Share on Facebook

Main News Page

ਦੁਬਿਧਾ
- ਗੁਰਦੇਵ ਸਿੰਘ ਸੱਧੇਵਾਲੀਆ

ਗੁਰੂ ਸਾਹਿਬਾਨਾਂ 239 ਸਾਲ ਲਾ ਕੇ ਬੰਦੇ ਨੂੰ ਪੱਥਰਾਂ-ਮੂਰਤੀਆਂ, ਕਰਮ-ਕਾਡਾਂ ਦੀ ਦੁਬਿਧਾ ਦੇ ਰੋਗਾਂ ਵਿਚੋਂ ਕੱਢ ਕੇ ਨਰੋਏ ਕੀਤਾ ਅਤੇ ਉਹੀ ਨਰੋਆ ਹੋਇਆ ਮਨੁੱਖ ਹੀ ਨਾਦਰਾਂ-ਅਬਦਾਲੀਆਂ ਦੇ ਰਾਹ ਰੋਕ ਕੇ ਖੜ ਗਿਆ। ਕਿਉਂਕਿ ਨਰੋਆ ਮਨੁੱਖ ਹੀ ਲੜ ਸਕਦਾ ਤੰਦਰੁਸਤ ਬੰਦੇ ਵਿਚ ਹੀ ਜ਼ੁਅਰੱਤ ਪੈਦਾ ਹੋ ਸਕਦੀ। ਕਦੇ ਤੁਸੀਂ ਮੰਜੇ ਤੇ ਪਿਆ ਬੰਦਾ ਲੜਦਾ ਵੇਖਿਆ? ਉਹ ਲੜ ਸਕਦਾ ਹੀ ਨਹੀਂ। ਬਿਮਾਰ ਮਨੁੱਖ ਕਿਵੇਂ ਲੜ ਸਕਦਾ।

ਦੁਬਿਧਾ ਇਕ ਬਿਮਾਰੀ ਹੈ, ਜੋ ਬੰਦੇ ਨੂੰ ਕਿਸੇ ਰਾਹੇ ਨਹੀਂ ਪੈਣ ਦਿੰਦੀ। ਦੁਬਿਧਾ ਬੰਦੇ ਦੀ ਤਾਕਤ ਨੂੰ ਕਮਜ਼ੋਰ ਕਰ ਦਿੰਦੀ ਹੈ। ਦੁਬਿਧਾ ਵਿਚ ਬੰਦਾ ਫੈਸਲਾ ਨਹੀਂ ਕਰ ਪਾਉਂਦਾ ਕਿ ਮੈਂ ਕਿਧਰ ਜਾਵਾਂ, ਤੁਰਾਂ ਜਾ ਨਾ ਤੁਰਾਂ, ਰਸਤਾ ਠੀਕ ਹੋ ਵੀ ਸਕਦਾ ਕਿ ਨਹੀਂ, ਕਿਤੇ ਪਹੁੰਚਦਾ ਵੀ ਕਿ ਨਹੀਂ। ਚੁਰਾਹਿਆਂ ਵਿਚ ਬਹੁਤੇ ਐਕਸੀਡੈਂਟ ਦੁਬਿਧਾ ਕਾਰਨ ਹੀ ਹੁੰਦੇ ਹਨ। ਬੰਦਾ ਸੋਚਦਾ ਲੰਘਾਂ ਨਾ ਲੰਘਾਂ, ਲੰਘਾਂ ਨਾ ਲੰਘਾਂ ਤੇ ਉਨਾਂ ਚਿਰ ਸਮਾਂ ਹੀ ਲੰਘ ਜਾਂਦਾ ਹੈ ਤੇ ਠਾਹ ਹੋ ਜਾਂਦੀ ਹੈ!!

ਬੰਦਾ ਚੰਗਾ ਭਲਾ ਰਸਤੇ ਉਪਰ ਤੁਰਿਆ ਆ ਰਿਹਾ ਸੀ, ਅਗੇ ਆ ਕੇ ਚੁਰਾਹਾ ਆ ਗਿਆ, ਉਥੇ ਉਸ ਦੀ ਮਾਨਸਿਕ ਤਾਕਤ ਵੰਡੀ ਗਈ। ਇਕ ਮਨ ਕਹਿੰਦਾ ਆਹ ਰਾਹ ਨਾ ਜਾਂਦਾ ਹੋਵੇ, ਦੂਜਾ ਕਹਿੰਦਾ ਆਹ ਵੀ ਤਾ ਹੋ ਸਕਦਾ ਤੇ ਤੀਜਾ ਚੌਥਾ!! ਚੁਰਾਹੇ ਤੇ ਜਾ ਕੇ ਫੈਸਲਾ ਹੋ ਹੀ ਨਹੀਂ ਸਕਦਾ। ਕਿਵੇਂ ਫੈਸਲਾ ਕਰੋਗੇ ਤੁਸੀਂ ਕਿ ਕਿਧਰ ਜਾਵਾਂ। ਸਿੱਖ ਕੌਮ ਅੱਜ ਚੁਰਾਹੇ ਖੜੋਤੀ ਹੈ। ਲੂੰਗੀਆਂ ਵਾਲੇ ਕਹਿੰਦੇ ਆਹ ਠੀਕ, ਡੇਰਿਆਂ ਵਾਲੇ ਕਹਿੰਦੇ ਸਾਡਾ ਸਿੱਧਾ ਸੱਚਖੰਡ ਜਾਂਦਾ, ਮਿਸ਼ਨਰੀ ਕਹਿੰਦੇ ਗਿਆਨ ਦਾ ਰਸਤਾ ਆਹ ਹੈ, ਬੰਦ ਬੱਤੀਆਂ ਕਹਿੰਦੀਆਂ ਸਾਡਾ ਚਾਗਾਂ ਮਾਰਨ ਵਾਲਾ ਸਿੱਧਾ ਹੈ, ਅਉਖਧ ਵਾਲੇ ਕਹਿੰਦੇ ਇਧਰ ਆ ਕੇ ਦੇਖੋ ਤੰਦਰੁਸਤੀਆਂ, ਨਿਹੰਗ ਕਹਿੰਦੇ ਭੰਗ ਵਿਚ ਖਾਲਸਈ ਚੜ੍ਹਤਾਂ ਹਨ, ਬਾਕੀ ਤਾਂ ਸਭ ਦਬੜੂ-ਘੁਸੜੂ ਹੀ ਹਨ। ਚੁਰਾਹੇ ਵਾਲੀ ਵੀ ਹੁਣ ਕੋਈ ਗੱਲ ਨਹੀਂ ਰਹੀ। ਇਨੇ ਪੰਥ ਬਣ ਗਏ, ਇਨੀਆਂ ਪਗਡੰਡੀਆਂ ਪੈ ਗਈਆਂ ਗੁਰੂ ਵਾਲਾ ਗਾਡੀ ਰਾਹ ਤਾਂ ਦਿੱਸਣੋਂ ਹੀ ਹਟ ਗਿਆ।

ਕੌਮ ਮੇਰੀ ਚੰਗੀ ਭਲੀ ਤੁਰੀ ਜਾ ਰਹੀ ਸੀ। ਔਖੇ ਰਾਹਾਂ ਤੇ ਵੀ ਤੁਰੀ ਸਿੱਖ ਕੌਮ। ਆਰੇ, ਚਰਖੜੀਆਂ, ਫਾਂਸੀਆਂ, ਘੋੜਿਆਂ ਦੀ ਕਾਠੀਆਂ, ਮਾਲ ਮੰਡੀਆਂ, ਰੋਹੀਆਂ, ਨਹਿਰਾਂ ਤੇ ਪਤਾ ਨਹੀਂ ਕਿਥੇ ਕਿਥੇ। ਕੋਈ ਫਰਕ ਨਹੀਂ ਪਿਆ, ਇਸ ਦੀ ਚੜ੍ਹਤ ਵਿਚ, ਪਰ ਹੋਇਆ ਕੀ?

ਪੰਡੀਆ ਬੜਾ ਸ਼ੈਤਾਨ ਸੀ। ਉਸ ਦਾ ਪੁਰਾਣਾ ਤਜਰਬਾ ਸੀ ਕੌਮਾਂ ਨੂੰ ਹੜੱਪਣ ਦਾ। ਬੋਧੀ-ਜੈਨੀ-ਪਾਰਸੀ ਉਹ ਸਬੂਤੇ ਹੀ ਖਾ ਗਿਆ। ਉਸ ਸਿੱਖਾਂ ਅਗੇ ਅਜਿਹੇ ਸਿਹੇ ਛੱਡੇ ਕਿ ਉਹ ਸਹਿਆਂ ਮਗਰ ਦੌੜਦੇ ਪਿਹੇ ਬਣਾ ਬੈਠੇ। ਹਰੇਕ ਅਪਣੇ ਅਪਣੇ ਸਿਹੇ ਮਗਰ ਦੌੜ ਪਿਆ। ਹਰੇਕ ਨੂੰ ਪੁੱਛੋ ਉਹ ਕਹਿੰਦਾ ਮੇਰੇ ਵਾਲੇ ਬਾਬਾ ਜੀ? ਸਿੱਧੀਆਂ ਤਾਰਾਂ ਉਨ੍ਹਾਂ ਦੀਆਂ ਰੱਬ ਨਾਲ। ਦੂਜੇ? ਉਹ ਤਾਂ ਜੀ ਐਵੇਂ ਪਖੰਡੀ ਹੀ ਨੇ। ਚੋਲਾ ਪਾਉਂਣ ਨਾਲ ਕੋਈ ਸੰਤ ਥੋੜੋਂ ਬਣ ਜਾਂਦਾ! ਉਸ ਨੂੰ ਕਮਲੇ ਨੂੰ ਇਹ ਭੁੱਲ ਜਾਂਦਾ ਕਿ ਚੋਲਾ ਤਾਂ ਤੇਰੇ ਵਾਲੇ ਵੀ ਪਾਇਆ?

ਪੰਡੀਆ ਕਹਾਣੀਆਂ ਦਾ ਮਾਹਰ! ਕਹਾਣੀਆਂ ਤਾਂ ਉਸ ਨੂੰ ਜਿਵੇਂ ਗਾਡ ਗਿਫਟ ਵਿਚ ਮਿਲੀਆਂ ਹੁੰਦੀਆਂ। ਉਹ ਕਹਾਣੀ ਵਿਚ ਬੰਦੇ ਨੂੰ ਅਜਿਹਾ ਘੁੰਮਾਉਂਦਾ ਕਿ ਬੰਦੇ ਨੂੰ ਚੁਰਾਹੇ ਤੇ ਲਿਆ ਕੇ ਖੜਾ ਕਰ ਦਿੰਦਾ। ਬੰਦਾ ਅਪਣਾ ਅਸਲੀ ਰਸਤਾ ਹੀ ਭੁੱਲ ਜਾਂਦਾ। ਉਸ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਜਾਵਾਂ ਕਿਧਰ।

ਕਹਾਣੀ ਦੀ ਸੁਣ ਲਓ! ਹਾਲੇ ਕੱਲ ਕੁ ਦੀ ਹੀ ਗੱਲ ਹੈ। ਟਰੰਟੋ ਦੇ 24 ਘੰਟੇ ਚਲਣ ਵਾਲੇ ਰੇਡੀਓ ਤੋਂ ਢਾਡੀ ਵਾਰਾਂ ਆ ਰਹੀਆਂ ਸਨ। ਕਹਾਣੀ ਸੀ ਭਾਈ ਬਿਧੀ ਚੰਦ ਜੀ ਦੇ ਘੋੜੇ ਅਤੇ ਦੁਸ਼ਾਲੇ ਚੋਰੀ ਕਰਨ ਦੀ। ਗੁਰਬਾਣੀ ਕਹਿੰਦੀ ਚੋਰ ਕੀ ਹਾਮਾ ਭਰੇ ਨਾ ਕੋਇ ਪਰ ਪੰਡੀਏ ਨੇ ਕੀ ਕੀਤਾ? ਤੇ ਢਾਡੀ ਕਿੱਲ ਕਿੱਲ ਕੇ ਅਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹਨ। ਦੁਸ਼ਮਣ ਨੂੰ ਸ਼ਰਾਬ ਪਿਆ ਕੇ ਘੋੜੇ ਚੋਰੀ ਕਰਨੇ ਤੁਸੀਂ ਦੱਸੋ ਕਿੰਨਾ ਕੁ ਮਾਣਯੋਗ ਇਤਿਹਾਸ ਹੈ? ਹਿੱਕ ਦੇ ਜੋਰ ਖੋਹ ਕੇ ਅਪਣੀ ਚੀਜ ਵਾਪਸ ਲੈਣੀ ਤਾਂ ਚਲੋ ਮੰਨਿਆ। ਪਰ???

ਕਰ ਦਿੱਤੀ ਦੁਬਿਧਾ ਖੜੀ ਨਾ? ਇਹ ਤਾਂ ਛੋਟੀ ਜਿਹੀ ਮਿਸਾਲ ਹੈ। ਪਰ ਸਦਕੇ ਜਾਈਏ ਮੇਰੀ ਕੌਮ ਦੇ। ਉਹ ਦੁਬਿਧਾ ਦੇ ਪਾਠ ਨੂੰ ਦੂਣੀ ਦੇ ਪਹਾੜੇ ਵਾਂਗ ਘੋਟਾ ਲਾਈ ਜਾਂਦੀ, ਲਾਈ ਜਾਂਦੀ ਤੇ ਆਪ ਹੀ ਅਪਣੇ ਗੁਰੂ ਦੀ ਨਿੰਦਿਆ ਕਰੀ ਜਾਂਦੀ ਤੇ ਫਿਰ ਉਸ ਤੋਂ ਚ੍ਹੜਦੀ ਕਲ੍ਹਾ ਵੀ ਮੰਗੀ ਜਾਂਦੀ। ਤੁਸੀਂ ਸੋਚ ਕੇ ਦੇਖੋ ਗੁਰੂ ਉਪਰ ਕੀ ਬੀਤਦੀ ਹੁੰਦੀ ਜਦ ਤੁਹਾਡੇ ਅਕਲ ਦੇ ਅੰਨ੍ਹੇ ਭੰਡ ਮੱਖੀ ਤੇ ਮੱਖੀ ਮਾਰੀ ਤੁਰੇ ਜਾਂਦੇ ਤੇ ਉਸ ਦੇ ਸਿੱਖਾਂ ਨੂੰ ਚੋਰ ਅਤੇ ਗੁਰੂ ਨੂੰ ਚੋਰਾਂ ਨੂੰ ਸਨਮਾਨਤ ਕਰਨ ਵਾਲੇ ਦੱਸੀ ਜਾਂਦੇ?

ਪੂਰੀ ਕੌਮ ਅੱਜ ਰੋਗੀ ਹੋ ਕੇ ਕਿਉਂ ਰਹਿ ਗਈ? ਬਾਬਾ ਜੀ ਕਹਿੰਦੇ ਨਾਮ ਤੋਂ ਬਿਨਾ ਯਾਨੀ ਗੁਰੂ ਦੇ ਦੱਸੇ ਹੋਏ ਸੱਚ ਤੋਂ ਬਿਨਾ ਜਗ ਰੋਗ ਦਾ ਮਾਰਿਆ ਗਿਆ ਹੈ ਅਤੇ ਦੁਬਿਧਾ ਵਿਚ ਡੁਬਕੀਆਂ ਲਾ ਰਿਹਾ ਮਰੀ ਜਾਂਦਾ ਹੈ। ਕੌਮ ਮਰੀ ਜਾ ਰਹੀ ਹੈ, ਡੁਬੀ ਜਾ ਰਹੀ ਹੈ। ਇਸ ਨੂੰ ਇਕ ਗੁਰੂ ਉਪਰ ਵਿਸਵਾਸ਼ ਹੀ ਨਹੀਂ ਰਿਹਾ ਇਕ ਲਿਆ ਕੇ ਹੋਰ ਸਜਾ ਲਿਆ ਹੈ। ਤੁਹਾਨੂੰ ਪੰਡੀਏ ਦੇ ਸਿਰ ਦੀ ਦਾਦ ਦੇਣੀ ਪਵੇਗੀ ਜਿਹੜਾ ਇਨੀਆਂ ਗੰਦੀਆਂ ਕਹਾਣੀਆਂ ਨੂੰ ਵੀ ਗੁਰਬਾਣੀ ਦਾ ਦਰਜਾ ਦਿਵਾ ਗਿਆ। ਭੰਗ ਪੀ ਕੇ ਮੰਜੇ ਭੰਨਣ ਵਰਗੀਆਂ ਕਹਾਣੀਆਂ ਨੂੰ ਵੀ ਅੱਖਾਂ ਮੀਚ ਸ਼ਰਧਾ ਨਾਲ ਪੜਨ ਵਾਲੇ ਮੂਰਖ ਪੈਦਾ ਕਰ ਗਿਆ?

ਦੁਬਿਧਾ ਹੋਰ ਹੁੰਦੀ ਕੀ ਹੈ? ਆਪੇ ਸਿੱਖ ਪੜੀ ਜਾਂਦਾ ਗੁਰੂ ਮਾਨਿਓ ਗ੍ਰੰਥ ਤੇ ਆਪੇ ਲੜੀ ਵੀ ਜਾਂਦਾ ਕਿ ਨਹੀਂ! ਇਕ ਹੋਰ ਵੀ ਹੈ!! ਤੇ ਇਸ ਦੁਬਿਧਾ ਵਿੱਚ ਡੁਬ ਨਹੀਂ ਮਰੇਗੀ ਕੌਮ ਤਾਂ ਕੀ ਏ। ਗੁਰੂ ਦਾ ਬਚਨ ਝੂਠਾ ਤਾਂ ਹੋ ਨਹੀਂ ਸਕਦਾ। ਕਿ ਹੋ ਸਕਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top