Share on Facebook

Main News Page

ਬਾਦਲ, ਬੇਦੀ, ਮੋਦੀ ਅਤੇ ਕੇਜਰੀਵਾਲ
-: ਗੁਰਦੇਵ ਸਿੰਘ ਸੱਧੇਵਲੀਆ

ਸਹਾ ਦੌੜਾ ਜਾ ਰਿਹਾ ਸੀ। ਗਿਦੜ ਕਹਿੰਦਾ ਸਹੇ ਭਰਾ ਸ਼ਿਕਾਰ ਨਾ ਚਲੀਏ? ਸਾਹੋ ਸਾਹੀ ਹੋਇਆ ਸਹਾ ਕਹਿੰਦਾ ਔਹ ਮਾਮੇ ਨਹੀਂ ਦਿੱਸਦੇ ਮਗਰ ਦੌੜੇ ਆਉਂਦੇ, ਮੈਂ ਤਾਂ ਆਪਣੀ ਜਾਨ ਬਚਾਉਂਦਾ ਫਿਰਦਾ, ਤੈਨੂੰ ਸ਼ਿਕਾਰ ਸੁਝਣ ਡਹੇ ਨੇ? ਚਲ ਦੌੜ ਤੂੰ ਵੀ, ਨਹੀਂ ਆਈ ਵਾਰੀ ਤੇਰੀ ਵੀ!

ਕੇਜਰੀਵਾਲ ਦੀਆਂ ਦਿੱਲੀ ਚੋਣਾਂ ਨੂੰ ਲੈ ਕੇ ਸਿੱਖ ਕੌਮ ਵਿਚ ਭੰਬਲਭੂਸਾ ਜਿਹਾ ਹੈ। ਦੋ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਚਲ ਰਹੀ ਹੈ। ਇੱਕ ਤਾਂ ਸਿੱਧੀ ਜਾ ਕੇ ਬਾਦਲਾਂ ਨਾਲ ਖੜ ਗਈ। ਵਾਇਆ ਬਾਦਲਾਂ ਯਾਨੀ ਭਾਜਪਈਆਂ ਨਾਲ। ਯਾਨੀ ਸਿੱਧਾ ਅਪਣੀ ਦੁਸ਼ਮਣ ਜਮਾਤ ਨਾਲ, ਜਿਸ ਦਾ ਲੀਡਰ ਦਰਬਾਰ ਸਾਹਿਬ ਉਪਰ ਹੋਈ ਤਬਾਹੀ ਨੂੰ ਅਪਣੀ ਕਿਤਾਬ ਵਿਚ ‘ਜਸਟੀਫਾਈ’ ਕਰ ਚੁਕਾ ਹੋਇਆ, ਕਿ ਇਸ ‘ਪੁੰਨ’ ਦੇ ਕੰਮ ਵਿਚ ਸਾਡਾ ਯੋਗਦਾਨ ਵੀ ਰਿਹਾ ਕਿਤੇ ਸਾਨੂੰ ਅਣਗੌਲਿਆ ਹੀ ਨਾ ਕਰ ਦਿੱਤਾ ਜਾਵੇ। ਮੈਂ ਗਲ ਕਰ ਰਿਹਾਂ ਅਡਵਾਨੀ ਦੀ। ਦੂਜਾ ਹੁਣ ਵਾਲਾ ਚਿਹਰਾ ਮੋਦੀ। ਮੋਦੀ ਦੇ ਮੁਸਲਮਾਨਾਂ ਦੇ ਲਹੂ ਨਾਲ ਹੱਥ ਤਾਂ ਰੰਗੇ ਹੀ ਹੋਏ ਨੇ, ਬਲਕਿ ਉਸ ਨੇ ਗੁਜਰਾਤ ਦੇ ਸਿੱਖਾਂ ਨੂੰ ਉਜਾੜ ਹੀ ਦਿੱਤਾ ਹੋਇਆ ਹੈ। ਕਰੀਬਨ ਇੱਕ ਲੱਖ ਏਕੜ ਜਮੀਨ ਉਪਰ ਉਸ ਕਬਜੇ ਬਾਰੇ ਸੋਚ ਲਿਆ ਹੋਇਆ ਹੈ। ਮੋਦੀ ਦਾ ਹਿੰਦੂ ਕੱਟੜਵਾਦੀ ਖੂਨੀ ਚਿਹਰਾ ਜੱਗ ਜ਼ਾਹਰ ਹੋਣ ਦੇ ਬਾਵਜੂਦ ਵੀ ਬਾਦਲ ਤਾਂ ਉਸ ਮਗਰ ਸਨ ਹੀ ਤੁਹਾਡਾ ‘ਬ੍ਰਹਮਗਿਆਨੀ ਲਾਣਾ’ ਯਾਨੀ ਸੰਤ-ਸਮਾਜ ਵੀ ਉਸ ਮਗਰ ਦੌੜ ਪਿਆ ਹੈ, ਜਿਸ ਵਿਚ ਗਰਮ ਹੋਣ ਭੁਲੇਖਾ ਪਾਉਂਣ ਵਾਲਾ ਸਾਧ ਦਾਦੂਵਾਲ ਵੀ ਸ਼ਾਮਲ ਹੈ। ਇਨੇ ਸਪੱਸ਼ਟ ਸੰਕੇਤ ਮਿਲਣ 'ਤੇ ਵੀ ਜੇ ਕੌਮ ਇਨ੍ਹਾਂ ਦੁਸ਼ਟਾਂ ਨੂੰ ਪਛਾਨਣ ਵਿੱਚ ਕੁਤਾਹੀ ਕਰ ਰਹੀ ਹੈ, ਤਾਂ ਕੌਮ ਦੇ ਬੌਧਿਕ ਵਿਕਾਸ ਦੀ ਬੇਹੱਦ ਲੋੜ ਹੈ।

ਮੋਦੀ ਦੀ ਬੇਦੀ ਯਾਨੀ ਕਿਰਨ ਬੇਦੀ। ਉਹ ਵੀ ਸਿੱਖਾਂ ਦੇ ਪੁੜੇ ਸੇਕ ਚੁੱਕੀ ਹੋਈ। ਉਸ ਦਾ ਕੋਈ ਪੱਖ ਵੀ ਸਪੱਸ਼ਟ ਨਹੀਂ। ਪਤਾ ਹੀ ਨਹੀਂ ਉਹ ਕਰਨਾ ਕੀ ਚਾਹੁੰਦੀ। ਉਸ ਨੂੰ ਬੋਲਦੀ ਨੂੰ ਸੁਣ ਕੇ ਕੋਈ ਗੱਧਾ ਵੀ ਉਸ ਨੂੰ ਵੋਟ ਨਾ ਪਾਵੇ! ਉਹ ਮੋਦੀ ਸਾਹਵੇ ਇੰਝ ਹੈ, ਜਿਵੇਂ ਉਬਾਮਾ ਸਾਹਵੇਂ ਮੋਦੀ। ਇੱਕ ਚਪੜਾਸੀ ਵਾਂਗ! ਤੇ ਇੱਕ ਚਪੜਾਸੀ ਵਿਚਾਰਾ ਕੀ ਕਰ ਲਏਗਾ। ਮੋਦੀ ਦਾ ਚਪੜਾਸੀ ਹੋਣਾ ਘੱਟ-ਗਿਣਤੀਆਂ ਲਈ ਕੀ ਸੰਕੇਤ ਹੈ? ਬੇਦੀ ਜਿੱਤ ਜਾਏ ਜਾਂ ਮੋਦੀ! ਤੇ ਉਧਰ ਬਾਦਲ ਐਂਡ ਪਾਰਟੀ ਦਾ ਡੁਰਲੀ ਜਥਾ ਪੰਜਾਬ ਨੂੰ ਮਾਰ ਕੇ, ਹੁਣ ਦਿੱਲੀ ਵਲ ਹੋਇਆ ਫਿਰਦਾ? ਉਧਰ ‘ਸੰਤ’ ਸਮਾਜ? ਤੇ ਉਧਰ ਸੌਦਾ ਸਾਧ ਵੀ ਉਥੇ ਹੀ? ਤੇ ਉਧਰ ਭਾਜਪਈਆਂ ਦਾ ਮਸਖਰਾ ਨਵਜੋਤ ਸਿੱਧੂ? ਗਾਨੀ ਵਾਲਾ ਤੋਤਾ? ਰਾਜਨੀਤੀ ਇਸੇ ਨੂੰ ਕਹਿੰਦੇ?

ਮੈਂ ਕਦ ਕਿਹਾ ਕਿ ਕੇਜਰੀਵਾਲ ਨਾਲ ਖੜ ਜਾਉ ਜਾ ਕੇ! ਪਰ ਜਿਥੇ ਖੜੇ ਹੋਂ, ਉਹ ਥਾਂ ਤਾਂ ਦੇਖ ਲਉ! ਕੀ ਥੁੜਿਆ ਅਜਿਹੀ ‘ਬ੍ਰਹਮਗਿਆਨਤਾ’ ਤੋਂ!

ਇਸ ਕੌਮ ਉਪਰ ਕੋਈ ਕੀ ਯਕੀਨ ਕਰੇਗਾ? ਜਿਹੜੀ ਖੁਦ ਹੀ ਅਪਣੇ ਮਸਲਿਆਂ ਪ੍ਰਤੀ ਗੰਭੀਰ ਨਹੀਂ? ਕਹਿੰਦੇ ਉਸ ਦੀ ਮਦਦ ਰੱਬ ਵੀ ਨਹੀਂ ਕਰ ਸਕਦਾ ਜਿਹੜੇ ਖੁਦ ਦੀ ਮਦਦ ਨਹੀਂ ਕਰ ਸਕਦੇ। ਸਮੇਤ ਕੇਜਰੀਵਾਲ ਕੋਈ ਇਨ੍ਹਾਂ ਦੇ ਕਿਸੇ ਮਸਲੇ ਪ੍ਰਤੀ ਗੰਭੀਰ ਕਿਉਂ ਹੋਵੇਗਾ। ਪਰ ਕੇਜਰੀਵਾਲ ਇਨ੍ਹਾਂ ਹਲਾਤਾਂ ਵਿੱਚ ਵੀ ਆਮ ਨਾਲੋਂ ਜਿਆਦਾ ਗੰਭੀਰ ਹੈ। ਉਸ 84 ਦਾ ਮੁੱਦਾ ਉਠਾਇਆ। ਜਰਨੈਲ ਸਿੰਘ, ਫੂਲਕੇ ਉਸ ਦੀ ਟੀਮ ਵਿਚ ਨੇ। ਗੁਜਰਾਤ ਵਿਚ ਉਜਾੜੇ ਸਿੱਖਾਂ ਨੂੰ ਸੁਣਿਆ ਉਸ। ਕਰਦਾ ਕੀ ਹੈ, ਚਲੋ ਇਹ ਬਾਅਦ ਦੀਆਂ ਗੱਲਾਂ ਨੇ! ਪਰ ਦੂਜੀ ਸਾਰੀ ਧਿਰ ਉਪਰ ਜਦ ਨਿਗਾਹ ਮਾਰੋ!!

ਕਾਂਗਰਸ ਇਸ ਵਾਰੀ ਕਿਸੇ ਗਿਣਤੀ ਵਿਚ ਨਹੀਂ ਆਉਂਦੀ। ਯਾਨੀ ਰਸਤਾ ਵਿਰਾਨ ਪਿਆ। ਹੁਣ ਤੁਹਾਡੇ ਕੋਲੇ ਦੋ ਰਾਹ ਨੇ। ਮੋਦੀ ਉਰਫ ਬੇਦੀ ਅਤੇ ਕੇਜਰੀਵਾਲ ਦਾ। ਮੋਦੀ ਵਾਲਾ ਰਸਤਾ ਤਾਂ ਸਾਨੂੰ ਪਤਾ ਕਿਧਰ ਜਾਂਦਾ। ਜਦ ਤੁਹਾਡੇ ਸਾਹਵੇਂ ਦੋਰਾਹਾ ਆ ਜਾਏ ਤੇ ਇੱਕ ਰਸਤੇ ਬਾਰੇ ਤੁਹਾਨੂੰ ਪਤਾ ਹੋਵੇ ਕਿ ਮੜੀਆਂ ਵਲ ਜਾਂਦਾ ਹੈ ਤਾਂ ਤੁਸੀਂ ਦੂਜੇ ਰਸਤੇ ਬਾਰੇ ਹੀ ਸੋਚੋਂਗੇ ਨਾ

ਮੋਦੀ, ਬੇਦੀ ਜਾਂ ਬਾਦਲਾਂ ਜਿਥੇ ਹੁਣ ਤੱਕ ਤੁਹਾਨੂੰ ਸਾਨੂੰ ਪਹੁੰਚਾ ਦਿੱਤਾ ਹੈ, ਇਸ ਤੋਂ ਅੱਗੇ ਤਾਂ ਕਬਰਾਂ ਹੀ ਹਨ। ਹੁਣ ਆਹ ਰਸਤਾ ਚੁਣ ਕੇ ਦੇਖ ਲੈਣਾ ਚਾਹੀਦਾ। ਸ਼ਾਇਦ ਕੁਝ ਰਾਹਤ ਹੋਵੇ। ਜਦ ਤੁਸੀਂ ਪਿਆਸੇ ਮਰ ਰਹੇ ਹੋਵੋਂ, ਫਿਰ ‘ਫਿਲਟਰ ਵਾਟਰ’ ਨਹੀਂ ਸੁੱਝਦਾ, ਛੱਪੜ ਦਾ ਪਾਣੀ ਵੀ ਬੰਦਾ ਗਟ ਗਟ ਪੀ ਜਾਂਦਾ। ਸਾਨੂੰ ਇੱਕ ਪਾਸੇ ਬਾਦਲਾਂ, ਬੇਦੀਆਂ ਅਤੇ ਮੋਦੀਆਂ ਦੀ ਮੌਤ ਦਿੱਸ ਰਹੀ ਹੈ। ਮਗਰ ਸਾਡੇ ਮੋਦੀਆਂ ਬਾਦਲਾਂ ਦੇ ਸ਼ਿਕਾਰੀ ਕੁੱਤੇ ਲੱਗੇ ਹੋਏ ਹਨ, ਪਰ ਕਈ ਭਰਾ ਹਾਲੇ ਵੀ ਇਸ ਰਉਂ ਵਿਚ ਨੇ ਕਿ ਸ਼ਿਕਾਰ ਨਾ ਕਰ ਲਈਏ? ਕੇਜਰੀਵਾਲ ਨੇ ਖਾਲਿਸਤਾਨ ਤਾਂ ਕਹਿਣਾ ਨਹੀਂ, ਨਾ ਉਸ ਗਾਤਰਾ ਪਾ ਕੇ ਸਿੰਘ ਸੱਜਣਾ, ਪਰ ਸਿਹਾ ਤਾਂ ਹੁਣ ਅਪਣੀ ਖੱਲ ਬਾਰੇ ਹੀ ਸੋਚ ਲਏ ਲੱਖ ਵੱਟਿਆ।

ਕੁਝ ਵਿਦਵਾਨਾਂ ਜਾਂ ਸੂਝਵਾਨਾਂ ਸਿਆਣਪ ਕੀਤੀ ਹੈ। ਸ੍ਰ. ਗੁਰਤੇਜ ਸਿੰਘ, ਡਾਕਟਰ ਗੁਰਦਰਸ਼ਨ ਸਿੰਘ, ਪ੍ਰੋ. ਦਰਸ਼ਨ ਸਿੰਘ ਆਦਿ। ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਦੇ ਸਿੱਖਾਂ ਨੂੰ ਕਿਹਾ ਕਿ ਕੇਜਰੀਵਾਲ ਨੂੰ ਵੋਟ ਕਰਨ। ਉਹ ਸਮਝਦੇ ਹਨ ਕਿ ਅਸੀਂ ਜਿਸ ਮੁਕਾਮ 'ਤੇ ਖੜੇ ਜਾਂ ਉਥੇ ਸਹੇ ਨੂੰ ਸ਼ਿਕਾਰ ਦੀ ਨਹੀਂ, ਬਲਕਿ ਆਪਣੀ ਖੱਲ ਦਾ ਫਿਕਰ ਹੈ। ਹਿੰਦੂਤਵ ਦੇ ਜਿਸ ਸਕੰਜੇ ਵਿਚ ਕੌਮ ਫਸ ਚੁੱਕੀ ਹੈ, ਉਥੇ ਸਿਰ ਦੇਣ ਨਾਲੋਂ ਸਿਰ ਵਰਤਿਆਂ ਨਿਕਲਣ ਦੇ ਮੌਕੇ ਤਾਂ ਹੋ ਸਕਦੇ ਹਨ, ਨਹੀਂ ਤਾਂ ਅਸੀਂ ਨਾ ਘਰ ਦੇ ਨਾ ਘਾਟ ਦੇ ਵਾਲੀ ਗੱਲ ਤਾਂ ਹੈ ਹੀ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top