Share on Facebook

Main News Page

ਮੁਫਤ ਦੀ ਸ਼ਾਂਤੀ ਵੰਡਣ ਵਾਲੇ ਠੱਗ ਸ੍ਰੀ ਸ੍ਰੀ ਸੁਦਰਸ਼ਨ ਦੀ ਮਹਿੰਗੀ ਸ਼ਾਂਤੀ ਦਾ ਪਰਦਾ ਫਾਸ਼ !!! (ਖ਼ਬਰਦਾਰ ਮੈਗਜ਼ੀਨ ਵਿੱਚੋਂ)
-: ਗੁਰਦੇਵ ਸਿੰਘ ਸੱਧੇਵਾਲੀਆ

ਪਖੰਡੀ ਬਾਬਾ ਸ੍ਰੀ ਸ੍ਰੀ ਸੁਦਰਸ਼ਨ ਜੂਨ ਦੇ ਪਹਿਲੇ ਹਫਤੇ ਸਰੀ, ਕੈਨੇਡਾ ਪਹੁੰਚ ਰਿਹਾ ਹੈ। ਜਿਸ ਤਰ੍ਹਾਂ ਇਸ ਪਖੰਡੀ ਦਾ ਐਡਮਿੰਟਨ ਵਿਖੇ ਜਾਗਰੂਕ ਸਿੰਘਾਂ ਨੇ ਦੌੜ ਲਵਾਈ, ਸਰੀ ਵਾਸੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਇਸ ਪਖੰਡੀ ਦੀ ਰੇਲ ਬਣਾਈ ਜਾਵੇ।

ਪਿਛਲੇ ਸਾਲ ਸ. ਗੁਰਦੇਵ ਸਿੰਘ ਸੱਧੇਵਾਲੀਆ ਜੀ ਵੱਲੋਂ ਲਿਖਿਆ ਲੇਖ, ਅੱਜ ਫਿਰ ਇਸੇ ਕਰਕੇ ਪਾਇਆ ਜਾ ਰਿਹਾ ਹੈ।


ਮੁਫਤ ਵਿਚ ਵੈਸੇ ਦੁਨੀਆਂ ਉਪਰ ਕੁਝ ਨਹੀਂ ਮਿਲਦਾ, ਪਰ ਮਨੁੱਖ ਦੀ ਸਾਇਕੀ ਹੈ ਕਿ ਉਹ ਮੁਫਤ ਦੇ ਨਾਂ ਤੇ ਦੌੜ ਪੈਂਦਾ ਹੈ। ਮੱਛੀ ਫੜਨ ਲਈ ਕੁੰਡੀ ਲਾਉਂਣ ਵਾਲਾ ਮੱਛੀ ਨੂੰ ‘ਬਰੇਕ-ਫਾਸਟ’ ਨਹੀਂ ਕਰਾਉਂਣ ਗਿਆ ਹੁੰਦਾ, ਬਲਕਿ ਮੱਛੀ ਦਾ ‘ਡਿਨਰ’ ਕਰਨ ਦੇ ਚੱਕਰ ਵਿਚ ਹੁੰਦਾ ਹੈ, ਪਰ ਮੱਛੀ ਮੁਫਤੇ ਖਾਣ ਦੇ ਲਾਲਚ ਵਿਚ ਕੁੰਡੀ ਵਿਚ ਅਜਿਹੀ ਫਸਦੀ ਹੈ ਕਿ ‘ਫਰਾਹੀ’ ਤੱਕ ਪਹੁੰਚ ਕੇ ਹੀ ਉਸ ਦਾ ਅੰਤ ਹੁੰਦਾ ਹੈ।

ਸ੍ਰੀ ਸ੍ਰੀ ਸੁਦਰਸ਼ਨ ਉਰਫ ‘ਗੁਰੂ ਜੀ’ ਦੇ ਸਬੰਧ ਵਿਚ ਸਾਨੂੰ ਲਿਖਣ ਦੀ ਲੋੜ ਨਾ ਪੈਂਦੀ ਜੇ ਉਹ ਮੁਫਤੇ ਕੈਪਾਂ ਦੇ ਨਾਂ ਹੇਠ ਲੋਕਾਂ ਦੀ ਲੁੱਟ ਨਾ ਕਰਦਾ ਹੁੰਦਾ। ਉਹ ਅਪਣੀ ਚਲਦੀ ‘ਐਡ’ ਵਿਚ ‘ਫਰੀ ਕੈਂਪ’ ਦੀ ‘ਕੁੰਡੀ’ ਲਾ ਕੇ ਲੋਕਾਂ ਨੂੰ ਫਸਾਉਂਦਾ ਅਤੇ ਮੁੜ ਉਨ੍ਹਾਂ ਨੂੰ ਬੜੇ ਅਜੀਬ ਤਰੀਕੇ ਲੁੱਟਦਾ ਅਤੇ ਲੋਕਾਂ ਦੀ ਮਸੂਮੀਅਤ ਅਤੇ ਦੁੱਖਾਂ ਦਾ ਗਲਤ ਫਾਇਦਾ ਉਠਾਉਂਦਾ ਹੈ!

ਦੂਜੀ ਗੱਲ ਕਿ ਦੁਨੀਆਂ ਉਪਰ ‘ਜੋਗਾ’ ਇੱਕ ਬਹੁਤ ਵੱਡੀ ਠੱਗੀ ਬਣ ਚੁੱਕਾ ਹੋਇਆ ਜਿਸ ਦੀ ‘ਕੁੰਡੀ’ ਰਾਹੀਂ ਬੰਦੇ ਨੂੰ ਅਰਾਮ ਨਾਲ ਲੁੱਟਣ ਵਾਲਾ ਇੱਕ ਵੱਡਾ ‘ਗਰੋਹ’ ਪੈਦਾ ਹੋ ਚੁੱਕਾ ਹੈ। ‘ਠੱਗ-ਸੰਸਾਰ’ ਨੂੰ ਪੱਤੈ ਕਿ ਅੱਜ ਦੇ ਮਨੁੱਖ ਨੇ ਅਪਣੇ ਦੁਆਲੇ ਮਾਇਆ ਦਾ ਅਜਿਹਾ ਤਾਣਾ-ਬਾਣਾ ਬੁਣ ਲਿਆ ਹੋਇਆ ਕਿ ਹੁਣ ਉਹ ਉਸ ਵਿਚੋਂ ਨਿਕਲਣ ਜਾਂ ਰਾਹਤ ਪਾਉਂਣ ਲਈ ਰਾਹ ਭਾਲ ਰਿਹੈ ਤੇ ਇਹ ਲੋਕ ਜੋਗਾ, ਪ੍ਰਣਾਯਾਮ, ਮੈਡੀਟੇਸ਼ਨ ਜਾਂ ਲਿਵਿੰਗ ਆਰਟ ਦੇ ਨਾਂ ਹੇਠ ਲੋਕਾਂ ਨੂੰ ਸ਼ਾਂਤੀ ਅਤੇ ਤੰਦੁਰਸਤੀ ਵੰਡਣ ਦਾ ਲਾਲਚ ਦੇ ਕੇ ਉਨ੍ਹਾਂ ਦੀ ਰੱਜ ਕੇ ਉਨ ਲਾਹੁੰਦੇ ਹਨ।

ਇਨ੍ਹਾਂ ਦੇ ਖੁਦ ਦੇ ਆਸ਼ਰਮਾ ਜਾਂ ਡੇਰਿਆਂ ਵਿਚੋਂ ਜਿਹੜੀ ‘ਸ਼ਾਂਤੀ’ ਨਿਕਲ ਰਹੀ ਹੈ, ਉਸ ਨੂੰ ਦੇਖ ਕੇ ਵੀ ਸੰਸਾਰ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਉਂ ਇਨ੍ਹਾਂ ਮਗਰ ਦੌੜ ਰਿਹੈ। ਆਸਾ ਰਾਮ, ਰਾਮ ਦੇਵ ਜਾਂ ਮਰ ਚੁੱਕੇ ਸਾਈਂ ਬਾਬਾ ਵਰਗਿਆਂ ਦੀਆਂ ਮਿਸਾਲਾਂ ਸਾਡੇ ਸਾਹਵੇਂ ਹਨ, ਜਿਸ ਦੇ ਆਸ਼ਰਮ ਵਿਚੋਂ ਕਈ ਟੰਨ ‘ਸ਼ਾਂਤੀ’ ਨਿਕਲੀ ਸੀ, ਅਤੇ ਆਸਾਰਾਮ ਦੀ ‘ਸ਼ਾਤੀ’ ਜੇਲ੍ਹਾਂ ਵਿਚ ਰੁਲ ਰਹੀ ਹੈ ਅਤੇ ਰਾਮਦੇਵ ਦੀ ‘ਸ਼ਾਂਤੀ’ ਮੋਦੀ 'ਤੇ ਜਾ ਕੇ ਖਤਮ ਹੋ ਗਈ?

ਕਮਜੋਰ ਮਨੁੱਖ ਦੀ ਮਾਨਸਿਕਤਾ ਦਾ ਗਲਤ ਫਾਇਦਾ ਉਠਾ ਕੇ ਆਪੂੰ ਬਣੇ ‘ਜੋਗ ਗੁਰੂ’ ਝੂਠ ਤੇ ਝੂਠ ਮਾਰੀ ਤੁਰੇ ਜਾਂਦੇ ਕਿ ਹਰੇਕ ਬਿਮਾਰੀ, ਸਟਰੈਸ ਅਤੇ ਡਿਪਰੈਸ਼ਨ ਦਾ ਇਲਾਜ ਜੋਗਾ ਹੀ ਹੈ। ਪਰ ਜੇ ਇੰਝ ਹੁੰਦਾ ਤਾਂ ਦੁਨੀਆ ਦਾ ਸਭ ਤੋਂ ਤੰਦਰੁਸਤ ਅਤੇ ਡਿਪਰੈਸ਼ਨ ਮੁਕਤ ਮੁਲਖ ਹਿੰਦੋਸਤਾਨ ਹੋਣਾ ਚਾਹੀਦਾ ਸੀ, ਜਿਥੇ ਜੋਗੀਆਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ ਹਨ ਅਤੇ ਥਾਂ ਥਾਂ ਜੋਗਾ ਕੈਂਪ ਚਲ ਰਹੇ ਹਨ ਇਥੇ ਤੱਕ ਕਿ ਜੋਗਾ ਗੁਰੂ ਸਕੂਲਾਂ ਤੱਕ ਵੀ ਪਹੁੰਚ ਗਏ ਹੋਏ ਨੇ। ਪਰ ਹੈਰਾਨੀ ਦੀ ਗੱਲ ਕਿ ਖੁਦ ਜੋਗੀਆਂ ਦੇ ਅਪਣੇ ਮੂੰਹਾਂ ਤੋਂ ਮੱਖੀ ਨਹੀਂ ਉੱਡਦੀ ਅਤੇ ਰਾਮਦੇਵ ਵਰਗੇ ‘ਪ੍ਰਸਿੱਧ ਜੋਗੀ’ ਅਪਣਾ ਖੁਦ ਦਾ ਭੈਂਗ ਦੂਰ ਨਹੀਂ ਕਰ ਸਕੇ। ਕਰ ਸਕੇ?

ਸ੍ਰੀ ਸੁਦਰਸ਼ਨ ਉਰਫ ‘ਗੁਰੂ ਜੀ’ ‘ਫਰੀ ਕੈਂਪ’ ਦੀ ਕੁੰਡੀ ਲਾ ਕੇ ਕਿਵੇਂ ਲੱਖਾਂ ਡਾਲਰ ਲੋਕਾਂ ਦੀਆਂ ਜੇਬ੍ਹਾਂ ਵਿਚੋਂ ਕਢਾਉਂਦਾ ਹੈ, ਬੜੀ ਦਿਲਚਸਪ ਕਹਾਣੀ ਹੈ ਉਸ ਦੀ। ਖਾਸ ਜਲੰਧਰ ਦੇ ਰਹਿਣ ਵਾਲੇ ਅਤੇ ਵਿਕਾਸ ਕੇਂਦਰਾ ਦੇ ਸੰਚਾਲਕ ਸ੍ਰੀ ਸੁਦਰਸ਼ਨ ਦੇ ਦੋ ਮੁੰਡੇ ਅਤੇ ਘਰਵਾਲੀ ਹੈ। ਇੱਕ ਮੁੰਡੇ ਦਾ ਨਾਂ ਮਹਾਂ ਰਿਖੀ ਦੂਜੇ ਦਾ ਦੇਵ ਰਿਖੀ! ਇਸ ਦੇ ਮੁੰਡੇ ਨੂੰ ਦੇਵ ਜਾਂ ਮਹਾਂ ਰਿਖੀ ਦੀ ਡਿਗਰੀ ਕਿਥੋਂ ਮਿਲੀ ਇਹ ਤਾਂ ਸ੍ਰੀ ਸ੍ਰੀ ਨੂੰ ਹੀ ਪਤਾ ਹੋਵੇਗਾ, ਪਰ ਇਹ ਵੀ ਕੋਈ ਮਾੜੀ ਮੋਟੀ ਗੱਲ ਨਹੀਂ ਕਿ ਅਗਲਾ ਮਹਾਂ ਅਤੇ ਦੇਵ ਰਿਖੀ ਦਾ ਬਾਪ ਹੈ! ਇਹ ਤਾਂ ਉਸ ਕਹਾਣੀ ਵਰਗੀ ਗੱਲ ਹੈ ਕਿ ਚੇਲੇ ਦਾ ਨਾਂ ‘ਜਗਤ’ ਰੱਖ ਕੇ ਕਹਿੰਦਾ ਜਗਤ ਦਾ ਮੈਂ ਗੁਰੂ ਹਾਂ?

ਸੁਦਰਸ਼ਨ ਦੇ ‘ਗੁਰੂ’ ਬਣਨ ਦਾ ਤਰਕ ਵੀ ਬੜਾ ਅਜੀਬ ਹੈ। ਉਹ ਸਾਰਾ ਟੱਬਰ ‘ਆਰਟ ਆਫ ਲਿਵਿੰਗ’ ਵਾਲੇ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਚੇਲੇ ਹਨ ਅਤੇ ਉਸ ਦੇ ਕੈਪਾਂ ਵਿਚ ਜਾਂਦੇ ਰਹਿੰਦੇ ਸਨ। ਸੁਦਰਸ਼ਨ ਦੀ ਪਤਨੀ ਸ਼ਨੀਵਾਰ ਨੂੰ ਸ੍ਰੀ ਸ੍ਰੀ ਰਵੀ ਦੇ ਕੈਪਾਂ ਵਿਚ ਭਜਨ ਗਾਇਆ ਕਰਦੀ ਸੀ ਤੇ ਇੱਕ ਵਾਰ ਕਿਤੇ ਉਨ੍ਹੀ ਉਸ ਨੂੰ ਗਾਉਂਣ ਦਾ ਸਮਾ ਨਾ ਦਿੱਤਾ ਤਾਂ ਸ੍ਰੀ ਸੁਦਰਸ਼ਨ ਜੀ ਗੁੱਸੇ ਵਿਚ ਆ ਕੇ ਅਪਣੀ ਪਤਨੀ ਨੂੰ ਕਹਿਣ ਲੱਗੇ ਕਿ ਮੈਂ ਖੁਦ ਹੀ ਇਨ੍ਹਾਂ ਨੂੰ ‘ਗੁਰੂ’ ਬਣਕੇ ਦਿਖਾਵਾਂਗਾ ਅਤੇ ਤੂੰ ਜਦ ਜੀਅ ਕਰੇ ਗਾਇਆ ਕਰੇਂਗੀ! ਤੇ ਚਲੋ ਬਣ ਗਿਆ ‘ਗੁਰੂ ਜੀ’?? ਹੋਛਾ ਅਤੇ ਬੜਬੋਲਾ ਹੋਣ ਕਰਕੇ ਇਹ ਕਹਾਣੀ ਉਸ ਦੀ ਆਪ ਦੇ ਮੂੰਹੋਂ ਹੀ ਜਲੰਧਰ ਦੇ ਕਿਸੇ ਕੈਂਪ ਵਿਚ ਦੱਸੀ ਹੋਈ ਹੈ।

ਉਹ ਅਪਣੇ ਆਪ ਦੀ ਬੁੱਧ ਨਾਲ ਤੁਲਨਾ ਕਰਦਾ ਕਹਿੰਦਾ ਹੈ ਕਿ ਬੁੱਧ ਨੂੰ ਬੋਹੜ ਹੇਠ ਗਿਆਨ ਹੋਇਆ ਸੀ ਮੈਂਨੂੰ ਅੰਬ ਹੇਠ! ਇਹ ਵੀ ਪਤਾ ਲੱਗਾ ਹੈ ਕਿ ਲੁਕਾਈ ਉਸ ਅੰਬ ਦੀ ਪੂਜਾ ਵੀ ਕਰਨ ਲੱਗ ਪਈ ਹੈ ਬਿਨਾ ਇਹ ਜਾਣੇ ਕਿ ਗਿਆਨ ਤਾਂ ਇਸ ਠੱਗ ਨੂੰ ਹੋਇਆ ਹੀ ਨਹੀਂ! ਗਿਆਨੀ ਬੰਦਾ ਇਹ ਨਹੀਂ ਕਹਿੰਦਾ ਕਿ ਜੇ ਮੈਨੂੰ ਅੰਗਰੇਜੀ ਆਉਂਦੀ ਹੁੰਦੀ ਤਾਂ ਮੇਰੇ ਸਾਹਵੇਂ ਤੁਹਾਡੀ ਬਜਾਇ ਮੇਮਾਂ ਬੈਠੀਆਂ ਹੋਣੀਆਂ ਸਨ। ਉਹ ਮੇਮਾਂ ਦੇ ਸੁਪਨੇ ਲਈ ਜਾਂਦਾ ਲੋਕ ਉਸ ਕੋਲੋਂ ਗਿਆਨ ਲੈਣ ਤੁਰੇ ਹੋਏ ਹਨ। ਉਹ ਤਾਂ ਖੁਦ ਮੇਮਾਂ ਦੀ ਚਿੰਤਾ ਵਿਚ ਹੈ ਤੁਸੀਂ ਉਸ ਕੋਲੋਂ ਕਿਹੜੀ ਚਿੰਤਾ ਦੂਰ ਕਰਵਾ ਲਉਂਗੇ। ਉਸ ਦੀਆਂ ਗੱਲਾਂ ਵਿਚੋਂ ਉਸ ਦਾ ਅੰਦਰਲਾ ਲੁੱਚਾ ਮਨੁੱਖ ਬਾਹਰ ਡੁੱਲ ਡੁੱਲ ਪੈ ਰਿਹੈ ਪਰ ਲੁਕਾਈ ਨੂੰ ਫਿਰ ਵੀ ਸਮਝ ਨਹੀਂ ਆ ਰਹੀ ਕਿ ਖੁਦ ਅੰਦਰ ਮੇਮਾਂ ਚੁੱਕੀ ਫਿਰਦਾ ਬੰਦਾ ਦੂਜਿਆਂ ਨੂੰ ਕਿਥੋਂ ਸ਼ਾਂਤ ਕਰ ਦਏਗਾ।

ਟਰੰਟੋ ਤੋਂ ਪੰਜਾਬ ਇਸ ਦੇ ਕੈਂਪਾਂ ਵਿਚ ਜਾਂਦੇ ਰਹਿੰਦੇ ਸੋਨੀ (ਬਦਲਿਆ ਨਾਂ) ਨੇ ਮੈਨੂੰ ਦੱਸਿਆ ਕਿ ਉਸ ਦੇ ‘ਕੁੰਡੀ’ ਲਾਉਂਣ ਦੇ ਤਰੀਕੇ ਇਨੇ ਅਜੀਬ ਅਤੇ ਕਾਰਗਰ ਹਨ, ਕਿ ਬੰਦਾ ਮੁਫਤੇ ਦੇ ਚਾਅ ਵਿਚ ਗਿਆ ਪਤਾ ਹੀ ਨਹੀਂ ਲੱਗਦਾ ਕਿ ਕਦ ਅਪਣੀ ਛਿੱਲ ਲੁਹਾ ਆਉਂਦਾ ਹੈ। ਸ੍ਰੀ ਸ੍ਰੀ ਉਥੇ ਗਿਆਂ ਨੂੰ ਪਹਿਲੇ ਦਿਨ ਹੀ ਕਹਿੰਦਾ ਕਿ ਕੈਂਪ ਵਿਚ ਕੱਪੜੇ ਖੁਲ੍ਹੇ ਹੋਣੇ ਚਾਹੀਦੇ ਹਨ। ਫਿਰ ਅਗਲੇ ਦਿਨ ਉਹ ਅਪਣੇ ਕੈਂਪ ਵਿਚੋਂ ਹੀ ਖੁਲ੍ਹੇ ਕੱਪੜੇ ਮੁਹਈਆ ਕਰਦਾ ਹੈ ਜਿਹੜਾ ਕੋਈ 12 ਤੋਂ ਲੈ ਕੇ 15 ਸੌ ਰੁਪਏ ਤੱਕ ਦਾ ਇੱਕ ‘ਟਰੈਕ ਸੂਟ’ ਜਿਹੀ ਕਿਸਮ ਦੀ ਬਰਦੀ ਵਰਗਾ ਹੁੰਦਾ ਹੈ। ਹੁਣ ਕੈਂਪ ਵਿਚ ਉਥੇ 500 ਬੰਦਾ ਸੀ ਛੇ ਲੱਖ ਤਾਂ ਉਸ ਦੂਜੇ ਦਿਨ ਹੀ ਮੁੱਛ ਲਿਆ! ਉਹੀ ‘ਟਰੈਕ ਸੂਟ’ ਉਹ ਬਾਹਰ ਕੋਈ 80 ਡਾਲਰ ਦਾ ਵੇਚਦਾ ਹੈ। ਅਸਲੀ ਗੱਲ ਇਹ ਸੀ ਕਿ ਸ੍ਰੀ ਸ੍ਰੀ ਦੇ ਖਾਸ ਏਜੰਟ ਕੁਲਵਿੰਦਰ ਨਾਂ ਦੇ ਬੰਦੇ ਦਾ ‘ਸਪੋਰਟਸ’ ਦੇ ਕੱਪੜਿਆਂ ਦਾ ਸਟੋਰ ਹੈ ਦੂਜੇ ਅਰਥਾਂ ਵਿਚ ਉਹ ਅਪਣੇ ਸਟੋਰ ਦੇ ਕੱਪੜੇ ਜੋਗਾ ਕੈਂਪ ਵਿਚ ਵੇਚ ਰਹੇ ਹਨ ਯਾਨੀ ਕੈਂਪ ਵਿਚ ਹੀ ਸਟੋਰ ਖੋਲ੍ਹ ਰੱਖਿਆ ਹੈ??

ਫਿਰ ਉਹ ਤੀਜੇ ਕੁ ਦਿਨ ਅਗਲੀ ‘ਕੁੰਡੀ’ ਲਾਉਂਦਾ ਹੈ ਕਿ ਦੇਖੋ ਭਾਈ ਕੈਂਪ ਤਾਂ ਮੁਫਤਾ ਹੈ, ਪਰ ਇਸ ਥਾਂ ਦਾ ਰੈਂਟ ਬਗੈਰਾ ਤਾਂ ਤੁਹਾਨੂੰ ਹੀ ਪ੍ਰਬੰਧ ਕਰਨਾ ਚਾਹੀਦਾ ਹੈ ਨਾ। ਉਸ ਵਿਚ ਉਹ ਲੋਕਾਂ ਨੂੰ ਭਾਵੁਕ ਕਰਕੇ ਅੱਠ ਮਿੰਟ ਦਿੰਦਾ ਹੈ ਇਸ ਸਮੇ ਦੇ ਵਿੱਚ ਵਿੱਚ ਜਿਸ ਕੁਝ ਦੇਣਾ ਦੇਵੇ। ਲੋਕਾਂ ਕੋਲੇ ਸਮੇ ਦੀ ਪਾਬੰਦੀ ਹੋਣ ਕਾਰਨ ਸੋਚਣ ਦਾ ਸਮਾ ਹੀ ਨਹੀਂ ਹੁੰਦਾ ਕਿ ਦੇਈਏ ਜਾਂ ਕਿੰਨੇ ਦੇਈਏ ਤੇ ਇਸ ਕਾਹਲੀ ਵਿਚ ਪੰਡਤ ਅੱਗੇ ਲੋਕ ਪੈਸਿਆਂ ਦੀ ਲਾ ਢੇਰੀ ਦਿੰਦੇ ਹਨ।

ਫਿਰ ਉਸ ਦੀ ਤੀਜੀ ‘ਕੁੰਡੀ’ ਸ਼ੁਰੂ ਹੁੰਦੀ ਹੈ। ਉਹ ਬੰਦੇ ਨੂੰ ਨਿਮਰ ਕਰਨ ਦੇ ਨਾਂ ਤੇ ਲੋਕਾਂ ਨੂੰ ਭੀਖ ਮੰਗਣ ਲਈ ਕਹਿੰਦਾ ਹੈ ਕਿ ਇੱਕ ਇੱਕ ਬੰਦਾ ਦੱਸ ਦੱਸ ਲੋਕਾਂ ਤੋਂ ਭੀਖ ਮੰਗ ਕੇ ਲੈ ਕੇ ਆਉ ਤੇ ਚੁੱਪ-ਚਾਪ ਅਪਣਾ ਉਪਰ ਨਾਂ ਲਿਖ ਕੇ ਇਸ ਨੂੰ ਬੰਦ ਲਿਫਾਫੇ ਵਿਚ ਪਾ ਕੇ ਮੇਰੇ ਅੱਗੇ ਮੱਥਾ ਟੇਕਦੇ ਜਾਓ। ਇੱਕ ਬੰਦਾ ਦੱਸ ਲੋਕਾਂ ਕੋਲੋਂ ਜੇ ਭੀਖ ਮੰਗਦਾ ਹੈ ਤਾਂ ਪੰਜ ਸੌ ਬੰਦੇ ਨੇ ਕਿੰਨਿਆਂ ਤੋਂ ਮੰਗੀ? ਪੰਜ ਹਜਾਰ ਹੋਇਆ ਨਾ! ਤੇ ਭੀਖ ਮੰਗਣ ਵਾਲਾ ਸੜਕ 'ਤੇ ਜਾ ਕੇ ਤਾਂ ਮੰਗੇਗਾ ਨਹੀਂ ਉਹ ਕਿਸੇ ਜਾਣੂੰ ਜਾਂ ਰਿਸ਼ਤੇਦਾਰ ਕੋਲੇ ਹੀ ਜਾਵੇਗਾ ਤੇ ਇੱਕ ਬੰਦੇ ਜੇ 10 ਡਾਲਰ ਵੀ ਦਿੱਤੇ ਤਾਂ 50 ਹਜਾਰ ਡਾਲਰ ਤਾਂ ਇਹੀ ਹੋ ਗਿਆ!!! ਪਰ ਮੈਨੂੰ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਜਿਹੜੀ ਪਤਾ ਲੱਗੀ ਕਿ ਲੋਕ 10-10 ਡਾਲਰ ਨਹੀਂ, ਬਲਕਿ ਜਿਦ ਜਿਦ ਕੇ ਵਧ ਪੈਸੇ ਪਾ ਕੇ ਲਿਆਉਂਦੇ ਹਨ। ਕਈ 100- 100 ਡਾਲਰ ਤੋਂ ਵੀ ਉਪਰ ਤੇ ਹਜਾਰਾਂ ਵਾਲੇ ਲੋਕ ਵੀ ਸ਼ਾਮਲ ਹਨ??

ਹਾਸੋ-ਹੀਣੀ ਗੱਲ ਇਹ ਕਿ ਲੁਕਾਈ ਬਿਨਾ ਇਹ ਸੋਚੇ ਭੀਖ ਮੰਗਣ ਤੁਰ ਪੈਂਦੀ ਹੈ ਕਿ ਜੇ ਭੀਖ ਮੰਗਣ ਨਾਲ ਹੀ ਨਿਮਰ ਹੋਈਦਾ ਹੈ ਤਾਂ ਹਿੰਦੋਸਤਾਨ ਤਾਂ ਭੀਖ-ਮੰਗਿਆਂ ਦਾ ਚੈਂਪੀਅਨ ਹੈ ਪਰ ਉਥੇ ਜਿਹੜੀ ਨਿਮਰਤਾ ਸੜਕਾਂ ਤੇ ਡੁੱਲ ਡੁੱਲ ਪੈ ਰਹੀ ਹੈ ਸਭ ਜਾਣਦੇ ਹਨ!!

ਦਰਅਸਲ ਇਹ ਸੁਦਰਸ਼ਨ ਸ੍ਰੀ ਦਾ ਬੜਾ ਕਾਰਗਰ ਤਰੀਕਾ ਲੁਕਾਈ ਦੀ ਉਨ ਲਾਹੁਣ ਦਾ! ਉਂਝ ਉਹ ਖੁਦ ਵੀ ਤਗੜਾ ਭਿੱਖ ਮੰਗਾਂ ਜਦ ਉਹ ਤਗੜੇ ਕਿਸੇ ਵਪਾਰੀ ਬੰਦੇ ਨੂੰ ‘ਪਹੁੰਚਿਆ ਹੋਇਆ’ ਕਹਿ ਕੇ ਉਸ ਕੋਲੋਂ ਵੱਡੀ ਰਕਮ ਝਾੜਦਾ ਹੈ ਅਤੇ ਕਿਸੇ ਭੰਡ ਦੇ ਵੇਲਾਂ ਮੰਗਣ ਵਾਂਗ ਲੋਕਾਂ ਨੂੰ ਵੱਡੇ ਘਰਾਂ ਵਾਲੇ, ਵੱਡੀਆਂ ਦੁਕਾਨਾਂ ਵਾਲੇ, ਵੱਡੇ ਵਪਾਰਾਂ ਵਾਲੇ ਆਖ ਆਖ ਵਡਿਆਉਂਦਾ ਹੈ। ਇੱਕ ਮਾਈ ਨੇ ਜਦ ਉਸ ਨੂੰ 500 ਡਾਲਰ ਦਿੱਤੇ ਤਾਂ ਉਸ ਨੂੰ ਮੂੰਹ ਪਾੜ ਕੇ ਕਹਿੰਦਾ ਮਾਈ ਤੂੰ ਤਾਂ ਮਹਾਨ ਹੈ, ਹੁਣ ਪੈਸੇ ਤੈਂ ਕੀ ਕਰਨੇ ਪੈਂਸ਼ਨ ਲੈ ਆ ਪੂਰੀ ਤੇ ਉਸ ਨੇ 1100 ਡਾਲਰ ਦੀ ਪੂਰੀ ਪੈਂਸ਼ਨ ਹੀ ‘ਸਾਧ’ ਅਗੇ ਲਿਆ ਢੇਰੀ ਕੀਤੀ! ਥੋੜੇ ਪੈਸੇ ਦੇਣ ਵਾਲੇ ਦੀ ਉਹ ਲੋਕਾਂ ਵਿਚ ਬੇਇੱਜਤੀ ਕਰਦਾ ਹੈ। ਕਹਿੰਦੇ ਪਿੱਛਲੇ ਸਾਲ ਇੱਕ ਬੀਬੀ ਨੇ 20 ਡਾਲਰ ਉਸ ਨੂੰ ਜਦ ਮੱਥਾ ਟੇਕਿਆ ਤਾਂ ਉਸ ਨੇ ਵੀਹਾਂ ਦਾ ਨੋਟ ਲਹਿਰਾ ਲਹਿਰਾ ਕੇ ਬਾਕੀ ਲੋਕਾਂ ਵਿਚ ਉਸ ਦਾ ਜਲੂਸ ਕੱਢਿਆ! ਇਹ ਉਸ ਦਾ ਇੱਕ ਤਰੀਕਾ ਬਾਕੀ ਲੋਕਾਂ ਨੂੰ ਭੈ-ਭੀਤ ਕਰਨ ਦਾ ਅਤੇ ਦੱਸਣ ਦਾ ਕਿ ਮੈਂ ਵੀਹਾਂ ਡਾਲਰਾਂ ਵਾਲਾ ਨਹੀਂ। ਇਥੇ ਟਰੰਟੋ ਦੇ ਇੱਕ ਚੰਗੇ ਤਗੜੇ ਚਲਦੇ ਬਿਜਨੈੱਸ ਦੀ ਉਸ ਨੇ ਲੋਕਾਂ ਵਿਚ ਰੱਜ ਕੇ ਬਦਖੋਈ ਕੀਤੀ ਕਿਉਂਕਿ ਸੁਦਰਸ਼ਨ ਦੇ ਮੁਤਾਬਕ ਉਸ ਦੇ ਮਾਲਕ ਨੇ ਪੈਸੇ ਥੋੜੇ ਦਿੱਤੇ ਸਨ ਜਦ ਕਿ ਉਸ ਦੇ ਅੰਪਲਾਈ ਨੇ ਜਿਆਦਾ!

ਨਿਊ-ਜਾਰਕ ਦੀ ‘ਬਿਊਟੀ-ਪਾਰਲਰ’ ਨਾਲ ਸਬੰਧਤ ਇੱਕ ਅਮੀਰ ਔਰਤ ਦੀ ਬਿਨਾ ਨਾਂ ਲਏ ਕਹਾਣੀ ਉਹ ਵਾਰ ਵਾਰ ਸੁਣਾਉਂਦਾ ਹੈ, ਜਿਸ ਨੇ ਉਸ ਨੂੰ 30 ਡਾਲਰ ਦਿੱਤੇ ਪਰ ਉਸ ਨੇ ਸਰਾਪ ਦੇ ਕੇ ਉਸ ਦਾ ਸਾਰਾ ਕਾਰੋ-ਬਾਰ ਚੌਪਟ ਕਰ ਦਿੱਤਾ ਕਿ ਤੂੰ ਤੀਹਾਂ ਜੋਗੀ ਹੀ ਰਹੇਂਗੀ। ਇੱਕ ਹੋਰ ਬੰਦੇ ਨੇ ਕੇਵਲ ਇਨਾ ਕਿਹਾ ਸੀ ਕਿ ਤੁਸੀਂ ਕੈਂਪ ਦੀ ਫੀਸ ਕਿਉਂ ਨਹੀਂ ਰੱਖ ਦਿੰਦੇ, ਇੰਝ ਪੈਸੇ ਮੰਗਣ ਨਾਲੋਂ ਤਾਂ ਇਸ ਨੇ ਉਸ ਨੂੰ ਦੁਨੀਆਂ ਭਰ ਦੇ ਸਰਾਪ ਦੇ ਮਾਰੇ ਕਿ ਤੂੰ ਸਿਰ ਵੀ ਖੁਰਕੇਂਗਾ ਤਾਂ ਤੈਨੂੰ ਪੈਸੇ ਦੇਣੇ ਪੈਣਗੇ, ਔਰਤ ਤੇਰੀ ਤੈਨੂੰ ਰੋਟੀ ਵੀ ਪੈਸੇ ਲਏ ਬਗੈਰ ਨਾ ਦਏਗੀ। ਇਹ ਠੱਗ, ਸਾਧੂ ਜਾਂ ਜੋਗੀ ਦੇ ਭੇਖ ਹੇਠ ਉਹ ਗੁੰਡਾ ਹੈ, ਜਿਹੜਾ ਸਰਾਪਾਂ ਦੇ ਟੋਕੇ ਮਨੁੱਖਤਾ ਦੀ ਧੌਣ ਤੇ ਰੱਖ ਕੇ ਲੋਕਾਂ ਨੂੰ ਲੁੱਟਦਾ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਹੈ ਪਰ ‘ਫਰੀ-ਕੈਂਪ’ ਦੇ ਨਾਂ ਤੇ?? ਪਰ ਅਚੰਭੇ ਦੀ ਗੱਲ ਇਹ ਕਿ ਲੋਕ ਇੱਕ ਮੰਗਤੇ ਦੇ ਸਰਾਪਾਂ ਤੋਂ ਡਰੀ ਜਾਂਦੇ ਹਨ। ਤੁਸੀਂ ਸੋਚੋ ਕਿ ਇੱਕ ਮੰਗਤੇ ਦੀ ਔਕਾਤ ਕੀ ਹੈ ਕਿ ਉਹ ਲੋਕਾਂ ਨੂੰ ਸਰਾਪ ਦੇਵੇ! ਕੋਈ ਹੈ?

ਉਸ ਦੀ ਚੌਥੀ ‘ਕੁੰਡੀ’ ਹੈ ਜਦ ਉਸ ਦੇ ਚੇਲੇ ਰਸੀਤਾਂ ਲੈ ਕੇ ਲੋਕਾਂ ਮਗਰ ਫਿਰਨ ਲੱਗਦੇ ਹਨ, ਕਿ ਕੈਂਪ ਦੇ ਖਰਚੇ ਨੂੰ ‘ਸ਼ੇਅਰ’ ਕਰਨ ਲਈ ਦਾਨ ਕਰੋ! ਤੇ ਇੰਝ ਸ਼ਰਮੋ-ਕੁਸ਼ਰਮੀ ਲੋਕ ਪੈਸੇ ਦੇਣ ਲੱਗਦੇ ਹਨ ਕਿ ਚਲ ਯਾਰ ਮੁਫਤ ਕੈਂਪ ਲਾਇਆ ਦੇ ਦਿਓ। ਯਾਨੀ ਰਸੀਤਾਂ ਰਾਹੀਂ ਜ੍ਹੇਬ ਕੱਤਰੀ ਅੱਡ ਤੇ ਮੱਥਾ ਟੇਕਿਆ ਵੱਖਰਾ! ਟਰੰਟੋ ਤੋਂ ਜਲੰਧਰ ਕੈਂਪ ਲਾਉਂਣ ਗਏ ਸੋਨੀ (ਬਦਲਿਆ ਨਾਂ) ਨੇ ਮੈਨੂੰ ਦੱਸਿਆ ਕਿ ਉਸ ਦੇ ਕੁਝ ਰੋਜਾ ਕੈਂਪ ਦੌਰਾਨ ਉਸ ਨੇ ਕਈ ਲੱਖ ਦੀਆਂ ਰਸੀਦਾਂ ਕੱਟਦੀਆਂ ਅਪਣੀਆਂ ਅੱਖਾਂ ਨਾਲ ਦੇਖੀਆਂ ਤੇ ਉਹ ਖੁਦ ਵੀ 25 ਹਜਾਰ ਰੁਪਈਆ ਲੈ ਕੇ ਗਿਆ ਸੀ, ਇਸ ਵਾਸਤੇ ਪਰ ਉਹ ਸਾਰਾ ਪੈਸਾ ਅਪਣਾ ਉਦੋਂ ਵਾਪਸ ਲੈ ਆਇਆ ਜਦ ਉਹ ਅਤੇ ਉਸ ਵਰਗੇ ਕਈ ਹੋਰਾਂ ਨੂੰ ਕੈਂਪ ਦੌਰਾਨ ‘ਲੂਜ ਮੋਸ਼ਨ’ ਲੱਗ ਗਏ, ਪਰ ਇਸ ਕਿਸੇ ਦੀ ਆ ਕੇ ਵਾਤ ਤੱਕ ਨਹੀਂ ਪੁੱਛੀ ਅਤੇ ਨਾ ਹੀ ਇਸ ਕੋਲੇ ਕੋਈ ਡਾਕਟਰਾਂ ਦਾ ਪ੍ਰਬੰਧ ਸੀ ਕਿ ਬਾਹਰੋਂ ਗਏ ਲੋਕਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ। ਕਿਉਂਕਿ ਜੋਗਾ ਜਾਂ ਇਸ ਦਾ ਪ੍ਰਣਾਯਾਮ ਵਿਹਲੇ ਸਮੇ ਦੇ ਚੋਚਲੇ ਤਾਂ ਹਨ ਪਰ ਅਜਿਹੀ ਹਾਲਤ ਵਿਚ ਤਾਂ ਡਾਕਟਰੀ ਸਹਾਇਤਾ ਚਾਹੀਦੀ ਹੁੰਦੀ ਜਿਹੜੀ ਇਹ ਕਿਸੇ ਨੂੰ ਨਹੀਂ ਦਿੰਦਾ।

ਉਸ ਦਾ ਪੱਕਾ ਏਜੰਟ ਕੁਲਵਿੰਦਰ ਨਾਂ ਦਾ ਪੱਗੜੀਧਾਰੀ ਬੰਦਾ ਹੈ ਜਿਸ ਨੂੰ ਪੁਇੰਟ-ਬੇਸ ਤੇ ਆਏ ਨੂੰ ਹਾਲੇ ਦੋ ਕੁ ਸਾਲ ਹੀ ਹੋਏ ਹਨ, ਪਰ ਪਿੱਛਲੇ ਸਾਲ ਉਸ ਨੇ ਘਰ ਲੈ ਲਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਅਤੇ ਰੋਹਿਤ ਸ਼ੇਖਰ ਨਾਂ ਦੇ ਸਟੂਡੈਂਟ ਨੂੰ ਪੰਡਤ ਨੇ ਅਪਣੇ ਏਜੰਟ ਦੇ ਤੌਰ 'ਤੇ ਇਥੇ ਲਿਆ ਕੇ ਸਥਾਪਤ ਕੀਤਾ ਹੈ ਅਤੇ ਉਹ ਸਾਰੇ ਕਨੇਡਾ-ਅਮਰੀਕਾ ਵਿਚ ਉਸ ਦੇ ਪ੍ਰੋਗਰਾਮਾ ਨੂੰ ਅਯੋਯਿਤ ਕਰਦੇ ਹਨ। ਸਿੱਧੇ ਰੂਪ ਵਿਚ ਕੁਲਵਿੰਦਰ ਅਤੇ ਰੋਹਿਤ ਸ਼ਿਕਾਰ ਫਸਾਉਂਦੇ ਹਨ ਅਤੇ ਪੰਡਿਤ ਉਂਨਾਂ ਦਾ ਝਟਕਾ ਕਰਦਾ ਹੈ! ਇਸ ਵਾਰੀ ਇਨ੍ਹਾਂ ਅਪਣੀ ਇਸ ਲੁੱਟ ਵਿਚ ‘ਦੇਸੀ ਮੀਡੀਏ’ ਨੂੰ ਵੀ ‘ਕੁੰਡੀ’ ਵੱਜੋਂ ਵਰਤਿਆ ਜਿਥੇ ਇਸ ਦੇ ‘ਫਰੀ-ਕੈਂਪ’ ਵਾਲੇ ਇਸ਼ਤਿਹਾਰ ਕਈ ਚਿਰ ਚਲਦੇ ਰਹੇ! ‘ਸਾਧ’ ਦੇ ਪੈਸੇ ਦਾ ਸਾਰਾ ਹਿਸਾਬ-ਕਿਤਾਬ ਕੁਲਵਿੰਦਰ ਅਤੇ ਰੋਹਿਤ ਰੱਖਦਾ ਹੈ।

ਅੰਦਰਲੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੀ ਅਤੇ ‘ਸਾਧ’ ਦੀ ਹਿੱਸਾਪਤੀ ਹੈ ਯਾਨੀ ‘ਪ੍ਰਸੈਂਟੇਜ’? ਰੋਹਿਤ ਸ਼ੇਖਰ ਵੀ ਜਲੰਧਰ ਦਾ ਪਰ ਇਥੇ ਸਟੱਡੀ ਬੇਸ ਉਪਰ ਆਇਆ ਹੋਇਆ ਸ੍ਰੀ ਸ੍ਰੀ ਦਾ ਪੱਕਾ ਏਜੰਟ ਹੈ। ਇਸ ਗੱਲ ਦੇ ਪੁੱਖਤਾ ਸਬੂਤ ਇਹ ਹਨ ਕਿ ਰੋਹਿਤ ਨਿਊ-ਜਾਰਕ ਤੱਕ ਜਾ ਕੇ ਸ੍ਰੀ ਸ੍ਰੀ ਦੇ ਕੈਂਪਾਂ ਦਾ ਪ੍ਰਬੰਧ ਕਰਦਾ ਹੈ। ਸਟੂਡੈਂਟ ਹੋਣ ਕਰਕੇ ਉਹ ਅਮਰੀਕਾ ਕਿਵੇਂ ਜਾਂਦਾ ਇਹ ਭੇਦ ਹੈ। ਮੇਰੇ ਨਾਲ ਇੱਕ ਗਲ-ਬਾਤ ਦੌਰਾਨ ਉਸ ਮੈਨੂੰ ਦੱਸਿਆ ਕਿ ਉਹ ਅਗਲੇ ਹਫਤੇ ਨਿਊ-ਜਾਰਕ ਜਾ ਰਿਹਾ ਹੈ ਉਸ ਨੇ ‘ਗੁਰੂ ਜੀ’ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਨਾ ਹੈ। ਮੈਂ ਜਦ ਉਸ ਨੂੰ ਕੇਵਲ ਟੋਹਣ ਲਈ ਕਿਹਾ ਕਿ ਮੈਨੂੰ ਵੀ ਲੈ ਚਲ ਆਪਾਂ ਗੱਡੀ ਤੇ ਇਕੱਠੇ ਚਲੇ ਜਾਂਦੇ ਹਾਂ ਤੇ ਉਹ ਕਹਿੰਦਾ ਨਹੀਂ! ਮੈਂ ਤਾਂ ‘ਬਾਈ ਏਅਰ’ ਜਾ ਰਿਹਾ ਹਾਂ?? ਨਿਉ-ਜਾਰਕ? ‘ਬਾਈ ਏਅਰ’? ਸਟੂਡੈਂਟ?? ਪਰ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ। ਖੁਲ੍ਹੀ ਲੁੱਟ ਹੈ ਭਵੇਂ ‘ਚਾਰਟਰ-ਫਲਾਈਟ’ ਲੈ ਕੇ ਜਾਣ ਕਿਹੜਾ ਝੋਨਾ ਝਾੜਿਆ। ਜੇ ਪੰਡਤ ਸਿਰ ਮਨਵਾਉਂਣ ਦੇ 20 ਤੋਂ 40 ਡਾਲਰ ਟਿੱਪ ਦੇ ਸਕਦਾ ਤਾਂ ਇਹ ਕੀ ਗੱਲ ਹੋਈ? ਯਾਦ ਰਹੇ ਕਿ ਸ੍ਰੀ ਸ੍ਰੀ ਨੇ ਸਿਰ ਮੁਨਾਉਂਣ ਗਏ ਨੇ ਨਾਈ ਨੂੰ 40 ਡਾਲਰ ਟਿੱਪ ਇੰਝ ਕੱਢ ਕੇ ਦਿੱਤੀ ਜਿਵੇਂ ਬਿੱਲ-ਗੇਟਸ ਦਾ ਪਾਰਟਨਰ ਹੁੰਦਾ! ਇਸੇ ਨੂੰ ਕਹਿੰਦੇ ‘ਚੋਰੀ ਦਾ ਮਾਲ ਡਾਗਾਂ ਦੇ ਗੱਜ’!

ਕੁਲਵਿੰਦਰ ਨੂੰ ਪੰਡਤ ਆਮ ਹੀ ‘ਉਏ ਗਿਆਨੀ’ ਕਰਕੇ ਸਬੰਧੋਨ ਹੁੰਦਾ ਹੈ। ਇਹ ਮੇਰੇ ਬੈਠੇ ਦੀ ਗੱਲ ਹੈ ਜਦ ‘ਸਾਧ’ ਲੋਕਾਂ ਕੋਲੋਂ ਭਿੱਖ ਮੰਗ ਰਿਹਾ ਸੀ ਤਾਂ ਇੱਕ ਪੱਗ ਵਾਲੇ ਭਾਈ ਨੇ ਪੰਜ ਸੌ ਡਾਲਰ ਜਦ ਉਸ ਨੂੰ ਮੱਥਾ ਟੇਕਿਆ ਤਾਂ ਉਹ ਉੱਚੀ ਦੇਣੀ ਦੂਰ ਖੜੇ ਕੁਲਵਿੰਦਰ ਨੂੰ ਸੰਬੋਧਨ ਹੋ ਕੇ ਬੋਲਿਆ, ‘ਉਏ ਗਿਆਨੀ ਏਧਰ ਆ! ਆਹ ਫੜ ਪੈਸੇ ਐਵੇਂ ਝੂਰੀ ਜਾਂਦਾ ਸੀ’!!

ਇੱਕ ਕੈਂਪ ਦੌਰਾਨ ਪੰਡਤ ਜਦ ਕੁੰਡੀ ਲਾ ਰਿਹਾ ਸੀ ਕਿ ਕੱਲ ਦੇ ਕੈਂਪ ਦੇ ਪੈਸੇ ਕੌਣ ਦੇਵੇਗਾ ਤਾਂ ਇਸ ਦੇ ਅਪਣੇ ਹੀ ਏਜੰਟ ਕੁਲਵਿੰਦਰ ਨੇ ਸਭ ਤੋਂ ਪਹਿਲਾਂ ਹੱਥ ਖੜਾ ਕੀਤਾ ਕਿ 1100 ਡਾਲਰ ਮੈਂ ਦਿਆਗਾਂ। ਉਸ ਤੋਂ ਬਾਅਦ 1000-1100 ਇਥੇ ਤੱਕ ਕਿ 22-22 ਸੌ ਵਾਲਿਆਂ ਦੇ ਹੱਥ ਖੜੇ ਹੋ ਗਏ!! ਯਾਨੀ ਅਪਣੇ ਹੀ ਬੰਦੇ ਤੋਂ ਹੱਥ ਖੜਾ ਕਰਵਾ ਕੇ ਰਲ ਕੇ ਲੋਕਾਂ ਨੂੰ ਮੂਰਖ ਬਣਾਇਆ!!

ਫਿਰ ਉਹ ਅਗਲੀ ਕੁੰਡੀ ਲਾਉਂਦਾ ਹੈ ਜਦ ਆਖਰੀ ਕੈਂਪ ਦੌਰਾਨ ਉਹ ਲੋਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਅਪਣੇ ਘਰ ਵਿਚ ‘ਕੁੱਜੀ’ ਲਾਓ ਅਤੇ ਉਸ ਵਿਚ ਰੋਜਾਨਾ ਦੋ ਡਾਲਰ ‘ਪਰ ਹੈੱਡ’ ਪਾਓ। ਯਾਨੀ ਜੇ ਚਾਰ ਜੀਅ ਘਰ ਵਿਚ ਹਨ ਤਾਂ ਅੱਠ ਡਾਲਰ ਰੋਜਾਨਾ! ਪਹਿਲਾਂ ਉਹ ਕਹਿੰਦਾ ਕਿ ਉਹ ਪੈਸੇ ਤੁਸੀਂ ਕਿਸੇ ਭਲੇ ਕੰਮ ਲਈ ਵਰਤੋ ਪਰ ਨਾਲ ਹੀ ਕਹਿ ਦਿੰਦਾ ਹੈ ਕਿ ਜੋ ਮੈਂ ਕਰ ਰਿਹਾ ਹਾਂ ਉਹ ਵੀ ਤਾਂ ਲੋਕਾਂ ਦੇ ਭਲੇ ਲਈ ਹੀ ਹੈ! ਯਾਨੀ ਮੇਰੀ ‘ਗੋਲਕ’ ਵਿਚ ਪਾਓ!‍

ਇਥੇ ਰੁੱਕੋ!

ਮੰਨ ਲਓ ਟਰੰਟੋ ਵਿਚ 500 ਬੰਦੇ ਇਸ ਦਾ ਕੈਂਪ ਲਾਇਆ ਪਰ 500 ਵਿਚੋਂ 100 ਬੰਦੇ ਵੀ ਇਸ ਦੇ ਦੋ-ਦੋ ਡਾਲਰ ਵਾਲੇ ਫਾਰਮੂਲੇ ਉਪਰ ਅਮਲ ਕੀਤਾ ਤਾਂ ਉਸ 100 ਮੈਂਬਰ ਦੇ ਪਰੀਵਾਰ ਦੇ ਚਾਰ ਮੈਂਬਰ ਦੇ ਹਿਸਾਬ 400 ਜੀਅ ਬਣ ਗਿਆ? ਇੱਕ ਪਰਿਵਾਰ ਦੇ ਦੋ ਡਾਲਰਾਂ ਦੇ ਹਿਸਾਬ ਚਾਰ ਮੈਂਬਰਾਂ ਦੇ ਸਾਲ ਦੇ ਪੈਸੇ ਪਤਾ ਕਿੰਨੇ ਬਣਦੇ? 2,920!! ਇਸ ਨੂੰ ਹੁਣ ਅਗੇ 400 ਨਾਲ ਫਿਰ ਮਲਟੀਪਲਾਈ ਕਰ ਲਓ! ਇੱਕ ਲੱਖ 68 ਹਜਾਰ ਡਾਲਰ ਸਾਲ ਦਾ ਤਾਂ ਇਹੀ ਬਣ ਗਿਆ! ਅਤੇ ਜਿਥੇ ਤੱਕ ਮੈਂਨੂੰ ਪਤਾ ਲੱਗਾ ਕਿ ਬਹੁਤ ਲੋਕ ਹਨ ਜਿੰਨਾ ਇਸ ਪਖੰਡੀ ਮਗਰ ਲੱਗ ਅਪਣੇ ਘਰਾਂ ਵਿਚ ਬਕਸੇ ਯਾਨੀ ‘ਕੁੱਜੀਆਂ’ ਲਾ ਰੱਖੀਆਂ ਹਨ ਅਤੇ ਉਹ ਇਸ ਲਈ ਪੈਸੇ ਇਕੱਠੇ ਕਰਦੇ ਹਨ ਤੇ ਸਾਲ ਬਾਅਦ ਅਪਣੀਆਂ ਇੱਕਠੀਆਂ ਕੀਤੀਆਂ ‘ਕੁੱਜੀਆਂ’ ਇਸ ਅੱਗੇ ਢੇਰੀ ਕਰ ਦਿੰਦੇ ਹਨ ਯਾਨੀ ਅਪਣੀ ਸਾਲ ਦੀ ਇਕੱਠੀ ਕੀਤੀ ਜੱਤ ਲਾਹ ਕੇ ਇਸ ਦੇ ਪੈਰਾਂ ਵਿਚ ਧਰ ਦਿੰਦੇ ਹਨ! ਅਜਿਹੀਆਂ ‘ਕੁੱਜੀਆਂ’ ਵਾਲੀਆਂ ਸਾਮੀਆਂ ਇਸ ਹਰੇਕ ਸ਼ਹਿਰ ਪੈਦਾ ਕੀਤੀਆਂ ਹੋਈਆਂ ਹਨ ਤੇ ਇੱਕ ਮੋਟੇ ਅੰਦਾਜੇ ਮੁਤਾਬਕ ਇਹ ਇਨ੍ਹਾਂ ਦੋ ਕੁ ਮਹੀਨਿਆਂ ਵਿਚ 6 ਤੋਂ 8 ਲੱਖ ਡਾਲਰ ਦੀ ਉਨ ਲਾਹ ਕੇ ਖੜਦਾ ਹੈ ਲੋਕਾਂ ਦੀ! ਹਾਲੇ ਕੈਂਪ ‘ਫਰੀ’ ਹਨ?

ਇੱਕ ‘ਕੁੰਡੀ’ ਉਹ ਹੋਰ ਲਾਉਂਦਾ ਜਦ ਲੋਕਾਂ ਨੂੰ ਘਰੇ ਸੱਦਦਾ ਹੈ। ਘਰ ਸੱਦਣ ਦਾ ਮੱਕਸਦ ਵੀ ਰਹਿੰਦੀ ਉਨ ਲਾਹੁਣੀ ਹੁੰਦਾ ਹੈ। ਉਸ ਦੀ ਹਰੇਕ ਗੱਲ ਅਤੇ ਹਰੇਕ ਪਲੈਨਿੰਗ ਵਿਚ ਹੀ ਇਹ ਚੀਜ ਸ਼ਾਮਲ ਹੁੰਦੀ ਕਿ ਲੋਕਾਂ ਕੋਲੋਂ ਪੈਸੇ ਕਿਹੜੇ ਕਿਹੜੇ ਤਰੀਕੇ ਝਾੜਨੇ। ਉਹ ਮੰਗਦਾ ਵੀ ਬੜੇ ਹਾਬੜੇ ਤਰੀਕੇ ਨਾਲ ਹੈ ਜਿਵੇਂ ਇਸ ਤੋਂ ਬਾਅਦ ਫਿਰ ਕਦੇ ਵਾਰੀ ਨਹੀਂ ਆਉਂਣੀ। ਉਸ ਦੀਆਂ ਗੱਲਾਂ, ਗੱਪਾਂ, ਟੋਟਕੇ, ਚੁਟਕਲੇ, ਮਸ਼ਕਰੀਆਂ, ਟਿੱਚਰਾਂ ਦਾ ਅੰਤ ਪੈਸੇ ਤੇ ਆ ਕੇ ਮੁੱਕਦਾ ਹੈ। ਹਰੇਕ ਗੱਲ ਦੇ ਅੰਤ ਵਿਚ ਉਹ ਪੈਸਾ ਜੋੜ ਦਿੰਦਾ ਹੈ ਜਿਥੋਂ ਸਾਬਤ ਹੁੰਦਾ ਕਿ ਉਹ ਬਹੁਤ ‘ਗਰੀਬ ਮੰਗਤਾ’ ਹੈ ਨਹੀਂ ਤਾਂ ਅੱਜ-ਕੱਲ ਮੰਗਤਿਆਂ ਦਾ ਵੀ ਕੋਈ ‘ਸਟੈਂਡਰਡ’ ਹੁੰਦਾ ਹੈ!

ਉਥੇ ਉਹ ਫਿਰ ਪੈਸਿਆਂ ਦੀ ਗੱਲ ਕਰਦਾ ਹੈ। ‘ਫਰੀ ਕੈਂਪ’ ਦੀ ਗੱਲ ਕਰਦਾ ਹੈ। ਖਰਚਿਆਂ ਦੀ ਗੱਲ ਕਰਦਾ ਹੈ। ਬੈਕੁਂਟ ਹਾਲ ਦੇ ਖਰਚੇ ਦੀ ਗੱਲ, ਅਪਣੀਆਂ ਟਿਕਟਾਂ ਦੀ ਗੱਲ, ਘਰ ਵਿਚ ਰਹਿਣ ਅਤੇ ਉਸ ਦੇ ਰੈਂਟ ਦੀ ਗੱਲ। ਆਉਂਣ ਜਾਣ ਦੇ ਖਰਚੇ ਦੀ ਗੱਲ। ਮਾੜੇ ਭਿੱਖ ਮੰਗੇ ਵਾਂਗ ਉਹ ਖਰਚੇ ਗਿਣਾਉਂਦਾ ਹੈ ਰਹਿੰਦੀ ਉਨ ਉਹ ਉਥੇ ਲਾਹ ਲੈਂਦਾ ਹੈ।

ਇੱਕ ਵੱਡੀ ‘ਕੁੰਡੀ’ ਜਿਹੜੀ ਲੱਗਦੀ ਹੈ ਉਹ ਰੋਹਤ ਵਰਗੇ ਇਸ ਦੇ ਏਜੰਟ ਲਾਉਂਦੇ ਹਨ। ਉਹ ਕੀ ਕਿ ਅੱਜ ‘ਗੁਰੂ ਜੀ’ ਦਾ ਜਨਮ ਦਿਨ ਹੈ ਆਪਾਂ ਕੋਈ ਗਿਫਟ ਲੈ ਕੇ ਦਈਏ। ਪਿੱਛਲੀ ਵਾਰੀ ‘ਗਿਫਟ’ ਪਤਾ ਕੀ ਲੈ ਕੇ ਦਿੱਤੀ? ਮਰਸੀਡੀ ਕਾਰ??? ਕਈ ਲੋਕਾਂ ਪੰਜ-ਪੰਜ ਹਜਾਰ ਤੇ ਕਈਆਂ ਕਹਿੰਦੇ 20-20 ਹਜਾਰ ਡਾਲਰ ਦਿੱਤਾ! ਕੈਂਪ ਦੌਰਾਨ ਇੱਕ ਬੰਦੇ ਕਿਹਾ ਕਿ ਏਨੀ ਮਹਿੰਗੀ ਕਾਰ ਨਾਲੋਂ Used ਕਿਉਂ ਨਹੀਂ ਲੈ ਲੈਂਦੇ, ਤਾਂ ‘ਸਾਧ’ ਉਸ ਨੂੰ ਪੈ ਗਿਆ।

ਤੂੰ ਗੁਰੂ ਅਪਣੇ ਨੂੰ ਜੂਠੀ ਚੀਜ ਦਾ ਭੋਗ ਲਵਾਉਂਦਾ ਹੁੰਨਾ? ਵਰਤੀ ਹੋਈ ਦੇਣੀ ਚਾਹੁੰਦਾ ਮੈਨੂੰ? ਦੇਖ ਲੈਣਾ ਜਿੰਦਗੀ ਵਿਚ ਕਦੇ ਨਵੀ ਚੀਜ ਨਹੀਂ ਮਿਲੇਗੀ ਤੈਨੂੰ! ਸਰਾਪ ਦੀ ਗੁੰਡਾ-ਗਰਦੀ ਨਾਲ ਉਸ ਨੂੰ ਚੁੱਪ ਕਰਵਾ ਦਿੱਤਾ।

ਯਾਦ ਰਹੇ ਕਿ ਇੱਕ ਨਵੀਂ ‘ਮਰਸਡੀਜ਼’ ਕਾਰ ਇਸ ਦੀ ਵੈਨਕੋਵਰ ਖੜੀ ਹੈ। ਮਹਿੰਗੀਆਂ ਖੜੀਆਂ ਗੱਡੀਆਂ ਦਾ ਹੀ ਖਰਚਾ ਜੇ ਲਾਈਏ ਤਾਂ 15 ਤੋਂ 1700 ਡਾਲਰ ਮਹੀਨਾ ਬਣਦਾ ਹੈ ਇਸ ਨੂੰ ਇੰਡਆ ਨਾਲ ਮਲਟੀਪਲਾਈ ਤੁਸੀਂ ਕਰ ਲੈਣਾ। ਕਿੰਨੇ ਗਰੀਬਾਂ ਦਾ ਇਨੇ ਪੈਸੇ ਨਾਲ ਭਲਾ ਹੋ ਸਕਦਾ ਸੀ ਪਰ……?

ਮੈਂਨੂੰ ਅੰਦਰਲੇ ਸੂਤਰਾਂ ਤੋਂ ਪਤਾ ਲੱਗਾ ਕਿ ਸ੍ਰੀ ਸ੍ਰੀ ਦੇ ਏਜੰਟਾਂ ਲੋਕਾਂ ਵਿਚ ਘੁਸਰ-ਫੁਸਰ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ‘ਗੁਰੂ ਜੀ’ ਨੂੰ ਘਰ ਲੈ ਕੇ ਦੇਣਾ ਹੈ। ਘਰ ਦੇ ਨਾਂ ਤੇ ਮੋਟੀ ਕਮਾਈ ਪਲੈਨ ਕੀਤੀ ਜਾ ਰਹੀ ਹੈ ਪਰ ਵਾਰੇ-ਅਸ਼ਕੇ ਜਾਈਏ ਲੁਕਾਈ ਦੇ ਵੀ ਜਿੰਨਾਂ ਕੋਲੋਂ ਅਪਣੇ ਘਰ ਭਾਵੇਂ ਚਲਣ ਜਾਂ ਨਾਂ ਪਰ ਅਜਿਹੇ ਠੱਗਾਂ ਯਾਨੀ ਗੁੰਡਿਆਂ ਦੇ ਘਰਾਂ ਦਾ ਪੱਕਾ ਪ੍ਰਬੰਧ ਕਰਨ ਲਈ ਇੱਕ ਦੂਏ ਤੋਂ ਅੱਗੇ ਹੋ ਕੇ ਅੱਡੀਆਂ ਚੁੱਕੀ ਫਿਰਦੇ ਹਨ। ਉਹ ਵੀ ‘ਫਰੀ ਕੈਂਪ’ ਲਾਉਂਣ ਗਏ!

ਕੈਂਪ ਦੌਰਾਨ ਉਸ ਦੀਆਂ ਕਰਨ ਵਾਲੀਆਂ ਗੱਲਾਂ ਵੀ ਬੜੀਆਂ ਅਜੀਬ ਹਨ। ਉਹ ਕਹਿੰਦਾ ਮਾਂ-ਪੇ ਛੱਡ ਦਿਓ, ਪਤੀ-ਪਤਨੀ ਛੱਡ ਦਿਓ ਪਰ ਮੇਰਾ ਕੈਂਪ ਨਾ ਛੱਡਿਓ! ਮੈਂ ਤੁਹਾਨੂੰ ਚੰਗਾ ਪਤੀ ਜਾਂ ਪਤਨੀ ਨਹੀਂ ਬਣਾ ਸਕਦਾ, ਪਰ ਤੁਸੀਂ ਮੇਰੇ ਕੈਂਪ ਵਿਚ ਆਓ ਮੈਂ ਸੱਤਾਂ ਦਿਨਾ ਵਿਚ ਤੁਹਾਨੂੰ ਸਾਧੂ ਬਣਾ ਦਿਆਂਗਾ। ਜਿਹੜਾ ਬੰਦਾ ਚੰਗਾ ਪਤੀ, ਪਤਨੀ ਜਾਂ ਬੇਟਾ ਜਾਂ ਮਾਂ-ਪੇ ਨਹੀਂ ਬਣਾ ਸਕਿਆ ਉਹ ਸਾਧੂ ਕਿਵੇਂ ਬਣਾ ਦਊ ਗੱਲ ਸਮਝੋਂ ਬਾਹਰ ਹੈ? ਪਰ ਗੱਪਾਂ ਦਾ ਕੀ ਹੈ, ਜਦ ਸਿਰ ਮਾਰ-ਮਾਰ ਸੁਣਨ ਵਾਲੇ ਵਾਧੂ ਅੱਗੇ ਬੈਠੇ ਹੋਣ! ਉਸ ਕੋਲੇ ਗੱਪਾਂ ਵੀ ਕੋਈ ਬਹੁਤ ਜਿਆਦਾ ਨਹੀਂ ਉਹ ਹਰੇਕ ਨਵੇਂ ਕੈਂਪ ਦੌਰਾਨ ਇੱਕ ‘ਸੋਹਣੀ ਜਿਹੀ ਕੁੜੀ, ਉਹ ਮੇਰੇ ਕੈਂਪ ਵਿਚ ਆਈ’ ਸੀ ਤੋਂ ਗੱਲ ਸ਼ੁਰੂ ਕਰਦਾ ਤੇ ਮੁੜ ਜਪਾਨ ਦੀ ਸਭ ਤੋਂ ਫਾਸਟ ਟਰੇਨ ਵਾਂਗ ਜਿਉਂ ਛੁੱਟਦਾ ਕਿ ਰੁਕਣ ਵਿਚ ਨਹੀਂ ਆਉਂਦਾ। ਸਾਰੀਆਂ ਗੱਲਾਂ ਜਿਵੇਂ ਉਸ ਦੀਆਂ ਦੂਣੀ ਦੇ ਭਾੜੇ ਵਾਂਗ ਰਟੀਆਂ ਹੁੰਦੀਆਂ ਹਨ। ਇਨ ਬਿਨ ਉਹੀ ਲਫਜਾਤ, ਉਹੀ ਕਹਾਣੀਆਂ, ਉਹੀ ਸ਼ੈਲੀ, ਉਥੇ ਉਥੇ ਵਿਸਰਾਮ। ਮੈਨੂੰ ਪਹਿਲੀ ਵਾਰੀ ਸੁਣ ਕੇ ਹੈਰਾਨੀ ਹੋਈ ਅਜਿਹੇ ਗੱਧੇ ਬੰਦੇ ਨੂੰ ਲੋਕ ਸੁਣੀ ਕਿਵੇਂ ਜਾਂਦੇ ਹਨ। ਜਦ ਮੈਂ ਵਿਚਾਲਿਓਂ ਉੱਠ ਕੇ ਆ ਗਿਆ ਤਾਂ ਸ਼੍ਰੀ ਸ੍ਰੀ ਦਾ ਇੱਕ ਜੁਲਫਾਂ ਜਿਹੀਆਂ ਵਾਲਾ ਮੁੰਡਾ ਜਿਸ ਦਾ ਨਾਂ ਪਤਾ ਨਹੀਂ ਦੇਵ ਰਿਸ਼ੀ ਸੀ ਜਾਂ ਮਹਾਂ ਰਿਸ਼ੀ ਮੇਰੇ ਮਗਰੇ ਉੱਠ ਕੇ ਆ ਗਿਆ ਅਤੇ ਵਾਰ ਵਾਰ ਮੈਨੂੰ ਆਉਂਣ ਬਾਰੇ ਕਹੀ ਗਿਆ। ਉਹ ਦਿੱਲੀ ਦੇ ਏਅਰ-ਪੋਰਟ ਦੇ ਭਿਖਾਰੀਆਂ ਵਾਂਗ ਜਦ ਮਗਰੋਂ ਨਾ ਹੀ ਲੱਥਾ ਤਾਂ ਮੈਂ ‘ਡਸਟ ਕਲੀਨਿੰਗ’ ਵਾਲਿਆਂ ਨੂੰ ‘ਸਾਡਾ ਘਰ ਹਾਲੇ ਪਿੱਛਲੇ ਹਫਤੇ ਹੀ ਕਲੀਨ ਹੋਇਆ’ ਕਹਿ ਕੇ ਖਹਿੜਾ ਛੁਡਾਉਂਣ ਵਾਂਗ ‘ਕੰਮ ਤੇ ਜਾਣਾ’ ਕਹਿ ਜਾਨ ਛੁਡਾਈ। ਪਰ ਉਹ ਦਰਵਾਜੇ ਤੱਕ ਕਹੀ ਗਿਆ।

‘ਕੰਮ ਤੋਂ ਛੁੱਟੀ ਕਰ ਲਓ। ਤੁਸੀਂ ਤਾਂ ਹਾਲੇ ਦੇਖਿਆ ਹੀ ਕੱਖ ਨਹੀਂ’।

ਮੈਂ ਪੰਜਾਹਾਂ ਦਾ ਹੋ ਗਿਆਂ ਬਹੁਤ ਕੁਝ ਦੇਖ ਲਿਆ ਤੂੰ ਅੰਦਰ ਵਾਪਸ ਜਾਹ ਤੇਰੇ ਦੇਖਣ ਵਾਲਾ ਨਾ ਰਹਿ ਜਾਵੇ!

ਤੇ ਆਖਰ ਉਹ ਮੇਰੇ ਗਲੋਂ ਲੱਥਾ! ਪਿੱਛਲੇ ਸਾਲ ਕੈਂਪ ਵਿਚ ਜਾਣ ਵਾਲੇ ਲੋਕਾਂ ਮੈਨੂੰ ਦੱਸਿਆ ਕਿ ਉਹ ਅਪਣੇ ‘ਪ੍ਰਵਚਨਾ’ ਵਿਚ ਕਹਿ ਰਿਹਾ ਸੀ ਕਿ ਕਿਹੜਾ ਤੁਹਾਡਾ ਗੁਰੂ-ਗਰੂ! ਕਿਹੜਾ ਗੁਰਦੁਆਰਾ! ਐਵੇਂ ਲੰਗਰ ਪਾੜ ਕੇ ਆ ਜਾਂਦੇ ਓਂ! ਵਾਹਿਗੁਰੂ ਵਾਹਿਗੁਰੂ ਕੀ ਹੈ ਰੋਜ ਮਗਰ ਪਏ ਪਏ ਰਹਿੰਦੇ ਹੋਂ। ਇਥੇ ਆਓ, ਮੇਰੇ ਕੈਂਪ ਵਿਚ ਆਓ। ਮੈਂ ਤੁਹਾਨੂੰ ਜਿਉਂਣਾ ਸਿਖਾਵਾਂਗਾ। ਮੈਂ ਤੁਹਾਨੂੰ ਦੱਸਾਂਗਾ ਸੁੱਖੀ ਕਿਵੇਂ ਰਹਿਣਾ ਹੈ।

ਉਸ ਦੀ ਇਸ ਬਕੜਵਾਹ ਉਪਰ ਕੁਝ ਇੱਕ ਸਿੱਖ ਬੀਬੀਆਂ ਇਤਰਾਜ ਕੀਤਾ ਤਾਂ ਉਸ ਨੇ ਗਾਹਕਾਂ ਨੂੰ ਮੁੱਖ ਰੱਖ ਕੇ ਅਪਣੀ ਭਾਸ਼ਾ ਵਿਚ ਤਬਦੀਲੀ ਕਰ ਲਈ, ਪਰ ਫਿਰ ਵੀ ਉਹ ਸਾਹਵੇਂ ਬੈਠੇ ਲੋਕਾਂ ਨੂੰ ਭੇਡਾਂ-ਬੱਕਰੀਆਂ ਤੋਂ ਸਿਵਾਏ ਕੁਝ ਨਹੀਂ ਸਮਝਦਾ ਜਦ ਉਹ ਉੱਚੀ ਦੇਣੀ ਬਾਹਾਂ ਖੜੀਆਂ ਕਰਕੇ ਕਹਿੰਦਾ ਹੈ, ਉਏ ਵਲੈਤੀਓ! ਉਏ ਬਲੈਕੀਓ!

ਪਰ ਹੈਰਾਨੀ ਦੀ ਗੱਲ ਕਿ ਮੂਰਖ ਲੋਕ ਅੱਗੋਂ ਸਗੋਂ ਹਿੜ ਹਿੜ ਕਰਕੇ ਹੱਸਦੇ ਹਨ?? ਕੁੱਲ ਪਾ ਕੇ ਉਹ ਇੱਕ ਬੰਦੇ ਦੀ ‘ਐਵਰੇਜ’ 5 ਤੋਂ ਲੈ ਕੇ 7 ਸੌ ਕੁ ਡਾਲਰ ਦੀ ਜ੍ਹੇਬ ਕੱਟ ਲੈਂਦਾ ਹੈ।

ਚਲੋ ਪੰਜ ਸੌ ਮੰਨ ਕੇ ਚਲੋ ਤੇ ਟਰੰਟੋ ਵਿਚ ਉਸ ਦੇ ਤਿੰਨ ਕੈਂਪ ਲੱਗੇ ਜੇ ਘੱਟੋ ਘੱਟ 5 ਸੌ ਬੰਦੇ ਵੀ ਉਸ ਵਿਚ ਸ਼ਮੂਲੀਅਤ ਕੀਤੀ ਹੋਈ ਤਾਂ ਡਾਈ ਲੱਖ ਡਾਲਰ ਕੇਵਲ ਇਕੱਲੇ ਟਰੰਟੋ ਵਿਚੋਂ ਹੀ ਉਸ ਲੁੱਟਿਆ? ਇਹੀ ਕੁਝ ਨਿਊਜਾਰਕ, ਫਿਰ ਐਡਮੰਟਨ, ਫਿਰ ਕੈਲਗਰੀ ਤੇ ਫਿਰ ਵੈਨਕੋਵਰ! ਯਾਨੀ ਇੱਕ ਗੇੜੇ ਵਿਚ ਉਸ 6 ਤੋਂ ਲੈ ਕੇ 8 ਲੱਖ ਤੱਕ ਦੀ ਜ੍ਹੇਬ ਲੋਕਾਂ ਦੀ ਕੱਟੀ ਉਹ ਵੀ ‘ਫਰੀ-ਕੈਂਪ’ ਦੇ ਨਾਂ 'ਤੇ????ਉਂਝ ਉਹ ਅਪਣੇ ਆਪ ਨੂੰ ਧਰਮਾਂ ਤੋਂ ਉੱਚਾ ਉਠ ਕੇ ਮਨੁੱਖਤਾ ਦੀ ਗੱਲ ਕਰਨ ਦਾ ਵਿਖਾਵਾ ਕਰਦਾ ਹੈ ਪਰ ਉਸ ਦੇ ਬਿੰਦੇ, ਟਿੱਕੇ, ਹਵਨ, ਆਰਤੀਆਂ, ਹੱਥ ਪਾਈਆਂ ਹੋਈਆਂ ਮਾਲਾਂ ਆਦਿ ਉਸ ਦੇ ਅੰਦਰ ਦੀ ਕਹਾਣੀ ਜ਼ਾਹਰ ਕਰਦੀਆਂ ਹਨ। ਉਸ ਦੇ ਹਿੰਦੂ ਧਰਮ ਨਾਲ ਸਬੰਧਤ ਭਜਨ, ਕੀਰਤਨ, ਜਾਪ ਅਤੇ ਓਮ ਆਦਿ ਉਸ ਦੇ ਧਰਮਾਂ ਤੋਂ ਉਪਰ ਉੱਠਣ ਦੇ ਦਾਅਵੇ ਦਾ ਮਖੌਲ ਉਡਾਉਂਦੇ ਹਨ। ਕਿਸੇ ਦਾ ਹਿੰਦੂ ਹੋਣ ਨਾਲ ਜਾਂ ਨਾ ਹੋਣ ਨਾਲ ਸਾਡਾ ਕੋਈ ਮੱਤਲਬ ਨਹੀਂ, ਹਰੇਕ ਮਨੁੱਖ ਅਪਣੀ ਵਿਚਾਰਧਾਰਾ ਲਈ ਆਜ਼ਾਦ ਹੈ, ਅਸੀਂ ਇਥੇ ਕੇਵਲ ਇਸ ਠੱਗ ਦੇ ਦੋਗਲੇਪਨ ਦੀ ਗੱਲ ਕੀਤੀ ਹੈ ਜਿਹੜਾ ਕਹਿੰਦਾ ਹੋਰ ਅਤੇ ਕਰਦਾ ਹੋਰ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top