Share on Facebook

Main News Page

ਅੱਗੇ ਕੀ ਹੋਵੇਗਾ ?
-: ਗੁਰਦੇਵ ਸਿੰਘ ਸੱਧੇਵਾਲੀਆ

ਵੈਸੇ ਨਸ਼ੇ ਦੇ ਕਈ ਰੂਪ ਹਨ! ਮਾਇਆ ਨਸ਼ਾ ਹੈ, ਧੀਆਂ-ਪੁੱਤਰ ਨਸ਼ਾ ਹਨ, ਵੱਡੇ ਘਰ ਵੱਡੀਆਂ ਕਾਰਾਂ ਨਸ਼ਾ ਹਨ। ਧਨ-ਦੌਲਤ ਨਸ਼ਾ ਹੈ। ਅਹੁਦਾ ਨਸ਼ਾ ਹੈ। ਵਜੀਰੀ, ਸਕੱਤਰੀ ਪ੍ਰਧਾਨਗੀ ਨਸ਼ਾ ਹੈ! ਨਸ਼ੇ ਗਿਣਨ ਲੱਗੀਏ ਤਾਂ ਕੁੱਲ ਦੁਨੀਆਂ ਹੀ ਨਸ਼ਾ ਹੈ। ਖਾਣ ਵਾਲੇ ਨਸ਼ੇ ਤਾਂ ਨਸ਼ੇ ਹਨ ਹੀ ਤੇ ਉਨ੍ਹਾ ਤੋਂ ਬੰਦਾ ਚਿੰਤਿਤ ਵੀ ਹੈ। ਕਿਤੇ ਨਾ ਕਿਤੇ ਉਸ ਬਾਰੇ ਸੋਚਦਾ ਵੀ ਹੈ ਕਿ ਮਾੜਾ ਹੈ, ਪਰ ਬਾਕੀ ਨਸ਼ਿਆਂ ਬਾਰੇ ਤਾਂ ਸੋਚਦਾ ਹੀ ਕੁਝ ਨਹੀਂ! ਇੱਕ ਨਸ਼ਾ ਹੋਰ ਹੈ। ਉਸ ਵਿਚ ਘਰੇਲੂ ਔਰਤਾਂ ਵੀ ਬੁਰੀ ਤਰ੍ਹਾਂ ਗਲਤਾਨ ਹਨ। ਉਸ ਨਸ਼ੇ ਤੋਂ ਘਰੇਲੂ ਤੇ ਸਿੱਧੀਆਂ-ਸਾਦੀਆਂ ਔਰਤਾਂ ਵੀ ਨਹੀਂ ਬਚ ਸਕੀਆਂ ਅਤੇ ਇੰਨੀ ਬੁਰੀ ਤਰ੍ਹਾਂ ਉਸ ਨਸ਼ੇ ਦੀ ਗ੍ਰਿਫਤ ਵਿਚ ਹਨ, ਕਿ ਉਨ੍ਹਾਂ ਦੀ ਮਾਨਸਿਕਤਾ ਬਿਮਾਰ ਹੋ ਕੇ ਰਹਿ ਗਈ ਹੈ ਉਹ ਨਸ਼ਾ ਹੈ ਨਿੱਤ ਆ ਰਹੇ ਡਰਾਮਿਆਂ ਦਾ!

ਚਲੋ ਗੱਲ ਇਥੋਂ ਸ਼ੁਰੂ ਕਰਦੇ ਹਾਂ। ਮੇਰੇ ਘਰ ਬੰਦਾ ਇਕ ਡਿਸ਼ ਲਾਉਂਣ ਆਇਆ। ਫਾਰਮ ਜਿਹਾ ਏਰੀਆ ਹੋਣ ਕਾਰਨ ਕੋਈ ਸਸਤਾ ਚਲਣ ਵਾਲਾ ਟੀ.ਵੀ. ਨਹੀਂ ਸੀ। ਬੈਲ ਕਨੇਡਾ ਵਾਲਿਆਂ ਤੋਂ ਲਵਾਇਆ ਪਰ ਉਨ੍ਹਾਂ ਦਾ ਬਿਲ ਹੀ ਬਿੱਲੇ ਜਿੱਡਾ ਸੀ। ਮੈਨੂੰ ਜਾਪਿਆ ਕਿ ਨਿਆਣਿਆ ਦੋ-ਚਾਰ ਪ੍ਰੋਗਰਾਮ ਵੇਖਣੇ ਹੁੰਦੇ ਕਿਉਂ ਨਾ ਇਸ ਬੈਲ ਨੂੰ ਦਫਾ ਕੀਤਾ ਜਾਵੇ। ਡਿਸ਼ ਮੈਨੂੰ ਵੀਹ ਕੁ ਡਾਲਰ ਵਿਚ ਪੈਂਦੀ ਸੀ। ਤੇ ਡਿਸ਼ ਲਾਉਂਣ ਵਾਲੇ ਨੂੰ ਜਦ ਮੈਂ ਫੋਨ ਕੀਤਾ ਤਾਂ ਉਸ ਪੰਜਾਬੀ-ਹਿੰਦੀ ਪਾ ਕੇ ਕੋਈ ਪੰਜਾਹ ਚੈਨਲ ਮੈਨੂੰ ਗਿਣਾ ਦਿੱਤੇ। ਜਦ ਉਹ ਘਰੇ ਡਿਸ਼ ਲਾਉਂਣ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਆਹ ਦੇਸੀ ਚੈਨਲਾਂ ਤੋਂ ਬਿਨਾ ਤੂੰ ਕੇਵਲ ਅੰਗਰੇਜੀ ਨਹੀਂ ਲਾ ਸਕਦਾ। ਉਹ ਹੈਰਾਨ ਜਿਹਾ ਹੋ ਗਿਆ।

ਲੈਂ ਭਾਅਜੀ ਦੇਸੀ ਤੋਂ ਬਿਨਾ ਡਿਸ਼ ਦਾ ਕੀ ਮੱਤਲਬ? ਐਨੇ ਸੋਹਣੇ ਡਰਾਮੇ ਤੇ ਫਿਲਮਾ ਆਉਂਦੀਆਂ ਕਿ ਪੁੱਛੋ ਕੁਝ ਨਾ?
ਮੈਂ ਤਾਂ ਭਰਾ ਆਹ ਬੈਲ ਦੇ ਵੱਡੇ ਸਿੰਗਾਂ ਤੋਂ ਬਚਣ ਲਈ ਲਵਾ ਰਿਹਾ, ਤੂੰ ਕੇਵਲ ਮੈਂਨੂੰ ਅੰਗਰੇਜੀ ਲਾ ਦੇਹ ਨਿਆਣਿਆਂ ਦਾ ਕੰਮ ਚਲਦਾ ਹੋ ਜੂ!

ਪਰ ਤੁਸੀਂ ਡਰਾਮੇ-ਮੂਵੀਆਂ ਨਹੀਂ ਦੇਖਦੇ? ਉਹ ਹਾਲੇ ਵੀ ਹੈਰਾਨ ਸੀ!
ਦੇਖਣ ਨੂੰ ਮੈਂ ਕਿਹੜਾ ਸਹੁੰ ਪਾਈ, ਪਰ ਇਹ ਨਸ਼ਾ ਬੜਾ ਭੈੜਾ ਕਿਉਂ ਨਾ ਦੂਰ ਹੀ ਰਿਹਾ ਜਾਵੇ!

ਪਰ ਤੁਹਾਡੀਆਂ ਬੀਬੀਆਂ ਵੀ ਨਹੀਂ ਦੇਖਦੀਆਂ?
ਹਾਲੇ ਤੱਕ ਤਾਂ ਇਸ ਬਿਮਾਰੀ ਤੋਂ ਬੱਚੀਆਂ ਪਰ ਤੂੰ ਲੱਗਦਾ ਲਾਵੇਂਗਾ!

ਬਾਈ ਜੀ ਵੈਸੇ ਹੈ ਤਾਂ ਬਿਮਾਰੀ! ਉਹ ਆਪੇ ਉਧੜ ਪਿਆ।

ਘਰੇ ਆਈਦਾ ਹੈ ਚੁੱਲਾ ਠੰਡਾ ਹੁੰਦਾ! ਅਗਲੇ ਦਿਨ ਦਾ ਕੰਮ ਹਥੌੜੇ ਵਾਂਗ ਵੱਜ ਰਿਹਾ ਹੁੰਦਾ ਸਿਰ ਵਿਚ ਤੇ ਉਧਰ ਵੀ ਸ਼ਾਤੀ ਤੇ ਸਕੁੰਤਲਾਂ ਪੇਚਾ ਪਾਈ ਬੈਠੀਆਂ ਹੁੰਦੀਆਂ! ਅਜਿਹੀਆਂ ਅਜੀਬੋ ਗਰੀਬ ਜਿਹੀਆਂ ਲੜਾਈਆਂ ਤੇ ਗੱਲਾਂ ਲਿਆਉਂਦੀਆਂ ਉੱਠਣ ਨੂੰ ਦਿੱਲ ਕਿਹੜਾ ਕਰਦਾ। ਉਨ੍ਹਾਂ ਦੇ ਕੱਪੜੇ, ਮੇਕਅੱਪ ਤੇ ਬਿੰਦੀਆਂ ਟਿੱਕੇ ਦੇਖ ਦੇਖ ਹੀ ਬੰਦਾ ਪਾਗਲ ਹੋਈ ਫਿਰਦਾ। ਤੇ ਫਿਰ ਐਨ ਅਜਿਹੇ ਥਾਂ ਲਿਜਾਕੇ ਐਂਡ ਕਰਦੀਆਂ ਯਾਨੀ ਮਾਰਦੀਆਂ ਬੰਦੇ ਨੂੰ ਕਿ ਅਗਲੇ ਦਿਨ ਤੱਕ ਕੰਮ ਤੇ ਵੀ ਸਿਰ ਵਿੱਚ ਸੁਰ ਸੁਰ ਹੁੰਦੀ ਰਹਿੰਦੀ ਕਿ ਅੱਗੇ ਕੀ ਹੋਵੇਗਾ? ਅੱਗੇ ਕੀ ਹੋਣਾ ਹੁੰਦਾ ਉਹੀ ਪਿੱਛਲੇ ਕੁ ਵਰਗੀ ਖੇਹ-ਸਵਾਹ ਇੱਕ ਦੂਏ ਦੇ ਪਾਈ ਜਾਦੀਆਂ ਕਿ ਬੰਦੇ-ਬੁੜੀਆਂ ਨਿਆਣੇ ਤੱਕ ਭੁੱਲ ਜਾਂਦੇ ਕਿ ਜੰਮੇ ਵੀ ਹਨ ਕਿ ਨਹੀਂ।

ਘਰ ਦੇ ਘਰ ਨਹੀਂ ਸਨ, ਉਸ ਦੀਆਂ ਗੱਲਾਂ ਸੁਣਨ ਲਈ ਮੈਂ ਚਾਹ ਧਰ ਲਈ। ਗਰਮ ਗਰਮ ਚਾਹ ਦੇ ਕੱਪ ਨਾਲ ਉਹ ਹੋਰ ਉਧੜ ਪਿਆ।

ਦਰਅਸਲ ਮੈਂ ਟਰੱਕ ਚਲਾਉਂਦਾ ਤੇ ਪਾਰਟ ਟਾਈਮ ਤੁਹਾਡੇ ਵਰਗੇ ਭਰਾ ਵਾਜ ਮਾਰ ਲੈਂਦੇ। ਪਹਿਲਾਂ ਪਹਿਲਾਂ ਬਾਈ ਜੀ ਮੈਂ ਬੜਾ ਖਿੱਝਿਆ ਕਰਨਾ ਕਿ ਇਹ ਕੀ ਤਮਾਸ਼ਾ ਹੈ। ਟਰੱਕ ਤੋਂ ਆਇਆ ਕਰਨਾ ਆਉਂਦਿਆਂ ਬੁੜੀਆਂ ਬੱਅਸ ਜੀ ਆਈ, ਥੋੜਾ ਰਹਿ ਗਿਆ, ਮੁੱਕਣ ਵਾਲਾ, ਆਹ ਦੇਖੋ ਵਿਚਾਰੀ ਪਾਰਬਤੀ ਨੂੰ ਘਰੋਂ ਕੱਢ ਦੇਣ ਲੱਗੇ ਨੇ! ਖਿੱਝ ਤਾਂ ਬੜੀ ਸੀ ਪਰ ਥੋੜੇ ਚਿਰ ਵਿਚ ਖੁਦ ਵੀ ਅਜਿਹਾ ਨਸ਼ਾ ਲੱਗਾ ਕਿ ਰਾਤਾਂ ਨੂੰ ਸੁਪਨਿਆਂ ਵਿਚ ਤੇ ਦਿਨੇ ਟਰੱਕ ਤੇ ਵੀ ਸ਼ਾਂਤੀਆਂ-ਸੀਤਲਾਂ ਹੀ ਘੁੰਮਦੀਆਂ ਰਿਹਾ ਕਰਨ। ਤੇ ਬਾਈ ਜੀ ਤੈਨੂੰ ਸੱਚੀ ਦੱਸਾਂ ਕਿ ਆਹ ਦੋ ਕੁ ਦਿਨ ਬਿੱਜਲੀ ਚਲੇ ਗਈ ਸਾਡੀਆਂ ਬੁੱੜੀਆਂ ਰਿਸ਼ਤੇਦਾਰਾਂ ਦੇ ਜਾ ਕੇ ਵੇਖ ਕੇ ਆਈਆਂ! ਸਮੇਤ ਨਿਆਣੇ ਸਭ ਨੂੰ ਹਨੇਰੇ ਵਿੱਚ ਛੱਡ ਖੁਦ ਪਤਰਾ ਵਾਚ ਗਈਆਂ! ਤੇ ਮੈਂ ਉਨ੍ਹਾਂ ਨੂੰ ਹੀ ਪੁੱਛ ਕੇ ਸਾਰਿਆ ਕਿ ਅੱਗੇ ਕੀ ਹੋਇਆ? ਹੁਣ ਤਾਂ ਇਉਂ ਜਾਪਦਾ ਕਿ ਜੇ ਇਹ ਨਸ਼ਾ ਨਾ ਮਿਲਿਆ ਤਾਂ ਮਾਰੇ ਜਾਵਾਂਗੇ!

ਚਿਰ ਦੀ ਗੱਲ ਹੈ ਅਸੀਂ ਘਰ ਬਦਲਣਾ ਸੀ ਤੇ ਕਿਸੇ ਜਾਣ-ਪਛਾਣ ਵਾਲਿਆਂ ਨਾਲ ਸਬੰਧਤ ਅੱਗੇ ਕਿਸੇ ਦੇ ਘਰ ਵੇਖਣ ਗਏ। ਉਂਨਹੀਂ ਪ੍ਰਾਈਵੇਟ ਸੇਲ ਤੇ ਘਰ ਲਾਇਆ ਹੋਇਆ ਸੀ। ਜਾਦਿਆਂ ਨੂੰ ਕੇਵਲ ਬੀਬੀ ਅਤੇ ਉਸ ਦੇ ਬੱਚੇ ਹੀ ਘਰ ਸਨ। ਕੋਈ ਡਰਾਮਾ ਚਲ ਰਿਹਾ ਸੀ। ਉਸ ਬੀਬੀ ਨੇ ਦੌੜ ਕੇ ਦਰਵਾਜਾ ਖੋਹਲਿਆ ਅਤੇ ਸਾਨੂੰ ਬਿਨਾ ਸੱਤ-ਕੁਸੱਤ ਕੀਤੇ ਜਾਕੇ ਟੀ.ਵੀ ਸਾਹਵੇਂ ਖੜ ਗਈ ਤੇ ਸਾਨੂੰ ਕਹਿਣ ਲੱਗੀ ਕਿ ਤੁਸੀਂ ਘਰ ਵੇਖ ਲਓ ਆਪੇ ਕੋਈ ਨਾ ਅਪਣਾ ਹੀ ਘਰ ਹੈ! ਘਰ ਤਾਂ ਚਲੋ ਜੋ ਦੇਖਣਾ ਸੀ ਦੇਖ ਲਿਆ, ਜੋ ਉਸ ਦੀ ਹਾਲਤ ਸੀ ਪਰ ਸਭ ਤੋਂ ਅਹਿਮ ਜੋ ਅਸੀਂ ਦੇਖਿਆ ਉਹ ਸੀ ਬੀਬੀ ਦੇ ਨਿਆਣੇ! ਕਈ ਅੱਠ ਕੁ ਸਾਲ ਦਾ ਮੁੰਡਾ ਤੇ ਭਾਰ ਉਸ ਦਾ? ਇੰਝ ਲੱਗਦਾ ਸੀ ਜੇ ਇਹ ਥੋੜਾ ਵੀ ਤੇਜ ਤੁਰਿਆ ਲੱਤਾਂ ਇਸ ਦੀਆਂ ਟੁੱਟ ਜਾਣਗੀਆਂ। ਤੇ ਟੇਬਲ ਤੇ ਜੋ ਉਨ੍ਹਾਂ ਨਿਆਣਿਆਂ ਅਗੇ ਖਾਣ ਨੂੰ ਪਿਆ ਸੀ? ਪਰ ਬੀਬੀ ਡਰਾਮੇ ਵਿਚ ਮਸ਼ਰੂਫ ਸੀ। ਸਾਨੂੰ ਨਿਕਲਦਿਆਂ ਨੂੰ ਉਹ ਬੂਹਾ ਵੀ ਬੰਦ ਨਹੀਂ ਕਰਨ ਆਈ ਕਿ ਕਿਤੇ ਮੇਰੀ ਇਹ ਪ੍ਰੇਮ ਲਿਵ ਟੁੱਟ ਨਾ ਜਾਏ!!

ਅੰਮ੍ਰਿਤਸਰ ਦੀ ਗੱਲ ਹੈ। ਮੈਂ ਕਿਸੇ ਰਿਸ਼ਤੇਦਾਰ ਦੇ ਮਿਲਣ ਚਲਾ ਗਿਆ। ਮੇਰੇ ਖਾਸ ਰਿਸ਼ਤੇਦਾਰ ਸਨ ਤੇ ਰਾਤ ਮੈਂ ਉਥੇ ਰਹਿਣਾ ਸੀ। ਬਾਹਰ ਸ਼ਹਿਰ ਦੇ ਮਿੱਟੀ-ਘੱਟੇ ਨਾਲ ਮੈਂ ਗੁੱਥਮ-ਗੁੱਥਾ ਹੁੰਦਾ ਗਿਆ ਸੀ। ਸੋਚਿਆ ਸੀ ਚਲੋ ਕਨੇਡਾ ਵਾਲੇ ਹਾਂ ਘਰੇ ਜਾਦਿਆਂ ਨੂੰ ਕੋਈ ਰੋਟੀ-ਪਾਣੀ ਦਾ ਪ੍ਰਬੰਧ ਤਾਂ ਹੋਵੇਗਾ ਹੀ। ਸ਼ਹਿਰ ਵਾਲਾ ਜ਼ਹਿਰ ਕਾਹਨੂੰ ਖਾਣਾ। ਤੇ ਸ਼ਾਮੀ ਜਿਹੀ ਜਦ ਮੈਂ ਗਿਆ ਤਾਂ ਬੰਦਾ ਤਾਂ ਹਾਲੇ ਕਿਤੇ ਬਾਹਰ ਖੇਤਾਂ ਵਿਚ ਹੀ ਸੀ, ਪਰ ਬੀਬੀ ਤੇ ਬੱਚੇ ਟੀ.ਵੀ. ਅਗੇ ਬੈਠੇ ਚਲ ਰਹੇ ਡਰਾਮੇ ਦਾ ਲੁਤਫ ਲੈ ਰਹੇ ਸਨ। ਬੀਬੀ ਨੇ ਉੱਠ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਮੁੜ ਟੀ.ਵੀ ਅੱਗੇ ਸੱਜ ਗਈ। ਇੱਕ ਮੁੱਕਿਆ ਦੂਜਾ ਸ਼ੁਰੂ ਤੇ ਫਿਰ ਤੀਜਾ! ਦੋ ਘੰਟੇ ਉਨਹੀਂ ਮੈਨੂੰ ਨਹੀਂ ਪੁੱਛਿਆ। ਤੁਸੀਂ ਹੈਰਾਨ ਹੋਵੋਂਗੇ ਕਿ ਬੰਦਾ ਬਾਹਰੋਂ ਆਇਆ, ਮੈਨੂੰ ਬੁਲਾ-ਕਵਾ ਕੇ ਉਹ ਵੀ ਨਾਲ ਹੀ ਸੱਜ ਗਿਆ ਤੇ ਉਸ ਪਤਾ ਨਹੀਂ ਕਿਹੜੇ ਮੁੱਕ ਚੁੱਕੇ ਡਰਾਮੇ ਬਾਰੇ ਘਰਵਾਲੀ ਨੂੰ ਪੁੱਛਿਆ,

ਉਹ ਕੱਲ ਵਾਲੀ ਪਾਰਬਤੀ ਦਾ ਕੀ ਬਣਿਆ?

ਮੈਂ ਬਹੁਤੇ ਲੋਕਾਂ ਨੂੰ ਜਾਣਦਾ ਜਿੰਨਾ ਦੇ ਹੁਣ ਬੱਚਿਆਂ ਦੇ ਨਾਂ ਵੀ ਡਰਾਮਿਆਂ ਵਿਚੋਂ ਆ ਰਹੇ ਨੇ। ਸਿੱਖਾਂ ਦੇ ਮੁੰਡੇ ਕੁੜੀਆਂ ਦੇ ਨਾਂ ਹੁਣ ਪਤਾ ਕੀ ਨੇ। ਜੰਨਤ! ਮੰਨਤ! ਤਵੀ! ਅਵੀਨੂਰ! ਅਜੇ! ਜੀਨਾ! ਲੀਨਾ! ਡਰਾਮੇ ਵੇਖ ਵੇਖ ਲੋਕ ਖੁਦ ਵੀ ਡਰਾਮਾ ਬਣ ਕੇ ਰਹਿ ਗਏ ਨੇ! ਨਹੀਂ?

ਇੱਕ ਮਾਂ ਦੀ ਗੋਦ ਵਿਚ ਬੱਚਾ ਜਿਹੜਾ ਪਲ ਰਿਹਾ ਹੈ, ਉਹ ਤੁਹਾਡੀ ਕੌਮ ਦਾ ਭਵਿੱਖ ਪਲ ਰਿਹਾ ਹੈ, ਪਰ ਉਸ ਭੱਵਿਖ ਨੂੰ ਸੰਸਕਾਰ ਕੀ ਮਿਲ ਰਹੇ ਹਨਪੰਡੀਏ ਨੇ ਪੁਰਾਣਾ ਦੇ ਗਪੌੜਾਂ ਵਰਗੀਆਂ ਝੂਠੀਆਂ ਕਹਾਣੀਆਂ ਡਰਾਮਿਆਂ ਰਾਹੀਂ ਤੁਹਾਡੇ ਘਰਾਂ ਵਿਚ ਪਹੁੰਚਦੀਆਂ ਕਰ ਦਿੱਤੀਆਂ ਹਨ। ਗੁਰਦੁਆਰਿਆਂ ਵਿਚ ਉਸ ਜਗਮਾਤਾ, ਕਾਲਕਾ, ਭਗਉਤੀ, ਮਹਾਂਕਾਲ, ਕਾਲ, ਤੇ ਪਤਾ ਨਹੀਂ ਕੀ ਕੀ ਭੇਜ ਦਿੱਤਾ ਤੇ ਘਰਾਂ ਵਿਚ ਆਹ ਬਿੰਦਿਆਂ-ਟਿੱਕਿਆਂ ਨੇ ਔਰਤਾਂ ਨੂੰ ਵੱਖਤ ਪਾਇਆ ਵਿਆ

ਇੰਟਰਟੇਨਮਿੰਟ ਦੇ ਨਾਂ 'ਤੇ ਲੋਕਾਂ ਦੀ ਸੋਚ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਲੁਕਾਈ ਦੀ ਥਾਟ ਮਾਰ ਹੀ ਦਿੱਤੀ ਗਈ ਹੈ। ਉਨ੍ਹਾਂ ਦਾ ਸਿਰ ਸ਼ਾਤੀਆਂ-ਪਾਰਬਤੀਆਂ ਤੋਂ ਵਿਹਲਾ ਹੋਵੇਗਾ ਤਾਂ ਕੁਝ ਸੋਚੇਗਾ। ਉਹ ਤਾਂ ਸਾਰਾ ਦਿਨ ਸਿਰ ਵਿੱਚ ਅਗੇ ਕੀ ਹੋਵੇਗਾ ਲਈ ਘੁੰਮਦੇ ਰਹਿੰਦੇ ਹਨ। ਔਰਤਾਂ ਉਨ੍ਹਾਂ ਦੀਆਂ ਬੰਦੇ ਦੇ ਬੂਹਾ ਲੰਘਦਿਆਂ ਹੀ ਅੱਗੇ ਕੀ ਹੋਇਆ ਪਹਿਲਾਂ ਹੀ ਦੱਸ ਦਿੰਦੀਆਂ ਹਨ। ਬੰਦਾ ਨਿਆਣਿਆਂ ਦਾ ਹਾਲ ਪੁੱਛੇ ਨਾ ਪੁੱਛੇ ਉਹ ਅਗੇ ਕੀ ਹੋਇਆ ਪੁੱਛਣਾ ਕਦੇ ਨਹੀਂ ਭੁੱਲਦਾ। ਸਾਰਾ ਮੁਲਖ ਤਾਂ ਅਗੇ ਕੀ ਹੋਵੇਗਾ ਜਾਂ ਅਗੇ ਕੀ ਹੋਇਆ ਵਿਚ ਉਲਝ ਕੇ ਰਹਿ ਗਿਆ ਹੈ ਉਨ੍ਹਾਂ ਅਪਣੇ ਭਲੇ ਬੁਰੇ ਦਾ ਕਦ ਸੋਚਣਾ ਹੈ। ਪੂਰੀ ਲੁਕਾਈ ਦੀ ਮਾਨਸਿਕਤਾ ਬਿਮਾਰ ਕਰ ਦਿੱਤੀ ਗਈ ਹੈ।

ਇਹੀ ਕਾਰਨ ਹੈ ਕਿ ਹਿੰਦੋਸਤਾਨ ਵਿਚ ਕਦੇ ਕਿਸੇ ਇਨਕਲਾਬ ਦੇ ਉੱਠਣ ਦੀ ਹਾਲੇ ਤੱਕ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ। ਅੱਤ ਦੀ ਮਹਿਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ, ਪਰ ਉਹ ਹਾਲੇ ਵੀ ਅਗੇ ਕੀ ਹੋਵੇਗਾ ਵਿਚੋਂ ਬਾਹਰ ਨਹੀਂ ਆਏ। ਪੰਡੀਏ ਨੇ ਸਦੀਆਂ ਤੋਂ ਲੋਕ ਬਿਮਾਰ ਕੀਤੀ ਰੱਖੇ ਹਨ, ਇਹੀ ਕਾਰਨ ਹੈ ਕਿ ਹਜਾਰਾਂ ਸਾਲਾਂ ਤੋਂ ਕਦੇ ਇਸ ਮੁਲਖ ਵਿਚ ਕਦੇ ਕੋਈ ਇਨਕਲਾਬ ਨੇ ਜਨਮ ਨਹੀਂ ਲਿਆ। ਪੰਜਾਬ ਦੀ ਧਰਤੀ ਤੋਂ ਗੁਰੂ ਸਾਹਿਬਾਨਾਂ ਦੀ ਮਿਹਰ ਹੇਠ ਸੂਰਬੀਰ ਜੋਧੇ ਉੱਠੇ ਸਨ, ਜਿੰਨਾ ਇੱਕ ਨਵੇ ਇਨਕਲਾਬ ਨੂੰ ਜਨਮ ਦਿੱਤਾ ਸੀ ਪਰ ਪੰਡੀਏ ਦੇ ਉਨ੍ਹਾਂ ਚਿਰ ਢਿੱਡ ਪੀੜ ਹੋਣੋ ਨਹੀਂ ਹਟੀ ਜਿੰਨਾ ਚਿਰ ਇਸ ਨੇ ਪੰਜਾਬ ਨੂੰ ਵੀ ਅਪਣੇ ਵਰਗਾ ਕਰ ਨਹੀਂ ਲਿਆ।

ਤੇ ਹੁਣ ਪੂਰਾ ਮੁਲਕ ਇਕ ਡਰਾਮਾ ਬਣ ਕੇ ਰਹਿ ਗਿਆ ਹੈ ਅਤੇ ਉਸ ਸਿੱਖਾਂ ਵਰਗੀ ਜੰਗਜੂ ਤੇ ਮਾਰਸ਼ਲ ਕੌਮ ਨੂੰ ਵੀ ਅਪਣੇ ਵਰਗਾ ਡਰਾਮਾ ਬਣਾ ਧਰਿਆ ਹੈ। ਬੱਚੇ ਦੇ ਪੇਟ ਤੋਂ ਲੈ ਕੇ ਜੰਮਣ ਤੇ ਪਾਲਣ ਤੱਕ ਦੇ ਸਮੇ ਵਿਚ ਇੱਕ ਮਾਂ ਦੇ ਕੀ ਰਹੀ ਹੈ ਬੱਚੇ ਅਪਣੇ ਨੂੰ? ਉਹ ਕਮਲੀ ਤਾਂ ਹੁਣ ਨਾਂ ਵੀ ਉਹ ਨਹੀਂ ਦੇ ਸਕਦੀ ਬੱਚੇ ਅਪਣੇ ਨੂੰ ਜਿਸ ਵਿਚੋਂ ਕੋਈ ਗੁਰੂ ਬਾਜਾਂ ਵਾਲੇ ਦੀ ਕੋਈ ਝਲਕ ਪੈਂਦੀ ਹੋਵੇ ਤਾਂ ਉਹ ਵੱਡਾ ਹੋ ਕੇ ਸਿੱਖ ਕਿਥੇ ਰਹਿ ਜਾਵੇਗਾ! ਕਿ ਰਹਿ ਜਾਵੇਗਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top