Share on Facebook

Main News Page

ਲਾਈਟਾਂ ਵਾਲਾ ਬਾਬਾ..?
-
ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੌਜਾ ਸਿੰਘ ਦਾ ਇੱਕ ਮਿੱਤਰ ਟਰੱਕ ਚਲਾਉਂਦਾ। ਸ਼ਹਿਰ ਵਿਚ ਚਲਾਉਂਦਾ, ਪਰ ਕਿਤੇ ਕਿਤੇ ਪਿੰਡਾਂ ਵਾਲੇ ਪਾਸਿਓਂ ਮਿੱਟੀ ਚੁੱਕਣ ਜਾਣਾ ਪੈਂਦਾ। ਉਹ ਦੱਸੇ ਕਿ ਇੱਕ ਵਾਰ ਰਾਤ ਮੈਂ ਕਿਸੇ ਪਿੰਡ ਜਿਹੇ ਵਿਚ ਫੱਸ ਗਿਆ ਤੇ ਉਥੇ ਹੋ ਗਿਆ ਲੇਟ। ਸ਼ੂਕਦੀ ਰਾਤ ਤੇ ਨਾਲ ਵਰ੍ਹ ਪਿਆ ਮੀਂਹ। ਪਿਹੇ ਵਰਗੀਆਂ ਸੜਕਾਂ ਤੇ ਦਿੱਸੇ ਕੁੱਝ ਨਾ। ਟਰੱਕ ਸ਼ਰਾਬੀ ਵਾਂਗ ਝੂਲਦਾ ਹੋਇਆ ਬਦੋ-ਬਦੀ ਹੱਥੋਂ ਨਿਕਲਦਾ ਜਾਵੇ। ਕੱਚੀ ਸੜਕ ਦੇ ਦੋਹੀਂ ਪਾਸੀਂ ਪਾਣੀ ਦੀਆਂ ਡਿੱਚਾਂ ਯਾਨੀ ਵੱਡੇ ਖਾਲ਼ੇ ਸਨ। ਚਿੱਕੜ ਕਾਰਨ ਤਿਲਕਣ-ਬਾਜੀ ਵੀ ਹੋ ਗਈ। ਆਲੇ-ਦੁਆਲੇ ਜੰਗਲਾਂ ਵਰਗੇ ਖੜੇ ਮਕੱਈ ਦੇ ਖੇਤ ਡਰਾਉਂਣੇ ਅਤੇ ਭਿਆਨਕ ਜਾਪਦੇ ਸਨ। ਉਸ ਨੂੰ ਜਾਪਿਆ ਕਿ ਅੱਜ ਗਏ! ਤੇ ਅਚਾਨਕ ਟਰੱਕ ਦੇ ਹੇਠੋਂ ਕੜੱਕ ਜਿਹੀ ਹੋਈ ਤੇ ਟਰੱਕ ਉਥੇ ਹੀ ਬਰੇਕਾਂ ਲਾ ਗਿਆ।

ਉਹ ਕਹਿੰਦਾ ਮੈਂ ਹੇਠਾਂ ਉਤਰਿਆ। ਕੁਝ ਨਾ ਦਿੱਸ ਰਿਹਾ ਸੀ। ਨਾ ਕੁਝ ਪਤਾ ਲਗ ਰਿਹਾ ਸੀ। ਉਸ ਭਿਆਨਕ ਜੰਗਲ ਵਿਚ ਰਾਤ ਕੱਟਣ ਦਾ ਸੋਚ ਕੇ ਹੀ ਕੰਬਣੀ ਛਿੜਦੀ ਸੀ। ਆਲੇ-ਦੁਆਲੇ ਨਾ ਕੋਈ ਬੰਦਾ ਨਾ ਪਰਿੰਦਾ। ਕੋਈ ਵਾਹ ਨਾ ਜਾਂਦੀ ਦੇਖ ਮੈਂ ਅੰਦਰੇ-ਅੰਦਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਕੀ ਕਰਾਂ ਕਿ ਅਚਾਨਕ ਮੇਰੇ ਟਰੱਕ ਦੇ ਟਾਇਰਾਂ ਲਾਗੇ ਲਾਈਟ ਜਿਹੀ ਜਗੀ ਤੇ ਨਾਲ ਹੀ ਫਿਰ ਕੜੱਕ ਜਿਹੇ ਦੀ ਅਵਾਜ ਆਈ। ਪਹਿਲਾਂ ਤਾਂ ਮੈਂ ਡਰ ਗਿਆ ਤੇ ਫਿਰ ਮੇਰੇ ਅੰਦਰੋਂ ਕਿਸੇ ਕਿਹਾ ਭਾਈ ਚੜ੍ਹ ਜਾ ਟਰੱਕ ਤੇ! ਜਦ ਮੈਂ ਟਰੱਕ ਤੋਰਿਆ ਤਾਂ ਟਰੱਕ ਮੇਰਾ ਨੌ-ਬਰ-ਨੌ? ਤੇ ਫਿਰ ਉਹੀ ਲਾਈਟ ਮੇਰੇ ਅਗੇ ਅਗੇ ਤੁਰਦੀ ਗਈ ਜਿੰਨਾ ਚਿਰ ਮੈਂ ਹਾਈਵੇਅ ਤੇ ਨਹੀਂ ਚੜ ਗਿਆ!!

ਕਹਾਣੀ ਸੁਣਾ ਕੇ ਬਾਬਾ ਫੌਜਾ ਸਿੰਘ ਦਾ ਮਿੱਤਰ ਆਪੇ ਹੀ ਹੱਸ ਪਿਆ ਤੇ ਕਹਿਣ ਲੱਗਾ ਉਹ ਲਾਈਟ ਪਤਾ ਕਿਥੋਂ ਆਈ ਸੀ?

ਕਿਥੋਂ ਆਈ ਸੀ?

ਮਾਲਟਨ ਵਾਲੇ ਨਵੇਂ ਬਾਬੇ ਨੇ ਛੱਡੀ ਸੀ! ਲਾਈਟਾਂ ਵਾਲੇ ਨੇ!

ਲਾਈਟਾਂ ਵਾਲੇ ਬਾਬੇ ਨੇ? ਬਾਬਾ ਫੌਜਾ ਸਿੰਘ ਹੈਰਾਨ ਸੀ!

ਬਾਬੇ ਦਾ ਮਿੱਤਰ ਕਹਿਣ ਲੱਗਿਆ ਕਿ ਬਾਬਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ, ਜੇ ਅੱਜ ਦੀ ਦੁਨੀਆਂ ਵਿਚ ਚੂਹੇ ਭੌਂਕ ਸਕਦੇ ਅਤੇ ਬਿੱਲੀਆਂ ਡੰਗ ਮਾਰ ਸਕਦੀਆਂ ਹਨ ਤਾਂ ਬਾਬਾ ਜੀ ਦੀਆਂ ਲਾਈਟਾਂ ਨਹੀਂ ਨਿਕਲ ਸਕਦੀਆਂ?

ਬਾਬਾ ਫੌਜਾ ਸਿੰਘ ਨੇ ਲਾਟਾਂ ਵਾਲੀ ਦੇਵੀ ਸੁਣੀਂ ਸੀ, ਪਰ ਲਾਈਟਾਂ ਵਾਲੇ ਬਾਬੇ ਦੀ ਗੱਲ ਪਹਿਲੀ ਵਾਰ ਸੁਣੀ ਸੀ। ਲਾਟਾਂ ਵਾਲੀ ਦੇਵੀ ਅਤੇ ਲਾਈਟਾਂ ਵਾਲਾ ਬਾਬਾ? ਦਰਅਸਲ ਲਾਟਾਂ ਅਤੇ ਲਾਈਟਾਂ ਵਿਚ ਫਰਕ ਕੋਈ ਨਹੀਂ, ਕੇਵਲ ਪੜੇ ਲਿਖੇ ਜੁਗ ਦੀ ਭਾਸ਼ਾ ਦਾ ਹੀ ਅੰਤਰ ਹੈ। ਜਦ ਲਾਟਾਂ ਵਾਲੀ ਦੇਵੀ ਪ੍ਰਗਟ ਹੋਈ ਹੋਣੀ ਉਸ ਸਮੇਂ ਲਾਟਾਂ ਹੀ ਹੁੰਦੀਆਂ ਹੋਣੀਆਂ ਤੇ ਹੁਣ ਲਾਈਟਾਂ ਦਾ ਜੁਗ ਹੈ ਤੇ ਬਾਬੇ ਵੀ ਲਾਈਟਾਂ ਵਾਲੇ ਪ੍ਰਗਟ ਹੋਣ ਲੱਗ ਪਏ। ਲਾਈਟ ਅੰਗਰੇਜੀ ਦਾ ਲਫਜ ਹੈ, ਜੇ ਬਾਬਿਆਂ ਨੂੰ ਅੰਗਰੇਜੀ ਨਾ ਆਉਂਦੀ ਹੁਮਦਿ, ਤਾਂ ਯਕੀਨਨ ਉਸ ਲਾਟ ਹੀ ਕਹਿਣਾ ਸੀ ਤਾਂ ਉਸ ਦਾ ਨਾਮ ਵੀ ਲਾਟਾਂ ਵਾਲਾ ਬਾਬਾ ਪੈ ਜਾਣਾ ਸੀ।

ਪਰ ਤੇਰਾ ਇਹ ਗੱਪ ਸੁਣਾਉਂਣ ਦਾ ਮੱਤਲਬ?

ਮੱਤਲਬ ਦੱਸਦਿਆਂ ਬਾਬਾ ਫੌਜਾ ਸਿੰਘ ਦੇ ਮਿੱਤਰ ਨੇ ਲਾਈਟਾਂ ਵਾਲੇ ਬਾਬੇ ਦੀਆਂ ਨਵੀਆਂ ਸੁਣਾਈਆਂ ਕਹਾਣੀਆਂ ਸੁਣਾ ਕੱਢੀਆਂ ਕਿ ਬਾਬਾ ਜੀ ਦੱਸ ਰਹੇ ਸਨ ਕਿ ਇੱਕ ਮਾਈ ਐਨਕਾਂ ਭੁੱਲ ਆਈ, ਪਰ ਗੁਟਕੇ ਵਿਚੋਂ ਨਿਕਲੀ ਲਾਈਟ ਨੇ ਉਸ ਦੀਆਂ ਅੱਖਾਂ ਠੀਕ ਕਰ ਦਿੱਤੀਆਂ। ਤੇ ਇਕ ਹੋਰ ਕਿ ਕਿਸੇ ਬੱਚੇ ਨੂੰ ਪੀਨੱਟ ਤੋਂ ਅਲੱਰਜੀ ਸੀ, ਪਰ ਨਿਕਲੀ ਲਾਈਟ ਨੇ ਉਸ ਦੀ ਅੱਲਰਜੀ ਹਟਾ ਦਿੱਤੀ। ਯਾਨੀ ਦੋਵੇਂ ਧਿਰਾਂ ਖੁਸ਼। ਲਾਈਟਾਂ ਭੇਜਣ ਵਾਲੇ ਵੀ ਤੇ ਲਾਈਟਾਂ ਦੇਖਣ ਵਾਲੇ ਵੀ। ਲਾਈਟਾਂ ਵਿੱਕਦੀਆਂ ਬਹੁਤ। ਕੋਈ ਦੁਨੀਆਂ ਦੀ ਮਹਿੰਗੀ ਤੋਂ ਮਹਿੰਗੀ ਲਾਈਟ ਵੀ ਬਾਬਿਆਂ ਦੀਆਂ ਲਾਈਟਾਂ ਜਿੰਨੀ ਕੀਮਤੀ ਨਹੀਂ! ਕਿ ਹੈ?

 
Vasu Bhardwaj

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ, ਇਹ ਲੋਕ ਲੁਕਾਈ ਨੂੰ ਤੋਰ ਕਿਧਰ ਰਹੇ ਹਨ। ਜੇ ਕੋਈ ਕਹੇ ਤਾਂ ਉਸ ਨੂੰ ਨਾਸਤਿਕ ਕਹਿ ਕੇ ਭੰਡਦੇ ਹਨ ਤੇ ਗੁਰੂ ਉਪਰ ਵਿਸਵਾਸ਼ ਨਾ ਹੋਣ ਅਤੇ ਨਿੰਦਕ ਹੋਣ ਦਾ ਫਤਵਾ ਜਾਰੀ ਕਰ ਦਿੰਦੇ ਹਨ। ਹਾਲੇ ਪਿੱਛੇ ਜਿਹੇ ਲਾਈਟਾਂ ਵਾਲੀ ਕਹਾਣੀ ਬੜੀ ਪ੍ਰਲਚਤ ਰਹੀ, ਜਦ ਇਕ ਹਿੰਦੂ ਭਰਾ ਵਾਸੂ ਭਾਰਦਵਾਜ ਦੀ ਦੁੱਖ ਭੰਜਨੀ ਬੇਰੀ ਹੇਠ ਪਾਠ ਸੁਣਨ ਨਾਲ ਕੈਂਸਰ ਹੱਟ ਗਈ ਸੀ। ਭੋਲੇ ਲੋਕਾਂ ਗਣੇਸ਼ ਦੇ ਦੁੱਧ ਪੀਣ ਵਰਗੀ ਲੁਟੇਰਾ ਨਿਜਾਮ ਦੀ ਇਸ ਕਹਾਣੀ ਉਪਰ ਬਿਨਾ ਸਮਝੇ ਜੈਕਾਰੇ ਗਜਾ ਦਿੱਤੇ। ਯਾਦ ਰਹੇ ਕਿ ਉਹ ਬੰਦਾ ਮਰਿਆ ਵੀ ਕੈਂਸਰ ਨਾਲ ਹੀ ਸੀ, ਪਰ ਮਸਕੀਨ ਵਰਗੇ ਅਖੌਤੀ ਪੰਥ-ਰਤਨਾਂ ਉਸ ਨੂੰ ਨਾਲ ਲੈ ਲੈ ਕੇ ਸਿੱਖਾਂ ਦੀਆਂ ਸਟੇਜਾਂ ਤੇ ਉਸ ਦੀ ਮੁਨਾਦੀ ਕੀਤੀ ਤੇ ਦੱਸਿਆ ਕਿ ਭਾਰਦਵਾਜ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਲਾਈਟ ਨਿਕਲਦੀ ਦਿੱਸੀ।

ਪਰ ਕਿਸੇ ਸਵਾਲ ਕਰਨ ਦੀ ਹਿਮੰਤ ਨਹੀਂ ਕੀਤੀ ਕਿ ਪੂਰਾ ਪੰਜਾਬ ਬੁਰੀ ਤਰ੍ਹਾਂ ਕੈਂਸਰ ਦੀ ਲਪੇਟ ਵਿਚ ਆ ਚੁੱਕਾ ਹੋਇਆ। ਲੱਖ ਤੋਂ ਉਪਰ ਬੰਦਾ ਮਰ ਚੁੱਕਾ ਕੈਂਸਰ ਨਾਲ ਪੰਜਾਬ ਦਾ। ਤੇ ਇਕ ਮੋਟੇ ਅੰਦਾਜੇ ਮੁਤਾਬਕ ਕੁੱਲ ਸਿੱਖ ਦੁਨੀਆਂ ਵਿਚ ਇਕ ਲੱਖ ਅਖੰਡ-ਪਾਠ ਦਾ ਰੋਜਾਨਾ ਭੋਗ ਪੈਂਦਾ ਹੈ। ਪਰ ਕੈਂਸਰ ਕੇਵਲ ਭਾਰਦਵਾਜ ਦੀ ਹੱਟੀ? ਅਸੀਂ ਕਿਉਂ ਮਖੌਲ ਕਰਵਾ ਰਹੇ ਹਾਂ, ਸ੍ਰੀ ਗੁਰੂ ਜੀ ਦੀ ਬਾਣੀ ਦਾ। ਕੈਂਸਰ ਪੰਜਾਬ ਵਿਚ ਕਦੇ ਨਾ ਹੁੰਦੀ ਜੇ ਗੁਰਬਾਣੀ ਨੂੰ ਅਮਲੀ ਜੀਵਨ ਵਿਚ ਲਿਆ ਕੇ ਸਿੱਖ ਬੋਲ ਸਕਣ ਦੀ ਜੁਅਰਤ ਸਕਦਾ ਹੁੰਦਾ ਤੇ ਉਨ੍ਹਾਂ ਲਹੂ ਪੀਣੀਆਂ ਜੋਕਾਂ ਨੂੰ ਗਲੋਂ ਫੜਕੇ ਖਿੱਚ ਸਕਦਾ ਹੁੰਦਾ, ਜਿਨ੍ਹਾਂ ਦੀਆਂ ਫੈਕਟਰੀਆਂ ਦੇ ਕੈਮੀਕਲਾਂ ਨੇ ਧਰਤੀ ਅਤੇ ਪਾਣੀ ਨੂੰ ਜ਼ਹਿਰੀਲਾ ਕਰ ਮਾਰਿਆ ਜਿਹੜਾ ਕੈਂਸਰ ਦਾ ਕਾਰਨ ਬਣ ਰਿਹੈ।

ਗੁਰੂ ਦੀ ਬਾਣੀ ਦਾ ਸੱਚ ਜੇ ਸਿੱਖੀ ਦੇ ਅਮਲੀ ਜੀਵਨ ਵਿਚੋਂ ਨਾ ਗੁਆਚਦਾ ਤਾਂ ਉਹ ਰੱਤ ਪੀਣੇ ਕਸਾਈ ਰਾਜਿਆਂ ਨੂੰ ਵਾਹਣੇ ਪਾ ਮਾਰਦਾ, ਜਿਹੜੇ ਉਨ੍ਹਾਂ ਲਹੂ ਪੀਣੀਆਂ ਜੋਕਾਂ ਦੀ ਪਿੱਠ ਥਾਪੜਦੀਆਂ ਹਨ, ਜਿਹੜੇ ਪੰਜਾਬ ਦੀ ਧਰਤੀ ਤੇ ਕੈਂਸਰ ਦਾ ਛੱਟਾ ਦੇ ਰਹੇ ਹਨ। ਤਾਂ ਦੱਸੋ ਗੁਰਬਾਣੀ ਨਾਲ ਇਕ ਬੰਦੇ ਦੀ ਕੈਂਸਰ ਹਟ ਜਾਣੀ ਵੱਡੀ ਗਲ ਹੈ, ਜਾਂ ਗੁਰਬਾਣੀ ਦੇ ਅਮਲ ਵਿਚੋਂ ਨਿਕਲੇ ਸੱਚ ਕਾਰਨ ਕੈਂਸਰ ਤੋਂ ਲੱਖਾਂ ਲੋਕਾਂ ਦੀਆਂ ਜਾਨਾ ਬਚ ਜਾਣੀਆਂ ਵੱਡੀ ਗੱਲ ਸੀ? ਉਥੇ ਤਾਂ ਛੱਡੋ ਬਾਹਰ ਦੇ ਭੰਡ ਹੀ ਕਸਾਈ ਅਤੇ ਮਨੁੱਖਤਾ ਦਾ ਲਹੂ ਪੀਣੇ ਰਾਜਿਆਂ ਦੀਆਂ ਇਲੈਕਸ਼ਨਾਂ ਉਪਰ ਜਾ ਜਾ ਪੈਸਾ ਖਰਚਦੇ, ਉਨ੍ਹਾਂ ਲਈ ਭੰਡ-ਪ੍ਰਚਾਰ ਕਰਦੇ, ਉਨ੍ਹਾਂ ਦੀਆਂ ਗੱਡੀਆਂ ਵਿਚ ਝੂਟੇ ਲੈਂਦੇ, ਉਨ੍ਹਾਂ ਦੇ ਹੋਟਲਾਂ ਦਾ ਘਾਹ ਚਰਦੇ, ਬਾਡੀ-ਗਾਰਡ ਰੱਖਕੇ ਫੋਕੀ ਫੁੱਕਰੇਬਾਜੀ ਕਰਦੇ ਅਤੇ ਇਥੇ ਆ ਕੇ ਚਾਂਬੜ-ਚਾਂਬੜ ਕੇ ਦੱਸਦੇ ਤਾਂ ਕੋਈ ਦੱਸੇ ਕਿ ਕੈਂਸਰ ਕਿਵੇਂ ਹਟ ਜਾਊ? ਤੇ ਇਹ ਲਾਈਟਾਂ ਵਾਲੇ ਇਨ੍ਹਾਂ ਭੰਡਾਂ ਦੀ ਪਿੱਠ ਨਹੀਂ ਥਾਪੜਦੇ?

ਬਾਬਾ ਫੌਜਾ ਸਿੰਘ ਸੋਚਦਾ ਕਿ ਜਿਹੜੇ ਗੁਰਬਾਣੀ ਦੇ ਗਿਆਨ ਦੀਆਂ ਲਾਈਟਾਂ ਬੰਦੇ ਦੇ ਅੰਦਰ ਬਲਣੀਆਂ ਸਨ, ਉਨ੍ਹਾਂ ਨੂੰ ਤਾਂ ਇਹ ਲੋਕ ਬੰਦ ਕਰੀ ਜਾ ਰਹੇ ਹਨ। ਅੰਦਰ ਦੀਆਂ ਤਾਂ ਕੀ ਜਗਣੀਆਂ ਸਨ, ਬਾਹਰ ਦੀਆਂ ਵੀ ਬੰਦ ਕਰ ਦਿੰਦੇ ਹਨ ਤਾਂ ਫਿਰ ਕਿਹੜੀਆਂ ਲਾਈਟਾਂ ਦਿੱਸਣ ਦੀ ਗੱਲ ਹੋ ਰਹੀ ਹੈ।

ਤੇ ਭੋਲੇ ਲੋਕ ਇਨ੍ਹਾਂ ਦੀਆਂ ਪਹਿਲੀਆਂ ਬਾਲੀਆਂ ਲਾਈਟਾਂ ਭੁੱਲ ਵੀ ਚੁੱਕੇ ਹੋਏ ਹਨ ਜਾਂ ਯਾਦ ਰੱਖਣ ਵਿਚ ਵਿਸਵਾਸ਼ ਹੀ ਨਹੀਂ ਰੱਖਦੇ। ਬਾਬੇ ਨੂੰ ਯਾਦ ਏ ਜਦ ਇਹ ਲਾਈਟਾਂ ਗੁਰਦੁਆਰੇ ਦੇ ਗੋਲਕ ਚੋਰ ਦੀ ਪਿੱਠ ਥਾਪੜਨ ਵੇਲੇ ਜਗੀਆਂ ਸਨ, ਕਿ ਚੋਰਾ ਹੋ ਤਗੜਾ ਹਮ ਤੇਰੇ ਨਾਲ ਹੈਂ! ਤੇ ਬਾਬਿਆਂ ਦੀਆਂ ਲਾਈਟਾਂ ਦੇਖਣ ਹੀ ਵਾਲੀਆਂ ਸਨ। ਇਨੀਆਂ ਤਿੱਖੀਆਂ ਲਾਈਟਾਂ ਤਾਂ ਪੁਲਿਸ ਵਾਲੀ ਕਾਰ ਦੀਆਂ ਵੀ ਨਹੀਂ ਹੁੰਦੀਆਂ। ਪੂਰਾ ਜਥਾ ਸਿੰਘ ਸੂਰਮਿਆਂ ਦਾ ਲਾਈਟਾਂ ਮਾਰਦਾ ਆ ਰਿਹਾ ਸੀ ਕਿ ਹਟ ਜਾਉ ਪਾਸੇ ਖਬਰਦਾਰ ਜੇ ਕਿਸੇ ਗੋਲਕ ਚੋਰ ਦੀ ਵਾਅ ਵਲ ਵੀ ਵੇਖਿਆ ਤਾਂ? ਗੁਰਬਾਣੀ ਤਾਂ ਕਹਿੰਦੀ ਕਿ ਚੋਰ ਕੀ ਹਾਮਾ ਭਰੇ ਨ ਕੋਇ ਪਰ ਇਹ ਮਹਾਂਪਰੁਖ ਕਹਿੰਦੇ ਕਿ ਚੋਰ ਵਲ ਕੋਈ ਕੈਰੀ ਅੱਖ ਵੇਖ ਵੀ ਕਿਵੇਂ ਜਾਵੇ? ਚੋਰਾਂ ਦੇ ਯਾਰ ਦੱਸ ਰਹੇ ਹਨ ਲਾਈਟਾਂ ਨਿਕਲਦੀਆਂ ਗੁਰਬਾਣੀ ਵਿਚੋਂ? ਕਲਯੁਗ ਤੁਸੀਂ ਕੀਹਨੂੰ ਕਹਿੰਨੇ? ਇਹੀ ਕਲਯੁਗ ਨਹੀਂ ਕਿ ਚੋਰਾਂ ਦਿਆਂ ਯਾਰਾਂ ਨੂੰ ਲਾਈਟਾਂ ਦਿੱਸ ਰਹੀਆਂ, ਜਦ ਕਿ ਬਾਕੀ ਲੁਕਾਈ ਵਿਚਾਰੀ ਹਨੇਰੇ ਵਿਚ ਹੀ ਤੁਰੀ ਫਿਰਦੀ ਹੈ? ਇਨ੍ਹਾਂ ਤਾਂ ਰੱਬ ਵੀ ਸ਼ੱਕੀ ਕਰ ਦਿੱਤਾ ਜਿਹੜਾ ਗੋਲਕ ਚੋਰਾਂ ਜਾਂ ਉਨ੍ਹਾਂ ਦੇ ਬੇਲੀਆਂ ਨੂੰ ਲਾਈਟਾਂ ਮਾਰ ਮਾਰ ਜਲਵੇ ਦਿਖਾਉਂਦਾ?

ਦੂਜੀ ਵਾਰ ਲਾਈਟਾਂ ਜਗੀਆਂ ਜਦ ਇਕ ਗੁਰਦੁਆਰੇ ਲੜਾਈ ਹੋਈ। ਬਾਬਾ ਜੀ ਲਾਈਟਾਂ ਗੁਰਦੁਆਰੇ ਦੇ ਪਿੱਛਲੇ ਪਾਸੇ ਮਾਰਦੇ ਫਿਰਨ, ਪਰ ਮੈਦਾਨ ਮੂਹਰਲੇ ਗੇਟ ਤੇ ਭੱਖਿਆ ਪਿਆ ਸੀ। ਬਾਬਾ ਜੀ ਜਿਉਂ ਹੀ ਮੂਹਰੇ ਆਏ ਭੱਖੇ ਹੋਏ ਮੈਦਾਨ ਨੂੰ ਲੱਗ ਚਾਰ ਚੰਨ ਗਏ। ਬਾਬਿਆਂ ਦੀਆਂ ਲਾਈਟਾਂ ਦੇ ਪ੍ਰਤਾਪ ਨੇ ਲੋਕਾਂ ਦੀਆ ਪੱਗਾਂ ਲਾਹੀਆਂ, ਸਿਰ ਪਾੜੇ, ਲਹੂ-ਲੁਹਾਨ ਕੀਤਾ, ਖੂਨ ਦੀ ਹੋਲੀ ਖੇਡੀ, ਕ੍ਰਿਪਾਨਾਂ ਨਾਲ ਢਿੱਡ ਪਾੜੇ, ਸਿਰ ਖੋਹਲੇ! ਤੇ ਬਾਬਾ ਜੀ ਦੇ ਮੁਖਾਰਬਿੰਦ ਵਿਚੋਂ ਨਿਕਲ ਰਹੇ ਬੋਲ ਸਨ ਕਿਤੇ! ਕੰਨ ਠਾਰਦੇ ਜਾਂਦੇ ਸਨ! ਬਾਬਾ ਜੀ ਦੀਆਂ ਚਮਤਕਾਰੀ ਲਾਈਟਾਂ ਵੇਖ ਪੁਲਿਸ ਦੇ ਕੁੱਤੇ ਦੀਆਂ ਅੱਖਾਂ ਚੁੰਧਿਆ ਗਈਆਂ। ਉਸ ਵਿਚਾਰੇ ਡੌਰ-ਭੌਰੇ ਹੋਏ ਬਾਬਾ ਜੀ ਦੇ ਹੱਥ ਨੂੰ ਚੱਕ ਜਾ ਭਰਿਆ!

ਪਰ ਬਾਬਾ ਫੌਜਾ ਸਿੰਘ ਗੁਰੂ ਦੇ ਸਿੱਖਾਂ ਦੀ ਗਰੀਬ ਮਾਨਸਿਕਤਾ ਉਪਰ ਹੈਰਾਨ ਹੈ, ਜਿਹੜੇ ਜਣੇ-ਖਣੇ ਦੀਆਂ ਗੱਪਾਂ ਉਪਰ ਵਿਸਵਾਸ਼ ਕਰਕੇ ਜੈਕਾਰੇ ਛੱਡਣ ਲੱਗ ਜਾਂਦੇ ਹਨ।

ਬਾਬਾ ਫੌਜਾ ਸਿੰਘ ਸੋਚਦਾ ਸੀ ਕਿ ਬੰਦੇ ਨੂੰ ਨਾ ਕੁਝ ਆਉਂਦਾ ਹੋਵੇ ਤਾਂ ਅਰਾਮ ਨਾਲ ਘਰੇ ਬੈਠੇ। ਕਿਉਂ ਲਾਈਟਾਂ ਮਾਰ-ਮਾਰ ਲੋਕਾਂ ਦੀਆਂ ਅੱਖਾਂ ਅੰਨੀਆਂ ਕਰ ਰਹੇ ਇਹ ਲੋਕ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top