਹਾਡਾ ਘੜਿਆ ਹੋਇਆ ਰੱਬ ਤਾਂ ਭਿਖਾਰੀ ਤੋਂ ਗਿਆ ਗੁਜਰਿਆ। ਤੁਸੀਂ ਉਸ ਦੇ ਮੂੰਹ ਨੂੰ ਚੁਮਚਾ ਲਾਉਂਦੇ ਓਂ, ਤੁਸੀਂ ਉਸ ਅੱਗੇ ਭੋਜਨ ਰੱਖਦੇ ਹੋ, ਤੁਸੀਂ ਉਸ ਦੇ ਮੂੰਹ ਅੱਗੇ ਬੁਰਕੀ ਕਰਦੇ ਹੋਂ ਪਰ ਉਹ ਮੂੰਹ ਅੱਗੇ ਕੀਤਾ ਵੀ ਨਹੀਂ ਖਾ ਸਕਦਾ ਹੱਥੀਂ ਫੜਕੇ ਖਾਣਾ ਤਾਂ ਦੂਰ। ਉਸ ਵਿਚ ਤਾਂ ਇਨੀ ਵੀ ਸਮਰਥਾ ਨਹੀਂ ਕਿ ਉਹ ਚੁਮਚਾ ਦੁੱਧ ਦਾ ਵੀ ਅਪਣੇ ਮੂੰਹ ਨੂੰ ਲਾ ਜਾਵੇ, ਤਾਂ ਉਹ ਤੁਹਾਡੀ ਰੱਖਿਆ ਕੀ ਕਰੇਗਾ। ਕਿਵੇਂ ਕਰੇਗਾ। ਅਜਿਹੇ ਨੰਗ ਰੱਬ ਦੇ ਆਸਰੇ ਹੀ ਭਗਤ ਕਬੀਰ ਜੀ ਕਹਿੰਦੇ ਕਿ ਰਹਿਣ ਵਾਲੇ ਨੀਲੀ ਧਾਰ ਵਿਚ ਡੁੱਬ ਜਾਣਗੇ।

ਜਿਹੜਾ ਰੱਬ ਇਨਾ ਨਿਕੰਮਾ ਕੇ ਅਪਣਾ ਹੱਥ ਨਹੀਂ ਹਿਲਾ ਸਕਦਾ, ਮੈਂ ਉਸ ਰੱਬ ਕੋਲੋਂ ਆਪਣੇ ਕਲੇਸ਼ ਨਿਬੇੜਨਾ ਚਾਹੁੰਦਾ? ਮੈਂ ਉਸ ਰੱਬ ਕੋਲੋਂ ਆਸ ਰੱਖਦਾ ਕਿ ਉਹ ਮੈਨੂੰ ਕਿਸੇ ਮੁਸ਼ਕਿਲ ਵਿੱਚੋਂ ਬਚਾ ਲਵੇਗਾ? ਬਾਬਾ ਜੀ ਇਥੇ ਮੈਨੂੰ ਸਿਆਣਾ ਬਣਨ ਲਈ ਕਹਿ ਰਹੇ ਹਨ ਭਾਈ ਤੂੰ ਕੁਝ ਤਾਂ ਅਕਲ ਦੀ ਗੱਲ ਕਰ। ਕੁੱਝ ਤਾਂ ਸਮਝ ਤੋਂ ਕੰਮ ਲੈ ਕਿ ਪੱਥਰ ਨੇ ਕਦੇ ਕਿਸੇ ਦੀ ਬਹੁੜੀ ਕੀਤੀ? ਉਹ ਤੇਰੇ ਹੀ ਘੜੇ ਹੋਏ ਪੱਥਰ ਨੇ? ਤੂੰ ਕਹਿੰਨਾ ਰੱਬ ਨੇ ਤੈਨੂੰ ਬਣਾਇਆ, ਪਰ ਇਥੇ ਤੂੰ ਰੱਬ ਨੂੰ ਬਣਾਈ ਜਾਂਨਾ? ਸਾਰੀ ਕਹਾਣੀ ਹੀ ਉਲਟ ਕਰੀ ਜਾਂਨਾ? ਤੈਨੂੰ ਪਤਾ ਹੀ ਕਿਉਂ ਨਹੀਂ ਲੱਗਦਾ ਕਿ ਜਿਹੜੀ ਗੱਲ ਤੂੰ ਕਰ ਰਿਹਾਂ ਇਹ ਸਿਆਣਿਆ ਵਾਲੀ ਨਹੀਂ। ਇੱਕ ਗੱਲ ਕਰ ਕਿ ਜਾਂ ਤੂੰ ਰੱਬ ਨੂੰ ਬਣਾਇਆ ਜਾਂ ਰੱਬ ਨੇ ਤੈਨੂੰ ਬਣਾਇਆ। ਜੇ ਰੱਬ ਨੇ ਤੈਨੂੰ ਬਣਾਇਆ ਤਾਂ ਫਿਰ ਤੂੰ ਕੌਣ ਹੁੰਨਾ ਰੱਬ ਬਣਾਉਂਣ ਵਾਲਾ? ਜੇ ਤੂੰ ਰੱਬ ਨੂੰ ਬਣਾਇਆ ਫਿਰ ਰੱਬ ਤੈਨੂੰ ਕਿਵੇਂ ਬਣਾ ਦਏਗਾ? ਇੱਕ ਗੱਲ ਤਾਂ ਮੰਨੀ ਜਾ ਸਕਦੀ ਪਰ ਇਹ ਦੋਵੇ ਨਹੀਂ ਕਿ ਰੱਬ ਤੈਨੂੰ ਬਣਾਵੇ ਤੇ ਤੂੰ ਫਿਰ ਅੱਗੋਂ ਰੱਬ ਨੂੰ ਬਣਾਵੇਂ?

ਭਗਤ ਕਬੀਰ ਜੀ ਕਹਿੰਦੇ ਕਿ ਮਨੁੱਖ ਦੀ ਵਿਡੰਬਨਾ ਦੇਖੋ ਕਿ ਇਹ ਪੱਥਰ ਨੂੰ ਆਪੇ ਘੜ ਕੇ ਉਸ ਦਾ ਰੱਬ ਬਣਾ ਕੇ ਉਸ ਦੀ ਪੂਜਾ ਕਰੀ ਜਾ ਰਿਹਾ ਹੈ ਤਾਂ ਨੀਲੀ ਧਾਰ ਤਾਂ ਡੁੱਬੇਗਾ ਹੀ ਨਾ! ਨਹੀਂ?

ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top