Share on Facebook

Main News Page

ਕੇਜਰੀਵਾਲ ਦਾ ਅਗਲਾ ਪੜਾਅ ਪੰਜਾਬ ?
-: ਗੁਰਦੇਵ ਸਿੰਘ ਸੱਧੇਵਾਲੀਆ

ਕੇਜਰੀਵਾਲ ਦਿੱਲੀ ਜਿੱਤ ਗਿਆਬੜੀ ਬੁਰੀ ਤਰ੍ਹਾਂ ਜਿਤਿਆ। ਭਾਜਪਾ ਦੀ ਅਤੇ ਕਾਲੀ-ਦਾਲ ਦੀ ਮੰਜੀ ਤਾਂ ਮੂਧੀ ਵੱਜੀ ਹੀ ਨਾਲ ਕਾਂਗਰਸ ਵੀ ਹੇਠਲੀਆਂ ਕਬਰਾਂ ਦਫਨ ਹੋ ਗਈ, ਤੇ ਉਸ ਦੀ ਕਬਰ ਤੇ ਕੋਈ ਇੱਕ ਦੀਵਾ ਜਗਾਉਂਣ ਵਾਲਾ ਵੀ ਨਹੀਂ ਬਚਿਆ। ਹਵਾਵਾਂ ਹੁੰਦੀਆਂ ਰਾਜਨੀਤੀ ਦੀਆਂ, ਜਿਧਰ ਤੁਰਦੇ ਲੋਕ ਤੁਰ ਪੈਂਦੇ। ਕੱਝ ਚਿਰ ਪਹਿਲਾਂ ਮੋਦੀ ਹੀ ਮੋਦੀ ਸੀ। ਮੋਦੀ ਦੀ ਬਾਂਦਰ ਸੈਨਾ ਦੇ ਹੌਂਸਲੇ ਇਨੇ ਵਧ ਗਏ ਸਨ, ਕਿ ਉਹ ਘਰ-ਵਾਪਸੀ ਦੇ ਨਾਂ ਸ਼ਰੇਆਮ ਗੁੰਡਾ-ਗਰਦੀ ਉਪਰ ਉਤਰ ਆਏ ਸਨ। ਮੋਦੀ ਪਾਰਟੀ ਨੂੰ ਪੰਜਾਬ ਵੀ ਉਸ ਦੇ ਪੈਰਾਂ ਹੇਠ ਜਾਪਣ ਲੱਗ ਪਿਆ ਸੀ ਤੇ ਉਹ ਬਿਨਾ ਬਾਦਲਾਂ ਦੇ ਵਰਸਣ ਦੇ ਰਉਂ ਵਲ ਹੋ ਤੁਰਿਆ ਸੀ। ਜਿਸ ਲਈ ਉਨਹੀਂ ਅਪਣੇ ਮਸਖਰੇ ਨਵਜੋਤ ਸਿੱਧੂ ਦੇ ਸਿੰਗੀ ਤੇਲ ਲਾਉਂਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਹੁਣ ਬਾਦਲਾਂ ਨੂੰ ਸਿੱਧਾ ਢੁੱਡ ਮਾਰਨ ਆਉਂਦਾ ਸੀ। ਪਿੱਛੇ ਬੈਠੇ ਭਾਜਪਈਆਂ ਨੂੰ ਦਿਨੇ ਤਾਰੇ ਦੇਖਣ ਵਾਂਗ ਜਾਪਣ ਲੱਗ ਪਿਆ ਸੀ ਕਿ ਉਨ੍ਹਾਂ ਦਾ ਬੱਕਰਾ ਬਾਦਲਾਂ ਦੀਆਂ ਵੱਖੀਆਂ ਛੇਤੀ ਪਾੜ ਦਏਗਾ ਅਤੇ ਪੰਜਾਬ ਤਾਂ ਵੱਟ 'ਤੇ ਪਿਆ! ਪਰ ਵਾਰੇ ਜਾਈਏ ਰਾਜਨੀਤੀ ਦੇ। ਹਾਲੇ ਥੋੜੇ ਦਿਨ ਪਹਿਲਾਂ ਜਿਹੜਾ ਸਿੱਧੂ ਬਾਦਲਾਂ ਨੂੰ ਲਲਕਾਰੇ ਮਾਰਦਾ ਸੀ, ਉਹੀ ਅਪਣੇ ਮਾਲਕਾਂ ਦੇ ਕਹਿਣ ਤੇ ਸਿੰਗ ਅੰਦਰ ਕਰਕੇ ਦਿੱਲੀ ਜਾ ਕੇ ਗਾਨੀ ਵਾਲਾ ਤੋਤਾ ਬਣ ਗਿਆ! ਉਹੀ ਬਾਦਲ, ਉਹੀ ਭਾਜਪਈਏ ਤੇ ਉਹੀ ਉਨ੍ਹਾਂ ਦਾ ਮਸਖਰਾ? ਪਰ?

ਪਰ ਦਿੱਲੀ ਦੇ ਦਿੱਲ ਕੁਝ ਹੋਰ ਸੀ। ਉਸ ਸਾਰੇ ਰਿਸ਼ਵਤ-ਖੋਰ ਸਿਰ ਪਰਨੇ ਮਾਰੇ। ਤੇ ਮੋਦੀ ਦੀ ਬੇਦੀ? ਉਹ ਐਨਕਾਂ ਹੇਠੋ ਵੇਖਦੀ ਇੰਝ ਜਾਪਦੀ ਸੀ ਜਿਵੇਂ ਦਿਨ ਵੇਲੇ ਜੋਰ ਲਾ ਕੇ ਉੱਲੂ ਵੇਖਣ ਦੀ ਕੋਸ਼ਿਸ਼ ਕਰਦਾ ਹੁੰਦਾ। ਉਸ ਨੇ ਤੇ ਉਸ ਦੇ ਘਰਵਾਲੇ ਨੇ ਸਾਰਾ ਨਜ਼ਲਾ ਭਾਜਪਈਆਂ ਉੋਪਰ ਝਾੜ ਕੇ, ਖੁਦ ਨੂੰ ਗੰਗਾ ਨਹਾਤੀ ਮੰਨ ਲਿਆ। ਭਾਜਪਈਆਂ ਨੂੰ ਵੀ ਪਤਾ ਸੀ ਅੜਬ ਔਰਤ ਹੈ ਚੂੰ-ਚਾਂ ਕੀਤੀ, ਕਈ ਕੁਝ ਕੱਢ ਮਾਰੇਗੀ ਉਨ੍ਹਾਂ ਜਿੰਮੇਵਾਰੀ ਹੋਰ ਕਿਸੇ 'ਤੇ ਪਾ ਦਿੱਤੀ।

ਮੋਦੀ ਦਾ ਖੂਨੀ ਚਿਹਰਾ ਗੰਗਾ ਨਹਾ ਕੇ ਪਵਿੱਤਰ ਹੋ ਚੁੱਕਾ ਸੀ। ਪਵਿੱਤਰ ਵੀ ਇਨਾ ਕੇ ਮੰਦਰ ਵਿਚ ਉਸ ਦਾ ਬੁੱਤ ਲਾ ਕੇ ਆਰਤੀ ਤੱਕ ਹੋਣ ਲੱਗ ਗਈ ਹੋਈ ਸੀ। ਇਸ ਮੁੱਲਕ ਦੀ ਮਾਨਸਿਕਤਾ ਨੂੰ ਇਥੋਂ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਕਿ ਇਹ ਖੂਨੀ ਲੋਕਾਂ ਨੂੰ ਵੀ ਭਗਵਾਨ ਬਣਾ ਧਰਦਾ। ਪਹਿਲਾਂ ਇੰਦਰਾ "ਦੁਰਗਾ" ਬਣਾਈ, ਹੁਣ ਮੋਦੀ ਭਗਵਾਨ। ਦੋਨਾ ਦੇ ਹੱਥ ਖੂਨ ਨਾਲ ਬੁਰੀ ਤਰ੍ਹਾਂ ਰੰਗੇ? ਲੋਕਾਂ ਦੇ ਲਹੂ ਵਿਚ ਨਹਾਤੇ? ਪਰ ਮੋਦੀ ਭਗਵਾਨ ਦੀ ਫੂਕ ਕੇਜਰੀਵਾਲ ਲਹਿਰ ਨੇ 9 ਮਹੀਨੇ ਬਾਅਦ ਹੀ ਕੱਢ ਦਿੱਤੀ। ਕਿਥੇ ਤਾਂ ਉਹ ਪੰਜਾਬ ਦੇ ਸ਼ਿਕਾਰ ਦੇ ਸੁਪਨੇ ਦੇਖਦਾ ਸੀ ਤੇ ਕਿਥੇ ਹੁਣ ਸਹੇ ਨੂੰ ਅਪਣੀ ਖੱਲ ਬਚਾਉਣ ਦੇ ਲਾਲੇ ਪਏ ਹੋਏ ਨੇ।

ਚਲੋ ਹੁਣ ਕੇਜਰੀਵਾਲ 'ਤੇ ਆਉ। ਉਹ ਤਿੱਖਾ! ਲੜਨਾ ਆਉਂਦਾ ਉਸ ਨੂੰ। ਸ਼ਾਇਦ ਉਹ ਪਹਿਲਾ ਰਾਜਨੀਤਕ ਹੈ, ਜਿਸ ਅੰਬਾਨੀ-ਅਦਾਨੀ ਵਰਗਿਆਂ ਦੀ ਸ਼ਾਹ ਰਗ ਨੂੰ ਹੱਥ ਪਾਇਆ। ਨਹੀਂ ਤਾਂ ਸਭ ਉਨ੍ਹਾਂ ਦੀ ਬੁਰਕੀ ਉਪਰ ਪੂਛਾਂ ਮਾਰਦੇ ਰਹੇ ਹਨ ਵਿਚੇ ਮੋਦੀ ਭਗਵਾਨ? ਕੇਰਜੀਵਾਲ ਜਿੱਤ ਗਿਆ ਚੰਗਾ ਹੈ। ਲੋਕਾਂ ਕੁੱਝ ਰਾਹਤ ਮਹਿਸੂਸ ਕੀਤੀ। ਦਿੱਲੀ ਉਹ ਪੰਜ ਸਾਲਾਂ ਵਿੱਚ ਕੀ ਕਰਦਾ ਇਹ ਤਾਂ ਸਮਾਂ ਦੱਸੇਗਾ, ਉਂਝ ਕੁੱਝ ਤਜਰਬੇ ਉਸ ਕਰਕੇ ਦਿੱਤੇ ਸਨ ਪਿੱਛਲੇ 49 ਦਿਨਾਂ ਵਿੱਚ। ਪਰ ਜਿਹੜੀ ਅਸਲੀ ਗੱਲ ਉਹ ਇਹ ਕਿ ਉਸ ਦਾ ਇਨਕਲਾਬ ਕੱਟੜ ਹਿੰਦੂ ਕਿੰਨਾ ਚਿਰ ਚਲਣ ਦਿੰਦਾ, ਕਹਿਣਾ ਬੜਾ ਮੁਸ਼ਕਲ ਹੈ। ਹਿੰਦੂ ਦੀ ਜੜ੍ਹ ਬਹੁਤ ਡੂੰਘੀ ਹੈ, ਕੇਜਰੀਵਾਲ ਦੇ ਇਨਕਲਾਬ ਦਾ ਕੁਹਾੜਾ ਦੇਖੋ ਉਥੇ ਤੱਕ ਪਹੁੰਚਦਾ ਕਿ ਨਹੀਂ। ਹਿੰਦੋਸਤਾਨ ਦੀ ਰਾਜਨੀਤੀ ਬੜੀ ਟੇਢੀ ਖੀਰ ਹੈ, ਇਸ ਦੀਆਂ ਜੜ੍ਹਾਂ ਕੱਟੜ ਹਿੰਦੂਤਵ ਦੇ ਮੋਟਿਆਂ ਤਣਿਆਂ ਨਾਲ ਬੁਰੀ ਤਰ੍ਹਾਂ ਇੱਕ ਹਨ। ਇਸ ਮੋਟੇ ਤਣੇ ਵਿਚ ਦੀ ਕੇਜਰੀਵਾਲ ਦੀ ਕ੍ਰਾਂਤੀ ਦਾ ਆਰਾ ਲੰਘ ਪਾਵੇਗਾ? ਬ੍ਰਾਹਮਣ ਨੇ ਵੱਡੇ ਵੱਡੇ ਬੁੱਧ ਦੇ ਅਸ਼ੋਕ ਡੇਗ ਮਾਰੇ। ਪੂਰੀਆਂ ਦੀਆਂ ਪੂਰੀਆਂ ਕੌਮਾਂ ਉਸਦੇ ਢਿੱਡ ਵਿੱਚ ਹਨ। ਕੇਜਰੀਵਾਲ ਕੀ ਹੈ, ਇਹ ਤਾਂ ਅਗੇ ਜਾਕੇ ਪਤਾ ਚਲੇਗਾ, ਪਰ ਹਾਲ ਦੀ ਘੜੀ ਇਸੇ ਨਾਲ ਗੁਜਾਰਾ ਕਾਫੀ ਹੈ, ਕਿ ਗੰਦੀ ਰਾਜਨੀਤੀ ਤੋਂ ਲੋਕਾਂ ਦਾ ਛੁਟਕਾਰਾ ਹੋਇਆ। ਵੱਡਾ ਸਵਾਲ ਹੈ ਇਹ ਕਿ ਮੁਲਕ ਨੂੰ ਬਿਮਾਰੀ ਕੇਵਲ ਭ੍ਰਸ਼ਟਾਚਾਰ ਦੀ ਹੀ ਹੈ, ਜਾਂ ਇਸ ਤੋਂ ਵੀ ਵੱਡੀ ਉਹ ਜਿਹੜੀ ਹਜ਼ਾਰਾਂ ਸਾਲਾਂ ਤੋਂ ਇਸ ਨੂੰ ਲੱਗੀ ਹੋਈ ਕਿ ਜਿਸ ਵਿਚ ਬੰਦੇ ਤੋਂ ਬੰਦਾ ਹੋਣ ਦੇ ਹੱਕ ਹੀ ਖੋਹੇ ਜਾਂਦੇ ਰਹੇ ਹਨ?

ਕੇਜਰੀਵਾਲ ਦੀ ਹਾਲੇ ਤੱਕ ਦੀ ਚੰਗੇ ਅਤੇ ਈਮਾਨਦਾਰ ਰਾਜਨੀਤਕ ਦੀ ਛਵੀ ਹੈ ਤੇ ਕੇਜਰੀਵਾਲ ਦਾ ਅਗਲਾ ਪੜਾਅ ਪੰਜਾਬ ਹੈ। ਪਿੱਛਲੀ ਵਾਰੀ ਜਦ ਸਾਰੇ ਮੁਲਕ ਨੇ ਕੇਜਰੀਵਾਲ ਨਕਾਰ ਦਿੱਤਾ ਸੀ, ਪੰਜਾਬ ਨੇ ਉਸ ਦੀ ਇੱਜਤ ਰੱਖ ਲਈ ਸੀ। ਉਹ ਫੈਸਲਾ ਪੰਜਾਬ ਦਾ ਠੀਕ ਸੀ। ਤੇ ਹੁਣ ਵੀ ਪੰਜਾਬ ਜੇ ਅੱਜ ਕੇਜਰੀਵਾਲ ਪ੍ਰਤੀ ਉਲਾਰ ਹੈ, ਕਿਸੇ ਹੱਦ ਤੱਕ ਠੀਕ ਸਮਝਿਆ ਜਾ ਸਕਦਾ ਹੈ, ਪਰ ਮਸਲਾ ਕੇਵਲ ਕੇਰਜੀਵਾਲ ਦਾ ਪੰਜਾਬ ਆ ਕੇ ਜਿੱਤ ਜਾਣ ਦਾ ਨਹੀਂ, ਅਗਲੀ ਗੱਲ ਤਾਂ ਇਹ ਹੈ ਪੰਜਾਬ ਕੇਜਰੀਵਾਲ ਤੋਂ ਕਰਾਉਂਦਾ ਕੀ ਹੈ। ਕੀ ਕੇਜਰੀਵਾਲ ਪੰਜਾਬ ਆ ਕੇ ਸਾਡੇ ਲੁੱਟੇ ਜਾਂਦੇ ਪਾਣੀਆਂ ਨੂੰ ਬੰਨ ਮਾਰਦਾ ਹੈ? ਇਸ ਬੰਨ ਮਾਰਨ ਪਿੱਛੇ ਕੀ ਉਹ ਹਰਿਆਣੇ ਅਤੇ ਰਾਜਸਥਾਨ ਨਾਲ ਦੁਸ਼ਮਣੀ ਲਏਗਾ? ਸਾਡਾ ਦੁਖਾਂਤ ਲੁੱਟੇ ਜਾਣ ਤੋਂ ਹੀ ਤਾਂ ਸ਼ੁਰੂ ਹੁੰਦਾ ਹੈ। ਕੇਜਰੀਵਾਲ ਲੁਟੇਰਿਆਂ ਤੋਂ ਸਾਡੀ ਰਾਖੀ ਕਿਵੇਂ ਕਰਦਾ ਹੈ, ਸਵਾਲ ਇਹ ਹੈ!

1984 ਦੇ ਕਾਤਲਾਂ ਨੂੰ ਸਜਾਵਾਂ ਬਾਰੇ ਤਾਂ ਉਸ ਸਪਸ਼ਟ ਗੱਲ ਕੀਤੀ ਹੈ ਅਤੇ 1984 ਨਾਲ ਸਬੰਧਤ ਬੰਦਿਆ ਨੂੰ ਉਸ ਸੀਟਾਂ ਵੀ ਦਿੱਤੀਆਂ ਹਨ, ਪਰ ਕੀ ਪੰਜਾਬ ਵਿੱਚ ਜਿੰਨਾ ਪੁਲਿਸ ਅਫਸਰਾਂ ਨੇ ਪੰਜਾਬ ਦੀ ਜਵਾਨੀ ਦੇ ਆਹੂ ਲਾਹੇ ਸਨ, ਉਸ ਸਭ ਕੁਝ ਉਪਰ ਕੋਈ ਕਮਿਸ਼ਨ ਬੈਠਾ ਕੇ ਉਨ੍ਹਾਂ ਖੂਨੀ ਲੋਕਾਂ ਨੂੰ ਕਟਹਿਰੇ ਵਿਚ ਖੜਿਆਂ ਕੀਤਾ ਜਾਂਦਾ ਹੈ? ਜੇ ਅਸੀਂ ਕਿਸੇ ਨਾਲ ਧੱਕਾ ਕੀਤਾ ਸਾਨੂੰ ਵੀ ਫਾਹੇ ਲਾਏ, ਪਰ ਕਿਤੇ ਸਾਡੀ ਕੋਈ ਗੱਲ ਤਾਂ ਸੁਣੇ! ਕੇਵਲ ਸਾਡੇ ਲਈ ਨਹੀਂ, ਜਿਸ ਨਾਲ ਵੀ ਧੱਕਾ ਹੁੰਦਾ ਜਾਂ ਹੋਇਆ ਚਾਹੇ ਉਹ ਦਲਤ ਹੋਣ, ਮੁਸਲਮਾਨ, ਹਿੰਦੂ, ਲਿਟੇ, ਅਸਾਮੀ ਜਾਂ ਕਸ਼ਮੀਰੀ! ਕੇਜਰੀਵਾਲ ਦੀ ਕਰਾਂਤੀ ਨੂੰ ਦੂਰ ਤੱਕ ਰੱਖ ਕੇ ਸੋਚੋ। ਇਹ ਪੂਰਾ ਬਦਲਾਅ ਇਨਾ ਸੌਖਾ ਨਹੀਂ, ਜਿੰਨਾ ਜਾਪਦਾ। ਇਸ ਮੁਲਕ ਵਿੱਚ ਬੜੀ ਦੁਨੀਆਂ ਦਾ ਖੂਨ ਡੁੱਲਿਆ ਪਿਆ। ਲਾਸ਼ਾਂ ਦੇ ਅੰਬਾਰ ਲਾਏ ਪਏ 1947 ਤੋਂ ਲੈ ਕੇ। ਕੇਜਰੀਵਾਲ ਤੋਂ ਉਮੀਦਾਂ ਬਹੁਤ ਵੱਡੀਆਂ ਰੱਖ ਲਈਆਂ ਲੋਕਾਂ, ਪਰ ਕੇਜਰੀਵਾਲ ਇਨਾ ਵੱਡਾ ਹੋ ਪਾਏਗਾ? ਜਾਂ ਕੇਜਰੀਵਾਲ ਨੂੰ ਹੋਣ ਦਿੱਤਾ ਜਾਵੇਗਾ?

ਪੰਜਾਬ ਅੱਜ ਪੂਰੀ ਤਰ੍ਹਾਂ ਕੇਜਰੀਵਾਲ ਦੇ ਰਉਂ ਵਿਚ ਹੈ। ਚੰਗੇ ਰਾਜਨੀਤਕ ਦੀ ਮਦਦ ਕਰਨੀ ਵੀ ਚਾਹੀਦੀ ਹੈ। ਕੇਜਰੀਵਾਲ ਦੀਆਂ ਹੁਣ ਤੱਕ ਦੀਆਂ ਸਟੇਟਮਿੰਟਾਂ ਤਾਂ ਇਹ ਸਾਬਤ ਕਰਦੀਆਂ, ਕਿ ਉਹ ਖੂਨੀ ਲੋਕਾਂ ਦੀ ਸ਼ਾਹ ਰਗ ਨੂੰ ਹੱਥ ਪਾਵੇਗਾ, ਪਰ ਪੰਜਾਬ ਵੀ ਤਾਂ ਤਿਆਰ ਹੋਣਾ ਚਾਹੀਦਾ ਮਗਰ ਡਾਂਗ ਲੈ ਕੇ! ਤੇ ਅਸੀਂ ਤਾਂ ਮੰਗ ਵੀ ਕੁੱਝ ਨਹੀਂ ਰਹੇ। ਅਪਣੇ ਮੋਇਆਂ ਦੀ ਹੀ ਗੱਲ ਤਾਂ ਕਰ ਰਹੇ ਹਾਂ। ਸਾਨੂੰ ਇਹ ਸਵਾਲ ਹੁਣ ਤੋਂ ਹੀ ਸੋਚਣੇ ਚਾਹੀਦੇ, ਨ ਕਿ ਕੇਵਲ ਅੰਨੇ-ਵਾਹ ਦੌੜੇ ਹੀ ਰਹਿਣਾ ਚਾਹੀਦਾ। ਬਿਨਾ ਸਵਾਲ ਤੋਂ ਦੌੜਨਾ ਤਾਂ ਅੰਨਿਆਂ ਦਾ ਕੰਮ ਹੁੰਦਾ, ਤੇ ਸਵਾਲ ਦੇ ਸਨਮੁੱਖ ਸਾਨੂੰ ਹੁਣੇ ਤੋਂ ਹੀ ਹੋਣਾ ਚਾਹੀਦਾ ਹੈ! ਬਹੁਤ ਪਹਿਲਾਂ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top