ਬੰਦੇ
ਦੀ ਮਾਨਸਿਕਤਾ ਹੀ ਹੈ, ਕਿ ਨਵਾਂ ਹੈ ਉਂਝ ਨਵਾਂ ਕੁੱਝ ਵੀ ਨਹੀਂ ਹੁੰਦਾ! ਕਿ ਹੁੰਦਾ?
ਵਪਾਰੀ ਲੋਕਾਂ ਲਈ ਵੈਸੇ ਨਵਾਂ ਹੁੰਦਾ। ਸਭ ਪਿੱਛਲਾ ਮਾਲ ਨਿਕਲ ਜਾਂਦਾ, ਤਿਜੋਰੀਆਂ ਵਿਚ
ਰੌਣਕ ਆ ਜਾਂਦੀ, ਗੱਲੇ ਭਰ ਜਾਂਦੇ, ਸਟੋਰਾਂ ਵਿਚ ਰੌਣਕਾਂ ਹੁੰਦੀਆਂ। ਕਈ ਤਾਂ ਬਾਕੀ ਸਾਰਾ
ਸਾਲ ਇੰਨੀ ਕਮਾਈ ਨਹੀਂ ਕਰਦੇ, ਜਿੰਨੀ ਇਨਾਂ ਕੁੱਝ ਦਿਨਾਂ ਵਿੱਚ ਕਰ ਜਾਂਦੇ ਹਨ। ਕਿਸੇ ਵੀ
ਤਿਉਹਾਰ ਜਾਂ ਨਵੇਂ ਸਾਲ ਦਾ ਲਾਭ ਵਪਾਰੀ ਨੂੰ ਹੁੰਦਾ ਤੇ ਬਹੁਤੇ ਤਿਉਹਾਰ ਹੁੰਦੇ ਹੀ ਵਪਾਰੀ
ਲੋਕਾਂ ਦੀ ਕਾਢ ਹਨ। ਨਵਾਂ ਸਾਲ ਹੋਰ ਭਾਵੇਂ ਕੁਝ ਦੇਵੇ ਜਾਂ ਨਾ, ਪਰ ਵਪਾਰੀ ਲੋਕਾਂ ਨੂੰ
ਖੁਸ਼ੀ ਜ਼ਰੂਰ ਦਿੰਦਾ। ਨਵਾਂ ਸਾਲ ਹੁੰਦਾ ਹੀ ਵਪਾਰੀਆਂ ਦਾ ਹੈ, ਬਾਕੀ ਤਾਂ ਲੁੱਟ ਪੁੱਟ ਹੋ
ਕੇ ਖਾਲੀ ਹੋਏ ਬੈਠੇ ਨਵੇਂ ਸਾਲ ਤੋਂ ਅਗਲੇ ਦਿਨ ਕੰਮਾਂ ‘ਤੇ ਗਏ ਦੇਖਣ ਹੀ ਵਾਲੇ ਹੁੰਦੇ
ਹਨ! ਲੱਤਾਂ ਧੂਹਦੇ, ਕਰੈਡਿਟ ਕਾਰਡਾਂ ਜਾਂ ਲਾਇਨਾਂ ਉਪਰ ਚੁੱਕ ਚੁੱਕ ਕੀਤੇ ਵਾਯਾਤ ਖਰਚਿਆਂ
ਉਪਰ ਝੂਰਦੇ, ਰੱਜ ਕੇ ਪੀਤੀ ਗਈ ਸ਼ਰਾਬ ਨਾਲ ਨਿਢਾਲ ਹੋਏ ਹੋਏ!
ਤਾਂ ਦੱਸੋ ਨਵਾਂ ਕੀ ਹੁੰਦਾ?
ਬੰਦਾ ਖੁਦ ਪੁਰਾਣਾ ਹੀ ਰਹਿੰਦਾ, ਉਸ ਵਿਚ ਕੁੱਝ ਵੀ ਨਵਾਂ ਨਹੀਂ ਹੁੰਦਾ। ਅੰਦਰ ਤਾਂ ਕੁੱਝ
ਵੀ ਨਵਾਂ ਨਹੀਂ ਵਾਪਰਦਾ। ਬਾਹਰ ਨਵੇਂ ਤੇ ਨਵਾਂ ਸਲਾ ਚੜੀ ਜਾਂਦਾ, ਪਰ ਅੰਦਰ ਹੋਰ ਪੁਰਾਣੇ
ਤੋਂ ਪੁਰਾਣਾ ਹੋਈ ਜਾਂਦਾ। ਤੇ ਇਹ ਨਿੱਤ ਦੇ ਨਵੇਂ ਸਾਲ ਮੈਨੂੰ ਹੋਰ ਪੁਰਾਣਾ ਕਰੀ ਜਾਂਦੇ।
ਦੇਹ ਕਰਕੇ ਵੀ ਅਤੇ ਮਾਨਸਿਕਤਾ ਕਰਕੇ ਵੀ। ਦੇਹ ਨੇ ਤਾਂ ਚਲੋ ਕਰਨੀ ਹੀ ਕੀ ਹੈ, ਮੇਰੀ
ਮਾਨਸਤਿਕਾ ਵੀ ਕੋਈ ਵਿਕਾਸ ਨਹੀਂ ਕਰਦੀ। ਕਿਸੇ ਨਵੇਂ ਸਾਲ ਕੁੱਝ ਵੀ ਨਵਾਂ ਨਹੀਂ ਵਾਪਰਦਾ।
ਸਭ ਪੁਰਾਣਾ ਹੀ ਘੱਸਿਆ ਪਿੱਟਿਆ! ਜੋ ਮੈਂ ਕੱਲ ਸੀ ਉਹੀ ਅੱਜ ਹਾਂ। ਮੇਰਾ ਕੱਲ ਮੇਰੇ ਨਵੇਂ
ਵਿਚ ਤਬਦੀਲ ਨਹੀਂ ਹੁੰਦਾ। ਮੈਂ ਕੱਲ ਤੋਂ ਕੁਝ ਨਹੀਂ ਸਿਖਦਾ, ਬਲਕਿ ਹੋਰ ਜੋਰ ਸ਼ੋਰ ਦੀ
ਕੱਲ ਨੂੰ ਅੱਜ ਨਾਲ ਧੂਹੀ ਫਿਰਦਾ ਹਾਂ। ਇਥੇ ਤੱਕ ਕਿ ਮੈਂ ਬੁੱਢਾ ਹੋਣ ਤੱਕ ਅਪਣਾ ਬੱਚਪਨ
ਵੀ ਨਾਲ ਹੀ ਲਈ ਫਿਰਦਾ ਹਾਂ, ਜਵਾਨੀ ਵੀ ਤੇ ਬੁਢੇਪਾ ਤਾਂ ਹੁਣ ਹੈ ਹੀ।
ਤਿੰਨੋ ਦਾ ਇਕੱਠਾ ਭਾਰ ਚੁੱਕ ਤੁਰਦਾ ਹਾਂ, ਮੈਂ ਮੋਢਿਆ ਉਪਰ
‘ਤੇ ਇਹੀ ਕਾਰਨ ਹੈ, ਕੁੱਝ ਵੀ ਨਵਾਂ ਨਹੀਂ ਵਾਪਰਦਾ ਮੇਰੇ ਜੀਵਨ ਵਿਚ।
ਜਿਉਂ ਜਿਉਂ ਸਾਲ ਨਵੇਂ ਆਈ ਜਾਂਦੇ ਨੇ ਤਿਉਂ ਤਿਉਂ ਮੇਰਾ ਪੁਰਾਣਾ
ਹੋਰ ਬਲਵਾਨ ਹੋਈ ਜਾਂਦਾ। ਪੁਰਾਣਾ ਛੁੱਟਦਾ ਨਹੀਂ ਤੇ ਨਵੇਂ ਤੋਂ ਮੈਂ ਕੁਝ ਸਿੱਖਦਾ ਨਹੀਂ।
ਪਰ, ਸਾਲ ਨਵੇਂ ਨਾਲ ਮੈਂ ਕੁੱਝ ਪਲ ਜਰੂਰ ਮਨ ਨੂੰ ਤਸੱਲੀ ਦੇ ਲੈਂਦਾ ਕਿ ਅੱਜ ਨਵਾਂ ਸਾਲ
ਹੈ।
ਨਵੇਂ ਸਾਲ ਵਾਲੀ ਰਾਤ ਗੁਰਦੁਆਰਿਆਂ
ਵਿੱਚ ਭੀੜਾਂ ਹੁੰਦੀਆਂ, ਬਹੁਤ ਭੀੜਾਂ! ਯਾਦ ਰਹੇ
ਸੰਗਤਾ ਨਹੀਂ, ਭੀੜਾਂ। ਜਿਹੜੀਆਂ ਅਗਲੇ ਸਾਰੇ
ਸਾਲ ਚੰਗਾ ਰਹਿਣ ਲਈ, ਘਰ ਵਿਚ ਸੁੱਖ ਸ਼ਾਤੀਂ ਬਣਾਈ ਰੱਖਣ ਲਈ, ਧੰਦੇ ਉਪਰ ਗੁਰੂ ਦੀ ਨਿਗਾਹ
ਸਵੱਲੀ ਰਹਿਣ ਲਈ, ਪਰਿਵਾਰ ਵਿਚ ਤੰਦਰੁਸਤੀ ਲਈ ਯਾਨੀ ਪੂਰਾ ਸਾਲ ਠੀਕ-ਠਾਕ ਚਲਦੇ ਰਹਿਣ ਲਈ।
ਮੈਨੂੰ ਜਾਪਦਾ ਨਵੇਂ ਸਾਲ ਵਾਲੀ ਰਾਤ ਕੀਤਾ ਚੰਗਾ ਕੰਮ,
ਪੁੰਨਦਾਨ, ਅਰਦਾਸ, ਪਾਠ, ਕੀਰਤਨ ਸਭ ਪੂਰਾ ਸਾਲ ਦਾ ਫਲ ਹੈ।
ਯਾਨੀ ਇੱਕ ਰਾਤ ਵਿਚ ਪੂਰੇ ਸਾਲ ਦਾ ਮੇਲਾ ਲੁੱਟਣਾ ਚਾਹੁੰਦਾ ਮੈਂ।
ਤੇ ਮੇਰੀ ਇਸ ਕਮਜੋਰੀ ਦਾ ਵਪਾਰੀ ਨੂੰ ਪਤੈ। ਤੁਸਾਂ ਦੇਖਿਆ
ਹੋਣਾ ਕਦੇ ਗੁਰਦੁਆਰੇ ਬੈਠ ਕੇ ਨਾ ਕੀਰਤਨ, ਕਥਾ, ਗੁਰੂ ਦੇ ਬਚਨ ਨਾ ਸੁਣਨ ਵਾਲੇ ਪ੍ਰਬੰਧਕ
ਇਨੀ ਦਿਨੀ ਪ੍ਰਕਾਸ਼ ਦਾਹੜੇ, ਖੱਟੀਆਂ ਪੋਚਵੀਂ ਦਸਤਾਰਾਂ, ਯੱਖ ਠੰਡ ਵਿਚ ਵੀ ਕੁੜਤੇ-ਪਜਾਮੇ,
ਉਪਰ ਦੀ ਗਾਤਰੇ, ਹੱਥ ਜੁੜੇ, ਦਰਵਾਜਿਆਂ ਅਗੇ ਖੜੋਤੇ, ਝੁੱਕ ਝੁੱਕ ਜੀਓ ਆਇਆਂ ਕਹਿੰਦੇ,
ਸ਼ਾਖਸ਼ਾਤ ਦੇਵਤੇ ਨਜ਼ਰ ਆਉਂਦੇ! ਬਾਰਾਂ ਵੱਜ ਕੇ ਇੱਕ ਮਿੰਟ ‘ਤੇ ਦੇਹ ਜੈਕਾਰੇ ਤੇ ਜੈਕਾਰਾ
ਛੱਡਦੇ! ਤੇ ਫਿਰ ਘਰੋੜ ਘਰੋੜ ਮਾਇਕ ਅਗੇ ਲੋਕਾਂ ਨੂੰ ਸੰਬੋਧਨ ਹੁੰਦੇ। ਨਵੇਂ ਸਾਲ
ਦਾ ਮਹਾਤਮ ਦੱਸਦੇ? ਫਲ ਤੇ ਪੁੰਨ ਗਿਣਾਉਂਦੇ? ਗੁਰੂ ਜੀ ਦੀਆਂ ਖੁਸ਼ੀਆਂ ਨਾਲ ਤੁਹਾਡੀਆਂ
ਝੋਲੀਆਂ ਭਰਦੇ, ਪਰ ਖੁਦ ਅੰਦਰੇ ਅੰਦਰ ਭਰੀਆਂ ਗੋਲਕਾਂ ਦੀ ਗਿਣਤੀ ਕਰਦੇ!! ਤੇ ਅਗਲੇ ਦਿਨ
ਜਾਂ ਉਸੀ ਰਾਤ ਮੁਛੈਹਿਰਿਆਂ ਨੂੰ ਹੱਥ ਫੇਰਦੇ ਭਾਈਆਂ ਨੂੰ ਹੁਕਮ ਕਰਦੇ ਕਿ ਲਿਆਓ ਭਾਈ ਫਿਰ
ਚਿੱਟੇ ਚਾਦਰੇ?? ਤੁਹਾਨੂੰ ਪਤਾ ਲੱਗਾ ਕਾਹਦੇ ਲਈ?
ਗੁਰਦੁਆਰੇ ਜਾਣਾ, ਗੁਰੂ ਦੀ ਬਾਣੀ ਸੁਣਨਾ, ਗੁਰੂ ਘਰ ਸੇਵਾ ਕਰਨਾ,
ਗੁਰੂ ਦੇ ਬਚਨ ਪੱਲੇ ਬੰਨਣੇ, ਉਸ ਉਪਰ ਘਰ ਆ ਕੇ ਪ੍ਰੈਕਟਿਸ ਕਰਨੀ, ਅਮਲ ਵਿਚ ਜਿਉਂਣਾ, ਇਹ
ਸਿੱਖ ਦੇ ਜੀਵਨ ਦਾ ਅੰਗ ਹੈ ਤੇ ਇਹ ਜਦ ਵੀ ਸਮਾਂ ਲਗੇ ਸਿੱਖ ਨੂੰ ਕਰਨਾ ਬਣਦਾ ਹੈ। ਪਰ ਇਥੇ
ਮਸਲਾ ਮੇਰੇ ਨਵੇਂ ਪੁਰਾਣੇ ਦਾ ਹੈ। ਹਰੇਕ ਨਵੇਂ ਸਾਲ ਜਾ ਕੇ ਜੇ ਮੇਰੇ ਵਿਚ ਕੁੱਝ ਵੀ ਨਵਾ
ਨਹੀਂ ਵਾਪਰਿਆ, ਤਾਂ ਨਵਾਂ ਕੀ ਹੋਇਆ। ਘੱਟੋ ਘੱਟ ਨਵੇਂ ਸਾਲ
ਮੈਂ ਗੁਰੂ ਅਗੇ ਅਰਦਾਸ ਕਰਕੇ, ਸਾਰੇ ਸ੍ਰੀ ਗੁਰੂ ਜੀ ਦੀ ਬਾਣੀ ਨੂੰ ਖੁਦ ਪੜਨ ਦਾ ਪ੍ਰਣ
ਹੀ ਲੈ ਆਵਾਂ, ਸ਼ਾਇਦ ਕੁੱਝ ਪੁਰਾਣੀਆਂ ਆਦਤਾਂ ਛੁੱਟ ਜਾਣ ਗੁਰੂ ਦੇ ਬੱਚਨ ਪੜ ਕੇ। ਇਹੀ
ਸੋਚ ਆਵਾਂ ਕਿ ਗੁਰੂ ਦੀ ਬਾਣੀ ਵੇਚਣ ਵਾਲਿਆਂ ਦੇ ਵਪਾਰ ਵਿਚ ਮੈਂ ਵਾਧਾ ਕਰਨ ਦਾ ਕਾਰਨ ਨਹੀਂ
ਬਣਾਂਗਾ ਤੇ ਖੁਦ ਗੁਰੂ ਦੀ ਬਾਣੀ ਸਿੱਖਾਂਗਾ! ਪਰ ਖੁਦ ਪੁਰਾਣਾ ਰਹਿ ਕੇ, ਮੇਰਾ
ਨਵਾਂ ਸਾਲ ਗੁਰਦੁਆਰੇ ਜਾ ਕੇ ਮਨਾਉਣ ਦਾ ਤਰਕ ਬੜਾ ਅਜੀਬ ਹੈ !!!
‘ਓ ਜੀ ਪਾਰਟੀਆਂ 'ਤੇ ਜਾਣ ਨਾਲੋਂ ਤਾਂ
ਚੰਗਾ, ਕਿ ਗੁਰਦੁਆਰੇ ਨਵਾਂ ਸਾਲ ਚੜਾ ਲਓ’!
ਇਸ ਤਰਕ ਪਿੱਛੇ ਵੀ ਮੇਰਾ ਉਹੀ ਪੁਰਾਣਾ ਮਨੁੱਖ ਹੀ ਬੋਲ ਰਿਹਾ ਹੁੰਦਾ।
ਮੇਰੇ ਨਵਾਂ ਹੋਈ ਜਾਣ ਦੀ ਨਿਸ਼ਾਨੀ ਇਹ ਸੀ ਕਿ ਮੇਰੀ ਹਓਂ ਪੁਰਾਣੀ ਹੁੰਦੀ ਚਲੀ ਜਾਵੇ, ਇੰਨੀ
ਪੁਰਾਣੀ, ਕਿ ਇਹ ਮੈਨੂੰ ਭੁੱਲਣ ਵਾਲੀ ਹੋ ਜਾਏ। ਪਰ ਇਹ ਤਾਂ ਨਵਾਂ ਸਾਲ ਮਨਾਉਂਣ ਜਾ ਰਹੀ
ਵੀ ਨਵੀਂ ਦੀ ਨਵੀਂ! ਮੈਨੂੰ ਜਾਪਦਾ ਮੈਂ ਉਨ੍ਹਾਂ ਲੋਕਾਂ ਨਾਲੋਂ ਤਾਂ ਚੰਗਾ ਹਾਂ ਨਾ ਜਿਹੜੇ
ਪਾਰਟੀਆਂ ਵਿੱਚ ਜਾ ਕੇ ਸ਼ਰਾਬਾਂ ਉਡਾਉਂਦੇ ਅਤੇ ਖਰਮਸਤੀਆਂ ਕਰਦੇ ਨੇ! ਜਦ ‘ਮੈਂ’ ਚੰਗਾ
ਹਾਂ, ਮੈਂ ਨਵਾਂ ਕਿਵੇਂ ਹੋਇਆ? ‘ਮੈਂ’ ਹੀ ਗੁਰਦੁਆਰੇ ਜਾ ਕੇ ਪੁਰਾਣੀ ਕਰਨੀ ਸੀ, ਤਾਂ ਕਿ
ਮੈਂ ਕੁਝ ਨਵਾਂ ਹੋ ਸਕਦਾ, ਪਰ ‘ਮੈਂ’ ਤਾਂ ਗੁਰਦੁਆਰੇ ਮੇਰੇ ਨਾਲੋਂ ਵੀ ਪਹਿਲਾਂ ਪਹੁੰਚੀ
ਹੋਈ ਹੈ। ਹਾਲੇ ਖੁਦ ਮੈਂ ਘਰ ਹੀ ਫਿਰਦਾ ਹੁੰਨਾ, ਕਿ ‘ਮੈ’ਂ ਪਹਿਲਾਂ ਹੀ ਪਹੁੰਚ ਚੁੱਕੀ
ਹੁੰਦੀ!!
ਮੇਰਾ ਰੋਜ਼ ਨਵਾਂ ਸਾਲ ਬੀਤੇ, ਮੇਰੇ
ਜੀਵਨ ਵਿਚ ਰੋਜ਼ਾਨਾ ਨਵਾਂ ਸਾਲ ਚੜੇ, ਮੇਰੀ ਜਿੰਦਗੀ ਖੁਦ ਹੀ ਨਵਾਂ ਸਾਲ ਹੋਵੇ, ਜੇ ਮੈਂ
ਨਿੱਤ ਨਵੇਂ ਸਾਹਿਬ ਨਾਲ ਖੁਦ ਯਾਰੀ ਪਾ ਲਵਾਂ, ਜੇ ਮੈਨੂੰ ਰੋਜ਼ ਨਵੇਂ ਸਾਹਿਬ ਨਾਲ ਗੱਲ
ਕਰਨੀ ਆ ਜਾਵੇ, ਉਸ ਕੋਲੇ ਬੈਠਣਾ ਆ ਜਾਵੇ। ਉਹ ਤਾਂ ਮੈਂ ਭਾਈਆਂ-ਪਾਠੀਆਂ ਨੂੰ ਦੇ
ਛੱਡਿਆ, ਤਾਂ ਇੱਕ ਦਿਨ ਗੁਰਦੁਆਰੇ ਜਾ ਕੇ ਨਵਾਂ ਸਾਲ ਮੈਨੂੰ ਨਵਾਂ ਕਿਵੇਂ ਕਰ ਦਏਗਾ!
ਕਰ ਦਏਗਾ?