Share on Facebook

Main News Page

ਧਰਮ ਕੀ ਹੈ ?
- ਗੁਰਦੇਵ ਸਿੰਘ ਸੱਧੇਵਾਲੀਆ

ਧਰਮ ਮਨੁੱਖ ਨੂੰ ਸਚਿਆਰ ਬਣਨ ਲਈ ਇੱਕ ਰਸਤਾ ਹੈ ਪਰ ਇਹ ਖੁਲ੍ਹਾ ਤੇ ਮੋਕਲਾ ਰਾਹ ਮਨੁੱਖ ਨੇ ਅਪਣੀ ਸੌੜੀ ਸੋਚ ਕਾਰਨ ਇਨਾ ਭੀੜਾ ਕਰ ਲਿਆ ਹੈ, ਕਿ ਇੱਕ ਦੂਜੇ ਵਿੱਚ ਪਿਆ ਵਜਦਾ ਫਿਰਦਾ ਹੈ। ਗੁਰੁਦਆਰਾ ਸਕੂਲ ਹੈ, ਜਿਥੇ ਗੁਰੁ ਦੀ ਮਤ ਮਨੁੱਖ ਨੂੰ ਸਬਕ ਦਿੰਦੀ ਹੈ। ਉਹ ਸਬਕ ਜੇ ਘਰੇ ਪ੍ਰੈਕਟਿਸ ਨਹੀਂ ਕੀਤਾ ਜਾਂਦਾ, ਤਾਂ ਅਸੀਂ ਕੇਵਲ ਸਮਾਂ ਬਰਬਾਦ ਕਰਕੇ ਆ ਜਾਂਦੇ ਹਾਂ। ਡਾਕਟਰ ਸਾਰੀ ਉਮਰ ਚਾਹੇ ਥਿਊਰੀ ਜ੍ਹੇਬ ਵਿੱਚ ਪਾਈ ਫਿਰਦਾ ਰਹੇ, ਪਰ ਜਿੰਨਾ ਚਿਰ ਉਹ ਓਸ ਥਿਉਰੀ ਨੂੰ ਪ੍ਰੈਕਟੀਕਲ ਵਿੱਚ ਨਹੀਂ ਲਿਆਉਂਦਾ, ਉਹ ਥਿਊਰੀ ਕਿਸੇ ਕੰਮ ਨਹੀਂ। ਧਰਮ ਦੀ ਸਿਖਿਆ ਇੱਕ ਥਿਊਰੀ ਹੈ, ਪਰ ਇਸ ਦੀ ਪ੍ਰੈਕਟਸ ਪਹਿਲਾਂ ਘਰ ਵਿਚ, ਫਿਰ ਆਂਢ-ਗੁਆਂਢ ਤੇ ਫਿਰ ਪੂਰੇ ਸਮਾਜ ਵਿੱਚ ਹੁੰਦੀ ਹੈ। ਧਰਮ ਦੀ ਸ਼ੁਰੂਆਤ ਹੁੰਦੀ ਹੀ ਘਰ ਤੋਂ ਹੈ।

ਸਿੱਖਾਂ ਦੇ ਗੁਰਦੁਆਰਿਆਂ ਵਿੱਚ ਕਰੀਬਨ ਹੀ ਭੀੜ ਹੁੰਦੀ ਹੈ ਇਸ ਦਾ ਮੱਤਲਬ ਉਹ ਗੁਰਦੁਆਰੇ ਆਉਂਦੇ ਹਨ। ਪਰ ਕਾਹਦੇ ਲਈ? ਕੋਈ ਸਬਕ ਲੈਣ? ਕੋਈ ਗੁਰੂ ਮਤ ਪੱਲੇ ਬੰਨਣ? ਪਰ ਜੇ ਇੰਝ ਹੁੰਦਾ ਤਾਂ ਸਾਡੇ ਘਰਾਂ ਦੇ ਕਲੇਸ਼ ਇੰਝ ਨਾ ਦਿਨੋ ਦਿਨ ਵਧਣ ਜਿਵੇਂ ਵਧ ਕੇ ਤਲਾਕਾਂ ਤਕ ਜਾ ਰਹੇ ਹਨ। ਸਾਡਾ ਭਾਈਚਾਰਾ ਨਿੱਤ ਡਰੱਗਜ਼ ਦੀਆਂ ਸੁੱਰਖੀਆਂ ਵਿੱਚ ਨਾ ਹੋਵੇ ਜਿਵੇਂ ਹੋ ਰਿਹਾ ਹੈ। ਸੱਡੇ ਬੱਚੇ ਇੰਝ ਨਾ ਨਿੱਤ ਗੋਲੀਆਂ ਦੇ ਸ਼ਿਕਾਰ ਹੋਣ ਜਿਵੇਂ ਹੋ ਰਹੇ ਹਨ। ਇਹਨਾ ਪੌਦਿਆਂ ਦੇ ਬੀਜ ਸਾਡੇ ਘਰਾਂ ਵਿੱਚ ਹੀ ਉਗੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਹਰੇਕ ਕਾਰਨ ਪਿਛੇ ਮੁੱਖ ਕਾਰਨ ਅਗਿਆਨਤਾ ਹੈ। ਜੇ ਸੱਸ ਨੂੰਹ ਨਾਲ ਜਾਂ ਨੂੰਹ ਸੱਸ ਨਾਲ ਈਰਖਾ ਕਰ ਰਹੀ ਹੈ ਤਾਂ ਇਸ ਦਾ ਪਿਛੋਕੜ ਅਗਿਆਨਤਾ। ਜੇ ਕੁੜੀ ਮੁੰਡੇ ਦੇ ਮਾਂ-ਬਾਪ ਤੇ ਮੁੰਡਾ ਕੁੜੀ ਦੇ ਮਾਂ ਬਾਪ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਤਾਂ ਕਾਰਨ ਅਗਿਆਨਤਾ। ਜੇ ਕੁੜੀ ਦੇ ਮਾਂ-ਬਾਪ ਕੁੜੀ ਦੇ ਘਰੇਲੂ ਮਸਲਿਆਂ ਵਿੱਚ ਲੋੜੋਂ ਵਧ ਦਖਲ ਅੰਦਾਜੀ ਕਰ ਰਹੇ ਹਨ ਜਾਂ ਮੁੰਡੇ ਦੇ ਮਾਂ ਬਾਪ ਕੁੜੀ ਉਪਰ ਬੇਲੋੜੀ ਟੋਕਾ-ਟੋਕੀ ਕਰ ਰਹੇ ਹਨ ਤਾਂ ਕਾਰਨ ਅਗਿਆਨਤਾ।

ਕਦੇ ਚਾਨਣ ਵਿੱਚ ਕੋਈ ਇੱਕ ਦੂਜੇ ਵਿੱਚ ਵਜਦਾ ਹੈ? ਰੌਸ਼ਨੀ ਵਿੱਚ ਆਇਆ ਜੀਵਨ ਕਿਉਂ ਸੋਚੇਗਾ ਕਿ ਇਹ ਮੇਰੀ ਮਾਂ ਨਹੀਂ ਸੱਸ ਹੈ! ਇਹ ਧੀ ਨਹੀਂ ਨੂੰਹ ਹੈ! ਗਿਆਨਵਾਨ ਕਿਉਂ ਜਾਵੇਗਾ ਡਾਕਟਰ ਕੋਲੇ ਪੁੱਛਣ ਕਿ ਮੇਰੀ ਪਤਨੀ ਜਾਂ ਮੇਰੀ ਨੂੰਹ ਦੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ ਤੇ ਜੇ ਕੁੜੀ ਹੈ ਤਾਂ ਵੈਕਇਉਮ ਪਾ ਕੇ ਇਸ ਦੇ ਚੀਥੜੇ ਖਿੱਚ ਦਿਤੇ ਜਾਣ? ਕੀ ਕਾਰਨ ਹੈ ਕਿ ਧਾਰਮਿਕ ਅਸਥਾਨਾ ਤੇ ਭੀੜ ਵੀ ਹੈ ਪਰ ਉਹੀ ਮਨੁੱਖ ਪੱਬਾਂ ਦੀਆਂ ਭੀੜਾਂ ਵਿੱਚ ਵੀ ਸ਼ਾਮਲ ਹੈ! ਸ਼ਰਾਬੀ ਹੋਇਆ ਰਾਤ ਪਤਨੀ ਵਲੋਂ ਗੱਡੀ `ਚ ਲੱਦ ਕੇ ਲਿਆਂਦਾ ਗਿਆ ਬੰਦਾ ਸਵੇਰੇ ਗੁਰਦੁਆਰੇ ਹੱਥ ਬੰਨੀ ਗੁਰੂ ਗਰੰਥ ਸਾਹਿਬ ਅੱਗੇ ਖੜਾ ਹੁੰਦਾ ਹੈ! ਉਹ ਅਸਲ ਵਿੱਚ ਕੀ ਹੈ? ਉਸ ਨੂੰ ਕੀ ਪਤਾ ਨਹੀਂ ਕਿ ਜਿਥੇ ਉਹ ਹੱਥ ਬੰਨੀ ਗਿਆ ਉਹ ਤਾਂ ਅਜਿਹੇ ਮੂਰਖਪੁਣੇ ਉਪਰ ਲਾਹਨਤਾ ਪਾਉਂਦਾ ਹੈ? ਤੇ ਕਈ ਵਾਰ ਸੱਚ ਤੋਂ ਟੁਟੇ ਹੋਏ ਮਨੁੱਖ ਨੂੰ ਧ੍ਰਿਕਟੀ ਯਾਨੀ ਰੰਡੀ ਦਾ ਪੁੱਤਰ ਵੀ ਕਹਿਣੋ ਨਹੀਂ ਝਿਜਕਦਾ ਹੈ! ਕੀ ਉਹ ਸੱਚ ਸਾਨੂੰ ਕਦੇ ਸੁਣਿਆ ਨਹੀਂ? ਮੱਤ ਸੋਚੋ ਕਿ ਗੁਰੂ ਮਿੱਠੀਆਂ ਗੋਲੀਆਂ ਹੀ ਦਿੰਦਾ ਹੈ। ਪੜ ਕੇ ਦੇਖੋ ਉਹ ਬਹੁਤ ਸਖਤ ਬਾਪ ਵੀ ਹੈ।

ਬਅਸ! ਇਸ ਪੜਨ ਤੋਂ ਹੀ ਸਿੱਖ ਉਕ ਗਿਆ ਹੈ ਜਿਸ ਕਾਰਨ ਉਸ ਨੇ ਸਮਝ ਲਿਆ ਹੈ ਕਿ ਧਰਮ ਕੇਵਲ ਗੁਰਦੁਆਰੇ ਜਾਂ ਧਾਰਮਿਕ ਅਸਥਾਨ ਦੀ ਸਰਦਲ ਤੱਕ ਹੀ ਹੈ ਉਸ ਤੋਂ ਬਾਅਦ ਜੋ ਮਰਜੀ ਗੰਦ ਪਾਉ ਸਭ ਜਾਇਜ ਹੈ! ਗੁਰੁ ਨੇ ਕਿਉਂ ਸਾਰੀ ਧਰਤੀ ਨੂੰ ਹੀ ਧਰਮਸਾਲ ਕਿਹਾ। ਗੁਰੂ ਦਾ ਮੱਤਲਬ ਇਥੇ ਬਹੁਤ ਗਹਿਰਾ ਹੈ ਕਿ ਕੁੱਝ ਖਾਸ ਥਾਵਾਂ ਤੇ ਤੂੰ ਜਾ ਕੇ ਧਰਮੀ ਨਹੀਂ ਹੋਣਾ ਹੈ ਇਹ ਸਾਰੀ ਧਰਤੀ ਹੀ ਗੁਰਦੁਆਰਾ ਹੈ। ਹਰੇਕ ਥਾਂ ਤੂੰ ਹਰ ਉਹ ਕੰਮ ਕਰਨ ਤੋਂ ਵਰਜਿਤ ਹੈਂ ਜਿਹੜਾ ਤੂੰ ਸਮਝਦਾਂ ਕਿ ਗੁਰਦੁਆਰੇ ਨਹੀਂ ਕੀਤਾ ਜਾ ਸਕਦਾ। ਇਥੇ ਅਸੀਂ ਜਰਨਲ ਗੱਲ ਕਰਦੇ ਹਾਂ ਨਾਂ ਕਿ ਪੁਜਾਰੀਆਂ, ਪ੍ਰੋਹਿਤਾਂ ਜਾਂ ਧਾਰਮਿਕ ਅਸਥਾਨਾ ਦੇ ਚੌਧਰੀਆਂ ਦੀ ਜੋ ਗੁਰੂ ਦਾ ਬਿਨਾ ਭੈਅ ਰੱਖੇ ਗੁਰੂ ਦੇ ਦਰ ਤੇ ਵੀ ਠੱਗੀਆਂ, ਚੋਰੀਆਂ ਤੇ ਝੂਠਾਂ ਦੇ ਵਪਾਰ ਕਰਦੇ ਕੋਟ-ਕਚਹਿਰੀਆਂ ਦੀਆਂ ਖਾਕਾਂ ਛਾਣਦੇ ਦਿਸ ਰਹੇ ਹਨ। ਕੀ ਕੋਈ ਆਮ ਬੰਦਾ ਦੱਸੇ ਉਹ ਗੁਰਦੁਆਰੇ ਸ਼ਰਾਬ ਪੀਏਗਾ? ਉਹ ਗੁਰਦੁਆਰੇ ਚੋਰੀ ਕਰੇਗਾ? ਉਹ ਗੁਰੂ ਨਾਲ ਠੱਗੀ ਮਾਰੇਗਾ? ਇਹ ਸੱਚ ਜਦ ਸਾਡੇ ਘਰਾਂ ਵਿਚ, ਸਾਡੇ ਕੰਮਾ ਵਿਚ, ਸਾਡੇ ਨਿੱਤ ਦੇ ਜੀਵਨ ਵਿੱਚ ਉਤਰ ਆਇਆ ਤਾਂ ਸਮਝ ਲੈਣਾ ਕਿ ਧਰਮ ਦੀ ਗੱਲ ਸ਼ੁਰੂ ਹੋ ਗਈ ਹੈ।

ਗੁਰਦੁਆਰੇ ਅਸੀਂ ਸੇਵਾ ਕਰਦੇ, ਭਾਡੇ ਮਾਂਜਦੇ, ਸਫਾਈ ਕਰਦੇ ਮਾਣ ਮਹਿਸੂਸ ਕਰਦੇ ਹਾਂ ਪਰ ਘਰ ਵਿੱਚ ਕਿਉਂ ਨਹੀਂ? ਕੀ ਉਹ ਨਹੀਂ ਗੁਰੂ ਦਾ ਘਰ? ਉਸ ਉਪਰ ਮੈ ਕਿਉ ਮੇਰਾ ਘਰ ਦਾ ਫੱਟਾ ਲਾ ਕੇ ਬਹਿ ਗਿਆ? ਇਸੇ ਵਿਸ਼ੇ ਨੂੰ ਲੈ ਕੇ ਇੱਕ ਭਰਾ ਕੋਈ ਘੰਟਾ ਇਸ ਗੱਲ ਤੇ ਬਹਿਸਦਾ ਰਿਹਾ ਹੈ ਕਿ ਲਓ ਜੀ, ਇਹ ਕੀ ਗੱਲ ਹੋਈ ਕਿ ਜਨਾਨੀਆਂ ਨਾਲ ਭਾਂਡੇ ਵੀ ਮਜਵਾ ਦਿਉ? ਭਾਡੇ ਮਾਂਜਣੇ, ਜਿਹੜੇ ਕਿ ਮੈ ਖੁਦ ਹੀ ਗੰਦੇ ਕੀਤੇ ਸਨ, ਕਿੰਨਾ ਕੁ ਵੱਡਾ ਗੁਨਾਹ ਹੈ? ਘਰਾਂ ਵਿੱਚ ਇਹ ਛੋਟੀਆਂ-ਛੋਟੀਆਂ ਗੱਲਾਂ ਬਹੁਤ ਵੱਡੇ ਅਰਥ ਰੱਖਦੀਆਂ ਹਨ। ਇਹ ਕੀ ਵਡਿਆਈ ਹੈ ਕਿ ਵੀਕਐਂਡ ਤੇ ਵੀ ਪਤਨੀ ਤੁਹਾਡੀ ਮਸ਼ੀਨ ਵਾਂਗ ਦੌੜੀ ਫਿਰੇ ਤੇ ਤੁਸੀਂ ਲਾਗੇ ਟੀ. ਵੀ ਅੱਗੇ ਸੋਫੇ ਤੋੜ ਰਹੇ ਹੋਵੋਂ। ਇਹੀ ਛੋਟੀਆਂ ਗੱਲਾਂ ਮਨਾ ਵਿੱਚ ਫਰਕ ਪਾਉਂਦੀਆਂ ਹਨ, ਇਹ ਕੁਦਰਤੀ ਹੈ ਕਿ ਜਦ ਘਰ ਦਾ ਇੱਕ ਮੈਂਬਰ ਵਾਹੋ-ਦਾਹੀ ਹੋਇਆ ਫਿਰੇ ਤੇ ਦੂਜਾ ਖਾ ਪੀ ਕੇ ਅਪਣੇ ਭਾਡੇ ਵੀ ਟੇਬਲ ਤੋਂ ਨਾ ਚੁੱਕ ਸਕੇ ਤਾਂ ਪਤਨੀ ਸਿਆਪਾ ਕਰੇਗੀ ਹੀ ਚਾਹੇ ਉਹ ਨਿਆਣੇ ਕੁੱਟ ਕੇ ਹੀ ਕਿਉਂ ਨਾ ਕਰ ਲਵੇ।

ਧਰਮ ਇਹ ਹੈ ਕਿ ਚਾਹੇ ਬਾਹਰ ਚਾਹੇ ਘਰ ਮੇਰਾ ਮਦਦਗਾਰ ਹੋਣਾ, ਦੂਜੇ ਨੂੰ ਵੀ ਇਨਸਾਨ ਸਮਝਣਾ, ਉਸ ਲਈ ਕੁੱਝ ਕਰਨ ਦੀ ਰੁਚੀ ਮਨ ਵਿੱਚ ਹੋਣੀ। ਮਦਦਗਾਰੀ ਤੋਂ ਪ੍ਰੇਮ ਦਾ ਰਸਤਾ ਖੁਲ੍ਹਦਾ ਹੈ ਜਿਹੜਾ ਸਿਰਤੋੜ ਧਰਮ ਵਲ ਜਾਂਦਾ ਹੈ। ਤੁਸੀਂ ਸੜਕ ਤੇ ਜਾ ਰਹੇ ਹੋ ਕਿਸੇ ਦੀ ਕਾਰ ਖਰਾਬ ਹੈ ਉਸਨੂੰ ਤੁਹਾਡੀ ਮਦਦ ਦੀ ਲੋੜ ਹੈ, ਫੋਰਨ ਰੁੱਕੋ! ਇਹ ਵੀ ਸੇਵਾ ਹੈ, ਇਹ ਵੀ ਧਰਮ ਹੈ। ਰਸਤੇ ਵਿੱਚ ਰੋੜਾ ਪਿਆ ਹੈ ਇਸ ਨੂੰ ਪਾਸੇ ਕਰ ਦੇਣਾ ਵੀ ਧਰਮ ਹੈ। ਕਿਸੇ ਬਜ਼ੁਰਗ ਨੂੰ ਸੜਕ ਪਾਰ ਕਰਾ ਦੇਣੀ ਵੀ ਧਰਮ ਹੈ। ਜੀਵਨ ਦਾ ਹਰੇਕ ਕਰਮ ਹੀ ਜਦ ਧਰਮ ਲੱਗਣ ਲੱਗ ਜਾਵੇ ਤਾਂ ਜੀਵਨ ਵਿਚੋਂ ਠੱਗੀ-ਠੋਰੀ ਚੋਰੀ ਸੀਨਾਜੋਰੀ ਖਤਮ ਹੋ ਜਾਂਦੀ ਹੈ ਤਾਂ ਬੰਦੇ ਨੂੰ ਧਰਮੀ ਹੋਣਾ ਨਹੀਂ ਪੈਦਾਂ ਉਹ ਆਪੇ ਹੀ ਧਰਮੀ ਹੋ ਜਾਂਦਾ ਹੈ।

ਧਰਮ ਸਿਖਾਉਂਦਾ ਕਿ ਈਮਾਨਦਾਰੀ ਨਾਲ ਚਲ, ਠੱਗੀ ਨਾ ਮਾਰ, ਦੂਜੇ ਨੂੰ ਅਪਣੇ ਬਰਾਬਰ ਸਮਝ, ਧਰਤੀ ਨੂੰ ਧਰਮਸਾਲ ਬਣਾ ਕੇ ਰੱਖ, ਇਸ ਉਪਰ ਗੰਦਾ ਨਾ ਪਾ, ਅਸ਼ਲੀਲਤਾ, ਵਿਭਚਾਰ, ਨਸ਼ੇ ਆਦਿ ਦਾ ਪ੍ਰਦੂਸ਼ਣ ਨਾ ਫੈਲਾ ਇਸ ਧਰਮਸਾਲ ਉਪਰ। ਪਰ ਕੀ ਮੈਂ ਘਰੇ ਜਾਂ ਅਪਣੇ ਕਾਰੋਬਾਰ ਜਾਂ ਰੋਜਾਨਾ ਦੇ ਕੰਮ-ਕਾਜ ਵਿੱਚ ਇਸ ਦੀ ਪ੍ਰੈਕਟਿਸ ਕੀਤੀ? ਮੈ ਜਿਥੇ ਵੀ ਹਾਂ, ਕੀ ਇਸ ਧਰਮਸਾਲ ਉਪਰ ਰਹਿਣ ਦੀ ਕੀਮਤ ਅਦਾ ਕਰ ਰਿਹਾ ਹਾਂ? ਮੈਨੂੰ ਕੀ ਪਤੈ ਕਿ ਮੇਰੇ ਪੈਰਾਂ ਹੇਠ ਜ਼ਮੀਨ ਦਾ ਇਹ ਟੁਕੜਾ ਕਿੰਨਾ ਕੀਮਤੀ ਹੈ ਜਿਸ ਵਿਚੋਂ ਮੈ ਅੱਗ, ਹਵਾ, ਪਾਣੀ ਅਤੇ ਖਾਧ-ਖੁਰਾਕ ਆਦਿ ਲੈ ਕੇ ਸਾਹ ਲੈਣ ਗੋਚਰਾ ਹੋਇਆ ਹਾਂ? ਜਦ ਇਹ ਸਭ ਕੁੱਝ ਮੈਨੂੰ ਸਮਝ ਆ ਗਿਆ ਧਰਮ ਮੇਰੀ ਸਮਝ ਵਿੱਚ ਆਉਂਣਾ ਸ਼ੁਰੂ ਹੋ ਜਾਵੇਗਾ। ਫਿਰ ਘਰ-ਬਾਰ, ਸਮਾਜ ਧਰਤੀ ਸਭ ਗੁਰਦੁਆਰਾ ਜਾਪਣ ਲੱਗ ਜਾਵੇਗੀ। ਲਬ ਦਾ ਕੁੱਤਾ ਹਰਕਾਇਆ ਹੋਣੋ ਹੱਟ ਜਾਵੇਗਾ, ਟਰੱਕਾਂ ਦੇ ਮਸ਼ਹੂਰ ਗੇੜੇ ਅਲੋਪ ਹੋ ਜਾਣਗੇ, ਵਧ ਰਹੇ ਤਲਾਕਾਂ ਅਤੇ ਕਲੇਸ਼ਾਂ ਨੂੰ ਠੱਲ੍ਹ ਪੈ ਜਾਵੇਗੀ, ਬੱਚਿਆਂ ਦੇ ਵਜਦੀਆਂ ਗੋਲੀਆਂ ਤੇ ਹੁੰਦੇ ਖੂਨ-ਖਰਾਬਿਆਂ ਦੀ ਚਿੰਤਾ ਮੁੱਕ ਜਾਵੇਗੀ। ਇਸ ਦੇ ਨਾਲ ਹੀ ਡਿੱਗ ਜਾਣਗੇ ਪਖੰਡ ਦੇ ਉਹ ਮਹੱਲ, ਜਿਹੜੇ ਮੇਰੇ ਕਲੇਸ਼ਾਂ ਉਪਰ ਪਖੰਡੀ ਲੋਕ, ਬੂਬਨੇ ਸਾਧ ਅਤੇ ਡੇਰੇਦਾਰ, 108 ਜਾਂ 1008 ਉਸਾਰੀ ਬੈਠੇ ਹਨ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top