Share on Facebook

Main News Page

ਜੱਟ - ਪੰਜਾਬੀ - ਸਰਦਾਰ
-: ਗੁਰਦੇਵ ਸਿੰਘ ਸੱਧੇਵਾਲੀਆ

ਕੋਈ ਸਮਾਂ ਸੀ ਕਿ ਪੰਜਾਬੀ ਫਿਲਮਾਂ ਵਾਲਿਆਂ ਜੱਟ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਸੀ। ਫਿਲਮ ਦੀ ਹਰੇਕ ਕੱਟੀ-ਵੱਛੀ ਜੱਟ ਦੇ ਸਿਰ ਮੜ ਛੱਡੀ ਮਾਂ ਦਿਆਂ ਪੁੱਤਾਂ। ਕੁੱਝ ਚਿਰ ਪੰਜਾਬੀ ਫਿਲਮਾਂ ਵਿਚ ਖੜੋਤ ਤੋਂ ਬਾਅਦ ਲੱਗਦਾ ਹੁਣ ਫਿਰ ਤੋਂ ਜੱਟ ਦੀ ਖੈਰ ਨਹੀਂ। ਨਾ ਫਿਲਮਾਂ ਬਣਾਉਂਣ ਵਾਲਿਆਂ ਨੂੰ, ਤੇ ਨਾ ਫਿਲਮਾਂ ਵਿਚ ਕੰਮ ਕਰਨ ਵਾਲਿਆਂ ਨੂੰ ਜੱਟ ਦਾ ਮੱਤਲਬ ਪਤਾ ਹੈ। ਉਹ ਜੱਟ ਹੋਣ ਨੂੰ ਸ਼ਾਇਦ ਬੜੀ ਮਾਣ ਵਾਲੀ ਗੱਲ ਸਮਝਦੇ ਹੋਣ, ਪਰ ਜਿਸ ਮੁਲਕ ਵਿੱਚ ਉਹ ਰਹਿੰਦੇ ਹਨ, ਉਸ ਦੇ ਪੰਡੀਏ ਦੇ ਜੇ ਕਿਤੇ ਉਨਹੀਂ ਗਰੰਥ ਪੜੇ ਹੁੰਦੇ, ਤਾਂ ਉਨ੍ਹਾਂ ਨੂੰ ਗਿਆਨ ਹੋਣਾ ਸੀ, ਕਿ ਜੱਟ ਵੀ ਬਾਕੀ ਆਖੀਆਂ ਜਾਂਦੀਆਂ ਨੀਵੀਆਂ ਜਾਤਾਂ ਵਾਂਗ ਇੱਕ ਅਖੌਤੀ ਨੀਵੀਂ ਜਾਤ ਹੀ ਹੈ, ਉਸ ਵਿਚ ਉੱਚਾ ਹੋਣ ਅਤੇ ਮਾਣ ਕਰਨ ਵਾਲੀ ਕੋਈ ਗੱਲ ਨਹੀਂ, ਪਰ ਇਹ ਵੱਖਰੀ ਗੱਲ ਹੈ, ਅੰਨਿਆਂ ਵਿਚ ਕਾਣਾ ਰਾਜਾ ਵਾਂਗ, ਪੰਜਾਬ ਦੇ ਜੱਟ ਨੇ ਬਾਕੀ ਲੋਕਾਂ ਉਪਰ ਰੋਅਬ ਰੱਖਣ ਲਈ ਜੱਟ ਹੋਣ ਨੂੰ ਹੀ ਉੱਚਾ ਜਾਣ ਲਿਆ ਹੋਇਆ ਹੈ।

ਜੱਟਵਾਦ ਨੂੰ ਬੜਾਵਾ ਦਿੱਤਾ ਜਾਣਾ ਉਂਝ ਵੀ ਪੰਜਾਬ ਵਿਚ ਬਾਕੀ ਵੱਸਦੀਆਂ ਜਾਤੀਆਂ ਲਈ ਘਿਰਣਾ ਦਾ ਕਾਰਨ ਬਣਾਉਂਣਾ ਅਤੇ ਜਾਤ ਪਾਤੀ ਸਿਸਟਮ ਨੂੰ ਸ਼ਹਿ ਦੇਣਾ ਹੈ। ਕਦੇ ਤੁਸਾਂ ਦੇਖਿਆ ਕਿ ਕਿਸੇ ਪੰਜਾਬੀ ਫਿਲਮ ਵਿਚ ਕਦੇ ਸਰਦਾਰ ਹੋਣ ਨੂੰ ਮਾਣ ਕਰਨ ਵਾਲੀ ਗੱਲ ਦੱਸਿਆ ਹੋਵੇ? ਕਿਉਂਕਿ ਸਰਦਾਰ ਹੋਣ ਉਪਰ ਮਾਣ ਕਰਨ ਨਾਲ ਸਿੱਖ ਦੀ ਗੈਰਤ ਨੂੰ ਹੁਲਾਰਾ ਮਿਲਦਾ ਹੈ, ਜਿਹੜਾ ਹਿੰਦੋਸਤਾਨ ਦੇ ਸਿਸਟਮ ਵਿਚ ਬੈਠੀ ‘ਹਿੰਦੂ ਜ਼ਹਿਨੀਅਤ’ ਨੂੰ ਕਦੇ ਵੀ ਗਵਾਰਾ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਜੱਟਵਾਦ ਦੇ ਰੌਲੇ ਵਿਚ ਸਰਦਾਰ ਗਵਾਚਦਾ ਹੈ, ਜਿਸ ਨੂੰ ਕਿ ਉਹ ਗਵਾਉਂਣਾ ਹੀ ਚਾਹੁੰਦਾ ਹੈ। ਜੱਟ ਜਾਂ ਪੰਜਾਬੀ ਤੋਂ ਹਿੰਦੂ ਨੂੰ ਕੋਈ ਚਿੜ ਨਹੀਂ। ਤੁਹਾਡਾ ਜੱਟ ਜਾਂ ਪੰਜਾਬੀ ਹੋਣਾ ਹਿੰਦੂ ਨੂੰ ਕੋਈ ਤਕਲੀਫ ਨਹੀਂ ਦਿੰਦਾ, ਕਿਉਂਕਿ ਉਸ ਪਿੱਛੇ ਕੋਈ ਅਜਿਹੀ ਇਤਿਹਾਸਕ ਘਟਨਾ ਨਹੀਂ ਜਿਹੜੀ ਹਿੰਦੂ ਨੂੰ ਹੀਣ ਕਰਦੀ ਹੋਵੇ। ਪਰ ਸਰਦਾਰ ਤੋਂ ਉਸ ਨੂੰ ਅੰਦਰੋਂ ਨਫਰਤ ਹੈ। ਸਰਦਾਰ ਹੋਣ ਦੀ ਠੁੱਕ ਨਾਲ ਹਿੰਦੂ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦਾ ਹੈ। ਤੁਹਾਡਾ ਸਰਦਾਰ ਹੋਣਾ ਉਸ ਨੂੰ ਅਬਦਾਲੀ-ਨਾਦਰ ਚੇਤੇ ਕਰਾਉਂਦਾ ਹੈ ਅਤੇ ਉਸ ਨਾਲ ਜੁੜੀਆਂ ਹੋਈਆਂ ਇਤਿਹਾਸਕ ਘਟਨਾਵਾਂ।

ਸਰਦਾਰ ਦੇ ਪਿੱਛੇ ਨਾਦਰਾਂ ਦੇ ਰਾਹ ਰੋਕਣ ਵਾਲਾ ਸ੍ਰ. ਜੱਸਾ ਸਿੰਘ ਆਹੂਵਾਲੀਆ ਖੜੋਤਾ ਹੈ, ਨਵਾਬ ਕਪੂਰ ਸਿੰਘ ਖੜੋਤਾ ਹੈ, ਸ੍ਰ. ਰਾਮਗੜੀਆ ਖੜੋਤਾ ਹੈ, ਸ੍ਰ. ਚੜਤ ਸਿੰਘ ਹੈ, ਪਰ ਜੱਟ ਜਾਂ ਪੰਜਾਬੀ ਪਿੱਛੇ ਕੀ ਹੈ? ਹੈ ਤਾਂ ਦੱਸੋ? ਪੰਜਾਬ ਜੇ ਜਥੇਬੰਦਕ ਰੂਪ ਵਿਚ ਧਾੜਵੀਆਂ ਨਾਲ ਮੱਥਾ ਲਾਉਣ ਜੋਗਾ ਹੋਇਆ, ਤਾਂ ਉਸ ਪਿੱਛੇ ਉਸ ਦੀ ਸਰਦਾਰੀ ਮੜਕ ਹੈ। ਬਾਬਾ ਬੰਦਾ ਸਿੰਘ ਬਹਾਦਰ, ਸ੍ਰ. ਜੱਸਾ ਸਿੰਘ, ਨਵਾਬ ਕਪੂਰ ਸਿੰਘ ਜਾਂ ਹਰੀ ਸਿੰਘ ਨਲੂਏ ਵਰਗੇ ਪੰਜਾਬ ਦੀ ਧਰਤੀ ਦੇ ਮਹਾਨ ਜੋਧੇ ਸਨ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੱਟ ਜੱਸਾ ਸਿੰਘ ਜਾਂ ਨਵਾਬ ਕਪੂਰ ਸਿੰਘ ਮਹਾਨ ਪੰਜਾਬੀ ਸਨ! ਇਹ ਕਹਿਣ ਵਾਲਾ ਹੀ ਮੂਰਖ ਜਾਪੇਗਾ ਕਿ ਜੱਟ ਜੱਸਾ ਸਿੰਘ ਨੇ ਅਬਦਾਲੀਆਂ ਦੇ ਰਾਹ ਰੋਕ ਛੱਡੇ ਜਾਂ ਸਾਡੇ ਮਹਾਨ ਪੰਜਾਬੀ ਸ੍ਰ. ਚੜਤ ਸਿੰਘ ਵਰਗਿਆਂ ਨਾਦਰਾਂ ਦੇ ਛੱਕੇ ਛੁਡਾ ਦਿੱਤੇ। ਜਿਥੇ ਪੰਜਾਬ ਦੇ ਇਤਿਹਾਸ ਵਿਚ ਇਨਾ ਸੂਰਬੀਰਾਂ ਦਾ ਨਾਮ ਆਵੇਗਾ, ਉਥੇ ਸਰਦਾਰ ਕਰਕੇ ਹੀ ਆਵੇਗਾ। ਇਨਾਂ ਦਾ ਮਾਣ ਸਰਦਾਰ ਹੋਣ ਕਰਕੇ ਹੀ ਹੋਵੇਗਾ ਨਾਂ ਕਿ ਜੱਟ ਜਾਂ ਪੰਜਾਬੀ।

ਜੱਟ ਵਾਦ ਨੂੰ ਬੜਾਵਾ ਦੇਣ ਦਾ ਮੱਤਲਬ ਹੀ ਸਰਦਾਰ ਨੂੰ ਲੋਕ ਮਨਾ ਵਿਚੋਂ ਮਨਫੀ ਕਰਨਾ ਹੈ। ਸਰਦਾਰ ਨੂੰ ਮਨਫੀ ਕਰਨ ਦਾ ਸਿੱਧਾ ਮੱਤਲਬ ਸਿੱਖ ਦੇ ਸਾਰੇ ਓਸ ਗੌਰਵ ਨੂੰ ਮਨਫੀ ਕਰਨਾ ਹੈ, ਜਿਹੜਾ ਇਸ ਨੂੰ ਹਿੱਕ ਚੌੜੀ ਕਰਕੇ ਤੁਰਨਾ ਸਿਖਾਉਂਦਾ ਹੈ। ਇਹੀ ਕਾਰਨ ਕਿ ਪੰਜਾਬੀ ਜਾਂ ਜੱਟ ਹੋਣ ਦੇ ਢੋਲ-ਢਮੱਕੇ ਹੇਠ ਲੋਕਾਂ ਦੀ ਚੇਤਨਤਾ ਵਿਚੋਂ, ਸਰਦਾਰ ਨੂੰ ਵਿਦਾ ਕੀਤਾ ਜਾ ਰਿਹਾ ਹੈ। ਤੇ ਇੰਝ ਹੋਇਆ ਵੀ ਹੈ ਕਿ ਜੱਟਵਾਦ ਦੇ ਬੜਾਵੇ ਨੇ ਸਰਦਾਰ ਨੂੰ ਉਖੇੜ ਦਿੱਤਾ ਹੈ ਪੰਜਾਬ ਵਿੱਚ। ਕੋਈ ਸਿੱਖਾਂ ਦਾ ਮੁੰਡਾ ਸਰਦਾਰ ਹੋਣ ਨਾਲੋਂ ਜੱਟ ਹੋਣ ਉਪਰ ਜਿਆਦਾ ਮਾਣ ਮਹਿਸੂਸ ਕਰਦਾ ਨਜਰ ਆ ਰਿਹਾ ਹੈ। ਉਸ ਨੂੰ ਭੁੱਲ ਹੀ ਗਿਆ ਹੈ, ਮੈਂ ਸਰਦਾਰ ਪਹਿਲਾਂ ਹਾਂ, ਨਾ ਕਿ ਜੱਟ ਜਾਂ ਪੰਜਾਬੀ! ਉਸ ਨੂੰ ਇਹ ਪਤਾ ਨਹੀਂ ਲੱਗ ਰਿਹਾ, ਕਿ ਜੱਟ ਹੋ ਕੇ ਮੈਂ ਇਕੱਲਾ ਰਹਿ ਜਾਂਦਾ ਹਾਂ, ਜਦ ਕਿ ਸਰਦਾਰ ਹੋ ਕੇ ਬਾਕੀ ਵੀ ਮੇਰੇ ਨਾਲ ਬਰਾਬਰ ਰਲਦੇ ਹਨ, ਚਾਹੇ ਕੋਈ ਅਖੌਤੀ ਸ਼ੀਂਬਾ ਹੋਵੇ, ਨਾਈ, ਝੌਰ ਜਾਂ ਆਖਿਆ ਜਾਂਦਾ ਚੂਹੜਾ-ਚਮਾਰ।

ਪੰਜਾਬ ਗੁਰਾਂ ਦੇ ਨਾਂ ‘ਤੇ ਜਿਉਂਦਾ ਹੈ ਤੇ ਗੁਰਾਂ ਨੇ ਇਸ ਨੂੰ ਸਰਦਾਰ ਬਣਾਇਆ ਸੀ ਨਾਂ ਕਿ ਜੱਟ। ਸਰਦਾਰ ਹੋਣ ਨਾਲ ਪੰਜਾਬ ਵਿਚ ਵੱਸਦੇ ਬਾਕੀ ਲੋਕ ਵੀ ਇੱਕੇ ਥਾਂ ਇਕੱਠੇ ਹੁੰਦੇ ਹਨ। ਸਰਦਾਰ ਹੋਣ ਨਾਲ ਇਹ ਫਰਕ ਮਿਟਦਾ ਹੈ, ਕਿ ਕੌਣ ਨਾਈ, ਕੌਣ ਸ਼ੀਂਬਾ, ਕੌਣ ਚੂਹੜਾ ਤੇ ਕੌਣ ਚਮਾਰ। ਸਰਦਾਰ ਬਅਸ ਸਰਦਾਰ ਹੈ! ਪਰ ਜੱਟ ਹੋਣ ਨਾਲ, ਪੰਜਾਬ ਅਲੱਗ ਅੱਲਗ ਜਾਤਾਂ ਵਿਚ ਵੰਡ ਹੋ ਕੇ ਨਿਤਾਣਾ ਤੇ ਨਿਰਬਲ ਹੋ ਜਾਂਦਾ ਹੈ। ਕਿਉਂਕਿ ਜੇ ਇੱਕ ਜੱਟ ਤਾਂ ਦੂਜਾ ਚੂਹੜਾ ਚਮਾਰ ਅਪਣੇ ਆਪ ਹੋ ਜਾਂਦਾ ਹੈ। ਯਾਨੀ ਜੱਟ ਪਾੜਾ ਵਧਾਉਂਦਾ ਹੈ, ਜਦ ਕਿ ਸਰਦਾਰ ਪੰਜਾਬ ਨੂੰ ਇਕੱਠਿਆਂ ਕਰਦਾ ਹੈ। ਤਾਂ ਤੁਸੀਂ ਦੱਸੋ ਪੰਜਾਬ ਦਾ ਇਕੱਠਿਆਂ ਹੋਣਾ ਹਕੂਮਤ ਨੂੰ ਕਿਵੇਂ ਗਵਾਰਾ ਹੈ, ਤੇ ਉਸ ਦੇ ਇਸ ਕੰਮ ਵਿਚ ਫਿਲਮਾਂ ਵਿਚਲੇ ਫੁਕਰੇ ਜੱਟ ਵਧ ਚੜ ਕੇ ਹਿੱਸਾ ਪਾ ਰਹੇ ਹਨ। ਜੱਟਵਾਦ ਨੇ ਸਰਦਾਰ ਦੀ ਆਬਾ ਦਾ ਨਾਸ ਮਾਰ ਕੇ ਰੱਖ ਦਿੱਤਾ ਹੈ। ਲਲਕਾਰੇ ਮਾਰਨੇ, ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੋਹਲਣੇ, ਇਹ ਕੰਮ ਰਹਿ ਗਿਆ ਪੰਜਾਬ ਦਾ, ਜਾਂ ਪੰਜਾਬ ਵਿਚਲੇ ਜੱਟਾਂ ਦਾ ਜਾਂ ਆਖੇ ਜਾਂਦੇ ਪੰਜਾਬੀਆਂ ਦਾ? ਤੇ ਜੇ ਕੋਈ ਹੋਰ ਵੱਡੀ ਪ੍ਰਾਪਤੀ ਗਿਣਨੀ ਹੋਵੇ ਤਾਂ ਉਹ ਹੈ, ‘ਨੱਚਦੀ ਦੀ ਬਾਂਹ ਫੜਲੀ’ ਜਾਂ ‘ਤੇਰੇ ‘ਚ ਤੇਰਾ ਯਾਰ ਬੋਲਦਾ’ ਜਾਂ ‘ਲੱਕ ਟਵੰਟੀ ਏਟ ਕੁੜੀ ਦਾ’???

ਯਾਦ ਰਹੇ ਕਿ ਪੰਜਾਬ ਵਿਚ ਜੱਟ ਗੁਰੂ ਸਹਿਬਾਨਾਂ ਤੋਂ ਪਹਿਲਾਂ ਵੀ ਸਨ। ਪਰ ਪੰਜਾਬ ਦੇ ਜੱਟ ਜੇ ਸਿਰ ਉੱਚਾ ਕਰਕੇ ਤੁਰਨ ਵਾਲੇ ਹੋਏ, ਤਾਂ ਉਹ ਇਸ ਕਰਕੇ ਨਹੀਂ ਕਿ ਉਹ ਜੱਟ ਸਨ, ਬਲਕਿ ਗੁਰੂਆਂ ਦੀ ਬਖਸ਼ਸ਼ ਕਰਕੇ ਸਰਦਾਰ ਦੇ ਨਾਂ ਹੇਠ ਉਨ੍ਹਾਂ ਦਾ ਸਿਰ ਉੱਚਾ ਹੋਇਆ ਤੇ ਹੁਣ ਤੋਂ ਕੁੱਝ ਚਿਰ ਪਹਿਲੇ ਉਹ ਸਰਦਾਰ ਹੋਣ ਉਪਰ ਹੀ ਮਾਣ ਕਰਦੇ ਸਨ। ਇਹ ਵੀ ਕਿ ਜਿਹੜੇ ਸਿੱਖ ਸੂਰਬੀਰਾਂ ਅਬਦਾਲੀਆਂ ਦੇ ਨੱਕ ਦਮ ਕੀਤੇ ਸਨ, ਉਨ੍ਹਾਂ ਵਿਚ ਕੇਵਲ ਇੱਕਲੇ ਜੱਟ ਹੀ ਨਹੀਂ ਸਨ। ਗੁਰੂ ਸਹਿਬਾਨਾ ਵਲੋਂ ਬਖਸ਼ੀ ਹੋਈ ਸਰਦਾਰੀ ਕੇਵਲ ਜੱਟਾਂ ਦੀ ‘ਮਨਾਪਲੀ’ ਨਹੀਂ ਕਿ ਉਹ ਬਾਕੀਆਂ ਨੂੰ ਥੜੇ ਨਾ ਚੜਨ ਦੇਣ। ਜੇ ਉਹ ਇੰਝ ਕਰਦੇ ਹਨ ਤਾਂ ਸਮਝੋ ਅਪਣੇ ਕਫਨ ਵਿਚ ਖੁਦ ਕਿੱਲ ਠੋਕ ਰਹੇ ਹੋਣਗੇ, ਕਿਉਂਕਿ ਹਰੇਕ ਉਹ ਸਿੱਖ ਗੁਰਾਂ ਤੋਂ ਬੇਮੁੱਖ ਹੈ, ਜਿਹੜਾ ਜਾਤ ਦੇ ਨਾਂ ਮਨੁੱਖਤਾ ਵਿਚ ਕਾਣੀ ਵੰਡ ਕਰਦਾ ਹੈ।

ਦੁੱਖ ਦੀ ਗੱਲ ਹੈ ਕਿ ਹੁਣ ਕੁਝ ਫਿਲਮਾਂ, ਅਖੌਤੀ ਸਭਿਆਚਾਰ ਮੇਲਿਆਂ ਦੇ ਪ੍ਰਭਾਵ ਕਾਰਨ ਸਿੱਖਾਂ ਨੂੰ ਜਾਪਣ ਲੱਗ ਪਿਆ ਹੈ, ਕਿ ਜੱਟ ਹੋਣਾ ਸਰਦਾਰ ਹੋਣ ਨਾਲੋਂ ਜਿਆਦਾ ਮਾਣ ਵਾਲੀ ਗੱਲ ਹੈ। ਤੇ ਯਾਦ ਰਹੇ ਕਿ ਪੰਜਾਬ ਜਿਉਂ ਜਿਉਂ ਸਰਦਾਰ ਹੋਣ ਨਾਲੋਂ ਟੁੱਟ ਕੇ ਕੇਵਲ ਜੱਟਵਾਦ ਜਾਂ ਪੰਜਾਬੀਵਾਦ ਵਲ ਵਧ ਰਿਹਾ ਹੈ ਉਸ ਵਿਚਲੀ ਗੈਰਤ ਦਾ ਤਿਉਂ ਤਿਉਂ ਭੋਗ ਪੈਂਦਾ ਨਜਰ ਆ ਰਿਹਾ ਹੈ। ਕਿਉਂਕਿ ਗੈਰਤ, ਅੱਣਖ, ਸਵੈਮਾਨ ਨਾਲ ਜਿਉਂਣਾ ਸਿਖਾਉਂਣ ਵਾਲੇ ਗੁਰੂ ਸਾਹਿਬਾਨਾ ਦੇ ਬਖਸ਼ਸ਼ ਕੀਤੇ ਸਰਦਾਰ ਨੂੰ ਇਹ ਛੱਡਦਾ ਜਾ ਰਿਹਾ ਹੈ। ਤੇ ਸਰਦਾਰ ਛੱਡਣ ਨਾਲ ਉਸ ਪਿੱਛੇ ਜੁੜਿਆ ਇਤਿਹਾਸ ਅਪਣੇ ਆਪ ਛੁੱਟ ਜਾਂਦਾ ਹੈ, ਜਿਸ ਨੇ ਇਸ ਨੂੰ ਮੜਕ ਨਾਲ ਚਲਣਾ ਸਿਖਾਇਆ ਸੀ। ਸਰਦਾਰ ਛੱਡਣ ਨਾਲ ਹਰੀ ਸਿੰਘ ਨਲੂਏ ਵਰਗੇ ਸੂਰਬੀਰ, ਸ੍ਰ. ਸ਼ਾਮ ਸਿੰਘ ਅਟਾਰੀ ਵਰਗੇ ਜੋਧੇ, ਅਕਾਲੀ ਫੂਲਾ ਸਿੰਘ ਵਰਗੇ ਸੂਰਮੇ ਸਿੰਘ ਅਪਣੇ ਆਪ ਇਸ ਦੇ ਜੀਵਨ ਵਿਚੋਂ ਵਿਦਾ ਹੁੰਦੇ ਚਲੇ ਜਾਂਦੇ ਹਨ, ਜਿੰਨਾ ਛੈਲ ਬਾਂਕਿਆਂ ਦੀਆਂ ਧਾਕਾਂ ਖ਼ੈਬਰਾਂ ਤੱਕ ਸਨ ਤੇ ਜੀਹਨਾ ਦੀਆਂ ਵਾਰਾਂ ਅਤੇ ਨਾਮ ਪੰਜਾਬ ਦੇ ਖੂਨ ਵਿਚ ਗਰਮੀ ਪੈਦਾ ਕਰਦੇ ਸਨ। ਪਰ ਸਰਦਾਰ ਤੋਂ ਬਿਨਾ ਜੋ ਪੰਜਾਬ ਵਿਚ ਬਚਿਆ ਉਹ ਹੈ, ਸ਼ਰਾਬਾਂ ਦੇ ਡੱਟ ਖੋਹਲਣ ਵਾਲਾ ਤੇ ਲਲਕਾਰੇ ਮਾਰਨ ਵਾਲਾ ਫੁਕਰਾ ਜੱਟ?

ਤੁਸੀਂ ਦੇਖਿਆ ਹੋਣਾ ਕਿ ਸਾਰੀਆਂ ਪੰਜਾਬੀ ਅਖ਼ਬਾਰਾਂ ਨੇ ਵੀ ਸਰਦਾਰ ਦਾ ‘ਸ੍ਰੀ’ ਬਣਾ ਦਿੱਤਾ ਹੋਇਆ ਜਿਸ ਤੋਂ ਜਾਪਦਾ ਕਿ ਇਹ ਬੜੇ ਬਰੀਕ ਤਰੀਕੇ ਨਾਲ ਸਰਦਾਰ ਨੂੰ ਲੋਕਾਂ ਦੀ ਜਿੰਦਗੀ ਤੋਂ ਦੂਰ ਕੀਤਾ ਜਾ ਰਿਹੈ। ਸਰਦਾਰ ਦੇ ਨਾਂ ਤੇ ਚੁਟਕਲੇ ਬਣਾ ਕੇ, ਉਸ ਨੂ ਹਾਸੇ ਦਾ ਪਾਤਰ ਬਣਾ ਕੇ ਉਸ ਵਿਚ ਹੀਣ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਪਿੱਛੇ ਵੀ ਕਹਾਣੀ ਸਰਦਾਰ ਨੂੰ ਵਿਦਾ ਕਰਨਾ ਹੀ ਹੈ।

ਜੱਟ ਤੋਂ ਬਾਅਦ ਪੰਜਾਬੀ ਹੋਣ ਉਪਰ ਜਿਆਦਾ ਜੋਰ ਦਿੱਤਾ ਜਾ ਰਿਹਾ ਹੈ। ਪੰਜਾਬ ਵਿਚ ਵੱਸਦੇ ਬੰਦੇ ਨੂੰ ਚਲੋ ਪੰਜਾਬੀ ਹੀ ਕਹੋਂਗੇ ਇਸ ਵਿੱਚ ਨੁਕਸਾਨ ਕੁਝ ਨਹੀਂ, ਪਰ ਮਸਲਾ ਇਥੇ ਵੀ ਸਰਦਾਰ ਦੀ ਬਲੀ ਦੇਣਾ ਹੀ ਹੈ। ਪੰਜਾਬ ਵਿਚਲੇ ਪੰਥਕ ਅਖਵਾਉਂਦੇ ਕਾਲੀਆਂ ਵੀ ਸਰਦਾਰ ਦੇ ਗਲ ਗੂਠ ਦੇ ਕੇ ਮੋਗੇ ਵਾਲੀ ਕਾਨਫਰੰਸ ਵਿਚ ਪੰਜਾਬੀ ਹੋਣ ਦਾ ਐਲਾਨ ਕਰ ਦਿੱਤਾ ਹੋਇਆ, ਜਿਸ ਤੋਂ ਵੀ ਹਿੰਦੂ ਲਾਬੀ ਦੇ ਇਰਾਦੇ ਸਾਫ ਨਰਜ ਆਉਂਦੇ ਹਨ ਕਿਉਂਕਿ ਬਾਦਲ ਐਂਡ ਪਾਰਟੀ ਤਾਂ ਹਾਥੀ ਅਗੇ ਕਤੂਰਾ ਹੈ ਉਹ ਜਦ ਚਾਹੁਣ, ਜਿੱਦਾਂ ਦੀ ਚਾਹੁਣ ਇਨ੍ਹਾਂ ਦੀ ਚਊਂ ਚਊਂ ਕਰਾ ਲੈਂਦੇ ਹਨ। ਤੇ ਸਿਆਣੇ ਆਂਹਦੇ ‘ਜਥਾ ਰਾਜਾ ਤਥਾ ਪਰਜਾ’। ਤੁਹਾਡੇ ਜਦ ਰਾਜੇ ਹੀ ਸਰਦਾਰ ਹੋਣਾ ਛੱਡ ਗਏ ਨੇ ਤਾਂ ਪਰਜਾ ਤੋਂ ਤੁਸੀਂ ਕੀ ਉਮੀਦ ਰੱਖਦੇ ਹੋਂ।

ਹੋਣਾ ਇਹ ਚਾਹੀਦਾ ਸੀ ਕਿ ਸਭ ਤੋਂ ਪਹਿਲਾਂ ਮੈਂ ਸਰਦਾਰ ਹੋਵਾਂ, ਫਿਰ ਪੰਜਾਬ ਵਿਚ ਵੱਸਦਾ ਹੋਣ ਕਾਰਨ ਪੰਜਾਬੀ ਤੇ ਫਿਰ ਜਿਸ ਕਿਤੇ ਨਾਲ ਸਬੰਧਤ, ਯਾਨੀ ਜਿੰਮੀਦਾਰੇ ਨਾਲ ਤਾਂ ਜੱਟ, ਲੋਹੇ ਨਾਲ ਲੁਹਾਰ, ਚੰਮ ਨਾਲ ਚਮਾਰ ਤੇ ਸੋਨੇ ਨਾਲ ਸੁਨਾਰ। ਕਿੱਤੇ ਕਾਰਨ ਜੇ ਕਿਸੇ ਦਾ ਕੋਈ ਨਾਂ ਹੈ ਤਾਂ ਇਹ ਸਮਝ ਤੋਂ ਪਰ੍ਹੇ ਹੈ ਕਿ ਇਸ ਨਾਲ ਕੋਈ ਉੱਚਾ ਜਾਂ ਨੀਵਾਂ ਕਿਵੇਂ ਹੋ ਗਿਆ? ਪਰ ਸਮਝਾਂ ਤਾਂ ਸਭ ਲੋਕਾਂ ਦੀਆਂ ਪੰਡੀਏ ਨੇ ਖਤਮ ਕਰ ਦਿੱਤੀਆਂ ਹੋਈਆਂ। ਸਮਝ ਹੀ ਤਾਂ ਹੈ ਜਿਹੜੀ ਦਾ ਪੰਡੀਆ ਵੈਰੀ ਰਿਹਾ ਹੈ। ਜੱਟ ਹੋਣ ਉਪਰ ਛਾਤੀ ਚੌੜੀ ਕਰਨ ਵਾਲਾ ਇਹ ਸੋਚਦਾ ਹੀ ਨਹੀਂ ਕਿ ਜਿੰਮੀਦਾਰ ਹੋਣ ਕਾਰਨ ਜੇ ਉਹ ਜੱਟ ਹੈ, ਤਾਂ ਇਸ ਉਪਰ ਮਾਣ ਵਾਲੀ ਕਿਹੜੀ ਗੱਲ ਹੈ। ਇਸ ਪਿੱਛੇ ਕੀ ਕੋਈ ਬਹੁਤ ਮਾਣ ਕਰਨ ਵਾਲਾ ਇਤਿਹਾਸ ਖੜਾ ਹੈ?

ਚਲੋ ਦੱਸੋ ਜੱਟ ਦਾ ਕੀ ਇਤਿਹਾਸ ਹੈ? ਪੰਜਾਬੀ ਦਾ ਕੀ ਇਤਿਹਾਸ ਹੈ? ਸਰਦਾਰ, ਤਾਂ ਮੈਂ ਤੁਹਾਨੂੰ ਹੁਣੇ ਦੱਸ ਦਿੰਨਾ। ਗੁਰੂ ਸਾਹਿਬਾਨਾ ਤੋਂ ਪਹਿਲਾਂ ਵੀ ਤਾਂ ਪੰਜਾਬ ਵਿਚ ਰਹਿਣ ਵਾਲਾ ਪੰਜਾਬੀ ਸੀ ਹੀ ਨਾ। ਤੇ ਜੱਟ ਵੀ ਸਨ ਹੱਲ ਵਾਹੁਣ ਵਾਲੇ! ਪਰ ਉਹੀ ਪੰਜਾਬੀ ਤੇ ਉਹੀ ਜੱਟ ਬਾਕੀ ਲੋਕਾਂ ਵਾਂਗ ਹੀ ਗਜਨਵੀਆਂ ਧਾੜਵੀਆਂ ਅਗੇ ਸਿਰ ਨਹੀਂ ਸੀ ਸੁੱਟ ਲੈਂਦਾ ਰਿਹਾ? ਗਜਨਵੀਆਂ ਵੇਲੇ ਪੰਜਾਬ ਕਿਉਂ ਨਾ ਬਰਛਾ ਗੱਡ ਕੇ ਖੜ ਗਿਆ? ਨਾਦਰਾਂ ਅਬਦਾਲੀਆਂ ਨੂੰ ਉਹ ਵੰਗਾਰਨ ਜੋਗਾ ਕਦ ਹੋਇਆ? ਜਦ ਸਰਦਾਰ ਬਣਿਆ!! ਤਾਂ ਫਿਰ ਸਰਦਾਰ ਨਾਲੋਂ ਜੱਟ ਜਾਂ ਪੰਜਾਬੀ ਹੋਣਾ ਮਾਣ ਵਾਲੀ ਗੱਲ ਕਿਵੇਂ ਹੋਈ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top