ਖਾਲਸਾ
ਨਿਊਜ ਉਪਰ ਜਾਂ ਫੇਸ ਬੁੱਕ ਉਪਰ ਅਪਣੇ ਹੀ ਭਰਾਵਾਂ ਦਾ ਆਪਸ ਵਿਚ ਚਲ ਰਿਹਾ ਝਗੜਾ ਅੱਤ
ਦੁਖਦਾਈ ਹੈ। ਪਰ ਇਸ ਝਗੜੇ ਦੀ ਜੇ ਤੁਸੀਂ ਈਮਾਨਦਾਰੀ ਨਾਲ ਪੈੜ
ਨੱਪੋ, ਤਾਂ ਕਰਤਾਰ-ਪੁਰੀ ਬੀੜ ਥਾਂਣੀ ਹੁੰਦੀ ਮਨਜੀਤ ਸਿੰਘ ਮੁਹਾਲੀ ਦੇ ਘਰ ਮੂਹਰੇ ਜਾ
ਰੁੱਕਦੀ ਹੈ। ਮਨਜੀਤ ਸਿੰਘ ਹੋਰਾਂ ਨੂੰ ਪੱਤਾ ਨਹੀਂ ਕੀ ਅਕਾਸ਼-ਬਾਣੀ ਹੋਈ, ਸੁਪਨਾ
ਆਇਆ ਕਿ ਕਰਤਾਰ ਪੁਰੀ ਬੀੜ ਉਪਰ ਵਿਦਵਤਾ ਅਜ਼ਮਾਈ ਜਾਵੇ, ਪਰ ਉਹ ਇਹ ਕਰਦੇ ਭੁੱਲ ਗਏ, ਕਿ
ਜਿਸ ਸ੍ਰੀ ਗੁਰੂ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ-ਗੱਦੀ ਦਿੱਤੀ ਸੀ ਉਹ ਦਮਦਮੀ
ਸਰੂਪ ਸਾਡੇ ਕੋਲ ਹੈ ਅਤੇ ਅਸੀਂ ਸਭ ਨਿੱਤ ਉਸ ਨੂੰ ਨਮਸਤਕ ਹੁੰਦੇ ਹਾਂ। ਇੰਨੀ ਗੱਲ ਤੋਂ
ਅੱਗੇ ਕੱਚੀ ਲੱਸੀ ਹੈ, ਪਾਣੀ ਪਾਈ ਚਲੋ ਤੇ ਰਿੜਕੀ ਚਲੋ।
ਇਹ ਗੱਲ ਬਕਾਇਦਾ ਉਨ੍ਹਾਂ ਨੂੰ ਖੁਦ ਪ੍ਰੋ.
ਦਰਸ਼ਨ ਸਿੰਘ ਹੋਰਾਂ ਵੀ ਫੋਨ ਕਰਕੇ ਕਹੀ, ਪ੍ਰਭਦੀਪ ਸਿੰਘ ਨੇ ਵੀ, ਇੰਦਰਜੀਤ ਸਿੰਘ ਕਾਨਪੁਰੀ
ਨੇ ਵੀ ਅਤੇ ਖ਼ਾਲਸਾ ਨਿਊਜ਼ ਨੇ ਵੀ ਈਮੇਲ ਕੀਤੀ, ਪਰ
ਉਨ੍ਹਾਂ ਦਾ ਕਿਸੇ ਦੀ ਵੀ ਨਾ ਮੰਨਣਾ, ਉਨ੍ਹਾਂ ਦੇ ਕਿਰਦਾਰ ਨੂੰ ਸ਼ੱਕੀ ਕਰਦਾ ਹੈ।
ਇੱਕ ਸ਼ਿਕਵਾ ਸਾਨੂੰ ਪ੍ਰੋ. ਦਰਸ਼ਨ ਸਿੰਘ ਜੀ ਹੋਰਾਂ ਉਪਰ ਵੀ ਹੈ ਕਿ ਉਹ ਖੁਦ ਨਾ ਕਦੇ ਫੇਸ
ਬੁੱਕ ਉਪਰ ਬੈਠਦੇ ਹਨ, ਤੇ ਨਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੁੰਦੀ ਹੈ ਕਿ
ਫੇਸਬੁੱਕ 'ਤੇ ਕੀ ਹੋ ਰਿਹਾ ਹੈ। ਨਾ ਉਨ੍ਹਾਂ ਕੋਲੇ ਸਮਾਂ ਹੁੰਦਾ ਕਿ ਉਹ ਕਿਸੇ ਬਣਾਈ
ਸੰਸਥਾਂ ਨੂੰ ਖੁਦ ਰਿਮੋਟ ਕਰ ਸਕਣ, ਕਿਉਂਕਿ ਉਹ ਜ਼ਿਆਦਾ ਸਮਾਂ ਬਾਹਰ ਹੀ ਰਹਿੰਦੇ ਹਨ, ਪਰ
ਫਿਰ ਉਹ ਕਿਉਂ ਸੀਖਾਂ ਵਾਲੀ ਡੱਬੀ ਕਿਸੇ ਬਾਂਦਰ ਹੱਥ ਦੇ ਆਉਂਦੇ ਹਨ, ਜਿਹੜੀ ਕੌਮ ਵਿਚ
ਅੱਗ ਲਾਉਂਣ ਦਾ ਕੰਮ ਕਰਦੀ ਹੈ।
ਵੀਰ
ਗੋਲਡੀ ਜੀ, ਨੂੰ ਮੈਂ ਚਾਹੇ ਮਿਲਿਆ ਨਹੀਂ, ਪਰ ਉਨ੍ਹਾਂ ਨੂੰ ਕਈ ਚਿਰ ਤੋਂ ਮੈਂ
ਜਾਣਦਾ ਹਾਂ। ਮੈਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦਾ ਕੋਈ ਸ਼ਰਾਬ ਦਾ ਠੇਕਾ ਹੈ। ਮੈਨੂੰ ਇਹ
ਗੱਲ ਆਹੁੜ ਇਨੀ ਨਹੀਂ ਲੱਗੀ ਕਿ ਉਨ੍ਹਾਂ ਦਾ ਸ਼ਰਾਬ ਦਾ ਠੇਕਾ ਹੈ, ਜਿੰਨੀ ਮੈਂਨੂੰ ਇਹ
ਦੁਖਦਾਈ ਜਾਪੀ, ਕਿ ਅਸੀਂ ਇਸ ਗੱਲ ਨੂੰ ਕਿਰਤ ਦਾ ਨਾਮ ਦੇ ਕੇ
ਬਾਦਲਾਂ ਦੇ ਪੰਜਾਬ ਵਿਚ ਥਾਂ ਥਾਂ ਸਾਰੇ ਖੋਲ੍ਹੇ ਠੇਕਿਆਂ ਨੂੰ ‘ਜਸਟੀਫਾਈ’ ਕਰਨ ਦੀ
ਕੋਸ਼ਿਸ਼ ਕਰਦੇ, ਇੱਕ ਗੱਲ ਭੁੱਲ ਗਏ ਹਾਂ, ਕਿ ਜਿਸ ਪੜਾਅ 'ਤੇ ਅਸੀਂ ਖੜੇ ਹਾਂ ਘੱਟੋ-ਘੱਟ
ਸਾਡੇ ਕੋਲੋਂ ਇਹ ਉਮੀਦ ਨਹੀਂ ਰੱਖੀ ਜਾ ਸਕਦੀ।
ਸਾਡੇ ਜੀਵਨ ਵਿਚ ਕਈ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਅਤੀਤ ਵਿਚ ਅਸੀਂ ਕੀ ਸਾਂ, ਹੁਣ
ਕਿਥੇ ਹਾਂ ਅਗੇ ਪਤਾ ਨਹੀਂ ਕਿਥੇ ਹੋਵਾਂਗੇ। ਪਰ ਵੀਰ ਗੋਲਡੀ
ਜੀ ਦਾ ਠੇਕਾ ਸੀ ਵੀ ਤਾਂ ਸਾਨੂੰ ਇਹ ਗੱਲ ਪ੍ਰਵਾਨ ਕਰਨ ਵਿਚ ਅਸੀਂ ਛੋਟੇ ਨਹੀਂ ਸਾਂ ਹੋ
ਸਕਦੇ ਕਿ ਮੇਰਾ ਕਾਰੋਬਾਰ ਹੈ, ਪਰ ਮੈਂ ਕੋਸ਼ਿਸ਼ ਵਿਚ
ਹਾਂ ਇਸ ਨੂੰ ਬਦਲਣ ਬਾਰੇ ਸੋਚਾਂ। ਕਿਉਂਕਿ ਗੋਲਡੀ ਜੀ ਇੱਕ ਜਿੰਮੇਵਾਰ ਸੱਜਣਾਂ
ਵਿੱਚ ਆਉਂਦੇ ਹਨ, ਜਿਥੇ ਦੂਜਿਆਂ ਲੋਕਾਂ ਨਾਲੋਂ ਉਨ੍ਹਾਂ ਕੋਲੋਂ ਜਿਆਦਾ ਤਵੱਕੋਂ ਕੀਤੀ
ਜਾਣੀ ਚਾਹੀਦੀ ਹੈ।
ਅਸੀਂ
ਧੜੇਬਾਜੀ, ਹੱਕ-ਵਿਰੋਧਤਾ ਵਿਚ ਚਾਹੇ ਜਿੰਨੀਆਂ ਮਰਜੀ ਦਲੀਲਾਂ ਕੱਢੀ ਜਾਈਏ, ਪਰ ਕੁਝ
ਕਾਰੋਬਾਰ ਅਜਿਹੇ ਹਨ ਜਿਹੜੇ ਗੁਰਸਿੱਖਾਂ ਵਾਸਤੇ ਵਰਜਿਤ ਕਹੇ ਜਾ ਸਕਦੇ ਯਾਨੀ ਸੋਭਦੇ ਹੀ
ਨਹੀਂ। ਹਾਲੇ ਕੱਲ ਦੀ ਗੱਲ ਹੈ ਜਦ ‘ਸਾਡਾ ਹੱਕ’ ਮੂਵੀ ਬਣਾਉਂਣ
ਵਾਲਾ ਇਸ ਗੱਲੇ ਚਰਚਾ ਵਿਚ ਰਿਹਾ ਕਿ ਉਹ ‘ਸਾਡਾ ਹੱਕ’ ਦੇ ਬਣੇ ਪੈਸਿਆਂ ਨਾਲ
‘ਮੌਡਰਨ ਬਿਊਟੀ ਪਾਰਲਰ’ ਖੋਲਹਣ ਜਾ ਰਿਹਾ ਹੈ!! ਗੁਰਸਿੱਖ ਜਾਪਦੇ ਬੰਦੇ ਨੂੰ ਲਿਕਰ ਸਟੋਰ
ਵਿਚ ਨਿਕਲਦੇ ਨੂੰ ਹੀ ਸੋਚ ਕੇ ਦੇਖੋ। ਅਪਣੀ ਗਲਤੀ ਨੂੰ ਮੰਨ ਕੇ ਸੁਧਾਰਨ ਵਾਲਾ ਹਮੇਸ਼ਾਂ
ਵੱਡਾ ਗਿਣਿਆ ਜਾਂਦਾ ਹੈ, ਪਰ ਕਈ ਵਾਰ ਅਸੀਂ ਅਪਣੇ ਕਿਸੇ ਗਲਤ ਕੰਮ ਨੂੰ ‘ਜਸਟੀਫਾਈ’ ਕਰਦੇ
ਕਰਦੇ ਕਈ ਅਜਿਹੀਆਂ ਨਵੀਆਂ ਪਿਰਤਾ ਪਾ ਬੈਠਦੇ ਹਾਂ, ਕਿ ਅੱਗੇ ਜਾ ਕੇ ਭਿਆਨਕ ਬਿਮਾਰੀ ਦਾ
ਰੂਪ ਧਾਰਨ ਕਰ ਜਾਂਦੀਆਂ ਹਨ।
ਪਿੱਛੇ ਜਿਹੇ ਭਾਈ ਰੂਪੋਵਾਲੀ ਹੋਰਾਂ ਦਾ
ਮਜੀਠੀਏ ਬਾਰੇ ਵਿਸ਼ਾ ਚਰਚਾ ਵਿਚ ਰਿਹਾ। ਸਵਾਲ ਤਾਂ ਇਨਾ ਸੀ ਕਿ ਉਨ੍ਹਾਂ ਨੂੰ
ਬਕਾਇਦਾ ਮਜੀਠੀਏ ਦਾ ਜ਼ਿਕਰ ਕਰਨ ਦੀ ਜਰੂਰਤ ਕੀ ਸੀ। ਮਜੀਠੀਏ ਦੇ ਹੱਥ ਕਿੰਨੀ ਨੌਜਵਾਨੀ ਦੇ
ਲਹੂ ਨਾਲ ਰੰਗੇ ਹਨ। ਦਰਿਆ ਵਗਾ ਦਿੱਤੇ ਉਪਰ ਪੰਜਾਬ ਵਿਚ ਨਸ਼ਿਆਂ ਦੇ। ਤਬਾਹੀ ਕੀਤੀ ਉਸ
ਤਬਾਹੀ ਪੰਜਾਬ ਦੀ। ਵੈਸੇ ਤਾਂ ਰੂਪੋਵਾਲੀ ਜੀ ਵਰਗੇ ਜਿੰਮੇਵਾਰ
ਬੰਦਿਆਂ ਨੂੰ ਮਜੀਠੀਏ ਵਰਗੇ ਬੰਦੇ ਦੀ ਮਕਾਣੇ ਵੀ ਨਹੀਂ ਜਾਣਾ ਚਾਹੀਦਾ। ਗੁਰੂ ਦੀ
ਬਾਣੀ ਦੇ ਸੱਚ ਦਾ ਪ੍ਰਚਾਰ ਕਰਨ ਵਾਲੇ ਬੰਦੇ ਦਾ ਅਜਿਹੇ ਕਾਤਲਾਂ ਨਾਲ ਕੀ ਸਬੰਧ? ਪਰ ਜੇ
ਉਹ ਚਲਾ ਵੀ ਗਿਆ, ਤਾਂ ਉਸ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਨਾ ਕੀ ਸੁਨੇਹਾ ਦਿੰਦਾ? ਤੇ ਇਹੀ
ਕੀਤਾ ਜ਼ਿਕਰ ਚਰਚਾ ਛੇੜ ਗਿਆ। ਚੰਗਾ ਮਿੱਤਰ ਤੁਹਾਡਾ ਉਹ ਹੁੰਦਾ
ਜਿਹੜਾ ਤੁਹਾਨੂੰ ਮਾੜੇ ਸਮੇ ਵੀ ਚੰਗੀ ਰਾਇ ਦੇਵੇ, ਪਰ ਉਨ੍ਹਾਂ ਦੇ ਮਿੱਤਰਾਂ ਕੀਤਾ ਕੀ?
ਤੇ ਖੁਦ ਰੂਪੋਵਾਲੀ? ਯਾਨੀ ਅਸੀਂ ਕਦੇ ਗਲਤੀ ਕਰ ਹੀ ਨਹੀਂ ਸਕਦੇ? ਤੇ ਮੰਨਦੇ ਵੀ ਨਹੀਂ?
ਕੀਰਤਨ ਉਪਰ ਹੋਏ ਪੈਸਿਆਂ ਦੀ ਦਲੀਲ ਦਾ, ਸ਼ਰਾਬ ਦੇ ਠੇਕੇ ਨਾਲ
ਦੂਰ ਦਾ ਵੀ ਸਬੰਧ ਨਹੀਂ। ਪਰ ਹਾਂਅ! ਉਸ ਕੀਰਤਨੀਏ ਉਪਰ ਸਵਾਲੀਆ ਚਿੰਨ ਰਹੇਗਾ,
ਜੋ ਪੈਸੇ ਤਾਂ ਕੀਰਤਨ ਕਰਕੇ ਬਣਾਉਂਦਾ, ਪਰ ਲੋਕਾਂ ਨੂੰ ਦਿੰਦਾ ਕੁਝ ਨਹੀਂ। ਹੁਣ ਭਾਈ
ਪੰਥਪ੍ਰੀਤ ਸਿੰਘ ਨੂੰ ਜਾਂ ਹੋਰਾਂ ਚੰਗੇ ਪ੍ਰਚਾਰਕਾਂ ਨੂੰ ਲੋਕ ਪੈਸੇ ਦਿੰਦੇ ਹਨ, ਪਰ ਉਹ
ਅਪਣੇ ਕਿੱਤੇ ਪ੍ਰਤੀ ਬੇਈਮਾਨ ਨਹੀਂ ਹਨ। ਉਹ ਸ੍ਰੀ ਗੁਰੂ ਜੀ ਦੇ ਦੱਸੇ ਸਹੀ ਮਾਰਗ ਉਪਰ
ਤੁਰਨ ਦੀ ਗੱਲ ਕਰਦੇ ਹਨ ਤੇ ਕੌੜਾ ਸੱਚ ਵੀ ਕਹਿੰਦੇ ਹਨ। ਪਰ ਉਧਰ ਜਗਾਧਰੀ, ਰੰਗੀਲੇ, ਸੋਢੀ?
ਕੁੱਲ ਪਾ ਕੇ ਇਹ ਲੜਾਈ ਨੂੰ ਗਲਤ ਰੰਗਤ
ਦਿੱਤੀ ਗਈ ਹੈ। ਸਾਡੀਆਂ ਗੱਲਾਂ ਵੱਡੀਆਂ, ਪਰ ਅਸੀਂ ਬਹੁਤ ਛੋਟੇ ਹਾਂ। ਮੈਂ ਵੀ!
ਅਸੀਂ ਵੱਡੇ ਹੋਈਏ ਤਾਂ ਹੀ ਸਾਡੀ ਕਹੀ ਵੱਡੀ ਗੱਲ ਨੂੰ ਲੋਕ ਪ੍ਰਵਾਨ ਕਰਨਗੇ, ਸੁਣਨਗੇ ਅਤੇ
ਮੰਨਣਗੇ! ਨਹੀਂ?