Share on Facebook

Main News Page

ਮਰਣ ਤੋਂ ਬਾਅਦ...
-: ਗੁਰਦੇਵ ਸਿੰਘ ਸੱਧੇਵਾਲੀਆ

ਮਰਣ ਤੋਂ ਬਾਅਦ ਜੀਵਨ ਹੈ, ਇਹ ਮੈਂ ਮੰਨਣਾ ਚਾਹੁੰਦਾ ਹਾਂ। ਦਰਅਸਲ ਮੈਂ ਮਰਣਾ ਹੀ ਨਹੀਂ ਚਾਹੁੰਦਾ, ਹਾਂ ਪਰ ਮੈਨੂੰ ਪਤੈ ਕਿ ਮਰਣਾ ਅਟੱਲ ਹੈ, ਮਰਣਾ ਤਾਂ ਪੈਣਾ ਹੀ ਹੈ, ਤਾਂ ਫਿਰ ਮੈਂ ਮਰਣ ਤੋਂ ਬਾਅਦ ਜੀਣ ਉਪਰ ਆਸ ਰਖ ਲੈਂਦਾ ਹਾਂ। ਮਰਣ ਤੋਂ ਬਾਅਦ ਜੀਵਨ ਦੀ ਕਹਾਣੀ ਮੇਰੇ ਜੀਵਨ ਪ੍ਰਤੀ ਪੀਡੀ ਪਕੜ ਦੀ ਸੋਚ ਵਿਚੋਂ ਆਈ ਹੈ। ਮੈਂ ਸੋਚਦਾਂ ਬੱਸ? ਮਰ ਗਿਆ ਤੇ ਕਹਾਣੀ ਖਤਮ? ਤੱਤਾਂ ਚ ਤੱਤ ਮਿਲ ਗਏ ਗੱਲ ਖਤਮ? ਮਿੱਟੀ, ਪਾਣੀ, ਅੱਗ, ਹਵਾ! ਇਹ ਤਾਂ ਗੱਲ ਨਾ ਹੋਈ। ਮੈਂ ਮਿੱਟੀ-ਪਾਣੀ-ਹਵਾ ਥੋੜੋਂ ਹੋਣਾ ਚਾਹੁੰਦਾ। ਮੈਂ ਤਾਂ ਇੰਝ ਹੀ ਸਬੂਤੇ ਦਾ ਸਬੂਤਾ ਬਣਿਆ ਰਹਿਣਾ ਚਾਹੁੰਦਾ। ਪੂਰੇ ਦਾ ਪੂਰਾ!

ਮਰਣ ਤੋਂ ਬਾਅਦ ਵੀ ਮੈਂ ਜੀਣਾ ਚਾਹੁੰਦਾ। ਮੇਰੀ ਹੋਂਦ ਖਤਮ ਨਹੀਂ ਹੋਣੀ ਚਾਹੀਦੀ। ਮੈਂ ਅਪਣੀ ਹੋਂਦ ਬਣਾਈ ਰੱਖਣਾ ਚਾਹੁੰਦਾ। ਇਸ ਹੋਂਦ ਬਣਾਈ ਰੱਖਣ ਨੇ ਮੇਰੇ ਅਗਲੇ ਜਨਮ ਨੂੰ ਜਨਮ ਦਿੱਤਾ। ਇਸ ਹੋਂਦ ਖਾਤਰ ਹੀ ਮੈਂ ਅਗਲਾ ਜਨਮ ਲੈਣਾ ਚਾਹੁੰਦਾ। ਆਤਮਾ ਦੇ ਨਾਂ 'ਤੇ ਮੈਂ ਫਿਰ ਜੰਮਣਾ ਚਾਹੁੰਦਾ। ਮੇਰੀਆਂ ਕਿੰਨੀਆਂ ਇਛਾਵਾਂ ਹਾਲੇ ਪੂਰੀਆਂ ਹੋਣ ਵਾਲੀਆ ਸਨ। ਕਿੰਨੇ ਕੰਮ ਸਨ, ਜਿਹੜੇ ਮੈਂ ਇਸ ਜਨਮ ਨਹੀਂ ਕਰ ਸਕਿਆ। ਕਿੰਨੇ ਭੋਗ ਸਨ, ਜਿਹੜੇ ਮੈਂ ਹਾਲੇ ਭੋਗਣੇ ਸਨ। ਕੀ ਹੋਇਆ ਜੇ ਹੁਣ ਵਾਲੇ ਜਨਮ ਵਿਚ ਮੈਂ ਬੁੱਢਾ ਹੋ ਗਿਆ, ਅਗਲੇ ਜਨਮ ਜਾ ਕੇ ਫਿਰ ਜਵਾਨ ਹੋਵਾਂਗਾ। ਫਿਰ ਭੋਗਾਂਗਾ, ਫਿਰ ਸਾਰੇ ਕੰਮ ਸ਼ੁਰੂ ਤੋਂ ਕਰਾਂਗਾ।

ਜਦ ਮੈਂ ਸੋਚਦਾਂ ਕਿ ਮੇਰੇ ਮਰਣ ਤੋਂ ਬਾਅਦ ਮੇਰੀ ਮਿੱਟੀ, ਮਿੱਟੀ ਵਿਚ ਮਿਲ ਕੇ ਗੱਲ ਖਤਮ, ਤਾਂ ਮੈਂ ਕੰਬ ਜਾਂਦਾ ਹਾਂ। ਬੱਸ? ਖਤਮ? ਇਹ ਕਿਵੇਂ ਹੋ ਸਕਦਾ। ਇਨੀ ਛੋਟੀ ਕਹਾਣੀ? ਇਨਾ ਛੋਟਾ ਸੀਨ? ਇਹ ਤਾਂ ਕੋਈ ਗੱਲ ਨਾ ਹੋਈ। ਇਨੀ ਉਮਰ ਦਾ ਤਾਂ ਪਤਾ ਹੀ ਨਾ ਲੱਗਾ ਕਦ ਲੰਘ ਗਈ। ਹਾਲੇ ਤਾਂ ਹੋਰ ਜੀਣਾ ਸੀ ਮੈਂ। ਪਰ ਚਲੋ ਇਥੇ ਨਹੀਂ ਤਾਂ ਅੱਗੇ ਸਹੀਂ! ਪਰ ਮੈਂ ਖਤਮ ਨਹੀਂ ਹੋਣਾ ਚਾਹੁੰਦਾ। ਮੇਰੀ ਹਸਤੀ ਮਿੱਟਣੀ ਨਹੀਂ ਚਾਹੀਦੀ।

ਮੇਰੇ ਮੁੱਕ ਜਾਣ ਦੀ ਗੱਲ ਮੈਨੂੰ ਡਰਾਉਂਦੀ ਹੈ। ਮੇਰੇ ਵਿਚ ਘਬਰਾਹਟ ਪੈਦਾ ਕਰਦੀ ਹੈ। ਮੈਂ ਇਹ ਸੋਚਣ ਤੋਂ ਹੀ ਡਰਦਾ ਹਾਂ ਕਿ ਅੱਖਾਂ ਮੀਚੀਆਂ ਤੇ ਗੱਲ ਖਤਮ। ਸਭ ਖਤਮ! ਮੇਰੀ ਹਸਤੀ, ਮੇਰੀ ਹੋਂਦ, ਮੇਰਾ ਜੀਵਨ! ਪਰ ਇਹ ਹੋਣਾ ਨਹੀਂ ਚਾਹੀਦਾ। ਅੱਗੇ ਕੁਝ ਹੋਵੇਗਾ। ਇਥੇ ਖਤਮ ਹੋਣ ਤੋਂ ਬਾਅਦ ਫਿਰ ਮੈਂ ਅੱਗੇ ਸ਼ੁਰੂ ਹੋਵਾਂਗਾ।

ਅੱਗੇ ਚੰਗਾ ਹੋਵੇ ਇਸ ਆਸ ਨਾਲ ਫਿਰ ਮੈਂ ਧਰਮ ਵਲ ਦੌੜਦਾ ਹਾਂ। ਉਦੋਂ ਦੌੜਦਾ ਹਾਂ ਜਦ ਮੌਤ ਦੀਆਂ ਦਹਿਲੀਜਾਂ ਵਿਚ ਪੈਰ ਧਰਨ ਲੱਗਦਾ ਹਾਂ। ਜਦ ਅੰਤ ਦੀਆਂ ਅਵਾਜਾਂ ਮੇਰੇ ਕੰਨੀ ਪੈਣ ਲੱਗਦੀਆ ਹਨ। ਪਹਿਲਾਂ ਮੈਨੂੰ ਲੋੜ ਹੀ ਨਹੀਂ ਸੀ। ਪਹਿਲਾਂ ਤਾਂ ਸਭ ਸੀ ਨਾ ਜਿਹੜਾ ਮੈਂ ਅੱਗੇ ਜਾ ਕੇ ਲੈਣਾ ਚਾਹੁੰਦਾ। ਜਵਾਨੀ ਸੀ, ਤਗੜੀ ਦੇਹ ਸੀ। ਮੈਂ ਸਾਰੇ ਸਵਾਦ ਲਾ ਸਕਦਾ ਸਾਂ, ਭੋਗ, ਭੋਗ ਸਕਦਾ ਸਾਂ। ਉਦੋਂ ਰੱਬ ਦੀ ਕੀ ਲੋੜ ਸੀ। ਉਦੋਂ ਮਾਲਾ ਦੀ ਕੀ ਲੋੜ ਸੀ। ਤੁਸੀਂ ਕਦੇ ਜਵਾਨ ਮੁੰਡੇ ਨੂੰ ਮਾਲਾ ਫੜੀ ਦੇਖਿਆ? ਗੁਰਦੁਆਰੇ, ਮੰਦਰ ਅੱਖਾਂ ਮੀਚੀ ਦੇਖਿਆ? ਉਥੇ ਬਹੁਤੀਆਂ ਭੀੜਾਂ ਬੁੱਢਿਆਂ ਦੀ ਕਿਉਂ ਹੁੰਦੀਆਂ? ਉਹ ਡਰੇ ਹੋਏ ਹਨ। ਉਨ੍ਹਾਂ ਦੀ ਇਥੇ ਦੀ ਆਸ ਲੱਥ ਚੁੱਕੀ ਹੋਈ ਹੈ ਤੇ ਉਹ ਹੁਣ ਅਪਣਾ ਅੱਗੇ ਦਾ ਪ੍ਰਬੰਧ ਕਰਨ ਦੇ ਚੱਕਰ ਵਿਚ ਹਨ। ਅੱਗਾ ਸੰਵਾਰਨ ਦੇ? ਇਥੇ ਦਾ ਤਾਂ ਵਿਗੜ ਗਿਆ ਹੁਣ ਅੱਗਾ ਤਾਂ ਸੰਵਾਰੋ!

ਇਥੇ ਦੇ ਗੋਡੇ ਵਿਗੜ ਗਏ, ਅੱਖਾਂ, ਕੰਨ ਵਿਗੜ ਗਏ, ਸਾਰੀ ਦੇਹ ਵਿਗੜ ਖੜੋਤੀ, ਨਿਆਣੇ ਵਿਗੜ ਗਏ। ਚਲੋ ਹੁਣ ਅੱਗਾ ਸੰਵਾਰੋ! ਇਥੇ ਸਭ ਕੁਝ ਵਿਗਾੜ ਕੇ ਹੁਣ ਮੈਂ ਅੱਗਾ ਸੰਵਾਰਨਾ ਚਾਹੁੰਦਾ। ਮਾਲਾ ਫੜਦਾ ਹਾਂ, ਕਿਸੇ ਸੰਤ ਦੇ ਪੈਰੀਂ ਸਿਰ ਧਰਦਾ ਹਾਂ। ਗੁਰਦੁਆਰੇ, ਮੰਦਰ ਜਾ ਕੇ ਰੱਬ ਨਾਲ ਨਵੀਆਂ ਨਵੀਆਂ ਸਾਝਾਂ ਕੱਢਦਾ ਹਾਂ। ਜੋਤਾਂ, ਧੂਪਾਂ, ਫੁੱਲ ਅਰਪਣ ਕਰਦਾ ਹਾਂ। ਕੀ ਪਤਾ ਰੱਬ ਕਿਸ ਗੱਲੇ ਰੀਝ ਜਾਏ। ਅੱਗਾ ਸੰਵਰ ਜਾਏ। ਬਹਿਸ਼ਤ, ਬੈਕੁੰਠ, ਦਰਗਾਹ, ਸਵਰਗ ਵਿਚ ਚੰਗੀ ਸੀਟ ਮਿਲ ਜਾਏ। ਚਲੋ ਉਥੇ ਹੀ ਅਰਾਮ ਨਾਲ ਚਾਰ ਦਿਨ ਕੱਟ ਹੋ ਜਾਣਗੇ। ਦੂਜਾ ਪਾਸਾ ਤਾਂ ਪੰਡੀਏ ਪਤੰਦਰ ਨੇ ਭਿਆਨਕ ਹੀ ਬੜਾ ਦਿਖਾਇਆ।

ਫਿਰ ਮੈਂ ਦੇਹ ਮਾਲਾ ਤੇ ਮਾਲਾ ਦੀਆਂ ਗੇੜੀਆਂ ਦਿਵਾਉਂਦਾ। ਗਿਣਤੀ ਕਰਦਾਂ ਕਿੰਨੀਆਂ ਹੋਈਆਂ। ਅੱਜ ਦੇ ਸਵਾਰਗ ਜੋਗੀਆਂ ਹੋਈਆਂ ਕਿ ਨਹੀਂ। ਫਲਾਂ ਬਾਬਾ ਜੀ ਨੇ ਕਿਹਾ ਤਾਂ ਸੀ ਕਿ ਭਾਈ ਇਨੀਆਂ ਫੇਰਨ ਨਾਲ ਇਨੇ ਬੈਕੁੰਠ ਦਾ ਫਲ ਮਿਲਦਾ। ਚਲੋ ਦੋ ਵੱਧ ਹੀ ਫੇਰ ਲਓ।

ਮਾਲਾ ਕਿਸੇ ਇਸੇ ਤਰ੍ਹਾਂ ਦੇ ਡਰੇ ਹੋਏ ਬੁੱਢੇ ਦੀ ਕਾਢ ਹੈ। ਗੁਰਬਾਣੀ ਮਾਲਾ ਵਾਲਿਆਂ ਨੂੰ ਆੜੇ ਹੱਥੀਂ ਲੈਂਦੀ। ਗੁਰਬਾਣੀ ਮਾਲਾ ਫੜੀ ਬੈਠੇ ਜੋਗੀ ਨੂੰ ਕਹਿੰਦੀ ਤੂੰ ਇਥੇ ਮਾਲਾ ਫੜੀ ਬੈਠਾਂ ਉਧਰ ਧਰਤੀ ਉਪਰ ਦੇਖ ਕੀ ਹੋ ਰਿਹਾ। ਗੁਰੂ ਮਾਧੋ ਦੀ ਮਾਲਾ ਛੁਡਾ ਕੇ ਹੱਥ ਤਲਵਾਰ ਦਿੰਦਾ ਕਿ ਤੂੰ ਅਗਲੇ ਸਵਰਗ ਦੇ ਚੱਕਰ ਵਿਚ ਪਿਆਂ ਇਥੇ ਧਰਤੀ ਨਰਕ ਬਣੀ ਹੋਈ ਹੈ।

ਸਿੱਖ ਕੌਮ ਦੇ ਕਿੰਨੇ ਬੁੱਢੇ ਹਨ ਜਿਹੜੇ ਅਗਲੇ ਜਨਮ ਦੀ ਆਸ ਵਿਚ ਅੰਦਰੀ ਮਾਲਾ ਫੜੀ ਬੈਠੇ ਹਨ ਪਰ ਉਧਰ ਪੰਜਾਬ ਡੁੱਬ ਰਿਹਾ ਹੈ। ਮਨੁੱਖਤਾ ਮਰ ਰਹੀ ਹੈ। ਬਾਬਰ ਉਰਫ ਬਾਦਲਾਂ ਦੇ ਕੱਟਕ ਪਾਪ ਦੀ ਜੰਝ ਲੈ ਕੇ ਪੰਜਾਬ ਨੂੰ ਤਬਾਹ ਕਰ ਰਹੇ ਹਨ ਪਰ ਉਹ ਮਾਲਾ ਤੇ ਮਾਲਾ ਗੇੜੀ ਜਾ ਰਹੇ ਹਨ। ਉਨ੍ਹਾਂ ਕੋਲੇ ਸਮਾ ਸੀ, ਉਮਰ ਦਾ ਤਜਰਬਾ ਸੀ, ਉਹ ਕੁਝ ਕਰ ਸਕਦੇ ਸਨ ਪਰ ਉਨ੍ਹਾਂ ਦੇ ਅਗਲੇ ਜਨਮ ਦੇ ਗੇੜ ਨੇ ਉਨ੍ਹਾਂ ਕੋਲੋਂ ਕੁਝ ਵੀ ਕਰ ਸਕਣ ਦੀ ਸਮਰਥਾ ਖੋਹ ਲਈ ਹੈ। ਉਹ ਅਗਲੇ ਸਵਰਗ ਖਾਤਰ ਇਥੇ ਦੇ ਨਰਕ ਨੂੰ ਬਰਦਾਸ਼ਤ ਕਰ ਰਹੇ ਹਨ ਕਿਉਂਕਿ ਉਹ ਅਗੇ ਜਾ ਕੇ ਫਿਰ ਜਿਉਂਣਾ ਚਾਹੁੰਦੇ ਹਨ। ਯਾਨੀ ਮਨੁੱਖ ਕਦੇ ਵੀ ਮਰਣਾ ਨਹੀਂ ਚਾਹੁੰਦਾ! ਕਿ ਚਾਹੁੰਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top