Share on Facebook

Main News Page

ਦੇਰ ਆਏ ਪਰ ਦਰੁਸਤ ਕਿਵੇਂ ਆਏ ?
-: ਗੁਰਦੇਵ ਸਿੰਘ ਸੱਧੇਵਾਲੀਆ

ਡਿਕਸੀ ਗੁਰਦੁਆਰੇ ਦਾ ‘ਫੈਸਲਾ’ ਕਹਿੰਦੇ ਹੋ ਗਿਆ ਹੈ?

ਬੜਾ ‘ਆਹਲਾ’ ਫੈਸਲਾ ਹੋਇਆ ਹੈ। ਫੈਸਲਾ ਉਹੀ ਹੋਇਆ ਜੋ ਹੋਣਾ ਚਾਹੀਦਾ ਸੀ। ਕੀ? ‘ਉਤਰ ਕਾਟੋਂ ਮੈਂ ਚੜਾਂ’! ਪਰ ਪ੍ਰਪਾਤੀ ਕੀ ਹੋਈ ਇਸ ਲੜਾਈ ਵਿੱਚ? ਇਹੀ ਅਦਲਾ ਬਦਲੀ ਪਹਿਲਾਂ ਕਰ ਲੈਂਦੇ। ਤੁਸੀਂ ਕਿਵੇਂ ਕਹਿ ਸਕਦੇ ਕਿ ਤੁਹਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਸਿਆਣੇ ਨੇ? ਤਾਂ ਤੁਸੀਂ ਕਿਵੇਂ ਉਮੀਦ ਕਰੀ ਬੈਠੇ ਹੋ, ਅਜਿਹੇ ਲੋਕਾਂ ਦੇ ਹੁੰਦਿਆਂ ਤੁਹਾਡੀ ਕੌਮ ਦਾ ਕੋਈ ਵਿਕਾਸ ਹੋ ਜਾਵੇਗਾ? ਵਿਨਾਸ ਤਾਂ ਹੋ ਸਕਦਾ, ਪਰ ਵਿਕਾਸ ਨਹੀਂ।

ਤੁਹਾਨੂੰ ਕਦੇ ਇੰਝ ਨਹੀਂ ਜਾਪਦਾ ਕਿ ਤੁਸੀਂ ਉਸ ਗੱਡੀ ਵਿਚ ਬੈਠੇ ਹੋਏ ਹੋ, ਜਿਸ ਦਾ ਡਰਾਈਵਰ ਨਸ਼ੇ ਵਿਚ ਧੁੱਤ ਤੁਹਾਨੂੰ ਖਤਾਨਾ ‘ਚ ਲਈ ਫਿਰ ਰਿਹਾ ਹੈ? ਇਹ ਕੌਮ ਬੱਚ ਕਿਵੇਂ ਜਾਵੇਗੀ, ਕੀ ਉਮੀਦ ਇਸ ਦੇ ਬਚਣ ਦੀ, ਜਦ ਮਲਾਹ ਬੇੜੀ ਡੋਬਣ ਤੁਰ ਪੈਣ!

ਸੋਚ ਕੇ ਦੇਖੋ ਕਿੰਨੀ ਕੁ ਵੱਡੀ ਗੱਲ ਸੀ ਕਿ 30 ਲੱਖ ਡਾਲਰ ਫੂਕ ਛੱਡਿਆ। ਦੁਨੀਆ ਦੀ ਰਾਜਨੀਤੀ ਦੇ ਝਰੋਖੋ ਵਿਚੋਂ ਸਾਡੀ ਪਹੁੰਚ ਦੇਖੋ ਕੀ ਹੈ। ਕੈਨੇਡਾ, ਟੋਰੰਟੋ, ਮਿਸੀਸਾਗਾ ਤੇ ਉਸ ਮਿਸੀਸਾਗਾ ਵਿਚ ਇੱਕ ਗੁਰਦੁਆਰਾ! ਤੇ ਉਸ ਗੁਰਦੁਆਰੇ ਦੇ ਕਬਜ਼ੇ ਲਈ ਲੜਾਈ! ਤੇ 30 ਲੱਖ ਡਾਲਰ?

ਭਰੋਸੇਯੋਗ ਸੂਤਰਾਂ ਤੋਂ ਪਤਾ ਇਹ ਚਲਿਆ ਹੈ ਕਿ ਪ੍ਰਧਾਨ, ਸੈਕਟਰੀ ਇਸ ਕੱਚ-ਘਰੜ ਜਿਹੇ ਸਮਝੌਤੇ ਦੀ ਰੇਲ ਵਿਚੋਂ ਛਾਲਾਂ ਮਾਰੂ ਸਨ, ਪਰ ਇਸ ਗੱਡੀ ਦਾ ਸਟੇਰਿੰਗ ਕਿਉਂਕਿ ਹੁਣ ਉਨ੍ਹਾਂ ਹੱਥੋਂ ਨਿਕਲ ਚੁੱਕਾ ਸੀ, ਉਨ੍ਹਾਂ ਨੂੰ ਜਾਪਿਆ ਗੱਡੀ ਪੁਲ ਚੜ੍ਹ ਚੁੱਕੀ ਛਾਲ ਮਾਰੀ ਤਾਂ ਰਾਗੀ, ਭਾਈਆਂ ਹੱਥੋਂ ਲਿਆਂਦੇ ਰੱਸਗੁੱਲਿਆਂ ਤੋਂ ਵੀ ਜਾਵਾਂਗੇ। ਮੁੱਛ ਨੂੰ ਵੱਟ ਨਹੀਂ ਦੇ ਹੋਣਾ। ਹੁਣ ਤਾਂ ਚਲੋ ਡਾਇਰੈਕਟਰ ਵਾਲੀ ਝੰਡੀ ਬੱਝੀ ਰਹਿ ਜਾਣੀ, ਨਹੀਂ ਤਾਂ ਕਈ ਵਿਰੋਧੀ ਪਾਰਟੀ ਵਾਲਿਆਂ ਵਾਗੂੰ ਉਤਰੇ ਜਿਹੇ ਮੂੰਹਾਂ ਨਾਲ ਰੱਸਗੁਲੇ ਤਾਂ ਕੀ, ਚਾਹ ਦੀ ਘੁੱਟ ਵੀ ਹੇਠਾਂ ਨਹੀਂ ਉਤਰਨੀ, ਸੋ ਚਲੋ ਇਸੇ ਗੱਡੀ ਦੀ ਸਵਾਰੀ ਵਿਚ ਹੀ ਭਲਾ ਹੈ।

ਪਾਠਕਾਂ ਦੀ ਦਿਲਚਸਪੀ ਹਿੱਤ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਪਿੱਛਲੇ ਸਾਲ ਦੀ ਮੀਟਿੰਗ ਵਿਚ ਸਭ ਚੌਧਰੀ ਅਤੇ ਯਾਰ ਬਾਸ ਅਤੇ ਵਿਚੇ ਖਾਲਿਸਤਾਨੀ, ਇਸੇ ਗੱਲ ਨਾਲ ਹੀ ਸਹਿਮਤ ਸਨ, ਕਿ ਗੱਡੀ ਰਿੜੀ ਜਾਣ ਦਿਓ, ਵਕੀਲਾਂ ਇਸ ਨੂੰ ਧੱਕਾ ਲਾਈ ਜਾਣਾ, ਦੱਸ ਸਾਲ ਇੰਝ ਹੀ ਝੂਟੇ ਲਈ ਚਲੋ, ਕਿਹੜਾ ਕਿਸੇ ਪੁੱਛਣਾ ਨਾਲੇ ਕਿਹੜਾ ਘਰੋਂ ਜਾਣੇ। ਚੈੱਕ ਕੱਟਣ ਤੇ ਕਿੰਨਾ ਕੁ ਜੋਰ ਲੱਗਦਾ। ਉਸ ਮੀਟਿੰਗ ਵਿਚ ਕੇਵਲ ਤੇ ਕੇਵਲ ਸ੍ਰ. ਚੈਨ ਸਿੰਘ ਧਾਲੀਵਾਲ ਨੇ ਇਸ ਲੁੱਟ ਦੀ ਵਿਰੋਧਤਾ ਕੀਤੀ ਸੀ, ਬਾਕੀ ਸਭ ਇਸ ‘ਬਰਬਾਦੀ ਐਕਸਪ੍ਰੈਸ’ ਵਿਚ ਸ਼ਾਮਲ ਸਨ।

ਪਾਠਕਾਂ ਦੀ ਜਾਣਕਾਰੀ ਹਿੱਤ ਹੈ ਕਿ ‘ਖਾਲਸਾ ਦਰਬਾਰ’ ਯਾਨੀ ਡਿਕਸੀ ਗੁਰਦੁਆਰੇ ਦਾ ਚੌਧਰ ਦੀ ਲੰਮੀ ਲੜਾਈ ਵਿੱਚ ਅੰਦਾਜਨ, ਤੀਹ ਕੁ ਲੱਖ ਡਾਲਰ ਤਾਂ ਲੱਗ ਚੁੱਕਾ ਹੋਇਆ। 30 ਲੱਖ ਡਾਲਰ? ਪੰਜਾਹ ਨਾਲ ਵੀ ਮਲਟੀਪਲਾਈ ਕਰੋ ਤਾਂ 15 ਕ੍ਰੋੜ ਰੁਪਈਆ???? ਕਾਹਦੇ ਲਈ? ਪ੍ਰਧਾਨ, ਸੈਕਟਰੀ ਬਣੇ ਰਹਿਣ ਲਈ? ਇਨਾ ਵੱਡਾ ਧ੍ਰੋਹ? ਯਾਦ ਰਹੇ, ਕਿ ਇਸ ਧ੍ਰੋਹ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਹੜੇ ਬਾਹਾਂ ਟੰਗ ਟੰਗ ਇਨਾਂ ਨਾਲ ਖੜਦੇ ਰਹੇ ਹਨ। ਨਾ ਬਖਸ਼ਣਯੋਗ ਗੁਨਾਹ ਕਰਦੇ ਹਨ ਇਹ ਲੋਕ। ਇਹੀ ਝੱਖ ਪਹਿਲਾਂ ਮਾਰ ਲੈਂਦੇ। ਵਾਰੀ ਵਾਰੀ ਝੂਟ ਲੈਂਦੇ ਜਿਹੜਾ ਝੂਲਾ ਝੂਲਣਾ ਸੀ, ਪਰ 30 ਲੱਖ ਡਾਲਰ?

ਯਾਦ ਰਹੇ ਕਿ ਇਦਾਂ ਕੁ ਦੀ ਹੀ ਇੱਕ ਪਾਰਟੀ ਦੇ ‘ਜਰਨੈਲ’ ਹਾਲੇ ਜ੍ਹੇਲ ਵਿਚ ਹਨ, ੳਨ੍ਹਾਂ ਤਾਂ ਸਿਰੇ ਹੀ ਲਾ ਤੀ ਸੀ। ਟੋਕੇ ਤੇ ਕੁਹਾੜੇ ਵੇਖੋ ਕਿਥੋਂ ਲੈ ਕੇ ਆਏ! ਬੜੀ ਕੁਹਾੜੀ ਵਾਹੀ ‘ਜੋਧਿਆਂ’? ਸਿੱਧੇ ਸਿਰਾਂ ‘ਚ ਮਾਰੇ। ਇਨੀ ‘ਸਿਰ ਵੱਡਵੀਂ’ ਲੜਾਈ ਲੜਨ ਤੋਂ ਤੁਹਾਨੂੰ ਜਾਪਦਾ ਕਿ ਇਨ੍ਹਾਂ ਨੂੰ ਕੋਈ ਲਾਲਚ ਨਹੀਂ, ਤੇ ਇਹ ਕੇਵਲ ਤੇ ਕੇਵਲ ਸੇਵਾ ਵਾਸਤੇ ਲੜਦੇ ਨੇ? ਅਗਾਹੂੰ ਕੋਟਾਂ ਤੱਕ ਜਾਣ ਦੇ ਪ੍ਰਬੰਧ ਦੇ ਢੰਗ ਵੀ ਨਿਵੇਕਲੇ! ਨੇਫਿਆਂ ਵਿੱਚ ਡਾਲਰ ਪਾ ਪਾ ‘ਸੇਵਾ’ ਪੱਕੀ ਰੱਖਣ ਦਾ ਪ੍ਰਬੰਧ ਕਰਦੇ ਰਹੇ ਮਾਂ ਕੇ ਲਾਲ। ਹੋਰ ਅਗੇ ਚਲੋ, ਤੁਹਾਨੂੰ ਹੈਰਾਨੀ ਵਿਚ ਪਾ ਦੇਣਗੇ ਸਾਡੇ ਕੰਮ। ਉਨ੍ਹਾਂ ਚੋਰਾਂ ਦੀ ਪਿੱਠ ਥਾਪੜਨ ਦੇਖੋ ਕੌਣ ਆਉਂਦੇ ਰਹੇ। ਬਾਕੀ ਚੋਲਿਆਂ ਵਾਲਿਆਂ ‘ਸੂਰਬੀਰਾਂ’ ਦੀ ਤਾਂ ਖਾਧੀ ਕੜੀ, ਉਥੇ ਅੱਖਾਂ ਮੀਚ ਮੀਚ ਸਿੱਧੀਆਂ ਰੱਬ ਨਾਲ ਗੱਲਾਂ ਕਰਨ ਦੇ ਖੇਖਨ ਕਰਨ ਵਾਲੇ ਮਾਲਟਨ ਵਾਲੇ ‘ਬਾਬਾ ਜੀ’ ਵੀ ਅਪਣੇ ਜੌਹਰ ਦਿਖਾਉਂਦੇ ਰਹੇ, ਕਿ ਆਓ, ਲਾਓ ਹੱਥ ਚੋਰ ਨੂੰ ਕਿਹੜਾ ਲਾਉਂਦਾ। ਚੋਰ ਅਤੇ ਚੋਰ ਦੇ ਹਮਾਇਤੀ ਵਿੱਚ ਕੀ ਫਰਕ ਹੈ, ਇਹ ਤੁਸੀਂ ਸੋਚਦੇ ਰਹਿਣਾ।

ਫਿਰ ਡਿਕਸੀ ਗੁਰਦੁਆਰੇ ਦੀ ਕਰਦੇ ਹਾਂ। ਸ੍ਰ. ਅਵਤਾਰ ਸਿੰਘ ਪੂਨੀਆਂ ਅਤੇ ਸੁੱਖਦੇਵ ਸਿੰਘ ਬੈਂਸ ਚਾਹੇ ਬੜਾ ਚਿਰ ਰਹੇ, ਤਾਂ ਉਸੇ ਬੇੜੀ ਵਿਚ ਸਵਾਰ ਜਿਹੜੀ ਗੁਰੂ ਕੀ ਗੋਲਕ ਦੇ ਡਾਲਰਾਂ ‘ਤੇ ਤੈਰਦੀ ਵਕੀਲਾਂ ਨੂੰ ਝੂਟੇ ਦਿੰਦੀ ਰਹੀ, ਪਰ ਹੁਣ ਉਨੀ ਇਸ ਦੇ ਚੱਪੂ ਸੁੱਟ ਦਿੱਤੇ, ਤੇ ਐਲਾਨ ਕਰ ਦਿੱਤਾ ਕਿ ਲੜਾਈ ਬੰਦ! ਕੋਈ ਰਾਜਨੀਤੀ ਪ੍ਰਭਾਵ ਸੀ, ਜਾਂ ਉਂਝ ਹੀ ਜ਼ਮੀਰ ਨੂੰ ਹੁਲਾਰਾ ਜਿਹਾ ਆਇਆ, ਕਿ ਯਾਰ ਆਹ ਤਾਂ ਸੁਧਾ ਧੱਕਾ ਗੁਰਦੁਆਰੇ ਨਾਲ ਤੇ ਹਾਲੇ ਪੰਜਾਹ ਕੁ ਲੱਖ ਡਾਲਰ ਹੋਰ ਰੁੜਨ ਦੀ ਉਮੀਦ ਨੂੰ ਰੱਦ ਨਹੀਂ ਸੀ ਕੀਤਾ ਜਾ ਸਕਦਾ ਤੇ ਉਨਾ ਇਹ ਲੜਾਈ ਬੰਦ ਕਰ ਦਿੱਤੀ। ਨਹੀਂ ਤਾਂ ਬਾਕੀਆਂ ਦੀ ਨੀਤੀ ਤਾਂ ਸੀ ਕਿ ਝੂਟ ਲਓ ਪੀਂਘ ਜਿੰਨਾ ਚਿਰ ਝੂਟੀ ਜਾਂਦੀ ਕਿਹੜਾ ਕਿਸੇ ਪੁੱਛਣਾ। ਜਦ ਅੰਨ੍ਹੀ ਸ਼ਰਧਾ ਵਾਲੇ ਧੱਕਾ ਲਾਉਂਣ ਲਈ ਮੌਜੂਦ ਨੇ, ਉਨਾਂ ਚਿਰ ਹੁਲਾਰਾ ਆਈ ਜਾਣਾ ਕਿਹੜਾ ਅਪਣੀ ਜ੍ਹੇਬ ਵਿਚੋਂ ਜਾਣੇ।

ਪਰ ਚਲੋ ਦੋਂਹ ਬੰਦਿਆਂ ਵਕੀਲਾਂ ਦੀ ਅਗਲੇਰੀ ਲੁੱਟ ਬਚਾ ਲਈ, ਪਰ ਫਿਰ ਵੀ ਤੁਸੀਂ ਇਸ ਨੂੰ ਦੇਰ ਆਏ ਤਾਂ ਕਹਿ ਸਕਦੇ ਹੋ, ਪਰ ਦਰੁਸਤ ਤਾਂ ਕਦਾਚਿਤ ਵੀ ਨਹੀਂ। 30 ਲੱਖ ਤੁਸੀਂ ਕੌਮ ਦੇ ਵਿਕਾਸ ਅਤੇ ਪ੍ਰਚਾਰ ਲਈ ਲਾਇਆ ਹੁੰਦਾ। ਦੁਨੀਆਂ ਅਪਣਾ ਪਿੱਤਲ ਵੀ ਵੇਚੀ ਜਾਂਦੀ, ਇਹ ਅਪਣੇ ਸੋਨੇ ਦੀ ਵੀ ਕੀਮਤ ਨਹੀਂ ਪਾ ਸਕੇ। ਕੁੱਲ ਪਾ ਕੇ ਸੋਚੋ, ਕਿ ਇਸ ਲੜਾਈ ਵਿਚੋਂ ਖੱਟਿਆ ਕੀ? ਚਾਰ-ਪੰਜ-ਸੱਤ ਸਾਲ ਕੁਰਸੀ ਦੇ ਝੂਟੇ? ਪ੍ਰਧਾਨ ਨੂੰ ਹੀ ਪੁੱਛ ਲਓ ਕਿ ਉਹ ਕਿੰਨਾ ਕੁ ਵੱਡਾ ਹੋ ਗਿਆ ਇਨ੍ਹਾਂ ਸਾਲਾਂ ਵਿਚ? ਇਨੇ ਮਹਿੰਗੇ ਝੂਟੇ? 30 ਲੱਖ ਡਾਲਰ ਦੇ ਝੂਟੇ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top