Share on Facebook

Main News Page

ਜਿਨਾ ਗੁਰਬਾਣੀ ਮਨਿ ਭਾਈਆ...
-: ਗੁਰਦੇਵ ਸਿੰਘ ਸੱਧੇਵਾਲੀਆ

ਅਗੇ ਹੈ "ਅੰਮ੍ਰਿਤਿ ਛਕਿ ਛਕੇ ॥"

ਗੁਰਬਾਣੀ ਜਿੰਨਾ ਚਿਰ ਮਨ ਨੂੰ ਚੰਗੀ ਨਹੀਂ ਲੱਗਦੀ, ਗੁਰਬਾਣੀ ਵਿਚ ਹੀ ਮਨ ਨਹੀਂ ਜਿੰਨਾ ਚਿਰ ਭਾਉਂਦਾ, ਯਾਨੀ ਭਿੱਜਦਾ, ਅੰਮ੍ਰਿਤ ਦੀ ਗੱਲ ਕਿਥੋਂ ਸਮਝ ਆਵੇਗੀ! ਆਵੇਗੀ?

ਅੰਮ੍ਰਿਤ ਦਾ ਬੇਸ ਕੀ ਹੈ? ਗੁਰਬਾਣੀ! ਅੰਮ੍ਰਿਤ ਦੀ ਜੜ੍ਹ ਕਿਥੇ ਹੈ, ਗੁਰਬਾਣੀ ਵਿਚ! ਹੇਠਾਂ ਜੜ੍ਹ ਤਾਂ ਹੈ ਹੀ ਨਹੀਂ, ਉਪਰੋਂ ਫੁੱਲ ਕਿਥੇ ਖਿੜ ਪਊਗੁਰਬਾਣੀ ਮਨ ਭਾਊ, ਤਾਂ ਮੈਂ ਅੰਮ੍ਰਿਤ ਵਾਲੇ ਪਾਸੇ ਤੁਰਾਂਗਾ ਨਾ। ਤੇ ਗੁਰਬਾਣੀ ਮਨ ਨੂੰ ਭਾਊ ਕਿਵੇਂ? ਬੱਤੀਆਂ ਬੰਦ ਕਰਕੇ? ਹਊ ਹਊ ਕਰਕੇ? ਹਾਉਕੇ ਲੈ ਕੇ ਜਾਂ ਚੀਕਾਂ ਮਾਰਕੇ?

ਜਦ ਮੈਂ ਅੰਮ੍ਰਿਤ ਦੀ ਗੱਲ ਕਰਦਾ ਹਾਂ ਤਾ ਬਹੁਤ ਵੱਡਾ ਇੱਕ ਪਾੜਾ ਛੱਡ ਜਾਂਦਾ ਹਾਂ। ਇਨਾ ਵੱਡਾ ਕਿ ਛਾਲ ਮਾਰੀ ਜਾ ਹੀ ਨਹੀਂ ਸਕਦੀ। ਉਸ ਪਾੜੇ ਉਪਰ ਤਾਂ ਪੁੱਲ ਹੀ ਬੱਝੂ ਤਾਂ ਛਾਲ ਵੱਜੂ। ਅੰਮ੍ਰਿਤ ਵਲ ਤੁਰਨ ਲਈ ਗੁਰਬਾਣੀ ਪੁੱਲ ਹੈ। ਅੰਮ੍ਰਿਤ ਨਾਲ ਮੈਨੂੰ ਗੁਰਬਾਣੀ ਦਾ ਪੁੱਲ ਜੋੜਦਾ ਹੈ। ਗੁਰਬਾਣੀ ਤੋਂ ਬਿਨਾ ਅੰਮ੍ਰਿਤ ਤੱਕ ਪਹੁੰਚਿਆ ਜਾ ਹੀ ਨਹੀਂ ਸਕਦਾ! ਕਿ ਸਕਦਾ? ਗੁਰਬਾਣੀ ਤੋਂ ਬਿਨਾ ਅੰਮ੍ਰਿਤ ਬਣਦਾ ਹੀ ਨਹੀਂਫਾਂਊਡੇਸ਼ਨ ਗੁਰਬਾਣੀ ਹੈ। ਨੀਂਹ ਕੱਚੀ ਰਹਿ ਗਈ ਤਾਂ ਮਕਾਨ ਹਿੰਦੋਸਤਾਨ ਦੇ ਪੁੱਲਾਂ ਵਰਗਾ ਹੋਵੇਗਾ ਕਿ ਇਧਰ ਪਾਇਆ ਤੇ ਉਧਰ ਢਹਿਆ!

ਫਿਰ ਉਥੇ ਆਈਏ। ਜਿੰਨਾ ਨੂੰ ਗੁਰਬਾਣੀ ਭਾਅ ਗਈ ਯਾਨੀ ਸਮਝ ਆ ਗਈ। ਕੇਵਲ ਸਮਝ ਨਹੀਂਭਾਅ ਗਈ!

ਸਮਝ ਦੋ ਤਰ੍ਹਾਂ ਦੀ ਹੁੰਦੀ। ਸ਼ਰਾਬੀ ਨੂੰ ਸਮਝ ਹੈ ਕਿ ਸ਼ਰਾਬ ਮਾੜੀ ਹੈ, ਪਰ ਉਹ ਛੱਡਦਾ? ਪਰ ਜਦ ਉਸੇ ਸ਼ਰਾਬੀ ਨੂੰ ਸਮਝ ਆਉਂਦੀ ਉਹ ਕੰਨੀ ਹੱਥ ਲਾਉਂਦਾ। ਸਮਝ ਉਸ ਨੂੰ ਪਹਿਲਾਂ ਵੀ ਸੀ ਕਿ ਸ਼ਰਾਬ ਮਾੜੀ ਹੈ, ਪਰ ਕੇਵਲ ਸਿਰ ਦੇ ਤਲ 'ਤੇ। ਦਿਲ 'ਤੇ ਨਹੀਂ! ਸਮਝ ਗਿਆਨੀ ਨੂੰ ਗੁਰਬਾਣੀ ਦੀ ਹੈ, ਵਿਦਵਾਨ ਨੂੰ ਹੈ, ਪੰਡਤ ਵਿਦਵਾਨ ਨੂੰ! ਪਰ ਭਾਉਂਦੀ ਨਹੀਂ ਉਸ ਨੂੰ। ਉਸ ਨੂੰ ਅਨੰਦ ਸਾਹਿਬ ਵਿਚੋਂ ਅਨੰਦ ਨਹੀਂ ਆਉਂਦਾ। ਜਪੁਜੀ ਉਸ ਨੂੰ ਨਜਾਰੇ ਨਹੀਂ ਦਿੰਦੀ। ਸੁਖਮਨੀ ਪੜਦਿਆਂ ਉਸ ਦੇ ਕੜ ਨਹੀਂ ਪਾਟਦੇ। ਉਹ ਤਾਂ ਅਨੰਦ ਨੂੰ ਕੇਵਲ ਅਪਣੇ ਸਿੰਗ ਫਸਾਉਂਣ ਲਈ ਵਰਤਦਾ। ਜਪੁਜੀ ਦੇ ਅਰਥ ਤਾਂ ਉਹ ਅਪਣੀ ਪੰਡਤਾਈ ਦੇ ਰੁਹਬ ਲਈ ਕਰਦਾ? ਸਮਝ ਹੈ। ਕੇਵਲ ਸਮਝ? ਸਿਰ ਦੇ ਤਲ 'ਤੇ!

ਪਰ ਬਾਬਾ ਜੀ ਕਹਿੰਦੇ ਜਿੰਨਾ ਗੁਰਬਾਣੀ ਮਨ ਭਾਈਆ ਮਨ ਨੂੰ ਭਾਅ ਗਈ। ਜਦ ਪੜਾਂ ਦੁਨੀਆਂ ਭੁੱਲ ਕਿਉਂ ਨਾ ਜਾਵੇ। ਈਰਖਾ, ਸਾੜਾ, ਨਫਰਤ, ਈਗੋ ਖੁਰਨ ਕਿਵੇਂ ਨਾ ਲੱਗੇ। ਅੰਦਰਲਾ ਰੁੱਕਿਆ ਪਾਣੀ, ਠਰਿਆ, ਜੰਮਿਆ, ਬਰਫ ਬਣਿਆ ਪਾਣੀ ਪਿੰਗਲ ਕੇ ਬਾਹਰ ਅੱਖ ਵਿਚਦੀ ਵਗਣ ਲਗ ਪਵੇ। ਤੇ ਉਦੋਂ ਜਦ ਬੰਦਾ ਕਹਿੰਦਾ ਵਾਹਿਗੁਰੂ! ਉਹ ਹੁੰਦਾ ਵਾਹਿਗੁਰੂ! ਫਿਰ ਹੁੰਦਾ ਵਾਹਿਗੁਰੂ!

ਢੋਲਕੀਆਂ ਦੇ ਜੋਰ ਨਾਲ, ਚਿਮਿਟਿਆਂ ਦੇ ਸ਼ੋਰ ਨਾਲ, ਬੱਤੀਆਂ ਬੰਦ ਕਰਕੇ, ਅੱਖਾਂ ਬਦੋ ਬਦੀ ਧੱਕੇ ਮੀਚ ਕੇ ਦੇਹ ਤੇਰੀ ਦੀ ਵਾਹਿਗੁਰੂ, ਵਾਹਿਗੁਰੂ ਇਹ ਵਾਹਿਗੁਰੂ ਨਹੀਂ ਇਹ ਤਾਂ ਵਾਹਿਗੁਰੂ ਨੂੰ ਵਾਹਣੇ ਪਾਉਂਣ ਹੈ। ਇਹ ਤਾਂ ਵਾਹਿਗੁਰੂ ਨੂੰ ਲਲਕਾਰੇ ਮਾਰਨ ਹੈ!

ਗੁਰਬਾਣੀ ਮਨ ਭਾਊ ਕਿਥੇ, ਕਿਵੇਂ, ਕਿਉਂ? ਗੁਰਬਾਣੀ ਦੀ ਥਾਂ ਤਾਂ ਵਾਹਿਗੁਰੂ ਨੂੰ ਲਲਕਾਰੇ ਚਲ ਪਏ ਨੇ। ਵਾਹਿਗੁਰੂ ਦੱਸੋ ਹਾਉਕਿਆਂ ਦਾ ਨਾਂ ਹੈ? ਵਾਹਿਗੁਰੂ ਚੀਕਾਂ ਦਾ ਨਾਂ ਹੈ? ਵਾਹਿਗੁਰੂ ਰੂ-ਰੂ, ਹੂ-ਹੂ ਦਾ ਨਾਂ ਹੈ? ਸ਼ੋਰ ਦਾ ਨਾਂ ਹੈ ਵਾਹਿਗੁਰੂ? ਵਾਹਿਗੁਰੂ ਕਰਾਉਂਣ ਵਾਲੇ ਖੁਦ?

ਚਲੋ ਹੁਣ ਗੱਲ ਚਲ ਹੀ ਪਈ ਤਾਂ। ਮਾਲਟਨ ਵਾਲੇ ਨਵੇਂ ਬਣੇ ਬਾਬਾ ਜੀ ਨੇ ਵਾਹਿਗੁਰੂ ਜਪਣਾ ਸ਼ੁਰੂ ਕੀਤਾ ਤਾਂ ਬੰਦ ਹੋਣ ਕਿਨਾਰੇ ਗੁਰਦੁਆਰੇ ਵਿਚ ਲੱਗ ਰੌਣਕਾਂ ਗਈਆਂ। ਉਨੀ ਸਕੀਮ ਕੱਢੀ ਕਿ ਦੋ-ਚਾਰ ਦਿਨ ਤਾਂ ਨਹੀਂ ਸਰਨਾ ਤੇ ਉਨ੍ਹਾਂ ਚਾਲੀ ਮੁਕਤਿਆਂ ਦੇ ਨਾਂ ਤੇ ਚਲੀਸਾ ਸਿਮਰਨ ਸ਼ੁਰੂ ਕਰ ਦਿੱਤਾ। ਚਾਲੀ ਦਿਨਾ ਵਿਚ ਸਾਲ ਦਾ ਕੰਮ ਬੰਨੇ ਬਾਕੀ ਬੌਨਸ ਵਿਚ!

ਇਧਰ ਡਿਕਸੀ ਵਾਲਿਆਂ ਦਾ ਵੀ ਜੋਰ ਲੱਗ ਚੁੱਕਾ ਹੋਇਆ। ਭਾਂਡਾ-ਟੀਂਡਾ ਵਕੀਲਾਂ ਕੋਲੇ ਜਾਣ ਵਾਲੀ ਹੋਣ ਤੋਂ ਬਾਅਦ ਫਿਰ ਸਾਰੇ ਕੁਝ ਇੱਕ ਨੂੰ ਛੱਡ ਘਿਉ-ਖਿੱਚੜੀ ਹਨ। ਕੱਲ ਤੱਕ ਜਿਹੜੇ ਇੱਕ ਦੂਏ ਨੂੰ ਕੋਰਟਾਂ ਵਿਚ ਘਸੀਟੇ ਫਿਰਦੇ ਸਨ ਤੇ ਕਰੀਬਨ ਤਿੰਨ ਮਿਲੀਆਨ ਡਾਲਰ ਤੁਹਾਡੇ ਕੋਰਟਾਂ ਵਿਚ ਫੂਕਣ ਤੋਂ ਬਾਅਦ, ਹੁਣ ਫਿਰ ਇਕੱਠੇ ਕਮੇਟੀ ਰੂਮ ਵਿਚ ਬੈਠ ਚਾਹਾਂ ਸੁੜਕਦੇ ਅਤੇ ਰੱਸ-ਗੁੱਲੇ ਛੱਕਦੇ ਨਜਰ ਆਉਂਦੇ ਹਨ। ਕੋਈ ਪੁੱਛਣ ਵਾਲਾ ਨਹੀਂ ਕਿ ਇਹੀ ਝੱਖ ਮਾਰਨੀ ਤਾਂ ਪਹਿਲਾਂ ਮਾਰ ਲੈਂਦੇ ਇਨਾ ਪੈਸਾ ਕਾਹਤੇ ਫੂਕਿਆ? ਉਨ੍ਹਾਂ ਨੂੰ ਜਾਪਿਆ ਕਿ ਇੱਕ ਪਿਆ ਹੋਇਆ ਘਾਟਾ ਤੇ ਦੂਜਾ ਚਲੀਸੇ ਵਾਲੇ ਸੰਗਤ? ਇੰਝ ਲੈ ਗਏ ਧੂਹ ਕੇ ਜਿਵੇਂ ਪ੍ਰਾਈਵੇਟ ਬੱਸਾਂ ਵਾਲੇ ਦੂਜੇ ਦੀਆਂ ਸਵਾਰੀਆਂ ਧੂਹ ਖੜਦੇ ਨੇ। ਫਿਕਰ ਤਾਂ ਹੋਣਾ ਹੀ ਸੀ। ਫਿਕਰ ਦਾ ਇਲਾਜ ਪਤਾ ਕੀ ਲੱਭਾ? ਸੱਤੋਂ ਦਿਨ ਸਿਮਰਨ??

ਪੈਸੇ ਦਾ ਘਾਟਾ ਪੂਰਾ ਕਰਨ ਲਈ ਡਿਕਸੀ ਗੋਲਕਦੁਆਰੇ ਵਲੋਂ ਕੀਤਾ ਜਾ ਰਿਹਾ ਸਤੋਂ ਦਿਨਾ ਸਿਮਰਨ

 

 

ਮੈਂ ਇੱਕ ਜਿੰਮੇਵਾਰ ਸੱਜਣ ਨੂੰ ਫੋਨ ਕੀਤਾ ਕਿ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਪਰ ਸੋਝੀ ਸੱਤੋਂ ਦਿਨ ਬੱਤੀਆਂ ਬੰਦ ਕਰਨ ਨਾਲ ਕਿਵੇਂ? ਚਲੋ ਉਹ ਬਾਕੀਆਂ ਨਾਲੋਂ ਫਿਰ ਵੀ ਭਲਾ ਪੁਰਸ਼ ਹੈ, ਉਹ ਕਹਿੰਦਾ ਬਾਈ ਜੀ ਗਰੰਥੀ ਨੂੰ ਪੁੱਛੋ ਤੇ ਦੋ ਕੁ ਨਾਂ ਹੋਰਾਂ ਚੌਧਰੀਆਂ ਦੇ ਮੈਨੂੰ ਪਤਾ ਲਗੇ।

ਪਰ ਮੈਨੂੰ ਕਿਸ ਹੋਰ ਸੱਜਣ ਰਾਹੀਂ ਪੱਤਾ ਲੱਗਾ ਜਿਹੜਾ ਗਰੰਥੀ ਨੂੰ ਪੁੱਛ ਚੁੱਕਾ ਸੀ ਕਿ ਗਰੰਥੀ ਜੀ ਦਾ ਜਵਾਬ ਸੀ, ਜੀ ਉਹ ਫਿਰ ਨਾ ਸੰਗਤ ਚਾਹੁੰਦੀ ਸੀ ਨਾ???? ਸੋਚੋ! ਜੇ ਕੱਲ ਨੂੰ ਸੰਗਤ ਚਾਹੁਣ ਲੱਗ ਜਾਵੇ ਕਿ ਗਰੰਥੀ ਜੀ ਇਥੇ ਹਨੂਮਾਨ ਚਲੀਸਾ ਨਾ ਪੜ ਲਈ ਜਾਵੇ??

ਉਧਰ ਸਿਮਰਨ ਕਰਾਉਂਣ ਵਾਲੀ ਪਾਰਟੀ ਦੀ ਸੁਣ ਲਓ! ਉਹ ਭਾਈ ਸਾਹਬ ਹੁਰੀਂ ਕਥਾ ਹੋਵੇ ਜਾਂ ਕੀਰਤਨ, ਕੰਨਾਂ ਵਿਚੋਂ ਟੂਟੀਆਂ ਨਹੀਂ ਕੱਢਦੇ। ਮੂਹਰੇ ਬੈਠੇ ਸਿਰ ਮਾਰਦੇ, ਉਹ ਜਾਪਦੇ ਜਿਵੇਂ ਬੜਾ ਅਨੰਦ ਲੈ ਰਹੋ ਹੋਣ ਗੁਰਬਾਣੀ ਦਾ, ਪਰ ਕੰਨਾਂ ਵਿਚ ਕੰਨ ਬੰਦ ਕਰਨ ਵਾਲੀਆਂ ਟੂਟੀਆਂ ਫਸਾਈਆਂ ਹੁੰਦੀਆਂ! ਇਹ ਤਾਂ ਉਹ ਜਾਨਣ ਕਿਉਂ? ਕਿ ਕਿਤੇ ਕਥਾ ਜਾਂ ਗੁਰਬਾਣੀ ਨਾ ਅੰਦਰ ਚਲੀ ਜਾਵੇ? ਕਿਸੇ ਪ੍ਰੇਮੀ ਨੇ ਉਨ੍ਹਾਂ ਦੀ ਕੀਰਤਨ ਦੌਰਾਨ ਬੈਠਿਆਂ ਦੀ ਇਹ ਮੂਰਤੀ ਲਾਹੀ ਹੈ, ਕੋਲੋਂ ਬਣਾਈ ਗੱਲ ਤਾਂ ਹੈ ਨਹੀਂ! ਕਿ ਹੈ?

ਗੁਰਬਾਣੀ ਮਨ ਨੂੰ ਭਾਵੇ ਕਿਵੇਂ? ਜਦ ਤੁਸੀਂ ਉਸ ਦੀ ਵਿਚਾਰ, ਉਸ ਨੂੰ ਪੜਨਾ, ਗੁਰਬਾਣੀ ਦਾ ਕੀਰਤਨ ਹੀ ਗੁਰਦੁਆਰਿਆਂ ਵਿਚੋਂ ਚਲਦਾ ਕਰ ਦਿੱਤਾ, ਤਾਂ ਸੋਝੀ ਆਵੇਗੀ ਕਿਵੇਂ ਤੇ ਸੋਝੀ ਬਿਨਾ ਗੁਰਬਾਣੀ ਮਨ ਨੂੰ ਭਾਉਂਣ ਦਾ ਸਵਾਲ ਹੀ ਕਿਥੇ ਹੈ ਤੇ ਗੁਰਬਾਣੀ ਮਨ ਭਾਉਂਣ ਤੋਂ ਬਿਨਾ ਕੌਮ ਅੰਮ੍ਰਿਤ ਤੱਕ ਪਹੁੰਚੇਗੀ ਕਿਵੇਂ? ਫਿਰ ਅਸੀਂ ਕਿਹੜੇ ਅੰਮ੍ਰਿਤ ਦੀ ਗੱਲ ਕਰਦੇ ਹਾਂ। ਜਦ ਹੇਠੋਂ ਨੀਂਹ ਹੀ ਕੱਢ ਦਿੱਤੀ ਤਾਂ ਅੰਮ੍ਰਿਤ ਟਿੱਕੂ ਕਿਸ ਉਪਰ? ਅੰਮ੍ਰਿਤਿ ਛਕਿ ਛਕੇ ॥ ਦਾ ਕੀ ਅਰਥ ਰਹਿ ਗਿਆ?

ਇਹ ਵੱਡਾ ਸਵਾਲ ਖਾਲਸਾ ਜੀ ਦੇ ਜਨਮ ਦਿਨ ਉਪਰ ਪੂਰੀ ਕੌਮ ਅੱਗੇ ਮੂੰਹ ਅੱਡੀ ਖੜਾ ਹੈ। ਆਉ ਖਾਲਸਾ ਜੀ ਦੇ ਜਨਮ ਦਿਨ ਤੇ ਇਨ੍ਹਾਂ ਸਵਾਲਾਂ ਦੇ ਸਨਮੁੱਖ ਹੋ ਕੇ ਸੋਚਣ ਲੱਗੀਏ ਕਿ ਸਿਮਰਨ ਦੇ ਨਾਂ 'ਤੇ ਗੁਰਬਾਣੀ ਨੂੰ ਗੁਰਦੁਆਰਿਆਂ ਵਿੱਚੋਂ ਕਿਤੇ ਵਿਦਾ ਤਾਂ ਨਹੀਂ ਕੀਤਾ ਜਾ ਰਿਹਾ, ਕਿ ਗੁਰਬਾਣੀ ਨਾਲੋਂ ਸਿੱਖ ਨੂੰ ਤੋੜ ਕੇ ਅੰਮ੍ਰਿਤ ਤੱਕ ਦੇ ਰਾਹ ਹੀ ਬੰਦ ਕਰ ਦਿੱਤੇ ਜਾਣ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top