Share on Facebook

Main News Page

ਠਰਕ ਭੋਰੂ ਤੇ ਹਿੰਸਾ ਭਰਪੂਰ ਗਾਇਕੀ ਲਈ ਜ਼ਿੰਮੇਵਾਰ ਕੌਣ ?
- ਰਘਬੀਰ ਬਲਾਸਪੁਰੀ , ਐਡਮਿੰਟਨ ਕੈਨੇਡਾ (780) 278 2607

ਬਾਈ ਖੁਰਮੀ ਦਾ ਸੁਨੇਹਾ ਮਿਲਿਆ। ਉਸ ਨੇ ਇਕ ਸਵਾਲ ਕੀਤਾ। ਇਹ ਸਵਾਲ ਬਹੁਤ ਹੀ ਡੂੰਘਾ ਜ਼ਖ਼ਮ ਛੱਡ ਗਿਆ। ਸਵਾਲ ਇਹ ਸੀ ਕਿ ਠਰਕ ਭੋਰੂ ਤੇ ਹਿੰਸਾ ਭਰਪੂਰ ਗਾਇਕੀ ਦੇ ਪ੍ਰਫੁੱਲਤ ਹੋਣ ਲਈ ਜ਼ਿੰਮੇਵਾਰ ਕੌਣ ਹਨ?

ਦੋਸਤੋ, ਇਸ ਦੇ ਲਈ ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਜੋ ਮੁੱਢਲੇ ਹਨ ਸਭ ਤੋਂ ਪਹਿਲਾ ਤਾਂ ਇਸ ਦੇ ਲਈ ਜ਼ਿੰਮੇਵਾਰ ਸਰੋਤੇ ਜਾਂ ਦਰਸ਼ਕ ਹਨ। ਜਦੋਂ ਵੀ ਕੋਈ ਗੀਤ ਜਾਂ ਫਿਲਮ ਆਉਂਦੀ ਹੈ, ਅਸੀਂ ਉਸ ਦੀ ਬਹੁਤੀ ਨੁਕਤਾਚੀਨੀ ਨਹੀਂ ਕਰਦੇ। ਦਰਸ਼ਕ ਜਾਂ ਸਰੋਤੇ ਸਿਰਫ ਸੁਆਦ ਦੀ ਪੂਰਤੀ ਕਰਦੇ ਹਨ ਪਰ ਉਸਦੀ ਕੁਆਲਟੀ ਜਾਂ ਵਿਸ਼ੇ ਬਾਰੇ ਕੋਈ ਪੁਣ-ਛਾਣ ਨਹੀਂ ਕਰਦੇ। ਜੇਕਰ ਅਸੀਂ ਸਰੋਤੇ ਇਨ੍ਹਾਂ ਨੂੰ ਨਕਾਰ ਦੇਈਏ ਤਾਂ ਕਿਸੇ ਦੀ ਕੀ ਜੁਰਅਤ ਹੈ ਕਿ ਉਹ ਘਟੀਆ ਕਿਸਮ ਦੀ ਤੁਕਬੰਦੀ ਜਾਂ ਵੀਡਿਓ ਸਾਡੇ ਸਾਹਮਣੇ ਪੇਸ਼ ਕਰ ਸਕੇ। ਅਸੀਂ ਦੇਖਦੇ ਵੀ ਹਾਂ ਤੇ ਚਾਰ ਗਾਲ੍ਹਾਂ ਵੀ ਕੱਢ ਲੈਂਦੇ ਹਾਂ। ਫਿਰ ਉਸੇ ਗਾਇਕ ਦੀ ਅਗਲੀ ਕੈਸਟ ਦੀ ਉਡੀਕ ਵੀ ਕਰਨ ਲੱਗ ਜਾਂਦੇ ਹਾਂ।

ਇਸ ਹਮਾਮ ਵਿਚ ਸਾਰੇ ਨੰਗੇ ਹਨ। ਅਸੀਂ ਗੱਲਾਂ ਤਾਂ ਬਹੁਤ ਕਰ ਲੈਂਦੇ ਹਾਂ ਪਰ ਪ੍ਰੈਕਟੀਕਲ ਅਮਲ ਕੋਈ ਵੀ ਨਹੀਂ ਹੁੰਦਾ। ਤਾਂ ਹੀ ਤਾਂ ਅਖੌਤੀ ਲੋਕ ਗਾਇਕ ਹੋਰ ਚਾਂਭਲ ਜਾਂਦੇ ਹਨ ਤੇ ਸਾਡੀਆਂ ਧੀਆਂ, ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਂਦੇ ਹਨ। ਕੈਸਟਾਂ ਤੋਂ ਬਾਅਦ ਅਸੀਂ ਹੀ ਇਹਨਾਂ ਨੂੰ ਪੰਜ-ਪੰਜ ਲੱਖ ਵਿਚ ਵਿਆਹਾਂ ਦੇ ਪ੍ਰੋਗਰਾਮਾਂ ਲਈ ਬੁੱਕ ਕਰਦੇ ਹਾਂ। ਇਨ੍ਹਾਂ ਵਿੱਚੋਂ ਚਾਹੇ ਦਲਜੀਤ ਹੋਵੇ ਜਾਂ ਹਨੀ ਸਿੰਘ ਭਾਵੇਂ ਕੋਈ ਹੋਰ, ਤੁਸੀਂ ਕਿੰਨੇ ਕੁ ਲੰਡੂ ਗਾਇਕਾਂ ਦੇ ਘਰਾਂ ਮੂਹਰੇ ਧਰਨੇ-ਮੁਜਾਹਰੇ ਕਰ ਸਕਦੇ ਹੋ? ਇਨ੍ਹਾਂ ਨੂੰ ਚਮਲਾਉਣ ਵਾਲੇ ਵੀ ਅਸੀਂ ਆਪ ਹਾਂ, ਨਹੀਂ ਕਿਸੇ ਦੀ ਮਜ਼ਾਲ ਹੈ ਕੀ ਕੋਈ ਸਾਡੀ ਹਵਾ ਵੱਲ ਵੀ ਝਾਕ ਜਾਵੇ, ਧੀਆਂ ਭੈਣਾਂ ਦੀ ਬੇਇਜ਼ਤੀ ਕਰਨੀ ਤਾਂ ਦੂਰ ਦੀ ਗੱਲ ਹੈ। ਇਨ੍ਹਾਂ ਨੂੰ ਨਕਾਰਨਾ ਹੋਵੇਗਾ ਤੇ ਅਸੀਂ ਮੂਹਰੇ ਲੱਗ ਕਿ ਇਹਨਾਂ ਲੰਡੂਆਂ ਦਾ ਦੀਵਾਲਾ ਕੱਢ ਸਕਦੇ ਹਾਂ। ਕਿਉਂਕਿ ਜੇਕਰ ਕੋਈ ਦਸ ਪੰਦਰਾਂ ਲੱਖ ਖਰਚ ਕਰਕੇ ਗੀਤਾਂ ਦੀ ਐਲਬਮ ਤਿਆਰ ਕਰੇਗਾ ਤੇ ਉਸ ਵਿਚ ਸਾਡੀਆਂ ਧੀਆਂ ਭੈਣਾਂ ਉੱਤੇ ਚਿੱਕੜ ਉਛਾਲਿਆ ਹੋਵੇਗਾ ਪਰ ਜੇਕਰ ਅਸੀਂ ਉਸ ਕੈਸਟ ਜਾਂ ਫਿਲਮ ਨੂੰ ਮੂੰਹ ਨਹੀਂ ਲਾਵਾਂਗੇ ਤਾਂ ਰੀਟਰਨ ਕਿੱਥੋਂ ਹੋਣਾ ਹੈ? ਫਿਰ ਆਪੇ ਭਾਂਡੇ ਵਿਕ ਜਾਣੇ ਹਨ।

ਦੂਸਰੀ ਗੱਲ ਮੇਰੇ ਖਿਆਲ ਵਿਚ ਇਨ੍ਹਾਂ ਨੂੰ ਪ੍ਰਫੁੱਲਤ ਕਰਨ ਲਈ ਮੀਡੀਏ ਦਾ ਪੂਰਾ ਯੋਗਦਾਨ ਹੈ। ਭਾਵੇਂ ਅਖਬਾਰਾਂ ਹੋਣ ਰਸਾਲੇ,ਟੀ.ਵੀ. ਚੈਨਲ ਜਾਂ ਰੇਡੀਓ ਵਾਲੇ। ਸਾਡੇ ਮੀਡੀਏ ਵਾਲੇ ਵੀਰਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਹੋਛੇ ਅਤੇ ਠਰਕ ਭੋਰੂ ਗੀਤਾਂ ਨੂੰ ਰੇਡੀਓ, ਟੀ.ਵੀ.ਤੇ ਨਾ ਦਿਖਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਕੋਈ ਪ੍ਰਮੋਸ਼ਨ ਨਾ ਹੋ ਸਕੇ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਕਿਸੇ ਦੀ ਫਿਲਮ ਜਾਂ ਕੈਸਿਟ ਆਉਣੀ ਹੁੰਦੀ ਹੈ ਤਾਂ ਅਖਬਾਰਾਂ ਵਾਲੇ ਪੂਰੇ ਪੂਰੇ ਪੇਜ ਦੀ ਐਡ ਲਾ ਕੇ ਇਹਨਾਂ ਨੂੰ ਆਲਮ ਲੁਹਾਰ ਦੇ ਵੀ ਉਸਤਾਦ ਬਣਾ ਕੇ ਪੇਸ਼ ਕਰਦੇ ਹਨ। ਇਹ ਵੀ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਅਖਵਾਉਂਦੇ ਹਨ। ਪਰ ਜਦੋਂ ਕੋਈ ਰੇਡੀਓ ਹੋਸਟ ਇਹਨਾਂ ਦੀ ਇੰਟਰਵਿਊ ਕਰਦਾ ਹੈ ਤਾਂ ਇਹ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਬਿਨਾਂ ਸਿਰ ਪੈਰ ਤੋਂ ਹੀ ਊਟ-ਪਟਾਂਗ ਮਾਰੀ ਜਾਂਦੇ ਹਨ। ਰੇਡੀਓ ਹੋਸਟਾਂ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਦੀ ਪ੍ਰਮੋਸ਼ਨ ਵਾਲੀ ਇੰਟਰਵਿਊ ਦੀ ਬਜਾਏ ਵਾਲ ਦੀ ਖੱਲ ਲਾਹੁਣ ਵਾਲੀ ਗੱਲਬਾਤ ਕਰਨ ਤਾਂ ਜੋ ਅਜਿਹੇ ਅਖੌਤੀ ਲੋਕ ਗਾਇਕ ਗਾਇਕੀ ਦੀ ਹੋਰ ‘ਸੇਵਾ’ ਤੋਂ ਤੋਬਾ ਕਰ ਕੇ ਘਰ ਬੈਠ ਜਾਣ।

ਟੀ.ਵੀ. ਚੈਨਲਾਂ ਤੇ ਚੱਲ ਰਹੇ ਇਨ੍ਹਾਂ ਗਾਇਕਾਂ ਦੇ ਗੀਤ ਤੇ ਵੀਡਿਓ ਦੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਕਈ ਵਾਰੀ ਚੈਨਲ ਬਦਲਣਾ ਪੈਂਦਾ ਹੈ। ਟੀ.ਵੀ. ਵਾਲੇ ਹੀ ਇਨ੍ਹਾਂ ਦੀ ਮਸ਼ਹੂਰੀ ਕਰਦੇ ਹਨ ਕਿ ਇਸ ਲੰਡਰ ਜਿਹੇ ਗਾਇਕ ਦੀ ਆਹ ਕੈਸਿਟ ਆ ਰਹੀ ਹੈ। ਨਹੀਂ ਤਾਂ ਸਰੋਤਿਆਂ ਜਾਂ ਦਰਸ਼ਕਾਂ ਨੂੰ ਕਿਹੜਾ ਸੁਪਨਾ ਆਉਂਦਾ ਹੈ ਕਿ ਕਿਸ ਗਾਇਕ ਨੇ ਕੀ ਕੜ੍ਹੀ ਘੋਲ਼ੀ ਹੈ। ਮੀਡਿਆ, ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਉਹ ਵੀ ਅੱਜਕਲ ਵਿਕਾਊ ਬਣ ਕੇ ਰਹਿ ਗਿਆ ਹੈ। ਕੋਈ ਵੀ ਸੇਵਾ ਜਾਂ ਜ਼ਿੰਮੇਵਾਰੀ ਨਹੀਂ ਸਮਝੀ ਜਾਂਦੀ, ਸਗੋਂ ਬਿਜ਼ਨਸ ਨੂੰ ਮੁੱਖ ਰੱਖਿਆ ਜਾਂਦਾ ਹੈ।

ਉਸ ਤੋਂ ਬਾਅਦ ਵਿਚ ਗਾਇਕਾਂ ਅਤੇ ਗੀਤਕਾਰਾਂ ਦੀ ਵਾਰੀ ਆਉਂਦੀ ਹੈ, ਜੋ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਗੀਤਾਂ ਵਿਚ ਖਿੱਚ ਰਹੇ ਹਨ। 15 ਸਾਲ ਦੀਆਂ ਧੀਆਂ ਨੂੰ ਮਾਸ਼ੂਕਾਂ ਬਣਾਉਂਦੇ ਹਨ ਤੇ ਮੁੰਡਿਆਂ ਤੋਂ ਮੰਡੀਰ ਬਣਾ ਕੇ ਗੁਆਂਢ ਵਿਚ ਟਰਾਈਆਂ ਮਾਰਨ ਲਈ ਪਰੇਰ ਰਹੇ ਹਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਕੰਡੇ ਉਹ ਦੂਸਰਿਆਂ ਲਈ ਬੀਜ ਰਹੇ ਹਾਂ, ਇੱਕ ਨਾ ਇੱਕ ਦਿਨ ਉਨ੍ਹਾਂ ਨੂੰ ਹੀ ਚੁਗਣੇ ਪੈਣਗੇ। ਦੇਰ ਜਾਂ ਸਵੇਰ ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਵੀ ਸਕੂਲਾਂ ਕਾਲਜਾਂ ਵਿਚ ਜਾਣਾ ਪੈਣਾ ਹੈ। ਉਨ੍ਹਾਂ ਰਸਤਿਆਂ ਤੇ ਵੀ ਤੁਰਨਾ ਪੈਣਾ ਹੈ ਜਿੱਥੇ ਉਨ੍ਹਾਂ ਦੇ ਚਗਲ਼ੇ ਗੀਤਾਂ ਦਾ ਗੰਦ ਖਿਲਰ ਰਿਹਾ ਹੈ। ਅੱਜ ਗੀਤਾਂ ਵਿਚ ਨੱਚਦੇ ਲੋਕਾਂ ਦੀਆਂ ਧੀਆਂ ਦੀ ਬਾਂਹ ਫੜਨ ਦੀ ਗੱਲ ਕਰਦੇ ਹਨ, ਉਹੀ ਗੀਤ ਸੁਣ ਕੇ ਇਕ ਨਾ ਇਕ ਦਿਨ ਇਹੀ ਜਿਨ੍ਹਾਂ ਨੂੰ ਵੈਲੀ ਬਦਮਾਸ਼ ਜਿਪਸੀਆਂ ਭਰ ਕੇ ਲਲਕਾਰੇ ਮਾਰਨ ਵਾਲੇ ਪੰਜਾਬੀ ਅਸਲੇ ਨਾਲ ਲੈਸ ਮੁੰਡਿਆਂ ਤੋਂ ਮੰਡੀਰ ਬਣਾ ਕੇ ਪੇਸ਼ ਕਰਦੇ ਹਨ, ਉਹ ਜਰੂਰ ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਉਣਗੇ। ਜਿਹਾ ਬੀਜੋਗੇ, ਉਹੀ ਵੱਢਣਾ ਪੈਣਾ ਹੈ।

ਇਕੱਲੇ ਗਾਇਕਾਂ ਨੇ ਹੀ ਨਹੀਂ, ਸਗੋਂ ਗੀਤਕਾਰਾਂ ਨੇ ਵੀ ਪੈਸੇ ਦੀ ਖਾਤਰ ਆਪਣਾ ਦੀਨ ਇਮਾਨ ਪੈਸੇ ਖਾਤਰ ਵੇਚ ਦਿੱਤਾ ਹੈ। ਭਾਵੇਂ ਫਿਲਮ ਦੀ ਕਹਾਣੀ ਜਾਂ ਗੀਤ ਲਿਖਣਾ ਹੋਵੇ ਤਾਂ ਉਸ ਵਿਚ ਆਪਣੇ ਦਿਮਾਗ ਦਾ ਪੂਰਾ ਦੀਵਾਲਾ ਕੱਢਦੇ ਹਨ। ਜੱਟਾਂ ਨੂੰ ਫੁਕਰੇ, ਵਿਹਲੜ, ਬਦਮਾਸ਼, ਸਰਾਬਾਂ ਨਾਲ ਰੱਜੇ ਹੋਏ ਪੇਸ਼ ਕਰਨ ਵਾਲਿਓ, ਕੁਝ ਸ਼ਰਮ ਕਰੋ। ਇਹ ਸਭ ਕੁਝ ਲਿਖਣ ਜਾਂ ਗਾਉਣ ਤੋਂ ਪਹਿਲਾਂ ਆਪਣੇ ਆਪ ਜਾਂ ਆਪਣੇ ਪਰਿਵਾਰਾਂ ਵੱਲ ਵੀ ਨਿਗਾਹ ਮਾਰ ਲਿਆ ਕਰੋ।

ਅਗਲੀ ਜ਼ਿੰਮੇਵਾਰੀ ਆਉਂਦੀ ਹੈ ਵੀਡੀਓ ਬਣਾਉਣ ਵਾਲਿਆਂ ਦੀ। ਅੱਗੇ ਗੀਤ ਸਿਰਫ ਸੁਣਨ ਲਈ ਹੁੰਦੇ ਸਨ, ਪਰ ਹੁਣ ਦੇਖਣ ਵਾਲੇ ਵੀ ਹਨ। ਇਨ੍ਹਾਂ ਨੇ ਵੀ ਪੈਸਾ ਮੁੱਖ ਰੱਖਿਆ ਹੋਇਆ ਹੈ। ਇਹ ਕਹਿੰਦੇ ਹਨ, ਵੀਡਿਓ ਦਾ ਰੇਟ ਘੱਟ ਨਹੀਂ ਹੋ ਸਕਦਾ, ਮਾਡਲਾਂ ਦੇ ਪਾਏ ਹੋਏ ਕਪੜੇ ਜਿੰਨੇ ਵੀ ਕਹੋਗੇ ਘੱਟ ਹੋ ਸਕਦੇ ਹਨ। ਕਈ ਵਾਰੀ ਤਾਂ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਟੀ.ਵੀ. ਤੇ ਕੱਪੜਾ ਪਾ ਕਿ ਦੇਖਣਾ ਪੈਂਦਾ ਹੈ। ਜਦੋਂ ਕਦੇ ਇਨ੍ਹਾਂ ਨਾਲ ਗੱਲ ਕਰੀਏ ਤਾਂ ਜਵਾਬ ਹੁੰਦਾ ਹੈ, ”ਕੀ ਕਰੀਏ ਜੀ, ਕੰਪਨੀ ਵਾਲਿਆਂ ਦੀ ਮੰਗ ਸੀ। ਜਿਹੋ ਜਿਹੀ ਡਿਮਾਂਡ ਹੁੰਦੀ ਹੈ, ਅਸੀਂ ਤਾਂ ਉਹੋ ਜਿਹਾ ਹੀ ਗੀਤ ਫਿਲਮਾਉਣਾ ਹੁੰਦਾ ਹੈ। ਭਾਵੇਂ ਰਫਲਾਂ, ਗੰਡਾਸੇ, ਸ਼ਰਾਬ ਹੋਵੇ ਇਹ ਤਾਂ ਜੀ ਪੰਜਾਬੀ ਸਭਿਆਚਾਰ ਹੈ, ਪਾਉਣਾ ਪੈਂਦਾ ਹੈ।” ਕਈ ਵਾਰੀ ਗੀਤ ਤਾਂ ਗੁੱਤ ਤੇ ਚੱਲਦਾ ਹੁੰਦਾ ਹੈ ਪਰ ਮਾਡਲ ਦੀ ਗੁੱਤ ਜੜ੍ਹੋਂ ਹੀ ਮੁਨਾਈ ਹੁੰਦੀ ਹੈ। ਫਿਲਮਾਂ ਦਾ ਵੀ ਇਹੋ ਹਾਲ ਹੈ। ਗੰਦ ਮੰਦ ਪਰੋਸਿਆ ਜਾਂਦਾ ਹੈ।

ਅਗਲੀ ਜ਼ਿੰਮੇਵਾਰੀ ਆਉਂਦੀ ਹੈ ਗੀਤ ਜਾਂ ਫਿਲਮਾਂ ਬਣਾਉਣ ਵਾਲੀਆਂ ਕੰਪਣੀਆਂ ਦੀ ਪਰ ਉਹ ਤਾਂ ਸਿਰਫ ਤੇ ਸਿਰਫ ਆਪਣਾ ਮੁਨਾਫਾ ਹੀ ਦੇਖਦੇ ਹਨ, ਇਸ ਲਈ ਭਾਵੇਂ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ। ਕੰਪਨੀਆਂ ਨੇ ਤਾਂ ਆਪਣਾ ਮਾਲ ਵੇਚਣਾ ਹੁੰਦਾ ਹੈ, ਦੇਖਣਾ ਤਾਂ ਅਸੀਂ ਹੈ ਕਿ ਅਸੀਂ ਕੀ ਖਰੀਦਣਾ ਹੈ।

ਅਖੀਰ ਵਿਚ ਮੈਂ ਤਾਂ ਇੰਨਾ ਹੀ ਕਹਾਂਗਾ ਕਿ ਅਸੀਂ ਮਿਥਿਆਸ ਵਿੱਚੋਂ ਸੁਣਦੇ ਆਏ ਹਾਂ ਕਿ ਕੁੰਭਕਰਨ ਛੇ ਮਹੀਨੇ ਸੌਂਦਾ ਸੀ ਤੇ ਛੇ ਮਹੀਨੇ ਜਾਗਦਾ ਸੀ। ਪਰ ਸਾਡਾ ਪੰਜਾਬੀ ਦਰਸ਼ਕ ਤਾਂ ਕਈ ਦਹਾਕਿਆਂ ਤੋਂ ਸੁੱਤਾ ਪਿਆ ਹੈ। ਪਤਾ ਨਹੀਂ ਕਦੋਂ ਜਾਗੇਗਾ। ਸਾਨੂੰ ਜਾਗਣ ਸੋਚਣ ਅਤੇ ਸਮਝਣ ਦੀ ਜਰੂਰਤ ਹੈ। ਹੁਣ ਤਾਂ ਸਾਨੂੰ ਉੱਠਣਾ ਪਵੇਗਾ ਕਿਉਂਕਿ ਬਹੁਤੇ ਲੰਡੂ ਗਾਇਕ, ਗਾਇਕਾਵਾਂ ਨੇ ਪੂਰੀ ਅੱਤ ਚੁੱਕੀ ਹੋਈ ਹੈ। ਦੋਸਤੋ ਜੇ ਅਜੇ ਵੀ ਨਾ ਜਾਗੇ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਸਾਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਲਈ ਅਤੇ ਜਗਾਉਂਦੇ ਰਹਿਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।

ਸਾਨੂੰ ਆਪ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਦੋਸਤੋ ਹੁਣ ਤਾਂ ਇਹਨਾਂ ਨੇ ਸਾਡੀਆਂ ਧੀਆਂ ਭੈਣਾਂ ਨੂੰ ਵੀ ਨਹੀਂ ਬਖਸ਼ਿਆ। ਪਹਿਲਾਂ ਇਹਨਾਂ ਨੇ ਜੱਟਾਂ ਦਾ ਕੁਝ ਨਹੀਂ ਛੱਡਿਆ ਵਿਚਾਰਾ ਗੀਤਾਂ ਵਿਚ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ। ਸਾਡੇ ਗਾਇਕਾਂ ਨੂੰ ਵੀ ਅਕਲ ਚਾਹੀਦੀ ਹੈ ਕਿ ਅਸੀਂ ਆਪਣੇ ਸਭਿਆਚਾਰ ਨੂੰ ਵੈਲੀਆਂ, ਬਦਮਾਸ਼ਾਂ, ਅਸਲੇ ਨਾਲ ਜਿਪਸੀਆਂ ਜੀਪਾਂ ਭਰ ਕੇ, ਸ਼ਰਾਬ ਨਾਲ ਰੱਜ ਕੇ ਲਲਕਾਰੇ ਮਾਰਨ ਨੂੰ ਹੀ ਸਮਝਦੇ ਹਾਂ ਜਾਂ ਸਾਡੀਆਂ ਸਮੱਸਿਆਵਾਂ ਕੀ ਹਨ, ਉਨ੍ਹਾਂ ਤੇ ਵਿਚਾਰ ਕਰਨੀ ਚਾਹੀਦੀ ਹੈ। ਸਾਨੂੰ ਗੌਰਵਮਈ ਵਿਰਸਾ ਤੇ ਜੁਝਾਰੂ ਇਤਿਹਾਸ ਤੋਂ ਸੇਧ ਲੈਣ ਤੇ ਸਾਂਭਣ ਦੀ ਲੋੜ ਹੈ।

ਅੰਤ ਵਿਚ ਮੈਂ ਤਾਂ ਇਹੀ ਕਹਾਂਗਾ ਕਿ ਇਨ੍ਹਾਂ ਲੰਡਰ ਗਾਇਕਾਂ ਨੂੰ ਸਰੋਤੇ ਦਰਸ਼ਕ ਮੂੰਹ ਨਾ ਲਾਉਣ ਤੇ ਮੀਡਿਆ ਆਪਣਾ ਫਰਜ਼ ਪਛਾਣਦਾ ਹੋਇਆ ਸਹੀ ਪੱਖ ਲੋਕਾਂ ਸਾਹਮਣੇ ਪੇਸ਼ ਕਰੇ ਤਾਂ ਜੋ ਅਜਿਹੇ ਅਨਸਰਾਂ ਨੂੰ ਅਸੀਂ ਸਮਾਜ ਵਿੱਚੋਂ ਨਿਖੇੜ ਸਕੀਏ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top