Share on Facebook

Main News Page

ਬਾਬਾ ਰੋਡੇ ਸ਼ਾਹ, ਜਿਥੇ ਸ਼ਰਾਬ ਚੜਦੀ ਹੈ
- ਗੁਰਦੇਵ ਸਿੰਘ ਸੱਧੇਵਾਲੀਆ

ਰੋਡੇ ਸ਼ਾਹ ਦੇ ਡੇਰੇ ਤੇ ਸ਼ਰਾਬ ਚੜਨ ਦੀ ਇਸ ਵਾਰੀ ਕਾਫੀ ਚਰਚਾ ਹੈ, ਕਿਉਂਕਿ ਮੈ ਤਾਜਾ ਹੀ ਡੇਰੇ ਜਾ ਕੇ ਆਇਆਂ ਹਾਂ ਸੋਚਿਆ ਪਾਠਕਾਂ ਦੀ ਦਿਲਚਸਪੀ ਵਾਸਤੇ ਉਥੇ ਦੇ ਹਾਲਾਤ ਲਿਖਾਂ। 23 ਮਾਰਚ ਨੂੰ ਰੋਡੇ ਸ਼ਾਹ ਦਾ ਮੇਲਾ ਹਰੇਕ ਸਾਲ ਲੱਗਦਾ ਹੈ ਜਿਸਦੀਆਂ ਹੋਰ ਵੀ ਕਈ ਬਰਾਚਾਂ ਹਨ। ਇਸ ਤੋਂ ਪਹਿਲਾਂ ਕਿ ਮੈ ਤੁਹਾਨੂੰ ਮੇਲੇ ਦਾ ਅੱਖੀਂ ਡਿਠਾ ਹਾਲ ਦੱਸਾਂ ਪਹਿਲਾਂ ਰੋਡੇ ਸ਼ਾਹ ਬਾਰੇ ਜਾਣ ਲੈਣਾ ਦਿਲਚਸਪ ਰਹੇਗਾ। ਆਮ ਡੇਰਿਆਂ ਦੀਆਂ ਫੇਕ ਜਿਹੀਆਂ ਕਹਾਣੀਆਂ ਵਾਂਗ ਰੋਡੇ ਸ਼ਾਹ ਦੀ ਕਹਾਣੀ ਇਹ ਹੈ ਕਿ ਉਹ ਬੱਚਪਨ ਵਿੱਚ ਸਾਧ ਹੋ ਗਿਆ। ਜਵਾਨੀ ਵੇਲੇ ਉਸ ਪਿੰਡ ਭੋਮੇ, ਡੇਰੇ ਵਾਲੀ ਜਗ੍ਹਾ ਡੇਰੇ ਆਣ ਲਾਏ। ਭੋਮੇ ਬਾਬੇ ਦੀ ਭੈਣ ਵਿਆਹੀ ਸੀ ਡੰਗਰ ਚਾਰਦੇ ਵਾਗੀਆਂ ਵਿੱਚ ਰੋਡੇ ਦਾ ਭਾਣਜਾ ਵੀ ਸੀ। ਉਸ ਘਰ ਜਾ ਕੇ ਅਪਣੀ ਮਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਇੱਕ ਸਾਧ ਆਇਆ ਬੈਠਾ ਭਗਤੀ ਕਰ ਰਿਹਾ। ਭੈਣ ਨੂੰ ਜਾਪਿਆ ਕਿ ਕਿਤੇ ਮੇਰਾ ਭਰਾ ਹੀ ਨਾ ਹੋਵੇ ਜਿਹੜਾ ਬੱਚਪਨ ਵੇਲੇ ਸਾਧ ਹੋ ਗਿਆ ਸੀ। ਭੈਣ ਦੌੜੀ ਆਈ ਤੇ ਉਸ ਭਰਾ ਨੂੰ ਪਛਾਣ ਲਿਆ।

ਅੱਗੇ ਕਹਾਣੀ ਹੈ ਕਿ ਉਹ ਉਥੇ ਖੇਤਾਂ ਵਿੱਚ ਹੀ ਭਗਤੀ ਕਰਨ ਲੱਗ ਪਿਆ ਭੈਣ ਰੋਟੀ-ਪਾਣੀ ਭੇਜ ਦਿੰਦੀ। ਇੱਕ ਵਾਰੀ ਇੱਕ ਬੜਾ ਤਗੜਾ ਜਿੰਮੀਦਾਰ ਸੀ ਜਿਸ ਦੇ ਮੁੰਡਾ ਨਹੀਂ ਸੀ ਹੁੰਦਾ ਉਸ ਬਾਬੇ ਰੋਡੇ ਅੱਗੇ ਆ ਅਰਦਾਸ ਕੀਤੀ ਤੇ ਆਮ ਬਾਬਿਆਂ ਵਾਂਗ ਬਾਬੇ ਰੋਡੇ ਨੇ ਵੀ ਉਸਨੂੰ ਮੁੰਡਾ ਬਖਸ਼ ਦਿੱਤਾ। ਜਿੰਮੀਦਾਰ ਨੇ ਖੁਸ਼ੀ ਵਿੱਚ ਪੰਜ ਸੌ ਰੁਪਏ ਬਾਬੇ ਨੂੰ ਭੇਟ ਕੀਤੇ। ਬਾਬਾ ਰੋਡਾ ਵੀ ਨਾਨਕਸਰੀਆਂ ਵਾਂਗੂ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ। ਉਸ ‘ਮੌਜ’ ਵਿੱਚ ਆਏ ਨੇ ਕਿਹਾ ਕਿ ਭਗਤਾ ਆਹ ‘ਸੰਗਤ’ ਨੂੰ ਇਹਨਾ ਰੁਪਇਆਂ ਦੀ ਲਿਆ ਕੇ ਸ਼ਰਾਬ ਪਿਲਾ ਦੇਹ। ਉਸ ਜਿੰਮੀਦਾਰ ਨੇ, ਕਿਉਂਕਿ ਪੰਜ ਸੌ ਰੁਪਏ ਓਸ ਟਾਇਮ ਬਹੁਤ ਜਿਆਦਾ ਸਨ ਜਿੰਨੀ ਲੱਗਣੀ ਰੋਜ ਲਿਆ ਕੇ ਸ਼ਰਾਬ ਪਿਲਾਉਂਣੀ ਸ਼ੁਰੂ ਕਰ ਕਰ ਦਿਤੀ। ਉਦੋਂ ਤੋਂ ਜਿਸ ਦੇ ਵੀ ਮੁੰਡਾ ਹੁੰਦਾ ਉਹ ਸ਼ਰਾਬ ਬਾਬੇ ਰੋਡੇ ਨੂੰ ਚੜਾਉਂਣ ਲਗ ਪਿਆ ਤੇ ਬਾਬੇ ਦੀ ਹੋਣ ਲੱਗ ਪਈ ਜੈ ਜੈ ਕਾਰ। ਰੋਡਾ ਕਿਹੜੇ ਸਮੇ ਹੋਇਆ? ਨਹੀਂ ਪਤਾ! ਰੋਡੇ ਦਾ ਮਾਂ ਬਾਪ ਕੌਣ ਸੀ, ਨਹੀਂ ਪਤਾ! ਭੈਣ ਦਾ ਕੀ ਨਾਮ ਸੀ, ਨਹੀਂ ਪਤਾ! ਜਿੰਮੀਦਾਰ ਕੌਣ ਸੀ? ਨਹੀਂ ਪਤਾ! ਉਸਦੇ ਜਿਹੜਾ ਮੁੰਡਾ ਹੋਇਆ ਉਸਦਾ ਕੋਈ ਨਾਂ ਥੇਹ, ਨਹੀਂ ਪਤਾ! ਬਾਬੇ ਨੂੰ ਰੋਡਾ ਕਿਉਂ ਆਹਦੇ ਸਨ, ਕੀ ਉਹ ਸਿਰੋਂ ਰੋਡਾ ਸੀ ਜਾਂ ਉਸਦਾ ਨਾਂ ਹੀ ਰੋਡਾ ਸੀ? ਨਹੀਂ ਪਤਾ। ਬਸ ਇਹ ਪਤਾ ਕਿ ਬਾਬਾ ਰੋਡਾ ਸੀ ਤੇ ਸ਼ਰਾਬ ਪਿਲਾਉਦਾ ਸੀ। ਪੀਰ ਹੱਗਣ ਸ਼ਾਹ ਦੀ ਕਹਾਣੀ ਵਾਂਗ ਕਿਸੇ ਸ਼ਰਾਰਤੀ ਸਿਰ ਦੀ ਕਹਾਣੀ ਚਲ ਗਈ ਸੋ ਚਲ ਗਈ, ਧਰਮ ਦੇ ਨਾਂ ਤੇ ਜੋ ਮਰਜੀ ਸਵਾਹ ਖੇਹ ਲੋਕਾਂ ਦੇ ਸਿਰ ਵਿੱਚ ਪਾਈ ਜਾਉ, ਪੁੱਛਣ ਦੀ ਗੁਸਤਾਖੀ ਕੋਈ ਨਹੀਂ ਕਰਦਾ।

ਪਿੰਡ ਭੋਮਾ ਮਜੀਠੇ ਤੋਂ ਕੋਈ 4-5 ਕਿਲੋਮੀਟਰ ਹੈ। ਡੇਰੇ ਦੇ ਨਾਲ ਹੀ ਨਹਿਰ ਲੱਗਦੀ ਹੈ। ਮੇਲੇ ਵਾਲੇ ਦਿਨ ਅਸੀਂ ਕੋਈ ਤਿੰਨ ਕੁ ਵਜੇ ਮਜੀਠੇ ਤੋ ਭੋਮੇ ਗਏ। ਰਸਤੇ ਵਿੱਚ ਬਹੁਤ ਦੁਨੀਆਂ ਮੁੜੀ ਆ ਰਹੀ ਸੀ। ਸਕੂਟਰ, ਕਾਰਾਂ, ਟਰਾਲੀਆਂ, ਬੱਸਾਂ, ਸਭ ਭਰੀਆਂ ਆ ਰਹੀਆਂ ਸਨ। ਗੱਡੀਆਂ ਦੇ ਚਾਲ-ਚਲਣ ਤੋਂ ਜਾਪਦਾ ਸੀ ਕਿ ਬਾਬੇ ਰੋਡੇ ਦੀ ‘ਫੁੱਲ ਕ੍ਰਿਪਾ’ ਹੋਈ ਹੋਈ ਹੈ ਮੁੱਲਖ ਤੇ। ਸਾਡੇ ਤੋਂ ਕੋਈ ਕੀਲਾ ਕੁ ਦੂਰੀ ਤੇ ਸਾਡੇ ਵੇਖਦਿਆਂ ਹੀ ਵੇਖਦਿਆਂ ਸਾਹਮਣੇ ਆ ਰਹੀ ਇੱਕ ਭਰੀ ਹੋਈ ਟਰਾਲੀ ਨੇ ਇਧਰ ਉਧਰ ਗੇੜੀਆਂ ਜਿਹੀਆ ਖਾਧੀਆਂ ਤੇ ਧੁਰਲੀ ਜਿਹੀ ਮਾਰ ਕੇ ਖਾਲੇ ਵਿੱਚ ਉਲਟ ਗਈ। ਵਿੱਚ ਬੈਠੇ ਲੋਕ ਹਰੀ ਕਣਕ ਵਿੱਚ ਇੰਝ ਖਿਲਰੇ ਜਿਵੇਂ ਪਾਟੀ ਬੋਰੀ ਵਿਚੋਂ ਖ਼ਰਬੂਜੇ ਖਿਲਰਦੇ ਨੇ। ਅਸੀਂ ਲਾਗੇ ਜਾ ਕੇ ਰੁੱਕ ਗਏ। ਆਲੇ ਦੁਆਲੇ ਚੀਖ-ਚਿਹਾੜਾ ਜਿਹਾ ਪਿਆ ਹੋਇਆ ਸੀ ਪਰ ਬੰਦੇ ਜਾਨੋ ਜਾਣੋ ਬੱਚ ਗਏ ਸਨ। ਅਸੀਂ ਮੂਵੀ ਕੈਮਰਾ ਖੋਹਲਿਆ ਤਾਂ ਢੀਠ ਜਿਹੀ ਕਿਸਮ ਦੇ ਜਵਾਨ ਮੁੰਡੇ ਕੈਮਰੇ ਅੱਗੇ ਹੋਈ ਜਾਣ। ਉਹਨਾ ਨੂੰ ਜਾਪਿਆ ਕਿ ਅਸੀਂ ਸ਼ਾਇਦ ਜੀ. ਟੀ. ਵੀ. ਵਰਗੇ ਕਿਸੇ ਚੈਨਲ ਵਾਲੇ ਆਂ। ਉਹਨਾ ਨੂੰ ਜਦ ਪੁਛਿਆ ਕਿ ਕਿਵੇਂ ਹੋਇਆ? ਤਾਂ ਉਹ ਸ਼ਰਾਬੀ ਹੋਏ ਕਰੀ ਜਾਣ ਬਅਸ, ਬਾਬੇ ਰੋਡੇ ਦੀ ਕ੍ਰਿਪਾ ਨਾਲ ਸਾਰੇ ਬੱਚ ਗਏ। ਇੱਕ ਨੌਜਵਾਨ ਨੇ ਅਪਣੀ ਬਾਂਹ ਪਾਟੀ ਦਿਖਾਈ, ਜਿਸ ਵਿਚੋਂ ਲਹੂ ਦੀਆਂ ਘਰਾਲਾਂ ਵਗ ਰਹੀਆਂ ਸਨ ਪਰ ਉਸਨੂੰ ਕੋਈ ਪ੍ਰਵਾਹ ਨਹੀਂ ਸੀ। ਉਹ ਸਗੋਂ ਟੌਹਰ ਨਾਲ ਪਾਟੀ ਬਾਂਹ ਕੈਮਰੇ ਅੱਗੇ ਕਰੀ ਜਾ ਰਿਹਾ ਸੀ। ਸਾਡੇ ਵਿੰਹਦਿਆਂ-ਵਿੰਹਦਿਆਂ ਉਹੀ ਸ਼ਰਾਬੀ ਡਰਾਈਵਰ ਫੇਰ ਟਰੈਕਟਰ ਕੱਢਣ ਬੈਠ ਗਿਆ। ਉਸ ਟਰੈਕਟਰ ਦੀਆਂ ਛਾਲਾਂ ਚੁਕਾ ਦਿੱਤੀਆਂ ਪਰ ਟਰੈਕਟਰ ਫਸਿਆ ਬੜਾ ਕਸੂਤਾ ਸੀ ਨਿਕਲਿਆ ਨਾ। ਉਥੇ ਕੋਈ ਸਿਆਣਾ ਮਨੁੱਖ ਨਹੀਂ ਸੀ ਜਾਪ ਰਿਹਾ ਜਿਹੜਾ ਇੰਝ ਅੰਝਾਈ ਜਹੀਆਂ ਜਾਨਾ ਜਾਣ ਦੇ ਖਤਰੇ ਤੋਂ ਵਰਜਦਾ। ਆਖਰ ਟਰੈਕਟਰ ਨਾਲੋਂ ਟਰਾਲੀ ਲਾਹ ਕੇ ਕੋਈ ਪੰਜਾਹ ਕੁ ਬੰਦਿਆਂ ਧੱਕਣੀ ਸ਼ੁਰੂ ਕਰ ਦਿੱਤੀ ਸ਼ਰਾਬ ਦੇ ਲੋਰ ਵਿੱਚ ਉਹ ਮਿੰਟਾਂ `ਚ ਟਰਾਲੀ ਧੂਹ ਕੇ ਬਾਹਰ ਲੈ ਆਏ। ਜਦ ਉਹ ਟਰਾਲੀ ਧੂਹ ਰਹੇ ਸਨ ਤਾਂ ਜਿਹੜੇ ਬਹੁਤੇ ਸ਼ਰਾਬੀ ਸਨ ਪਰ ਟਰਾਲੀ ਵਿਚੋਂ ਡਿੱਗੇ ਨਹੀਂ ਸਨ ਉਹ ਵਿੱਚੇ ਹੀ ਆਲੂਆਂ ਵਾਂਗ ਖਿਲਰਦੇ ਫਿਰ ਰਹੇ ਸਨ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਸੀ ਇਹ ਮਰੇ ਜਾਂ ਜਿਉਂਦੇ।

ਹੁਣ ਅਸੀਂ ਬਿੱਲਕੁਲ ਡੇਰੇ ਦੇ ਲਾਗੇ ਯਾਨੀ ਨਹਿਰ ਦੇ ਪੁੱਲ ਤੇ ਸਾਂ। ਪੁੱਲ ਦੇ ਨਾਲ ਹੀ ਮਜੀਠੇ ਵਲੋਂ ਸੱਜੇ ਹੱਥ ਇੱਕ ਸਮਾਧ ਬੀਬੀਆਂ ਵਾਸਤੇ ਬਣਾਈ ਹੈ ਉਥੇ ਸ਼ਰਾਬ ਨਹੀਂ ਸਿਰਫ ਫੁੱਲ ਪਤਾਸੇ ਹੀ ਚੜ੍ਹਦੇ ਹਨ। ਉਥੇ ਬੀਬੀਆਂ ਮੁੰਡਾ ਹੋਣ ਦੀ ਸੁੱਖਣਾ ਸੁੱਖਣ ਜਾਂ ਮੁੰਡੇ ਹੋਏ ਵਾਲੀਆਂ ਬਾਬੇ ਰੋਡੇ ਸ਼ਾਹ ਦਾ ਕਰਜਾ ਲਾਹੁਣ ਆਉਂਦੀਆਂ। ਕਈ ਨਵ ਵਿਆਹੀਆਂ ਜਵਾਨ ਜੋੜੀਆਂ ਵੀ ਉਥੇ ਦੇਖੀਆਂ ਗਈਆਂ ਜਿਹੜੀਆਂ ਸ਼ਰਾਬੀ ‘ਮੁੰਡੀਰ’ ਦੀ ਪ੍ਰਵਾਹ ਕੀਤੇ ਬਿਨਾ ਹੀ ਬਾਬੇ ਰੋਡੇ ਦੇ ਮੁੰਡਾ ਹੋਣ ਦੀ ਸ਼ਾਇਦ ਸੁੱਖਣਾ ਸੁੱਖਣ ਆਈਆਂ ਹੋਈਆਂ ਸਨ!

ਥਾਂ-ਥਾਂ ਤੇ ਸ਼ਰਾਬੀ ਸੜਕ ਤੇ ਹੀ ਪਏ ਸਨ। ਕਈ ਲੋਕਾਂ ਟਰਾਲੀਆਂ ਵਿੱਚ ਹੀ ਢੋਲ ਰੱਖੇ ਹੋਏ ਸਨ ਜਿਹੜੇ ਵਿਚੇ ਹੀ ਭੰਗੜਾ ਪਾਈ ਜਾ ਰਹੇ ਸਨ। ਇੱਕ ਨੌਜਵਾਨ ਸੜਕ ਉਪਰ ਬਿੱਲਕੁਲ ਬੇਸੁਰਤ ਪਿਆ ਹੋਇਆ ਸੀ ਐਨ ਸੜਕ ਦੇ ਵਿਚਾਲੇ। ਦੋ ਜਣੇ ਉਸਨੂੰ ਚੁੱਕ ਕੇ ਪਾਸੇ ਸੁੱਟਣ ਲੱਗੇ ਤਾਂ ਸਿਰ ਵਾਲੇ ਪਾਸੇ ਵਾਲੇ ਕੋਲੋਂ ਹੱਥ ਛੁੱਟ ਗਿਆ, ਬੇਹੋਸ਼ ਹੋਏ ਦਾ ਸਿਰ ਪਟੱਕ ਕਰਕੇ ਪੱਕੀ ਸੜਕ ਤੇ ਵੱਜਾ। ਜਿੰਨੀ ਜੋਰ ਦੀ ਉਸਦਾ ਸਿਰ ਵੱਜਾ ਸੀ ਪਤਾ ਨਹੀਂ ਬਾਬੇ ਰੋਡੇ ਕੋਲੇ ਪਹੁੰਚ ਗਿਆ ਹੋਵੇ ਜਾਂ ਨਾ ਪਰ ਸੁੱਟਣ ਵਾਲੇ ਨੂੰ ਕੋਈ ਪ੍ਰਵਾਹ ਨਹੀਂ ਸੀ ਓਸ ਫਿਰ ਫੜਿਆ ਤੇ ਧੂਹ ਕੇ ਕੱਚੇ ਮਾਰਿਆ। ਜਿਉਂਦੇ ਬੰਦਿਆਂ ਨੂੰ ਉਥੇ ਕੁੱਤਿਆਂ ਵਾਂਗ ਧੂਹ-ਧੂਹ ਕੇ ਸੁੱਟਿਆ ਜਾਂਦਾ ਦੇਖ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਸ ਪੰਜਾਬ ਦੀ ਧਰਤੀ ਤੇ ਅਸੀਂ ਖੜੇ ਹਾਂ ਜਿਹੜਾ ਗੁਰਾਂ ਦੇ ਨਾਂ ਤੇ ਜੀਂਦਾ ਸੀ ਪਰ ਅੱਜ ਹਰੇਕ ਸਾਧ, ਇਥੋਂ ਤੀਕ ਕਿ ਸ਼ਰਾਬੀ ਸਾਧ ਦੇ ਦਰਵਾਜੇ ਮੂਹਰੇ ਗੁਰੂਆਂ ਦੀ ਉਮਤ ਇੰਝ ਕੁੱਤਿਆਂ ਵਾਂਗ ਰੁਲ ਰਹੀ ਸੀ। ਹੋਰ ਹੈਰਾਨੀ ਦੀ ਗੱਲ ਕਿ ਇੱਕ ਖੁਲ੍ਹੇ ਜਿਹੇ ਥਾਂ ਗਾਉਣ ਵਾਲੀ ਦਾ ਅਖਾੜਾ ਲੱਗਿਆਂ ਹੋਇਆ ਸੀ, ਉਸ ਲੱਚਰ ਜਿਹੀ ਕਿਸਮ ਦੇ ਗਾਣੇ ਗਾਉਂਣ ਵਾਲੀ, ਸਟੇਜ ਤੇ ਹੀ ਅੱਖ ਮਟੱਕੇ ਜਿਹੇ ਕਰਨ ਵਾਲੀ ਜੋੜੀ ਨੂੰ ਦਿੱਤੇ ਗਏ ਪੈਸਿਆ ਦੀ ਅਨਾਉਸਮਿੰਟ, ਉਪਰ ਦੀ ਗਾਤਰਾ ਪਾਈ ਇੱਕ ਚਿੱਟ ਦਾਹੜਾ ਬਜੁੱਰਗ ਕਰ ਰਿਹਾ ਸੀ। ਜਦ ਅਸੀਂ ਉਸ ਵਲ ਕੈਮਰਾ ਮਾਰਿਆ ਤਾਂ ਹੇਠਾਂ ਖੜੇ ਇੱਕ ਹੋਰ ਉਦਾਂ ਦੇ ਹੀ ਬਜੁਰਗ ਨੇ ਉਸਨੂੰ ਕੰਨ ਵਿੱਚ ਕੁੱਝ ਕਹਿ ਕੇ ਸਟੇਜ ਤੋਂ ਹੇਠਾਂ ਲੈ ਆਂਦਾ। ਜਾਪਦਾ ਸੀ ਕਿ ਉਹ ਸੁਚੇਤ ਸਭ ਕੁੱਝ ਕਰ ਰਹੇ ਸਨ ਨਾ ਕਿ ਅਨਜਾਣੇ ਵਿਚ। ਦੂਸਰੀ ਨੋਟ ਕਰਨ ਵਾਲੀ ਗੱਲ ਇਸ ਵਿੱਚ ਇਹ ਸੀ ਕਿ ਪੁਲਿਸ ਵਰਦੀਆਂ ਵਿੱਚ ਸ਼ਰੇਆਮ ਘੁੰਮ ਰਹੀ ਸੀ ਇਥੋਂ ਤੀਕ ਕਿ ਧੁਰ ਸਮਾਧ ਉਪਰ ਸ਼ਰਾਬ ਚੜ੍ਹਾਉਣ ਵਿੱਚ ਲੋਕਾਂ ਦੀ ਮਦਦ ਕਰ ਰਹੀ ਸੀ ਪਰ ਕਿਸੇ ਨੂੰ ਰੋਕਣ ਜਾਂ ਜਾਇਜ ਨਜਾਇਜ ਸ਼ਰਾਬ ਪੁੱਛਣ ਦਾ ਉਹਨਾ ਨੂੰ ਬਾਬੇ ਰੋਡੇ ਜਾਂ ਸ਼ਾਇਦ ਬਾਬੇ ਬਾਦਲਾਂ ਦਾ ਹੁਕਮ ਨਹੀਂ ਸੀ। ਨਸ਼ਿਆਂ ਦੀ ਇਹ ਖੁਲ੍ਹੀ ਤੇ ਨੰਗੀ ਖੇਡ ਕਨੂੰਨ ਦੇ ਐਨ ਨੱਕ ਹੇਠ ਖੇਡੀ ਜਾ ਰਹੀ ਸੀ।

ਭੀੜ ਵਿਚੋਂ ਅਸੀਂ ਥੋੜਾ ਹੋਰ ਅੱਗੇ ਗਏ ਤਾਂ ਭਈਏ ਸ਼ਰਾਬੀ ਹੋਏ ਲੜ ਰਹੇ ਸਨ। ਸਿਰ ਮੂੰਹ ਪਾਟੇ, ਲਹੂ-ਲੁਹਾਨ, ਧੀ ਦੀ ਭੈਣ ਦੀ, ਬਾਬੇ ਰੋਡੇ ਦਾ ‘ਜਲਾਲ’ ਪਾਟੇ ਸਿਰਾਂ ਚੋਂ ਚੋ-ਚੋ ਪੈ ਰਿਹਾ ਸੀ। ਕੁੱਝ ਪਤਾ ਨਹੀਂ ਸੀ ਲੱਗਦਾ ਕਿ ਕੌਣ ਕੀਹਦੇ ਨਾਲ ਲੜੀ ਜਾਂਦਾ ਹੈ। ਇੱਕ ਪਿਛਿਉਂ ਛਡਾਉਂਣ ਆਇਆ, ਲੜਨ ਵਾਲਿਆ ਉਸੇ ਨੂੰ ਢਾਹ ਲਿਆ। ਪੁਲਿਸ ਇਥੇ ਵੀ ਮੂਕ ਤਮਾਸ਼ਾ ਦੇਖ ਰਹੀ ਸੀ ਪਰ ਜਦ ਅਸੀਂ ਕੈਮਰਾ ਉਹਨਾ ਵਲ ਕਰਦੇ ਤਾਂ ਉਹ ਸਾਨੂੰ ਰੋਕ ਦਿੰਦੇ ਕਿ ਤੁਸੀਂ ਸਟਾਫ ਦੀ ਮੂਵੀ ਨਹੀਂ ਬਣਾ ਸਕਦੇ। ਇੱਕ ਪਲਿਸ ਵਾਲੇ ਨੂੰ ਜਦ ਅਸੀਂ ਪੁੱਛਿਆ ਕਿ ਕਿਵੇਂ ਲੱਗ ਰਿਹਾ ਮੇਲਾ? ਤਾਂ ਉਸ ਅੱਗੋਂ ਬੜੀ ਬੇਹਯਾਈ ਨਾਲ ਜਵਾਬ ਦਿੱਤਾ ਕਿ ਜੀ ਸੋਫੀ ਹੋ ਕੇ ਸ਼ਰਾਬੀਆਂ ਦਾ ਮੇਲਾ ਦੇਖਣ ਦਾ ਸਵਾਦ ਹੀ ਵੱਖਰਾ ਹੈ!

ਅਸੀਂ ਹੁਣ ਹੁੰਮਕ ਭਰੀ ਰੋਡੇ ਦੀ ਉਸ ਕੱਬਰ ਲਾਗੇ ਸਾਂ ਜਿਥੇ ਸ਼ਰਾਬ ਚੜ੍ਹਾਉਣ ਤੇ ਲੈਣ ਵਾਲਿਆਂ ਦੀਆਂ ਭੀੜਾਂ ਲੱਗੀਆਂ ਹੋਈਆਂ ਸਨ। ਕਬਰ ਵਾਲੀ ਥਾਂ ਉਪਰ ਗੁੰਬਜ ਪਾ ਕੇ ਉਸਨੂੰ ਬਿਲੱਕੁਲ ਗੁਰਦੁਆਰੇ ਵਰਗੀ ਦਿੱਖ ਦਿੱਤੀ ਹੋਈ ਹੈ ਜਿਵੇਂ ਕਿ ਆਮ ਹੀ ਸਮਾਧਾਂ ਜਾਂ ਕਬਰਾਂ ਨੂੰ ਗੁਰਦੁਆਰੇ ਦੀਆਂ ਸ਼ਕਲਾਂ ਵਿੱਚ ਬਦਲਿਆ ਜਾ ਰਿਹਾ ਹੈ। ਆਮ ਭੋਲੇ ਸਿੱਖ ਕਬਰਾਂ ਨੂੰ ਹੀ ਗੁਰਦੁਆਰੇ ਸਮਝਣ ਲੱਗ ਪਏ ਹਨ। ਜਿਵੇਂ ਕਬਰਾਂ ਤੇ ਗੁਰਦੁਆਰਿਆਂ ਵਿੱਚ ਕੋਈ ਫਰਕ ਹੀ ਨਾ ਹੋਵੇ। ਰੋਡੇ ਸ਼ਾਹ ਦੀ ਕਬਰ ਦੇ ਨਾਲ ਹੀ ਇੱਕ ਹੋਰ ਕਮਰਾ ਹੈ ਜਿਥੇ ਪਹਿਲਾਂ ਅਖੰਡ ਪਾਠ ਸਾਹਬ ਹੋਇਆ ਕਰਦਾ ਸੀ ਤੇ ਬਕਾਇਦਾ ਗੁਰੂ ਗਰੰਥ ਸਾਹਿਬ ਪ੍ਰਕਾਸ਼ ਹੁੰਦੇ ਸਨ। ਹੁਣ ਉਥੇ ਗੁਰੂ ਗਰੰਥ ਸਾਹਿਬ ਤਾਂ ਨਹੀਂ ਸਨ ਪਰ ਪੀਹੜਾਂ ਰੁਮਾਲੇ ਜਾਂ ਹੋਰ ਸਮ੍ਹਾਨ ਉਂਝ ਹੀ ਪਿਆ ਸੀ। ਪਤਾ ਕਰਨ ਤੇ ਪ੍ਰਬੰਧਕਾਂ ਦੱਸਿਆ ਕਿ ਇਸ ਵਾਰੀ ਇਥੇ ਪਾਠ ਨਹੀਂ ਕੀਤਾ ਗਿਆ ਸਗੋਂ ਦੋ-ਚਾਰ ਕਿੱਲੇ ਹਟਵੀਂ ਇੱਕ ਜਗ੍ਹਾ ਤੇ ਅੱਠ ਅਖੰਡ ਪਾਠ ਸਾਹਿਬ ਇਕੱਠੇ ਹੀ ਰੱਖੇ ਗਏ ਸਨ ਜੀਹਨਾ ਦਾ ਭੋਗ ਕੁੱਝ ਦਿਨ ਪਹਿਲਾਂ ਹੀ ਪਾ ਦਿੱਤਾ ਗਿਆ ਸੀ। ਮੇਲੇ ਤੋਂ ਪਹਿਲਾਂ ਤੇ ਪਾਠ ਦੀ ਅਰੰਭਤਾ ਤੋਂ ਇੱਕ ਦਿਨ ਬਾਅਦ ਇਹ ਲੇਖਕ ਉਥੇ ਚਲਦੇ ਪਾਠਾਂ ਦੀ ਮੂਵੀ ਬਣਾ ਕੇ ਲਿਆਇਆ ਹੈ ਜੋ ਸਾਡੇ ਕੋਲੇ ਮੌਜੂਦ ਹੈ। ਨੀਲੀਆਂ ਤੇ ਚਿੱਟੀਆਂ ਗੋਲ ਪੱਗਾਂ ਵਾਲੇ ਪੁਜਾਰੀ ਉਥੇ ਪਾਠ ਕਰ ਰਹੇ ਸਨ ਇਹ ਜਾਣਦਿਆਂ ਵੀ ਕਿ ਇਹ ਪਾਠ ਰੋਡੇ ਦੇ ਡੇਰੇ ਨਾਲ ਹੀ ਸਬੰਧਤ ਹਨ।

ਕਬਰ ਦੇ ਹੇਠਾਂ ਉਹਨੀਂ ਇੱਕ ਟੱਬ ਰੱਖਿਆ ਹੋਇਆ ਹੈ ਜਿਸ ਵਿੱਚ ਉਪਰੋਂ ‘ਪ੍ਰਸਾਦ’ ਨੁਮਾ ਪਾਈ ਜਾ ਰਹੀ ਸ਼ਰਾਬ ਹੇਠਾਂ ਟੱਬ ਵਿੱਚ ਜਾਈ ਜਾਂਦੀ ਹੈ। ‘ਸ਼ਰਧਾਲੂ’ ਜਦ ਸ਼ਰਾਬ ਦੀ ਬੋਲਤ ਚਾੜਦਾ ਹੈ ਤਾਂ ਆਮ ਦੂਜੇ ਸਾਧਾਂ ਵਾਂਗ ਕੁੱਝ ਸ਼ਰਾਬ ਹੇਠਾਂ ਪਾ ਕੇ ਬਾਕੀ ‘ਪ੍ਰਸਾਦ’ ਵਜੋਂ ਸ਼ਰਧਾਲੂਆਂ ਨੂੰ ਮੋੜ ਦਿੱਤੀ ਜਾਂਦੀ ਹੈ। ਥੋੜਾ ਜਿਹਾ ਹਟਵਾਂ ਇੱਕ ਨਲਕਾ ਹੈ ਜਿਥੇ ਲੂਣ ਦੀ ਭਰੀ ਬਾਟੀ ਆਮ ਹੀ ਰੱਖੀ ਹੁੰਦੀ ਹੈ ਤੇ ਲਾਗੇ ਹੀ ਬੋਤਲ ਪਈ ਹੁੰਦੀ ਹੈ। ਸ਼ੁਕੀਨ ਆਉਂਦੇ ਹਨ ਗਲਾਸ ਭਰਦੇ ਹਨ ਤੇ ਮਗਰੋਂ ਲੂਣ ਚੱਟ ਕੇ ਬਾਬੇ ਰੋਡੇ ਦੀ ਜੈ-ਜੈ ਕਾਰ ਕਰਦੇ ਚਲੇ ਜਾਂਦੇ ਹਨ ਜੀਹਨੇ ਉਹਨਾ ਨੂੰ ਛੇਤੀ ਧਰਤੀ ਤੋਂ ਭਾਰ ਹੌਲਾ ਕਰਨ ਲਈ ਬਹੁਤ ‘ਵੱਡਾ ਪਰਉਰਕਾਰ’ ਕੀਤਾ।

ਸਭ ਤੋਂ ਦੁੱਖ ਦੀ ਗੱਲ ਇਹ ਕਿ ਇਹ ਸਭ ਕੁੱਝ ਹਰੇਕ ਸਾਲ ਅੰਮ੍ਰਤਿਸਰ ਦੇ ਪੁਜਾਰੀਆਂ ਦੇ ਨੱਕ ਹੇਠ ਹੁੰਦਾ ਹੈ, ਜਿਹੜੇ ਹੇੜਾਂ ਪ੍ਰਚਾਰਕਾਂ ਦੀਆਂ ਰੱਖ ਕੇ ਗੁਰੂ ਕੀ ਗੋਲਕ ਨੂੰ ਸੰਨ੍ਹ ਲਾਈ ਬੈਠੇ ਹਨ ਪਰ ਪ੍ਰਚਾਰ ਕਿਥੇ ਹੋ ਰਿਹੈ? ਕਿਸੇ ਨੂੰ ਕੁੱਝ ਪਤਾ ਨਹੀਂ। ਗੁਰੂਆਂ ਦੀ ਉਮਤ ਸਾਧਾਂ ਦੇ ਡੇਰਿਆਂ ਤੇ ਮੱਥੇ ਰਗੜਦੀ ਤੇ ਸ਼ਰਾਬ ਨੂੰ ਪ੍ਰਸ਼ਾਦ ਸਮਝ ਕੇ ਪੀਦੀਂ ਸੜਕਾਂ ਤੇ ਰੁਲ ਰਹੀ ਹੈ ਪਰ ਪੁਜਾਰੀ ਖਮੋਸ਼ ਤਮਾਸ਼ਾ ਦੇਖ ਰਿਹਾ ਹੈ। ਮੁੱਕਦੀ ਗੱਲ ਇਹ ਕਿ ਸਿੱਖ ਕੌਮ ਨੂੰ ਲਾਸ਼ਾਂ ਤੋਂ ਕੋਈ ਉਮੀਦ ਲਾਹ ਕੇ ਅਪਣੇ ਤੌਰ ਤੇ ਹੀ ਕੁੱਝ ਕਰਨ ਦੀ ਲੋੜ ਹੈ ਤਾਂ ਕਿ ਗੁਰੂ ਦੇ ਸਿੱਖ ਹਰ ਤਰ੍ਹਾਂ ਦੀ ਮਾਨਸਿਕ ਗੁਲਾਮੀ ਤੋਂ ਅਜਾਦ ਹੋ ਕੇ ਖੁਦ ਹੀ ਇਹਨਾ ਪੁਜਾਰੀਆਂ ਤੇ ਵਿਹਲੜ ਸਾਧਾਂ ਦਾ ਫਸਤਾ ਵੱਢਣ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top