Share on Facebook

Main News Page

ਘਰ ਅਤੇ ਜੰਗਲ
-: ਗੁਰਦੇਵ ਸਿੰਘ ਸੱਧੇਵਾਲੀਆ

ਮੇਰੇ ਘਰ ਦੇ ਪਿੱਛੇ ਬੜਾ ਤਗੜਾ ਜੰਗਲ ਹੈ ਅਤੇ ਉਥੋਂ ਕਈ ਤਰ੍ਹਾਂ ਦੀਆਂ ਜੜ੍ਹ-ਬੂਟੀਆਂ ਦੇ ਬੀਜ ਉੱਡ-ਉੱਡ ਕੇ ਪਿੱਛੇ ਬੈਕ-ਯਾਰਡ ਵਿਚ ਲੱਗੀਆਂ ਹੋਈਆਂ ਇੱਟਾਂ ਦੀਆਂ ਵਿੱਥਾਂ ਵਿਚ ਉੱਗ ਆਉਂਦੇ ਹਨ। ਉਹ ਪੁੱਟੀਦੀਆਂ ਹਨ, ਪਰ ਜਦ ਹਵਾ ਚਲਦੀ ਉਸ ਦੇ ਬੀਜ ਫਿਰ ਉੱਡ ਕੇ ਉਨ੍ਹਾਂ ਵਿਚ ਆ ਉੱਗਦੇ ਹਨ ਤੇ ਮੀਂਹ ਉਨ੍ਹਾਂ ਨੂੰ ਹੋਰ ਹਰਾ-ਭਰਾ ਕਰ ਦਿੰਦਾ ਹੈ। ਮੈਂ ਸੋਚਦਾਂ ਜੇ ਕੁਝ ਚਿਰ ਅਸੀਂ ਇਨ੍ਹਾਂ ਨੂੰ ਇੰਝ ਹੀ ਰਹਿਣ ਦਈਏ ਤਾਂ ਯਕੀਨਨ ਪਿੱਛਲਾ ਜੰਗਲ ਸਭ ਕੁਝ ਨੂੰ ਅਪਣੇ ਵਰਗਾ ਕਰ ਲਏਗਾ ਅਤੇ ਘਰ ਅਤੇ ਜੰਗਲ ਦਾ ਪਤਾ ਵੀ ਨਾ ਚਲੇਗਾ ਕਿ ਜੰਗਲ ਕਿਹੜਾ ਤੇ ਘਰ ਕਿਹੜਾ।

ਸਿੱਖ ਕੌਮ ਵਿਚ ਵਿੱਥਾਂ ਬਹੁਤ ਪੈ ਗਈਆਂ ਤੇ ਉਨ੍ਹਾਂ ਵਿਥਾਂ ਵਿਚ ਹਿੰਦੂ ਦੇ ਜੰਗਲ ਵਿਚੋਂ ਉੱਡਿਆ ਘਾਹ-ਫੂਸ ਇਸ ਨੂੰ ਵੀ ਜੰਗਲ ਕਰੀ ਜਾ ਰਿਹੈ। ਹੁਣ ਤਾਂ ਇਨਾ ਜੰਗਲ ਉੱਗ ਆਇਆ ਕਿ ਬਹੁਤੀ ਵਾਰੀ ਪਤਾ ਹੀ ਨਹੀਂ ਚਲਦਾ ਕਿ ਸਿੱਖ ਅਤੇ ਹਿੰਦੂ ਵਿੱਚ ਫਰਕ ਕੀ ਹੈ।

ਇਹ ਜੰਗਲ ਦਿਨੋ ਦਿਨ ਮੇਰੇ ਘਰ ਵਲ ਵਧ ਰਿਹਾ ਹੈ। ਇਸ ਜੰਗਲ ਨੂੰ ਪੁੱਟਣਾਂ ਜਾਂ ਸਾਫ ਕਰਨ ਤਾਂ ਕੀ, ਘਰ ਦੇ ਆਖੇ ਜਾਂਦੇ ਮਾਲਕ ਕਈ ਤਰ੍ਹਾਂ ਦੀਆਂ ਨੀਕਰਾਂ ਵਾਲੀਆਂ ਬੂਟੀਆਂ ਖੁਦ ਲਿਆ ਕੇ ਗੱਡ ਰਹੇ ਹਨ ਤੇ ਦੱਸ ਰਹੇ ਹਨ ਕਿ ਇਹ ਘਰ ਵੀ ਤਾਂ ਇਸ ਜੰਗਲ ਦਾ ਹੀ ਹਿੱਸਾ ਹੈ ਨਾ। ਸਿੱਖ ਵੀ ਤਾਂ ਲਵ-ਕੁਛ ਦੀ ਉਲਾਦ ਹੀ ਤੇ ਹਨ ਨਾ!

ਕੁਝ ਲੋਕ ਚਿੰਤਤ ਹਨ ਕਿ ਜੰਗਲ ਅਤੇ ਘਰ ਦੀ ਪਛਾਣ ਵਿਚ ਫਰਕ ਮਿੱਟਦਾ ਜਾ ਰਿਹਾ ਹੈ ਅਤੇ ਜੇ ਇੰਝ ਹੀ ਕੁਝ ਚਿਰ ਜੰਗਲ ਵਧੀ ਗਿਆ ਤਾਂ ਘਰ ਨਹੀਂ ਦਿੱਸੇਗਾ ਅਤੇ ਜੋ ਦਿੱਸੇਗਾ ਉਹ ਜੰਗਲ ਹੀ ਹੋਵੇਗਾ।

ਮੈਂ ਦੇਖਿਆ ਕੁਝ ਬੂਟੀਆਂ ਅਜਿਹੀਆਂ ਉੱਡ ਕੇ ਆਉਂਦੀਆਂ ਜਿਹੜੀਆਂ ਮੇਰੇ ਘਰ ਦੀਆਂ ਕੰਧਾਂ ਨੂੰ ਚਿੰਬੜ ਰਹੀਆਂ ਸਨ ਤੇ ਸਕਰਦੀਆਂ ਸਕਰਦੀਆਂ ਉਪਰ ਵਲ ਨੂੰ ਚੜਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਮੈਂ ਤਰਜਬੇ ਵਜੋਂ ਇੱਕ ਬੂਟੀ ਛੇੜੀ ਨਾ ਕਿ ਦੇਖਾਂ ਕਿਧਰ ਨੂੰ ਜਾਂਦੀ ਹੈ। ਉਹ ਜਿਉਂ ਜਿਉਂ ਵੱਡੀ ਹੋ ਰਹੀ ਸੀ ਘਰ ਦੀ ਕੰਧ ਨੂੰ ਵਲ ਮਾਰੀ ਜਾ ਰਹੀ ਸੀ। ਅਗਲੀ ਹੈਰਾਨੀ ਦੀ ਗੱਲ ਕਿ ਉਸ ਬੂਟੀ ਵਿਚੋਂ ਛੋਟੇ ਛੋਟੇ ਪੀਲੇ ਫੁੱਲ ਝੜ ਝੜ ਕੇ ਨਾਲੋਂ ਨਾਲ ਹੋਰ ਬੂਟੇ ਤਿਆਰ ਕਰੀ ਜਾ ਰਹੀ ਸੀ ਤੇ ਉਹ ਵੀ ਨਾਲੋਂ ਨਾਲ ਉਸ ਦੇ ਮਗਰ ਮਗਰ ਇੰਝ ਤੁਰ ਰਹੇ ਸਨ ਜਿਵੇਂ ਕੁਕੜੀ ਮਗਰ ਚੂਚੇ।

ਹਿੰਦੂ ਮੇਰੇ ਗੁਰੂ ਘਰਾਂ ਵਿਚ ਬੁਰੀ ਤਰ੍ਹਾਂ ਦਾਖਲ ਹੋ ਚੁੱਕਾ ਹੋਇਆਉਹ ਮੇਰੇ ਘਰ ਦੀਆਂ ਕੰਧਾਂ ਚੜਦਾ ਆ ਰਿਹਾ। ਉਹ ਲੰਗਰ ਵਰਤਾਉਂਣ ਤੋਂ ਲੈ ਕੇ ਕੀਰਤਨ ਕਰਨ ਤੱਕ ਪੁਹੁੰਚ ਚੁੱਕਾ ਹੈ। ਵੋਟਾਂ ਰਾਹੀਂ ਉਹ ਉਪਰਲੇ ਅਹੁਦਿਆਂ ਵਲ ਵੀ ਅਹੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਤਾਂ ਮੇਰੇ ਗੁਰੂ ਘਰ ਦੀ ਲਾਇਬ੍ਰੇਰੀ ਵਿਚ ਵੀ ਬੈਠਾ ਹੈ ਅਜਾਇਬ ਘਰ ਵਿਚ ਵੀ। ਉਹ ਦੱਸਦਾ ਕਿ ਉਥੇ ਕਿਸ ਦੀ ਫੋਟੋ ਲਾਉਂਣੀ ਤੇ ਕਿਸ ਦੀ ਨਹੀਂ। ਰੋਜ਼ਾਨਾ ਹੁੰਦੇ ਕੀਰਤਨ ਵੀ ਉਹ ਤੈਅ ਕਰਦਾ ਕਿ ਅਸ਼ਟਮੀ ਵਾਲੇ ਦਿਨ ਕਿਹੜੇ ਸ਼ਬਦ ਪੜਨੇ, ਦੁਸਹਿਰੇ ਵਾਲੇ ਕਿਹੜੇ ਤੇ ਦੀਵਾਲੀ ਵਾਲੇ ਦਿਨ ਕਿਹੜੇ

ਮੇਰੇ ਘਰ ਦੀ ਕੰਧ ਵਲ ਚੜੀ ਜਾਂਦੀ ਬੂਟੀ ਨੂੰ ਪੀਲੇ ਫੁੱਲ ਲੱਗੇ ਦੇਖ ਨਿਆਣੇ ਮੇਰੇ ਕਹਿੰਦੇ ਪਾਪਾ ਫਿਰ ਕੀ ਹੈ, ਇਹ ਵੀ ਤਾਂ ਫੁੱਲ ਹੀ ਹਨ ਆਪਾਂ ਇਨ੍ਹਾਂ ਨੂੰ ਕਿਉਂ ਪੁੱਟਦੇ ਹਾਂ। ਹੋਰ ਫੁੱਲ ਵੀ ਤਾਂ ਆਪਾਂ ਲਾਉਂਦੇ ਹੀ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਕਿ ਬੇਟਾ ਇਹ ਉਹ ਫੁੱਲ ਨਹੀਂ ਜਿਹੜੇ ਆਪਾਂ ਆਪ ਲਾਉਂਦੇ ਹਾਂ, ਇਹ ਜੰਗਲੀ ਫੁੱਲ ਹਨ ਤੇ ਜੰਗਲੀ ਫੁੱਲ ਤੁਹਾਡੇ ਘਰ ਦਾ ਸੁਹੱਪਣ ਨਹੀਂ ਹੁੰਦੇ, ਬਲਕਿ ਤੁਹਾਡੇ ਘਰ ਨੂੰ ਜੰਗਲ ਕਰ ਦਿੰਦੇ ਹਨ।

ਕਈ ਭੋਲੇ ਲੋਕ ਕਹਿੰਦੇ ਫਿਰ ਕੀ ਹੈ ਹਰੇਕ ਲਈ ਗੁਰੂ ਘਰ ਖੁਲ੍ਹਾ ਹੈ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਜੰਗਲੀ ਫੁੱਲ ਹਨ, ਜਿਹੜੇ ਜੰਗਲ ਵਿਚੋਂ ਆ ਰਹੇ ਹਨ ਤੇ ਕਿਸੇ ਦਿਨ ਤੁਹਾਡੇ ਘਰ ਨੂੰ ਜੰਗਲ ਵਲ ਲੈ ਜਾਣਗੇ ਯਾਨੀ ਜੰਗਲ ਕਰ ਦੇਣਗੇ ਤੇ ਤੁਸੀਂ ਪਛਾਣ ਵੀ ਨਾ ਪਾਉਂਗੇ ਕਿ ਤੁਹਾਡਾ ਘਰ ਕਿਹੜਾ ਤੇ ਜੰਗਲ ਕਿਹੜਾ!! ਯਾਦ ਰਹੇ ਕਿ ਜੰਗਲ ਅਪਣੇ ਆਪ ਵਿਚ ਠੀਕ ਹੋ ਸਕਦਾ, ਕਿਉਂਕਿ ਉਹ ਵੀ ਧਰਤੀ ਦਾ ਹਿੱਸਾ ਹੈ, ਪਰ ਜੰਗਲ ਨੂੰ ਘਰ ਵਿਚ ਲਿਆ ਗੱਡ ਦੇਣਾ ਜਾਂ ਘਰ ਨੂੰ ਜੰਗਲ ਵਰਗਾ ਕਰ ਦੇਣਾ ਸਿਆਣਪ ਨਹੀਂ! ਕਿ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top