Share on Facebook

Main News Page

ਰਾ ਧਿਆਨ ਦੇਣਾ !
ਰਾਤੋ-ਰਾਤ ਕਰਜਾ ਮੁਕਤੀ, ਧਨਵਾਨ ਬਣਨ ਲਈ ਅਤੇ ਲਾਟਰੀ ਖੇਡਣ ਵਾਲਿਆਂ ਲਈ ਸੁਨਹਿਰੀ ਮੌਕਾ !
-: ਗੁਰਦੇਵ ਸਿੰਘ ਸੱਧੇਵਾਲੀਆ

ਇਹ ਮਾਸਟਰ ਅਮਰ ਹੈ। ਲਾਟਰੀ ਤੋਂ ਗੱਲ ਯਾਦ ਆਈ। ਪਿੱਛਲੇ ਸਮੇ ਟਰੰਟੋ ਇੱਕ ਠੱਗ ਆਇਆ ਸੀ ਜਿਹੜਾ ਅੰਡੇ ਵਿਚੋਂ ਲਾਟਰੀ ਕੱਢਦਾ ਸੀ ਪਰ ਉਹ ਖਾਲੀ ਅੰਡਿਆਂ ਦੇ ਛਿਲਕੇ ਲੋਕਾਂ ਹੱਥ ਦੇ ਉਨ੍ਹਾਂ ਦੇ ਲੱਖਾਂ ਡਾਲਰਾਂ ਨੂੰ ਚੂਨਾ ਲਾ ਗਿਆ! ਉਸ ਨੂੰ ਪਰ ਲੋਕਾਂ ਅਗੇ ਪਰੋਸਣ ਵਾਲੇ ਪਤਾ ਕੌਣ ਸਨ? ਬਹੁਤੀਆਂ ਅਗਾਂਹ ਵਧੂ ਗੱਪਾਂ ਮਾਰਨ ਵਾਲੇ ਦੇਵ ਤਾਤਲੇ ਵਰਗੇ!!!

ਸੋਚ ਕੇ ਦੇਖੋ ਜਿੰਨਾ ਦੀ ਜ੍ਹੇਬ ਕਤਰੀ ਗਈ! ਪਰ ਉਸ ਠੱਗ ਦਾ ਭੰਡ-ਪੁਣਾ ਕਰਨ ਵਾਲਿਆਂ ਦਾ ਕੀ ਗਿਆ! ਗਿਆ ਕੁਝ? ਉਸ ਕਤਰੀ ਹੋਈ ਜ੍ਹੇਬ ਵਿਚੋਂ ਉਨ੍ਹਾਂ ਅਪਣਾ ਲਾਗ ਲੈ ਲਿਆ ਪਰ ਲੁੱਟੇ ਗਏ ਵਿਚਾਰੇ ਗਰੀਬ ਲੋਕ?

ਬਹੁਤੀਆਂ ਨਹੀਂ ਪਰ ਦੋ ਅਖ਼ਬਾਰਾਂ ਖਾਸ ਕਰਕੇ ਤੁਸੀਂ ਚੁੱਕੋ। ਅਜੀਤ ਅਤੇ ਹਮਦਰਦ। ਕੀ ਇਨ੍ਹਾਂ ਅਦਾਰਿਆਂ ਨੂੰ ਪਤਾ ਨਹੀਂ ਕਿ ਇਹ ਕੁੰਡੀਆਂ ਜਿਹੜੀਆਂ ਅਸੀਂ ਲਾ ਰਹੇ ਹਾਂ ਉਸ ਦਾ ਲੋਕਾਂ ਦੀ ਸੋਚ ਉਪਰ ਕਿੰਨਾ ਮਾਰੂ ਅਤੇ ਬਿਮਾਰ ਅਸਰ ਹੋ ਰਿਹੈ?

ਮਾਸਟਰ ਅਮਰ ਕਿਸੇ ਫਾਤਮਾ ਬੇਰੀ ਦੀ ਗੱਲ ਕਰਦਾ ਬਾਕੀ ਸਭ ਗੱਲਾਂ ਦੀ ਅੰਤਰਯਾਮਤਾ ਲਾਉਂਦਾ ਹੈ, ਪਰ ਬੱਚੇ ਬਾਰੇ ਜਾਨਣ ਲਈ ਡੀ.ਐਨ.ਏ. ਕਰਾਉਂਣ ਦੀ ਸਲਾਹ ਦਿੰਦਾ ਹੈ, ਉਸ ਦੀ ਕਹਾਣੀ ਬਣਾਉਂਣ ਵਾਲਾ ਇਨਾ ਗੱਧਾ ਹੈ ਜਿਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਇੱਕੇ ਕਹਾਣੀ ਵਿਚ ਦੋ ਗੱਲਾਂ ਕਰੀ ਜਾਂਦਾ। ਬੱਸ ਪਾਰਕਿੰਗ ਦੇ ਮਸਲੇ ਹੱਲ ਕਰਨ ਵਰਗੀਆਂ ਪੇਤਲੀਆਂ ਕਹਾਣੀਆਂ ਤਾਂ ਪਹਿਲੀ-ਦੂਜੀ ਦੇ ਬੱਚਿਆਂ ਨੂੰ ਸਵਾਂਉਂਣ ਵੇਲੇ ਵਰਗੀਆਂ ਹਨ। ਪੰਜਾਬੀ ਅਖ਼ਬਾਰਾਂ ਦੇ ਇਨੇ ਗਿਰੇ ਹੋਏ ਮਿਆਰ ਨੂੰ ਦੇਖ ਰੋਣਾ ਆਉਂਦਾ ਹੈ ਕਿ ਇਹ ਪੱਠੇ ਵੱਡ ਲੋਕ ਵੱਡੀਆਂ ਅਖ਼ਬਾਰਾਂ ਚਲਾ ਰਹੇ ਹਨ? ‘ਅਜੀਤ’ ਦਾ ਸੰਪਾਦਕ ਮਨੁੱਖ ਬਣਨ ਦੀਆਂ ਵੱਡੀਆਂ ਗੱਲਾਂ ਕਰਦਾ ਹੈ, ਪਰ ਆਹ ਕਹਾਣੀਆਂ ਇਨੀਆਂ ਛੋਟੀਆਂ? ਯਾਦ ਰਹੇ ਕਿ ਇਹ ਭਾਈ ਪਿੱਛਲੇ ਸਮਿਆਂ ਵਿਚ ਮੁੰਡੇ ਵੇਚਦੇ ਖ਼ਬਰਾਂ ਵਿਚ ਸਨ ਤੇ ਕੋਰਟ ਵਲੋਂ ਅਜਮੇਰੀ ਅਤੇ ਸਯੀਅਦ ਸ਼ਾਹ ਨੂੰ ਲੈ ਕੇ ਦੋ ਵੱਡੀਆਂ ਅਖ਼ਬਾਰਾਂ ਉਪਰ ‘ਜੱਜਮਿੰਟ’ ਹੋ ਚੁੱਕੀ ਹੋਈ ਹੈ ਤੇ ਬਕਾਇਦਾ ਕੋਰਟ ਦਾ ਫੈਸਲਾ ਹੈ ਕਿ ਇਹ ਕੂੜਾ-ਕੱਚਰਾ ਤੁਸੀਂ ਕਿਸੇ ਕਮਿਊਨਿਟੀ ਵਿਚ ਨਹੀਂ ਵੇਚ ਸਕਦੇ।

ਦੂਜੀ ਪਾਠਕਾਂ ਦੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਲੋਕਾਂ ਦੇ ਮਸਲੇ ਪਲਾਂ ਵਿਚ ਹੱਲ ਕਰਨ ਦੀਆਂ ਗੱਪਾਂ ਮਾਰਨ ਵਾਲੇ ਠੱਗ ਅਜਮੇਰੀ ਜਾਂ ਸਯੀਅਦ ਸ਼ਾਹ ਨੇ ਅਪਣਾ ਬਚਾ ਕਿਉਂ ਨਾ ਕਰ ਲਿਆ, ਜਦ ਉਨ੍ਹਾਂ ਦੀ ਕੋਰਟ ਵਿਚ ਧੂਹਾ-ਘਸੀਟੀ ਹੋ ਰਹੀ ਸੀ!!

ਕੋਈ ਬੰਦਾ ਕੀੜੇ ਮਾਰਨ ਵਾਲੀ ਦਵਾਈ ਲੋਕਾਂ ਉਪਰ ਛਿੜਕ ਦੇਵੇ, ਤੁਸੀਂ ਕੀ ਉਸ ਦਾ ਸਨਮਾਨ ਕਰੋਂਗੇ? ਇਹ ਕੀੜੇ ਮਾਰਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਲੋਕਾਂ ਉਪਰ ਛਿੜਕ ਰਹੇ ਹਨ ਤੇ ਲੋਕ ਬਿਮਾਰ ਹੋ ਰਹੇ ਹਨ। ਸਾਰੇ ਲੋਟੂ ਉਹ ਕੀੜੇ ਮਾਰ ਦਵਾਈਆਂ ਹਨ ਜਿੰਨਾ ਲੋਕਾਂ ਦੀ ਮਾਨਸਿਕਤਾ ਨੂੰ ਕਮਜੋਰ ਅਤੇ ਰੋਗੀ ਕਰ ਦਿੱਤਾ ਹੈ ਪਰ ਇਸ ਦਵਾਈ ਦੀ ਸਪਰੇਅ ਕੌਣ ਕਰ ਰਿਹੈ?

ਮਾਸਟਰ ਅਮਰ ਦੀ ਜਾਂ ਉਸ ਵਰਗੇ ਲੋਕਾਂ ਦੀ ਤਾਂ ਖਾਧੀ ਕੜੀ! ਉਨ੍ਹਾਂ ਦਾ ਕੰਮ ਲੁੱਟਣਾ ਹੈ, ਪਰ ਕ੍ਰਿਪਾ ਕਰਕੇ ਇਹ ਅਦਾਰੇ ਚਾਨਣਾ ਪਾਉਂਣ ਕਿ ਅਮਰ ਕੋਲੇ ਕਿਹੜੀ ਛੜੀ ਹੈ ਜਿਸ ਨਾਲ ਉਹ ਰਾਤੋ-ਰਾਤ ਕਰਜਾ ਮੁਕਤੀ ਕਰ ਸਕਦਾ ਜਾਂ ਧਨਵਾਨ ਬਣਾ ਸਕਦਾ! ਕਿੰਨਿਆਂ ਦੀ ਲਾਟਰੀ ਮਾਸਟਰ ਨੇ ਕੱਢੀ ਹੁਣ ਤੱਕ? ਪਰ ਜਿਹੜਾ ਲੋਕਾਂ ਦੀ ਲਾਟਰੀ ਕੱਢ ਰਿਹਾ, ਉਹ ਖੁਦ ਦੀ ਕੱਢਕੇ ਧਨਵਾਨ ਕਿਉਂ ਨਹੀਂ ਬਣ ਗਿਆ? ਜਾਂ ਇਨ੍ਹਾਂ ਅਖ਼ਬਾਰਾਂ ਵਾਲਿਆਂ ਨੂੰ ਬਣਾ ਦੇਵੇ ਜਿਹੜੇ ਕਈ ਅਜਿਹੇ ਪੰਗੇ ਕਰ-ਕਰ ਅਪਣਾ ਦਾਲ-ਫੁਲਕਾ ਤੋਰ ਰਹੇ ਹਨ। ਖੁਦ ਮਿਸਟਰ ਭੁੱਲਰ ਜਾਂ ਅਜੀਤ ਵਾਲਾ ਭਰਾ ਹੀ ਦੱਸੇ ਕਿ ਉਸ ਦੀ ਮਾਸਟਰ ਅਮਰ ਨੇ ਕਿੰਨੇ ਮਿਲੀਅਨ ਦੀ ਲਾਟਰੀ ਕੱਢੀ?

ਇਨ੍ਹਾਂ ਕੇਲੇ ਵੇਚਣ ਵਾਲਿਆਂ ਦੀ ਮੰਡੀ ਵਿਚ ਹਰੇਕ ਦੀ ‘ਐਡ’ ਵਿਚ ਇੱਕ ਗੱਲ ਸ਼ਾਮਲ ਹੈ ਕਿ ਠੱਗਾਂ ਤੋਂ ਬਚੋ ਯਾਨੀ ਇੱਕ ਖੁਦ ਠੱਗ ਹੀ ਦੂਜੇ ਨੂੰ ਠੱਗ ਕਹੀ ਜਾਂਦਾ ਕਿ ਠੱਗਾਂ ਤੋਂ ਬੱਚੋ। ਸਿੱਧੇ ਰੂਪ ਵਿਚ ਹਰੇਕ ਇਕ ਦੂਏ ਵਲ ਮੂੰਹ ਕਰ-ਕਰ ਇੱਕ ਦੂਏ ਦੀਆਂ ਦੰਦੀਆਂ ਖਰਾ ਰਿਹਾ ਨਜਰ ਆਉਂਦਾ ਹੈ। ਅਖ਼ਬਾਰਾਂ ਖੋਹਲਦਿਆਂ ਇੰਝ ਜਾਪਦਾ ਜਿਵੇਂ ਇੱਕੇ ਨਸਲ ਦੇ ਕਈ ਲੋਕ ਇੱਕ ਦੂਏ ਨੂੰ ਠੱਗ ਠੱਗ ਭਉਂਕ ਰਹੇ ਹੋਣ!

ਪਰ ਇਸ ਲੜਾਈ ਨੂੰ ਲੋਕ ਸਮਝ ਨਹੀਂ ਰਹੇ। ਲੋਕ ਬਿਮਾਰ ਹਨ! ਲੋਕ ਚੁੱਪ ਹਨ! ਲੋਕ ਡਰੇ ਹੋਏ ਹਨ! ਲੋਕ ਇਨਾਂ ਦੇ ਸਰਾਪਾਂ ਦੀ ਗੁੰਡਾਗਰਦੀ ਤੋਂ ਸਹਿਮੇ ਹੋਏ ਹਨ! ਲੋਕ ਉਲਝਣਾ ਨਹੀਂ ਚਾਹੁੰਦੇ! ਉਹ ਲੁੱਟ ਹੋ ਕੇ ਵੀ ਬੋਲਦੇ ਨਹੀਂ ਕਿਉਂਕਿ ਉਨ੍ਹਾਂ ਨੂੰ ਬੋਲਣ ਲਈ ਥਾਂ ਕੋਈ ਨਹੀਂ। ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ। ਉਹ ਉਲਝਣਾ ਵਿਚ ਲੁੱਟ ਹੋ ਜਾਂਦੇ ਹਨ ਪਰ ਪਤਾ ਲੱਗਣ ਤੇ ਉਹ ਕਿਸੇ ਦੂਜੀ ਰਿਹੜੀ ਤੇ ਚਲੇ ਜਾਂਦੇ ਹਨ ਕਿ ਚਲੋ ਮਾਸਟਰ ਅਮਰ ਨਾ ਸਹੀ, ਅਜਮੇਰੀ ਹੈ ਨਾ! ਅਜਮੇਰੀ ਫੜਿਆ ਗਿਆ, ਹੋਰ ਲੱਭ ਲਿਆ! ਅਜਮੇਰੀ ਦੀ ਕਹਾਣੀ ਕਿੰਨੀ ਅਜੀਬ ਸੀ! ਸ਼ਕਲ ਹੋਰ ਫੋਟੋ ਹੋਰ, ਪਰ ਕਿਸੇ ਨੇ ਕਿਸੇ ਅਖ਼ਬਾਰ ਵਾਲੇ ਨੂੰ ਪੁੱਛਿਆ ਕਿ ਇਹ ਕੀ ਤਮਾਸ਼ਾ ਹੈ? ਜਿੰਮੇਵਾਰੀ ਕੀ ਹੈ ਇਨ੍ਹਾਂ ਦੀ? ਤੁਹਾਨੂੰ ਜਾਪਦਾ ਨਹੀਂ ਕਿ ਤੁਸੀਂ ਉਸ ਬੱਸ ਵਿਚ ਸਵਾਰ ਹੋਂ ਜਿਸ ਦਾ ਡਾਰਾਈਵਰ ਅੰਨ੍ਹਾਂ ਹੈ??

ਫਿਰ ਰਿਹੜੀ ਵੀ ਇਥੇ ਇੱਕ ਹੈ? ਕਈ ਬੇਬੇ, ਅੰਮਾਂ, ਮਾਈਆਂ, ਪੰਡਤਾਂ, ਭ੍ਰਿਗੂਆਂ ਨਾਲ ਤਾਂ ਅਖ਼ਬਾਰ ਭਰੇ ਪਏ ਨੇ। ਪੂਰਾ ਜਾਲ ਦਾ ਜਾਲ ਮਨੁੱਖ ਅੱਗੇ ਵਿਛਾ ਦਿੱਤਾ ਗਿਆ ਹੈ। ਉਹ ਇਸ ਵਿੱਚ ਫਸ ਕੇ ਰਹਿ ਗਿਆ ਹੈ ਅਤੇ ਉਸ ਫਸੇ ਹੋਏ ਮਨੁੱਖ ਦਾ ਸ਼ਿਕਾਰ ਇਹ ਮੀਡੀਆ ਅਤੇ ਲੋਟੂ ਲੋਕ ਰਲਕੇ ਕਰਦੇ ਹਨ। ਇੱਕੋ ਸ਼ੈਲੀ, ਇੱਕੋ ਭਾਸ਼ਾ, ਇੱਕੋ ਜਿਹੇ ਲਫਜ਼ਾਤ! ਜਾਪਦਾ ਨਹੀਂ ਜਿਵੇਂ ਸਾਰਾ ਕੁਝ ਇੱਕੋ ‘ਬਾਬਾ ਜੀ’ ਕਰ ਰਹੇ ਹੋਣ। ਇਸ ਗੱਲ ਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ ਕਿ ਇਹ ਕਿਹੜੀ ‘ਮਹਾਂ-ਸ਼ਕਤੀ’ ਜਿਹੜੀ ਖੁਦ ਤਾਂ ਭੰਡ-ਪੁਣਾ ਕਰਕੇ ਟੱਕੇ ਇਕੱਠੇ ਕਰਦੀ ਹੈ ਪਰ ਦੂਜਿਆਂ ਦੀਆਂ ਲਾਟਰੀਆਂ ਲਾਕੇ ਮਿਲੀਅਨ ਵਿਚ ਖੇਡਣ ਲਾਉਂਦੀ ਹੈ! ਤੁਹਾਨੂੰ ਕਦੇ ਜਾਪਦਾ ਨਹੀਂ ਇਹ ‘ਉੱਚੇ-ਪੁੱਲ’ ਤੇ ਬੈਠੇ ਉਹ ਭਿਖਾਰੀ ਹਨ ਜਿਹੜੇ ਹੱਥ ਵੇਖ ਵੇਖ ਲੋਕਾਂ ਨੂੰ ਤਾਂ ਕਨੇਡਾ-ਅਮਰੀਕਾ ਤੋਰੀ ਜਾਂਦੇ ਹਨ ਪਰ ਖੁਦ ਸਾਰੀ ਉਮਰ ਉਥੇ ਹੀ ਦੁਨੀਆਂ ਭਰ ਦੀ ਸਵਾਹ ਸਿਰ ਵਿਚ ਪਵਾਉਂਦੇ ਮਰ ਜਾਂਦੇ ਹਨ!

ਪਰ ਇਸ ਬਰਬਾਦੀ ਲਈ ਉਹ ਲੋਕ ਵੀ ਜਿੰਮੇਵਾਰ ਹਨ ਜਿਹੜੇ ਹੇਕਾਂ ਲਾ-ਲਾ ਰੱਬ ਨੂੰ ਤਾਂ ਦਿਨ ਰਾਤ ‘ਵਾਹਣੇ’ ਪਾਈ ਰੱਖਦੇ, ਪਰ ਰੱਬ ਦੇ ਬੰਦਿਆਂ ਦੀ ਹੁੰਦੀ ਦਿਨ-ਦਿਹਾੜੇ ਲੁੱਟ ਵੇਲੇ ਦੜ ਵੱਟ ਜਾਂਦੇ¬ ਹਨ! ‘ਬ੍ਰਹਮਗਿਆਨੀ’ ਚੁੱਪ ਹਨ! ਗੁਰਦੁਆਰੇ ਚੁੱਪ ਹਨ! ਧਰਮੀ ਅਖਵਾਉਂਦੇ ‘ਮਹਾਂਪੁਰਖ’ ਚੁੱਪ ਹਨ! ਬੰਦ ਬੱਤੀਆਂ ਚੁੱਪ, ਅਉਖਧ ਨਾਮ ਚੁੱਪ। ਅਗਾਂਹ ਵਧੂ ਚੁੱਪ। ਰੱਬ ਨੂੰ ਗਾਹਲਾਂ ਕੱਢ ਕੇ ਵਿਗਿਆਨੀ ਅਖਵਾਉਂਣ ਵਾਲੇ ਚੁੱਪ! ਮਨੁੱਖਤਾ ਦੀਆਂ ਡੀਗਾਂ ਮਾਰ ਮਾਰ ਮਨੁੱਖਤਾ ਉਪਰ ਵੰਝ ਜਿੱਡੀਆਂ ਕਵਿਤਾਵਾਂ ਕਹਿਣ ਵਾਲੇ ਚੁੱਪ!

ਇੰਝ ਜਾਪਦਾ ਜਿਵੇਂ ਤੁਸੀਂ ਕਿਸੇ ਜੰਗਲ ਵਿਚ ਹੋਵੋਂ ਜਿਥੇ ਤੁਹਾਡੀਆਂ ਅੱਖਾਂ ਸਾਹਵੇਂ ਬਗਿਆੜ ਲੇਲੇ ਨੂੰ ਪਾੜ ਰਿਹਾ ਹੋਵੇ ਅਤੇ ਤੁਸੀਂ ਖਮੋਸ਼ ਉਸ ਦਾ ਤਮਾਸ਼ਾ ਦੇਖ ਰਹੇ ਹੋਵੋਂ ਤੇ ਕਹਿ ਰਹ ਹੋਵੋਂ ਨਹੀਂ ਜੀ ਇਹ ਤਾਂ ਲਿਖਿਆ ਹੀ ਇਸ ਦਾ ਇੰਝ ਸੀ!

ਲੋਕ ਬਜਾਇ ਇਸ ਦੇ ਕਿ ਉਹ ਅਪਣੀਆਂ ਮੁਸ਼ਕਲਾਂ ਦਾ ਕੋਈ ਸਾਰਥਿਕ ਹੱਲ ਲੱਭ ਸਕਦੇ, ਅਪਣੀਆਂ ਉਲਝਣਾਂ ਨੂੰ ਕਿਸੇ ਚੰਗੇ ਤਰੀਕੇ ਸੁਲਝਾ ਸਕਦੇ, ਕੋਈ ਉਸਾਰੂ ਗੱਲ ਸੋਚ ਸਕਦੇ! ਇਹ ਲੋਟੂ ਲੋਕ ਉਨ੍ਹਾਂ ਨੂੰ ਉਸ ਪਾਸੇ ਤੁਰਨ ਹੀ ਨਹੀਂ ਦਿੰਦੇ, ਜਦ ਵੱਡੇ ਵੱਡੇ ਇਸ਼ਿਤਿਹਾਰਾਂ ਵਿਚ ਹੱਥਾਂ ਤੇ ਸਰ੍ਹੋਂ ਜਮਾਉਂਣ ਦੀਆਂ ਗੱਪਾਂ ਮਾਰਕੇ ਲੁਕਾਈ ਨੂੰ ਹੋਰ ਹੀ ਦੁਨੀਆਂ ਵਿਚ ਲੈ ਜਾਂਦੇ ਹਨ ਅਤੇ ਉਹ ਅਪਣੇ ਮਸਲਿਆਂ ਨੂੰ ਹੋਰ ਉਲਝਾ ਬੈਠਦੇ ਹਨ ਕਿਉਂਕਿ ਉਨ੍ਹਾਂ ਦਾ ਧਿਆਨ ਅਪਣੀ ਮੁਸ਼ਕਲ ਵਲ ਜਾ ਕੇ ਉਸ ਦੇ ਹੱਲ ਵਲੀਂ ਜਾਣ ਦੀ ਬਜਾਇ ਇਸ ਪਾਸੇ ਚਲਾ ਜਾਂਦਾ ਹੈ, ਕਿ ਰਾਤੋ-ਰਾਤ ਮੇਰੇ ਮਸਲੇ ਹੱਲ? ਯਾਨੀ ਇਹ ਉਹ ਚੋਰ ਹਨ ਜਿਹੜੇ ਤੁਹਾਨੂੰ ਕੁਰਾਹੇ ਤੋਰ ਕੇ ਮਗਰੋਂ ਤੁਹਾਡੇ ਘਰਾਂ ਨੂੰ ਪਾੜ ਲਾਉਂਦੇ ਹਨ। ਪਰ ਇਸ ਦੇ ਜਿੰਮੇਵਾਰ ਇਹ ਅਖ਼ਬਾਰਾਂ ਅਤੇ ਉਹ ਮੀਡੀਆ ਹੈ ਜਿਹੜਾ ਇਸ ਲੋਟੂ ਸੰਸਾਰ ਲਈ ਕੁੰਡੀ ਦਾ ਕੰਮ ਕਰਦਾ ਹੋਇਆ ਲੋਕਾਂ ਨਾਲ ਵੱਡਾ ਧਰੋਹ ਕਮਾ ਰਿਹਾ ਹੈ!

ਇਸ ਤੋਂ ਵੀ ਵੱਡਾ ਧਰੋਹ ਉਹ ਲੋਕ ਕਮਾ ਰਹੇ ਹਨ ਜਿਹੜੇ ਇਨ੍ਹਾਂ ਨੂੰ ਸਨਮਾਨ ਦਿੰਦੇ ਹਨ। ਧਾਰਮਿਕ ਅਦਾਰੇ, ਲੀਡਰ, ਮੀਡੀਆ, ਕਲੱਬ, ਸੰਸਥਾਵਾਂ, ਕਾਫਲੇ, ਕਲਮਾਂ, ਅਗਾਂਹ ਵਧੂ ਸਭ ਇਸ ਧਰੋਹ ਵਿਚ ਸ਼ਾਮਲ ਹਨ, ਜਿਹੜੇ ਅਪਣੀਆਂ ਕੁਝ ਮੂਰਤੀਆਂ ਖਾਤਰ ਜਾਂ ਇਨ੍ਹਾਂ ਦੀ ਕਲਮੀ ਗੁੰਡਾ-ਗਰਦੀ ਤੋਂ ਡਰੇ ਹੋਏ ਇਨ੍ਹਾਂ ਨੂੰ ਸਨਮਾਨ ਅਤੇ ਪੈਸਾ ਦੇ ਕੇ ਹੋਰ ਤਗੜਿਆਂ ਕਰ ਰਹੇ ਹਨ।

ਹੇਠਾਂ ਵੰਨਗੀ ਲਈ ਅਸੀਂ ਉਹ ਸਾਰੀਆਂ ਨਸਲਾਂ ਦੀਆਂ ਵੰਨਗੀਆਂ ਦਿੱਤੀਆਂ ਹੋਈਆਂ ਹਨ ਜਿਹੜੇ ਗੱਪਾਂ ਮਾਰ-ਮਾਰ ਝੂਠ ਨੂੰ ਵੀ ਸ਼ਰਮਿੰਦਿਆਂ ਕਰਦੇ ਹਨ ਤੇ ਲੋਕਾਂ ਦੀ ਮਾਨਸਿਤਕਾ ਵਿਚ ਜ਼ਹਿਰ ਘੋਲ ਰਹੇ ਹਨ!

ਸਾਨੂੰ ਲੋੜ ਤਾਂ ਕੋਈ ਨਹੀਂ ਕਹਿਣ ਦੀ ਕਿਉਂਕਿ ਪਤਾ ਹੀ ਹੈ ਜਿੰਨੇ ਕੁ ਪਾਣੀ ਵਿਚ ਇਹ ਹਨ, ਪਰ ਫਿਰ ਵੀ ਜੇ ਕਿਸੇ ਲੋਟੂ ਨੂੰ ਅਪਣੀ ‘ਮਹਾਂਸ਼ਕਤੀ’ ਜਾਂ ‘ਮਹਾਂਮਾਈ’ ਬਾਰੇ ਭੁਲੇਖਾ ਹੋਵੇ ਤਾਂ ਟਰੰਟੋ ਵਿਖੇ ਹੀ ਜਿਥੇ ਮਰਜੀ ਸਮਾਂ ਰੱਖ ਲਵੇ, ਅਪਣੀਆਂ ਭੂਤਾਂ-ਚੁੜੇਲਾਂ ਨਾਲ ਲੈ ਕੇ ਆਵੇ, ਅਪਣੇ ਸਰਾਪਾਂ ਦਾ ਟੋਕਰਾ ਵੀ ਨਾਲ ਚੁੱਕੀ ਆਵੇ, ਅਪਣੀਆਂ ਬਦਦੁਆਵਾਂ ਦੇ ਲਫਾਫੇ ਵੀ ਭਰੀ ਆਏ, ਅਪਣੇ ਮੰਤਰਾਂ-ਟੂਣਿਆਂ ਦਾ ਟਰੱਕ ਵੀ ਲੱਦੀ ਆਵੇ ਤਾਂ ਕਿ ਇਨ੍ਹਾਂ ‘ਮਹਾਂਸ਼ਕਤੀਆਂ’ ਨਾਲ ਦੋ ਹੱਥ ਹੋ ਹੀ ਜਾਣ! ਆਪਣੇ ‘ਲਾਗੀਆਂ’ ਰਾਹੀਂ ਹੀ ਦੱਸ ਦੇਣ ਕਿ ਕਿਥੇ ਮਿਲਣਾ ਹੈ ਅਪਣਾ ‘ਗਾਰਬੇਜ’ ਲੈ ਕੇ! ਤਾਂ ਕਿ ਦੇਖਿਆ ਤਾਂ ਜਾ ਸਕੇ ਇਹ ਕਿੰਨੀ ਕੁ ਕਰਤੂਤ ਦੇ ਮਾਲਕ ਹਨ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top