ਬਾਬਾ ਫੌਜਾ ਸਿੰਘ ਦੇ ਮਿੱਤਰ ਨੇ ਇੱਕ ਕਹਾਣੀ ਸੁਣਾਈ।
ਕਹਿੰਦਾ... ਕਿਸੇ
ਜ਼ਿੰਮੀਦਾਰ ਦਾ ਲੰਡਾ ਝੋਟਾ ਚੋਰੀ ਹੋ ਗਿਆ। ਪਿੰਡ
ਵਿੱਚ ਪੈ ਰੌਲਾ ਗਿਆ।
ਜ਼ਿੰਮੀਦਾਰ ਤਗੜਾ
ਸੀ, ਉਸ ਸੋਚਿਆ ਇਹ ਤਾਂ ਬੇਜਤੀ ਹੋ ਗੀ। ਚੋਰ ਪਿੱਛੇ ਬੰਦੇ ਭੇਜੇ। ਉਧਰ ਚੋਰ ਨੂੰ ਪਤਾ
ਲੱਗਾ, ਕਿ ਕੁਥਾਂ ਹੱਥ ਪਾ ਬੈਠਾਂ, ਛੱਡਣ ਨਹੀਂ ਲੱਗੇ ਹੁਣ। ਉਹ ਲੱਗਾ ਸੁੱਖਣਾ ਸੁੱਖਣ, ਕਿ
ਹੇ ਕਾਲੀ ਮਾਂ ਅੱਜ ਬੱਚ ਕੇ ਜੇ ਨਿਕਲ ਗਿਆ, ਤਾਂ ਇਹੀ ਲੰਡਾ ਤੇਰੀ ਬਲੀ ਚਾੜ੍ਹਾਂਗਾ। ਉਧਰ
ਜਿਸ ਦਾ ਲੰਡਾ ਗੁਆਚਿਆ ਸੀ, ਉਸ ਵੀ ਸੁੱਖਣਾ ਸੁੱਖ ਮਾਰੀ, ਕਿ ਹੇ ਕਾਲੀ ਮਾਂ, ਲੰਡਾ ਲੱਭ
ਜੇ, ਉਹੀ ਬਲੀ ਚਾੜ੍ਹਾਂਗਾ ਤੇਰੇ! ਕੇਰਾਂ ਇੱਜ਼ਤ ਬੱਚ ਜਾਏ!
ਉਧਰ ਜਦ ਲੰਡੇ ਨੂੰ ਪਤਾ ਲੱਗਾ, ਤਾਂ ਉਸ
ਸਿਰ ਸੁੱਟ ਲਿਆ, ਕਿ ਲੈ ਬਈ ਲੰਡਿਆ ਤੇਰੀ ਦੋਹੀਂ ਪਾਸੀਂ ਖੈਰ ਨਹੀਂ। ਜੇ ਲੱਭ ਗਿਆ, ਤਾਂ
ਵੀ ਬਲੀ, ਨਾ ਲੱਭਾ, ਤਾਂ ਵੀ ਬਲੀ ਤੇਰੀ ਚੜ੍ਹਨੀ ਹੀ ਚੜ੍ਹਨੀ, ਸੋ ਭਾਈ ਤਿਆਰ ਰਹਿ!
ਬਾਬਾ ਫੌਜਾ ਸਿੰਘ ਕਹਾਣੀ ਸੁਣਾਉਂਣ ਵਾਲੇ ਮਿੱਤਰ ਆਪਣੇ ਨੂੰ ਪੁੱਛਦਾ,
ਕਿ ਇਹ ਕਹਾਣੀ ਗਈ ਕਿਧਰ?
ਉਹ ਹੱਸਦਿਆਂ ਕਹਿਣ ਲੱਗਾ, ਕਿ ਇਹ ਕਹਾਣੀ
ਗਈ ਉਸ ਪ੍ਰਚਾਰਕ ਵਲ ਜਿਹੜਾ ਦੋਂਹ ਧੜਿਆਂ ਦੀ ਸੁੱਖਣਾ ਦਾ ਸ਼ਿਕਾਰ ਹੋ ਬੈਠਾ ਹੈ। ਚਾਹੇ
ਹੁਣ ਗੁਆਚ ਜਾਏ, ਚਾਹੇ ਲੱਭ ਜਾਏ, ਬਲੀ ਤਾਂ ਉਸ ਦੀ ਲਿਖੀ ਪਈ!
ਪਰ ਬਾਈ ਜੀ, ਇਹ ਤਾਂ ਸੁੱਖਣਾ ਸੁੱਖਣ ਵਾਲਿਆਂ ਨੂੰ ਵੀ ਚਾਹੀਦਾ ਕਿ
ਅਜਿਹੀਆਂ ਪੁੱਠੀਆਂ ਸਿੱਧੀਆਂ ਸੁੱਖਣਾ ਨਾ ਸੁੱਖਿਆ ਕਰਨ।
ਪਰ ਬਾਬਾ ਫੌਜਾ ਸਿਆਂ, ਇਹ ਤਾਂ ਬਲੀ ਚੜਨ ਵਾਲੇ ਨੂੰ ਵੀ ਚਾਹੀਦਾ,
ਕਿ ਜਿਥੇ ਕਹਿ ਦਿੱਤਾ ਸੋ ਕਹਿ ਦਿੱਤਾ,
ਜ਼ੁਬਾਨ ਬੜੀ ਚੀਜ਼ ਹੁੰਦੀ, ਹੋਰ ਬੰਦੇ ਕੋਲੇ ਹੈ ਕੀ! ਜ਼ੁਬਾਨ
ਖਾਤਰ ਬੰਦਾ ਬਲੀ ਚੜ ਵੀ ਜਾਵੇ, ਤਾਂ ਜਿਉਂਦਾ ਰਹਿੰਦਾ। ਨਾਲੇ ਇਡੀ ਵੀ ਕਿਹੜੀ ਗੱਲ ਸੀ।
ਪਰ ਚਲੋ ਭਾਈ, ਬੰਦਾ ਤਾਂ ਬੰਦਾ ਈ ਏ
ਨਾ, ਹੋਰ ਮਾਰ ਥੋੜੋਂ ਦੇਣਾ ਹੁੰਦਾ ਅਗਲੇ ਨੂੰ।
ਬਾਬਾ ਫੌਜਾ ਸਿੰਘ ਸੋਚ ਰਿਹਾ ਸੀ, ਕਿ
ਅਸੀਂ ਆਜ਼ਾਦ ਕਿਉਂ ਨਹੀਂ ਕਿਸੇ ਨੂੰ
ਵਿੱਚਰਨ ਦਿੰਦੇ। ਆਪਣੀ ਹਉਂ ਅਤੇ ਈਰਖਾ ਦੇ ਕੂੰਡੇ ਪਾ
ਉਨਾਂ ਚਿਰ ਰਗੜਦੇ ਹਾਂ ਅਗਲੇ ਨੂੰ, ਜਿੰਨਾਂ ਚਿਰ ਉਹ ਬਹੁੜੀਆਂ ਨਾ ਪਾ ਉੱਠੇ।
ਸਾਡਾ ਬਹੁਤਾ ਕੁਝ ਸਾਡੇ ਨਿੱਜ ਦੀ ਭੇਂਟ ਚੜ੍ਹ ਚੁੱਕਾ ਹੈ। ਸਾਧਾਂ ਦੇ ਚੇਲਿਆਂ ਵਾਂਗ
ਹਰੇਕ ਨੇ ਅਪਣਾ ਆਪਣਾ ‘ਬ੍ਰਹਮਗਿਆਨੀ ਪ੍ਰਚਾਰਕ’ ਮਿੱਥ
ਲਿਆ ਹੋਇਆ ਤੇ ਉਸ ‘ਬ੍ਰਹਮਗਿਆਨੀ’ ਦੇ ਝੰਡੇ ਹੇਠ, ਉਹ ਇੱਕ ਦੂਏ ਦੀ ਅਜਿਹੀ ਜਹੀ ਤਹੀ
ਫੇਰਦੇ ਹਨ, ਕਿ ਇਨਾਂ ਦਾ ਜਾਗੁਰਕਤਾ ਦਾ ਤਮਾਸ਼ਾ ਸੁੱਤੇ ਪਏ ਵੀ ਦਿੱਸੀ ਜਾਂਦਾ ਹੈ।
ਉਹ ਪ੍ਰਚਾਰ ਕੌਮ ਨੂੰ ਕਿਥੇ ਆਜ਼ਾਦ ਸਾਹ
ਲੈਣ ਗੋਚਰਾ ਕਰ ਦਏਗਾ, ਜਿਸ ਦਾ ਪ੍ਰਚਾਰਕ ਹੀ ਆਜ਼ਾਦ ਨਹੀਂ। ਅਸੀਂ ਖੁਦ ਆਜ਼ਾਦੀ
ਵਿੱਚ ਸਾਹ ਲੈਣਾ ਚਾਹੁੰਦੇ, ਪਰ ਦੂਜੇ ਨੂੰ ਕਿਉਂ ਜ਼ਲੀਲ ਹੋਣ ਲਈ ਮਜ਼ਬੂਰ ਕਰਦੇ ਆਂ।
ਸਾਨੂੰ ਸਭ ਨੂੰ ਪਤਾ ਤਾਂ ਹੈ ਹੀ ਕਿ ਬਹੁਤੀ ਪ੍ਰਚਾਰਕ ਸ਼੍ਰੇਣੀ
ਕਿੰਨੇ ਕੁ ਜੋਗੀ ਹੈ। ਜਿੰਨਾਂ ਕੁ ਚਲਦੇ, ਚਲ ਲੈਣ
ਦਈਏ, ਕਿਉਂ ਕਬੱਡੀ ਖੇਡਦੇ ਹਾਂ ਇਨ੍ਹਾਂ ਨਾਲ? ਕਿਉਂ
ਆਸ ਲਾਈ ਬੈਠੇ ਹਾਂ, ਕਿ ਇਨਾਂ
ਵਿੱਚੋਂ ਬਾਬਾ ਬੰਦਾ ਸਿੰਘ, ਹਰੀ ਸਿੰਘ ਨਲੂਆ ਜਾਂ ਅਟਾਰੀ
ਪੈਦਾ ਹੋ ਜਾਏਗਾ!!!
ਪ੍ਰਚਾਰਕਾਂ ਨੂੰ ਵੀ ਸੋਚਣਾ ਚਾਹੀਦਾ,
ਕਿ ਜ਼ੁਬਾਨ ਹੀ ਬੰਦੇ ਦਾ ਸਭ ਕੁਝ ਹੁੰਦੀ, ਤੇ
ਦੂਜਾ ਗੁਰੂ ਕੀ ਸੰਗਤ, ਗੁਰੂ ਦੇ ਸਿੱਖ ਸਭ
ਦੇ ਸਾਂਝੇ ਹੁੰਦੇ... ਉਨ੍ਹਾਂ ਨੂੰ ਸਭ ਨਾਲ ਇੱਕੋ ਜਿਹਾ ਵਰਤਾਓ ਰੱਖਣਾ ਲੋੜੀਂਦਾ
ਹੈ ਭਾਈ। ਕੋਈ ਵੱਧ ਗੱਲ ਕਰ ਵੀ ਜਾਏ, ਤਾਂ ਦਿੱਲ ਵੱਡਾ ਰੱਖਣਾ ਚਾਹੀਦਾ। ਉਨ੍ਹਾਂ
ਤਾਂ ਧੜੇਬੰਦੀ ਬਾਕੀਆਂ ਤੋਂ ਮੁਕਾਉਂਣੀ ਹੁੰਦੀ, ਪਰ ਉਹ ਤਾਂ ਖੁਦ ਧੜੇਬੰਦੀ ਬਣ ਗਏ!
ਨਹੀਂ ਬਣ ਗਏ?