Share on Facebook

Main News Page

ਚੁੱਪ ਵੇ ਅੜਿਆ ਚੁੱਪ....? ਕਿਸ਼ਤ ਪਹਿਲੀ
-
ਗੁਰਦੇਵ ਸਿੰਘ ਸੱਧੇਵਾਲੀਆ

24 Jan 2013

ਪਰ ਕਦ ਤੱਕ? ਕਦੇ ਤਾਂ ਬੰਦਾ ਬੋਲੇਗਾ ਹੀ ਨਾ। ਜਦ ਤੁਸੀਂ ਹਲੂਣਦੇ ਹੀ ਤੁਰੇ ਜਾਉਂਗੇ ਤਾਂ ਕੀ ਹੋਊ? ਮੈਂ ਔਰਤਾਂ ਵਾਂਗ ਲੜਾਈ ਵਿਚ ਵਿਸਵਾਸ਼ ਨਹੀਂ ਰੱਖਦਾ। ਮੇਰੀ ਛੋਟੀ ਮੱਤ ਹੈ, ਇਸ ਮੱਤ ਨੂੰ ਜੇ ਗੁਰੂ ਨੇ ਬਖਸ਼ਸ਼ ਕਰਕੇ ਕੋਈ ਚਾਰ ਅੱਖਰ ਲਿਖਣ ਦਾ ਹੁਨਰ ਦਿੱਤਾ ਤਾਂ ਇਸ ਨੂੰ ਐਵੇ ਫਾਲਤੂ ਬਹਿਸ ਵਿਚ ਪੈਕੇ ਅਪਣਾ ਅਤੇ ਦੂਜਿਆਂ ਦਾ ਸਮਾਂ ਜਾਇਆ ਕਿਉਂ ਕੀਤਾ ਜਾਵੇ? ਦੂਜਾ, ਤੁਸੀਂ ਇਕ ਦੂਏ ਦਾ ਜਲੂਸ ਕੱਢਦੇ ਹੋ, ਤੀਜਾ ਪੜ੍ਹਨ ਵਾਲਿਆਂ ਨੂੰ ਅਵਾਜਾਰ ਕਰਦੇ ਹੋ, ਜਿਹੜੇ ਤੁਹਾਡੀ ਇਸ ਖਹਿਬਾਜੀ ਤੋਂ ਦੁਖੀ ਹੁੰਦੇ ਹਨ, ਕਿ ਇਹ ਬੰਦੇ ਸਿੱਖੀ ਪ੍ਰਚਾਰ ਦੀ ਗੱਲ ਖਾਕ ਕਰਨਗੇ, ਜਿਹੜੇ ਅਪਣੇ ਹੀ ਔਰਤਾਂ ਵਾਲੇ ਮਿਹਣਿਆਂ ਤੋਂ ਵਿਹਲੇ ਨਹੀਂ? ਮੈਂ ਉਪਰਲੀਆਂ ਗੱਲਾਂ ਦਾ ਧਾਰਨੀ ਰਿਹਾ ਹਾਂ ਤੇ ਹੁਣ ਵੀ ਹਾਂ ਕਿ ਮਿਹਣੋ-ਕੁਮਿਹਣੀ ਹੋਣਾ ਚੰਗਾ ਨਹੀਂ, ਸਾਨੂੰ ਸਭ ਨੂੰ ਸਿਆਣੇ ਬਣਨਾ ਚਾਹੀਦਾ ਹੈ, ਪਰ ਭਰਾਵੋ ਅੱਜ ਦੀ ਘੜੀ ਤੁਸੀਂ ਮੈਨੂੰ ਮੂਰਖ ਸਮਝ ਕੇ ਮਾਫ ਕਰ ਦੇਣਾ।

ਇਕ ਗੱਲ ਹੋਰ! ਪਾਠਕਾਂ ਨੂੰ ਹੱਕ ਹੈ ਇਹ ਸਵਾਲ ਕਰਨ ਦਾ ਕਿ ਜਿਹੜੀਆਂ ਗੱਲਾਂ ਤੂੰ ਹੁਣ ਕਰ ਰਿਹਾ, ਪਹਿਲਾਂ ਨਾ ਸੀ ਪਤਾ? ਪਰ ਭਰਾਵੋ ਇਕ ਬਿਮਾਰੀ ਹੈ, ਜਿਸ ਦਾ ਮੈਂ ਇਕਬਾਲ ਕਰਦਾ ਹਾਂ ਤੇ ਅਸੀਂ ਸਭ ਕਿਸੇ ਨਾ ਕਿਸੇ ਰੂਪ ਵਿਚ ਸ਼ਿਕਾਰ ਹਾਂ, ਇਸ ਦੇ ਤੇ ਉਹ ਹੈ, ਨਿੱਜਵਾਦ। ਜਿੰਨਾ ਚਿਰ ਸਾਡੇ ਕੋਈ ਨਿੱਜ ਤੇ ਹੱਥ ਨਹੀਂ ਧਰਦਾ, ਉਨ੍ਹਾਂ ਚਿਰ ਅਸੀਂ ਕਿਸੇ ਗੱਲ ਨੂੰ ਗੰਭੀਰਤਾ ਨਾਲ ਸੋਚਣਾ ਸ਼ੁਰੂ ਨਹੀਂ ਕਰਦੇ ਤੇ ਉਸ ਬਿਮਾਰੀ ਦਾ ਸ਼ਿਕਾਰ ਮੈਂ ਵੀ ਹਾਂ। ਜਦ ਮੇਰੇ ਨਿੱਜ ਬਾਰੇ ਕੋਈ ਗੱਲ ਹੋਈ, ਤਾਂ ਮੈਂ ਵੀ ਸੋਚਣਾ ਸ਼ੁਰੂ ਕੀਤਾ, ਕਿ ਇਸ ਸਿੱਖੀ ਦੇ ‘ਥੰਮ’ ਦਾ ‘ਬਾਇਓਡਾਟਾ Biodata’ ਕੱਢਿਆ, ਤਾਂ ਜਾਣਾ ਬਣਦਾ ਹੈ, ਨਹੀਂ ਤਾਂ ਪਹਿਲਾਂ ਬਾਕੀ ਲੋਕਾਂ ਵਾਂਗ, ਮੈਂ ਵੀ ਸੋਚਦਾ ਸਾਂ ਕਿ ਇਹ ਪ੍ਰਚਾਰ ਕਰ ਰਿਹੈ ਸਿੱਖੀ ਦਾ। ਸੋ, ਭਰਾਵੋ ਇਹ ਨਿੱਜ ਵਾਲੀ ਬਿਮਾਰੀ ਇਕ ਔਗੁਣ ਹੈ, ਪਰ ਮੈਂ ਮੰਨਦਾ ਹਾਂ ਕਿ ਇਹ ਮੇਰੇ ਵਿਚ ਵੀ ਹੈ, ਜੋ ਕਿ ਕੌਮ ਦੇ ਚੰਗੇ ਹਿੱਤਾਂ ਲਈ ਖਤਰਨਾਕ ਹੈ। ਗੁਰੂ ਸਾਡੇ ਸਭ ਤੇ ਰਹਿਮਤ ਕਰੇ ਤੇ ਸਾਨੂੰ ਸਭ ਨੂੰ ਨਿੱਜ ਤੋਂ ਉਪਰ ਉਠਣ ਵਿਚ ਸਾਡੀ ਮਦਦ ਕਰੇ।

ਸ੍ਰ. ਗੁਰਚਰਨ ਸਿੰਘ ਜਿਉਣਵਾਲਾ! ਮੇਰੇ ਸ਼ਹਿਰ ਦਾ ਹੈ, ਮੇਰੇ ਗੁਆਂਢ ਹੈ। ਤੀਜੀ ਵਾਰ ਬੋਲਣ ਤੇ ਮੈਨੂੰ ਜਾਪਿਆ ਕਿ ਮੈਨੂੰ ਬੋਲਣਾ ਚਾਹੀਦਾ, ਕਿ ਸਾਡੀ ਇਕ ਦੂਏ ਨਾਲ ਮੁਸ਼ਕਲ ਕੀ ਹੈ। ਮੇਰੀ ਇਸ ਸਖਸ਼ ਨਾਲ ਕੋਈ ਮੁਸ਼ਕਲ ਨਹੀਂ, ਨਿੱਜੀ ਤਾਂ ਬਿਲੱਕੁਲ ਹੀ ਨਹੀਂ। ਜੇ ਹੋਵੇ ਤਾਂ ਇਸ ਭਰਾ ਨੂੰ ਹੋ ਸਕਦੀ, ਮੈਨੂੰ ਕੋਈ ਨਹੀਂ। ਮੇਰੀ ਮੁਸ਼ਕਲ ਇਕ ਹੈ, ਜਿਹੜੀ ਮੈਂ ਅਪਣੇ ਮਿਤਰਾਂ-ਦੋਸਤਾਂ ਕੋਲੇ ਵੀ (ਸਪੈਸ਼ਲ ਜਾ ਕੇ ਨਹੀਂ ਜਿਵੇਂ ਇਨ੍ਹਾਂ ਬਾਈ ਜੀ ਨੇ ਲਿਖਿਆ ਹੈ) ਤੇ ਉਹ ਮੈਂ ਤੱਥਾਂ ਦੇ ਅਧਾਰ ਦੱਸੀ ਹੈ, ਤੇ ਹੁਣ ਵੀ ਖੁਲ੍ਹੇਆਮ ਕਹਿੰਦਾ ਹਾਂ, ਕਿ ਕੁਝ ਨਾਸਤਿਕ ਲੋਕਾਂ ਸਿੱਖੀ ਦੇ ਪ੍ਰਚਾਰ ਦਾ ਝੰਡਾ ਅਪਣੇ ਹੱਥ ਲੈ ਲਿਆ ਹੈ, ਜਿਹੜੇ ਕਰਮ-ਕਾਡਾਂ ਨੂੰ ਭੰਡਣ ਦੇ ਨਾਂ 'ਤੇ, ਡੇਰਾਵਾਦ ਵਿਰੁਧ ਝੰਡਾ ਚੁੱਕਣ ਦੇ ਨਾਂ 'ਤੇ, ‘ਦਸਮ ਗਰੰਥ’ ਬਾਰੇ ਜਾਗਰੂਕ ਕਰਨ ਦੇ ਨਾਂ ‘ਤੇ ਸਿੱਖੀ ਦੀਆਂ ਬੁਨਿਆਦੀ ਜੜ੍ਹਾਂ ਨੂੰ ਹੀ ਵੱਡਣ ਤੁਰ ਪਏ ਹਨ। ਤੇ ਜਿਹੜੇ ਕੇਵਲ ਤੇ ਕੇਵਲ ਪੰਡਤੀ ਅਤੇ ਰੁੱਖੇ ਗਿਆਨ ਦੇ ਰੇਗਸਤਾਨਾਂ ਵਿਚ ਕੌਮ ਨੂੰ ਧੂਹ ਤੁਰੇ ਹਨ, ਜਿਥੇ ਨਾ ਗੁਰੂ ਦਾ ਕੋਈ ਅਦਬ, ਨਾ ਸਤਿਕਾਰ, ਨਾ ਵਿਸਵਾਸ਼, ਨਾ ਭਰੋਸਾ ਅਤੇ ਨਾ ਕੋਈ ਦ੍ਰਿੜਤਾ ਰਹੀ ਹੈ। ਜੇ ਰਿਹਾ ਹੈ ਤਾਂ ਕੇਵਲ ਆਹ ਵੀ ਮਾੜਾ ਆਹ ਨੀ ਚੰਗਾ ਤਾਂ ਹੈ, ਹੀ ਬਲਕਿ ਸਿੱਖੀ ਦੇ ਸਭ ਤੋਂ ਵੱਡੇ ਭਰੋਸੇ ਦੇ ਪ੍ਰਤੀਕ ਗੁਰੂ ਦੀ ਬਖਸ਼ਿਸ਼ ਵਾਲੇ ਕੇਸ ਵੀ ਇਨ੍ਹਾਂ ਨੂੰ ਹਿੰਦੂ ਦੇ ਜਨੇਊ ਵਾਲੇ ਭੇਖ ਵਾਂਗ ਜਾਪਣ ਲੱਗ ਪਏ ਹਨ, ਤੇ ਇਨ੍ਹਾਂ ਦੇ ਪੰਡਤੀ ਗਿਆਨ ਨੇ ਜੁਅਰਤ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿ ਕੇਸਾਂ ਉਪਰ ਵੋਟਿੰਗ ਹੋ ਸਕਦੀ ਹੈ

ਜਾਗਰੂਕ ਧਿਰਾਂ ਚਾਹੇ ਅੱਜ ਤੇ ਚਾਹੇ ਕੱਲ ਸੋਚ ਲੈਣ ਕਿ ਜੇ ਅਜਿਹੇ ਨਾਸਤਿਕਾਂ ਨੂੰ ਉਨ੍ਹਾਂ ਅਪਣੇ ਨਾਲੋਂ ਅਲੱਗ ਥਲੱਗ ਨਾ ਕੀਤਾ, ਤਾਂ ਉਹ ਭੁੱਲ ਜਾਣ ਕਿ ਡੇਰਾਵਾਦ ਵਿਰੁਧ ਉਨ੍ਹਾਂ ਦੀ ਵਿੱਢੀ ਹੋਈ ਲੜਾਈ ਵਿਚ ਉਹ ਸਾਧਾਂ ਦਾ ਵਾਲ ਵੀ ਵਿੰਗਾ ਕਰ ਜਾਣਗੇ। ਕਿਉਂਕਿ ਇਨ੍ਹਾਂ ਦਾ ਰੁੱਖਾ ਅਤੇ ਅਸ਼ਰਧਕ ਗਿਆਨ ਸਾਧ ਲਾਣੇ ਨੂੰ ਬਲ ਦਿੰਦਾ ਹੈ, ਅਤੇ ਉਹ ਇਨ੍ਹਾਂ ਦੀਆਂ ਨਾਸਤਿਕ ਢੁੱਚਰਾਂ ਨੂੰ ਅਪਣੇ ਹਥਿਆਰ ਵਜੋਂ ਵਰਤ ਕੇ ਅਪਣੇ ਭੋਰਿਆਂ ਦੀਆਂ ਜੁੱਤੀਆਂ ਵਾਲੇ ‘ਭ੍ਰਹਮਗਿਆਨੀਆਂ’ ਨੂੰ ਬਚਾ ਲੈਂਦੇ ਹਨ, ‘ਦਸਮ ਗਰੰਥ’ ਦੀ ਤ੍ਰਿਆ ਚਰਿਤਰ ਦਾ ਕੂੜਾ-ਕਰਕਟ ਵੀ ਢੱਕ ਲੈਂਦੇ ਹਨ ਅਤੇ ਅਪਣੇ ਭੋਰਿਆਂ ਵਿਚਲੀਆਂ ਅਯਾਸ਼ੀਆਂ ਉਪਰ ਵੀ ਪੜਦਾ ਪਾ ਲੈਂਦੇ ਹਨ।

ਮੇਰਾ ਨਾਸਤਿਕਤਾ ਦਾ ਇਲਜਾਮ ਉਸ ਸੋਚ ਵਿਚੋਂ ਨਹੀਂ ਆ ਰਿਹਾ, ਜਿਥੇ ਜਦ ਡੇਰੇਦਾਰਾਂ ਨੂੰ ਜਦ ਜਵਾਬ ਕੋਈ ਨਾ ਆਵੇ ਤਾਂ ਉਹ ਕਾਮਰੇਡ, ਨਾਸਤਿਕ ਜਾਂ ਕਾਲੇ ਅਫਗਾਨੀਏ ਕਹਿ ਕੇ ਅਪਣੀ ਕੁਟਲਨੀਤੀ ਜ਼ਾਹਰ ਕਰਕੇ ਬਰੀ ਹੋ ਜਾਂਦੇ ਹਨ। ਮੈਂ ਇਸ ਲਾਏ ਹੋਏ ਇਲਜਾਮ ਨੂੰ ਝੂਠੀਆਂ ਰੇਤ ਦੀਆਂ ਕੰਧਾਂ ਉਪਰ ਨਹੀਂ ਰੱਖਾਂਗਾ, ਬਲਕਿ ਪਾਠਕਾਂ ਅਗੇ ਉਹ ਸਚਾਈਆਂ ਰੱਖਾਂਗਾ, ਜਿਸ ਤੋਂ ਨਤੀਜਾ ਉਹ ਆਪ ਕੱਢ ਲੈਣਗੇ।

ਕੇਵਲ ਜਿਉਂਣਵਾਲਾ ਹੀ ਨਹੀਂ ਇਸ ਸਾਰੇ ‘ਗੋਰਖ ਧੰਦੇ’ ਵਿਚ ਇਨ੍ਹਾਂ ਦੀ ‘ਸਿੰਘ ਸਭਾ ਕਨੇਡਾ’ ਵੀ ਉਨੀ ਹਿੱਸੇਦਾਰ ਹੈ, ਜਿੰਨਾ ਇਹ ਜਾਂ ਇਸ ਦੇ ਕੁਝ ਹੋਰ ਸਾਥੀ। ਕੋਈ ਸ਼ੱਕ ਨਹੀਂ ਇਸ ਵਿਚ ਕੁਝ ਚੰਗੇ ਬੰਦੇ ਹਨ, ਪਰ ਉਨ੍ਹਾਂ ਦੀ ਬੁੱਕਤ ਉਹੀ ਹੈ, ਜਿਹੜੀ ਦਿੱਲੀ ਵਾਲੇ ਮਨਮੋਹਣ ਸਿੰਘ ਦੀ ਹੈ। ‘ਸਿੰਘ ਸਭਾ ਕਨੇਡਾ’ ਦੇ ਸੰਚਾਲਕਾਂ ਨੂੰ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਨੂੰ ਅਤੇ ਇਸ ਦੇ ਬਾਕੀ ਸਾਥੀਆਂ ਨੂੰ ਬਰਦਾਸ਼ਤ ਕੀਤਾ ਤੇ ਹੁਣ ਤੱਕ ਕਰੀ ਆ ਰਹੇ ਹਨ, ਤਾਂ ਤੁਸੀਂ ਦੱਸੋ ਈਮਾਨਦਾਰੀ ਕਿਤੇ ਰਗੜ ਕੇ ਫੋੜੇ ਤੇ ਲਾਉਂਣੀ ਹੈ? ਪਰ ਕਾਰਨ ਕੀ? ਸਿੱਖੀ ਦਾ ਪ੍ਰਚਾਰ? ਨਹੀਂ! ਅਪਣੇ ਧੜੇ ਦੀ ਠੁੱਕ ਤੇ ਗਿਣਤੀ ਬਣਾਈ ਰੱਖਣਾ ਅਤੇ ਈਗੋ ਦੇ ਝੰਡੇ ਬੁਲੰਦ ਕਰਨਾ ਕਿ ਅਸੀਂ ਵੀ ਇਸ ਦੁਨੀਆਂ ਉਪਰ ਹਾਂ!! ਨਹੀਂ ਤਾਂ ਗੁਰਸਿੱਖ ਬਿਰਤੀ ਵਾਲੇ ਮਨੁੱਖ ਅਤੇ ਸਿੱਖੀ ਦਾ ਪ੍ਰਚਾਰ ਲੈ ਕੇ ਤੁਰਨ ਵਾਲੇ ਅਪਣੀਆਂ ਠੁੱਕਾਂ ਵਿਚ ਨਹੀਂ ਪੈਂਦੇ ਅਤੇ ਉਹ ਬੇਅਸੂਲੇ ਬੰਦਿਆਂ ਨੂੰ ਅਜਿਹੀਆਂ ਸੰਸਥਾਵਾਂ ਦੇ ਨੇੜੇ ਨਹੀਂ ਫੜਕਣ ਦਿੰਦੇ, ਜਿਹੜੇ ਸਿੱਖੀ ਦੇ ਮੁੱਢਲੇ ਅਤੇ ਬੇਸਿਕ ਸਿਧਾਤਾਂ ਦੇ ਹੀ ਵਿਰੋਧੀ ਹੋਣ!!

ਇਨ੍ਹਾਂ ‘ਸਿੰਘ ਸਭੀਆਂ’ ਦੀ ਮੱਤ ਦਾ ਉਸ ਵੇਲੇ ਹੀ ਪਤਾ ਲੱਗ ਗਿਆ ਸੀ, ਜਦ ਜਿਉਂਣਵਾਲਾ ਵੈਨਕੁਵਰ ਵਿਖੇ ਹੋਈ ਕਾਨਫਰੰਸ ਵਿਖੇ “ਵਾਹਿਗੁਰੂ” ਸਬਦ ਦੀ ਹੋਂਦ ਤੋਂ ਹੀ ਇਨਕਾਰੀ ਹੋ ਗਿਆ, ਤਾਂ ਇਸ ਨੂੰ ਸੁਖਦੀਪ ਸਿੰਘ ਬਰਨਾਲਾ ਨੇ ਭਰੀ ਸਭਾ ਵਿਚ ਟੋਕਿਆ, ਕਿ ਵਾਹਿਗੁਰੂ ਸਬਦ ਹੀ ਗੁਰਬਾਣੀ ਵਿਚ ਨਹੀਂ ਤਾਂ ਕੀ ਸਾਨੂੰ ਵਾਹਿਗੁਰੂ ਜੀ ਕੀ ਫਤਹਿ ਨਹੀਂ ਬੁਲਾਉਣੀ ਚਾਹੀਦੀ? ਤੇ ਇਨ੍ਹਾਂ ਸਭੀਆਂ ਦਾ ਆਪਸ ਵਿਚ ਉਥੇ ਹੀ ਪਿੱਟ-ਸਿਆਪਾ ਪੈ ਗਿਆ ਸੀ। ਪਰ ਉਥੇ ਪਏ ਰੌਲੇ-ਰੱਪੇ ਕਾਰਨ ਜਿਹੜੇ ਮਹਾਰਥੀ ਲਾਲੋ ਲਾਲ ਹੋਏ ਉਥੋਂ ਆਏ ਸਨ, ਤੇ ਹਾਲੇ ਤੱਕ ਨੱਕ ਵਿਚੋਂ ਠੂੰਹੇਂ ਸਿੱਟਦੇ ਰਹਿੰਦੇ ਸਨ ਕਿ ਛੋਟਾ ਜਿਹਾ ਛੱਜ ਬੰਨਣ ਸਾਰ ‘ਬੀਬੇ’ ਬਣਕੇ ਸਭ ਕੁਝ ਭੁੱਲ ਵੀ ਗਏ ਅਤੇ ਬਰਦਾਸ਼ਤ ਵੀ ਕਰ ਗਏ? ਸਾਡੀ ਕੀ ਇਨੀ ਔਕਾਤ ਹੈ? ਅਸੀਂ ਧੜਿਆਂ ਦੇ ਇਨੇ ਪਿਆਰੇ ਹਾਂ ਕਿ ਇਨਾ ਛੋਟੀਆਂ ਛੋਟੀਆਂ ਧੜੀਆਂ ਨੇ ਸਾਨੂੰ ਕਿਤੇ ਦਾ ਨਹੀਂ ਰਹਿਣ ਦਿੱਤਾ। ਸਭ ਅਸੂਲ, ਰੂਲ, ਸਿਧਾਂਤ, ਵਿਚਾਰਧਾਰਾ ਛਿੱਕੇ ਟੰਗ ਦਿੰਦੇ ਹਾਂ ਕਿ ਸਾਡੇ ਧੜੇ ਬਚੇ ਰਹਿਣ ਤੇ ਅਸੀਂ ਕਹਿ ਸਕੀਏ ਕਿ ਹਮ ਭੀ ਪ੍ਰਧਾਨ ਹੈਂ?

ਇਨ੍ਹਾਂ ਢਾਈ ਕੁ ਪਾ ਖਿੱਚੜੀ ਵਾਲੇ ਸਿੰਘ ਸਭੀਆਂ ਮੁਤਾਬਕ ਸਭਾ ਪੰਜਾਬ ਵਿਚ ਪ੍ਰਚਾਰ ਸੈਂਟਰ ਖ੍ਹੋਲਦੀ ਹੈ, ਸਿੰਘ ਸਭਾ ਸੀਡੀਜ਼ ਵੰਡ ਕੇ ਸਿੱਖੀ ਦਾ ਪ੍ਰਚਾਰ ਕਰਦੀ ਹੈ, ਸਿੰਘ ਸਭਾ ਲਿਟਰੇਚਰ ਵੰਡਦੀ ਹੈ। ਇਹੀ ਕਰਦੀ ਹੈ ਨਾ? ਪਰ ਇਹ ਸਭ ਕੁਝ ਕਰਨ ਵਾਲੀ ਸਿੰਘ ਸਭਾ ਦੇ ਖੁਦ ਦੇ ਪੰਡਤ? ਇਹ ਗੱਲ ਸਮਝਣ ਵਾਲੀ ਹੈ। ਦੇਖਣ ਨੂੰ ਸਿੱਖੀ ਦਾ ਪ੍ਰਚਾਰ ਤਾਂ ਸਾਧ ਵੀ ਕਰਦੇ ਹਨ ਮਾਅਰ ਧੂੜਾਂ ਪੱਟੀਆਂ ਪਈਆਂ। ਤੁਹਾਨੂੰ ਸਾਨੂੰ ਪਤਾ ਹੋਣ ਕਾਰਨ ਮਾੜੇ ਲੱਗ ਸਕਦੇ ਹਨ ਪਰ ਉਨ੍ਹਾਂ ਦੇ ਚੇਲਿਆਂ ਨੂੰ ਤਾਂ ਇਹੀ ਭੁਲੇਖਾ ਹੈ ਨਾ? ਪਰ ਉਸ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਾਧ ਖੁਦ? ਲੜਾਈ ਕਾਹਦੀ ਹੈ ਸਾਧ ਲਾਣੇ ਨਾਲ? ਇਹੀ ਨਾ ਕਿ ਸਿੱਖੀ ਦੇ ਪ੍ਰਚਾਰ ਦੇ ਨਾਂ ਹੇਠ ਕੌਮ ਦੀ ਜੜ੍ਹੀ ਤੇਲ ਦੇ ਰਹੇ ਹਨ? ਤੁਸੀਂ ਅੱਜ ਦੇ ਜੁੱਗ ਵਿਚ ਸਿੱਖ ਕੌਮ ਦੇ ਦੁਖਾਂਤ ਨੂੰ ਸਮਝੋ ਕਿ ਇਸ ਉਪਰ ਕਿਸ ਕਿਸ ਕਿਸਮ ਦੀ ਗਿਰਝਾਂ ਮੰਡਰਾ ਰਹੀਆਂ ਹਨ ਤੇ ਕਿੰਨਿਆਂ ਰੂਪਾਂ ਵਿਚ ਮੰਡਰਾ ਰਹੀਆਂ ਹਨ। ਇਥੇ ਇਕ ਡੇਰੇਦਾਰ ਹੈ? ਇਥੇ ਇਕ ਜਿਉਂਣਵਾਲਾ ਹੈ? ਗਲ ਸਿੱਖੀ ਦੀ ਪਰ ਸਿੱਖੀ ਦੇ ਥੰਮ ਨੂੰ ਤਾਂ ਇਹ ਗੁਰੂ ਮੰਨਣ ਲਈ ਤਿਆਰ ਨਹੀਂ? ਗੁਰੂ ਨਾਨਕ ਤਾਂ ਦੇਹ ਹੈ। ਦੇਹ ਗੁਰੂ ਕਿਵੇਂ ਹੋਇਆ? ਇਨ੍ਹਾਂ ਮਹਾਂ-ਪੰਡਤਾਂ ਨੂੰ ਪੁੱਛੋ ਗੁਰੂ ਕੌਣ ਹੈ? ਇਹ ਤਾਂ ਆਪਸ ਵਿਚ ਹੀ ਸਪੱਸ਼ਟ ਨਹੀਂ ਦੂਜਿਆਂ ਦੀ ਦੁਬਿਧਾ ਕਿਵੇਂ ਦੂਰ ਕਰ ਦੇਣਗੇ। ਸਾਧ ਅਪਣੇ ਆਪ ਨੂੰ ਗੁਰੂ ਸਮਝਦੇ, ਤੇ ਇਹ ਗੁਰੂ ਨੂੰ ਮੰਨਦੇ ਹੀ ਨਹੀਂ? ਕੀ ਫਰਕ ਹੈ?

ਸਭ ਤੋਂ ਵੱਡਾ ਅਲੰਬਰਦਾਰ ਸਪੋਕਸਮੈਨ ਹੀ ਹੈ ਨਾ ਸਿੱਖੀ ਦਾ, ਜਿਸ ਦਾ ਜਿਉਣਵਾਲਾ ਵਕੀਲ ਬਣਕੇ ਪੰਜਾਬ ਘੁੰਮਦਾ ਰਿਹਾ? ਕੀ ਕਰਤੂਤ ਹੈ ਉਸ ਦੀ? ਡੇਰੇਦਾਰਾਂ ਨੂੰ ਕੁੱਟਦਾ ਖੁਦ ਦਾ ਡੇਰਾ ਨਹੀਂ ਬਣਾ ਲਿਆ ਉਸ? ਕਿਹੜਾ ਹੈ ਉੱਚਾ ਦਰ ਬਾਬੇ ਨਾਨਕ ਦਾ? ਸ੍ਰੀ ਗੁਰੂ ਜੀ ਦੀ ਬਾਣੀ ਤੱਕ ਨੂੰ ਉਸ ਨਕਲੀ ਕਹਿ ਦਿੱਤਾ? ਅਖੇ ਅਸਲੀ ਪੋਥੀਆਂ ਮੇਰੇ ਕੋਲ? ਗੁਰੂ ਨੂੰ ਗੁਰੂ ਨਹੀਂ ਕਹਿਣਾ, ਇਕ ਨਵਾਂ ਛੋਛਾ ਉਸ ਦਾ ਛੱਡਿਆ ਹੋਇਆ ਨਹੀਂ? ਤੁਸੀਂ ਦੱਸੋ ਉਸ ਸਿੱਖੀ ਦਾ ਪ੍ਰਚਾਰ ਕੀਤਾ ਜਾਂ ਇਸ ਦੀ ਜੜ੍ਹੀਂ ਤੇਲ ਦਿੱਤਾ? ਅਤੇ ਡੇਰੇਦਾਰਾਂ ਨੂੰ ਕੁੱਟਣ ਦੇ ਨਾਂ ਤੇ ਹੀ ਉਨ੍ਹਾਂ ਦੀ ਉਮਰ ਲੰਮੀ ਨਹੀਂ ਕੀਤੀ ਉਸ? ਕੀਤੀ ਜਾਂ ਨਹੀਂ ਕੀਤੀ? ਕੀ ਜਵਾਬ ਹੈ ਡੇਰੇਦਾਰਾਂ ਦਾ ਤੁਹਾਡੇ ਕੋਲੇ ਕਿ ਇਹ ਤਾਂ ਬਾਣੀ ਉਪਰ ਵੀ ਨੁਕਤਾਚੀਨੀ ਕਰਦੇ ਨੇ? ਭੱਟਾਂ ਦੀ ਬਾਣੀ ਉਪਰ ਕੀਤੀ ਨਹੀਂ ਸਪੋਕਸਮੈਨ ਨੇ? ਤੁਸੀਂ ਦੱਸੋ ਡੇਰਿਆਂ ਨੂੰ ‘ਆਕਸੀਜਨ’ ਦਿੱਤੀ ਨਹੀਂ ਉਸ? ਸੋਚੋ ਕਿ ਕਿਸ ਤਰੀਕੇ ਉਸ ਜਾਗਰੂਕ ਧਿਰਾਂ ਵਿਚ ਘੁਸਪੈਠ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਦਾ ਝੰਡਾ ਬਰਦਾਰ ਬਣ ਕੇ ਤੁਰਿਆ ਪਰ ਵਿਚੋਂ ਨਿਕਲਿਆ ਕੀ? ਤੇ ਸਾਡੇ ਝੰਡਾ ਬਰਦਾਰ? ਮੈ ਜਿਉਣਵਾਲੇ ਨੂੰ ਕਿਹਾ ਕਿ ਤੁਹਾਨੂੰ ਇਸ ਬੰਦੇ ਦੀ ਗੁਰਬਾਣੀ ਪ੍ਰਤੀ ਮਾਰੀ ਬਕੜਵਾਹ ਪ੍ਰਤੀ ਸਟੇਟਮਿੰਟ ਦੇਣੀ ਚਾਹੀਦੀ ਤਾਂ ਇਹ ਭਾਈ ਜੀ ਕਹਿਣ ਲੱਗੇ, ਕਿ ਮੈਂ ਇਸ ਨੂੰ ਪੜ੍ਹਦਾ ਹੀ ਨਹੀਂ, ਪਰ ਕੁਝ ਚਿਰ ਬਾਅਦ ਸ੍ਰ. ਕਿਰਪਾਲ ਸਿੰਘ ਬਠਿੰਡਾ ਕੋਲੇ ਉਸ ਵਿਰੁਧ ਨਾ ਲਿਖਣ ਲਈ ਕਹਿ ਰਿਹਾ ਸੀ! ਜੇ ਪੜ੍ਹਦਾ ਨਹੀਂ ਤਾਂ ਦੁੱਖ ਕਿਉਂ ਉਸ ਦਾ? ਇਥੋਂ ਸਾਬਤ ਨਹੀਂ ਹੁੰਦਾ ਕਿ ਨਾਸਤਿਕ ਜੋਗਿੰਦਰ ਸਿਉਂ ਅਤੇ ਇਹ ਇੱਕੇ ਥੈਲੀ ਦੇ ਚਿੱਟੇ ਵੱਟੇ ਹਨ? ਕੇਵਲ ਕੁਝ ਬੰਦੇ ਬੋਲੇ ਜਾਂ ਸਿੱਖ ਮਾਰਗ ਵਾਲੇ ਪੁਰੇਵਾਲ ਨੇ ਇਸ ਦਾ ਸਖਤ ਨੋਟਿਸ ਲਿਆ ਅਤੇ ਜੋਗਿੰਦਰ ਸਿਓਂ ਦੀ ਮੂਰਤੀ ਲਾਹ ਕੇ ਔਹ ਮਾਰੀ ਅਪਣੀ ਸਾਈਟ ਤੋਂ। ਉਪਰਲੀ ਕਹਾਣੀ ਤੁਹਾਨੂੰ ਮੈਂ ਤਾਂ ਦੱਸੀ ਗੱਲ ਸੌਖਿਆਂ ਸਮਝ ਆ ਜਾਏ।

ਚਲੋ ਮੁੜ ਜਿਉਣਵਾਲੇ ਦੀ ਸਿੰਘ ਸਭਾ ਵਲ ਚਲਦੇ ਹਾਂ। ਤੁਸੀਂ ਹੈਰਾਨ ਮੱਤ ਹੋਣਾ ਕਿ ਜਿਉਣਵਾਲੇ ਦੀ ਸਿੰਘ ਸਭਾ? ਹਾਂਅ! ਜਿਉਣਵਾਲੇ ਦੀ ਹੀ ਸਿੰਘ ਸਭਾ ਹੈ, ਬਲਕਿ ਜਿਉਣਵਾਲਾ ਹੀ ਸਿੰਘ ਸਭਾ ਹੈ! ਬਾਕੀ ਤਾਂ ਮਨਮੋਹਣ ਸਿੰਘ ਹੀ ਹਨ ਇਹ ਸਾਨੂੰ ਥੋੜਾ ਨੇੜੇ ਹੋਣ ਤੇ ਪਤਾ ਲੱਗ ਗਿਆ ਹੈ। ਜਿਹੜੇ ਸਤ-ਬੱਚਨੀਏ ਮਨਮੋਹਣ ਸਿੰਘ ਨਹੀਂ ਸਨ, ਉਹ ਇਨ੍ਹਾਂ ਨੂੰ ਛੱਡ ਚੁੱਕੇ ਹੋਏ ਹਨ, ਕਿਉਂਕਿ ਇਸ ਜਿਉਣਵਾਲਾ ਸਿੰਘ ਸਭਾ ਵਿਚ ਜੁਬਾਨ ਵਾਲਾ ਬੰਦਾ ਕੋਈ ਨਹੀਂ ਰਹਿ ਸਕਦਾ। ਬੋਲਣ ਵਾਲਾ ਸ਼ੂਦਰ ਗਿਣਿਆ ਜਾਂਦਾ ਹੈ, ਤੇ ਸ਼ੂਦਰ ਲਈ ਇਸ ਉੱਚਜਾਤੀਏ ਵਿਦਵਾਨ ਦੇ ਥੜੇ ਤੇ ਕੋਈ ਜਗ੍ਹਾ ਨਹੀਂ।

ਇਨਾ ਵਿਚੋਂ ਕੋਈ ਇਕ ਦਹਾਕੇ ਤੋਂ ਸਿੰਘ ਸਭਾ ਦਾ ਸਰਗਰਮ ਮੈਂਬਰ ਰਿੱਕੀ ਸਿੰਘ? ਰਿੱਕੀ ਸਿੰਘ ਐਲਾਨੀਆਂ ਨਾਸਤਿਕ? ਇਕ ਦਹਾਕੇ ਤੋਂ ਇਸ ਬੰਦੇ ਤੇ ਸਿੰਘ ਸਭਾ ਦਾ ਕੋਈ ਅਸਰ ਨਹੀਂ ਪਿਆ। ਨਾ ਪਵੇ ਪਰ ਇਹ ਭਰਾ ਉਲਟਾ ਸਪੱਸ਼ਟ ਤੌਰ ‘ਤੇ ਕੇਸਾਂ ਦੀ ਵਿਰੋਧਤਾ ਕਰਦਾ ਹੈ, ਅੰਮ੍ਰਿਤ ਸੰਸਕਾਰ ਨੂੰ ਨਹੀਂ ਮੰਨਦਾ, ਪੰਜ ਕਕਾਰਾਂ ਨੂੰ ਉਹ ਹਿੰਦੂਆਂ ਦੇ ਜਨੇਊ ਪਾਉਂਣ ਵਾਂਗ ਭੇਖ ਦੱਸਦਾ ਹੈ! ਸਿੰਘ ਸਭਾ ਵਾਲੇ ਵਿਚੇ ਜਿਉਂਣਵਾਲਾ ਦੱਸੇ ਕਿ ਇਹ ਸੱਚ ਜਾਂ ਨਹੀਂ? ਪਰ ਇਹ ਨਹੀਂ ਦੱਸਣਗੇ ਕਿਉਂਕਿ ਜਦ ਤੁਸੀਂ ਇਨ੍ਹਾਂ ਨੂੰ ਪੁੱਛੋਗੇ ਇਨ੍ਹਾਂ ਦਾ ਰੈਡੀਮੇਡ ਜਵਾਬ ਹੁੰਦਾ ਜੀ ਇਹ ਬੰਦੇ ਦੇ ਅਪਣੇ ਨਿੱਜੀ ਵਿਚਾਰ ਹਨ!! ਨਿੱਜੀ ਵਿਚਾਰ ਹਨ ਤਾਂ ਘਰੇ ਰਵੇ। ਘਰ ਵਿਚ ਬੰਦੇ ਦੇ ਨਿੱਜੀ ਵਿਚਾਰ ਹੋ ਸਕਦੇ ਹਨ ਪ੍ਰਚਾਰ ਕਰਨ ਦੇ ਝੰਡੇ ਚੁੱਕੀ ਫਿਰਨ ਦੇ ਦਾਅਵੇ ਕਰਨ ਵਾਲੀ ਸੰਸਥਾ ਦੇ ਸਰਗਰਮ ਮੈਂਬਰ ਦਾ ਕੋਈ ਨਿੱਜੀ ਵਿਚਾਰ ਨਹੀਂ, ਉਸ ਨੂੰ ਗੁਰੂ ਦੀ ਮੱਤ ਮੁਤਾਬਕ ਚਲਣਾ ਬਣਦਾ ਹੈ ਜਿਸ ਦੇ ਪ੍ਰਚਾਰ ਦਾ ਉਹ ਦਾਅਵਾ ਕਰਦਾ ਹੈ। ਤੁਸੀਂ ਅਪਣੇ ਘਰੇ ਦਾਲ ਬਣਾਓ, ਗੋਭੀ ਤੇ ਚਾਹੇ ਭੜਥਾ ਪਰ ਗੁਰੂ ਦੇ ਘਰ ਤੁਹਾਨੂੰ ਉਹੀ ਖਾਣਾ ਬਣਦਾ ਜਿਹੜਾ ਲੰਗਰ ਵਿਚ ਬਣਿਆ। ਤੁਸੀਂ ਇਥੇ ਅਪਣੇ ਅਪਣੇ ਪਤੀਲੇ ਨਹੀਂ ਚੁੱਕ ਸਕਦੇ ਕਿ ਇਹ ਮੇਰਾ ਨਿਜੀ ਮਾਮਲਾ ਹੈ। ਸੰਸਥਾ ਦਾ ਮੱਤਲਬ ਕੀ ਰਿਹਾ। ਕੋਈ ਕੇਸਾਂ ਨੂੰ ਨਹੀਂ ਮੰਨਦਾ ਅਖੇ ਉਸ ਦਾ ਨਿੱਜੀ ਮਾਮਲਾ ਹੈ, ਕੋਈ ਕਕਾਰਾਂ ਨੂੰ ਭੇਖ ਕਹੀ ਜਾਵੇ, ਉਸ ਦਾ ਨਿੱਜੀ ਮਾਮਲਾ ਹੈ, ਕੋਈ ਸ੍ਰੀ ਗੁਰੂ ਜੀ ਦੇ ਸਰੂਪ ਕਿਤਾਬਾਂ ਵਾਂਗ ਰੱਖੀ ਫਿਰੇ, ਉਸ ਦਾ ਨਿੱਜੀ ਮਾਮਲਾ ਹੈ। ਹੱਦ ਹੋ ਗਈ ਇਹ ਕਿਹੜੀ ਪ੍ਰਚਾਰਕ ਸ਼੍ਰੇਣੀ ਉੱਠੀ ਨਵੀਂ, ਜਿਸ ਦਾ ਤੱਕੀਆ ਕਲਾਮ ਹੀ "ਨਿੱਜੀ ਮਾਮਲਾ" ਹੈ?

ਭਾਈ ਸਕੰਦਰਜੀਤ ਸਿੰਘ, ਸਿੰਘ ਸਭਾ ਦੇ ਮੁਢਲੇ ਅਤੇ ਖਾਸ ਮੈਂਬਰਾਂ ਵਿਚੋਂ ਸਨ। ਉਨ੍ਹਾਂ ਨਾਲ ਰਿੱਕੀ ਸਿੰਘ ਕਰੀਬਨ ਡੇੜ ਘੰਟਾ ਇਸ ਗੱਲੇ ਫਸਿਆ, ਕਿ ਕਕਾਰ ਅਤੇ ਕੇਸ ਭੇਖ ਤੋਂ ਸਿਵਾਏ ਕੁਝ ਨਹੀਂ? ਕੀ ਸਿੰਘ ਸਭਾ ਅਪਣੇ ਉਸ ਖਾਸ ਸਪੋਟਰ, ਸਰਗਰਮ ਮੈਂਬਰ ਨੂੰ ਜਿਹੜਾ ਇਨ੍ਹਾਂ ਦੀਆਂ ਨਾਸਤਿਕ ਗੱਲਾਂ ਤੋਂ ਅਵਾਜਾਰ ਹੋਇਆ ਇਨ੍ਹਾਂ ਨੂੰ ਛੱਡ ਚੁੱਕਾ ਹੋਇਆ, ਦੀਆਂ ਇਨ੍ਹਾਂ ਗੱਲਾਂ ਨੂੰ ਚੈਲਿੰਜ ਕਰਨਗੇ? ਕੀ ਰਿੱਕੀ ਸਿੰਘ ਇਸ ਗੱਲ ਦੀ ਪੁਸ਼ਟੀ ਕਰਨੀ ਚਾਹਵੇਗਾ ਕਿ ਉਸ ਇਹ ਗੱਲਾਂ ਨਹੀਂ ਕੀਤੀਆਂ? ਤੇ ਕੀ ਸਿੰਘ ਸਭੀਆਂ ਨੇ ਇਸ ਦਾ ਕੋਈ ਨੋਟਿਸ ਲਿਆ? ਪਰ ਮੈਂ ਫਿਰ ਭੁੱਲ ਗਿਆ ਇਹ ਤਾਂ ਉਸ ਦਾ ਨਿੱਜੀ ਮਾਮਲਾ ਹੈ!!!

2011 ਵਿਚ ‘ਸਿੰਘ ਸਭਾ’ ਨੇ ਇਕ ਛੋਟੀ ਜਿਹੀ ਮੀਟਿੰਗ ਰੱਖੀ ਸੀ ਉਸ ਵਿਚ ਕੁਝ ਸੱਜਣ ਬਾਹਰੋਂ ਵੀ ਆਏ ਹੋਏ ਸਨ ਜੀਹਨਾ ਵਿਚ ਕੈਲੇਫੋਰਨੀਆ ਤੋਂ ‘ਸਿੱਖ ਬੁਲਟਿਨ’ ਵਾਲਾ ਹਰਦੇਵ ਸਿੰਘ ਸ਼ੇਰਗਿੱਲ ਵੀ ਸੀ। ਸ੍ਰ. ਸੁਖਦੇਵ ਸਿੰਘ ਦਾਖਾ ਦੇ ਘਰੇ ਚਲ ਰਹੀ ਮੀਟਿੰਗ ਵਿਚ ਗੁਰੂ ਸਾਹਿਬਾਨਾਂ ਬਾਰੇ ਇਹ ਵਿਦਵਾਨ ਬਹਿਸ ਕਰਕੇ ਗੁਰੂ ਦੀ ਮੱਤ ਨੂੰ ਵੀ ਮਾਤ ਪਾ ਰਹੇ ਸਨ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਜਾਇ ਗੁਰਗੱਦੀ ਛੋਟੇ ਨਿਆਣੇ, ਯਾਨੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਕਿਉਂ ਦਿੱਤੀ ਗਈ? ਇਨ੍ਹਾਂ ਮੁਤਾਬਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਛੋਟੇ ਜੁਆਕ ਹੀ ਸਨ। ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜ਼ਿਕਰ ਆਇਆ ਤਾਂ ਸ਼ੇਰਗਿੱਲ ਅੰਗਰੇਜੀ ਵਿਚ ਕਹਿਣ ਲੱਗਾ ਕਿ ਇਹ ਕੌਣ ਸੀ ਸ੍ਰੀ ਕ੍ਰਿਸ਼ਨ? ਮੈਨੂੰ ਹੈਰਾਨੀ ਹੈ ਕਿ ਇਸ ਨੂੰ ਗੁਰਗੱਦੀ ਕਿਸ ਦਿੱਤੀ?ਹੀ ਵਾਜ ਜਸਟ ਲਾਈਕ ਬੇਬੀ He was just like a baby? ਇਨ੍ਹਾਂ ਲਈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਜਵਾਕ ਹੀ ਹੋਣੇ ਹਨ, ਕਿ ਉਨ੍ਹਾਂ ਨੂੰ 9 ਸਾਲ ਦੀ ਉਮਰ ਵਿਚ ਗੁਰਤਾਗੱਦੀ ਕਿਵੇਂ ਮਿਲ ਗਈ? ਇਸ ਸ਼ੇਰਗਿੱਲ ਨੇ ਇਸ ਵਾਰੀ ਕਾਨਫਰੰਸ ਵਿਚਲੀਆਂ ਹੋਈਆਂ ਮੀਟਿੰਗਾਂ ਵੇਲੇ ਕੋਈ 50 ਬੰਦਿਆਂ ਦੇ ਵਿਚ ਕਿਹਾ ਕਿ ਕੇਸਾਂ ਦੀ ਕੋਈ ਲੋੜ ਨਹੀਂ, ਸਮਾਂ ਵਿਹਾ ਚੁੱਕੀਆਂ ਗੱਲਾਂ ਨੇ ਤੇ ਉਸ ਨੇ ਭਗਤ ਕਬੀਰ ਜੀ ਦੀ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ, ਦੀ ਗਲਤ ਵਿਆਖਿਆ ਕੀਤੀ ਜਿਸ ਤੋਂ ਭਾਈ ਬਲਦੇਵ ਸਿੰਘ ਟਰੰਟੋ ਨੇ ਉਸ ਨੂੰ ਰੋਕਿਆ, ਪਰ ਉਸ ਨਾਸਤਿਕ ਬੰਦੇ ਨੂੰ ਸਿੰਘ ਸਭੀਆਂ ਨੇ ਅਪਣੀ ਸਟੇਜ ਤੋਂ ਸਨਮਾਨਤ ਨਹੀਂ ਕੀਤਾ? ਅਸ੍ਰਟੇਲੀਆ ਵਾਲਾ ਨਾਸਤਿਕ ਵੀ ਕੀ ਇਨ੍ਹਾਂ ਦੀ ਸਟੇਜ ਤੋਂ ਸਨਾਮਾਨਤ ਨਹੀਂ ਹੋ ਗਿਆ ਕਿ ਜਿਸ ਸ਼ਰੇਆਮ ਇਨ੍ਹਾਂ ਦੀ ਸਟੇਜ ਤੋਂ ਕੇਸਾਂ ਵਿਰੁਧ ਬੋਲਿਆ, ਪਰ ਮੂੰਹ ਵਿਚ ਘੁੰਘਣੀਆਂ ਪਾ ਕੇ ਬੈਠੇ ਰਹੇ? ਕੀ ਇਹੀ ਪ੍ਰਾਪਤੀ ਇਨ੍ਹਾਂ ਲੋਕਾਂ ਦੀ ਕਿ ਉਹ ਸਿੱਖੀ ਦੇ ਸਵਾਸਾਂ ਨਾਲ ਨਿਭਣ ਵਾਲੇ ਕੇਸਾਂ ਨੂੰ ਮੁੰਨ ਸੁੱਟਣ ਲਈ ਕਹਿਣ ਤੇ ਇਹ ਉਨ੍ਹਾਂ ਨੂੰ ਸਨਮਾਨਤ ਕਰਨ? ਦਰਅਸਲ ਅਸਲੀ ਚਿਹਰਾ ਦਾ ਇਨ੍ਹਾਂ ਦਾ ਦਿੱਸਿਆ ਹੀ ਹੁਣ ਹੈ, ਨਹੀਂ ਤਾਂ ਸਾਨੂੰ ਸਭ ਨੂੰ ਭੁਲੇਖਾ ਸੀ ਕਿ ਇਹ ਬੜੇ ਪ੍ਰਚਾਰ ਦੇ ਥੰਮ ਹਨ।

ਉਨ੍ਹਾਂ ਹੀ ਮੀਟਿੰਗਾਂ ਵਿਚ ਸਿੰਘ ਸਭਾ ਵਾਲਿਆਂ ਇਕ ਘਟੀਆ ਤੇ ਮਾੜੀ ਰੀਤ ਪਾਈ ਜਿਸ ਦੇ ਨਤੀਜੇ ਸਿੱਖ ਕੌਮ ਨੂੰ ਅਗੇ ਜਾ ਕੇ ਭੁਗਤਣੇ ਪੈਣਗੇ। ਮੈਂ ਸਿੱਖ ਕੌਮ ਨੂੰ ਪੁੱਛਦਾ ਹਾਂ ਕਿ ਸਿੱਖ ਦੀ ਰੋਜ ਦੀ ਅਰਦਾਸ ਵਿਚ ਆਉਂਦਾ ਹੈ ਕਿ ਸਿੱਖ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਕੀ ਮੱਤਲਬ ਹੈ ਇਸ ਦਾ? ਕੇਸਾਂ ਨਾਲ ਸਵਾਸ ਲਾਉਣ ਦਾ ਮੱਤਲਬ ਹੈ, ਕਿ ਸਿੱਖ ਨੂੰ ਕੇਸ ਉਨੇ ਹੀ ਪਿਆਰੇ ਹਨ ਜਿੰਨੇ ਸਵਾਸ ਯਾਨੀ ਜੀਵਨ! ਇਹ ਗੱਲ ਭਾਈ ਤਾਰੂ ਸਿੰਘ ਜੀ ਨੇ ਸਾਬਤ ਨਹੀਂ ਕੀਤੀ, ਕਿ ਸਿੱਖ ਦਾ ਸਿਰ ਜਾ ਸਕਦਾ ਪਰ ਕੇਸ ਨਹੀਂ। ਪਰ ਤੁਸੀਂ ਦੱਸੋ ਕੇਸਾਂ ਉਪਰ ਵੋਟਿੰਗ ਹੋ ਸਕਦੀ? ਕਦੇ ਕਿਸੇ ਨੇ ਜੁਅਰਤ ਕੀਤੀ ਕੇਸਾਂ ਉਪਰ ਵੋਟਿੰਗ ਕਰਾਉਂਣ ਦੀ? ਪਰ ਤੁਹਾਡੇ ਇਨ੍ਹਾਂ ਨਵੇ ਉਠੇ ਝੰਡੇ ਬਰਦਾਰਾਂ ਨੇ ਕੀਤੀ ਹੈ। ਅਤੇ 80 ਅਤੇ 20 ਦੇ ਹਿਸਾਬ ਵੋਟਿੰਗ ਹੋ ਕੇ ਸਿੰਘ ਸਭਾ ਦਾ ਵਿਧਾਨ ਪਾਸ ਹੋਇਆ ਕਿ ਕੇਸ ਜਰੂਰੀ ਹਨ। ਪਰ ਮੈਂ ਇਨ੍ਹਾਂ ਭਾਈਆਂ ਨੂੰ ਪੁੱਛਦਾਂ ਕਿ ਤੁਹਾਡੀਆਂ ਵੋਟਾਂ 80 ਨਾ ਹੁੰਦੀਆਂ, ਤਾਂ ਕੀ ਸਭ ਸਿੰਘ ਸਭੀਏ ਇਨ੍ਹਾਂ ਦੇ ‘ਗੁਰਭਾਈ’ ਰਿੱਕੀ ਵਾਂਗ ‘ਚਟਮ-ਚੱਟ’ ਹੋ ਜਾਂਦੇ? ਹੁਣ ਸਿੱਖੀ ਦੇ ਫੈਸਲੇ ਵੋਟਾਂ ਨਾਲ ਹੋਇਆ ਕਰਨਗੇ? ਇਨ੍ਹਾਂ ਢਾਈ ਪਾ ਖਿੱਚੜੀ ਵਾਲੇ 10 ਬੰਦਿਆ ਨੂੰ ਕੀ ਹੱਕ ਹੈ ਕੇਸਾਂ ਉਪਰ ਵੋਟਾਂ ਕਰਾਉਂਣ ਦਾ? ਮੈਨੂੰ ਦੱਸਣ ਇਨ੍ਹਾਂ ਦਸ ਬੰਦਿਆਂ ਦਾ ਕੀ ਵਜੂਦ ਹੈ ਟਰੰਟੋ ਵਿਚ ਕਿ ਕੇਸਾਂ ਉਪਰ ਵੋਟਿੰਗ ਕਰਾਉਂਣ ਤੁਰੇ ਹੋਏ ਹਨ? ਕਦੇ ਕੋਈ ਗਿਆਰਵਾਂ ਬੰਦਾ ਇਨਾ ਵਿਚ ਨਹੀਂ ਬੈਠਿਆ ਤੇ ਨਾ ਰਲਿਆ ਤੇ ਇਹ ਵੋਟਿੰਗ ਕਰਾ ਰਹੇ ਨੇ ਕੇਸਾਂ ਉਪਰ? ਮੈਂ ਨਹੀਂ ਕਹਿੰਦਾ ਰਿੱਕੀ ਨੇ ਕੇਸ ਕਿਉਂ ਨਹੀਂ ਰੱਖੇ ਸਾਡੀ ਵਲੋਂ ਭਾਂਵੇਂ ਰਗੜ ਕੇ ਮੁੰਨੇ ਪਰ ਫਿਰ ਸਿੰਘ ਸਭਾ ਵਿਚ ਕਿਉਂ? ਲੋਕਾਂ ਨੂੰ ਮੂਰਖ ਬਣਾਉਂਣ ਲਈ? ਡੇਰੇਦਾਰਾਂ ਵਿਚ ਤੇ ਇਨ੍ਹਾਂ ਵਿਚ ਫਰਕ ਕੀ ਹੈ? ਉਹ ਧੋਖੇ ਨਾਲ ਗੁਰੂ ਡੰਮ ਚਲਾ ਰਹੇ ਇਹ ਅਪਣੀ ਨਾਸਤਿਕਤਾ?

ਸਵਾਲ ਕਰੋ ਤਾਂ ਇਹ ਕਹਿੰਦੇ ਸਾਡੇ ਵਿਧਾਨ ਵਿਚ ਕੇਸਾਂ ਬਾਰੇ ਸਪੱਸ਼ਟ ਲਿਖਿਆ। ਵਿਧਾਨ ਕਦੇ ਇਨ੍ਹਾਂ ਖੁਦ ਪੜਿਆ? ਬਾਕੀ ਲੋਕ ਕੀ ਪੜਨਗੇ। ਲੋਕਾਂ ਵਿਧਾਨ ਨਹੀਂ ਪੜਨਾ ਲੋਕਾਂ ਤੁਹਾਡਾ ਅਮਲ ਦੇਖਣਾ ਹੈ। ਅਮਲ ਵਿਚ ਬਹੁਤੇ ਬੰਦੇ ਇਨ੍ਹਾਂ ਗੱਲਾਂ ਨੂੰ ਮੰਨਦੇ ਹੀ ਨਹੀਂ, ਤੇ ਬਾਹਰ ਲੋਕਾਂ ਨਾਲ ਬਹਿਸਾਂ ਕਰਦੇ ਫਿਰਦੇ ਹਨ ਕਿ ਇਹ ਭੇਖ ਹੈ? ਵਿਧਾਨ ਤਾਂ ਹਿੰਦੋਸਤਾਨ ਦਾ ਵੀ ਬੜਾ ਸੋਹਣਾ ਹੁਣਾ ਪਰ ਪ੍ਰੈਕਟੀਕਲ ਕੀ ਰਿਹੈ ਉਥੇ? ਨਿੱਤ ਬਲਾਤਕਾਰ? ਇਥੇ ਅਮਲਾਂ ਦੀ ਗੱਲ ਹੈ ਵਿਧਾਨਾਂ ਦੀ ਨਹੀਂ। ਹੋਰ ਹੈਰਾਨੀ ਦੀ ਗੱਲ ਕਿ ਕੇਸਾਂ ਨੂੰ ਭੇਖ ਜਾਂ ਲੋੜ ਨਹੀਂ, ਦੱਸਣ ਵਾਲੇ ਸ੍ਰ. ਪ੍ਰਮਾਰ ਵਰਗੇ ਜਾਂ ਜਿਉਣਵਾਲੇ ਜਾਂ ਸ਼ੇਰਗਿੱਲ ਵਰਗਿਆਂ ਖੁਦ ਕੇਸ ਰੱਖੇ ਹੋਏ ਹਨ? ਇਸ ਦਾ ਕੀ ਅਰਥ ਨਿਕਲਿਆ? ਯਾਨੀ ਕੇਸ ਰੱਖਕੇ ਇਨ੍ਹਾਂ ਦੀਆਂ ਜੜ੍ਹਾਂ ਵੱਡੋ? ਨਹੀਂ ਤਾਂ ਇਹ ਸਿੰਘ ਸਭੀਏ ਦੱਸਣ ਕਿ ਸ੍ਰ. ਪ੍ਰਮਿੰਦਰ ਸਿੰਘ ਪ੍ਰਮਾਰ ਵਰਗੇ ਜੇ ਕੇਸਾਂ ਨੂੰ ਮੰਨਦੇ ਹੀ ਨਹੀਂ, ਸ਼ੇਰਗਿੱਲ ਵਰਗੇ, ਆਸਟ੍ਰੇਲੀਆ ਦੇ ਨਾਸਤਿਕ ਬੰਦੇ ਵਰਗੇ ਜੇ ਕੇਸਾਂ ਦੀ ਵਿਰੋਧਤਾ ਵਿਚ ਹਨ ਤਾਂ ਇਨ੍ਹਾਂ ਖੁਦ ਕਿਉਂ ਰੱਖੇ ਹਨ? ਤੁਸੀਂ ਕਹਿੰਦੇ ਸਾਧ ਲੋਕ ਬਾਣਾ ਪਾ ਕੇ ਘੁੱਸਪੈਠ ਕਰ ਚੁੱਕੇ ਤਾਂ ਇਹਨਾ ਨਹੀਂ ਕੀਤੀ?

ਮੇਰਾ ਸਵਾਲ ਸਪੱਸ਼ਟ ਹੈ ਕਿ ਉਪਰਲੀਆਂ ਸਭ ਗੱਲਾਂ ਹੀ ਆਰ.ਐਸ.ਐਸ ਕਹਿੰਦੀ ਕਿ ਕੇਸਾਂ ਦੀ ਲੋੜ ਨਹੀਂ, ਕਕਾਰਾਂ ਦੀ ਲੋੜ ਨਹੀਂ, ਕ੍ਰਿਪਾਨ ਉਪਰ ਉਹ ਹੱਸਦੀ ਹੈ, ਕਛਹਿਰੇ ਦਾ ਮਖੌਲ ਉਡਾਉਂਦੀ ਹੈ ਕਿ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਨੇ ਤੇ ਇਹੀ ਗੱਲਾਂ ਇਹ ਸਿੰਘ ਸਭੀਆਂ ਦੇ ਸਰਗਰਮ ਬੰਦੇ ਅਤੇ ਇਨ੍ਹਾਂ ਦੀਆਂ ਸਟੇਜਾਂ ਤੋਂ ਸਨਮਾਨਤ ਲੋਕ ਕਹਿੰਦੇ ਤਾਂ ਦੱਸੋ ਇਹ ਖਾਲਸਾ ਜੀ ਦੀ ਬੋਲੀ ਬੋਲ ਰਹੇ ਜਾਂ ਪੰਡੀਏ ਦੀ? ਫਿਰ ਇਨਹੀਂ ਕਿਹੜੇ ਬ੍ਰਹਾਮਣਵਾਦ ਦਾ ਰਾੜ ਪਾਇਆ ਵਿਆ, ਜਦ ਕਿ ਅਸੀਂ ਅਮਲ ਖੁਦ ਉਨ੍ਹਾਂ ਵਾਲੇ ਕਰ ਰਹੇ ਹਾਂ? ‘ਦਸਮ ਗਰੰਥ’ ਦੀ ਵਿਰੋਧਤਾ ਦਾ ਮੱਤਲਬ ਇਨ੍ਹਾਂ ਨੂੰ ਕੌਮ ਦੇ ਸਿਰ ਵਿਚ ਮੋਰੀਆਂ ਕਰਨ ਦਿਓ?

ਮੈਂ ਭਰਾਵੋ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਕਿ ਜਿੰਨੇ ਖਤਰਨਾਕ ਚੋਲਿਆਂ ਵਾਲੀ ਚਿੱਟੀ ਸਿਉਂਕ ਹੈ, ਉਦੋਂ ਵੱਧ ਖਤਰਨਾਕ ਤੁਹਾਡੇ ਇਹ ਨਾਸਤਿਕ ਕਿਸਮ ਦੇ ਟਾਈਆਂ-ਪਿੰਟਾਂ ਵਾਲੇ ‘ਸਾਧ’ ਵੀ ਹਨ! ਨਹੀਂ ਤਾਂ ਗੁਰੂ ਦੇ ਸਿੱਖ ਅਜਿਹੀਆਂ ਗੱਲਾਂ ਨਹੀਂ ਕਰਦੇ, ਜਿਹੜੀਆਂ ਇਹ ਕਰ ਰਹੇ ਹਨ। ਪਾਠਕ ਅਪਣੇ ਦਿੱਲ ਤੇ ਹੱਥ ਰੱਖ ਕੇ ਇਕ ਗੱਲ ਦਾ ਜਵਾਬ ਦੇਣ, ਕਿ ਕੋਈ ਗੁਰੂ ਦਾ ਸਿੱਖ ਜੁਅਰਤ ਅਤੇ ਹੌਸਲਾ ਕਰ ਸਕਦਾ ਹੈ, ਕਿ ਸ੍ਰੀ ਗੁਰੂ ਜੀ ਦੇ ਸਰੂਪ ਨੂੰ ਕਿਤਾਬਾਂ ਵਿਚ ਅਪਣੀ ਬਾਰੀ ਵਿਚ ਕਿਤਾਬਾਂ ਵਾਂਗ ਰੱਖੇ? ਪਰ ਇਹ ਜੁਅਰਤ ਜਿਉਣਵਾਲੇ ਨੇ ਕੀਤੀ ਹੈ!! ਇਸ ਗੱਲ ਦਾ ਗਵਾਹ ਸ੍ਰ. ਸਕੰਦਰਜੀਤ ਸਿੰਘ ਧਾਲੀਵਾਲ ਹੈ।

ਇਸ ਤੋਂ ਸਾਬਤ ਨਹੀਂ ਹੁੰਦਾ ਕਿ ਇਹ ਗੁਰੂ ਬਾਜਾਂ ਵਾਲੇ ਦਾ ਨਹੀਂ, ਜੀਹਨਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ, ਬਲਕਿ ਲੈਨਿਨ ਦਾ ਚੇਲਾ ਹੈ? ਇਹ ਤਾਂ ਗੁਰੂ ਨੂੰ ਗੁਰੂ ਕਹਿਣ ਤੋਂ ਇਨਕਾਰੀ ਹੋ ਗਏ ਹਨ? ਇਨਾ ਲਈ ਤਾਂ ਮਾਛੀਵਾੜੇ ਦੀ ਗੱਲ, ਚਮਕੌਰ ਦੀ ਗੜੀ ਦੀ ਗੱਲ ਵੀ ਦੇਹ ਦੀ ਗੱਲ ਜਾਪਦੀ ਹੈ। ਜਿਉਣਵਾਲਾ ਤਾਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਗਿਆ, ਜਦ ਉਹ ਕਹਿੰਦਾ ਕੋਈ ਸਰਸਾ-ਸੁਰਸਾ ਨਦੀ ਨਹੀਂ ਹੋਈ, ਐਵੇਂ ਇਕ ਖਾਲ ਸੀ ਅਤੇ ਇਨੇ ਬੰਦੇ ਉਥੇ ਕਿਥੋਂ ਡੁੱਬ ਮਰੇ ਤੇ ਕਿਹੜਾ ਪਰਿਵਾਰ ਵਿਛੋੜਾ? ਪੁੱਛੋ ਇਸ ਝੰਡਾ ਬਰਦਾਰ ਨੂੰ ਇਸ ਲਿਖੀਆਂ ਨਹੀਂ ਇਹ ਗੱਲਾਂ?

--- ਬਾਕੀ ਅਗਲੇ ਐਤਵਾਰ


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top