Share on Facebook

Main News Page

ਅਸ਼ਲੀਲਤਾ ਦੇ ਮਾਪਦੰਡ ਕੀ ਹਨ ?
- ਗੁਰਦੇਵ ਸਿੰਘ ਸੱਧੇਵਾਲੀਆ

ਅਸ਼ਲੀਲਤਾ ਦਾ ਕੋਈ ਮਾਪਦੰਡ ਨਹੀਂ! ਅਸ਼ਲੀਲਤਾ ਦਾ ਮਾਪਦੰਡ ਕੀ ਹੋ ਸਕਦਾ? ਅਸ਼ਲੀਲਤਾ ਦਾ ਮਾਪਦੰਡ ਮੈਂ ਖੁਦ ਆਪ ਹਾਂ। ਇਹ ਮੇਰੇ ਉਪਰ ਨਿਰਭਰ ਹੈ ਕਿ ਮੈਂ ਅਸ਼ਲੀਲਤਾ ਕਿਸਨੂੰ ਸਮਝਦਾ ਹਾਂ। ਸਭ ਤੋਂ ਪਹਿਲਾਂ ਮੇਰਾ ਪਰਿਵਾਰ ਕਿਹੋ ਜਿਹਾ ਹੈ, ਮੇਰੇ ਰਿਸ਼ਤੇਦਾਰ ਕਿਵੇਂ ਦੇ ਹਨ, ਮੇਰੇ ਮਿੱਤਰ-ਦੋਸਤ ਕਿਹੋ ਜਿਹੇ ਹਨ, ਕਿਹੋ ਜਿਹੇ ਲੋਕਾਂ ਵਿਚ ਮੇਰਾ ਉਠਣ-ਬੈਠਣ ਹੈ ਯਾਨੀ ਮੇਰੀ ਸੁਸਾਇਟੀ ਕਿਸ ਤਰ੍ਹਾਂ ਦੀ ਹੈ। ਇਹ ਸਭ ਕੁਝ ਮੇਰੀ ਅਸ਼ਲੀਲਤਾ ਦਾ ਮਾਪਦੰਡ ਮਿੱਥਦੇ ਹਨ।

ਹੁਣ ਕਈਆਂ ਨੂੰ ਟੀ.ਵੀ. ਉਪਰ ਆ ਰਹੀ ਐਡ ਵਿਚਲੀ ਕਿਸ ਵੀ ਅਸ਼ਲੀਲਤਾ ਜਾਪਦੀ ਹੈ ਅਤੇ ਉਹ ਚੈਨਲ ਬਦਲ ਦਿੰਦਾ ਹੈ, ਪਰ ਕਈਆਂ ਨੂੰ ਜਵਾਨ ਧੀ ਜਾਂ ਬੇਟੇ ਸਾਹਵੇਂ ਬੈਠ ਚੋਲੀ ਕੇ ਨੀਚੇ ਕਿਆ ਹੈ, ਮੁੰਨੀ ਬਦਨਾਮ ਹੂਈ, ਸ਼ੀਲਾ ਕੀ ਜਵਾਨੀ ਵੀ ਅਸ਼ਲੀਲਤਾ ਨਹੀਂ ਲੱਗਦੀ। ਅਸ਼ਲੀਲਤਾ ਦਾ ਕੋਈ ਇਕ ਮਾਪਦੰਡ ਮਿੱਥਿਆ ਨਹੀਂ ਜਾ ਸਕਦਾ। ਖਾਸ ਕਰ ਹੁਣ ਦੇ ਜੁੱਗ ਵਿਚ ਤਾਂ ਬਿੱਲਕੁਲ ਹੀ ਨਹੀਂ। ਮਨੁੱਖ ਇਨਾ ਬੇਸ਼ਰਮ ਹੋ ਚੁੱਕਾ ਕਿ ਉਸ ਨੂੰ ਅਪਣੀਆਂ ਜਵਾਨ ਧੀਆਂ ਨਾਲ ਬੈਠ ਕੁਝ ਵੀ ਦੇਖਿਆ ਜਾ ਰਿਹਾ ਮਾੜਾ ਨਹੀਂ ਜਾਪਦਾ। ਕਿੰਨੇ ਲੋਕ ਹਨ ਜਿਹੜੇ ਅਪਣੀਆਂ ਜਵਾਨ ਧੀਆਂ ਨਾਲ ਬੈਠ ਬਾਲੀਵੁੱਡ ਨਹੀਂ ਦੇਖ ਸਕਦੇ? ਤੇ ਜਿਹੜੇ ਦੇਖ ਸਕਦੇ ਹਨ ਉਨ੍ਹਾਂ ਲਈ ਅਸ਼ਲੀਲਤਾ ਦਾ ਮਾਪਦੰਡ ਕੀ ਹੋ ਸਕਦਾ। ਤੁਹਾਨੂੰ ਕਿਵੇਂ ਜਾਪੇ ਜੇ ਤੁਹਾਡੀ ਜਵਾਨ ਧੀ ਅੱਧ ਨੰਗੀਆਂ ਛਾਤੀਆਂ ਕਰੀ ਤੁਹਾਡੇ ਸਾਹਵੇਂ ਤੁਰੀ ਫਿਰੇ। ਪਰ ਹੁਣ ਤੁਹਾਨੂੰ ਮਹਿਸੂਸ ਹੋਣੋ ਹਟ ਗਿਆ ਹੈ! ਪਤਾ ਕਿਉਂ? ਕਿਉਂਕਿ ਜਦ ਮੈਂ ਜਵਾਨ ਧੀ ਦੇ ਨਾਲ ਬੈਠ ਮੁੰਨੀ ਅਤੇ ਸ਼ੀਲਾ ਦੇਖ ਲਈ ਹੈ ਤਾਂ ਸ਼ਰਮ ਕਾਹਦੀ ਰਹਿ ਗਈ? ਇਹ ਹੁਣ ਕੋਈ ਅਲੋਕਾਰ ਜਾਪਣੋ ਹਟ ਗਿਆ ਹੈ ਮੈਨੂੰ। ਨੰਗੀਆਂ ਛਾਤੀਆਂ ਚਾਹੇ ਸ਼ੀਲਾ ਨੇ ਕਰ ਲਈਆਂ, ਚਾਹੇ ਮੇਰੀ ਧੀ ਨੇ ਹੁਣ ਮੈਨੂੰ ਫਰਕ ਪੈਣੋ ਹਟ ਗਿਆ ਹੈ। ਜਦ ਕਿਸੇ ਚੀਜ਼ ਨੂੰ ਤੁਹਾਡਾ ਵਾਰ ਵਾਰ ਦੇਖਣ ਨੂੰ ਖੁਦ ਦਿਲ ਕਰੇ ਅਤੇ ਤੁਸੀਂ ਦੇਖਦੇ ਹੀ ਚਲੇ ਜਾਓ ਤਾਂ ਉਸ ਵਿਚਲੀ ਅਸ਼ਲੀਲਤਾ ਦਾ ਅਤੇ ਮੇਰਾ ਪਾੜਾ ਖਤਮ ਹੋ ਜਾਂਦਾ ਹੈ। ਫਿਰ ਮੈਂ ਪੁੱਛਦਾ ਹਾਂ।

ਕਿਹੜੀ ਅਸ਼ਲੀਲਤਾ? ਹੱਦ ਹੋਗੀ ਯਾਰ ਬੰਦਾ ਇੰਟਰਟੇਨਮਿੰਟ Entertainment ਵੀ ਨਾ ਕਰੇ?

ਇਹ ਸਵਾਲ ਕਿਥੋਂ ਆਏ? ਇਹ ਸਵਾਲ ਕੋਈ ਇਕੇ ਦਿਨ ਥੋੜੋਂ ਜੰਮ ਪਏ। ਦਰਅਸਲ ਮੈਂ ਖੁਦ ਦੇਖਣਾ ਚਾਹੁੰਦਾ ਹਾਂ "ਸ਼ੀਲਾ ਦੀ ਜਵਾਨੀ" ਅਤੇ "ਮੁੰਨੀ"। ਤੇ ਹੁਣ ਮੈਂ ਕਦ ਦੇਖਾਂ? ਕਿਥੇ ਦੇਖਾਂ? ਲੁੱਕ ਕੇ ਕਿੰਨਾ ਕੁ ਚਿਰ ਦੇਖਾਂ? ਤੇ ਚਲੋ ਘਰੇ ਹੀ ਦੇਖੋ। ਧੀਆਂ ਦੇ ਸਾਹਵੇਂ! ਤੇ ਯਾਦ ਰਹੇ ਕਿ ਜਦ ਬਾਪ ਧੀ ਦੇ ਸਾਹਵੇਂ ਮੁੰਨੀ ਅਤੇ ਸ਼ੀਲਾ ਦੇਖੇਗਾ ਤਾਂ ਧੀ ਦੇ ਦਿੱਲ ਵਿਚੋਂ ਬਾਪ ਦੀ ਇਜਤ-ਅਦਬ ਵੀ ਗਿਆ ਤੇ ਡਰ ਵੀ।

ਅੱਜ ਜੇ ਹਨੀ-ਹਾਰਡ ਵਰਗੇ ਅਸ਼ਲੀਲਤਾ ਦੀ ਸਿਖਰ ਛੂਹ ਰਹੇ ਹਨ ਅਤੇ ਸਾਡੇ ਅਪਣੇ ਨਿਆਣੇ ਸੀਟੀਆਂ ਅਤੇ ਕੂਕਾਂ ਮਾਰ ਮਾਰ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ, ਤਾਂ ਇਸ ਪਿੱਛੇ ਕਿਸੇ ਨਾ ਕਿਸੇ ਰੂਪ ਵਿਚ ਅਸੀਂ ਵੀ ਤਾਂ ਜਿੰਮੇਵਾਰ ਹਾਂ। ਸੀਟੀਆਂ ਜਾਂ ਕੂਕਾਂ ਮਾਰਨ ਵਾਲੇ ਸਾਡੇ ਹੀ ਘਰਾਂ ਵਿਚੋਂ ਗਏ ਹਨ। ਸਾਡੇ ਹੀ ਸਾਏ ਹੇਠ ਪਲੇ ਹਨ ਅਤੇ ਜਵਾਨ ਹੋਏ ਹਨ। ਹਨੀ ਜਾਂ ਹਾਰਡ ਅਪਣੇ ਆਪ ਵਿੱਚ ਕੁੱਝ ਵੀ ਨਹੀਂ ਹਨ। ਉਨ੍ਹਾਂ ਪਿੱਛੇ ਸੀਟੀਆਂ ਮਾਰਨ ਵਾਲਾ ਇਕ ਹਜੂਮ ਖੜੋਤਾ ਹੈ, ਜਿਹੜਾ ਉਨ੍ਹਾਂ ਨੂੰ ਗੰਦ ਪਾਉਣ ਲਈ ਉਕਸਾਉਂਦਾ ਹੈ। ਉਹ ਹਜੂਮ ਕਿਥੋਂ ਆਇਆ? ਕਿਸ ਧਰਤੀ ਦਾ ਹੈ ਉਹ ਹਜੂਮ? ਕਿਤੇ ਰਾਤੋ ਰਾਤ ਹੀ ਥੋੜੋਂ ਉੱਗ ਆਇਆ। ਇਸ ਹਜੂਮ ਦੇ ਬੀਜ ਕਿਤੇ ਨਾ ਕਿਤੇ ਮੇਰੇ ਅੰਦਰ ਹਨ। ਮੇਰੇ ਵਿਚੋਂ ਪੈਦਾ ਹੋਇਆ ਇਹ ਹਜੂਮ। ਮੇਰੇ ਬਜ਼ੁਰਗਾਂ ਵਿਚੋਂ! ਮੇਰੇ ਵੱਡਿਆਂ ਵਿਚੋਂ! ਮੇਰੇ ਆਖੇ ਜਾਂਦੇ ਸਿਆਣਿਆਂ ਵਿਚੋਂ?

ਇੱਕ ਚਿੱਟ ਦਾਹੜੀਆ ਬਜ਼ੁਰਗ ਸ਼ਰਾਬ ਦਾ ਗਲਾਸ ਭਰੀ ਬੈਠਾ ਹੈ। ਡੀ.ਜੇ. ਦੇ ਕੰਜਰਖਾਨੇ ਉਪਰ ਉਸ ਦੀ ਧੀ, ਉਸ ਦੀ ਨੂੰਹ, ਉਸ ਦੀ ਜਵਾਨ ਪੋਤਰੀ, ਉਸ ਦੀ ਦੋਹਤੀ ਮੁਸ਼ਟੰਡਿਆਂ ਅਗੇ ਨੱਚ ਰਹੀਆਂ ਹਨ ਗਲ ਵਿਚ ਵਾਲ ਖਿਲਾਰੀ, ਅੱਧੀਆਂ ਨੰਗੀਆਂ ਛਾਤੀਆਂ ਕੱਢੀ, ਭੀੜੇ ਤੇ ਭੜਕੀਲੇ ਕੱਪੜੇ ਪਾਈ ਤੇ ਉਹ ਚਿੱਟ ਦਾਹੜਾ ਇਨ੍ਹਾਂ ਸਭ ਦੇ ਉਪਰੋਂ ਨੋਟ ਵਾਰ ਕੇ ਨਚਾਰਾਂ ਦੇ ਪੈਰਾਂ ਵਿਚ ਸੁੱਟ ਰਿਹਾ ਹੈ। ਦੋਸ਼ ਕਿਸਦਾ? ਮੈਂ ਕਹਿੰਨਾ ਮੰਡੀਰ ਨੂੰ ਕੋਸਣ ਤੋਂ ਪਹਿਲਾਂ ਇਨ੍ਹਾਂ ਬੁੱਢਿਆਂ ਨੂੰ ਸਿਵਿਆਂ ਵਿਚ ਸੁੱਟ ਕੇ ਬਾਲਣ ਪਾ ਕੇ ਫੂਕੋ! ਪੰਜਾਬ ਦੀ ਗੈਰਤ ਪਹਿਲਾਂ ਇਨ੍ਹਾਂ ਵਿਚੋਂ ਮਰੀ, ਫਿਰ ਇਹ ਅਗਲੀਆਂ ਨਸਲਾਂ ਵਿਚ ਜਿਉਂਦੀ ਕਿਥੋਂ ਰੱਖ ਸਕਦੇ ਹਨ?

ਤੁਸੀਂ ਹਨੀ-ਹਾਰਡ ਦੀ ਗੱਲ ਕਰਦੇ ਅੱਜ ਪ੍ਰੇਸ਼ਾਨ ਹੋ ਰਹੇ ਹੋ, ਪਰ ਇਸ ਮੁਕਾਮ ਤੱਕ ਪਹੁੰਚਣ ਵਾਲੇ ਸਾਰੇ ਕੰਜਰਖਾਨੇ ਦੀ ਮਾਂ ਜਗਦੇਵ ਜੱਸੋਵਾਲ ਨੂੰ ਕਿਉਂ ਭੁੱਲ ਜਾਂਦੇ ਹੋ, ਜਿਸ ਸਭਿਆਚਾਰ ਦੇ ਨਾਂ ਤੇ ਥਾਂ-ਥਾਂ ਮੇਲੇ ਕਰਵਾ ਕੇ ਪੂਰਾ ਦਰਿਆ ਵਗਾ ਦਿੱਤਾ ਨਸ਼ਿਆਂ ਦਾ ਪੰਜਾਬ ਵਿਚ। ਅਤੇ ਇਸ ਮੇਲਿਆਂ ਦੇ ਗੰਦ ਵਿਚੋਂ ਹੀ ਇਹ ਨਵੀਂ ਗੰਦਗੀ ਪੈਦਾ ਹੋ ਰਹੀ ਹੈ`, ਜਿਸ ਨੂੰ ਤੁਸੀਂ ਹਨੀ ਜਾਂ ਹਾਰਡ ਕਹਿੰਦੇ ਹੋ। ਤੇ ਇਸ ਗੰਦਗੀ ਨੂੰ ਰੂੜੀ ਕੌਣ ਪ੍ਰਦਾਨ ਕਰ ਰਿਹੈ?

ਪ੍ਰਮੋਟਰ ਅਤੇ ਮੀਡੀਆ! ਯਾਨੀ ਅੱਸਿਧੇ ਰੂਪ ਵਿਚ ਦੱਲੇ। ਪ੍ਰਮੋਟਰ ਕੀ ਹੈ? ਦੱਲਾ ਹੀ ਤਾਂ ਹੈਪ੍ਰਮੋਟਰ ਸੁਧਰਿਆ ਹੋਇਆ ਨਾਂ ਹੈ ਦੱਲੇ ਦਾ, ਜਿਵੇਂ ਕੰਜਰਾਂ ਅਤੇ ਕੰਜਰੀਆਂ ਦਾ ਨਾਂ ਅਸੀਂ ਸਟਾਰ ਅਤੇ ਕਲਾਕਾਰ ਰੱਖ ਲਿਆ ਹੋਇਆ ਹੈ। ਉਸ ਕੌਮ ਨੂੰ ਤੁਸੀਂ ਕਦ ਤੱਕ ਜਿਉਂਦੀ ਰੱਖ ਲਵੋਂਗੇ ਜਿਹੜੀ ਕੰਜਰਾਂ ਦਾ ਸੀਟੀਆਂ ਅਤੇ ਕੂਕਾਂ ਮਾਰ ਕੇ ਸਵਾਗਤ ਕਰਦੀ ਹੈ ਅਤੇ ਦੱਲਿਆਂ ਨੂੰ ਪਤਵੰਤੇ ਸੱਜਣ ਕਹਿ ਕੇ ਵਡਿਅਉਂਦੀ ਅਤੇ ਗੁਰਦੁਆਰਿਆਂ ਵਿੱਚ ਸਿਰੋਪੇ ਦਿੰਦੀ ਹੈ?

ਅਸ਼ਲੀਲਤਾ ਦਾ ਸਭ ਤੋਂ ਵੱਡਾ ਤੇ ਦੁਖਦਾਈ ਪਹਿਲੂ ਇਹ ਹੈ ਕਿ ਇਹ ਸਾਡੇ ਧਾਰਮਿਕ ਅਸਥਾਨਾਂ ਦੀਆਂ ਬਰੂਹਾਂ ਵੀ ਟੱਪ ਆਈ ਹੈ। ਜਿਵੇਂ ਹਿੰਦੂ ਨੇ ਤਰ੍ਹਾਂ ਤਰ੍ਹਾਂ ਦੇ ਸੈਕਸੀ ਆਸਣਾਂ ਵਾਲੇ ਖਜੂਰਾਹੋ ਦੇ ਮੰਦਰ ਨੂੰ ਧਾਰਮਿਕ ਅਸਥਾਨ ਮੰਨ ਲਿਆ, ਪਾਰਬਤੀ ਦਾ ਪੈਰ ਦੇਖ ਬ੍ਰਹਮਾ ਦੇ ਬੀਰਜ ਛੁੱਟ ਜਾਣ, ਜਲੰਧਰ ਵਰਗੇ ਦੀ ਪਤਨੀ ਨਾਲ ਬਲਾਤਕਾਰ ਕਰਨ ਵਾਲੇ ਵਿਸ਼ਨੂੰ, ਭਗਵਤ ਪੁਰਾਣ ਦੀਆਂ ਕ੍ਰਿਸ਼ਨ ਦਾ ਗੋਪੀਆਂ ਦੇ ਕੱਪੜੇ ਚੁਰਾਉਂਣ ਵਰਗੀਆਂ ਕਹਾਣੀਆਂ ਨੂੰ ਧਰਮ ਮੰਨ ਲਿਆ, ਉਸ ਵਲ ਵੇਖ ਉਹੀ ਹਾਲ ਸਿੱਖਾਂ ਅਪਣਾ ਕਰ ਲਿਆ, ਜਦ ਉਨਹੀਂ ਭੰਗ ਅਤੇ ਅਫੀਮ ਖਾ ਕੇ ਮੰਜੇ ਤੋੜਨ ਵਾਲੀਆਂ ਕਹਾਣੀਆਂ, ਪਤੀ ਤੋਂ ਮਹਿੰਦੀ ਲਵਾ ਕੇ ਯਾਰ ਨਾਲ ਖੇਹ ਖਾਣ ਵਰਗੀਆਂ ਕਹਾਣੀਆਂ, ਗੁਰੂ ਬਾਜਾਂ ਵਾਲੇ ਨੂੰ ਲੋਕਾਂ ਦੀਆਂ ਕੰਧਾਂ ਟੱਪਣ ਵਰਗੀਆਂ ਗੰਦੀਆਂ ਕਹਾਣੀਆਂ ਨੂੰ ਧਰਮ ਦਾ ਨਾਂ ਦੇ ਲਿਆ ਅਤੇ ਅਜਿਹੇ ਗਰੰਥ ਨੂੰ ਗੁਰਦੁਆਰਿਆਂ ਵਿੱਚ ਸਜਾ ਲਿਆ, ਤਾਂ ਅੱਜ ਅਸੀਂ ਇਨ੍ਹਾਂ ਹਨੀਆਂ-ਹਾਰਡਾਂ ਦਾ ਕਿਹੜੇ ਮੂੰਹ ਸਿਆਪਾ ਕਰੀਏ?

ਅੱਜ ਇੱਕ ਖੁਲ੍ਹਾ ਸਵਾਲ ਸਾਡੇ ਸਭ ਦੇ ਸਾਹਮਣੇ ਹੈ ਕਿ ਲੱਚਰ ਗਾਇਕਾਂ ਦੀ ਅਸ਼ਲੀਲਤਾ ਅਤੇ ਲੱਚਰਤਾ ਕਾਰਨ ਸਾਡੀਆਂ ਨਸਲਾਂ ਤਬਾਹ ਹੋ ਰਹੀਆਂ ਹਨ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਬਰਬਾਦੀ ਸਾਡੀਆਂ ਬਰੂਹਾਂ ਤੇ ਦਸਤਕ ਦੇ ਰਹੀ ਹੈ ਤਾਂ ਜਦ ਅਸੀਂ ਲੜਨਾ ਹੈ ਤਾਂ ਸਾਡੇ ਧਾਰਮਿਕ ਲੋਕਾਂ ਦੀ ਪਹੁੰਚ ਕੀ ਹੈ। ਜੇ ਕੱਲ ਨੂੰ ਇਹ ਮਸਲਾ ਅਕਾਲ ਤਖਤ ਉਪਰ ਜਾਂਦਾ ਹੈ ਤਾਂ ਉਨ੍ਹਾਂ ਦਾ ਅਸ਼ਲੀਲਤਾ ਬਾਰੇ ਮਾਪਡੰਦ ਕੀ ਹੈ ਜਾਂ ਕੋਈ ਵੀ ਨਹੀਂ? ਹਨੀ ਜਾਂ ਹਾਰਡ ਨੂੰ ਲੂੰਗੀਆਂ ਵਾਲੇ ਜਾਂ ਧੁੰਮਾ ਪਾਰਟੀ ਜਾਂ ਭੰਗ ਪੀਣੇ ਨਿਹੰਗ ਕੀ ਕੋਈ ਜਵਾਬ ਦੇ ਵੀ ਸਕਣਗੇ ਜੇ ਧਾਰਮਿਕ ਅਸਥਾਨਾਂ ਉਪਰ ਸਜਾਈ ਗਈ ਅਸ਼ਲੀਲਤਾ ਦੀ ਗੱਲ ਕਰਦੇ ਹਨ? ਪਰ ਮੈਂ ਭੁੱਲ ਗਿਆ। ਉਨ੍ਹਾਂ ਲਈ ਤਾਂ ਅਸ਼ਲੀਲਤਾ ਹੈ ਹੀ ਨਹੀਂ, ਇਹ ਤਾਂ ਸਾਡੇ ਬੇਸਮਝਾਂ ਵਾਸਤੇ ਹੈ, ਜਿੰਨਾ ਨੂੰ ਅਖੌਤੀ ਦਸਮ ਗ੍ਰੰਥ ਸਮਝ ਨਹੀਂ ਆ ਰਿਹਾ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top