Share on Facebook

Main News Page

ਸਕੂਲੀ ਬੱਚਿਆਂ ਨੂੰ ‘ਸੈਕਸ’ ਬਾਰੇ ਦਿੱਤੀ ਜਾਣ ਵਾਲੀ ਜਾਣਕਾਰੀ ਅਤੇ ਇਸ ਦੇ ਨਤੀਜੇ
-: ਗੁਰਦੇਵ ਸਿੰਘ ਸੱਧੇਵਾਲੀਆ

(ਅਦਾਰਾ ਖ਼ਬਰਦਾਰ) ਆਜ਼ਾਦੀ ਹਰੇਕ ਮਨੁੱਖ ਦਾ ਜਮਾੰਦਰੂ ਹੱਕ ਹੈ, ਪਰ ਇਹ ਨਾ ਹੋਵੇ ਕਿ ਇੱਕ ਬੰਦੇ ਦੀ ਆਜ਼ਾਦੀ ਦੂਜੇ ਦਾ ਸਾਹ ਘੁੱਟ ਕੇ ਰੱਖ ਦਏ। ਇੱਕ ਬੰਦਾ ਸਿਗਰਟ ਪੀਣੀ ਚਾਹੁੰਦਾ, ਪਰ ਦੂਜੇ ਦਾ ਧੂੰਏ ਨਾਲ ਸਾਹ ਬੰਦ ਹੁੰਦਾ, ਪਰ ਪੀਣ ਵਾਲਾ ਕਹੇ ਕਿ ਮੈਨੂੰ ਆਜ਼ਾਦੀ ਹੈ? ਇਸੇ ਤਹਿਤ ਦੁਨੀਆਂ ਉਪਰ ਕਨੂੰਨ ਬਣ ਗਏ ਸਨ, ਕਿ ਭਾਈ ਜਿੰਨ ਧੂੰਆਂ ਛੱਡਣਾ ਆਪਣੇ ਘਰੇ ਬਹਿ ਕੇ ਛੱਡੇ, ਪਬਲਿਕ ਥਾਵਾਂ, ਬੱਸਾ, ਜਹਾਜਾਂ ਅਤੇ ਗੱਡੀਆਂ ਵਿੱਚ ਇਸ ਦੀ ਮਨਾਹੀ ਹੈ! ਕੁੱਝ ਲੋਕਾਂ ਆਜ਼ਾਦੀ ਦੇ ਨਾਂ ਸੜੂਂ-ਭੁੱਜੂੰ ਕੀਤਾ ਹੋਵੇਗਾ, ਪਰ ਕਿਸੇ ਨਹੀਂ ਸੁਣੀ ਕਿਉਂਕਿ ਬੰਦੇ ਨੂੰ ਸਮਝ ਆ ਗਈ ਸੀ, ਇਹ ਬਿਮਾਰੀ ਦੂਜਿਆਂ ਦੀ ਆਜ਼ਾਦੀ ਵਿਚ ਵਿਘਨ ਦਾ ਕਾਰਨ ਬਣਦੀ ਹੈ। ਆਜ਼ਾਦੀ ਦੀ ਕੋਈ ਸੀਮਾ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਸੜਕ ਉਪਰ ਨੰਗਿਆਂ ਫਿਰਨਾ ਹੈ, ਕਿਉਂਕਿ ਇਹ ਮੇਰੀ ਆਜ਼ਾਦੀ ਹੈ। ਹਾਂਅ! ਉਹ ਅਪਣੇ ਘਰੇ ਜਿਵੇਂ ਮਰਜੀ ਫਿਰੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ।

‘ਸੇਮ-ਸੈਕਸ’ ਯਾਨੀ ਗੇਅ Gay ਹੋਣਾ, ਇੱਕ ਬਿਮਾਰੀ ਜਾਂ ਮਾੜੀ ਆਦਤ ਹੈ, ਯਾਨੀ ਕੁਦਰਤੀ ਅਸੂਲਾਂ ਦੇ ਵਿਰੁੱਧ। ਮਨੁੱਖ ਦੇ ਅੰਦਰ ਜੇ ਕੋਈ ਅਜਿਹੀ ਇੱਛਾ ਉਤਪਨ ਹੁੰਦੀ ਹੈ, ਜਿਹੜੀ ਉਸ ਨੂੰ ‘ਸੇਮ ਸੈਕਸ’ ਵਲ ਪ੍ਰੇਰੇ, ਤਾਂ ਉਸ ਨੂੰ ਜਾਂ ਤਾਂ ਬਿਮਾਰੀ ਕਿਹਾ ਜਾ ਸਕਦਾ ਜਾਂ ਬੁਰੀ ਆਦਤ। ਪੰਜਾਬੀ ਵਿਚ ਇਸ ਨੂੰ ‘ਬਦਫੈਲੀ’ ਵੀ ਕਿਹਾ ਜਾਂਦਾ, ਜੇ ਬਹੁਤੀ ਠੇਠ ਪੰਜਾਬੀ ਵਿਚ ਕਹਿਣਾ ਹੋਵੇ ਤਾਂ ‘ਗਾਂ..’ ਕਹਿੰਦੇ ਹਨ! ਪੰਜਾਬੀ ਸਭਿਆਚਾਰ ਵਿਚ ਬੰਦੇ ਦੀ ਇਸ ਬੁਰੀ ਆਦਤ ਨੂੰ ਭਲੇ ਲੋਕਾਂ ਵਿਚ ਕਦੇ ਵੀ ਚੰਗਾ ਨਹੀਂ ਮੰਨਿਆ ਗਿਆ। ਕਿਉਂਕਿ ਬੰਦਾ ਬੰਦੇ ਦੇ ਭੋਗਣ ਲਈ ਨਹੀਂ ਬਣਿਆ। ਕੁਦਰਤੀ ਵਰਤਾਰੇ ਵਿਚ ਕੀੜੇ ਮਕੌੜੇ ਤੋਂ ਲੈ ਕੇ ਮਨੁੱਖ, ਜਾਨਵਰ, ਪਸ਼ੂ, ਪੰਛੀ ਸਭ ਵਿੱਚ ਵਿਰੋਧੀ ਸੈਕਸ ਹੈ, ਜਿਸ ਵਿਚੋਂ ਪ੍ਰਕ੍ਰਿਤੀ ਦੀ ਉਤਪਤੀ ਹੁੰਦੀ ਹੈ ਅਤੇ ਸੰਸਾਰ ਅੱਗੇ ਤੁਰਦਾ ਹੈ। ਪਰ ਮਨੁੱਖ ਨੇ ਸੈਕਸ ਦੇ ਪੁੱਠੇ ਸਵਾਦਾਂ ਕਾਰਨ ਅਪਣੇ ਵਿਚਲੀਆਂ ਬੁਰੀਆਂ ਆਦਤਾਂ ਨੂੰ ਇਸ ਕਦਰ ਬੜਾਵਾ ਦੇ ਦਿੱਤਾ ਹੋਇਆ ਕਿ ਹੁਣ ਵੋਟਾਂ ਖਾਤਰ ਸਰਕਾਰਾਂ ਨੂੰ ਉਨ੍ਹਾਂ ਦੇ ‘ਚਾਰਟਰ ਆਫ ਰਾਈਟ’ ਦਾ ਫਿਕਰ ਹੋਣ ਲੱਗਾ ਹੈ। ਕਿਸੇ ਦੀ ਕੀ ਆਦਤ ਹੈ ਉਸ ਨੂੰ ਮੁਬਾਰਕ। ਸਾਨੂੰ ਉਸ ਨਾਲ ਕੋਈ ਨਫਰਤ ਨਹੀਂ, ਪਰ ਉਸ ਨੂੰ ਕਾਨੂੰਨ ਬਣਾ ਕੇ ਬਾਕੀ ਲੋਕਾਂ ਉਪਰ ਠੋਸਣਾ, ਕਿਸੇ ਤਰ੍ਹਾਂ ਵੀ ਠੀਕ ਨਹੀਂ ਮੰਨਿਆ ਜਾ ਸਕਦਾ। ਕਿ ਜਾ ਸਕਦਾ?

ਇਸੇ ‘ਸੇਮ-ਸੈਕਸ’ ਦੀ ਅਗਲੀ ਕੜੀ ਵਿਚ ਆਉਂਦਾ ਹੈ ਬਿੱਲ ‘ਬੀ-13’! ‘ਬੀ-13’ ਦਾ ਅਗਲਾ ਪੜਾਅ ਹੈ ਉਹ ਕਾਨੂੰਨ ਜਿਹੜਾ ਅਗਲੇ ਸਾਲ ਯਾਨੀ 2015 ਵਿੱਚ ਪੜਾਈ ਦੇ ਨਾਂ 'ਤੇ ਸਕੂਲਾਂ ਵਿਚ ਬੱਚਿਆਂ ਉਪਰ ਠੋਸਿਆ ਜਾਣਾ ਹੈ।

ਕੈਨੇਡਾ ਦੇ ਸਕੂਲਾਂ ਵਿਚ 2015 ਨੂੰ ਇੱਕ ਪਾਲਿਸੀ ਪਾਸ ਹੋਣ ਜਾ ਰਹੀ ਹੈ, ਜਿਸ ਦਾ ਆਧਾਰ ਕੁੱਝ ਸਾਲ ਪਹਿਲਾਂ ਪਾਸ ਹੋ ਚੁੱਕਾ ਬਿੱਲ ਹੈ ਯਾਨੀ ‘ਬੀ-13! ਇਸ ਬਿੱਲ ਨੂੰ ਪਾਸ ਕਰਨ ਸਮੇਂ ਲਿਬਰਲ ਉਦੋਂ ਲੰਗੜੀ ਹੋਣ ਕਾਰਨ ਇਸ ਦੀਆਂ ਫਹੁੜੀਆਂ ਬਣੀ ਐਨ.ਡੀ.ਪੀ! ਐਨ.ਡੀ.ਪੀ ਵੀ ਉਨੀ ਜਿੰਮੇਵਾਰ ਹੈ, ਇਸ ਬਿੱਲ ਦੀ ਜਿੰਨੀ ਕਿ ਲਿਬਰਲ। ਉਸ ਸਮੇਂ ਦੀ ਲੰਗੜੀ ਲਿਬਰਲ ਇਸ ਬਿੱਲ ਨੂੰ ਲਿਆ ਹੀ ਨਹੀਂ ਸੀ ਸਕਦੀ, ਜੇ ਐਨ.ਡੀ.ਪੀ. ਆਪਣੀਆਂ ਫਹੁੜੀਆਂ ਇਸ ਨੂੰ ਨਾ ਦਿੰਦੀ।

ਯਾਦ ਰਹੇ ਕਿ 2015 ਵਿਚ ਸਕੂਲਾਂ ਲਈ ਸੈਕਸ ਬਾਰੇ ਜਾਣਕਾਰੀ ਲਈ ਬਣਨ ਜਾ ਰਹੀ ਘਟੀਆ ਅਤੇ ਨਿੰਦਣ ਜੋਗ ਪਾਲਸੀ ਦਾ ਨੀਂਹ ਪੱਥਰ ਬਿੱਲ ‘ਬੀ-13’ ਹੈ। ਇਸ ‘ਬੀ-13’ ਬਿੱਲ ਨੂੰ ਲੈ ਕੇ ਹੋਰਾਂ ਭਾਈਚਾਰਿਆਂ ਤੋਂ ਇਲਾਵਾ ਸਾਡੇ ਕੁੱਝ ਭਰਾ ਵੀ ‘ਡਾਊਨ-ਟਾਊਨ’ ਆਪਣਾ ਰੋਸ ਆਇਦ ਕਰਨ ਗਏ ਸਨ, ਕਿਉਂਕਿ ਜਾਣ ਵਾਲਿਆਂ ਨੂੰ ਪਤਾ ਸੀ ਕਿ ਇਹ ਸਾਡੇ ਬੱਚਿਆਂ ਨਾਲ ਇੱਕ ਵੱਡਾ ਧਰੋਹ ਹੋਣ ਜਾ ਰਿਹਾ ਹੈ। ਉਨ੍ਹਾਂ ਦੀ ਮਾਨਸਿਕਤਾ ਬਿਮਾਰ ਕੀਤੀ ਜਾਣ ਲੱਗੀ ਹੈ। ਇਸ ਕੰਡਿਆਲੇ ਰੁੱਖ ਦੇ ਬੀਜ ਉਸ ‘ਬੀ-13’ ਬਿੱਲ ਵਿਚ ਪਏ ਹਨ, ਜਿਸ ਦੀ ਅੱਜ ਚਰਚਾ ਹੋ ਰਹੀ ਹੈ ਅਤੇ ਤੁਹਾਨੂੰ ਸਾਨੂੰ ਇਸ ਗੱਲ ਦੀ ਪੀੜਾ ਵਿਚੋਂ ਇੱਕ ਵਾਰ ਫਿਰ ਲੰਘਣਾ ਪਵੇਗਾ ਕਿ ਇਸ ‘ਬੀ-13’ ਦੇ ਹੱਕ ਵਿਚ ਵੋਟ ਪਾਉਂਣ ਵਾਲਿਆਂ ਵਿਚ ਸਾਡਾ ਗੁਰਸਿੱਖ ਭਰਾ ਜਗਮੀਤ ਸਿੰਘ ਵੀ ਸ਼ਾਮਲ ਹੈ??

ਜਗਮੀਤ ਸਿੰਘ ਨਾਲ ਸਾਡਾ ਕੋਈ ਨਿੱਜੀ ਜਾਂ ਰਾਜਨੀਤਕ ਰੌਲਾ ਨਹੀਂ, ਨਾ ਉਹ ਸਾਡੀ ਕਿਸੇ ਹੱਕੀ ਜਾਂ ਵਿਰੋਧੀ ਪਾਰਟੀ ਦਾ ਬੰਦਾ ਹੈ। ਉਸ ਕਈ ਸਿੱਖ ਮਸਲਿਆਂ ਨੂੰ ਬਾ-ਖੂਬੀ ਚੁੱਕਿਆ ਵੀ, ਖਾਸ ਕਰ 1984 ਦੇ ਸਿੱਖ ਨਸਲਕੁਸ਼ੀ ਮਸਲੇ ਨੂੰ। ਇਸ ਗੱਲ ਪਿੱਛੇ ਉਸ ਨੂੰ ਇਥੇ ਦੀ ‘ਇੰਡੀਅਨ ਕੌਂਸਲੇਟ’ ਨੇ ਨਿਸ਼ਾਨਾ ਵੀ ਬਣਾਇਆ।

ਪਰ ਇਸ ਤੋਂ ਅੱਗੇ ਸਵਾਲ ਇਹ ਹੈ ਕਿ ਕੀ ਸੱਚ ਉਨਾ ਕੁ ਹੀ ਸੱਚ ਹੁੰਦਾ, ਜਿੰਨੇ ਕੁ ਨੂੰ ਅਸੀਂ ਮੰਨਦੇ ਜਾਂ ਉਸ ਤੋਂ ਅੱਗੇ ਵੀ ਹੈ! ਜੇ 1984 ਵਿਚ ਸਿੱਖ ਨਸਲਕੁਸ਼ੀ ਸੀ ਤਾਂ ਇਹ ਕੀ ਹੈ? ਇਹ ਤੁਹਾਡੇ ਭਵਿੱਖ ਦੀ ਯਾਨੀ ਤੁਹਾਡੇ ਨਿਆਣਿਆਂ ਦੀ ਮਾਨਸਿਕਤਾ ਦੀ ਨਸਲਕੁਸ਼ੀ ਨਹੀਂ? ਤੁਸੀਂ ਛੋਟੇ ਜਿਹੇ ਬੱਚੇ ਦੇ ਸਿਰ ਵਿਚ ਅਜਿਹੀ ਸਿੱਖਿਆ ਤੂੜ ਦਿਉ, ਜਿਸ ਲਈ ਉਹ ਤਿਆਰ ਹੀ ਨਹੀਂ, ਤਾਂ ਇਹ ਕੀ ਉਸ ਦੀ ਨਸਲਕੁਸ਼ੀ ਨਹੀਂ? ਇਥੇ ਆ ਕੇ ਜਗਮੀਤ ਸਿੰਘ ਆਪਣਾ ਪੱਖ ਸਪੱਸ਼ਟ ਨਹੀਂ ਕਰ ਸਕਿਆ। ਜਗਮੀਤ ਸਿੰਘ ਦੇ ਇਸ ਵਿਸ਼ੇ ਉਪਰ ਸਪੱਸ਼ਟ ਸਟੈਂਡ ਬਾਰੇ ਸਾਡਾ ਜਾਨਣਾ ਤਾਂ ਜ਼ਰੂਰੀ ਹੈ, ਕਿਉਂਕਿ ਅਸੀਂ ਇਸ ਨੂੰ ਅਪਣੇ ਬੱਚਿਆਂ ਲਈ ‘ਰੋਲ-ਮਾਡਲ’ ਮੰਨਦੇ ਆ ਰਹੇ ਹਾਂ ਅਤੇ ਅਸੀਂ ਆਪਣੇ ਬੱਚਿਆਂ ਨੂੰ ਗਾਹੇ-ਬਗਾਹੇ ਕਹਿੰਦੇ ਰਹੇ ਹਾਂ ਕਿ ਸਿੱਖ ਇੰਝ ਦੇ ਹੁੰਦੇ ਹਨ! ਜਗਮੀਤ ਸਿੰਘ ਕੇਵਲ ਕੈਨੇਡਾ ਦਾ ਰਾਜਨੀਤਕ ਨੁਮਾਇਂਦਾ ਹੀ ਨਹੀਂ, ਬਲਕਿ ਉਹ ਸਿੱਖ ਪਹਿਰਾਵੇ ਅਤੇ ਸਿੱਖੀ ਸਰੂਪ ਵਿਚ ਹੋਣ ਕਾਰਨ ਇੱਕ ਖਾਸ ਧਿਆਨ ਦਾ ਕੇਂਦਰ ਵੀ ਹੈ।

ਜਗਮੀਤ ਸਿੰਘ ਨੂੰ ਖ਼ਬਰਦਾਰ ਵਲੋਂ ਫੋਨ ਕਰਨ 'ਤੇ ਜਦ ਉਨ੍ਹਾਂ ਨੂੰ ਇਸ ਪਾਲਿਸੀ ਬਾਰੇ ਪੁੱਛਿਆ ਗਿਆ, ਤਾਂ ਉਨਾ ਦਾ ਜਵਾਬ ਬੜਾ ਨਿਰਾਸ਼ਾ ਜਨਕ ਸੀ ਕਿ ‘ਮੈਨੂੰ ਨਹੀਂ ਪਤਾ ਕਿ ਇਸ ਪਾਲਿਸੀ ਵਿਚ ਕੀ ਹੈ? ਇਹ ਤਾਂ ਹਾਲੇ ਆਈ ਵੀ ਨਹੀਂ! ਇਸ ਬਾਰੇ ਪਹਿਲਾਂ ਹੀ ਅਸੀਂ ਕੀ ਕਹਿ ਸਕਦੇ ਹਾਂ’। ਇਸ ਵੱਡੇ ਝੂਠ ਦੀ ਜਗਮੀਤ ਕੋਲੋਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਕਿ ਉਸ ਨੂੰ ਪਤਾ ਹੀ ਕੁੱਝ ਨਹੀਂ ਕਿ ਪਾਲਿਸੀ ਵਿਚ ਕੀ ਹੈ! ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਖਬਾਰਾਂ ਵਿੱਚ ਇਸ ਦੀ ਚਰਚਾ ਹੈ, 50 ਹਜਾਰ ਗੋਰੇ ਲੋਕਾਂ ਪਟੀਸ਼ਨ 'ਤੇ ਸਾਇਨ ਕਰਕੇ ਦਿੱਤੇ ਹਨ, ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਕੂੜਾ-ਕਚਰਾ ਸਾਡੇ ਬੱਚਿਆਂ ਦੇ ਸਿਰਾਂ ਉਪਰ ਲੱਦਿਆ ਜਾਵੇ, ਤਾਂ ਤੁਸੀਂ ਕਿਵੇਂ ਕਹਿੰਨੇ ਕਿ ਸਾਨੂੰ ਪਤਾ ਨਹੀਂ ਕਿ ਕੀ ਪਾਲਿਸੀ ਹੈ? ਤੇ ਉਨ੍ਹਾਂ ‘Short’ ਜਵਾਬ ਦੇ ਕੇ ਮਿੱਟੀ ਝਾੜ ਦਿੱਤੀ ਕਿ ਅਸੀਂ ਤਾਂ ਸਰਕਾਰ ਵਿੱਚ ਨਹੀਂ, ਇਹ ਲਿਬਰਲ ਕਰ ਰਹੀ ਹੈ, ਤੁਸੀਂ ਲਿਬਰਲ ਨੂੰ ਜਾ ਕੇ ਪੁੱਛੋ!

ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁਝ ਚਿਰ ਪਹਿਲੇ ਲਿਬਰਲ ਦੀ ਸਰਕਾਰ ਵੇਲੇ ‘ਸੇਮ-ਸੈਕਸ’ ਬਾਰੇ ਇੱਕ ਬਿੱਲ ਆਇਆ ਸੀ। ਉਸ ਵਿਚ ‘ਗੇਆਂ’ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਣੀ ਸੀ। ਬਾਕੀ ਤਾਂ ਚਲੋ ਛੱਡੋ ਬ੍ਰੈਂਪਟਨ ਦੇ ਇੱਕ ਉਸ ਬੰਦੇ ਨੇ ਉਨ੍ਹਾਂ ਗੇਆਂ ਦੇ ਹੱਕ ਵਿਚ ਵੋਟ ਪਾਈ, ਜਿਸ ਨੂੰ ਸਿੱਖਾਂ ਇਸ ਕਰਕੇ ਵੋਟਾਂ ਪਾਈਆਂ ਸਨ, ਕਿ ਇਹ ਅੰਮ੍ਰਿਤਧਾਰੀ ਗੁਰਸਿੱਖ ਬੰਦਾ ਹੈ। ਉਸ ਸਖਸ਼ ਦਾ ਨਾਂ ਸੀ ਨਵਦੀਪ ਸਿੰਘ ਬੈਂਸ

ਹੋਰ ਹੈਰਾਨੀ ਦੀ ਗੱਲ ਕਿ ਉਸ ਵੇਲੇ ਸ੍ਰ. ਸੁਖਮਿੰਦਰ ਸਿੰਘ ਹੰਸਰਾ ‘ਸਾਂਝ-ਸਵੇਰਾ’ ਅਖਬਾਰ ਚਲਾਉਂਦੇ ਸਨ ਅਤੇ ਉਨੀ ਬੜੀਆਂ ਥੋਥੀਆਂ, ਬੌਣੀਆਂ ਅਤੇ ਕੱਚੀਆਂ ਦਲੀਲਾਂ ਨਾਲ ਇਸ ਗੱਲ ਦੀ ‘ਚਾਰਟਰ ਆਫ ਰਾਈਟ’ ਕਹਿਕੇ ਪੈਰਵਾਈ ਕੀਤੀ ਸੀ। ਉਸ ਸਮੇਂ ਦੇ ‘W.S.O.’ ਦੇ ਇੱਕ ਗਿਆਨ ਸਿੰਘ ਸੰਧੂ ਦੀ ਹੈਰਾਨ ਕਰ ਦੇਣ ਵਾਲੀ ਦਲੀਲ ਸੀ ਕਿ ਜਿਹੜੀ ਉਸ ਇੱਕ ਸਥਾਨਕ ਰੇਡੀਓ ਉਪਰ ਦਿੱਤੀ, ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਜਲੂਮਾਂ ਦੀ ਖਾਤਰ ਦਿੱਲੀ ਜਾ ਕੇ ਆਪਣਾ ਸੀਸ ਕੁਰਬਾਨ ਕੀਤਾ ਸੀ, ਅਸੀਂ ਵੀ ਅੱਜ ਮਜਲੂਮਾਂ ਲਈ ਲੜ ਰਹੇ ਹਾਂ ਅਤੇ ਨਾਲ ਖੜੋਤੇ ਹਾਂ।

ਯਾਦ ਰਹੇ ਕਿ ਇਸ ‘ਸੇਮ-ਸੈਕਸ’ ਯਾਨੀ ‘ਗੇਅ’ ਉਰਫ…… ਵਾਲੀ ਕਹਾਣੀ ਦਾ ‘ਖਾਲਸਾ ਦਰਬਾਰ’ ਯਾਨੀ ਡਿਕਸੀ ਗੁਰਦੁਆਰੇ ਦੇ ਚੌਧਰੀਆਂ ਨੇ ਵੀ ‘ਚੁੱਪ’ ਸਾਥ ਦਿੱਤਾ ਸੀ, ਸ਼ਾਇਦ ‘ਮਜਲੂਮ’ ਸਮਝ ਕੇ ਜਾਂ ਧੜੇ ਕਾਰਨ? ਇਹ ਵੀ ਕਿ ਉਸੇ ਬਿੱਲ ਦੇ ਹੱਕ ਵਿਚ ਭੁਗਤਣ ਵਾਲੀ ਬੀਬੀ ਰੂਬੀ ਢੱਲਾ ਨੂੰ ਡਿਕਸੀ ਗੁਰਦੁਆਰੇ ਵਿਖੇ ਆਪਣੇ ਰੱਖੇ ਗਏ ‘ਸ਼ੁਕਰਾਨਾ’ ਪ੍ਰੋਗਰਾਮ ਦੌਰਾਨ ਇੱਕ ਢਾਡੀ ਯਾਨੀ ਭੰਡ ਜੱਥੇ ਵਲੋਂ ਬੀਬੀ ਸ਼ਰਨ ਕੌਰ ਦਾ ਖਿਤਾਬ ਦਿੱਤਾ ਗਿਆ ਸੀ ਅਤੇ ਉਸ ਦੌਰਾਨ ਸਭੇ ਚੌਧਰੀ ਨੀਵੀਆਂ ਪਾਈ ਇਸ ਭੰਡਪੁਣੇ ਨੂੰ ਸੁਣ ਰਹੇ ਸਨ। ਕਿਸੇ ਉੱਠ ਕੇ ਕਹਿਣ ਦੀ ਜੁਅਰਤ ਨਹੀਂ ਕੀਤੀ, ਕਿ ਇਹ ਗੇਆਂ ਦੇ ਹੱਕ ਵਿੱਚ ਭੁਗਤਣ ਵਾਲੀ ਕੁੜੀ ਬੀਬੀ ਸ਼ਰਨ ਕੌਰ ਕਿਵੇਂ ਹੋਈ?

ਕੈਨੇਡਾ ਦਾ ਕਾਨੂੰਨ ਕੀ ਕਹਿੰਦਾ, ਪਾਰਟੀ ਕੀ ਕਹਿੰਦੀ, ਜਾਂ ਇਥੇ ਦੇ ਇਨ੍ਹਾਂ ਲੋਕਾਂ ਦੀ ਅਜਿਹੇ ਵਿਸ਼ਿਆਂ ਉਪਰ ਕੀ ਪਹੁੰਚ ਹੈ, ਇਹ ਸਵਾਲ ਵੱਖਰਾ ਹੈ। ਪਰ ਇਥੇ ਗੱਲ ਸਿੱਖ ਵਿਚਾਰਧਾਰਾ ਦੀ ਰਹਿਨੁਮਾਈ ਕਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਦੀ ਹੈ ਕਿ ਉਹ ਅਜਿਹੇ ਮੁੱਦਿਆਂ ਉਪਰ ਕੀ ਸਟੈਂਡ ਲੈਂਦੇ ਅਤੇ ਕਿਥੇ ਖੜਦੇ ਹਨ? ਕਿਉਂਕਿ ਵੋਟਾਂ ਮੰਗਣ ਵੇਲੇ ਜਦ ਤੁਸੀਂ ਸਿੱਖ ਪਹਿਰਾਵੇ ਨੂੰ, ਸਿੱਖੀ ਸਰੂਪ ਨੂੰ, ਅੰਮ੍ਰਿਤਧਾਰੀ ਹੋਣ ਨੂੰ ‘ਕੈਸ਼’ ਕਰੋਂਗੇ, ਤਾਂ ਅਜਿਹੇ ਮੌਕਿਆਂ ਉਪਰ ਤੁਹਾਨੂੰ ਜਵਾਬ-ਦੇਹ ਵੀ ਹੋਣਾ ਪਵੇਗਾ।

ਲਿਬਰਲ ਵਲੋਂ ਸਕੂਲੀ ਬੱਚਿਆਂ ਬਾਰੇ ਜਿਹੜੀ ਸਿੱਖਿਆ ਦਾ ਮਿਆਰ ਮਿੱਥਿਆ ਜਾ ਰਿਹਾ ਹੈ ਉਹ ਕਿਸੇ ਵੀ ਪੰਜਾਬੀ ਭਾਈਚਾਰੇ ਦੇ ਹਲਕ ਵਿਚੋਂ ਨਹੀਂ ਉਤਰੇਗਾ। ਉਤਰ ਸਕਦਾ ਹੀ ਨਹੀਂ। ਦੱਸੋ ਕਿਵੇਂ ਉਤਰੇਗਾ? ਤੁਹਾਨੂੰ ਪਤਾ 2015 ਵਿਚ ਠੋਸੀ ਜਾਣ ਵਾਲੀ ਪਾਲਿਸੀ ਵਿਚ ਕੀ ਹੈ? ਨਹੀਂ ਪਤਾ ਤਾਂ ਸੁਣੋ:

ਉਸ ਪਾਲਿਸੀ ਮੁਤਾਬਕ ਸਕੂਲਾਂ ਵਿਖੇ ਸੈਕਸ ਬਾਰੇ ਜਾਣਕਾਰੀ ਪਤਾ ਕਦੋਂ ਤੋਂ ਸ਼ੁਰੂ ਕੀਤੀ ਜਾਇਆ ਕਰੇਗੀ ਜਦ ਕਿ ਹਾਲੇ ਨਿਆਣੇ ਤੁਹਾਡੇ ਨੂੰ ਨਲੀ ਵੀ ਨਾ ਪੂੰਝਣੀ ਆਉਂਦੀ ਹੋਵੇਗੀ। ਯਾਨੀ ਪਹਿਲੇ ਗਰੇਡ ਤੋਂ ਹੀ।

- ਪਹਿਲੇ ਗਰੇਡ ਤੋਂ ਉਸ ਨੂੰ ਉਸ ਦੇ ਗੁਪਤ ਅੰਗਾਂ ਬਾਰੇ ਦੱਸਣਾ ਸ਼ੁਰੂ ਕੀਤਾ ਜਾਇਆ ਕਰੇਗਾ, ਯਾਨੀ ਮਨੁੱਖੀ ਲਿੰਗ ਅਤੇ ਵਿਰੋਧੀ ਸੈਕਸ ਅੰਗਾਂ ਦਾ ਘੋਟਾ ਲਵਾਇਆ ਜਾਇਆ ਕਰੇਗਾ।

- ਗਰੇਡ ਤਿੰਨ ਵਿਚ ਉਸ ਨੂੰ ਦੱਸਿਆ ਜਾਇਆ ਕਰੇਗਾ ਕਿ ਸੈਕਸ ਦਾ ਸਬੰਧ ਕੇਵਲ ਮਰਦ ਔਰਤ ਨਾਲ ਹੀ ਨਹੀਂ ਹੁੰਦਾ, ਬਲਕਿ ਇੱਕ ਤੀਜੀ ਧਿਰ ਵੀ ਇਸ ਵਿਚ ਸ਼ਾਮਲ ਹੈ ਤੇ ਉਹ ਹੈ ਸਮਲਿੰਗੀ ਯਾਨੀ "ਗੇਅ"? ਇਹ ਕਿਹੜਾ ਗਿਆਨ ਹੈ ਜਿਹੜਾ ਸਕੂਲ ਤੁਹਾਡੇ ਛੋਟੇ ਜਿਹੇ ਨਿਆਣੇ ਦੇ ਸਿਰ ਤੂੜਨਾ ਚਾਹੁੰਦਾ ਹੈ। ਇਸ ਤੀਜੇ ਗਰੇਡ ਵਿਚ ਬੱਚੇ ਨੂੰ ਇਹ ਵੀ ਸਿੱਖ ਮੱਤ ਮਿਲਣੀ ਸ਼ੁਰੂ ਹੋ ਜਾਏਗੀ ਕਿ ਅੱਗੇ ਜਾ ਕੇ ਮਰਦ ਹੁੰਦੇ ਹੋਏ ਵੀ ਜੇ ਤੁਸੀਂ ਔਰਤ ਵਾਂਗ ਕਰਨਾ ਹੈ, ਜਾਂ ਔਰਤ ਹੋਣ ਵਾਂਗ ਮਹਿਸੂਸ ਕਰੋ ਤਾਂ ਸ਼ਰਮ ਵਾਲੀ ਕੋਈ ਗੱਲ ਨਹੀਂ ਬਲਕਿ ਤੁਹਾਨੂੰ ‘ਪਰਾਊਡ’ ਹੋਣਾ ਚਾਹੀਦਾ ਹੈ? ਯਾਨੀ ਮੁੰਡਾ ਕੁੜੀ ਬਣੇ ਤੇ ਕੁੜੀ ਮੁੰਡਾ। ਇਨਾ ਨੂੰ ਕੋਈ ਪੁੱਛਣ ਵਾਲਾ ਨਹੀਂ ਕਿ ਕੁਦਰਤ ਨੇ ਜੋ ਬਣਾਇਆ ਉਸ ਵਿਚ ਜੇ ਤੁਹਾਨੂੰ ਸ਼ਾਂਤੀ ਨਹੀਂ ਹੋਈ ਤਾਂ ਉਲਟ-ਪੁਲਟ ਬਣ ਕੇ ਹੋ ਜਾਏਗੀ?

- ਹੋਰ ਸੁਣੋ! ਗਰੇਡ ਛੇ ਤੱਕ ਨਿਆਣੇ ਤੁਹਾਡੇ ਹੋਰ ‘ਤਰੱਕੀ’ ਕਰ ਚੁੱਕੇ ਹੋਣਗੇ? ਸਕੂਲ ਬੱਚੇ ਨੂੰ ਸਿਖਾਉਂਣਗੇ ਕਿ ਗੁਦਾ ਰਾਹੀਂ ਭੋਗ ਕਿਵੇਂ ਕਰਨਾ ਹੈ ਅਤੇ ਮੂੰਹ ਨਾਲ ਸੈਕਸ ਕਰਨ ਬਾਰੇ ਖੁਲ੍ਹ ਕੇ ਦੱਸਿਆ ਜਾਇਆ ਕਰੇਗਾ ਅਤੇ ਹੱਥ ਨਾਲ ‘ਇੰਨਜੁਆਏ’ ਕਰਨ ਦੇ ਕੀ ਤਰੀਕੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਜਾਇਆ ਕਰੇਗੀ।

- ਅੱਠ ਗਰੇਡ ਤੱਕ ਉਸ ਨੂੰ ਪੂਰਾ ਟਰੇਂਡ ਕਰ ਦਿੱਤਾ ਜਾਇਆ ਕਰੇਗਾ ਕਿ ਬੰਦੇ ਦਾ ਬੰਦੇ ਨਾਲ ਵਿਆਹ ਕਰਾਉਂਣਾ ਉਨਾ ਹੀ ਸੁਭਾਵਕ ਹੈ ਜਿੰਨਾ ਕਿ ਔਰਤ ਅਤੇ ਮਰਦ ਦਾ।

‘ਜਥਾ ਰਾਜਾ ਤਥਾ ਪਰਜਾ’ ਹੁੰਦੀ ਤਾਂ ਸੁਣੀ ਸੀ, ਪਰ ਇਥੇ ‘ਜਥਾ ਰਾਜਾ’ ਹੁਰੀਂ ਪਰਜਾ ਨੂੰ ਧੱਕੇ ਨਾਲ ਆਪਣੇ ਵਰਗਾ ਬਣਾਇਆਂ ਲੋਚਦਾ ਹੈ ਅਤੇ ਅਪਣੇ ਇਸ ਗੈਰ ਕੁਦਰਤੀ ਵਰਤਾਰੇ ਨੂੰ ਲੋਕਾਂ ਉਪਰ ਠੋਸ ਕੇ ਅਪਣੇ ਆਪ ਨੂੰ ‘ਜਸਟੀਫਾਈ’ ਕਰਦਾ ਨਜ਼ਰ ਆਉਂਦਾ ਹੈ।

ਇਸ ਦੀ ਮਿਸਾਲ ਹੈ ਲਿਬਰਲ ਦੇ ਵੱਡੇ ਲੀਡਰ ਇਸ ਬਿਮਾਰੀ ਦਾ ਸ਼ਿਕਾਰ ਹਨ ਅਤੇ ਮਿਸਟਰ ਸਮਿਦਰ ਮੈਨ ਵਰਗਿਆਂ ਤਾਂ ਖੁਲ੍ਹੇਆਮ ਕਿਹਾ ਸੀ ਕਿ ਜਦ ਮੈਨੂੰ ਕੋਈ ਚੰਗਾ ‘ਬੁਆਰੇ-ਫਰੈਂਡ’ ਮਿਲ ਗਿਆ ਤਾਂ ਮੈਂ ਛੇਤੀ ਵਿਆਹ ਕਰ ਲੈਣਾ ਹੈ।

ਇਥੇ ਦੀ ‘ਪ੍ਰੀਮੀਅਮ’ ਬਾਰੇ ਵੀ ਇਹੀ ਸੁਣੀਦਾ ਹੈ ਕਿ ਉਹ ਇੱਕ ਮਰਦ ਦੀ ਬਜਾਇ ਔਰਤ ਰੱਖਣਾ ਹੀ ਪਸੰਦ ਕਰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਘਿਨੌਣੇ ਬਿੱਲ ਨੂੰ ਲੈ ਕੇ ਆਉਂਣ ਲਈ ਤਰਲੋ-ਮੱਛੀ ਹੋਣ ਵਾਲੀ ਮਗਿੰਟੀ ਸਰਕਾਰ ਦਾ ਡਿਪਟੀ ਸਿੱਖਿਆ ਮੰਤਰੀ ਅਤੇ ਇਸ ਠੋਸੇ ਜਾਣ ਵਾਲੇ ਸਿਲੇਬਸ ਦਾ ਕਰਤਾ ਮਿਸਟਰ ਬੈੱਨ ਲੈਵਲ ਉਹ ਵਿਅਕਤੀ ਸੀ, ਜਿਸ ਉਪਰ 2013 ਵਿਚ ਟਰੰਟੋ ਪੁਲੀਸ ਨੇ ਨਿੱਕਿਆਂ ਬੱਚਿਆਂ ਦੇ ਨੰਗੇਜ਼ ਦੀਆਂ ਫੋਟੋਆਂ ਅਤੇ ਮੂਵੀ ਬਣਾਉਂਣ ਦੇ ਦੋਸ਼ ਤਹਿਤ ਚਾਰਜ ਕਰਕੇ ਗ੍ਰਿਫਤਾਰ ਕੀਤਾ ਸੀ। ਹੁਣ ਚਾਹੇ ਉਹ ਨੌਕਰੀ ਤੋਂ ਬਰਖਾਸਤ ਹੈ, ਪਰ ਉਸ ਦੀ ਰੂਹ ਹਾਲੇ ਵੀ ਭੂਤ ਬਣਕੇ ਸਰਕਾਰੀ ਅਦਾਰਿਆਂ ਵਿਚ ਘੁੰਮ ਰਹੀ ਹੈ।

ਇਥੇ ਸਵਾਲ ਇਹ ਨਹੀਂ ਕਿ ਇਹ ਲੋਕ ਨਿੱਜੀ ਤੌਰ 'ਤੇ ਕੀ ਝੱਖ ਮਾਰਦੇ ਹਨ, ਬਲਕਿ ਗੱਲ ਇਹ ਹੈ ਕਿ ਦੂਜਿਆਂ ਦੇ ਨਿਆਣਿਆਂ ਨੂੰ ਅਜਿਹੀ ਝੱਖ ਮਾਰਨ ਲਈ ਸਕੂਲਾਂ ਵਿਚ ਕਿਉਂ ਉਤਸ਼ਾਹਤ ਕਰਨ ਵਾਲੀਆਂ ਪੌਲਸੀਆਂ ਲੈ ਕੇ ਆ ਰਹੇ ਹਨ?

ਭਵਿੱਖ ਵਿਚ ਇਸ ਦਾ ਮਨੁੱਖੀ ਜੀਵਨ ਉਪਰ ਕੀ ਅਸਰ ਹੋਏਗਾ? ਕਦੇ ਸੋਚਿਆ ਮਨੁੱਖ ਨੇ? ਮਨੁੱਖ ਵਿਚੋਂ ਮਨੁੱਖ ਨੂੰ ਮਾਰ ਦੇਣ ਵਰਗੇ ਇਨ੍ਹਾਂ ਘਟੀਆ ਕਨੂੰਨਾਂ ਦੇ ਹੱਕ ਵਿਚ ਵੋਟਾਂ ਪਾਉਂਣ ਵਾਲੇ ਫਿਰ ਕੀ ਹੋਏ? ਕੋਈ ਬੀਜ ਇੱਕੇ ਦਿਨ ਨਹੀਂ ਉੱਗ ਆਉਂਦਾ, ਉਹ ਪਹਿਲਾਂ ਕਈ ਚਿਰ ਧਰਤੀ ਵਿਚ ਗਲਦਾ, ਪੁੰਗਰਦਾ, ਪਲਦਾ ਅਤੇ ਫਿਰ ਫਲਦਾ ਹੈ। ‘ਬੀ-13’ ਦਾ ਬੀਜ ਜਿਹੜਾ ਮਨੁੱਖ ਬੀਜ ਚੁੱਕਾ ਹੋਇਆ ਉਸ ਦੇ ਨਤੀਜਿਆਂ ਬਾਰੇ ਸੁਣ ਕੇ ਹੀ ਕੰਬਣੀ ਛਿੜਦੀ ਹੈ, ਕਿ ਜਦ ਪੰਜਾਬੀ ਕਲਚਰ ਵਿਚ ਪਲੇ ਨਿਆਣਿਆਂ ਦੇ ਮਾਂ-ਬਾਪ ਨੂੰ ਇਹ ਸੁਣਨ ਨੂੰ ਮਿਲੇਗਾ ਕਿ ਉਨ੍ਹਾਂ ਦਾ ਬੱਚਾ ‘ਗੇਅ’ ਹੈ?

ਇਹ ਲੋਕ ਸੜਕਾਂ ਉਪਰ ਬੜੇ ਮਾਣ ਨਾਲ ‘ਗੇਅ-ਪਰੇਡਾਂ’ ਕਰਦੇ ਹਨ ਅਤੇ ਪਿੱਛੇ ਜਿਹੇ 2009 ਵਿਚ ‘ਪਰਾਈਡ-ਵੀਕ’ ਤੇ 10 ਲੱਖ ਲੋਕਾਂ ਯਾਨੀ ‘ਗੇਆਂ’ ਟਰੰਟੋ ਦੀਆਂ ਸੜਕਾਂ ਉਪਰ ਜਲੂਸ ਕੱਢਿਆ ਅਤੇ ਜੱਫੀਆਂ ਪਾ ਪਾ ਖੁਲ੍ਹੇਆਮ ਇੱਕ ਦੂਜੇ ਦੇ ਮੂੰਹ ਚੁੰਮਦੇ ਰਹੇ ਹਨ, ਪਰ ਉਸ ਸਮੇ ਕਿਹੋ ਜਿਹੇ ਹਾਲਾਤ ਹੋਣਗੇ ਜਦ ਇਹ ਪਰੇਡਾਂ ਸਕੂਲਾਂ ਵਿਚ ਹੋਇਆ ਕਰਨਗੀਆਂ ਅਤੇ ਤੁਹਾਡੇ ਬੱਚੇ ਰੀਸੋ-ਰੀਸੀ ਜਾਂ ਇਨ੍ਹਾਂ ਦੀ ‘ਬੁਲਿੰਗ’ ਤੋਂ ਡਰਦੇ ਇਨ੍ਹਾਂ ਦੀਆਂ ਪਰੇਡਾਂ ਦਾ ਹਿੱਸਾ ਹੋਇਆ ਕਰਨਗੇ। ਅਤੇ ਇਹ ਵੀ ਕਿ ਦੇਖਾ-ਦੇਖੀ ਇਹ ਬਿਮਾਰੀ ਸਕੂਲਾਂ ਵਿਚ ਫੈਲ ਕੇ ਜਦ ਤੁਹਾਡੇ ਘਰਾਂ ਦੀਆਂ ਦਹਿਲੀਜਾਂ ਟੱਪੇਗੀ ਅਤੇ ਮੁੰਡੇ ਤੁਹਾਡੇ ‘ਬੁਆਏ-ਫਰੈਂਡ’ ਘਰੀਂ ਵਾੜਿਆ ਕਰਨਗੇ ਤਾਂ ਮਾਂ-ਪੇ ਦੀ ਜਿਉਂਦੇ ਜੀ ਮੌਤ ਨਹੀਂ ਹੋਵੇਗੀ? ਯਾਦ ਰਹੇ ਕਿ ਨਵੇਂ ਬਣਨ ਜਾ ਰਹੇ ਕਾਨੂੰਨ ਵਿੱਚ ਇਹ ਗੱਲ ਸ਼ਾਮਲ ਹੈ, ਕਿ ਕੋਈ ਇੱਕ ਵੀ ਬੱਚਾ ਉੱਠ ਕੇ ਕਹੇ ਕਿ ਉਸ ਨੇ ਸਕੂਲ ਵਿਚ ‘ਗੇਅ-ਕਲੱਬ’ ਬਣਾਉਂਣਾ ਤਾਂ ਸਕੂਲ ਕਾਨੂੰਨੀ ਤੌਰ 'ਤੇ ਉਸ ਨੂੰ ਰੋਕ ਨਹੀਂ ਸਕਦਾ!

2010 ਵਿਚ ਕੈਥਿਲਿਕ ਸਕੂਲਾਂ ਅਤੇ ਧਾਰਮਿਕ ਨੇਤਾਵਾਂ ਇਸ ਗਲਤ ਸਿੱਖਿਆ ਦੇਣ ਵਾਲੇ ਸਿਲੇਬਸ ਦਾ ਵਿਰੋਧ ਕੀਤਾ। ਵਿਰੋਧ ਉਨ੍ਹਾਂ ਲੋਕਾਂ ਕੀਤਾ ਜਿੰਨਾ ਬਾਰੇ ਸਾਡੇ ਲੋਕ ਬੜਾ ਗਿਭ ਕੇ ਕਹਿੰਦੇ ਕਿ ‘ਇਨ੍ਹਾਂ ਕਿਹੜੀ ਧੀ ਤੋਰਨੀ, ਨੂੰਹ ਲਿਆਉਂਣੀ’। ਪਰ ਧੀਆਂ ਤੋਰਨ ਵਾਲੇ ਅਤੇ ਨੂੰਹਾਂ ਲਿਆਉਣ ਵਾਲਿਆਂ ਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਕਿ ਇਹ ਮਸਲਾ ਕੀ ਹੈ। ‘ਬੀ-13’ ਕਿਸ ਬਲਾਅ ਦਾ ਨਾਂ ਹੈ ਅਤੇ 2015 ਵਿਚ ਠੋਸਿਆ ਜਾਣ ਵਾਲਾ ਕਨੂੰਨ ਕੀ ਹੈ? ਕਿਉਂਕਿ ਨਾ ਸਾਡੇ ਧਾਰਮਿਕ ਲੋਕਾਂ, ਸੰਸਥਾਵਾਂ, ਅਦਾਰਿਆਂ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੈ ਨਾ ਲੋਕਾਂ ਤੱਕ ਪਹੁੰਚਾਇਆ ਹੈ। ਉਹ ਆਪੋ-ਆਪਣੀ ਪਾਰਟੀਆਂ ਨਾਲ ਇਸ ਕਦਰ ਨੱਥੀ ਹਨ, ਕਿ ਪਾਰਟੀ ਜੋ ਮਰਜੀ 19-21 ਕਰੀ ਜਾਏ, ਉਨ੍ਹਾਂ ਨੂੰ ਚੁੱਪ ਰਹਿਣ ਦਾ ਹੁਕਮ ਹੈ ਜਾਂ ਉਹ ਬੋਲਣਾ ਚਾਹੁੰਦੇ ਹੀ ਨਹੀਂ। ਸਾਫ ਜ਼ਾਹਰ ਹੈ ਕਿ ਇਹ ਅਦਾਰੇ ਧਾਰਮਿਕ ਨਾ ਹੋ ਕੇ, ਨਿਰੋਲ ਸਿਆਸੀ ਹਨ ਜਿਹੜੇ ਅਪਣੀ ਰਾਜਨੀਤਕ ਠੁੱਕ ਖਾਤਰ ਧਾਰਮਿਕ ਦਿਨ ਦਿਹਾੜਿਆਂ ਅਤੇ ਨਗਰ ਕੀਰਤਨਾਂ ਉਪਰ ਵੀ ਇਨ੍ਹਾਂ ਦੇ ਸਿਆਸੀ ਅਖਾੜੇ ਲਵਾ ਕੇ ਧਾਰਮਿਕ ਕਾਜ ਲਈ ਇਕੱਠੇ ਹੋਏ ਲੱਖਾਂ ਲੋਕਾਂ ਦੀ ਗਿਣਤੀ ਨੂੰ ਅਪਣੇ ਰਾਜਨੀਤਕ ਮੁਫਾਦਾਂ ਲਈ ਇਨ੍ਹਾਂ ਅੱਗੇ ਪੇਸ਼ ਕਰਦੇ ਹਨ। ਕਦੇ ਤੁਸਾਂ ਇਨ੍ਹਾਂ ਨੂੰ ਮੰਦਰ, ਮੱਸਜਦ, ਚਰਚ ਜਾ ਕੇ ਅਪਣੀ ਸਿਆਸੀ ਝੱਖ ਮਾਰਦੇ ਦੇਖਿਆ?

ਪੰਜਾਬੀ ਰਾਜਨੀਤਕਾਂ ਦੀ ਸੁਣ ਲਉ! ਉਨ੍ਹਾਂ ਪਾਰਟੀ ਦਾ ਹੁਕਮ ਸਿਰ ਮੱਥੇ ਮੰਨਣਾ ਹੁੰਦਾ। ਉਹ ਇਨੇ ਕਮਜੋਰ ਅਤੇ ਗੁਲਾਮ ਹਨ, ਕਿ ਪਾਰਟੀ ਤੋਂ ਬਾਹਰ ਜਾ ਕੇ ਆਜ਼ਾਦ ਸੋਚ ਰੱਖਦੇ ਹੀ ਨਹੀਂ ਤੇ ਨਾ ਬੋਲਦੇ ਹਨ! ਬੋਲਦੇ ਦੀ ਤਾਂ ਛੱਡੋ, ਇਹ ਤਾਂ ਪੰਜਾਬ ਦੇ ਪੁਰਾਣੇ ਅਗੂੰਠਾ ਲਾਊ ‘ਜਥੇਦਾਰਾਂ’ ਵਰਗੇ ਜਾਪਦੇ, ਜਿੰਨਾ ਨੂੰ ਜਿਥੇ ਜੀਅ ਕਰੇ ਪਾਰਟੀ ਅਗੂੰਠਾ ਲਵਾ ਲੈਂਦੀ ਪਰ ਮਜਾਲ ਇਹ ਪਾਰਟੀ ਵਿਰੁਧ ਸਾਹ ਵੀ ਕੱਢ ਜਾਣ। ਤੁਹਾਡੇ ਇਥੇ ਬ੍ਰੈਂਪਟਨ ਵਿਚ ਹੀ ਅੰਮ੍ਰਿਤ ਮਾਂਗਟ ਹੈ, ਵਿੱਕ ਢਿੱਲੋਂ ਹੈ, ਪਰਮ ਗਿੱਲ ਹੈ। ਬੋਲਦਾ ਸੁਣਿਆਂ ਕੋਈ? ਪੁੱਛੋ ਅੰਮ੍ਰਿਤ ਮਾਂਗਟ ਜਾਂ ਵਿੱਕ ਢਿੱਲੋਂ ਨੂੰ ਕਿ ਉਨੀ ਬੀ-13 ਲਈ ਵੋਟ ਨਹੀਂ ਪਾਈ?

** ਟੈਕਨੀਕਲ ਗਲਤੀ ਕਾਰਣ ਪਰਮ ਸਿੱਧੂ ਲਿਖ ਹੋ ਗਿਆ ਸੀ, ਉਸ ਨੂੰ ਪਰਮ ਗਿੱਲ ਪੜ੍ਹਿਆ ਜਾਵੇ। ਇਸ ਗਲਤੀ ਲਈ ਖਿਮਾ ਦਾ ਜਾਚਕ ਹਾਂ। - ਲੇਖਕ

ਪਿੱਛਲੇ ਦਿਨੀ ਤੇਜਬੀਰ ਧੁੱਗਾ ਨੇ ਇੱਕ ਨਵੇਂ ਬਣੇ ਸਕੂਲ ਟਰੱਸਟੀ ਨੂੰ ਫੋਨ ਕੀਤਾ ਕਿ ਭਾਈ ਬੋਲ ਕੁਝ ਇਸ ਮਸਲੇ 'ਤੇ! ਉਹ ਕਹਿੰਦਾ ਕੀ ਬੋਲਾਂ! ਨਹੀਂ ਬੋਲ ਸਕਦਾ ਹੁਣ! ਹੁਣ ਮੈਂ ਰਾਜਨੀਤਕ ਹਾਂ, ਹੁਣ ਕਿਵੇਂ ਬੋਲਾਂ। ਹਾਲੇ ਸਕੂਲ ਟਰੱਸਟੀ ਦਾ ਰਾਜਨੀਤੀ ਨਾਲ ਕੋਈ ਬਹੁਤਾ ਸਬੰਧ ਨਹੀਂ, ਪਰ ਚਲੋ ਹੋਵੇ ਵੀ ਤਾਂ ਇਸ ਦਾ ਮੱਤਲਬ ਵੋਟਾਂ ਵੇਲੇ ਦਾ ਰੌਲਾ ਧੋਖਾ ਹੀ ਹੋਇਆ ਨਾ ਲੋਕਾਂ ਨਾਲ?

ਇੱਕ ਗੱਲ ਸਾਨੂੰ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਰਾਜਨੀਤਕ ਦਾ ਕੋਈ ਧਰਮ, ਦੀਨ, ਈਮਾਨ ਨਹੀਂ ਹੁੰਦਾ। ਉਸ ਅਪਣਾ ਨਫਾ ਨੁਕਸਾਨ ਸੋਚਣਾ ਹੁੰਦਾ ਹੈ, ਤੇ ਉਸ ਦੇ ਮੁਤਾਬਕ ਗੱਲ ਕਰਨੀ ਹੁੰਦੀ ਹੈ, ਇਹ ਉਪਰ ਦਿੱਤੀਆਂ ਦੋ ਮਿਸਾਲਾਂ ਤੋਂ ਸਾਬਤ ਹੈ। ਜੇ ਕੇਵਲ ਸਿੱਖ ਮਸਲਿਆਂ ਦੀ ਗੱਲ ਕਰੀਏ ਤਾਂ ਕੁਲੀਨ-ਬੋਮੀਏ ਅਤੇ ਐਂਡਰੂ-ਕੇਨੀਆ ਨੇ ਜਿਸ ਜੁਅਰਤ ਅਤੇ ਦਲੇਰੀ ਨਾਲ ਸਿੱਖ ਕਤਲੇਆਮ ਅਤੇ ਸਿੱਖ ਮੁੱਦਿਆਂ ਦੀ ਗੱਲ ਕੀਤੀ ਸੀ, ਸਲੂਟ ਅਜਿਹੇ ਮਨੁੱਖਾਂ ਨੂੰ ਹਾਲਾਂ ਕਿ ਉਹ ਸਿੱਖ ਵੀ ਨਹੀਂ ਸਨ।

ਅਖੀਰ 'ਤੇ! ਸਾਨੂੰ ਇਸ ਆਦਤ ਵਾਲੇ ਯਾਨੀ ‘ਗੇਅ’ ਨਾਲ ਕੋਈ ਨਫਰਤ ਨਹੀਂ, ਨਾਂ ਸਾਡਾ ਮੱਕਸਦ ਕਿਸੇ ਦਾ ਮਖੌਲ ਉਡਾਉਂਣਾ ਜਾਂ ਨੀਵਾਂ ਦਿਖਾਉਂਣਾ ਹੈ, ਹਰੇਕ ਨੂੰ ਆਪਣੀ ਤਰ੍ਹਾਂ ਜਿਉਂਣ ਦਾ ਹੱਕ ਹੈ, ਪਰ ਸਾਡਾ ਮੱਤਲਬ ਕੇਵਲ ਇਨਾਂ ਕਿ ਇਹ ਆਜ਼ਾਦੀ ਆਪਣੀਆਂ ਚਾਰ-ਦੀਵਾਰੀਆਂ ਵਿੱਚ ਰੱਖਣ ਅਤੇ ਮਾਨਣ, ਪਰ ਦੂਜਿਆਂ ਉਪਰ ਕਾਨੂੰਨ ਬਣਾ ਕੇ ਨਾ ਠੋਸਣ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top