Share on Facebook

Main News Page

ਪੰਜਾਬ ਦੇ ਸਭਿਆਚਾਰ ਨੂੰ ਤਹਿਸ ਨਹਿਸ ਕਰਨ ਵਾਲੇ ਲੱਚਰ ਗਾਇਕਾਂ ਵਿਰੁਧ ਲਾਮਬੰਦੀ ਸ਼ੁਰੂ !

ਗੁਰਦੇਵ ਸਿੰਘ ਸਧੇਵਾਲੀਆ (20 Feb 2013): ਸਿਆਣੇ ਆਂਹਦੇ ਲੋਭੀ ਬੰਦੇ ਦੇ ਲਾਲਚ ਦੀ ਜਦ ਇੰਤਹਾ ਹੋ ਜਾਂਦੀ ਹੈ, ਤਾਂ ਉਹ ਅਪਣੀ ਸਕੀ ਮਾਂ ਨੂੰ ਵੀ ਸਰੇ-ਬਜਾਰ ਵੇਚਣ ਤੋਂ ਸ਼ਰਮ ਨਹੀਂ ਕਰਦਾ। ਬੰਦੇ ਦੀਆਂ ਤਿੰਨ ਮਾਵਾਂ ਹੁੰਦੀਆਂ ਪਹਿਲੀ ਜਨਮ ਦੇਣ ਵਾਲੀ, ਦੂਜੀ ਧਰਤੀ ਅਤੇ ਤੀਜੀ ਬੋਲੀ।

ਇਸ ਸਮੇਂ ਆਪਾਂ ਮਾਂ-ਬੋਲੀ ਦੀ ਸੇਵਾ ਕਰਨ ਵਾਲੇ ਉਨ੍ਹਾਂ ਲੱਚਰ ਗਾਇਕਾਂ ਦੀ ਗੱਲ ਕਰਾਂਗੇ ਜਿੰਨਾ ਇਸ ਨੂੰ ਵੇਚਿਆ ਹੀ ਨਹੀਂ ਬਲਕਿ ਨੰਗਿਆਂ ਕਰਕੇ ਵੇਚਿਆ ਹੈ! ਪੰਜਾਬ ਦੇ ਇਨ੍ਹਾਂ ਕਪੂਤਾਂ ਨੇ ਅਪਣੀ ਇਸ ਮਾਂ ਦੇ ਸਾਰੇ ਕੱਪੜੇ ਲਾਹ ਕੇ ਸਰੇ-ਬਜਾਰ ਖੜਾ ਕਰ ਮਾਰਿਆ ਇਸ ਨੂੰ, ਪਰ ਦੁਹਾਈਆਂ ਇਹ ਦਿੱਤੀਆਂ ਕਿ ਅਸੀਂ ਮਾਂ-ਬੋਲੀ ਦੀ ਸੇਵਾ ਕਰ ਰਹੇ ਹਾਂ? ਲੋਭ ਦੇ ਚਿੱਕੜਾਂ ਵਿਚ ਗਲ-ਗਲ ਲਿਬੜੇ ਪੰਜਾਬੀ ਦੇ ਬਹੁ ਗਿਣਤੀ ਮੀਡੀਏ ਨੇ ਵੀ ਪੰਜਾਬੀ ਨਾਲ ਭਲੀ ਨਹੀਂ ਗੁਜਾਰੀ ਅਤੇ ਇਨ੍ਹਾਂ ਗਾਇਕਾਂ ਨਾਲ ਰਲਕੇ ਇਸ ਲੱਚਰਤਾ ਨੂੰ ਹਵਾ ਦੇ ਕੇ ਅਪਣੀ ਬੋਲੀ ਅਤੇ ਅਮੀਰ ਸਭਿਆਚਾਰ ਨਾਲ ਗਦਾਰੀ ਕੀਤੀ ਹੈ।

ਕੀ ਇਹੋ ਜਿਹੇ ਸਨ ਅਸਲੀ ਖਾੜਕੂ???

ਲੰਡਰ ਗਾਇਕ

 

ਪ੍ਰਮੋਟਰਾਂ ਦੇ ਚੰਦ ਟੱਕਿਆਂ ਖਾਤਰ ਮੀਡੀਏ ਨੇ ਅਪਣਾ ਦੀਨ-ਈਮਾਨ ਗਹਿਣੇ ਪਾ ਕੇ ਗੰਦ ਗਾਉਣ ਵਾਲੇ ਗਾਇਕਾਂ ਨੂੰ ਲੋਕਾਂ ਅਗੇ ਹੀਰੋ ਬਣਾ ਕੇ ਪੇਸ਼ ਕੀਤਾ ਹੈ, ਜਿਸ ਦੇ ਨਤੀਜੇ ਇਹ ਨਿਕਲੇ ਹਨ ਕਿ ਮਿੱਠੀ ਤੇ ਗੰਭੀਰ ਪੰਜਾਬੀ ਬੋਲੀ ਬੱਕਰੇ ਬੁਲਾਉਣ, ਗਾਹਲਾਂ ਕੱਢਣ ਤੇ ਦੁਨਾਲੀਆਂ ਚੁੱਕਣ ਵਰਗੀ ਜੱਟਵੈੜ ਜਿਹੀ ਭਾਸ਼ਾ ਬਣਕੇ ਰਹਿ ਗਈ ਹੈ, ਅਤੇ ਜਿਸ ਨੂੰ ਤੁਹਾਡੀਆਂ ਅਗਲੀਆਂ ਨਸਲਾਂ ਬੋਲਣ ਲੱਗੀਆਂ ਵੀ ਸ਼ਰਮ ਮਹਿਸੂਸ ਕਰਨ ਲਗੀਆਂ ਹਨ।

ਪੰਜਾਬ ਦੇ ਲੱਚਰ ਗਾਇਕ ਨੇ ਪੰਜਾਬ ਦੇ ਅਣਖੀਲੇ ਗੱਭਰੂ ਨੂੰ ਜਿਹੜਾ ਕਿਸੇ ਦੀ ਧੀ ਭੈਣ ਦੀ ਇੱਜਤ ਖਾਤਰ ਕਸੂਰ ਦੀਆਂ ਗੜੀਆਂ ਜਾ ਢਾਹੁੰਦਾ ਰਿਹਾ, ਲੰਡੀ ਜੀਪ ਅਤੇ ਹੱਥ ਦੁਨਾਲੀ ਦੇ ਕੇ ਕੁੜੀਆਂ ਦੇ ਕਾਲਜਾਂ ਅਗੇ ਗੇੜੇ ਮਾਰਨ ਵਾਲਾ ਭੂੰਡ ਆਸ਼ਕ ਬਣਾ ਕੇ ਰੱਖ ਦਿੱਤਾ ਹੈ ਤੇ ਨਤੀਜਾ ਇਹ ਨਿਕਲਿਆ ਹੈ, ਕਿ ਜਿਸ ਸੂਰਬੀਰ ਦੇ ਹੱਥ ਕਿਸੇ ਦੀ ਧੀ-ਭੈਣ ਵਲ ਕੈਰੀ ਨਜਰ ਵੇਖਣ ਵਾਲੇ ਦੀ ਸੰਘੀ ਨੂੰ ਪੈਂਦੇ ਸਨ, ਅੱਜ ਉਹੀ ਹੱਥ ਅਪਣੇ ਹੀ ਪੰਜਾਬ ਦੀਆਂ ਧੀਆਂ-ਭੈਣਾਂ ਦੇ ਬਲਾਤਕਾਰ ਕਰਨ ਨੂੰ ਪੈ ਰਹੇ ਹਨ। ਪੰਜਾਬ ਦੇ ਲੰਡਰ ਗਾਇਕਾਂ ਨੇ ਪੰਜਾਬੀ ਨਾਲ ਧਰੋਹ ਕਮਾਇਆ ਹੈ, ਪੰਜਾਬ ਨਾਲ ਧਰੋਹ ਕਮਾਇਆ ਹੈ ਜੋ ਨਾ-ਕਾਬਲੇ ਮੁਆਫ ਹੈ।

ਇਕ ਖੁਲ੍ਹਾ ਸਵਾਲ ਟਰੰਟੋ ਦੇ ਮੀਡੀਏ ਅਗੇ ਵੀ ਖੜਾ ਹੈ, ਕਿ ਕੁਝ ਇਕ ਨੂੰ ਛੱਡ ਕੇ ਕਿੰਨਿਆਂ ਨੇ ਹੁਣ ਤਕ ਇਨ੍ਹਾਂ ਗਾਇਕਾਂ ਨੂੰ ਲੋਕਾਂ ਅਗੇ ਖੜੇ ਕਰਕੇ ਪੁੱਛਿਆ ਹੈ, ਕਿ ਲੱਕ ਟਵੰਟੀ ਵੇਟ ਕੁੜੀ ਦਾ..ਚਾਰੇ ਪਾਸੇ ਦੇਖ ਲੈ ਚਰਚਾ ਤੇਰੀ ਹੌਟ ਲੈਸ ਦਾਨੱਚਦੀ ਹੱਕ ਨੂੰ ਸਾਂਭ ਕੁੜੇ ਤੇ ਤੈਨੂੰ ਯਾਰ ਬਥੇਰੇ ਆਦਿ, ਕਿਹੜਾ ਸਭਿਆਚਾਰ ਜਾਂ ਪੰਜਾਬੀ ਮਾਂ-ਬੋਲੀ ਦੀ ਸੇਵਾ ਹੈ!! ਪ੍ਰਮੋਟਰ, ਮੀਡੀਏ ਵਾਲਾ ਅਤੇ ਗਾਇਕ ਦੱਸੇ, ਕਿ ਉਸ ਦੇ ਘਰ ਕੋਈ ਲੱਚਰ ਗਾਇਕੀ ਵਾਲਾ, ਟੋਟਾ, ਪੁਰਜਾ, ਅੱਗ ਜਾਂ ਯਾਰ ਬਥੇਰੇ ਵਾਲੀ ਮਾਂ, ਭੈਣ, ਪਤਨੀ ਨਹੀਂ ਕਿ ਉਨ੍ਹਾਂ ਦੀ ਸ਼ਰਮ ਲੱਥ ਗਈ ਹੈ? ਪਰ ਲੋਭੀ ਬੰਦੇ ਨੂੰ ਅਪਣੇ ਬਾਬਾ ਜੀ ਹਰਕਾਇਆ ਕੁੱਤਾ ਕਹਿੰਦੇ ਹਨ, ਸੋ ਭਰਾਵੋ ਇਨ੍ਹਾਂ ਹਰਕਾਏ ਹੋਏ ਲੋਭੀਆਂ ਤੋਂ ਅਪਣੀਆਂ ਨਸਲਾਂ ਨੂੰ ਬਚਾਉਂਣ ਲਈ ਜੇ ਤੁਸੀਂ ਅੱਜ ਸੜਕਾਂ ਤੇ ਨਾ ਆਏ ਤਾਂ ਤੁਸੀਂ ਖੁਦ ਪੰਜਾਬੀ ਦਾ ਮੁਹਾਂਦਰਾ ਪਛਨਾਣੋ ਹਟ ਜਾਓਂਗੇ ਤੇ ਦੁਨੀਆਂ ਉਪਰ ਨਿੱਤ ਮਰ ਰਹੀਆਂ ਕਈ ਭਾਸ਼ਾਵਾਂ ਦੀ ਲਿਸਟ ਵਿਚ ਪੰਜਾਬੀ ਦਾ ਨਾਂ ਵੀ ਸ਼ਾਮਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ! ਕਿ ਰੋਕ ਸਕਦਾ?

ਪੰਜਾਬੀ ਬੋਲੀ ਨਾਲ ਹੋ ਰਹੇ ਖਿਲਵਾੜ ਅਤੇ ਪਾਏ ਜਾ ਰਹੇ ਗੰਦ ਬਾਰੇ ਲੋਕ ਰਾਇ ਜਾਨਣ ਲਈ 16 ਮਾਰਚ ਦਿਨ ਸ਼ਨਿਚਰਵਾਰ ਨੂੰ ਰੋਇਲ ਬੈਂਕੁਟ ਹਾਲ ਵਿਖੇ 11 ਤੋਂ 1 ਵਜੇ ਤੱਕ ਖੁਲ੍ਹੀ ਮੀਟਿੰਗ ਰੱਖੀ ਜਾ ਰਹੀ ਹੈ, ਤਾਂ ਕਿ ਸੋਚਿਆ ਜਾ ਸਕੇ ਕਿ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਦੀ ਸੇਵਾ ਦੇ ਨਾਂ ਤੇ ਜੋ ਇੰਤਹਾ ਇਨ੍ਹਾਂ ਗੰਦ ਪਾਉਂਣ ਵਾਲਿਆਂ ਕਰ ਦਿੱਤੀ ਹੈ, ਇਸ ਨੂੰ ਕਿਵੇਂ ਰੋਕਿਆ ਜਾਣਾ ਚਾਹੀਦਾ।

ਇਸ ਸਬੰਧ ਵਿਚ ਭਾਈਚਾਰੇ ਦੇ ਕੁੱਝ ਚਿੰਚਤ ਲੋਕਾਂ ਦੀ ਇਕ ਮੀਟਿੰਗ ਡਿਕਸੀ ਗੁਰਦੁਆਰਾ ਸਾਹਬ ਸੋਮਵਾਰ 18 ਫਰਵਰੀ ਨੂੰ ਹੋਈ ਸੀ, ਜਿਸ ਵਿਚ ਗੁਰੂ ਨਾਨਕ ਮਿਸ਼ਨ ਕਨੇਡਾ ਅਤੇ ਲੋਕ ਜਾਗੁਰਤੀ ਮੰਚ ਤੋਂ ਇਲਾਵਾ ਮੀਡੀਏ ਦੇ ਕੁਝ ਸੁਹਰਿਦ ਭਰਾਵਾਂ ਵੀ ਹਿੱਸਾ ਲਿਆ, ਜਿਵੇਂ ਦਿਲ ਅਪਣਾ ਪੰਜਾਬੀ ਤੋਂ ਗੁਰਤੀਰਥ ਸਿੰਘ ਪਾਸਲਾ, ਨਗਾਰਾ ਰੇਡੀਓ ਅਤੇ ਸਰਦਾਰੀ ਟੀ.ਵੀ. ਤੋਂ ਰਾਣਾ ਸਿੱਧੂ ਅਤੇ ਤੋਂ ਰਾਣਾ ਆਹਲੂਵਾਲੀਆ ਵੀ ਸ਼ਾਮਲ ਹੋਏ। ਮੀਟਿੰਗ ਵਿਚ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਲੱਚਰਤਾ ਦੇ ਇਸ ਭੂਸਰੇ ਸਾਨ੍ਹ ਨੂੰ ਨੱਥ ਪਾਉਂਣ ਲਈ ਲੋਕਾਂ ਨੂੰ ਜਾਗੁਰਕ ਅਤੇ ਲਾਮਬੰਦ ਕੀਤਾ ਜਾਵੇ, ਤਾਂ ਕਿ ਇਨ੍ਹਾਂ ਜ਼ਹਿਰ ਨੇ ਵਪਾਰੀਆਂ ਤੋਂ ਅਪਣੀ ਬੋਲੀ ਅਤੇ ਸਭਿਆਚਾਰ ਨੂੰ ਬਚਾਇਆ ਜਾ ਸਕੇ।

ਪ੍ਰਬੰਧਕਾਂ ਵਲੋਂ ਬੇਨਤੀ ਹੈ, ਕਿ ਇਸ ਸੀਮਤ ਸਮੇ ਵਿਚ ਪਹੁੰਚ ਕੇ ਅਪਣੀ ਰਾਇ ਸ਼ਾਮਲ ਕੀਤੀ ਜਾਵੇ ਤਾਂ ਕਿ ਅਸੀਂ ਸਭ ਰਲਕੇ ਕੋਈ ਠੋਸ ਕਦਮ ਚੁੱਕ ਸਕੀਏ। ਵਧੇਰੇ ਜਾਣਕਾਰੀ ਅਤੇ ਪਹੁਚੰਣ ਵਾਲੇ ਪਤੇ ਲਈ ਫੋਨ ਕਰ ਸਕਦੇ ਹੋ।

  1. . ਗੁਰਮੁਖ ਸਿੰਘ ਬਾਠ 647-968-7400
  2. ਰਣਧੀਰ ਸਿੰਘ ਰਾਣਾ ਸਿੱਧੂ 905-915-8484
  3. ਸੁਰਜੀਤ ਸਿੰਘ ਝਬਲੇਵਾਲੀ 647-403-2305
  4. ਯਾਦਵਿੰਦਰ ਸਿੰਘ 647-962-1305
  5. ਡਾ. ਗੁਰਨਾਮ ਕੌਰ 905 866 6091


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top