Share on Facebook

Main News Page

ਖਸਮੁ ਮਰੈ ਤਉ ਨਾਰਿ ਨ ਰੋਵੈ…
-: ਗੁਰਦੇਵ ਸਿੰਘ ਸੱਧੇਵਾਲੀਆ

ਕਿਉਂਕਿ ‘...ਉਸੁ ਰਖਵਾਰਾ ਅਉਰੋ ਹੋਵੈ ॥’

ਪਹਿਲਾ ਖਸਮ ਹਾਲੇ ਮਰਦਾ ਨਹੀਂ ਅਗਲਾ ਖਸਮ ਤਾਂ ਪਹਿਲਾਂ ਹੀ ਤਿਆਰ ਹੁੰਦਾ ਤਾਂ ਨਾਰ ਨੂੰ ਰੋਣ ਦੀ ਕੀ ਲੋੜ ਪਈ। ਮਾਇਆ ਇੱਕ ਅਜਿਹੀ ਮੋਹਣੀ ਨਾਰ ਹੈ, ਕਿ ਹਰੇਕ ਇਸ ਦਾ ਖਸਮ ਬਣਨ ਲਈ ਤਿਆਰ! ਨਾਰ ਤੇ ਤਾਂ ਰੋਵੇ ਜੇ ਹੋਰ ਖਸਮ ਨਹੀਂ! ਪਹਿਲਾ ਖਸਮ ਹਾਲੇ ਮਰਿਆ ਨਹੀਂ ਹੁੰਦਾ, ਅਗਲਾ ਪਹਿਲਾਂ ਹੀ ਬਾਹਵਾਂ ਟੰਗੀ ਫਿਰਦਾ ਹੁੰਦਾ। ਪਿਉ ਹਾਲੇ ਮੰਜੇ ਤੇ ਹੁੰਦਾ, ਸਾਹ ਲੈ ਰਿਹਾ ਹੁੰਦਾ, ਮੁੰਡਾ ਸੋਚਦਾ ਚਲਦਾ ਜਾਂ ਲਾਵਾਂ ਧੱਕਾ? ਇਹ ਨਾਰ ਪਿਆਰੀ ਬੜੀ! ਹਰੇਕ ਦਾ ਦਿੱਲ ਕਰਦਾ ਵਰਨ ਨੂੰ। ਹਰੇਕ ਦਾ ਸੁਪਨਾ ਹੈ। ਹਰੇਕ ਇਸ ਦੇ ਸੁਪਨੇ ਲੈਂਦਾ। ਹਰੇਕ ਦੇ ਸੁਪਨਿਆਂ ਵਿਚ ਆਉਂਦੀ ਸੁੱਤੇ ਵੀ ਜਾਗਦਿਆਂ ਵੀ!

ਵੱਡੇ ਵੱਡੇ ਤਿਆਗੀ, ਸੰਤ, ਸਾਧ, ਬਾਬੇ ਸਭ ਇਸ ਨੂੰ ਵਿਆਹੁਣ ਲਈ ਕਾਹਲੇ। ਔਰਤ ਦੇ ਕਹਿੰਦੇ ਨੇੜੇ ਨਹੀਂ ਜਾਂਦੇ, ਨਾਰ ਕਹਿੰਦੇ ਘਰ ਨਹੀਂ ਵਾੜਦੇ, ਪਰ ਇਸ ਨਾਰ ਪਿੱਛੇ? ਆਸ਼ੂਤੋਸ਼ ਵਰਗੇ ਵੱਢ ਕੇ ਅਗਲਿਆਂ ਫਰਿੱਜ਼ ਵਿਚ ਦਫਨਾ ਦਿੱਤੇ। ਵੱਡੇ ਸੰਤ ਨੂੰ ਨਾ ਕਬਰ ਨਾ ਕਫਨ ਨਸੀਬ ਹੋਇਆ! ‘ਪਹੁੰਚੇ ਹੋਏ’ ਸੰਤਾਂ ਦੇ ਡੇਰਿਆਂ 'ਤੇ ਇਸ ਦਾ ਬੋਲ-ਬਾਲਾ। ਹਰਲ ਹਰਲ ਕਰਦੀ ਫਿਰਦੀ ਭੋਰਿਆਂ ਵਿੱਚ ਇਹ ਨਾਰ। ਹਾਲੇ ਉਹ ਕਹਿੰਦੇ ਸਾਡੇ ਬਾਬਾ ਜੀ ਤਾਂ ਮਾਇਆ ਨੂੰ ਹੱਥ ਵੀ ਨਹੀਂ ਸਨ ਲਾਂਦੇ!! ਪਰ ਇਹ ਕਿਸੇ ਸਾਧ ਬਾਬੇ ਦੀ ਨਹੀਂ ਬਣਦੀ ਕਿਉਂਕਿ ਅਗਲਾ ਚੇਲਾ ਯਾਨੀ ਖਸਮ ਪਹਿਲਾਂ ਤਿਆਰ ਖੜਾ ਹੁੰਦਾ। ਪਹਿਲਾ ਜੇ ਚਿਰ ਜਿਆਦਾ ਲਾਉਂਦਾ ਦਿੱਸੇ, ਤਾਂ ਖਸਮ ਬਣਨ ਲਈ ਕਾਹਲੇ ਸੌਦੇ-ਸਾਧ ਦੇ ਸ਼ਾਹ ਸਤਨਾਮ ਵਰਗੇ ਪਹਿਲਾਂ ਹੀ ‘ਸੱਚਖੰਡ’ ਤੋਰ ਦਿੱਤੇ ਜਾਂਦੇ?

ਇਹ ਨਾਰ ਕਿਉਂ ਰੋਵੇ? ਖਸਮ ਦੀ ਕੀ ਪ੍ਰਵਾਹ ਇਸ ਨੂੰ ਜਿਸ ਮਗਰ ਖਸਮਾਂ ਦੀਆਂ ਲਾਈਨਾ! ‘ਵੇਟਿੰਗ ਲਿਸਟ’! ਇੱਕ ਮਰਦਾ ਨਹੀਂ, ਦੂਜਾ ਪਹਿਲਾਂ ਹੱਥਾਂ 'ਤੇ ਥੁੱਕੀ ਫਿਰਦਾ। ਨਹੀਂ ਰੋਂਦੀ ਇਹ ਕਿਸੇ ਨੂੰ, ਪਰ ਇਸ ਨੂੰ ਸਭ ਰੋਂਦੇ ਹਨ। ਇਸ ਲਈ ਸਭ ਲੜਦੇ ਹਨ। ਹਰੇਕ ਇਸ ਦਾ ਖਸਮ ਬਣਨਾ ਚਾਹੁੰਦਾ। ਦੁਨੀਆਂ ਉਪਰ ਕਿੰਨੇ ਸ਼ਾਹ-ਸੁਲਤਾਨ ਤੁਰ ਗਏ ਇਸ ਦੇ ਖਸਮ ਬਣਦੇ ਬਣਦੇ, ਪਰ ਇਹ ਕਿਸੇ ਦੀ ਨਹੀਂ ਬਣੀ। ਮਨੁੱਖ ਨੂੰ ਜਾਪਦਾ ਕਿ ਮੈਂ ਮਾਇਆ ਖਰਚੀ, ਪਰ ਇਹ ਖਚਰੀ ਮਨੁੱਖ ਨੂੰ ਖਰਚ ਜਾਂਦੀ ਹੈ। ਪੂਰਾਂ ਦੇ ਪੂਰ ਇਸ ਨੇ ਖਰਚ ਮਾਰੇ। ਕੌਣ ਖਰਚ ਸਕਿਆ ਮਾਇਆ ਨੂੰ! ਇਹ ਮੇਰੇ ਖੀਸੇ ਵਿਚੋਂ ਨਿਕਲਦੀ ਸਾਹਵੇਂ ਵਾਲੇ ਦੀ ਹਿੱਕ ਨਾਲ ਜਾ ਲੱਗਦੀ। ਉਥੋਂ ਨਿਕਲਦੀ ਅਗਲੇ ਦੇ ਚਲੀ ਜਾਂਦੀ। ਮੈਨੂੰ ਹੀ ਭੁਲੇਖਾ ਹੁੰਦਾ ਕਿ ਖਰਚੀ ਗਈ। ਇਹੀ ਭੁਲੇਖਾ ਅਗਲੇ ਨੂੰ ਹੁੰਦਾ। ਇੰਝ ਪਤਾ ਨਹੀਂ ਕਿੰਨਾ ਸੰਸਾਰ ਇਹੀ ਸੋਚਦਾ ਤੁਰ ਗਿਆ ਕਿ ਸ਼ਾਇਦ ਖਰਚੀ ਗਈ। ਇਹ ਖਰਚੀ ਜਾਂਦੀ ਹੀ ਨਹੀਂ। ਇੰਝ ਹੀ ਖਸਮ ਬਦਲਦੀ ਤੁਰੀ ਜਾਂਦੀ ਹੈ ਤੇ ਬਅਸ ਤੁਰੀ ਜਾਂਦੀ ਹੈ। ਮੇਰੇ ਦਾਦਿਆਂ, ਬਾਬਿਆਂ, ਲੱਕੜਦਾਦਿਆਂ ਤੋਂ ਤੁਰਦੀ ਤੁਰਦੀ ਮੇਰੇ ਕੋਲੇ ਪਹੁੰਚੀ ਹੈ, ਤੇ ਇੰਝ ਇਹ ਅੱਗੇ ਮੇਰਿਆਂ ਪੋਤਿਆਂ-ਪ੍ਰੜੋਤਿਆਂ ਤੋਂ ਤੁਰਦੀ ਅੱਗੇ ਤੁਰੀ ਜਾਂਣੀ ਹੈ। ਬਹੁਤ ਲੰਮਾ ਸਫਰ ਹੈ ਇਸ ਦਾ। ਮੈਂ ਥੱਕ ਜਾਣਾ, ਮੇਰੇ ਵੱਡੇ ਥੱਕ ਗਏ, ਮੇਰੇ ਆਉਂਣ ਵਾਲੇ ਥੱਕ ਜਾਣਗੇ ਪਰ ਇਹ ਨਹੀਂ ਥੱਕੇਗੀ। ਬਾਬਾ ਜੀ ਅਪਣੇ ਕਹਿੰਦੇ ਅੱਖਾਂ, ਕੰਨ, ਨੱਕ, ਸੁੰਦਰ ਕਾਇਆਂ ਸਭ ਥੱਕ ਜਾਣੀ ਪਰ ਸੱਜਣਾ ਇਹ ਮਾਇਆ ਨਹੀਂ ਥੱਕਣੀ।

ਦੁਨੀਆਂ ਦੀ ਇਹ ਇੱਕ ਅਜਿਹੀ ਨਾਰ ਹੈ ਜਿਹੜੀ ਕਦੇ ਬੁੱਢੀ ਨਹੀਂ ਹੁੰਦੀ। ਸਦਾ ਜਵਾਨ! ਤਰੋ-ਤਾਜਾ! ਹਮੇਸ਼ਾਂ ਸੱਜ ਵਿਆਹੀ? ਜਦੋਂ ਮਰਜੀ ਆਵੇ ਇੰਝ ਜਾਪੂ ਜਿਵੇਂ ਹੁਣੇ ਡੋਲਿਓਂ ਉਤਰੀ। ਇਹੀ ਇੱਕ ਨਾਰ ਹੈ ਜਿਸ ਤੋਂ ਕਦੇ ਬੰਦੇ ਦਾ ਮਨ ਨਹੀਂ ਭਰਦਾ। ਸੋਹਣੀ ਤੋਂ ਸੋਹਣੀ ਔਰਤ ਲੈ ਆਵੇ ਬੰਦਾ ਕਦੇ ਤਾਂ ਕਹਿ ਹੀ ਦਿੰਦਾ ਕਿ ਯਾਰ ਗਲੋ ਵੀ ਲੱਥ ਕਦੇ। ਕਦੇ ਪੇਕਿਆਂ ਦੇ ਗੇੜਾ ਕੱਢ ਆਇਆ ਕਰ ਚਾਰ ਦਿਨ ਸੌਖੇ ਜਿਹੇ ਜੀਅ ਕੇ ਦੇਖ ਲਈਏ। ਪਰ ਇਹ ਮਾਇਆ ਇੱਕ ਅਜਿਹੀ ਨਾਰ ਹੈ ਜਿਸ ਨਾਲ ਬੰਦਾ ਕਦੇ ਨਹੀਂ ਲੜਦਾ। ਕਦੇ ਨਹੀਂ ਝਗੜਦਾ, ਕਦੇ ਇਸ ਤੋਂ ਮਨ ਨਹੀਂ ਭਰਦਾ।

ਇੱਕ ਪਲ ਵੱਖਰਾ ਨਾ ਕਰਾਂ। ਸਵਾਦ ਬੜਾ ਆਉਂਦਾ ਇਸ ਦੀਆਂ ਗੱਲਾਂ ਕਰਕੇ। ਮਨ ਨੂੰ ਸਕੂਨ ਬੜਾ ਮਿਲਦਾ ਇਸ ਦੀਆਂ ਕਹਾਣੀਆਂ ਪਾ ਕੇ! ਕਦੇ ਤੁਸੀਂ ਮੀਆਂ-ਬੀਵੀ ਇਸ ਦੀਆਂ ਗੱਲਾਂ ਕਰਦੇ ਸੁਣੇ ਨੇ? ਦੁਨੀਆਂ ਭੁੱਲ ਜਾਂਦੀ। ਅਜਿਹੀ ਨਾਰ ਨੂੰ ਕੌਣ ਨਾ ਰੋਵੇ। ਪਰ ਇਹ ਚੰਦਰੀ ਬੜੀ ਪੱਥਰ ਦਿੱਲ ਏ ਇਹ ਕਿਸੇ ਨੂੰ ਨਹੀਂ ਰੋਂਦੀ। ਇਸ ਦਾ ਅਗਲਾ ਖਸਮ ਤਿਆਰ ਖੜਾ ਹੁੰਦਾ। ਕਈ ਤਿਆਰ ਹੁੰਦੇ। ਧੀਆਂ, ਨੂੰਹਾਂ, ਪੁੱਤਰ, ਜਵਾਈ ਸਭ ਕੱਮਰਕਸੇ ਕਰੀ ਖੜੇ ਹੁੰਦੇ। ਜਿਸ ਦੇ ਹੱਥ ਜੋ ਆਉਂਦਾ ਲਾਹ ਕੇ ਔਹ ਜਾਂਦਾ। ਛਾਪਾਂ, ਛੱਲੇ, ਕੜੇ, ਘੜੀ ਸਭ। ਫੂਕਣ ਤੋਂ ਪਹਿਲਾਂ ਹੀ ਲਾਹ ਲੈਂਦੇ। ਪਹਿਲਾਂ? ਹਾਲੇ ਤਾਂ ਘੋਰੜੂ ਵੱਜਣ ਹੀ ਲੱਗਦਾ! ਹਾਲੇ ਤਾਂ ਆਖਰੀ ਸਾਹ ਆਉਂਣ ਵਾਲਾ ਹੁੰਦਾ! ਇਨੀ ਬੇਕਿਰਕ ਨਾਰ ਕਿ ਖਸਮ ਨੂੰ ਮੜੀਆਂ ਤੱਕ ਫੂਕਣ ਵੀ ਨਹੀਂ ਜਾਂਦੀ।

ਬਾਬਾ ਜੀ ਅਪਣੇ ਕਹਿੰਦੇ ਇਹ ਤੂੰ ਹੀ ਹੈਂ, ਜੋ ਇਸ ਨੂੰ ਰੋਂਦਾ ਹੈ। ਇਸ ਖਾਤਰ ਚੋਰੀਆਂ-ਠੱਗੀਆਂ ਬਦਮਾਸ਼ੀਆਂ ਕਰਦਾ ਹੈ, ਝੂਠ ਬੋਲਦਾ ਹੈਂ, ਪਾਪੜ ਵੇਲਦਾ ਹੈਂ। ਇਕੱਠੀ ਕਰੀ ਜਾਨਾ, ਕਰੀ ਜਾਨਾ ਤੇ ਆਖਰ ਰੋਂਦਾ ਚਲੇ ਜਾਂਦਾ, ਪਰ ਇਸ ਨੂੰ ਕੋਈ ਫਰਕ ਨਹੀਂ ਪੈਂਦਾ। ਤੇਰੇ ਵਰਗੇ ਛੱਤੀ ਇਸ ਮਗਰ ਜੁੱਤੀਆਂ ਘਸਾਉਂਦੇ ਫਿਰਦੇ ਇਹ ਕਦ ਕਿਸੇ ਦੀ ਪ੍ਰਵਾਹ ਕਰਦੀ।

ਧਰਤੀ ਉਪਰ ਅਜਿਹੇ ਬੇਗੈਰਤ ਮਨੁੱਖਾਂ ਦੀ ਘਾਟ ਨਹੀਂ, ਜਿਹੜੇ ਇਸ ਨਾਰ ਖਾਤਰ ਆਪਣੀ ਵਿਆਹੀ ਨਾਰ ਤੱਕ ਨੂੰ ਲੋਕਾਂ ਕੋਲੇ ਤੋਰ ਦਿੰਦੇ ਹਨ। ਆਪਣੀਆਂ ਧੀਆਂ ਵੇਚ ਦਿੰਦੇ ਹਨ। ਮਾਵਾਂ ਦਾ ਗਲਾ ਘੋਟ ਦਿੰਦੇ ਹਨ। ਪਿਉਆਂ ਨੂੰ ਵੱਢ ਦਿੰਦੇ ਹਨ। ਦੁਨੀਆਂ ਉਪਰ ਬੜੀਆਂ ਖੂਨੀ ਲੜਾਈਆਂ ਹੁੰਦੀਆਂ ਇਸ ਖਾਤਰ। ਬੁਸ਼ਾਂ ਨੂੰ ਹਾਲੇ ਤੱਕ ਤਸੱਲੀ ਨਹੀਂ ਹੋਈ। ਅੰਬਾਨੀਆਂ-ਅਦਾਨੀਆਂ ਦਾ ਬੂੰਦ ਬੂੰਦ ਲੋਕਾਂ ਦਾ ਲਹੂ ਪੀ ਕੇ ਢਿੱਡ ਨਹੀਂ ਭਰਿਆ। ਰੌਥਚਾਈਲਡਾਂ ਕੁੱਲ ਦੁਨੀਆਂ ਦਾ ਪੈਸਾ ਕਬਜੇ ਕਰ ਲਿਆ, ਪਰ ਹਾਲੇ ਵੀ ਸ਼ਾਂਤੀ ਨਹੀਂ। ਕਾਰੂ ਵਰਗਿਆਂ ਕਹਿੰਦੇ ਕਬਰਾਂ ਵਿਚੋਂ ਜਾ ਕੱਢੀ।

ਪਰ ਹੋਇਆ ਕੀ? ਹਾਲੇ ਮਰਿਆ ਵੀ ਨਾ ਸੀ ਕਿ ਪਹਿਲਾਂ ਹੀ ਛੱਡ ਗਈ। ਜੇਬ੍ਹਾਂ ਉਰੇ ਹੀ ਖਾਲੀ ਹੋ ਜਾਂਦੀਆਂ। ਉਗਲਾਂ ਦੇ ਛਾਪਾਂ ਛੱਲੇ ਤਾਂ ਹਾਲੇ ਬੰਦੇ ਨੂੰ ਆਖਰੀ ਸਾਹ ਵੀ ਨਹੀਂ ਆਇਆ ਹੁੰਦਾ ਅਗਲੇ ਪਹਿਲਾਂ ਹੀ ਲਾਹ ਲੈ ਜਾਂਦੇ ਨੇ। ਇਕੱਠ ਹੋਣ ਤੋਂ ਪਹਿਲਾਂ ਹੀ ਹੱਥ ਕਾਲੇ ਕਰ ਦਿੰਦੇ ਨੇ ਅਗਲੇ! ਅਗੂੰਠੇ ਲੱਗਣ ਵਾਲੀਆਂ ਵਹੀਆਂ ਪਹਿਲਾਂ ਹੀ ਤਿਆਰ ਹੁੰਦੀਆਂ। ਇੰਨਸ਼ੋਰਸਾਂ ਤੇ ਕਾਗਜ-ਪੱਤਰ ਲਾਸ਼ ਦੇ ਹੁੰਦਿਆਂ ਹੀ ਫਰੋਲਣ ਲੱਗ ਜਾਂਦੇ। ਵਕੀਲਾਂ ਕੋਲੇ ਲਾਸ਼ ਫੂਕਣ ਤੋਂ ਪਹਿਲਾਂ ਭੱਜ-ਦੌੜ ਸ਼ੁਰੂ ਹੋ ਜਾਂਦੀ। ਕੀ, ਕਿਸ ਦੇ ਨਾਮ? ਕਿਹੜਾ ਖਾਤਾ ਕਿਸ ਕੋਲੇ? ਸਾਰੀ ਉਮਰ ਦੀਆਂ ਗੀਟੀਆਂ ਪਲਾਂ ਵਿੱਚ ਖਿਲਰ ਜਾਦੀਆਂ। ਜਿਸ ਦੇ ਜੋ ਹੱਥ ਲੱਗਦਾ ਝਰਾਟ ਮਾਰ ਜਾਂਦਾ। ਹਰੇਕ ਖਸਮ ਬਣਨ ਲਈ ਤਰਲੋ-ਮੱਛੀ? ਪਰ ਅਗਲੇ ਖਸਮ ਬਣਨ ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ, ਕਿ ਮੇਰੇ ਤੋਂ ਅਗਲੇ ਖਸਮ ਵੀ ਤਿਆਰ ਖੜੇ ਨੇ। ਤਾਂ ਫਿਰ ਇਹ ਕਿਉਂ ਰੋਵੇ ਕਿਸੇ ਅਖੌਤੀ ਖਸਮ ਨੂੰ !


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top