Share on Facebook

Main News Page

ਈਸਾਈ ਧਰਮ ਅਤੇ ਇਸ ਦਾ ਪ੍ਰਚਾਰ
-: ਗੁਰਦੇਵ ਸਿੰਘ ਸੱਧੇਵਾਲੀਆ

ਠੰਡੀ ਜਿਹੀ ਸਵੇਰ ਸੀ ਬੱਚਿਆਂ ਨੂੰ ਸਕੂਲ ਛੱਡ ਮੈਂ ਬੈਂਕ ਵੜਨ ਲੱਗਾ, ਤਾਂ ਪਾਰਕਿੰਗ-ਲਾਟ ਵਿਚ ਇੱਕ ਬੀਬੀ ਗੱਡੀ ਵਿਚੋਂ ਉਤਰੀ ਅਤੇ ਉਸ ਆਵਾਜ਼ ਦੇਕੇ ਮੈਨੂੰ ਇੱਕ ਪੈਂਫਲਿਟ ਫੜਾਇਆ। ਉਹ ਯਾਹੋਵਾਹ ਦੇ ਬਾਰੇ ਵਿੱਚ ਸੀ।

ਠੰਡ ਦਾ ਮੌਸਮ ਕਰਕੇ ਮੇਰੇ ਘਰ ਦੇ ਪਿੱਛੇ ਵਾਲਾ ਜੰਗਲ ਰੁੰਡ-ਮਰੁੰਡ ਹੋਇਆ ਪਿਆ। ਇਸ ਜੰਗਲ ਤੋਂ ਮੈਨੂੰ ਕੁਦਰਤ ਦੀਆਂ ਅਨੋਖੀਆਂ ਰੁੱਤਾਂ ਦਾ ਪਤਾ ਚਲਦਾ ਰਹਿੰਦਾ। ਹਰਿਆਵਲ ਦੀ ਜਿਥੇ ਖੂਬਸੂਰਤੀ ਹੈ, ਉਥੇ ਪੱਤਝੜ ਦਾ ਵੀ ਆਪਣਾ ਹੀ ਸੁਹੱਪਣ ਹੈ। ਜਿਥੇ ਕੂਲੀਆਂ ਫੁੱਟਦੀਆਂ ਕਰੂੰਬਲਾ ਆ ਰਹੀ ਬਹਾਰ ਦਾ ਸੁਨੇਹਾ ਦਿੰਦੀਆਂ, ਉਥੇ ਕਈ ਰੰਗੇ ਪੀਲੇ-ਖੱਟੇ ਝੜ ਰਹੇ ਪੱਤਿਆਂ ਦਾ ਵੀ ਅਪਣਾ ਸੁਹਪਣ ਹੁੰਦਾ। ਹਰਿਆਵਲ ਬਾਰੇ ਮੈਨੂੰ ਕੁਝ ਪਤਾ ਨਾ ਚਲੇ, ਜੇ ਪੱਤਝੜ ਨਾ ਆਉਂਦੀ ਹੋਵੇ। ਕੁਦਰਤ ਦੀ ਇਹੀ ਵਿਲੱਖਣਤਾ ਹੈ, ਕਿ ਉਹ ਅਪਣੇ ਰੰਗ ਬਦਲਦੀ ਰਹਿੰਦੀ ਹੈ। ਇਕਸਾਰਤਾ ਤਾਂ ਖੜੋਤੇ ਪਾਣੀਆਂ ਦਾ ਨਾਂ ਹੈ। ਵਗਦੇ ਅਤੇ ਵਹਿੰਦੇ ਦਰਿਆਵਾਂ ਵਿਚੋਂ ਕੁਦਰਤ ਸੀਨਾ ਪਾੜ ਪਾੜ ਬਾਹਰ ਆਉਂਦੀ ਹੈ।

ਮੈਂ ਘਰੇ ਆ ਕੇ ਉਹ ਪੈਂਫਲਿਟ ਪੜਿਆ। ਕਿ ਪ੍ਰਮੇਸ਼ਰ ਅੱਖਾਂ ਵਿਚੋਂ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਮਰੇਗਾ ਨਹੀਂ, ਨਾ ਹੀ ਸੋਗ ਹੋਵੇਗਾ ਅਤੇ ਨਾ ਹੀ ਕਿਸੇ ਨੂੰ ਕੋਈ ਦੁੱਖ-ਦਰਦ ਹੋਵੇਗਾ ਤੇ ਨਾ ਕੋਈ ਬਿਮਾਰੀ!

ਇਹ ਵੀ ਕਿ ਪਰਮੇਸ਼ਰ ਦੀ ਅਪਣੇ ਵਾਅਦੇ ਪੂਰੇ ਕਰਨ ਦੀ ਤਮੰਨਾ ਹੈ। ਯਾਹੋਵਾਹ ਮੌਤ ਦੀ ਨੀਂਦ ਸੌਂ ਚੁੱਕੇ ਲੋਕਾਂ ਨੂੰ ਦੁਬਾਰਾ ਜਿੰਉਂਦਾ ਕਰਨ ਲਈ ਬੇਤਾਬ ਹੈ।

ਕੁਝ ਸਾਲਾਂ ਦੀ ਗੱਲ ਹੈ। ਹਾਲੇ ਸਵੇਰੇ ਕਰੀਬਨ 9 ਕੁ ਹੀ ਵੱਜੇ ਸਨ ਕਿ ਸਾਡੇ ਦਰਵਾਜੇ ਦੀ ਘੰਟੀ ਖੜਕੀ। ਮੇਰੇ ਬੇਟੇ ਨੇ ਦਰਵਾਜਾ ਖੋਹਲਿਆ ਤਾਂ ਸਾਹਵੇਂ ਹੱਥਾਂ ਵਿੱਚ ਕੁੱਝ ਕਿਤਾਬਚੇ ਲਈ ਖੜੀਆਂ ਪੰਜਾਬੀ ਬੀਬੀਆਂ ਕਹਿੰਦੀਆਂ ਕਿ ਅਪਣੀ ਮਾਂ ਨੂੰ ਸੱਦ। ਮੇਰੀ ਪਤਨੀ ਜਦ ਦਰਵਾਜੇ ਅੱਗੇ ਆਈ ਤਾਂ ਅਨਜਾਣ ਬੀਬੀਆਂ ਨੂੰ ਦੇਖ ਉਸ ਮੈਨੂੰ ਆਵਾਜ਼ ਮਾਰਨੀ ਚਾਹੀ, ਤਾਂ ਉਹ ਬੋਲ ਪਈਆਂ ਨਹੀਂ! ਤੁਹਾਡੇ ਨਾਲ ਹੀ ਗੱਲ ਕਰਨੀ ਹੈ। ਪਰ ਪਤਨੀ ਮੇਰੀ ਨੇ ਫਿਰ ਵੀ ਮੈਨੂੰ ਆਵਾਜ਼ ਮਾਰ ਲਈ। ਜਦ ਉਨ੍ਹਾਂ ਅਪਣੇ ਕਿਤਾਬਚੇ ਸਾਨੂੰ ਦੇਣੇ ਚਾਹੇ ਅਤੇ ਕਿਹਾ ਕਿ ਯਿੱਸੂ ਦਾ ਸੁਨੇਹਾ ਹੈ, ਤਾਂ ਮੈਂ ਉਸ ਨੂੰ ਪੁੱਛ ਲਿਆ ਕਿ ਬੀਬਾ ਤੁਸੀਂ ਬਾਈਬਲ ਪੜੀ ਹੈ? ਉਸ ਨੇ ਮੇਰਾ ਜਵਾਬ ਦੇਣ ਦੀ ਬਜਾਇ ਆਪਣੀ ਗੱਲ ਜਾਰੀ ਰੱਖਣੀ ਚਾਹੀ, ਪਰ ਮੈਂ ਉਸ ਨੂੰ ਟੋਕ ਦਿੱਤਾ ਕਿ ਪਹਿਲਾਂ ਤੂੰ ਮੇਰੀ ਗੱਲ ਦਾ ਜਵਾਬ ਦੇਹ। ਕਹਿੰਦੀ ਪੜੀ ਹੈ! ਮੈਂ ਕਿਹਾ ਕਿਹੜੇ ਵਾਲੀ? ਪਹਿਲੀ ਜਾਂ ਉਦੋਂ ਪਹਿਲੀ, ਜਾਂ ਉਦੋਂ ਵੀ ਪਹਿਲੀ ਜਾਂ ਹੁਣ ਵਾਲੀ? ਉਹ ਭੁਮੱਤਰ ਜਿਹੀ ਗਈ ਤੇ ਇਹ ਕਹਿ ਕੇ ਤੁਰਨ ਵਾਲੀ ਹੋ ਗਈ ਕਿ ਸਾਨੂੰ ਤਾਂ ਬੱਅਸ ਯਿਸੂ ਦਾ ਸੁਨੇਹਾ ਦੇਣਾ ਸੀ! ਅਸੀਂ ਉਨ੍ਹਾਂ ਨੂੰ ਅੰਦਰ ਆ ਕੇ ਚਾਹ ਪੀ ਕੇ ਜਾਣ ਲਈ ਅਤੇ ਯੱਸੂ ਜੀ ਬਾਰੇ ਵਧੇਰੇ ਜਾਣਕਾਰੀ ਦੇ ਕੇ ਜਾਣ ਲਈ ਕਿਹਾ, ਪਰ ਉਹ ਫਿਰ ਆਵਾਂਗੀਆਂ ਕਹਿ ਕੇ ਚਲੇ ਗਈਆਂ।

ਮੇਰਾ ਇੱਕ ਮਿੱਤਰ ਹੈ। ਉਸ ਦੇ ਗੁਆਂਢ ਉਸ ਦਾ ਮਿੱਤਰ ਹੈ, ਜਿਹੜਾ ਟਰੱਕ ਚਲਾਉਂਦਾ। ਉਹ ਜਿਆਦਾ ਬਾਹਰ ਰਹਿੰਦਾ ਹੋਣ ਕਾਰਨ ਕਦੇ ਕਦੇ ਉਸ ਨੂੰ ਫੋਨ ਕਰ ਦਿਆ ਕਰਦਾ ਸੀ ਕਿ ਮੇਰੇ ਬੱਚਿਆਂ ਨੂੰ ਵੀ ਗੁਰਦੁਆਰੇ ਲੈ ਜਾਇਆ ਕਰੇ। ਇੱਕ ਦਿਨ ਨਗਰ ਕੀਰਤਨ ਸੀ ਉਸ ਦਾ ਫੋਨ ਆਇਆ ਕਿ ਮੈਂ ਲੇਟ ਹੋ ਜਾਣਾ, ਮੇਰੇ ਬੱਚੇ ਵੀ ਲੈ ਜਾਣੇ। ਉਸ ਨੇ ਆਪਣੀ ਪਤਨੀ ਨੂੰ ਘੱਲਿਆ ਕਿ ਨਾਲ ਵਾਲਿਆਂ ਨੂੰ ਸੱਦ ਲਿਆ ਉਨੀ ਅਪਣੇ ਨਾਲ ਜਾਣਾ ਹੈ। ਉਹ ਜਦ ਸੱਦਣ ਗਈ, ਤਾਂ ਅਗਿਓਂ ਬੱਚਿਆ ਦੀ ਮਾਂ ਕਹਿੰਦੀ ਅਸੀਂ ਨਹੀਂ ਜਾਣਾ ਹੁਣ ਗੁਰਦੁਆਰੇ ਅਸੀਂ ਤਾਂ ਕ੍ਰਿਸ਼ਚਨ ਹੋ ਗਏ ਹਾਂ! ਉਸ ਦੀ ਪਤਨੀ ਮੁੜ ਆਈ, ਤਾਂ ਘਰਵਾਲਾ ਖੁਦ ਗਿਆ ਕਿ ਗੱਲ ਕੀ ਹੋਈ। ਉਸ ਨੂੰ ਉਸ ਨੇ ਇਹੀ ਜਵਾਬ ਦਿੱਤਾ, ਕਿ ਵੀਰ ਜੀ ਹੁਣ ਅਸੀਂ ਗੁਰਦੁਆਰੇ ਨਹੀਂ ਜਾਇਆ ਕਰਨਾ, ਅਸੀਂ ਯੱਸੂ ਦੇ ਵਿਟਨਿਸ ਹੋ ਗਏ ਹਾਂ।

ਖੈਰ ਘਰਵਾਲਾ ਟਰੱਕ ਤੋਂ ਮੁੜਿਆ, ਉਸ ਨੂੰ ਪਤਾ ਲੱਗਾ ਤਾਂ ਉਸ ਦੀ ਖਾਨਿਓਂ ਗਈ। ਉਸ ਰਿਸ਼ਤੇਦਾਰਾਂ ਨੂੰ ਵਿਚ ਪਾ ਕੇ ਬਥੇਰਾ ਸਮਝਾਇਆ, ਪਰ ਉਹ ਔਰਤ ਕਹਿੰਦੀ ਚਾਹੇ ਤੁਸੀਂ ਸਾਰੇ ਛੱਡ ਦਿਓ, ਪਰ ਮੇਰਾ ਸਭ ਕੁਝ ਹੁਣ ਯੱਸੂ ਹੀ ਹੈ। ਸਿੰਘ ਵੀ ਅੜ ਗਿਆ। ਬੀਬੀ ਨਿਆਣੇ ਲੈ ਕੇ ਅਲੱਗ ਹੋ ਗਈ। ਘਰ ਬਿਖਰ ਗਿਆ...

ਉਸ ਮਿੱਤਰ ਨੇ ਹੀ ਮੈਨੂੰ ਅਗਲੀ ਕਹਾਣੀ ਸੁਣਾਈ ਕਿ ਉਨ੍ਹਾਂ ਦਾ ਦੂਸਰਾ ਹੱਲਾ ਸਾਡੇ ਘਰ ਉਪਰ ਸੀ। ਕੁਝ ਪੰਜਾਬੀ ਬੀਬੀਆਂ ਆਈਆਂ। ਮੇਰੀ ਪਤਨੀ ਨੂੰ ਜ਼ੋਰ ਦੇਣ ਲੱਗੀਆਂ ਕਿ ਤੂੰ ਇੱਕ ਵਾਰ ਚਲ ਤਾਂ ਸਹੀਂ ਸਾਡੇ ਨਾਲ। ਦੁਨੀਆਂ ਹੀ ਹੋਰ ਹੈ ਉਥੇ। ਸਵਰਗ ਕੀਹਨੇ ਦੇਖਿਆ, ਪਰ ਇਥੇ ਸਵਰਗ ਜੇ ਤੈਨੂੰ ਨਾ ਦਿੱਸਿਆ ਤਾਂ ਮੁੜ ਆਵੀਂ। ਅਸੀਂ ਵੀ ਤਾਂ ਸਿੱਖ ਹੀ ਹਾਂ। ਇਹ ਕਿਹੜਾ ਕਿਸੇ ਨੂੰ ਗੁਰਦੁਆਰੇ ਜਾਣੋ ਰੋਕਦੇ। ਉਹ ਬੀਬੀ ਕਹਿੰਦੀ ਕਿ ਮੇਰੇ ਘਰਵਾਲੇ ਵਾਲੇ ਨੂੰ ਆ ਲੈਣ ਦਿਓ ਅਸੀਂ ਇੱਕਠੇ ਹੀ ਚਲਾਂਗੇ ਤੁਸੀਂ ਸ਼ਾਮ ਨੂੰ ਆਇਓ। ਪਰ ਉਨ੍ਹਾਂ ਦਾ ਜੋਰ ਇਸ ਗੱਲ ਉਪਰ ਸੀ ਕਿ ਪਹਿਲਾਂ ਤੂੰ ਕੱਲੀ ਚਲ? ਤੁਸੀਂ ਸਮਝ ਗਏ ਕਿ ਪਹਿਲਾਂ ਕੱਲੀ ਕਿਉਂ?

ਇੱਕ ਮੇਰੇ ਰੀਅਲ-ਸਟੇਟ ਵਿਚ ਕੰਮ ਕਰਦੇ ਮਿੱਤਰ ਨੇ ਮੈਨੂੰ ਦੱਸਿਆ ਕਿ ਪਿੱਛੇ ਜਿਹੇ ਰੀਅਲ-ਸਟੇਟ ਵਾਲਿਆਂ ਉਪਰ ਟੈਕਸ ਦਾ ਬਹੁਤ ਸ਼ਿਕੰਜਾ ਕੱਸਿਆ ਗਿਆ ਸੀ। ਰੀਅਲ-ਸਟੇਟ ਵਾਲੇ ਕੀ ਕਰਦੇ ਸਨ ਕਿ ਦੋ-ਚਾਰ ਘਰ ਇਕੱਠੇ ਹੀ ਬੁੱਕ ਕਰਾ ਕੇ ਮਹਿੰਗੇ ਕਰਕੇ ਵੇਚ ਦਿੰਦੇ ਸਨ। ਸਰਕਾਰ ਨੇ ਪਿਛਲੇ-ਅਗਲੇ ਸਾਰੇ ਚਿੱਠੇ ਕੱਢ ਮਾਰੇ ਤੇ ਕਿਸੇ ਨੂੰ 40 ਕਿਸੇ ਨੂੰ 80-80 ਹਜਾਰ ਦਾ ਬਿੱਲ ਬਣਾ ਕੇ ਘਰੀਂ ਭੇਜ ਦਿੱਤਾ। ਉਹ ਕਹਿੰਦਾ ਕਿ ਮੇਰੇ ਉਪਰ ਵੀ 80 ਹਜਾਰ ਦੀ ਤਲਵਾਰ ਲਟਕਾ ਦਿੱਤੀ ਟੈਕਸ ਵਾਲਿਆਂ। ਉਸ ਦੀ ਇੱਕ ਕਲਾਇੰਟ ਹੈ ਮਹਿੰਦਰ ਕੌਰ ਧਾਲੀਵਾਲ। ਉਸ ਨੂੰ ਕਹਿੰਦੀ ਕਿਉਂ ਫਿਕਰ ਕਰਦੈਂ, ਚਲ ਤੈਨੂੰ ਯਿੱਸੂ ਦੀ ਸ਼ਰਨ ਲੈ ਕੇ ਚਲਾਂ, ਉਥੇ ਅਜਿਹੇ ਬੜੇ ਬੈਠੇ ਹੁੰਦੇ ਟੈਕਸਾਂ ਵਾਲੇ ਸਭ ਮੁਆਫ ਕਰਾ ਦਿਆਂਗੀ?? ਉਹ ਮਾਫ ਕਰਾ ਸਕਦੀ ਸੀ ਜਾਂ ਨਹੀਂ, ਜਾਂ ਕਿਵੇਂ ਕਰਾ ਸਕਦੀ ਸੀ ਜਾਂ ਉਂਝ ਹੀ ਉਸ ਨੂੰ ਫਸਾਉਣਾ ਚਾਹੁੰਦੀ ਸੀ, ਇਹ ਤੇ ਤਾਂ ਪਤਾ ਲੱਗਦਾ ਜੇ ਉਹ ਜਾਂਦਾ। ਉਹ ਅਗਿਉਂ ਕਹਿੰਦਾ ਬੀਬਾ ਮੈਂ ਗੁਰੂ ਦਾ ਸਿੰਘ ਹਾਂ ਤੂੰ 80 ਹਜਾਰ ਪਿੱਛੇ ਤੂੰ ਮੈਨੂੰ ਯੀਸੂ ਲਈ ਖਰੀਦਣਾ ਚਾਹੁੰਦੀ?

ਮੇਰਾ ਇੱਕ ਰਿਸ਼ਤੇਦਾਰ ਹੈ। ਪੇਡੂੰ ਬੰਦਾ। ਸਿੱਧਾ-ਪੱਧਰਾ। ਉਸ ਕੋਲੇ ਇੱਕ ਵਾਰ ਈਸਾਈ ਪ੍ਰਚਾਰਕ ਆ ਗਏ। ਉਸ ਕਿਹਾ ਕਿ ਭਾਈ ਜੀਉ ਆਇਆ ਨੂੰ। ਜੀਸਸ ਬੜੇ ਚੰਗੇ ਸਨ, ਮਹਾਨ ਸਨ। ਮੈਂ ਉਨ੍ਹਾਂ ਦਾ ਆਦਰ ਕਰਦਾ ਹਾਂ, ਪਰ ਮੈਂ ਜਿੱਥੇ ਹਾਂ, ਠੀਕ ਹਾਂ। ਉਝਂ ਤੁਸੀਂ ਆਉ ਚਾਹ-ਪਾਣੀ ਛੱਕੋ ਤੇ ਜਾਉ। ਚਲੋ ਉਹ ਚਲੇ ਗਏ ਅਗਲੇ ਹਫਤੇ ਫਿਰ ਦਰਵਾਜੇ 'ਤੇ। ਉਸ ਫਿਰ ਕਿਹਾ ਕਿ ਤੁਸੀਂ ਸਮਾਂ ਖਰਾਬ ਕਰ ਰਹੇ ਹੋ, ਮੇਰਾ ਵੀ ਤੇ ਅਪਣਾ ਵੀ। ਤੁਸੀਂ ਦਰਵਾਜੇ 'ਤੇ ਆਉਂਦੇ ਹੋ, ਬਿਨਾ ਦਰਵਾਜਾ ਖੋਹਲੇ ਤੁਹਾਨੂੰ ਮੋੜਨਾ ਵੀ ਚੰਗਾ ਨਹੀਂ ਲੱਗਦਾ ਤੇ ਖੋਹਲਣਾ ਵੀ ਨਹੀਂ ਚਾਹੁੰਦਾ ਮੈਂ। ਪਰ ਜਦ ਉਹ ਤੀਜੀ ਵਾਰ ਫਿਰ ਆਏ, ਤਾਂ ਉਹ ਕਹਿੰਦਾ ਚਲ ਯਾਰ ਅੱਜ ਆਪਾਂ ਗੱਲ ਕਰ ਹੀ ਲੈਂਦੇ ਹਾਂ। ਮੇਰੇ ਗੁਰੂ ਗੋਬਿੰਦ ਸਿੰਘ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਜੀ। ਉਨ੍ਹਾਂ ਦੇ ਪਿਤਾ ਦਾ ਨਾਂ ਗੁਰੂ ਹਰ ਗੋਬਿੰਦ ਸਾਹਿਬ ਜੀ। ਉਨ੍ਹਾਂ ਦੇ ਪਿਤਾ ਦਾ ਨਾਂ ਗੁਰੂ ਅਰਜਨ ਦੇਵ ਜੀ। ਚਲ ਇਨਾ ਬੜਾ। ਚਲ ਦੱਸ ਜੀਸਸ ਦੇ ਪਿਤਾ ਦਾ ਨਾਂ ਕੀ ਸੀ?

ਨਹੀਂ ਉਹ ਤਾਂ ਖੁਦ ਪਰਮਾਤਮਾ ਦੇ ਬੇਟੇ ਸਨ!

ਪਰਮਾਤਮਾ ਹੇਠਾਂ ਆਇਆ ਸੀ, ਜਾਂ ਮੈਰੀ ਉਪਰ ਗਈ ਸੀ?

ਉਸ ਤੋਂ ਬਾਅਦ ਉਹ ਨਹੀਂ ਆਏ!

ਪਿੰਡਾ ਵਿਚੋਂ ਆਇਆਂ ਨੂੰ ਪਤਾ ਹੋਣਾ ਕਿ ਪਿੰਡਾਂ ਵਿਚ ਮੰਗਤੇ, ਪੁੱਛਾਂ ਦੇਣ ਵਾਲੇ, ਹੱਥ ਵੇਖਣ ਵਾਲੇ, ਬਾਬੇ, ਢੋਂਗੀ, ਜੋਗੀ ਸਭ ਪਤਾ ਕਦੋਂ ਆਉਂਣੇ ਸ਼ੁਰੂ ਹੁੰਦੇ ਸਨ? ਜਦ ਬੰਦੇ ਸਭ ਖੇਤਾਂ ਵਿਚ ਚਲੇ ਜਾਂਦੇ ਸਨ, ਘਰ ਕੇਵਲ ਬੀਬੀਆਂ ਹੁੰਦੀਆਂ ਸਨ! ਬਾਕੀ ਸ਼ਹਿਰਾਂ ਵਿੱਚ ਵੀ ਸ਼ਾਇਦ ਇੰਝ ਹੀ ਹੋਵੇ, ਪਰ ਇਥੇ ਟੋਰੰਟੋ ਵਿਖੇ ਈਸਾਈ ਬਣੀਆਂ ਪੰਜਾਬੀ ਮਾਈਆਂ ਵੀ ਪੰਜਾਬੀ ਘਰਾਂ ਵਿੱਚ ਉਦੋਂ ਕੁ ਆਉਂਦੀਆਂ, ਜਦ ਬੀਬੀਆਂ ਕੱਲੀਆਂ ਘਰ ਹੁੰਦੀਆਂ। ਉਨ੍ਹਾਂ ਨਾਲ ਮਿੱਠੀਆਂ ਮਿੱਠੀਆਂ ਮਾਰਦੀਆਂ। ਸਹਿਜੇ ਸਹਿਜੇ ਉਨ੍ਹਾਂ ਨੂੰ ਅਪਣੇ ਸਤਿਸੰਗ ਵਿੱਚ ਲਿਜਾਦੀਆਂ ਤੇ ਬਹੁਤ ਘਰਾਂ ਵਿਚ ਮੁੜ ਡਾਇਵੋਰਸ ਦਾ ਕਾਰਨ ਬਣਦੀਆਂ। ਇੰਝ ਇਹ ਅਜਿਹਾ ਨੈੱਟਵਰਕ ਹੈ, ਜਿਸ ਰਾਹੀਂ ਸਿੱਖ ਭਾਈਚਾਰੇ ਨਾਲ ਸਬੰਧਤ ਬੀਬੀਆਂ ਸਭ ਤੋਂ ਛੇਤੀ ਅਤੇ ਸੌਖੀਆਂ ਵਰਗਲਾਈਆਂ ਜਾਦੀਆਂ ਹਨ।

ਸਭ ਤੋਂ ਸੌਖੀਆਂ ਅਤੇ ਛੇਤੀ ਵਰਗਲਾਈਆਂ ਜਾਣ ਵਾਲੀਆਂ ਸਿੱਖ ਭਾਈਚਾਰੇ ਨਾਲ ਸਬੰਧਤ ਬੀਬੀਆਂ ਹਨ। ਦਰਅਸਲ ਵਰਗਲਾਇਆ ਜਾਣਾ ਵਾਲਾ ਸਿੱਖ ਹੁੰਦਾ ਹੀ ਨਹੀਂ। ਸਿੱਖ ਵਰਗਾਲਿਆ ਨਹੀਂ ਜਾਂਦਾ। ਨਾ ਸਿੱਖ ਕਿਸੇ ਨੂੰ ਵਰਗਲਾਉਂਦਾ ਹੈ। ਵਰਗਲਾਇਆ ਜਾਣਾ ਵਾਲਾ ਅਤੇ ਵਰਗਲਾਉਂਣ ਵਾਲਾ ਸਿੱਖ ਹੁੰਦਾ ਹੀ ਨਹੀਂ। ਗੁਰਦੁਆਰੇ ਜਾ ਕੇ ਪਕੌੜਿਆਂ ਨਾਲ ਲੇਹੜਨ ਵਾਲੇ ਨੂੰ ਸਿੱਖ ਥੋੜੋਂ ਕਹਿੰਦੇ ਜਾਂ ਨਗਰ ਕੀਰਤਨਾਂ ਤੇ ਜਲੇਬਾਂ ਨਾਲ ਮੂੰਹ ਲਬੇੜੀ ਫਿਰਨ ਦਾ ਨਾਂ ਸਿੱਖ ਹੈ। ਸਿੱਖ ਜੀਵਨ ਜਾਚ ਦਾ ਨਾਮ ਹੈ। ਉਹ ਕੇਵਲ ਆਪਣੇ ਜੀਣ ਦਾ ਹੱਕ ਹੀ ਨਹੀਂ ਰੱਖਦਾ, ਬਲਕਿ ਦੂਜਿਆਂ ਨੂੰ ਵੀ ਜਿਉਂਣ ਦਾ ਹੱਕ ਦਿੰਦਾ ਹੈ। ਤੇ ਉਸ ਦੇ ਅਕੀਦੇ ਦੇ ਮੁਤਾਬਕ ਦਿੰਦਾ ਹੈ। ਪੈਂਦੇ ਖਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਾਲਿਆ, ਵੱਡਾ ਕੀਤਾ, ਵਿਆਹਿਆ। ਪਰ ਜਦ ਆਖਰ ਲੜਾਈ ਵੇਲੇ ਗੁਰੂ ਨੇ ਉਲਟਾ ਕੇ ਮਾਰਿਆ ਘੋੜੇ ਤੋਂ, ਤਾਂ ਸਹਿਕਦੇ ਕੋਲੇ ਗਏ ਤੇ ਪਤਾ ਕੀ ਕਹਿੰਦੇ? ਕਹਿੰਦੇ ਪੈਂਦੇ ਖਾਂ ਆਖਰੀ ਸਮਾਂ ਹੈ, ਪੜ ਕਲਮਾ!!! ਯਾਨੀ ਕੋਲੇ ਰੱਖ ਕੇ, ਪਾਲ ਕੇ, ਵੱਡਾ ਕਰਕੇ ਵੀ ਉਸ ਦਾ ਧਰਮ ਨਹੀਂ ਬਦਲਿਆ। ਪਾਲ-ਪੋਸ ਕੇ ਵੀ ਵਰਗਲਾਇਆ ਨਹੀਂ, ਉਸ ਨੂੰ ਕਿ ਤੂੰ ਮੇਰਾ ਧਰਮ ਗ੍ਰਹਿਣ ਕਰ।

ਵਰਗਲਾਏ ਜਾਣ ਵਾਲੇ ਲੋਕਾਂ ਨੂੰ ਤੁਸੀਂ ਚਾਹੇ ਕਿਸੇ ਪੰਡਤ ਦੇ ਲੈ ਜਾਉ, ਯੱਸੂ ਦੇ ਲੈ ਜਾਉ, ਬਾਬੇ ਦੇ ਲੈ ਜਾਉ, ਜੋਤਸ਼ੀ ਦੇ ਲੈ ਜਾਉ, ਪੁੱਛਾਂ ਦੇਣ ਵਾਲੇ ਦੇ ਲੈ ਜਾਉ, ਤਿਆਰ? ਕੋਈ ਬਹੁਤਾ ਉਜਰ ਕਰਨ ਦੀ ਜਰੂਰਤ ਨਹੀਂ। ਇਨ੍ਹਾਂ ਮਾਮਲਿਆਂ ਵਿਚ ਸਭ ਤੋਂ ਕਮਜੋਰ ਪੰਜਾਬੀ ਭਾਈਚਾਰਾ ਹੈ। ਧਾੜਾਂ ਦੀਆਂ ਧਾੜਾਂ ਨੂੰ ਸਾਂਭੀ ਫਿਰਦਾ ਹੈ। ਤੇ ਮਾਈਆਂ?

ਵੈਸੇ ਹੈਰਾਨ ਕਰਨ ਵਾਲੀ ਗੱਪ ਇਹ ਹੈ ਕਿ ਕੋਈ ਮਰੇਗਾ ਨਹੀਂ। ਸਾਡੇ ਬਾਬੇ, ਦਾਦੇ, ਲੱਕੜਦਾਦੇ ਨਾ ਮਰਦੇ, ਤਾਂ ਸੋਚਿਆ ਜਾ ਸਕਦਾ ਕਿ ਇਸ ਧਰਤੀ ਉਪਰ ਹੁਣ ਤੱਕ ਕੀ ਹੋਣਾ ਸੀ? ਤੇ ਕਦੇ ਇੰਝ ਹੋਵੇਗਾ ਕਿ ਕਦੇ ਕੋਈ ਮਰੇਗਾ ਹੀ ਨਹੀਂ? ਕੌਣ ਹੈ ਜੋ ਮੌਤ ਵਰਗੀ ਅੱਟਲ ਸਚਾਈ ਨੂੰ ਝੁਠਲਾ ਸਕਦਾ। ਅਜਿਹੇ ਸੱਚ ਤੋਂ ਮੁਨਕਰ ਹੋਣ ਵਰਗਾ ਹੋਰ ਝੂਠ ਕੀ ਹੈ?

ਉਂਝ ਤੁਸੀਂ ਸੁਪਨਾ ਹੀ ਤਾਂ ਲੈ ਕੇ ਦੇਖੋ ਕਿ ਅੱਜ ਯੱਸੂ ਜੀ ਆ ਕੇ ਮੌਤ ਦੀ ਨੀਂਦੇ ਸੌਂ ਚੁੱਕੇ ਸਭ ਲੋਕਾਂ ਨੂੰ ਜਿਉਂਦਾ ਕਰ ਦੇਣ ਤਾਂ ਧਰਤੀ ਦੀ ਹਾਲਤ ਕੀ ਹੋਵੇਗੀ। 7 ਅਰਬ ਦੀ ਅਬਾਦੀ ਹੈ ਇਸ ਧਰਤੀ ਦੀ। ਇਨੀ ਆਬਾਦੀ ਹੀ ਮਨੁੱਖ ਲਈ ਸਿਰਦਰਦੀ ਬਣੀ ਹੋਈ। ਪਰ ਜਦ ਤੋਂ ਯੱਸੂ ਜੀ ਗਏ ਨੇ ਉਦੋਂ ਤੋਂ ਹੁਣ ਤੱਕ ਦੇ ਸਭ ਯੱਸੂ-ਭਗਤ ਉਠਾਉਂਣੇ ਪੈਣਗੇ ਨਾ ਕਬਰਾਂ ਵਿਚੋਂ। ਤੇ ਸੋਚੋ ਕਿ ਹੁਣ ਤੱਕ ਦੇ ਕਿੰਨੇ ਈਸਾਈ ਧਰਮ ਨੂੰ ਮੰਨਣ ਵਾਲੇ ਕਬਰਾਂ ਵਿਚ ਨੇ! ਸਭ ਕਬਰਾਂ ਵਿਚੋਂ ਉੱਠ ਕੇ ਤੁਹਾਡੀ ਧਰਤੀ ਉਪਰ ਆ ਰਹੇ ਨੇ, ਤਾਂ ਫਿਰ ਤੁਹਾਨੂੰ ਜਿਉਂਦੇ ਲੋਕਾਂ ਨੂੰ ਖੁਦ ਨੂੰ ਕਬਰਾਂ ਦਾ ਪ੍ਰਬੰਧ ਨਹੀਂ ਕਰਨਾ ਚਾਹੀਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top