ਮੈਂ ਬਾਹਰ ਨਿਕਲਿਆਂ ਹਾਂ। ਸੜਕ ਉਪਰ ਆ ਗਿਆ ਹਾਂ, ਕਿਤੇ ਜਾਣ ਲਈ 
		ਹੀ ਆਇਆ ਹਾਂ ਨਾ। ਪਰ ਸੜਕ ਉਪਰ ਆ ਕੇ ਜੇ ਮੈਨੂੰ ਪਤਾ ਹੀ ਨਹੀਂ ਕਿ ਮੈਂ ਜਾਣਾ ਕਿਥੇ? ਤੇ 
		ਉਸ ਜਾਣ ਨੂੰ ਸੜਕ ਉਪਰ ਅਵਾਰਾ ਗਰਦੀ ਕਹਿੰਦੇ ਹਨ। ਕਿਤੇ ਵੀ ਜਾਣ ਤੋਂ ਬਿਨਾ ਸੜਕ ਉਪਰ 
		ਫਿਰੀ ਜਾਣ ਨੂੰ ਅਵਾਰਾ ਗਰਦੀ ਹੀ ਕਹਿੰਦੇ ਨੇ ਨਾ! ਮੇਰਾ ਜੀਵਨ ਅਵਾਰਾ ਗਰਦੀ ਹੋ ਨਿਬੜਿਆ 
		ਹੈ, ਕਿਉਂਕਿ ਮੇਰੇ ਕੀਤੇ ਕੰਮਾਂ ਵਿਚ ਗੁਣ ਕੋਈ ਨਹੀਂ। ਗੁਣ ਤੋਂ ਬਿਨਾ ਕੀਤੇ ਕੰਮ ਨੂੰ 
		ਨਿਕੰਮਾ-ਪਨ ਕਹਿੰਦੇ ਹਨ। ਉਵੇਂ ਹੀ ਜਿਵੇਂ ਬਿਨਾ ਕਿਤੇ ਜਾਣ ਤੋਂ ਨੂੰ ਅਵਾਰਾ-ਗਰਦੀ!
		ਬਾਬਾ ਜੀ ਕਹਿੰਦੇ ਤੂੰ ਇਹ ਅਵਾਰਾ-ਗਰਦੀ ਛੱਡ ਕਿਉਂ ਨਹੀਂ ਦਿੰਦਾ। 
		ਤੂੰ ਉਹਨਾ ਕੰਮਾਂ ਤੋਂ ਤੌਬਾ ਕਿਉਂ ਨਹੀਂ ਕਰ ਲੈਂਦਾ, ਜਿਸ ਵਿਚ ਕੋਈ ਗੁਣ ਨਾ ਹੋਵੇ। 
		ਸ਼ਰਮਿੰਦਾ ਹੋਣ ਨਾਲੋਂ ਚੰਗਾ, ਤੂੰ ਉਹ ਕੰਮ ਹੀ ਛੱਡ ਦੇਹ। ਪਰ ਮੈਂ ਕਿਉਂ ਕਿ ਸਮਝਦਾ ਨਹੀਂ 
		ਤੇ ਮੇਰੇ ਕੰਮ ਇੰਝ ਦੇ ਨੇ, ਜਿਵੇਂ ਬੰਦਾ ਕੱਖਾਂ ਦਾ ਛੱਪਰ ਬਣਾ ਕੇ ਦਰਵਾਜੇ ਮੂਹਰੇ ਅੱਗ 
		ਬਾਲ ਲੈਂਦਾ ਹੈ, ਬੰਦਾ ਜਿਵੇਂ ਕਲਰ ਦੀ ਪੰਡ ਅਪਣੇ ਸਿਰ ਉਪਰ ਚੁੱਕੀ ਫਿਰਦਾ ਹੈ, ਬੰਦਾ 
		ਜਿਵੇਂ ਕਾਲਖ ਵਾਲੇ ਕਮਰੇ ਵਿਚ ਚਿੱਟੇ ਕੱਪੜੇ ਪਾ ਕੇ ਬੈਠਾ ਹੋਇਆ ਹੈ, ਬੰਦਾ ਜਿਵੇਂ ਰੁੱਖ 
		ਉਪਰ ਬੈਠਾ ਉਸ ਟਾਹਣ ਨੂੰ ਵੱਡ ਰਿਹਾ ਜਿਸ ਉਪਰ ਉਹ ਬੈਠਾ ਹੈ! ਇਸ ਸਭ ਕੁਝ ਕਰਨ ਵਾਲੇ ਬੰਦੇ 
		ਨੂੰ ਤੁਸੀਂ ਸਿਆਣਾ ਤਾਂ ਨਹੀਂ ਨਾ ਕਹੋਂਗੇ! ਕਿ ਕਹੋਂਗੇ?
		ਵਿਸ਼ਈ, ਵੇਕਾਰੀ ਤੇ ਲੋਭੀ ਬੰਦੇ ਦਾ ਜੀਵਨ ਇੰਝ ਹੈ। ਗੁਰਬਾਣੀ ਨੇ 
		ਉਪਰਲੀਆਂ ਸਾਰੀਆਂ ਮਿਸਾਲਾਂ ਦੇ ਕੇ ਮੈਨੂੰ ਮੇਰੀ ਮਾਨਸਿਕਤਾ ਦੇ ਨਿਕਲੇ ਦਿਵਾਲੇ ਦੀ 
		ਤਸਵੀਰ ਦਿਖਾਈ ਹੈ। ਛੱਪਰ ਕੱਖਾਂ ਦਾ ਤੇ ਦਰਵਾਜੇ ਅੱਗੇ ਅੱਗ? ਕਲਰ ਦੀ ਪੰਡ ਸਿਰ ਉਪਰ 
		ਚੁੱਕੀ ਫਿਰਨ ਵਾਲੇ ਦੀ ਕੀ ਸਿਆਣਪ ਹੈ? ਕਾਲਖ ਵਾਲੇ ਕਮਰੇ ਵਿਚ ਚਿੱਟੇ ਕੱਪੜੇ ਕੀ ਮਾਇਨਾ 
		ਰੱਖਦੇ ਹਨ? ਤੇ ਉਸ ਟਾਹਣ ਨੂੰ ਵੱਡਣਾ ਜਿਸ ਉਪਰ ਮੈਂ ਬੈਠਾ ਹੋਵਾਂ! 
		
		 ਜਗਦੀਸ਼ 
		ਭੋਲੇ ਦੀਆਂ ਖ਼ਬਰਾਂ ਅੱਜ ਕੱਲ ਸੁਰਖੀਆਂ ਵਿਚ ਹਨ। ਭੋਲੇ ਦੀ ਲੰਕਾ ਪਲਾਂ ਵਿਚ ਹੀ 
		ਸਵਾਹ ਹੋ ਗਈ! ਰਾਵਣ ਦੀ ਇੱਕ ਛੋਟੀ ਜਿਹੀ ਗਲਤੀ ਨਾਲ ਹੋ ਗਈ ਸੀ, ਪਰ ਭੋਲਾ ਤਾਂ…
ਜਗਦੀਸ਼ 
		ਭੋਲੇ ਦੀਆਂ ਖ਼ਬਰਾਂ ਅੱਜ ਕੱਲ ਸੁਰਖੀਆਂ ਵਿਚ ਹਨ। ਭੋਲੇ ਦੀ ਲੰਕਾ ਪਲਾਂ ਵਿਚ ਹੀ 
		ਸਵਾਹ ਹੋ ਗਈ! ਰਾਵਣ ਦੀ ਇੱਕ ਛੋਟੀ ਜਿਹੀ ਗਲਤੀ ਨਾਲ ਹੋ ਗਈ ਸੀ, ਪਰ ਭੋਲਾ ਤਾਂ…
		ਭੋਲੇ ਨੇ ਸ਼ਾਇਦ ਸੋਚਿਆ ਵੀ ਨਾ ਹੋਵੇ ਕਿ ਜਿਸ ਕੱਖਾਂ ਦੇ ਛੱਪਰ ਵਿਚ 
		ਉਹ ਰਹਿ ਰਿਹਾ ਹੈ, ਉਸ ਮੂਹਰੇ ਅੱਗ ਨਹੀਂ ਸੀ ਬਾਲਣੀ ਚਾਹੀਦੀ। ਕਲਰ ਦੀ ਪੰਡ ਕਿਰ ਗਈ ਤੇ 
		ਹੁਣ ਭੋਲੇ ਦਾ ਮੂੰਹ ਦੇਖਿਆ ਹੀ ਬਣਦਾ ਹੈ, ਜਿਹੜਾ ਉਹ ਹੁਣ ਦਿਖਾਉਂਣਾ ਨਹੀਂ ਚਾਹੁੰਦਾ! 
		ਭੋਲੇ ਨੂੰ ਪਤਾ ਨਹੀਂ ਸੀ ਕਿ ਕਾਲਖ ਵਾਲੇ ਅੰਦਰ ਕੱਪੜੇ ਕਦੇ ਚਿੱਟੇ ਨਹੀਂ ਰਹਿੰਦੇ ਤੇ 
		ਜਿਸ ਟਾਹਣ ਉਪਰ ਬੈਠੇ ਹੋਈਏ ਉਹ ਵੱਡੀਦਾ ਨਹੀਂ। ਕਿਸੇ ਬੰਦੇ ਨੂੰ ਵੀ ਇਹ ਸਮਝ ਨਹੀਂ ਪੈਂਦੀ 
		ਜਿੰਨਾ ਚਿਰ ਉਹ ਖੱਡੇ ਵਿਚ ਡਿੱਗ ਨਹੀਂ ਪੈਂਦਾ ਤੇ ਮੂੰਹ ਕਾਲਾ ਨਹੀਂ ਕਰਾ ਲੈਂਦਾ।
		ਭੋਲੇ ਨੇ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਸਿਵਿਆਂ ਦੇ ਰਾਹ ਪਾਏ। 
		ਭੋਲੇ ਦੇ ਯਾਰਾਂ-ਬਾਸ਼ਾਂ ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਸੁੰਝੀਆਂ ਕੀਤੀਆਂ। 
		ਤੁਸੀਂ ਮੌਤ ਵੰਡਦੇ ਹੋ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਮੌਤ ਤੁਹਾਡੇ ਅੰਦਰ ਵੀ ਛਹਿ 
		ਲਾਈ ਬੈਠੀ ਹੈ। ਬਾਬਾ ਜੀ ਅਪਣੇ ਕਹਿੰਦੇ ਕਿ ਮੂਰਖ ਜੱਟ ਕਿੱਕਰਾਂ ਬੀਜ ਕੇ ਦਾਖਾਂ ਭਾਲਦਾ? 
		ਪਰ ਪਤਾ ਨਹੀਂ ਫਿਰ ਵੀ ਇਸ ਧਰਤੀ ਪੁਰ ਕਿੰਨੇ ਭੋਲੇ ਹਨ, ਜਿਹੜੇ ਕਿੱਕਰਾਂ ਹੀ ਬੀਜੀ ਤੁਰੇ 
		ਜਾਂਦੇ ਹਨ ਅਤੇ ਸਮਾਜ ਸਾਰਾ ਕੰਡਿਆਂ ਨਾਲ ਵਿੰਨਿਆ ਪਿਆ ਹੈ। ਉਹ ਆਪ ਤਾਂ ਕੰਡਿਆਂ ਵਿਚ 
		ਉਲਝਦੇ ਹੀ ਹਨ ਬਾਕੀ ਲੁਕਾਈ ਨੂੰ ਵੀ ਲਹੂ-ਲੁਹਾਨ ਕਰ ਜਾਂਦੇ ਹਨ। ਲਹੂ-ਲੁਹਾਨ ਕਰ ਛੱਡਿਆ 
		ਪੰਜਾਬ ਇਨ੍ਹਾਂ ਭੋਲਿਆਂ ਅਤੇ ਉਸ ਦੇ ਯਾਰਾਂ ਬਾਸ਼ਾਂ। ਇਨੇ ਸਿਵੇ ਪੰਜਾਬ ਵਿਚ ਉਨ੍ਹੀ ਦਿਨੀਂ 
		ਵੀ ਨਹੀਂ ਸਨ ਮੱਚੇ, ਜਿੰਨਾ ਦਿਨਾ ਨੂੰ ਤੁਸੀਂ ਕਾਲੇ ਦਿਨ ਕਹਿੰਦੇ ਹੋ। ਯਾਨੀ ਤੁਹਾਡੇ 
		ਇਨ੍ਹਾਂ ਭੋਲਿਆਂ ਕਾਲੇ ਦਿਨਾ ਉਪਰ ਵੀ ਕਾਲਖ ਫੇਰ ਕੇ ਰੱਖ ਦਿੱਤੀ! 
		ਪਰ ਇਸ ਕਾਲਖ ਨੂੰ ਹੋਰ ਕਾਲਾ ਕਰਨ ਲਈ ਲੀਡਰਾਂ ਯਾਨੀ ਕਾਲੀਆਂ ਦਾ 
		ਵੀ ਪੂਰਾ ਹੱਥ ਹੈ। ਹੱਥ ਤੋਂ ਬਿਨਾ ਇਨੀ ਕਾਲਖ ਇਕੱਠੀ ਕੀਤੀ ਹੀ ਨਹੀਂ ਜਾ ਸਕਦੀ! ਕਿ ਜਾ 
		ਸਕਦੀ? ਤੇ ਉਨ੍ਹਾਂ ਲੀਡਰਾਂ ਨੂੰ ਅਗੋਂ ਸਨਮਾਨ ਦੇਖੋ ਕਿਥੋਂ 
		ਮਿਲ ਰਿਹਾ! ਸਿੱਖ ਕੌਮ ਦੇ ਸਭ ਤੋਂ ਸਤਿਕਾਰਤ ਧਾਰਮਿਕ ਅਸਥਾਨ ਤੋਂ? ਅਕਾਲ ਤਖਤ ਤੋਂ? ਯਾਨੀ 
		ਹਰੇਕ ਪਾਸੇ ਕਾਲਖ ਹੀ ਕਾਲਖ? ਜਿਥੇ ਦੀ ਜਿੰਮੇਵਾਰੀ ਕਾਲਖਾਂ ਨੂੰ ਧੋਣ ਦੀ ਸੀ, ਉਹੀ ਕਾਲਖਾਂ 
		ਨੂੰ ਲਿਸ਼ਕਾ ਰਹੇ ਹਨ ਤੇ ‘ਫਖਰੇ-ਕੌਮ’ ਨਾਲ ਸਨਮਾਨਤ ਕਰ ਰਹੇ ਹਨ। ਤੇ ਉਸ ਕਾਲਖ 
		ਵਿਚ ਅਪਣਾ ਮੂੰਹ ਕਾਲਾ ਕਿਸੇ ਨਾ ਕਿਸੇ ਰੂਪ ਵਿਚ ਮੀਡੀਆ ਵੀ ਕਰਦਾ ਹੈ!
		ਭੋਲੇ ਦੇ ਕਾਲਖ ਦੇ ਵਪਾਰ ਵਿਚ ਬਾਹਰ ਵਾਲਿਆਂ ਦਾ ਵੀ ਨਾਂ ਬੋਲਦਾ ਹੈ। ਉਥੇ ਵਾਲੇ ਲੀਡਰ 
		ਇਧਰ ਆ ਕੇ ਵੀ ਵਿਸਕੀ ਪੀਂਦੇ, ਹੰਮਰਾਂ ‘ਤੇ ਝੂਟੇ ਲੈਂਦੇ ਅਤੇ ਸਨਮਾਨਤ ਹੁੰਦੇ ਰਹਿੰਦੇ 
		ਹਨ। ਗੁਰਦੁਆਰਿਆਂ ਦੀ, ਕਬੱਡੀ ਕਲੱਬਾਂ ਤੇ ਮੀਡੀਏ ਦੀ ਇਕੱਠੀ ਖਿੱਚੜੀ ਪੱਕਦੀ ਲੋਕਾਂ ਅੱਖੀਂ 
		ਦੇਖੀ! ਖਾਲਿਸਤਾਨ ਦੇ ਆਖੇ ਜਾਂਦੇ ਥੰਮ ਗੁਰਦੁਆਰੇ ਤੋਂ ਉਹ ਸਿਰੋਪੇ ਲੈ ਕੇ ਗਏ ਤੇ ਮੀਡੀਆ? 
		ਕੁਝ ਇੱਕ ਛੱਡ ਦਿਓ! ਸਾਰਾ ਮਾੜਾ ਨਹੀਂ, ਪਰ ਬਹੁਤਿਆਂ ਦੀ ਔਕਾਤ ਲੀਡਰਾਂ ਨਾਲ ਚਾਹ ਦਾ 
		ਕੱਪ ਤੇ ਵਿਸਕੀ ਦੀ ਬੋਤਲ ਜਿੰਨੀ ਹੀ ਹੈ। ਕਬੱਡੀ ਕਲੱਬ ਲੀਡਰਾਂ ਨਾਲ ਇੱਕ ਮਿੱਕ ਹਨ ਤੇ 
		ਅਗੇ ਮੀਡੀਆ ਕਬੱਡੀ ਤੋਂ ਬਿਨਾ ਨਹੀਂ ਚਲਦਾ ਤੇ ਉਧਰ ਗੁਰਦੁਆਰੇ ਤੇ ਮੀਡੀਆ ਤੇ ਕਲੱਬ ਫਿਰ 
		ਇਕੱਠੇ? ਤੇ ਤੁਹਾਡੇ ਰਾਜਨੀਤਕ? ਉਨ੍ਹਾਂ ਬਹੁਤਿਆਂ ਦਾ ਉਂਝ ਹੀ ਸਰਿਆ ਪਿਆ। ਉਹ ਤੁਹਾਡੇ 
		ਭੋਗਾਂ ‘ਤੇ ਜਾਣ ਜੋਗੇ ਹੀ ਹਨ, ਇਸ ਤੋਂ ਵਧ ਉਹ ਤੁਹਾਡਾ ਕੁਝ ਨਹੀਂ ਸਵਾਰ ਸਕਦੇ। ਇਹ ਗੱਲ 
		ਤਾਂ ਤੁਹਾਡੀ ਨਸਲਕੁਸ਼ੀ ਵੇਲੇ ਹੀ ਸਾਬਤ ਹੋ ਗਈ ਸੀ ਜਦ ਇਹ ਪਾਰਲੀਮੈਂਟ ਵਿਚੋਂ ਹੀ ਬਾਹਰ 
		ਨਹੀਂ ਸਨ ਨਿਕਲੇ? ਕੁਝ ਇਕ ਨੂੰ ਛੱਡ। ਤੇ ਉਹ ਵੀ ਮੀਡੀਆ, ਗੁਰਦੁਆਰਾ, ਕਲੱਬਾਂ ਨਾਲ 
		ਸਾਝੀਂਵਾਲ ਹਨ। ਯਾਨੀ ਚਾਰੇ ਇਕੱਠੇ? 
		ਤੁਸੀਂ ਦੌੜੋਂਗੇ ਕਿਧਰ? ਰਾਜਨੀਤਕ ਕਹਿੰਦੇ ਤੁਹਾਡੇ ਸਭ ਕਾਰਜ ਰਾਸ 
		ਅਸੀਂ ਕਰਦੇ, ਗੁਰਦੁਆਰਾ ਕਹਿੰਦਾ ਸਭ ਕੌਮ ਸਾਡੇ ਸਿਰ ਚੁੱਕੀ, ਮੀਡੀਆ ਕਹਿੰਦਾ ਸਾਡੇ ਬਿਨਾ 
		ਤੁਹਾਡਾ ਸੰਸਾਰ ਹਨੇਰਾ ਤੇ ਕਲੱਬ? ਖੇਡ ਮਾਂ, ਯਾਨੀ ਉਹ ਕਬੱਡੀ ਦੀ ਸੇਵਾ ਕਰਦੇ ਹਨ ਕਿ ਅਸੀਂ 
		ਜੀ ਖੇਡਾਂ ਰਾਹੀਂ ਤੁਹਾਡੇ ਬੱਚੇ ਨਸ਼ੇ ਮੁਕਤ ਕਰਾਂਗੇ! ਕਿਵੇਂ? ਖੁਦ ਟੀਕੇ ਲਾ ਕੇ ਖੇਡਕੇ? 
		ਪਰ ਇਨ੍ਹਾਂ ਸਭ ਠੇਕੇਦਾਰਾਂ ਦੇ ਹੁੰਦਿਆਂ ਹਾਲਤ ਦੇਖ ਲਓ ਆਪਣੀ! ਤੁਸੀਂ ਸਭ ਅਪਣੀ 
		ਹੱਡ-ਭੰਨਵੀ ਮਿਹਨਤ ਨਾਲ ਕਿਸੇ ਨਾ ਕਿਸੇ ਰੂਪ ਇਨ੍ਹਾਂ ਚੌਹਾਂ ਦਾ ਮੱਥਾ ਡੰਮਦੇ ਹੋਂ ਤੇ 
		ਇਹ ਦਿੰਦੇ ਕੀ ਹਨ ਤੁਹਾਨੂੰ? ਪੰਜਾਬੋਂ ਆਏ ਚਵਲ ਰਾਜਨੀਤਕਾਂ ਦੀ ਚਾਪਲੂਸੀ? ਤੁਹਾਡੇ ਕਾਤਲਾਂ 
		ਨੂੰ ਹਾਰ ਪਾ ਕੇ ਤੁਹਾਡਾ ਇਹ ਨਿੱਤ ਮੂੰਹ ਨਹੀਂ ਚਿੜਾਉਂਦੇ? ਜਿਹੜੇ ਤੁਹਾਡੇ ਪੂਰੇ ਪੰਜਾਬ 
		ਨੂੰ ਖਾ ਗਏ ਨੇ? ਇਨ੍ਹਾਂ ਘੋਰ-ਅਪਰਾਧੀਆਂ ਨੂੰ ਸਨਮਾਨਤ ਕਰਨਾ ਧਰੋਹ ਨਹੀਂ ਪੂਰੀ ਕੌਮ ਨਾਲ? 
		ਭੋਲੇ ਦੀਆਂ ਉਧੜ ਰਹੀਆਂ ਪਰਤਾਂ ਵਿਚੋਂ ਕੀ ਨਿਕਲ ਰਿਹਾ ਹੈ?
		ਗੁਰਦੁਆਰੇ, ਮੀਡੀਆ, ਰਾਜਨੀਤਕ ਕੀ ਉਨ੍ਹਾਂ ਕਲੱਬਾਂ ਨਾਲੋਂ ਨਾਤਾ 
		ਤੋੜ ਲੈਣਗੇ, ਜਿੰਨਾ ਦਾ ਇਸ ਕਾਲਖ ਵਿਚ ਨਾਂ ਬੋਲ ਰਿਹਾ ਹੈ ਜਾਂ ਹਾਲੇ ਬੋਲਣਾ ਹੈ? ਤੇ 
		ਉਨ੍ਹਾਂ ਲੀਡਰਾਂ ਨੂੰ ਕੀ ਹਾਰ ਪਾਉਂਣੋ ਹਟ ਜਾਣਗੇ ਜਿੰਨਾਂ ਪੰਜਾਬ ਦੇ ਅਸਮਾਨਾ ਉਪਰ ਦਿਨੇ 
		ਹਨੇਰਾ ਕਰ ਦਿੱਤਾ ਹੈ?
		ਛੱਡੋ ਕੁਝ ਨਹੀਂ ਹੋਣਾ! ਕਿਉਂ? ਕਿਉਂਕਿ ਤੁਸੀਂ ਸੁੱਤੇ ਹੋਏ ਹੋਂ। 
		ਡਰੱਗ ਤਾਂ ਤੁਹਾਡੇ ਧਾਰਮਿਕ ਅਸਥਾਨਾਂ ਦੀਆਂ ਬਰੂਹਾਂ ਟੱਪ ਆਈ ਹੈ, ਤੁਸੀਂ ਦੌੜੋਂਗੇ ਕਿਧਰ? 
		ਡਰੱਗੀ ਲੋਕ ਸਨਮਾਨਤ ਨਹੀਂ ਹੁੰਦੇ ਗੁਰਦੁਆਰਿਆਂ ਵਿੱਚ? ਸਨਮਾਨਤ? ਸ੍ਰੀ ਗੁਰੂ ਗਰੰਥ 
		ਸਾਹਿਬ ਜੀ ਦੀ ਬੀੜ ਦਾ ਕੁਤਰਾ ਕੁਤਰਾ ਕਰਕੇ ਬੰਦਾ ਇੱਕ ਵਿਚ ਡਰੱਗ ਪਾ ਕੇ ਲਿਆਂਦਾ ਫੜਿਆ 
		ਗਿਆ ਤੇ ਇਥੇ ਟਰੰਟੋ ਦਾ ਹੀ ਇਕ ਗੁਰਦੁਆਰਾ ਉਸ ਨੂੰ ਮਰੇ ਨੂੰ ‘ਪੰਜ ਪਿਆਰਿਆਂ’ ਨੂੰ ਮੂਹਰੇ 
		ਲਾ ਕੇ ਉਸ ਦਾ ਜਲੂਸ ਕੱਢ ਕੇ, ਉਸ ਨੂੰ ਸਿਵਿਆਂ ਤੱਕ ਲੈ ਕੇ ਗਿਆ ਤੇ ਖੁਦ ਅਰਦਾਸ ਕਰਕੇ 
		ਉਸ ਨੂੰ ‘ਸੱਚਖੰਡ’ ਅਪੜਾ ਕੇ ਆਏ?
		ਗੁਰੂ ਨਾਨਕ ਪਾਤਸ਼ਾਹ ਜਦ ਮੱਕੇ ਗਏ ਤਾਂ ਕਾਜੀਆਂ ਨਾਲ ਇਕ ਜਿਹੜਾ 
		ਉਨ੍ਹਾਂ ਅਹਿਮ ਬਚਨ ਕੀਤਾ, ਉਹ ਇਹ ਸੀ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਇਥੇ ਸਨਮਾਨਤ ਕਰਨਾ 
		ਬੰਦ ਕਰੋ ਜਿਹੜੇ ਹਿੰਦੋਸਤਾਨ ਵਿਚ ਜਾ ਕੇ ਲੋਕਾਂ ਦੇ ਆਹੂ ਲਾਹੁੰਦੇ ਹਨ। ਉਹ ਜੁਲਮ ਕਰਕੇ 
		ਵੀ ਬਰੀ ਸਮਝਦੇ ਕਿ ਸ਼ਾਇਦ ਸਾਡੇ ਗੁਨਾਹ ਧੋਤੇ ਗਏ। ਜਾਲਮ ਹੋਵੇ ਜਾਂ ਡਰੱਗੀ ਉਸ ਨੂੰ 
		ਧਾਰਮਿਕ ਅਸਥਾਨ ਤੋਂ ਸਨਮਾਨਤ ਕਰਨਾ ਪੂਰੀ ਮਨੁੱਖਤਾ ਨਾਲ ਧਰੋਹ ਹੈ, ਠੱਗੀ ਹੈ ਤੇ ਘੋਰ 
		ਪਾਪ ਹੈ। ਡਰੱਗ ਵੇਚਣ ਵਾਲਾ ਤੇ ਡਰੱਗੀ ਨੂੰ ਸਨਮਾਨਤ ਕਰਨ ਵਾਲਾ ਬਰਾਬਰ ਹਿੱਸੇਦਾਰ ਹੈ, 
		ਉਹ ਚਾਹੇ ਕੋਈ ਗੁਰਦੁਆਰਾ ਹੋਵੇ ਚਾਹੇ ਸੰਸਥਾ। ਇੱਕ ਗੁਨਾਹ ਕਰਦਾ ਹੈ ਦੂਜਾ ਕਰਨ ਲਈ 
		ਉਤਸ਼ਾਹਤ ਕਰਦਾ ਹੈ ਜਿਵੇਂ ਕਤਲ ਕਰਨਾ ਤੇ ਉਕਸਾਉਂਣਾ!!
		ਇਸ ਕਾਲਖ ਭਰੇ ਸੰਸਾਰ ਦਾ ਅਗਲਾ ਦੁਖਦਾਈ 
		ਪਹਿਲੂ ਦੇਖੋ ਕਿ ਪੰਜਾਬ ਅੱਜ ਖਮੋਸ਼ ਹੈ, ਬਾਹਰ ਵੀ ਕਰੀਬਨ ਖਮੋਸ਼ੀ ਹੈ। ਸਭ ਕਬਰਸਤਾਨ? ਕੋਈ 
		ਜਥੇਦਾਰ ਨਹੀਂ ਬੋਲਿਆ, ਕੋਈ ਗੁਰਦੁਆਰਾ, ਕੋਈ ਭੋਰਾ, ਕੋਈ ਸੱਚਖੰਡ, ਕੋਈ ਢੋਲਕੀ, ਕੋਈ 
		ਚਿਮਟਾ, ਕੋਈ ਬੰਦ ਬੱਤੀ, ਕੋਈ ਅਉਖਦ ਨਾਮ! ਕੋਈ ਬੋਲਿਆ? ਜਗਦੀਸ਼ ਭੋਲੇ ਵਰਗੇ ਕੀ 
		ਕੇ.ਪੀ ਗਿੱਲ ਵਰਗੇ ਖੂਨੀ ਕਾਤਲਾਂ ਨਾਲੋਂ ਘੱਟ ਨੇ? ਗਿੱਲ ਨੇ ਗੋਲੀਆਂ ਨਾਲ ਪੰਜਾਬ ਦੇ ਆਹੂ 
		ਲਾਹੇ ਤੇ ਇਨ੍ਹਾਂ ਭੋਲਿਆਂ ਜਾਂ ਇਸ ਦੇ ਯਾਰਾਂ-ਬਾਸ਼ਾਂ ਸਾਇਲੈਂਟ ਮੌਤੇ ਮਾਰਿਆ ਪੰਜਾਬ 
		ਨੂੰ। ਕਾਲੀਏ ਕਾਂਗਰਸ ਨੂੰ ਪਾਣੀ ਪੀ ਪੀ ਕੋਸਦੇ। ਕਾਂਗਰਸ ਨੇ ਸ਼ਰੇਆਮ ਪੰਜਾਬ ਦਾ ਕਤਲੇਆਮ 
		ਕੀਤਾ ਪਰ ਜਿਸ ਮੌਤੇ ਇਨ੍ਹਾਂ ਮਾਰਿਆ? ਓਸ ਵੇਲੇ ਤੇ ਹੁਣ ਦੇ ਅੰਕੜੇ ਤੇ ਕਢਾ ਦੇਖੋ।
		
		ਬਾਬਾ ਜੀ ਵਾਰ ਵਾਰ ਮੈਨੂੰ ਸਮਝਾਉਂਦੇ ਕਿ ਮੂਰਖਾ ਉਹ ਕੰਮ ਨਾ ਕਰ 
		ਜਿੰਨਾ ਕਰਕੇ ਤੈਨੂੰ ਸ਼ਰਮਿੰਦਾ ਹੋਣਾ ਪਵੇ। ਹੁਣ ਜਗਦੀਸ਼ ਭੋਲੇ ਵਰਗੇ ਜਾਂ ਜਿੰਨਾ ਨੂੰ ਪਾਲਾ 
		ਮਾਰ ਰਿਹਾ ਤੇ ਜਿਹੜੇ ਇਸ ਕਾਲਖ ਵਿਚ ਹਿੱਸੇਦਾਰ ਰਹੇ ਨੇ ਮਾਣ ਨਾਲ ਤਾਂ ਨਹੀਂ ਨਾ ਕਹਿ 
		ਸਕਦੇ ਕਿ ਅਸੀਂ ਭੋਲੇ ਦੇ ਯਾਰ ਸਾਂ ਉਹ ਤਾਂ ਉਸ ਨੂੰ ਜਾਣਦਾ ਹੋਣ ਤੋਂ ਇਨਕਾਰੀ ਹੋ ਰਹੇ 
		ਹਨ? ਹਵਾਵਾਂ ਵਿਚ ਉੱਡਦੇ ਫਿਰਦੇ ਬੰਦੇ ਦੀ ਔਕਾਤ ਵੇਖੋ, ਕਿ ਉਸ ਦੇ ਯਾਰਾਂ-ਬਾਸ਼ਾਂ ਹੀ ਉਸ 
		ਨੂੰ ਜਾਨਣ ਤੋਂ ਇਨਕਾਰ ਕਰ ਦਿੱਤਾ। ਸਾਂਈ ਦੇ ਦਰਬਾਰ ਹੋ ਗਿਆ ਨਾ ਸ਼ਰਮਿੰਦਾ? ਸਾਈਂ ਇਥੇ 
		ਹੀ ਹੈ, ਤੁਹਾਡੇ ਸਾਡੇ ਵਿਚ ਤੇ ਹੁਣ ਤੁਹਾਨੂੰ ਸਾਨੂ ਉਹ ਮੂੰਹ ਦਿਖਾਉਂਣ ਜੋਗਾ ਨਾ ਰਿਹਾ, 
		ਤੇ ਬਾਬਾ ਜੀ ਕਹਿੰਦੇ ਅਜਿਹੇ ਕੰਮ ਹੀ ਨਾ ਕਰ! ਕਿ ਕਰ 
		?