Share on Facebook

Main News Page

ਵਿਆਹ
-: ਗੁਰਦੇਵ ਸਿੰਘ ਸੱਧੇਵਾਲੀਆ

ਵਿਆਹ ਬਾਰੇ ਬੜੇ ਚੁਟਕਲੇ ਹਨ। ਵਿਆਹ ਨੂੰ ਚਿੰਗਮ ਨਾਲ ਵੀ ਤੁਲਨਾ ਦਿੰਦੇ ਕਈ ਲੋਕ ਕਿ ਪਹਿਲਾਂ ਮਿੱਠੀ ਹੁੰਦੀ, ਥੋੜਾ ਚਿੱਥੋ ਤਾਂ ਮੁੜ ਨਾ ਸੁੱਟਣ ਜੋਗੇ ਨਾ ਲੰਘਾਉਂਣ ਜੋਗੇ। ਪਰ ਦਰਅਸਲ ਵਿਆਹ ਇੰਝ ਨਹੀਂ ਹੈ। ਵਿਆਹ ਰਾਹੀਂ ਇੱਕ ਬੜਾ ਪਿਆਰਾ ਰਿਸ਼ਤਾ ਜੁੜਦਾ ਹੈ, ਜਿਸ ਨੂੰ ਪਤੀ-ਪਤਨੀ ਦਾ ਰਿਸ਼ਤਾ ਕਹਿੰਦੇ ਹਨ। ਵਿਆਹ ਤੁਹਾਨੂੰ ਇੱਕ ਪੂਰੀ ਜਿੰਦਗੀ ਦਾ ਵਫਾਦਾਰ ਸਾਥੀ ਦਿੰਦਾ ਹੈ, ਜਿਹੜਾ ਤੁਹਾਡੇ ਹਉਕਿਆਂ ਨਾਲ ਹਉਕੇ ਭਰਦਾ ਹੈ ਤੇ ਜਿਹੜਾ ਤੁਹਾਡੇ ਹਾਸਿਆਂ ਨਾਲ ਹੱਸਦਾ ਹੈ। ਵਿਆਹ ਰਾਹੀਂ ਦੋ ਜੀਵਾਂ ਦਾ ਜਿੰਦਗੀ ਭਰ ਇਕੱਠਿਆਂ ਰਹਿਣ ਦਾ ਅਹਿਦ ਕੀਤਾ ਜਾਂਦਾ ਹੈ! ਦੋ ਅਲੱਗ ਅਲੱਗ ਵਹਿ ਰਹੀਆਂ ਧਰਾਵਾਂ ਇਥੇ ਆ ਕੇ ਇੱਕ ਹੋ ਜਾਦੀਆਂ ਹਨ। ਦੋਵਾਂ ਦਾ ਦੁੱਖ ਸੁੱਖ ਇੱਕ ਹੋ ਜਾਂਦਾ। ਦੋਵਾਂ ਦੀਆਂ ਖੁਸ਼ੀਆਂ ਗਮ ਇੱਕ ਹੋ ਜਾਂਦੇ। ਰੋਣਾ-ਹੱਸਣਾ ਇੱਕਠਾ ਹੋ ਜਾਂਦਾ। ਪਰ ਹੋਇਆ ਕੀ! ਇਹ ਰਿਸਤਾ ਤ੍ਰੇੜੋ-ਤ੍ਰੇੜੀ ਹੋ ਗਿਆ ਜਦ ਬੰਦੇ ਵਿਆਹ ਵਿਚ ਵਪਾਰ ਘਸੀਟ ਲ਼ਿਆਂਦਾ! ਮਨੁੱਖ ਦੀ ਲਾਲਸੀ ਬਿਰਤੀ ਨੇ ਵਿਆਹ ਵਰਗੇ ਚੰਗੇ ਰਿਸ਼ਤੇ ਨੂੰ ਵੀ ਵਪਾਰ ਨਾਲ ਨੱਥ ਲਿਆ! ਸਾਰੀ ਜਿੰਦਗੀ ਇਕੱਠਿਆਂ ਰਹਿਣ ਵਾਲਿਆਂ ਇੱਕ ਦੂਏ ਦੀ ਬੋਲੀ ਲਾਉਂਣੀ ਸ਼ੁਰੂ ਕਰ ਦਿੱਤੀ ਤੇ ਇਸ ਦੇ ਨਤੀਜੇ? ਤਲਾਕਾਂ ਦੀ ਗਿਣਤੀ ਵੱਧ ਗਈ , ਰਿਸ਼ਤੇ ਬਿਖਰ ਰਹੇ ਹਨ, ਇਕ ਦੂਏ ਤੋਂ ਅਵਾਜਾਰੀ ਹੋ ਰਹੀ ਹੈ, ਪਤੀ ਪਤਨੀ ਦਾ ਇਕੱਠਾ ਰਹਿਣਾ ਦੁਭਰ ਹੋ ਰਿਹਾ ਹੈ। ਜਦ ਤੁਸੀਂ ਪਾਕ ਰਿਸ਼ਤਿਆਂ ਦਾ ਹੀ ਵਪਾਰੀ-ਕਰਨ ਕਰੋਂਗੇ ਤਾਂ ਉਹ ਰਿਸ਼ਤੇ, ਰਿਸ਼ਤੇ ਕਿਵੇ ਰਹਿ ਜਾਣਗੇ।

ਮਿਡਲ-ਕਲਾਸ ਤੋਂ ਜੇ ਗੱਲ ਸ਼ੁਰੂ ਕਰੀਏ ਤਾਂ ਪੰਜਾਬ ਵਿਚ ਅੱਜ ਦਾ ਵਿਆਹ 35- 40 ਲੱਖ ਤੋਂ ਸ਼ੁਰੂ ਹੁੰਦਾ ਹੈ। ਜਿਸ ਮੁਲਕ ਵਿੱਚ ਲਗਾਤਾਰ ਆਮਦਨ ਦਾ ਕੋਈ ਜ਼ਰੀਆ ਨਹੀਂ ਤੇ ਮਹਿੰਗਾਈ ਨੇ ਅੱਤ ਕਰ ਰੱਖੀ ਹੈ ਉਥੇ ਮਧ-ਵਰਗ ਵਲੋਂ 40 ਲੱਖ ਦਾ ਵਾਯਾਤ ਖਰਚਾ ਮੂਰਖਤਾ ਤੋਂ ਸਿਵਾਏ ਕੁਝ ਨਹੀਂ। ਮੋਟੇ ਤੌਰ 'ਤੇ ਦੱਸ ਕੀਲੇ ਵਾਲਾ ਵਿਆਹ 35-40 ਲੱਖ ਦਾ, 20 ਕੀਲੇ ਦਾ 50 ਲੱਖ, 50 ਕੀਲੇ ਵਾਲਾ ਕ੍ਰੋੜ, ਆਈ.ਏ.ਐਸ ਤੱਕ ਦਾ 2-3 ਕ੍ਰੋੜ, ਅਗੇ ਲੀਡਰ ਜਾਂ ਬਹੁਤੇ ਅਗੇ ਵਾਲਿਆਂ ਦੀ ਤਾਂ ਗੱਲ ਹੀ ਅਗਾਂਹ ਹੈ। ਢੀਂਡਸੇ ਦੇ ਮੁੰਡੇ ਦੇ ਵਿਆਹ ਉਪਰ ਪੰਜ ਅਖਾੜੇ ਲੱਗੇ ਸਨ ਕ੍ਰੋੜਾਂ ਖਰਚ ਆਇਆ। ਹੋਰ ਛੱਡੋ ਮਰ ਚੁੱਕੇ ਦਇਆ ਸਿੰਘ ਸੁਰਸਿੰਘੀਏ ਸਾਧ ਨੇ ਹੀ ਮੁੰਡੇ ਦੇ ਵਿਆਹ ਤੇ ਕ੍ਰੋੜਾਂ ਖਰਚ ਕਰ ਮਾਰਿਆ ਸੀ!! ਹਾਲੇ ਉਹ ਸਾਧ ਸੀ?

ਵਿਆਹ ਬਹੁਤ ਮਹਿੰਗਾ ਸੌਦਾ ਕਰ ਲਿਆ ਬੰਦੇ ਨੇ। ਵਿਆਹ ਦੇ ਅਰਥ ਬਦਲ ਗਏ ਹਨ। ਦਰਅਸਲ ਬੰਦਾ ਵਿਆਹ ਕਰਦਾ ਨਹੀਂ, ਵਿਆਹ ਕਰਕੇ ਵਿਖਾਉਂਦਾ ਹੈ! ਉਹ ਵਿਆਹ ਕਰਨ ਲਈ ਵਿਆਹ ਨਹੀਂ ਕਰਦਾ, ਵਿਆਹ ਦਿਖਾਉਂਣ ਲਈ ਵਿਆਹ ਕਰਦਾ ਹੈ। ਉਸ ਨੂੰ ਜਪਾਦਾ ਮੈਨੂੰ ਦੇਖਣ ਦਾ ਜਿੰਦਗੀ ਵਿਚ ਇਹੀ ਇੱਕ ਮੌਕਾ ਹੈ। ਹੋਰ ਮੇਰੀ ਕੋਈ ਲਿਆਕਤ ਨਹੀਂ ਕਿ ਇਸ ਤੋਂ ਇਲਾਵਾ ਮੈਨੂੰ ਦੇਖਿਆ ਜਾ ਸਕੇ! ਉਹ ਇਸ ਇਕੋ ਇੱਕ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੁੰਦਾ। ਤੇ ਅਜਿਹੇ ਲੋਕਾਂ ਲਈ ਜਿੰਦਗੀ ਵਿਚ ਹੋਰ ਕੋਈ ਮੌਕਾ ਆਉਂਦਾ ਵੀ ਨਹੀਂ ਕਿ ਉਸ ਨੂੰ ਦੇਖਿਆ ਜਾ ਸਕੇ। ਤੇ ਉਹ ਇਸ ਦਿਖਾਵੇ ਨੂੰ ਫਿਰ ਮਹਿੰਗੇ ਤੋਂ ਮਹਿੰਗਾ ਕਰਨਾ ਚਾਹੁੰਦਾ। ਮਹਿੰਗੇ ਪੈਲਸ, ਮਹਿੰਗੀ ਘੋੜੀ, ਮਹਿੰਗੀ ਡੈਕੋਰੇਸ਼ਨ, ਮਹਿੰਗੇ ਕਲਾਕਾਰ, ਮਹਿੰਗੀ ਸ਼ਰਾਬ, ਮਹਿੰਗੇ ਡੀ.ਜੇ, ਮਹਿੰਗੀਆਂ ਨੱਚਣ ਵਾਲੀਆਂ? ਸਭ ਮਹਿੰਗਾ ਹੀ ਮਹਿੰਗਾ! ਕਿਉਂਕਿ ਉਹ ਖੁਦ ਸਸਤਾ ਹੁੰਦਾ, ਉਹ ਅਪਣੇ ਸਸਤੇ-ਪਨ ਨੂੰ ਮਹਿੰਗਾ ਕਰਨ ਲਈ ਮਹਿੰਗੇ ਸ਼ੋਸ਼ੇ ਕਰਦਾ ਹੈ। ਨਹੀਂ ਤਾਂ ਖੁਦ ਮਹਿੰਗੇ ਬੰਦੇ ਨੂੰ ਬਾਹਰਲੀਆਂ ਮਹਿੰਗੀਆਂ ਗੱਲਾਂ ਦੀ ਲੋੜ ਨਹੀਂ! ਕਿ ਹੈ?

ਟਰੰਟੋ ਦੀ ਹੀ ਗੱਲ ਹੈ ਮੇਰੇ ਮਿੱਤਰ ਸ੍ਰ. ਸਕੰਦਰਜੀਤ ਸਿੰਘ ਨੇ ਕੱਲੇ ਕੱਲੇ ਬੇਟੇ ਦਾ ਵਿਆਹ ਕੀਤਾ। ਸਸਤਾ? ਬਿੱਲਕੁਲ ਸਸਤਾ! ਅਖੰਡਪਾਠ ਦੇ ਭੋਗ ਦੇ ਖਰਚੇ ਜਿੰਨਾ! ਬੰਦਾ ਖੁਦ ਮਹਿੰਗਾ ਹੋਵੇ ਉਸ ਨੂੰ ਸਸਤੇ ਨਾਲ ਕੀ ਫਰਕ ਪੈਂਦਾ। ਇਥੇ ਦੇ ਹੀ ਮੇਰੇ ਇੱਕ ਮਿੱਤਰ ਨੇ ਸ੍ਰ. ਬਚਿਤਰ ਸਿੰਘ। ਖਾਲਸਾ ਸਕੂਲ ਮੈਥ ਟੀਚਰ ਨੇ। ਬੇਟੇ ਇੰਨਜੀਰਿੰਗ ਕੀਤੀ ਹੈ। ਉਨ੍ਹਾਂ ਪੰਜਾਬ ਜਾ ਕੇ ਬੇਟੇ ਦਾ ਵਿਆਹ ਕੀਤਾ। ਭਾਈ ਪੰਥਪ੍ਰੀਤ ਸਿੰਘ ਹੋਰਾਂ ਕੀਰਤਨ ਕੀਤਾ। ਸਗਨ ਪਤਾ ਕੀ ਦਿੱਤਾ ਆਏ ਲੋਕਾਂ ਨੂੰ? ਗੁਰਮਤਿ, ਗੁਰਬਾਣੀ, ਸਿਹਤ ਅਤੇ ਇਤਿਹਾਸ ਦੀਆਂ ਕਿਤਾਬਾਂ ਦਾ ਇੱਕ ਇੱਕ ਪੈਕਿਜ!! ਤੇ ਵਿਆਹ? ਅੱਤ ਸਸਤਾ! ਨੱਚਣ-ਗਾਉਂਣ, ਡੀ.ਜੇ. ਅਖਾੜੇ, ਸ਼ਰਾਬ, ਪੈਲਸ ਸਭ ਚਲਦੇ ਕਰ ਦਿੱਤੇ!

ਹੁਣ ਤੁਸੀਂ ਦੱਸੋ ਮਹਿੰਗਿਆਂ ਬੰਦਿਆਂ ਨੂੰ ਫਰਕ ਹੈ ਕਿ ਵਿਆਹ ਸਸਤਾ ਸੀ ਜਾਂ ਮਹਿੰਗਾ? ਤੁਸੀਂ ਮਹਿੰਗੇ ਹੋਵੋਂ ਵਿਆਹ ਦੇ ਸਸਤੇ ਹੋਣ ਦਾ ਫਿਕਰ ਹੀ ਕਿਸਨੂੰ! ਵਿਆਹ ਦਾ ਬਹੁਤ ਮਹਿੰਗਾ ਹੋਣਾ ਅੱਜ ਪੰਜਾਬ ਦੇ ਸਸਤੇ ਹੋਣ ਦੀ ਨਿਸ਼ਾਨੀ ਹੈ। ਗੁਰੂ ਲਿਵ ਨਾਲੋਂ ਟੁੱਟ ਚੁੱਕਾ ਪੰਜਾਬ ਇਨਾ ਸਸਤਾ ਹੋ ਗਿਆ ਹੈ ਕਿ ਉਸ ਨੂੰ ਹੁਣ ਅਪਣੇ ਆਪ ਨੂੰ ਮਹਿੰਗਾ ਸਾਬਤ ਕਰਨ ਲਈ ਮਹਿੰਗੇ ਵਿਆਹ ਕਰਨੇ ਪੈ ਰਹੇ ਹਨ ਅਤੇ ਇਨ੍ਹਾਂ ਮਹਿੰਗੇ ਸ਼ੋਸ਼ਿਆਂ ਵਿਚ ਵਿਆਹ ਵਰਗੇ ਇਸ ਪਵਿੱਤਰ ਰਿਸ਼ਤੇ ਦੇ ਮਾਅਨੇ ਗੁਆਚ ਕੇ ਰਹਿ ਗਏ ਹਨ!

ਵਿਆਹ ਹੁਣ ਵਿਆਹ ਨਾ ਹੋ ਕੇ ਵਪਾਰ ਬਣ ਗਿਆ ਹੈ। ਮਧ ਵਰਗ ਦੇ ਮੁੰਡੇ ਉਪਰ ਕੋਈ 35-40 ਲੱਖ ਰੁਪਈਆ ਲੱਗ ਜਾਂਦਾ ਹੈ। ਜਿਸ ਮੁੰਡੇ ਨੂੰ 10 ਕੁ ਏਕੜ ਜਮੀਨ ਆਉਂਦੀ ਇਹ ਖਰਚਾ ਉਸ ਉਪਰ ਕੀਤਾ ਜਾਂਦਾ ਕੁੜੀ ਵਲੋਂ। 10-15 ਲੱਖ ਤਾਂ ਕਾਰ ਉਡਾ ਲੈ ਜਾਂਦੀ। ਪੰਜ ਤੋਂ ਲੈ ਕੇ ਸੱਤ ਸੌ ਬੰਦਾ ਪੈਲਸ ਵਿਚ ਹੁੰਦਾ ਉਸ ਸਭ ਨੂੰ ਮੱਛੀ ਤੋਂ ਲੈ ਕੇ ਮੁਰਗੇ ਦੀਆਂ ਟੰਗਾ ਤੇ ਸ਼ਰਾਬ ਤੱਕ ਦਾ ਖਰਚਾ! ਅਖਾੜੇ, ਡੀ. ਜੇ. ਨੱਚਣ ਵਾਲੀਆਂ, ਉਨ੍ਹਾਂ ਉਪਰੋਂ ਵਾਰੇ ਜਾਣ ਵਾਲੇ ਪੈਸੇ। ਮਿਲਣੀਆਂ ਦੇ ਛਾਪਾਂ-ਛੱਲੇ, ਸੂਟ, ਚੁੰਨੀਆਂ, ਝਗੇ ਤੇ ਅਗੇ ਮਾਮੀਆਂ, ਫੁੱਫੀਆਂ, ਚਾਚੀਆਂ, ਨਾਨੀਆਂ! ਕੁੜੀ-ਮੁੰਡੇ ਵਲੋਂ ਪਾ ਕੇ ਕੀਤਾ ਖਰਚਾ ਇਨਾ ਕੁ ਤਾਂ ਬਣ ਜਾਂਦਾ ਹੈ। ਤੇ ਜੇ ਅਗੇ ਮੁੰਡੇ ਕੋਲੇ 30-40 ਕੀਲੇ ਹੋਣ ਜਾਂ ਮੁੰਡੇ ਮਗਰ ਕਨੇਡਾ-ਅਮਰੀਕਾ ਦਾ ਬੱਝਾ ਹੋਵੇ, ਛੱਜ ਤਾਂ ਪੁੱਛੋ ਕੁਝ ਨਾ। ਫਿਰ ਤਾਂ ਮੁੰਡੇ ਵਾਲੇ ਵੀ ਤੇ ਕੁੜੀ ਵਾਲੇ ਕੇਵਲ ਧੂਣੀ ਹੀ ਨਹੀਂ ਬਾਲਦੇ ਰੁਪਈਆਂ-ਡਾਲਰਾਂ ਦੀ! ਦੱਸ ਕੀਲੇ ਵਾਲੇ ਦੀ ਦਾਜ ਵਿਚ ਆਈ ਕਾਰ ਵਿਚ ਤੇਲ ਚਾਹੇ ਪਵੇ ਜਾਂ ਨਾਂ ਪਰ ਚਾਹੀਦੀ ਜਰੂਰ। ਦੱਸ ਕਿੱਲਿਆਂ ਦੀ ਕਮਾਈ ਨਾਲ ਮਹਿੰਗਾ ਤੇਲ ਕਿੰਨਾ ਕੁ ਚਿਰ ਪੈਣਾ ਹੁੰਦਾ ਪਰ ਤੇਲ ਦਾ ਕਿਸਨੂੰ ਫਿਕਰ ਮਸੀਂ ਤਾਂ ਮੁੰਡੇ ਦੀ ਕੀਮਤ ਪੈਣ ਲੱਗੀ ਸੀ! ਮਾਂ-ਪੇ ਸਮਝਦੇ ਜਿੰਦਗੀ ਵਿਚ ਇਹੀ ਇੱਕੋ-ਇੱਕ ਮੌਕਾ ਮੁੰਡੇ ਦੀ ਕੀਮਤ ਵਸੂਲਣ ਦਾ ਤੇ ਕਿਉਂ ਨਾ ਵਸੂਲੀ ਜਾਵੇ। ਮੁੰਡਾ ਇੱਕੇ ਵਾਰ ਵਿੱਕਦਾ ਜਿੰਦਗੀ ਵਿੱਚ ਤੇ ਕਿਉਂ ਨਾ ਵੇਚਿਆ ਜਾਵੇ। ਬਾਹਰ ਵਾਲੇ ਤਾਂ ਰੀਝ ਨਾਲ ਵੇਚਦੇ ਤੇ ਮੁੱਲ ਵੱਟਦੇ।

ਦੁਨੀਆਂ ਉਪਰ ਕੋਈ ਡਾਲਰ-ਪੌਂਡ ਇਦਾਂ ਦਾ ਨਹੀਂ ਬਣਿਆ ਜਿਹੜਾ ਮਨੁੱਖ ਦੀ ਭੁੱਖ ਮਿਟਾ ਸਕੇ। ਜੇ ਮਿਟਾ ਸਕਦਾ ਹੁੰਦਾ ਤਾਂ ਬਾਹਰ ਵਾਲਿਆਂ ਦੀ ਮਿੱਟ ਚੁੱਕੀ ਹੁੰਦੀ ਅਤੇ ਇਹ ਅਪਣੇ ਮਗਰ ਬੱਝੇ ਛੱਜ ਦੀ ਵੱਧ ਤੋਂ ਵੱਧ ਕੀਮਤ ਨਾ ਪਵਾਉਂਦੇ, ਨਾ ਮੁੰਡੇ ਦੀ ਬੋਲੀ ਲਾਉਂਦੇ। ਬਾਹਰੋਂ ਗਿਆ ਮੁੰਡਾ ਤਾਂ ਔਕਸ਼ਨ ਤੇ ਖੜੀ ਉਹ ਗੱਡੀ ਹੁੰਦੀ ਜਿਸਦੀ ਬੋਲੀ ਲਾਉਂਣ ਕਈ ਤਰ੍ਹਾਂ ਦੀ ਭੀੜ ਮਗਰ ਤੁਰੀ ਫਿਰਦੀ ਹੁੰਦੀ। ਵਿਚੋਲੇ ਦਾ ਰੋਲ ਦੋਂਹ ਧਿਰਾਂ ਨੂੰ ਮਿਲਾਉਂਣ ਵਾਲਾ ਨਾ ਹੋ ਕੇ ਦਲਾਲ ਵਾਲਾ ਬਣ ਕੇ ਰਹਿ ਜਾਂਦਾ ਹੈ। ਬਾਹਰ ਵਾਲੇ ਮੁੰਡੇ ਲਈ ਤਾਂ ਕੈਸ਼ ਪੈਸੇ ਤੱਕ ਦੀ ਆਫਰ ਹੁੰਦੀ ਹੈ ਅਤੇ ਮੁੰਡੇ ਹੁਰੀਂ ਇਸ ਨੂੰ ਬੜੀ ਵਾਯਾਤੀ ਨਾਲ ਕਬੂਲਦੇ ਅਤੇ ਕਈ ਵਾਰ ਮੰਗ ਕੇ ਵੀ ਵਸੂਲਦੇ ਹਨ! ਉਹ 50-60 ਲੱਖ ਰੁਪਏ ਨੂੰ ਜਦ ਡਾਲਰਾਂ ਨਾਲ ਜਰਬਾਂ ਦਿੰਦੇ ਹਨ ਤਾਂ ਲੱਖ-ਸਵਾ ਲੱਖ ਡਾਲਰ ਤਾਂ ਵੱਟ ਤੇ ਪਿਆ ਹੁੰਦਾ ਤੇ ਇਨਾ ਪੈਸਾ ਮੁੰਡੇ ਕੋਲੋਂ ਕਈ ਸਾਲ ਟਰੱਕ ਤੇ ਲੱਕ ਤੁੜਾ ਕੇ ਵੀ ਨਹੀਂ ਜੁੜਦਾ ਤੇ ਉਹ ਕੁੜੀ ਵਲੋਂ ਆਏ ਕੁਝ ਪੈਸੇ ਨੂੰ ਕੁੜੀ ਵਲੋਂ ਹੀ ਮਿਲੀ ਗੱਡੀ ਉਪਰ ਖੁਲ੍ਹੇ ਝੂਟੇ ਲੈ ਕੇ ਉਡਾ ਆਉਂਦਾ ਤੇ ਬਾਕੀ ਬਚਦਿਆਂ ਦਾ ਵਾਪਸ ਆ ਕੇ ਘਰ ਬੁੱਕ ਕਰਵਾ ਕੇ ਤਿੜ ਤਿੜ ਕੁੜੀ ਨੂੰ ਫੋਟੋਆਂ ਭੇਜਦਾ ਕਿ ਦੇਖ ਤੇਰੇ ਲਈ ਘਰ ਖਰੀਦਿਆ?? ਉਧਰ ਕੁੜੀ ਵਾਲੇ ਇਨੇ ਕੁ ਪੈਸੇ ਨਾਲ ਜਦ ਸਾਰੇ ਟੱਬਰ ਦੇ ਵੀਜਿਆਂ ਦੀਆਂ ਜ਼ਰਬਾਂ ਦਿੰਦੇ ਤਾਂ ਉਨ੍ਹਾਂ ਨੂੰ ਸੌਦਾ ਅੱਤ ਸਸਤਾ ਜਾਪਦਾ। ਯਾਨੀ ਦੋਵੇਂ ਧਿਰਾਂ ਰਾਜੀ। ਮੁੰਡਾ ਕੁੜੀ ਲੈ ਆਇਆ, ਕਾਰ ਲੈ ਲਈ ਪੈਸਾ ਲੈ ਆਇਆ ਤੇ ਕੁੜੀ ਅਪਣਾ ਟੱਬਰ ਲੈ ਆਈ।

ਪਰ ਇਸ ਵਪਾਰ ਵਿਚ ਰਿਸ਼ਤਾ ਕਿਥੇ ਰਹਿ ਗਿਆ? ਰਿਸ਼ਤੇ ਦੀ ਕੀ ਮਾਅਨੇ ਰਹਿ ਗਏ। ਜਿਸ ਗੱਲ ਦਾ ਮੁੱਢ ਕਰਜਿਆਂ, ਸੌਦਿਆਂ ਅਤੇ ਬੋਲੀਆਂ ਉਪਰ ਬੱਝਾ ਹੋਵੇ ਉਸ ਦੇ ਚੰਗੇ ਭਵਿੱਖ ਬਾਰੇ ਸੋਚਿਆ ਹੀ ਕਿਵੇਂ ਜਾ ਸਕਦਾ ਹੈ! ਇਨ੍ਹਾਂ ਸੌਦੇਬਾਜੀਆਂ ਵਿਚ ਅਸੀਂ ਵਿਆਹ ਦੇ ਅਸਲੀ ਮਾਇਨੇ ਹੀ ਖੋਹ ਬੈਠਦੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਵਿਆਹ ਦਾ ਮੱਤਲਬ ਕੀ ਹੈ? ਕਿਉਂ ਕਰਵਾਇਆ ਜਾਂਦਾ ਹੈ ਵਿਆਹ? ਕਾਰ ਲੈਣ ਖਾਤਰ? ਸੌਦਾ ਕਰਨ ਖਾਤਰ? ਅਪਣੀ ਬੋਲੀ ਲਾਉਂਣ ਖਾਤਰ? ਇੱਕ ਪੈਦਾ ਹੋਣ ਵਾਲੇ ਬੱਚੇ ਦੇ ਬਾਪ ਨੇ ਉਸ ਦੀ ਮਾਂ ਨਾਲ ਸੌਦਾ ਕੀਤਾ। ਇੱਕ ਪੈਦਾ ਹੋਣ ਵਾਲੇ ਬੱਚੇ ਦੇ ਬਾਪ ਨੇ ਪਹਿਲਾਂ ਸ਼ੁਰੂਆਤ ਕੀਤੀ ਕਿ ਉਸ ਦੀ ਹੋਣ ਵਾਲੀ ਮਾਂ ਕੋਲੇ ਉਸਨੇ ਅਪਣੀ ਬੋਲੀ ਲਾਈ, ਉਸ ਕੋਲੋਂ ਅਪਣੀ ਕੀਮਤ ਵਸੂਲੀ ਜਿਸ ਨਾਲ ਕੁਦਰਤੀ ਸਬੰਧਾਂ ਕਾਰਨ ਉਨ੍ਹਾਂ ਦੀ ਸਾਝੀਂ ਉਲਾਦ ਨੇ ਜਨਮ ਲੈਣਾ ਸੀ। ਇਸ ਖੂਬਸੂਰਤ ਰਿਸ਼ਤੇ ਦੀ ਬੁਨਿਆਦ ਹੀ ਜਦ ਸੌਦੇ ਉਪਰ ਰੱਖੀ ਗਈ ਤਾਂ ਇਸ ਰਿਸ਼ਤੇ ਵਿਚੋਂ ਪੈਦਾ ਹੋਣ ਵਾਲੀ ਉਲਾਦ ਬਾਰੇ ਤੁਸੀਂ ਕੀ ਸੋਚ ਸਕਦੇ ਹੋਂ। ਉਲਾਦ ਮਨੁੱਖ ਦੇ ਸਾਰੇ ਜੀਵਨ ਦੀ ਕਮਾਈ ਹੁੰਦੀ ਪਰ ਉਸੇ ਸਾਝੀਂ ਉਲਾਦ ਪੈਦਾ ਕਰਨ ਵਾਲੀ ਮਾਂ ਕੋਲੋਂ ਬਾਪ ਨੇ ਅਪਣਾ ਮੁੱਲ ਵੱਟਿਆ? ਜਦ ਇਸ ਰਿਸ਼ਤੇ ਦੀ ਨੀਂਹ ਹੀ ਲੋਭ ਉਪਰ ਖੜੀ ਹੈ ਤਾਂ ਉਪਰ ਉਸਰਨ ਵਾਲੀ ਕੰਧ ਤਾਂ ਢਹੇਗੀ ਹੀ ਨਾ। ਜਿਸ ਔਰਤ ਨੇ ਮੇਰੇ ਘਰ ਆਉਂਣਾ ਹੈ, ਮੇਰੇ ਜੀਵਨ ਦਾ ਸਾਥੀ ਬਣਨਾ ਹੈ, ਮੇਰੇ ਦੁੱਖ ਸੁੱਖ ਜਿਸ ਨਾਲ ਸਾਂਝੇ ਹੋਣੇ ਸਨ ਮੈਂ ਉਸੇ ਨਾਲ ਵਪਾਰ ਕੀਤਾ? ਵਿਆਹ ਦੇ ਰਿਸ਼ਤੇ ਦੀ ਖੂਬਸੂਰਤੀ ਵਪਾਰ ਦੇ ਰੌਲੇ ਵਿਚ ਗੁਆਚ ਕੇ ਰਹਿ ਗਈ ਹੈ। ਹਰੇਕ ਅਪਣੀ ਤਾਕ ਤੇ ਹੈ। ਵਿਆਹ ਮਨੁੱਖੀ ਵਿਕਾਸ ਦਾ ਰਸਤਾ ਸੀ ਪਰ ਇਸ ਰਸਤੇ ਉਪਰ ਵੀ ਬੰਦੇ ਨੇ ਅਪਣੇ ਲੋਭ ਦੇ ਕੰਡੇ ਖਿਲਾਰ ਲਏ ਹਨ ਤੇ ਇਨ੍ਹਾਂ ਕੰਡਿਆਂ ਉਪਰ ਤੁਰਨਾ ਵੀ ਤਾਂ ਮੈਨੂੰ ਹੀ ਪਵੇਗਾ ਨਾ! ਨਹੀਂ?

ਬੜਾ ਚਿਰ ਪਹਿਲਾਂ ਮੈਂ ਅਖਬਾਰ ਵਿਚ ਇੱਕ ਕਹਾਣੀ ਪੜੀ ਸੀ। ਜਿੰਮੀਦਾਰ ਨੇ ਅਪਣੀ ਧੀ ਦਾ ਵਿਆਹ ਕੀਤਾ। ਉਸ ਵਿਆਹ ਕਾਰਨ ਉਹ ਗਲ ਗਲ ਕਰਜੇ ਵਿਚ ਡੁੱਬ ਗਿਆ ਜਾਂ ਕਹਿ ਲਓ ਕਿ ਕੁੜੀ ਦੇ ਸਹੁਰੇ ਵਾਲਿਆਂ ਦੀਆਂ ਮੰਗਾਂ ਨੇ ਡੋਬ ਦਿੱਤਾ। ਇੱਕ ਵਾਰ ਸਿਖਰ ਦੁਪਹਿਰਾ ਲੱਗਾ ਹੋਇਆ ਸੀ ਕਿ ਜਿੰਮੀਦਾਰ ਅਤੇ ਪੁੱਤਰ ਉਸ ਦਾ ਜੋਤਰਾ ਲਾ ਕੇ ਹਟੇ ਸਨ, ਬੁਰੀ ਹਾਲੀਂ ਕੁਝ ਪਲ ਟਾਹਲੀ ਹੇਠ ਦਮ ਕੱਢਣ ਬੈਠੇ ਤੇ ਨਾਲੋ ਨਾਲ ਕੁੜੀ ਦੇ ਵਿਆਹ ਦੇ ਚੜ੍ਹੇ ਕਰਜੇ ਲਈ ਬੈਠੇ ਝੂਰ ਰਹੇ ਸਨ। ਉਧਰੋਂ ਇੱਕ ਰਾਹੀ ਲੰਘਦਾ ਉਨ੍ਹਾਂ ਕੋਲੇ ਰੁੱਕ ਗਿਆ। ਉਨ੍ਹਾਂ ਉਸ ਨੂੰ ਘੜੇ ਚੋਂ ਪਾਣੀ ਪਿਆਇਆ ਤੇ ਕੁਝ ਚਿਰ ਲਈ ਉਹ ਵੀ ਗੱਲੀਂ ਲੱਗ ਗਿਆ। ਰਾਹੀ ਕਹਿਣ ਲੱਗਿਆ ਬਈ ਤੁਹਾਡੇ ਪਿੰਡ ਮੈਂ ਇੱਕ ਵਾਰ ਵਿਆਹ ਆਇਆ ਸਾਂ। ਕਿਤੇ ਸੇਵਾ ਕੀਤੀ ਕੁੜੀ ਵਾਲਿਆਂ! ਇਨਾ ਖੁਲ੍ਹਾ ਖਾਣ-ਪੀਣ ਸੀ ਕਿਤੇ? ਘੜੇ ਡੋਲ੍ਹ ਡੋਲ੍ਹ ਸ਼ਰਾਬ ਪੀਤੀ ਬਾਈ ਜੀ। ਮੁਰਗੇ ਤਾਂ ਹਾਲੇ ਤਾਈਂ ਨਹੀਂ ਭੁੱਲਦੇ। ਬੜਾ ਜਿਗਰਾ ਸੀ ਬਾਈ ਜੱਟ ਦਾ। ਪਲਟਨਾਂ ਦੀਆਂ ਪਲਟਨਾ ਜੰਝ ਦੀਆਂ ਭੁਗਤਾਈਆਂ ਬਾਈ ਜੀ ਜੱਟ ਨੇ। ਕਦੇ ਇਦਾਂ ਦਾ ਵਿਆਹ ਨਹੀਂ ਸੀ ਵੇਖਿਆ। ਅੱਜ ਲੰਘਦੇ ਜਾਂਦੇ ਨੂੰ ਤੁਹਾਡੇ ਪਿੰਡ ਦਾ ਉਹ ਅੱਖੀਂ ਡਿੱਠਾ ਵਿਆਹ ਯਾਦ ਆ ਗਿਆ! ਇਸੇ ਪਿੰਡ ਹੀ ਸੀ! ਬੜਾ ਚੰਗਾ ਗੱਲ ਹਾਲੇ ਪੂਰੀ ਵੀ ਨਾ ਸੀ ਹੋਈ ਕਿ ਪਿਉ-ਪੁੱਤਾਂ ਰਾਹੀ ਢਾਹ ਲਿਆ! ਦੇਹ ਪਰਾਣੀ ਤੇ ਪਰਾਣੀ! ਉਹ ਕਹਿੰਦਾ ਦੱਸ ਤਾਂ ਦਿਓ ਹੋਇਆ ਕੀ? ਉਹ ਕਹਿੰਦੇ ਉਸੇ ਵਿਆਹ ਦੇ ਹੀ ਤਾਂ ਮਾਰੇ ਹਾਲੇ ਰਾਸ ਨਹੀਂ ਆਏ ਤੇ ਉਸ ਉਜਾੜੇ ਵਾਲੀ ਅਬਦਾਲੀ ਫੌਜ ਵਿਚ ਤੂੰ ਵੀ ਸ਼ਾਮਲ ਸੀ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top