ਸਾਰਾ ਜਗ ਖੇਲ ਰਿਹਾ ਹੈ। ਦਿਨ ਰਾਤ ਇਸ ਨੂੰ ਖਿਡਾ ਰਹੇ ਹਨ। ਦਿਨ, 
		ਰਾਤ ਦੀ ਗੋਦ ਵਿਚ ਸੁੱਟ ਦਿੰਦਾ ਤੇ ਰਾਤ, ਦਿਨ ਦੇ ਹੱਥਾਂ ਵਿਚ ਦੇ ਦਿੰਦੀ ਹੈ ਜਗਤ ਨੂੰ। 
		ਦਿਨ ਦੇ ਅਕੇਵੇਂ ਰਾਤ ਦੂਰ ਕਰ ਦਿੰਦੀ ਹੈ ਅਤੇ ਰਾਤਾਂ ਦੇ ਸੁਪਨੇ ਦਿਨ ਭੁਲਾ ਦਿੰਦਾ ਹੈ। 
		ਇਹ ਇਕ ਗੇੜ ਹੈ, ਇਕ ਚੱਕਰ ਹੈ ਦਿਨ ਤੇ ਰਾਤ ਦਾ ਇਸੇ ਵਿਚ ਸੰਸਾਰ ਘੁੰਮੀ ਜਾਂਦਾ ਹੈ, ਗੇੜੇ 
		ਖਾਈ ਜਾਂਦਾ ਹੈ। ਆਈ ਜਾਂਦਾ ਹੈ, ਜਾਈ ਜਾਂਦਾ ਹੈ, ਜੰਮੀ ਜਾਂਦਾ ਹੈ ਤੇ ਮਰੀ ਜਾਂਦਾ ਹੈ। 
		ਖੇਡਣ ਵਿਚ ਮਸ਼ਰੂਫ ਜਗਤ ਦਾ ਇਸ ਖੇਡ ਨੂੰ ਛੱਡਣ ਨੂੰ ਦਿੱਲ ਕਿਹੜਾ ਕਰਦਾ। ਅੰਤ ਤੱਕ, ਮੰਜੇ 
		'ਤੇ ਪੈਣ ਤੱਕ, ਬਕਸੇ ਵਿਚ ਜਾਣ ਤੱਕ ਵੀ ਇਸ ਦਾ ਤਰਲਾ ਹੁੰਦਾ ਕਿ ਥੋੜਾ ਹੋਰ ਖੇਡ ਲਵਾਂ, 
		ਦੋ ਮੀਟੀਆਂ ਹੋਰ ਲਾ ਲਵਾਂ, ਹਾਲੇ ਸਮਾ ਹੀ ਕੀ ਹੋਇਆ। ਬਥੇਰਾ ਸੁਨੇਹੇ ਆਉਂਦੇ ਕਿ ਮਿੱਤਰਾ 
		ਅਪਣੇ ਗੀਟੇ ਸਾਂਭ ਸ਼ਾਮ ਪੈ ਗਈ ਜੀਵਨ ਦੀ ਪਰ ਨਹੀਂ! ਕਹਿੰਦਾ ਥੋੜਾ ਹੋਰ, ਚਲ ਬੱਸ ਇਕ ਮੀਟੀ 
		ਹੋਰ!
		ਡਾਕਟਰਾਂ ਦੇ ਤਰਲੇ ਲੈਂਦਾ ਕਿ ਇੱਕ ਮੀਟੀ ਹੋਰ ਲੱਗ ਜਾਏ। ਬਾਈ-ਪਾਸ 
		ਕਰਾਉਂਦਾ ਕਿ ਥੋੜਾ ਖੇਡ ਹੋ ਜਾਏ। ਨਾਲੀਆਂ ਬੰਦ ਹੋਣ ਲੱਗਦੀਆਂ ਪਰ ਪ੍ਰਵਾਹ ਹੀ ਨਹੀਂ ਕਰਦਾ 
		ਚੀਰ ਫਾੜ ਹੋਣ ਦੀ! ਖੁਦ ਸਾਇਨ ਕਰਕੇ ਦਿੰਦਾ ਡਾਕਟਰ ਨੂੰ ਕਿ ਜੇ ਕੋਈ ਹਬੀ-ਨਬੀ ਹੋ ਗਈ! 
		ਜੀਣ ਖਾਤਰ ਮਰਨ ਤੱਕ ਦਾ ਰਿਸਕ ਲੈ ਲੈਂਦਾ ਹੈ। ਖੇਡ ਨਹੀਂ ਛੱਡਣਾ ਚਾਹੁੰਦਾ। ਖੇਡ ਨਾਲ ਮਨ 
		ਨਹੀਂ ਭਰਦਾ। ਬੰਦਾ ਸਾਰੀ ਉਮਰ ਬੱਚਾ ਹੀ ਰਹਿੰਦਾ ਹੈ। ਖੇਡ ਹੀ ਬਦਲਦੀ ਪਰ ਖੇਡਣਾ ਤਾਂ ਨਹੀਂ 
		ਨਾ ਬਦਲਦਾ! ਕਿ ਬਦਲਦਾ? ਖਿਡੌਣਿਆਂ ਦਾ ਹੀ ਫਰਕ ਸੀ, ਛੋਟੇ ਹੁਣ ਵੱਡੇ ਹੋ ਗਏ ਖੇਡ ਤਾਂ 
		ਉਹੀ ਰਹੀ।
		ਜਗਤ ਖੇਡ ਰਿਹਾ ਹੈ। ਰਾਤ ਅਤੇ ਦਿਨ ਇਸ ਦੇ ਖਿਡਾਵੇ ਹਨ। ਬਹੁਤੇ 
		ਰੋਂਦ ਮਾਰਦੇ ਹੀ ਜਿੰਦਗੀ ਲੰਘਾ ਜਾਂਦੇ ਹਨ। ਉਹ ਦੂਜਿਆਂ ਦੇ ਗੀਟਿਆਂ ਉਪਰ ਝਪਟਣ ਦੀ ਹੀ 
		ਤਾਕ ਵਿਚ ਰਹਿੰਦੇ ਹਨ ਤੇ ਸਾਰਾ ਜੀਵਨ ਦੂਜਿਆਂ ਦੇ ਗੀਟਿਆ ਨਾਲ ਹੀ ਖੇਡੀ ਜਾਂਦੇ ਹਨ। ਜਾਂ 
		ਬਹੁਤੇ ਸਾਰਾ ਜੀਵਨ ਹੋਰ ਗੀਟੇ ਹੋਰ ਗੀਟੇ ਦੇ ਚੱਕਰ ਵਿਚ ਹੀ ਜਿੰਦਗੀ ਲੰਘਾ ਦਿੰਦੇ ਹਨ।ਗੀਟੇ? 
		ਗੀਟੇ ਹੀ ਤਾਂ ਹਨ। ਹੋਰ ਕੀ ਹੈ ਜਿਹੜੀਆਂ ਚੀਜਾਂ ਨਾਲ ਮੈਂ ਖੇਡ ਰਿਹਾ ਹਾਂ। ਕਾਗਜਾਂ ਦੇ 
		ਗੀਟੇ, ਸੋਨੇ ਦੇ ਗੀਟੇ, ਪੱਥਰਾਂ ਦੇ ਗੀਟੇ? ਨਾਮ ਮੇਰਾ ਹੀ ਦਿੱਤਾ ਹੋਇਆ ਕਿ ਆਹ ਫਲਾਂ 
		ਡਾਇਮਿੰਡ ਹੈ ਆਹ ਫਲਾਂ ਹੀਰਾ ਹੈ। ਹਨ ਤਾਂ ਗੀਟੇ ਹੀ ਨਾ। ਮੇਰੇ ਨਾਮ ਦੇਣ ਨਾਲ ਪੱਥਰ ਨੇ 
		ਬਦਲ ਥੋੜੋਂ ਜਾਣਾ। ਕਿ ਬਦਲ ਜਾਣਾ?
		ਤੇ ਸੰਸਾਰ ਖੇਡੀ ਜਾ ਰਿਹਾ ਹੈ। ਇਸ ਖੇਡ ਵਿਚ ਹਰੇਕ ਇਕ ਦੂਏ ਨਾਲੋਂ 
		ਅਗੇ ਲੰਘਣ ਦੀ ਦੌੜ ਵਿਚ ਹੈ। ‘ਰੈਟ ਰੇਸ’ ਯਾਨੀ ਚੂਹਾ ਦੌੜ! ਇਸ ਦੌੜ ਵਿਚ ਬਥੇਰੇ ਠੇਡੇ 
		ਖਾਂਦਾ ਬੰਦਾ ਪਰ ਕਦ ਛੱਡਦਾ ਦੌੜ। ਹੋਰ ਅਗੇ, ਹੋਰ ਅਗੇ, ਹੋਰ ਤੇਜ, ਹੋਰ ਫਾਸਟ!! ਰੇਸ ਦੀ 
		ਸੂਈ ਸਿਰੇ ਜਾ ਲੱਗਦੀ ਪਰ ਪ੍ਰਵਾਹ ਹੀ ਕਦ ਹੈ। ਜੀਵਨ ਦੀ ਗੱਡੀ ਡਾਵਾਂ ਡੋਲ ਹੋਣ ਲੱਗਦੀ 
		ਪਰ ਨਹੀਂ! ਨੀਂਦ ਦੀਆਂ ਗੋਲੀਆਂ ਨਾਲ ਵੀ ਨੀਂਦ ਨਹੀਂ ਆਉਂਦੀ। ਰੋਜ ਰਾਤੀਂ ਪੈਂਗ ਨਾ ਲਾਵੇ 
		ਤਾਂ ਮੰਜਾ ਬੁੜਕਾ ਬੁੜਕਾ ਮਾਰਦਾ ਕਿ ਦਫਾ ਹੋ ਕਿਸੇ ਸੌਣ ਵਾਲੇ ਨੂੰ ਪੈਣ ਦੇਹ! ਪਰ ਰੁੱਕਣਾ 
		ਨਹੀਂ ਚਾਹੁੰਦਾ, ਸਪੀਡ ਨਹੀਂ ਘੱਟ ਕਰਨੀ ਚਾਹੁੰਦਾ।ਇਸ ਨੂ ਜਾਪਦਾ ਜੇ ਥੋੜਾ ਵੀ ਸਹਿਜੇ 
		ਹੋਇਆ ਤਾਂ ਗਿਆ? ਨਾਲ ਵਾਲਾ ਅੱਗੇ ਲੰਘ ਜਾਣਾ। ਗੁਆਂਢੀ ਗੱਲਾਂ ਕਰੂ। ਰਿਸ਼ਤੇਦਾਰਾਂ ਹੀ 
		ਕਹਿਣਾ ਲੈ ਦੋੜਿਆ ਫਿਰਦਾ ਸੀ ਵੱਡਾ! ਔਹ ਫਿਰਦਾ! ਸਾਡਾ ਮੁਕਾਬਲਾ ਕਿਵੇਂ ਹੋਜੂ! ਰੇਸ ਤੋਂ 
		ਪੈਰ ਨਹੀਂ ਚੁੱਕਦਾ ਦਵਾਈਆਂ ਦਾ ਭਾਰ ਵਧੀ ਜਾਂਦਾ ਹੈ, ਡਾਕਟਰਾਂ ਦੇ ਗੇੜੇ ਵੱਧੀ ਜਾਂਦੇ 
		ਹਨ। ਨਵੀ ਤੋਂ ਨਵੀਂ ਬਿਮਾਰੀ। ਤੇ ਵਪਾਰੀਆਂ ਦਾ ਕੀ ਏ ਤੂੰ ਬਿਮਾਰੀ ਦੱਸ ਉਨਹੀਂ ਉਸੇ ਵੇਲੇ 
		ਦਵਾਈ ਕੱਢ ਮਾਰਨੀ। ਫਾਰਮੇਸੀਆਂ ਭਰੀਆਂ ਪਈਆਂ ਤੂੰ ਦਵਾਈ ਨੂੰ ਹੱਥ ਲਾ ਕਿਹੜੀ ਚਾਹੀਦੀ।
		ਸੰਸਾਰ ਅਪਣੇ ਲਈ ਥੋੜੋਂ ਜੀਂਦਾ। ਇਸ ਦੀ ਸਾਰੀ ਖੇਡ ਹੀ ਦੂਜਿਆਂ 
		ਖਾਤਰ ਹੈ। ਦੂਜਿਆਂ ਲਈ ਖੇਡਦਾ ਮਰ ਜਾਂਦਾ ਸਾਰੀ ਉਮਰ। ਹਰੇਕ ਜਣਾ ਦੂਜੇ ਲਈ ਜੀਅ ਰਿਹਾ 
		ਹੈ। ਦੁਨੀਆਂ ਦੀਆਂ ਜਿੰਨੀਆਂ ਖੇਡਾਂ ਉਹ ਦੂਜਿਆਂ ਲਈ ਹੀ ਹਨ। ਆਪਣੇ ਘਰ ਦੇ ਸਮ੍ਹਾਨ ਤੋਂ 
		ਸ਼ੁਰੂ ਕਰ ਲਓ। 10% ਤੋਂ ਬਿਨਾ ਸਭ ਅਣਵਰਤਿਆ ਹੀ ਪਿਆ ਰਹਿੰਦਾ ਹੈ। ਬਿਊਟੀ-ਪਾਰਲਰ ਭਰੇ ਪਏ। 
		ਪਾਰਟੀਆਂ ਦਾ ਅੰਤ ਨਹੀਂ। ਬੈਂਕੁਟ ਹਾਲ ਵਿਹਲੇ ਨਹੀਂ। ਵਿਆਹ ਤਾਂ ਚਾਰ ਲਾਵਾਂ ਨਾਲ ਹੀ ਹੋ 
		ਜਾਣਾ ਸੀ ਪਰ ਬਾਕੀ…?
		ਸਕੰਦਰਜੀਤ ਨੇ ਮੁੰਡੇ ਦਾ ਵਿਆਹ ਕੀਤਾ ਉਹ ਵੀ ਇਕੱਲੇ ਇਕੱਲੇ ਦਾ। 
		ਕੁੜੀ ਬੈਲਜੀਅਮ ਤੋਂ ਆਈ ਸੀ। ਤੁਸੀਂ ਹੈਰਾਨ ਹੋਵੋਂਗੇ ਉਸ ਨੂੰ ਪਤਾ ਹੀ ਨਾ ਲੱਗਾ ਕਿ 
		ਮੁੰਡਾ ਵਿਆਹ ਹੋ ਗਿਆ ਹੈ! ਸਾਦਾ, ਕੋਈ ਬੋਝ ਨਹੀਂ, ਕੋਈ ਸ਼ਰਾਬ ਨਹੀਂ, ਕੋਈ ਸ਼ੋਸ਼ੇਬਾਜੀ ਨਹੀਂ, 
		ਕੋਈ ਡੰਮ ਡੰਮ ਨਹੀਂ। ਜਦ ਗੁਰਦੁਆਰੇ ਕੀਰਤਨ ਹੋ ਗਿਆ, ਤਾਂ ਡੰਮ ਦੜੰਮ ਦੀ ਲੋੜ ਰਹਿ ਗਈ? 
		‘ਤੇਰੇ ਚ ਤੇਰਾ ਯਾਰ ਬੋਲਦਾ’ ਜਰੂਰੀ ਸੀ? ਬੰਦਾ ਕਹਿੰਦਾ ਲੈ ਖੁਸ਼ੀ ਦਾ ਮੌਕਾ ਸੀ ਯਾਰ! ਪਰ 
		ਖੁਸ਼ੀ ਤਾਂ ਉਹ ਹੁੰਦੀ ਜਿਹੜੀ ਤੁਹਾਡੇ ਸਿਰ ਦਾ ਭਾਰ ਨਾ ਬਣੇ। ਇੱਕ ਰਾਤ ਦੀ ਪਾਰਟੀ ਦੀ 
		ਖੁਸ਼ੀ ਤਾਂ ਖੁਸ਼ੀ ਵਰਤਾਉਣ ਵਾਲੇ ਨੂੰ ਪੁੱਛੀ ਬਣਦੀ ਹੈ ਜਦ ਫੁੱਲ ਹੋਈਆਂ ਕਰੈਡਿਟ ਲਾਈਨਾਂ 
		ਅਤੇ ਵੀਜ਼ੇ ਸਿਰ ਠਾਹ ਠਾਹ ਵੱਜਦੇ। ‘ਖੁਸ਼ੀ’ ਲੈਣ ਆਏ ਬਰਾਤੀ ਤਾਂ ਮੁਫਤੀ ਪੀਤੀ ਮੂਤ ਕੇ ਉਥੇ 
		ਹੀ ਡੋਲ ਜਾਂਦੇ ਹਨ, ਪਰ……? 
		
		 ਤੁਸੀਂ ਕਹੋਂਗੇ ਵਿਆਹ ਸੀ ਪਤਾ ਹੀ ਨਹੀਂ ਲੱਗਾ? ਅਸੀਂ ਪਤਾ ਲੱਗਣ ਉਸ ਨੂੰ ਕਹਿੰਦੇ ਜਦ ਲੱਖ ਡੇੜ 
		ਲੱਖ ਸਿਰ ਤੇ ਕਰਜਾ ਚੜ ਜਾਏ ਤੇ ਫਿਰ ਉਸ ਕਰਜੇ ਨੂੰ ਲਾਹੁਣ ਲਈ ਓਵਰ-ਟਾਈਮਾਂ ਨਾਲ ਮੇਰਾ 
		ਖੁਦ ਦਾ ‘ਟਾਇਮ’ ਲੱਗਣ ਨੂੰ ਫਿਰੇ। ਖੁਦ ਦਾ ਟਾਇਮ ਆਪੇ ਲੱਗਣਾ ਜਦ ਵੀਜਿਆਂ ਅਤੇ ਕਰੈਡਿਟ 
		ਲਾਇਨਾਂ ਦੇ ਬਿੱਲ ਇੰਝ ਡਿੱਗਦੇ ਜਿਵੇਂ ਵਿਆਹ ‘ਚ ਖੁਦ ਟੁੰਨ ਹੋਇਆ ਮੁੰਡੇ ਦਾ ਪਿਓ ਡਿੱਗਦਾ 
		ਸੀ। ਫੜ ਹੀ ਨਹੀਂ ਸੀ ਹੁੰਦਾ, ਲੱਤਾਂ ਭਾਰ ਹੀ ਨਹੀਂ ਸਨ ਚੁੱਕਦੀਆਂ। ਬਿੱਲਾਂ ਦਾ ਭਾਰ 
		ਕਿਹੜਾ ਚੁੱਕਦੀਆਂ ਲੱਤਾਂ। ਇੱਕ ਤਰਦਾ ਦੂਜਾ ਸਿਰ ਤੇ ਖੜਾ ਹੁੰਦਾ। ਮੇਲ-ਬਾਕਸ ਵਿਚ ਹੱਥ 
		ਪਾਉਂਣ ਤੋਂ ਬੰਦਾ ਇੰਝ ਡਰਦਾ ਜਿਵੇਂ ਚਿੱਠੀਆਂ ਵਾਲਾ ਅੰਦਰ ਕਿਤੇ ਸੱਪ ਧਰ ਗਿਆ ਹੋਵੇ। ਕੀ 
		ਮਿਲਿਆ ਇਸ ਇੱਕ ਰਾਤ ਦੀ ਖੇਡ ਵਿਚੋਂ?
ਤੁਸੀਂ ਕਹੋਂਗੇ ਵਿਆਹ ਸੀ ਪਤਾ ਹੀ ਨਹੀਂ ਲੱਗਾ? ਅਸੀਂ ਪਤਾ ਲੱਗਣ ਉਸ ਨੂੰ ਕਹਿੰਦੇ ਜਦ ਲੱਖ ਡੇੜ 
		ਲੱਖ ਸਿਰ ਤੇ ਕਰਜਾ ਚੜ ਜਾਏ ਤੇ ਫਿਰ ਉਸ ਕਰਜੇ ਨੂੰ ਲਾਹੁਣ ਲਈ ਓਵਰ-ਟਾਈਮਾਂ ਨਾਲ ਮੇਰਾ 
		ਖੁਦ ਦਾ ‘ਟਾਇਮ’ ਲੱਗਣ ਨੂੰ ਫਿਰੇ। ਖੁਦ ਦਾ ਟਾਇਮ ਆਪੇ ਲੱਗਣਾ ਜਦ ਵੀਜਿਆਂ ਅਤੇ ਕਰੈਡਿਟ 
		ਲਾਇਨਾਂ ਦੇ ਬਿੱਲ ਇੰਝ ਡਿੱਗਦੇ ਜਿਵੇਂ ਵਿਆਹ ‘ਚ ਖੁਦ ਟੁੰਨ ਹੋਇਆ ਮੁੰਡੇ ਦਾ ਪਿਓ ਡਿੱਗਦਾ 
		ਸੀ। ਫੜ ਹੀ ਨਹੀਂ ਸੀ ਹੁੰਦਾ, ਲੱਤਾਂ ਭਾਰ ਹੀ ਨਹੀਂ ਸਨ ਚੁੱਕਦੀਆਂ। ਬਿੱਲਾਂ ਦਾ ਭਾਰ 
		ਕਿਹੜਾ ਚੁੱਕਦੀਆਂ ਲੱਤਾਂ। ਇੱਕ ਤਰਦਾ ਦੂਜਾ ਸਿਰ ਤੇ ਖੜਾ ਹੁੰਦਾ। ਮੇਲ-ਬਾਕਸ ਵਿਚ ਹੱਥ 
		ਪਾਉਂਣ ਤੋਂ ਬੰਦਾ ਇੰਝ ਡਰਦਾ ਜਿਵੇਂ ਚਿੱਠੀਆਂ ਵਾਲਾ ਅੰਦਰ ਕਿਤੇ ਸੱਪ ਧਰ ਗਿਆ ਹੋਵੇ। ਕੀ 
		ਮਿਲਿਆ ਇਸ ਇੱਕ ਰਾਤ ਦੀ ਖੇਡ ਵਿਚੋਂ? 
		ਮੈਂ ਇੱਕ ਹੋਰ ਪਰੀਵਾਰ ਨੂੰ ਜਾਣਦਾ ਉਸ ਇਦਾਂ ਦਾ ‘ਓਵਰ-ਟਾਈਮਾਂ’ 
		ਵਾਲਾ ਧੂਮ-ਧਾਮ ਨਾਲ ਵਿਆਹ ਕੀਤਾ, ਪਿਓ ਝੂਲਦਾ ਫਿਰੇ ਕਿ ਟੌਹਰੀ ਵਿਆਹ ਹੋਇਆ ਮੁੰਡੇ ਦਾ 
		ਬਈ। ਪਿਓ ਹਾਲੇ ਰਿਸ਼ਤੇਦਾਰਾਂ ਵਿਚ ‘ਟੌਹਰੀ ਵਿਆਹ’ ਦੀ ਖੁਸ਼ੀ ਵਿਚ ਝੂਲਦਾ ਹੀ ਫਿਰ ਰਿਹਾ 
		ਸੀ ਤੇ ਮਾਂ ਨੇ ਹਾਲੇ ਪਾਣੀ ਵਾਰ ਕੇ ਮੁੰਡੇ ਨੂੰ ਦਹਿਲੀਜਾਂ ਹੀ ਟਪਾਈਆਂ ਸਨ ਕਿ ਮੁੰਡੇ 
		ਨੇ ਸਮ੍ਹਾਨ ਬੰਨ ਲਿਆ?
		‘ਓ ਮੰਮ, ਅਸੀਂ ਤਾਂ ਪਹਿਲਾਂ ਹੀ ਅਪਾਰਮਿੰਟ ਲੈ ਰੱਖੀ ਹੈ, ਤੁਸੀਂ 
		ਸਾਡੀ ‘ਵਰੀ’ ਨਾ ਕਰਨੀ ਹਾਂਅ’! ਮਾਂ ਦਾ ਮੂੰਹ ਅੱਡਿਆ ਰਹਿ ਗਿਆ ਤੇ ਪਿਓ ਨੂੰ ਦੌਰਾ ਪੈਣ 
		ਨੂੰ ਫਿਰੇ! ਮੁੰਡਾ ਤਾਂ ਪੋਲਾ ਜਿਹਾ ‘ਵਰੀ ਨਾ ਕਰਨੀ’ ਕਹਿਕੇ ਵਹੁਟੀ ਲੈ ਕੇ ਅਗਾਂਹ ਗਿਆ, 
		ਪਰ ਮਾਂ-ਪੇ ਦੀ ‘ਵਰੀ’ ਬਾਰੇ ਸੋਚ ਕੇ ਵੇਖੋ! ‘ਟੌਹਰੀ ਵਿਆਹ’ ਦੇ ਚਾਅ ਵਿਚ ਕਰੈਡਿਟ-ਲਾਈਨਾਂ 
		ਫੁੱਲ, ਵੀਜ਼ੇ ਪਾਟਣ ਨੂੰ ਆਏ ਪਏ ਸਨ, ਬਾਕੀ ਘਰ ਦੀਆਂ ਕਿਸ਼ਤਾਂ ਅਤੇ ਖਰਚੇ ਵੱਖਰੇ! ਇਸ ਇਕ 
		ਰਾਤ ਦੀ ਟੌਹਰ ਨੇ ਸਿਰ ਵਿਚ ਓਹ ਹਥੌੜੇ ਮਾਰੇ ਕਿ…? ਮਾਂ-ਪੇ ਨੂੰ ਸੀ ਕਿ ਮੁੰਡਾ ਵੀ ਦੱਬ 
		ਕੇ ਕੰਮ ਕਰੇਗਾ, ਵਹੁਟੀ ਨਾਂ ਦੀ ਇਕ ‘ਮਸ਼ੀਨ’ ਹੋਰ ਆ ਜਾਣੀ ਤੇ ਕਰਜੇ ਲਾਹ ਕੇ ਕੋਈ ਹੋਰ 
		ਖੇਡ ਖੇਡਾਂਗੇ, ਪਰ ਉਹਨਾ ਅਪਣੀ ਅੱਡ ਖੇਡ ਦਾ ਪ੍ਰਬੰਧ ਪਹਿਲਾਂ ਹੀ ਕਰ ਰੱਖਿਆ ਸੀ, ਜਿਹੜੇ 
		ਹੁਣ ਮਾਂ-ਪੇ ਨਾਲ ਰਲ ਕੇ ਨਹੀਂ ਸਨ ਖੇਡਣਾ ਚਾਹੁੰਦੇ!
		ਮੇਰੀਆਂ ਖੇਡਾਂ ਅੰਤ ਤੱਕ ਬੱਚਿਆਂ ਵਾਲੀਆਂ ਹੀ ਰਹਿੰਦੀਆਂ ਹਨ, ਇਸ 
		ਲਈ ਇਨ੍ਹਾਂ ਖੇਡਾਂ ਵਿਚੋਂ ਕੁਝ ਵੀ ਕੱਢਣ ਪਾਉਂਣ ਨੂੰ ਨਹੀਂ ਹੁੰਦਾ। ਬੱਚੇ ਵੀ ਤਾਂ ਇਹੀ 
		ਕਰਦੇ ਨੇ। ਉਹ ‘ਮੇਰਾ ਚੰਗਾ’ ਮੇਰਾ ਵੱਡਾ’ ਮੇਰਾ ਟੌਹਰੀ’ ਕਰਦੇ ਕਰਦੇ ਲੜ ਪੈਂਦੇ। ਸਕੂਲ 
		ਜਾਂਦੇ ਉਥੇ ਕੱਪੜਿਆਂ ਬੈਗਾਂ ਤੇ ਬੂਟਾਂ ਦੀ ਖੇਡ ਸ਼ੁਰੂ ਹੋ ਜਾਂਦੀ। ਹੋਰ ਅਗੇ ਜਾਂਦੇ ਤਾਂ 
		ਉਥੇ ਫੋਨਾਂ ਦੀ, ਆਈ-ਪੌਡ, ਆਈ ਫੋਨ, ਐਪਲ ਦਾ, ਸੈਮਸੰਗ ਦਾ, ਤੇ ਪਤਾ ਨਹੀਂ ਕੀ ਕੀ ਗੱਲਾਂ! 
		ਹੋਰ ਅਗੇ ਜਾ ਕੇ ਗੱਡੀਆਂ ਦਾ ਮੁਕਾਬਲਾ ਸ਼ੁਰੂ। ਉਥੋਂ ਨਿਕਲਕੇ ਘਰਾਂ, ਫਰਨੀਚਰਾਂ, 
		ਹੰਮਰਾਂ-ਬੀਮਰਾਂ-ਮਰਸੀਡੀਆਂ ਦੀ ਖੇਡ ਸ਼ੁਰੂ ਹੋ ਜਾਂਦੀ। ਬੰਦਾ ਪੂਰਾ ਜੀਵਨ ਖੇਡਦਾ ਹੀ 
		ਰਹਿੰਦਾ, ਸਿਆਣਾ ਤਾਂ ਉਹ ਕਦੇ ਹੁੰਦਾ ਹੀ ਨਹੀਂ! ਕਿ ਹੁੰਦਾ?
		ਤੇ ਖੇਡਦਾ ਖੇਡਦਾ ਬੰਦਾ ਖੇਡ ਨੂੰ ਜੀਵਨ ਵਿਚ ਇਸ ਕਦਰ ਉਤਾਰ ਬੈਠਾ 
		ਕਿ ਇਹ ਰੱਬ ਨਾਲ ਵੀ ਖੇਡਣ ਲੱਗ ਪਿਆ। ‘ਲੋਗਨ ਰਾਮੁ ਖਿਲਉਨਾ ਜਾਨਾਂ’ ਕੀ ਹੈ? ਰੱਬ ਨੂੰ 
		ਖਿਲੌਨਾ ਸਮਝ ਉਸ ਦੇ ਵੀ ਪੱਥਰ ਗੀਟੇ ਬਣਾ ਕੇ ਉਸ ਨਾਲ ਖੇਡਣ ਲੱਗ ਪਿਆ। ਉਸ ਦੀਆਂ ਕਾਗਜਾਂ 
		ਦੀਆਂ ਮੂਰਤਾਂ ਬਣਾ ਗੁਰਦੁਆਰਿਆਂ ਵਿਚ ਸਜਾ ਲਈਆਂ ਤੇ ਫਿਰ ਆਪੇ ਬਣਾਈਆਂ ਬੇਜਾਨ ਮੂਰਤਾਂ 
		ਅਗੇ ਥਾਲ ਰੱਖ ਕੇ ਭੋਗ ਭੋਗ ਖੇਡਣ ਲੱਗ ਪਿਆ। ਆਪ ਬੰਦਾ ਘਰੇ ਸੁੱਤਾ ਹੁੰਦਾ, ਉਸ ਦਾ ਪਾਠ 
		ਗੁਰਦੁਆਰੇ ਗਰੰਥੀ ਕਰ ਰਿਹਾ ਹੁੰਦਾ, ਉਹ ਵੀ ਅੱਧਾ ਸੁੱਤਾ? ਇਹ ਖੇਡਣਾ ਨਹੀਂ ਤਾਂ ਹੋਰ ਕੀ 
		ਹੈ। ਫਿਰ ਬੰਦਾ ਗੁਰਦੁਆਰੇ ਜਾ ਕੇ ਪ੍ਰਧਾਨ ਪ੍ਰਧਾਨ ਖੇਡਣ ਲੱਗ ਪੈਂਦਾ। ਇਕ ਕਹਿੰਦਾ ਹੁਣ 
		ਤੂੰ ਉਤਰ, ਮੈਂ ਖੇਡਣਾ, ਉਹ ਉਤਰਦਾ ਨਹੀਂ, ਦੂਜਾ ਕੋਰਟ ਚਲਾ ਜਾਂਦਾ ਕਿ ਹੁਣ ਮੇਰੀ ਵਾਰੀ 
		ਸੀ। ਤੇ ਇਸ ‘ਉਤਰ ਕਾਂਟੋਂ ਮੈਂ ਚੜਾਂ’ ਦੀ ਖੇਡ ਵਿਚ ਲੁਕਾਈ ਦੀ ਬਰਬਾਦੀ ਹੋ ਰਹੀ ਹੈ ਪਰ 
		ਖੇਡਣ ਦੇ ਸ਼ੌਕੀਨਾਂ ਦੇ ਵੀ ਵਾਰੇ ਵਾਰੇ ਜਾਈਏ, ਉਹ ਮਿਲਅੀਨ ਆਫ ਡਾਲਰਾਂ ਦੇ ਇਸ ਖੇਡ ਦੇ 
		ਦਾਅ ‘ਤੇ ਲਾ ਜਾਂਦੇ ਹਨ। ਜੇ ਕਿਸੇ ਨੂੰ ਗੁਰਦੁਆਰਾ ਹੱਥ ਨਹੀਂ ਲੱਗਦਾ, ਉਹ ਕੋਈ ਕਬੱਡੀ 
		ਕਬੱਡੀ ਯਾਨੀ ਕਲੱਬ ਬਣਾ ਕੇ ਖੇਡਣ ਲੱਗ ਜਾਂਦਾ ਹੈ। ਕੋਈ ਲੀਡਰਾਂ ਨੂੰ ਲਿਆ ਕੇ ਖੇਡਣ ਲੱਗ 
		ਜਾਂਦਾ ਹੈ। ਉਹ ਸਿਰੇ ਦੇ ਚਵਲਾਂ ਅਤੇ ਕੁਰੱਪਟ ਲੀਡਰਾਂ ਦੇ ਗੋਡੀਂ ਹੱਥ ਲਾਉਂਣ ਨੂੰ 
		ਧੰਨਭਾਗ ਸਮਝੀ ਬੈਠਾ ਹੈ। ਕੋਈ ਮੇਰੇ ਵਰਗਾ ਟਰੱਕ ਤੋਂ ਅੱਕ ਕੇ ਕਹਿੰਦਾ, ਚਲੋ ਰੇਡੀਓ 
		ਰੇਡੀਓ ਹੀ ਖੇਡ ਲੈਂਦੇ ਹਾਂ। ਚਾਰ ਇਧਰੋਂ ਦੋ ਉਧਰੋਂ, ਕਿਸੇ ਗੁਰਦੁਆਰੇ ਦੀ ਲੜਾਈ, ਕਿਸੇ 
		ਦਾ ਤਲਾਕ, ਕਿਸੇ ਘਰ ਦਾ ਕਲੇਸ਼, ਕਿਸੇ ਲੀਡਰ ਦੀ ਚਾਪਲੂਸੀ ਤੇ ਚਲੋ ਆਓ ਖੇਡੀਏ…? ਯਾਨੀ 
		ਸੰਸਾਰ ਨੂੰ ਕੋਈ ਖੇਡ ਚਾਹੀਦੀ ਚਾਹੇ ਬੇਹੂਦਾ ਹੀ ਕਿਉਂ ਨਾ ਹੋਵੇ।
		ਇਸ ਖੇਡ ਵਿਚ ਪਤਾ ਹੀ ਨਹੀਂ ਚਲਦਾ, ਕਦ ਮੇਰੇ ਜੀਵਨ ਦੀ ਹੀ ਰਾਤ 
		ਪੈਣ ਵਾਲੀ ਹੋ ਜਾਂਦੀ ਹੈ। ਦੇਹ ਥੱਕ ਜਾਂਦੀ ਹੈ ਖੇਡਦੀ ਖੇਡਦੀ ਪਰ ਮਨ ਨਹੀਂ ਥੱਕਦਾ। ਮਨ 
		ਹਾਲੇ ਵੀ ਪਿੱਛੇ ਜਮੀਨਾਂ ਦਾ ਖਹਿੜਾ ਨਹੀਂ ਛੱਡਦਾ। ਮੌਤ ਐਂਨ ਸਰ੍ਹਾਣੇ ਖੜੀ ਲੁੱਡੀਆਂ ਪਾ 
		ਰਹੀ ਹੁਮਦਿ, ਪਰ ਇਹ ਹਾਲੇ ਵੀ ਪਲਾਟਾਂ ਦੇ ਭਾਅ ਪੁੱਛਦਾ ਫਿਰਦਾ। ਬੈਂਕ-ਬੁੱਕ ਗੱਦੇ ਹੇਠ 
		ਲੁਕਾ ਲੁਕਾ ਰੱਖਦਾ, ਟਰੰਕਾਂ ਦੇ ਜਿੰਦੇ ਟੋਈ ਜਾਂਦਾ, ਗੱਠੜੀਆਂ ਦਾ ਵਸਾਹ ਨਹੀਂ ਖਾਂਦਾ। 
		ਇਥੇ ਹੀ ਬਾਬਾ ਜੀ ਅਪਣੇ ਕਹਿੰਦੇ ਕਿ ਨੈਨ ਥੱਕ ਗਏ, ਕੰਨ ਥੱਕ ਗਏ, ਸੁੰਦਰ ਕਾਇਆਂ ਥੱਕ ਗਈ, 
		ਬੁਢੇਪਾ ਆ ਗਿਆ, ਸਭ ਮੱਤਾਂ ਥੱਕ ਗਈਆਂ ਪਰ ਇੱਕ ਮਾਇਆ ਨਹੀਂ ਥੱਕੀ ਮਨੁੱਖਾ ਤੇਰੀ! ਖੇਡਣਾ 
		ਨਹੀਂ ਥੱਕਿਆ ਹਾਲੇ ਤੱਕ ਤੂੰ। ਖੇਡ ਤੋਂ ਮਨ ਨਾ ਭਰਿਆ ਤੇਰਾ ਹਾਲੇ ਵੀ।
		ਜੀਵਨ ਦੀਆਂ ਰੰਗੀਨ ਰਾਤਾਂ ਦੀ ਮਹਿਫਲਾਂ ਵਾਲੀ ਖੇਡ ਹੁਣ ਮੈਨੂੰ 
		ਇਕੱਲੇ ਨੂੰ ਖੇਡਣੀ ਪੈਂਦੀ ਹੈ। ਸ਼ਾਮਾਂ ਸੁੰਨੇ ਰਾਹਾਂ ਵਰਗੀਆਂ ਹੋ ਜਾਂਦੀਆਂ ਹਨ, ਜਿਵੇਂ 
		ਖੰਡਰਾਂ ਵਿਚ ਘਾਹ ਉੱਗ ਆਇਆ ਹੋਵੇ ਤੇ ਉੱਲੂ ਬੋਲਦੇ ਹੋਣ। ਰੰਗੀਨ ਸ਼ਾਮਾਂ ਨੂੰ ਯਾਦ ਕਰ ਕਰ 
		ਬੰਦਾ ਝੂਰਦਾ ਹੈ, ਕੁੜਦਾ ਹੈ ਅਪਣੇ ਆਪ ਉਪਰ ਹੀ ਪਰ ਦੇਹ ਪੇਸ਼ ਕੋਈ ਜਾਣ ਨਹੀਂ ਦਿੰਦੀ। 
		ਬਾਹਰਲੀ ਖੇਡ ਮੈਂ ਹਾਰ ਚੁੱਕਾ ਹੁੰਦਾ, ਪਰ ਅੰਦਰਲੀ ਖੇਡ ਹਾਲੇ ਵੀ ਚਲ ਰਹੀ ਹੁੰਦੀ। ਇਹ 
		ਬੜਾ ਦੁਖਦਾਈ ਸਮਾਂ ਹੁੰਦਾ, ਕਿਉਂਕਿ ਦੇਹ ਦਾ ਅਤੇ ਮਨ ਦਾ ਤਾਲ ਮੇਲ ਨਹੀਂ ਬੈਠਦਾ। ਮਨ 
		ਦੌੜਦਾ, ਦੇਹ ਦੌੜਨ ਨਹੀਂ ਦਿੰਦੀ। ਮਨ ਦੀਆਂ ਵਾਗਾਂ ਖੁਲੀਆਂ ਰਹੀਆਂ ਹੁੰਦੀਆਂ ਹੁਣ ਮਨ 
		ਕਿਥੇ ਟਿੱਕ ਜਾਊ। ਉਂਝ ਵੀ ਖੇਡਾਂ ਵਾਲਾ ਬਾਕੀ ਸੰਸਾਰ ਯਾਨੀ ਯਾਰ ਬਾਠ ਜਾਂ ਤਾਂ ਤੁਰ 
		ਚੁੱਕੇ ਹੁੰਦੇ ਹਨ ਜਾਂ ਖੁਦ ਅਪਣੇ ਜੀਵਨ ਦੀ ਆ ਰਹੀ ਭਿਆਨਕ ਕਾਲੀ ਰਾਤ ਦੇ ਫਿਕਰ ਵਿਚ 
		ਘੜੀਆਂ ਗਿਣ ਰਹੇ ਹੁੰਦੇ ਹਨ।
		ਫਿਰ ਬੰਦਾ ਕਹਿੰਦਾ ਯਾਰ ਕੋਈ ਗੁਰਦੁਆਰੇ ਹੀ ਲੈ ਚਲੋ। ਤੁਸਾਂ 
		ਦੇਖਿਆ ਹੋਣਾ ਗੁਰਦੁਆਰਿਆਂ-ਮੰਦਰਾਂ ਵਿਚ ਬਹੁਤੀ ਭੀੜ ਬੁੱਢਿਆਂ ਦੀ ਹੀ ਹੁੰਦੀ ਹੈ। ਇਸ 
		ਕਰਕੇ ਨਹੀਂ ਕਿ ਹੁਣ ਉਨ੍ਹਾਂ ਨੂੰ ਕੋਈ ਰੱਬ ਨਾਲ ਤੇਹ ਜਾਗ ਪਿਆ ਹੈ, ਬਲਕਿ ਹੁਣ ਕਰਨ ਨੂੰ 
		ਰਿਹਾ ਹੀ ਕੁਝ ਨਹੀਂ। ਬਾਕੀ ਨੇੜੇ ਆ ਰਹੀ ਮੌਤ ਤਰਾਹ ਕੱਢੀ ਜਾਂਦੀ ਹੈ। ਮਨ ਵਿਚ ਜਮਦੂਤਾਂ 
		ਦੇ ਪਾਏ ਭਰਮਾਂ ਦੇ ਭੈਅ ਨਾਲ ਜਾਨ ਸੁੱਕ ਸੁੱਕ ਜਾਂਦੀ। ਬੰਦਾ ਕਹਿੰਦਾ ਜੀਵਨ ਦੇ ਕੀਤੇ 
		ਪਾਪ ਬਖਸ਼ਾ ਲਓ। ਪਰ ਬਖਸ਼ੇ ਫਿਰ ਵੀ ਕਾਹਨੂੰ ਜਾਂਦੇ ਕਿਉਂਕਿ ਜਿੰਨਾ ਨਾਲ ਕੀਤੇ ਹੁੰਦੇ 
		ਉਨ੍ਹਾਂ ਤੱਕ ਪਹੁੰਚ ਹੀ ਕਿਥੇ ਰਹਿ ਜਾਂਦੀ। ਤੁਸੀਂ ਦੱਸੋ ਡਰੱਗ ਵੇਚਣ ਵਾਲਾ ਗੁਨਾਹ ਕਿਥੋਂ 
		ਧੋਹ ਲਊ। ਜਿੰਨਾ ਦੇ ਪੁੱਤ ਮਾਰ ਹੀ ਸੁੱਟੇ ਜ਼ਹਿਰ ਦੇ ਕੇ, ਹੁਣ ਮਰਿਆਂ ਲਈ ਕਿਹੜਾ ਪਾਣੀ, 
		ਕਿਹੜਾ ਸਰੋਵਰ, ਕਿਹੜੀ ਗੰਗਾ ਤੇਰੇ ਪਾਪ ਧੋ ਦਊ? ਤੇ ਬੰਦੇ ਕੋਲੇ ਸਿਵਾਏ ਝੂਰ ਝੂਰ ਮਰਨ 
		ਦੇ ਕੋਈ ਚਾਰਾ ਨਹੀਂ ਰਹਿ ਜਾਂਦਾ, ਕਿਉਂਕਿ ਮਾੜੀ ਕਮਾਈ ਨਾਲ ਪਲੀ ਉਲਾਦ ਕਿਹੜੀ ਭਲੀਮਾਣਸ 
		ਹੋਣੀ, ਜਿਹੜੀ ਤੈਨੂੰ ਜ਼ਲੀਲ ਕਰ ਕਰ ਨਾ ਮਾਰੂ।
		ਮੇਰੇ ਸਾਹਵੇਂ ਸਭ ਕੁਝ ਹੁੰਦਾ, ਮੇਰੇ ਸਾਹਵੇਂ ਮੇਰੇ ਵੱਡੇ ਝੂਰਦੇ 
		ਤੁਰ ਜਾਂਦੇ, ਮੇਰੇ ਸਾਹਵੇਂ ਸਭ ਕੁਝ ਛੱਡ ਜਾਂਦੇ, ਮੇਰੇ ਸਾਹਵੇਂ ਉਨ੍ਹਾਂ ਦੀ ਦੁਰਗਤ 
		ਹੁੰਦੀ ਪਰ ਮੈਂ? ਮੈਂ ਫਿਰ ਵੀ ਉਸ ਖੇਡ ਤੋਂ ਬਾਜ਼ ਨਹੀਂ ਆਉਂਦਾ, ਜਿਸ ਖੇਡ ਨੇ ਉਨ੍ਹਾਂ 
		ਸਾਰਿਆਂ ਨੂੰ ਝੂਰਦਿਆਂ ਗਲੋਂ ਫੜ ਮਰੋੜ ਸੁੱਟਿਆ।
		
		
                        << 
  ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ 
                        ਦੀਆਂ ਹੋਰ ਲਿਖਤਾਂ 
  >>