Share on Facebook

Main News Page

ਮੁਕਤੀ ! ਕਿਸਦੀ ? ਆਤਮਾ ਦੀ ਜਾਂ ਮਨੁੱਖ ਦੀ ?
- ਗੁਰਦੇਵ ਸਿੰਘ ਸੱਧੇਵਾਲੀਆ

ਆਤਮਾ ਕਿਥੇ ਰਹਿੰਦੀ, ਕਿਵੇਂ ਰਹਿੰਦੀ, ਕੀ ਕਰਦੀ, ਇਹ ਇਕ ਅਲਹਿਦਾ ਵਿਸ਼ਾ ਹੈ, ਪਰ ਆਤਮਾ ਜੇ ਅਤੇ ਜਿਥੇ ਵੀ ਰਹਿੰਦੀ ਹੋਵੇ ਉਸ ਦਾ ਸਬੰਧ ਤਾਂ ਜੀਉਂਦੇ ਮਨੁੱਖ ਨਾਲ ਹੀ ਹੈ ਨਾ। ਜੇ ਮਨੁਖ ਗੁਲਾਮ ਹੋਵੇਗਾ ਤਾਂ ਉਸ ਦੇ ਅੰਦਰ ਵੱਸਦੀ ਆਤਮਾ ਅਜਾਦ ਕਿਵੇਂ ਹੋਈ? ਮਨੁੱਖ ਤਾਂ ਇਕ ਪੀੜਾ ਵਿਚ ਤੜਫ ਰਿਹਾ ਹੈ ਪਰ ਲੁਟੇਰਾ ਨਿਜਾਮ ਆਤਮਾ ਦੀ ਸ਼ਾਂਤੀ ਦੀ ਗੱਲ ਕਰ ਰਿਹਾ ਹੈ। ਆਤਮਾ ਲਈ ਕੁਝ ਕਰਨ ਵਿਚ ਫਾਇਦਾ ਬੜਾ ਹੈ ਨੁਕਸਾਨ ਧੇਲਾ ਵੀ ਨਹੀਂ। ਦੱਸੋ ਕੀ ਨੁਕਸਾਨ ਹੈ ਆਤਮਾ ਲਈ ਕੁਝ ਕਰਨ ਦਾ? ਹੁਣ ਵਾਲਾ ਧਰਮ ਗੁਰੂ ਆਤਮਾ ਲਈ ਕੋਈ ਪੁੰਨ ਦਾਨ ਕਰਵਾਏਗਾ, ਆਤਮਾ ਲਈ ਕੋਈ ਭਜਨ-ਪਾਠ ਕਰਵਾਏਗਾ, ਆਤਮਾ ਦੀ ਆਜ਼ਾਦੀ ਦੀ ਗੱਲ ਕਰੇਗਾ, ਆਤਮਾ ਨੂੰ ਪ੍ਰਮਤਾਮਾ ਨਾਲ ਮਿਲਣ ਦਾ ਭਾਸ਼ਣ ਝਾੜੇਗਾ, ਦਸ਼ਣਾ ਲਏਗਾ ਤੇ ਗੱਲ ਖਤਮ। ਹੋ ਗਈ ਆਤਮਾ ਆਜ਼ਾਦ? ਆਤਮਾ ਨੂੰ ਨਾ ਭੁੱਖ ਲਗੇ ਨਾ ਤੇਹ! ਨਾ ਕੋਈ ਆਤਮਾ ਨੂੰ ਕਿਸੇ ਚੀਜ ਦੀ ਲੋੜ। ਜਿਸ ਦੀ ਲੋੜ ਹੀ ਕੋਈ ਨਹੀਂ ਉਸ ਦੇ ਹੱਥ ਹੱਕਾਂ ਵਲ ਕਿਵੇਂ ਉਠਣਗੇ। ਲੜੋਂਗੇ ਤਾਂ ਤੁਸੀਂ ਤਾਂ ਹੀ ਨਾ ਜੇ ਤੁਹਾਡੀ ਕੋਈ ਲੋੜ ਹੋਊ। ਅਮੀਰ ਕਿਉਂ ਨਹੀਂ ਲੜਦਾ? ਉਸ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ। ਉਸ ਤਾਂ ਭੁੱਖ ਦੇਖੀ ਹੀ ਨਹੀਂ। ਇਨਕਲਾਬ ਕਿਉਂ ਝੁੱਗੀਆਂ ਵਿਚੋਂ ਉੱਠਦੇ!

ਆਤਮਾ ਦੀ ਆਜ਼ਾਦੀ ਦੀ ਗੱਲ ਸੌਖੀ ਬੜੀ। ਮੱਨੁਖ ਦੀ ਆਜ਼ਾਦੀ ਦੀ ਗੱਲ ਕਰੇਗਾ ਤਾਂ ਅਗਲਿਆਂ ਧੁੱਪੇ ਪੁੱਠਾ ਦੇਣਾ ਪਾ ਤੇ ਲੱਤਾਂ ਚੌੜੀਆਂ ਦੇਣੀਆਂ ਕਰ? ਹਿੰਦੋਸਤਾਨ ਦੇ ਪੋਲੜ ਜਿਹੇ ਗੁਰੂ, ਪੰਜਾਬ ਵਾਲੇ ਖਰਗੋਸ਼ਾਂ ਵਰਗੇ ਲੋਗੜ ਜਿਹੇ ਸਾਧ! ਇਹ ਮਨੁੱਖ ਦੀ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਦੱਸੋ ਮਨੁੱਖ ਦੀ ਗੱਲ ਇਹ ਕਰ ਸਕਣ ਜੋਗ ਹਨ? ਇਨ੍ਹਾਂ ਦੀਆਂ ਪਿਲ ਪਿਲ ਕਰਦੀਆਂ ਦੇਹਾਂ ਜਿਹਲ ਦੇ ਮੱਛਰਾਂ ਦੇ ਧੱਫੜ ਝੱਲ ਲੈਣਗੀਆਂ? ਘੋਟਨੇ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਜਿਹੜਾ ਵੀ ਆਤਮਾ ਦੀ ਆਜ਼ਾਦੀ ਦੀ ਗੱਲ ਤਾਂ ਕਰਦਾ ਪਰ ਮੱਨੁਖ ਦੀ ਆਜ਼ਾਦੀ ਦੀ ਨਹੀਂ ਸਮਝੋ ਉਹ ਲੋਕਾਂ ਨੂੰ ਧੋਖਾ ਦੇ ਰਿਹਾ ਹੈ।

ਗੋਰਖਾਂ-ਸਿੱਧਾਂ-ਜੋਗੀਆਂ ਨੂੰ ਕੋਈ ਖਰੋਚ ਕਿਉਂ ਨਾ ਆਈ, ਪਰ ਗੁਰੁੂ ਨਾਨਕ ਸਾਹਿਬ ਨੂੰ ਕਿਉਂ ਚੱਕੀਆਂ ਪੀਹਣੀਆਂ ਪਈਆਂ? ਗੁਰੂ ਅਰਜਨ ਪਾਤਸ਼ਾਹ, ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਵੇਲੇ ਕੀ ਕੋਈ ਸਾਧ ਸੰਤ ਨਹੀਂ ਸਨ? ਸਨ! ਪਰ ਆਤਮਾ ਦੀ ਗੱਲ ਕਰਨ ਵਾਲੇ। ਮੱਨੁਖ ਦੀ ਗੱਲ ਜੀਹਨੇ ਵੀ ਕੀਤੀ ਉਹ ਫਾਹੇ ਲਾਇਆ ਗਿਆ। ਆਤਮਾ ਕਿਸੇ ਨੂੰ ਕੀ ਦੁੱਖ ਦਿੰਦੀ? ਦਿੰਦੀ ਕੋਈ? ਆਤਮਾ ਨੇ ਕਿਹੜਾ ਹਥਿਆਰ ਚੁੱਕਣਾ। ਇਸ ਦੀ ਆਜ਼ਾਦੀ ਤੋਂ ਕਿਸੇ ਹਕੂਮਤ ਨੂੰ ਕਦੇ ਵੀ ਕੋਈ ਵੀ ਖਤਰਾ ਨਹੀਂ ਹੋਇਆ। ਕਿ ਹੋਇਆ?

ਤਾਜ਼ਾ ਇਤਿਹਾਸ ਹੈ। ਬਾਬਾ ਜਰਨੈਲ ਸਿੰਘ ਨੂੰ ਕਿਉਂ ਟੈਂਕ ਡਾਹ ਕੇ ਉਡਾ ਦਿੱਤਾ। ਠਾਕੁਰ ਸਿੰਘ ਵੀ ਤਾਂ ਉਸੇ ਸੰਸਥਾ ਦਾ ਸੀ। ਉਸ ਤੋਂ ਵੀ ਪਹਿਲਿਆਂ ਨੂੰ ਕਦੇ ਕੁਝ ਨਹੀਂ ਹੋਇਆ। ਰਾੜੇ ਵਾਲੇ, ਰਤਵਾੜੇ ਵਾਲੇ, ਨਾਨਕਸਰੀਏ। ਨਾ ਅੰਗੇਰਜਾਂ ਕਿਹਾ ਕੁੱਝ ਨਾ ਹਿੰਦੂ ਨੇ। ਪਰ ਉਧਰ ਮਾਲ ਮੰਡੀ ਵਿਚ ਪਾੜੇ ਗਏ! ਨਹਿਰਾਂ-ਰੋਹੀਆਂ ਵਿਚ ਮਾਰ ਮਾਰ ਸੁੱਟੇ ਗਏ। ਦੋਹਾਂ ਵਿਚ ਫਰਕ ਕਿਥੇ ਹੈ? ਇੱਕ ਆਤਮਾ ਵਾਲਾ ਛੁਣਛੁਣਾ ਵਜਾ ਰਿਹਾ, ਦੂਜਾ ਹੱਥ ਵਿਚ ਨੰਗੀ ਮੌਤ ਲੈ ਕੇ ਘੁੰਮ ਰਿਹਾ ਮਨੁੱਖੀ ਆਜ਼ਾਦੀ ਲਈ।

ਤੁਸੀਂ ਜਦ ਬੱਚਾ ਛੋਟਾ ਹੋਵੇ ਅਤੇ ਤੁਹਾਡੀਆਂ ਚੀਜਾਂ ਨੂੰ ਹੱਥ-ਪੈਰ ਮਾਰਦਾ ਹੋਵੇ ਤਾਂ ਤੁਸੀਂ ਕੀ ਕਰਦੇ ਹੋ। ਉਸ ਦੇ ਹੱਥ ਛੁਣਛੁਣਾ ਫੜਾ ਦਿੰਦੇ ਹੋ, ਤਾਂ ਕਿ ਉਸ ਵਿਚ ਰੁੱਝ ਜਾਵੇ ਜੇ ਫਿਰ ਵੀ ਨਾ ਰੁੱਝੇ ਤਾਂ ਤੁਸੀਂ ਖੁਦ ਹੀ ਉਸ ਛੁਣਛੁਣੇ ਨੂੰ ਉਸ ਨੂੰ ਵਿਖਾ ਵਿਖਾ ਛੁਣਕਾਉਂਦੇ ਹੋ, ਬੱਚਿਆਂ ਵਰਗੀਆਂ ਆਵਾਜ਼ਾਂ ਕੱਢਦੇ ਹੋ ਤਾਂ ਕਿ ਉਸ ਦਾ ਧਿਆਨ ਛੁਣਛੁਣੇ ਵਲ ਹੋ ਜਾਏ, ਤੇ ਇੰਝ ਹੁੰਦਾ ਵੀ ਹੈ। ਬੱਚਾ ਤੁਹਾਡੇ ਵਲ ਵੇਖ ਖੁਸ਼ ਹੁੰਦਾ ਹੈ, ਤੁਹਾਡੇ ਵਲ ਬਾਹਾਂ ਉਲਾਰਦਾ ਹੋਇਆ ਉਸ ਛੁਣਛੁਣੇ ਨੂੰ ਪਕੜਨ ਵਲ ਆਹੁਲਦਾ ਹੈ, ਉਸ ਦਾ ਧਿਆਨ ਬਾਕੀ ਸ਼ਰਾਰਤਾਂ ਵਲੋਂ ਹੱਟ ਜਾਂਦਾ ਹੈ ਕਿਉਂਕਿ ਹੁਣ ਉਸ ਦੇ ਹੱਥ ਵਿਹਲੇ ਨਹੀਂ ਰਹਿੰਦੇ। ਇੰਝ ਹੀ ਹੁੰਦਾ ਹੈ ਨਾ!

ਧਰਮ ਗੁਰੂਆਂ ਅਤੇ ਸਾਧਾਂ ਨੇ ਕੀ ਕੀਤਾ। ਆਤਮਾ ਨੂੰ ਵਰ੍ਹਾਉਣ ਦੇ ਨਾਂ ਤੇ ਤੁਹਾਡੇ ਹੱਥ ਛੁਣਛੁਣੇ, ਚਿਮਟੇ ਅਤੇ ਮਾਲਾ ਪਕੜਾ ਦਿੱਤੀਆਂ। ਤੁਸੀਂ ਵਜਾਈ ਜਾਂਦੇ ਹੋ ਅਗਲਾ ਅਪਣਾ ਕੰਮ ਕਰੀ ਜਾਂਦਾ ਹੈ। ਫਿਰ ਉਹ ਆਵਾਜ਼ਾਂ ਕੱਢਦੇ ਹਨ ਤੁਹਾਡੇ ਵਰਗੀਆਂ ਬਚਕਾਨਾ! ਢੱਡਰੀ, ਪਿਹੋਵਾ, ਜਗਾਧਰੀ, ਰੰਗੀਲੇ ਕੀ ਕਰਦੇ ਹਨ। ਉਹ ਜੋ ਕਹਿੰਦੇ ਜਾਂ ਬੋਲਦੇ ਹਨ ਬਚਕਾਨਾ ਅਵਾਜਾਂ ਹੀ ਤਾਂ ਹਨ ਤੁਹਾਨੂੰ ਵਰਾਉਂਣ ਲਈ। ਤੁਸੀਂ ਬਚਕਾਨਾ ਕਹਾਣੀਆਂ ਸੁਣਕੇ, ਚਿਮਟਿਆਂ ਦੇ ਛੁਣਛੁਣੇ ਸੁਣ ਕੇ ਖੁਸ਼ ਹੋ ਜਾਂਦੇ ਹੋ ਕਿ ਵਾਹ! ਬਾਬਾ ਜੀ ਕਿਤੇ ਕੀਰਤਨ ਕਰਦੇ ਹਨ?

ਕਹਿੰਦੇ ਜਦ 1026 ਵਿਚ ਗਜ਼ਨਵੀ ਆਇਆ ਤਾਂ ਉਸ ਸੋਮਨਾਥ ਉਪਰ ਹਮਲਾ ਕੀਤਾ ਤਾਂ ਹਿੰਦੂਆਂ ਦੀ ਫੌਜ ਲੜਨ ਦੀ ਬਜਾਇ ਮੁਸਲਮਾਨ ਫੌਜਾਂ ਉਪਰ ਹੱਸ ਰਹੀ ਸੀ ਕਿ ਸੋਮ ਭਗਵਾਨ ਉਨ੍ਹਾਂ ਨੂੰ ਜੜ੍ਹ ਤੋਂ ਉਖੇੜ ਦੇਵੇਗਾ। ਜਦੋਂ ਮੁਸਲਮਾਨਾ ਨੇ ਹਿੰਦੂ ਫੌਜਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਮੁਕਾਬਲਾ ਕਰਨ ਦੀ ਬਜਾਇ ਮੂਰਤੀ ਅੱਗੇ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ। ਜਦੋਂ ਪ੍ਰਾਰਥਨਾ ਕਰਕੇ ਬਾਹਰ ਆਉਂਦੇ ਤਾਂ ਅਗਲੇ ਗਾਟਾ ਲਾਹ ਕੇ ਔਹ ਮਾਰਦੇ। ਗਜ਼ਨਵੀ ਨੇ ਸੋਮਨਾਥ ਮੰਦਰ ਵਿਚੋਂ ਅਥਾਹ ਸਰਮਾਇਆ ਲੁੱਟਿਆ। ਮੰਦਰ 56 ਥੰਮਲਿਆਂ ਉਪਰ ਖੜਾ ਸੀ ਜਿਸ ਉਪਰ ਅਣਗਿਣਤ ਹੀਰੇ ਰਤਨ ਜੜੇ ਹੋਏ ਸਨ। 49 ਮਣ ਸੋਨੇ ਦੀ ਜੰਜੀਰ ਦਾ ਤਾਂ ਘੰਟਾ ਹੀ ਲਟਕ ਰਿਹਾ ਸੀ ਜਿਸ ਨੂੰ ਉਹ ਲਾਹ ਕੇ ਲੈ ਗਿਆ। 700 ਮਣ ਸੋਨੇ ਚਾਂਦੀ ਦੇ ਭਾਂਡੇ, 740 ਮਣ ਸੋਨਾ ਤੇ 2000 ਮਣ ਚਾਂਦੀ ਲੁੱਟ ਲੈ ਗਿਆ। ਮਥਰਾ ਤੋਂ ਉਹ ਇਨੇ ਜਿਆਦਾ ਹਿੰਦੂ ਗੁਲਾਮ ਬਣਾ ਕੇ ਲੈ ਗਿਆ ਕਿ ਉਨ੍ਹਾ ਨੂੰ ਕੌਡੀਆਂ ਭਾਅ ਵੇਚਣਾ ਪਿਆ। ਉਥੇ ਰਤਨਾ ਨਾਲ ਜੜਿਆ ਪੰਜ ਗੱਜ ਸ਼ਿਵਲਿੰਗ ਸੀ ਜਿਸ ਨੂੰ ਉਸ ਨੇ ਅਪਣੇ ਹੱਥਾਂ ਨਾਲ ਤੋੜਿਆ ਅਤੇ ਉਸ ਦੇ ਟੁੱਕੜੇ ਕਰਕੇ ਗਜ਼ਨੀ ਵਿਚ ਅਪਣੇ ਮਹਿਲ ਦੀਆਂ ਪੌੜੀਆਂ ਵਿਚ ਲਾਇਆ ਅਤੇ ਬਾਕੀ ਬਚਦੇ ਮਸੀਤ ਦੀਆਂ ਪੌੜੀਆਂ ਵਿਚ ਜੁੱਤੀਆਂ ਵਾਲੀ ਥਾਂ ਗੱਡ ਦਿੱਤੇ!

ਇਹ ਹਿੰਦੂ ਦੇ ਧਰਮ ਗੁਰੂਆਂ ਦੀ ਦੇਣ ਸੀ, ਕਿ ਜਿਸ ਮਨੁੱਖ ਨੂੰ ਤਗੜਿਆਂ ਕਰਨਾ ਸੀ ਉਸ ਨੂੰ ਤਾਂ ਸ਼ੂਦਰ ਕਹਿ ਕਹਿ ਕੁੱਤਿਆਂ ਵਾਂਗ ਦੁਰਕਾਰਦਾ ਰਿਹਾ, ਪਰ ਜਿਹੜੀ ਆਤਮਾ ਦਿੱਸਦੀ ਹੀ ਨਹੀਂ ਉਸ ਖਾਤਰ 40-40 ਮਣ ਸੋਨੇ ਦੀਆਂ ਜੰਜੀਰਾਂ ਵਾਲੇ ਘੰਟੇ ਖੜਕਾਉਂਦਾ ਰਿਹਾ। ਲੁਟੇਰਾ ਨਿਜਾਮ ਹਮੇਸ਼ਾਂ ਅਣਦਿੱਸਦੀ ਗੱਲ ਉਪਰ ਜੋਰ ਦਿੰਦਾ ਰਿਹਾ ਚਾਹੇ ਉਹ ਅਗਲਾ-ਪਿੱਛਲਾ ਜਨਮ ਹੋਵੇ ਤੇ ਚਾਹੇ ਆਤਮਾ ਤੇ ਚਾਹੇ ਰੱਬ! ਜੇ ਉਸ ਰੱਬ ਨੂੰ ਸਾਖਯਾਤ ਦਿੱਸਣ ਵਾਲਾ ਮਨੁੱਖ ਵਿਚ ਕਹਿ ਦਿੱਤਾ ਤਾਂ ਮੁਸ਼ਕਲ ਕਿੰਨੀ ਹੈ। ਫਿਰ ਕੌਣ ਚੂਹੜਾ ਤੇ ਕੌਣ ਚਮਾਰ, ਕਿਹੜਾ ਬ੍ਰਹਾਮਣ ਤੇ ਕਿਹੜਾ ਸ਼ੂਦਰ? ਲੁੱਟੂ ਕਿਸ ਨੂੰ? ਰੱਬ ਨੂੰ?

ਇਹੀ ਗੱਲ ਸਿੱਖ ਦੇ ਬ੍ਰਾਹਮਣ ਨੇ ਕੀਤੀ। ਉਸ ਆਤਮਾ ਦੇ ਨਾਂ ਤੇ, ਪਿੱਛਲੇ ਜਾਂ ਅਗਲੇ ਜਨਮ ਦੇ ਨਾਂ ਤੇ, ਜਾਂ ਅਣਦਿੱਸਦੇ ਰੱਬ ਦੇ ਨਾਂ ਤੇ ਲੁਕਾਈ ਨੂੰ ਲੁੱਟਿਆ ਤੇ ਹੁਣ ਤੱਕ ਲੁੱਟ ਰਿਹਾ ਹੈ। ਜਿਹੜਾ ਰੱਬ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਦਿਖਾਇਆ ਸੀ ਉਸ ਰੱਬ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਘਟ ਘਟ ਮਹਿ ਹਰਿ ਜੂ ਬਸੇ ਵਾਲਾ ਰੱਬ ਕਿਥੇ ਹੈ? ਕਿਤੇ ਲੱਭਦਾ ਕਿਸੇ ਸਾਧ ਕੋਲੋਂ? ਘਟ ਘਟ ਵਾਲੇ ਦੀ ਗੱਲ ਕਰੇਗਾ ਤਾਂ ਠੰਡੇ ਭੋਰਿਆਂ ਤੇ ਕੁੱਤੇ ਵੀ ਨਾ ਮੂਤਣਗੇ ਮੱਥੇ ਟੇਕਣੇ ਤਾਂ ਇਕ ਪਾਸੇ ਰਹੇ।

ਮੁਕਤੀ ਮਨੁੱਖ ਦੀ ਨਹੀਂ, ਆਤਮਾ ਦੀ ਹੋਣੀ ਚਾਹੀਦੀ। ਤੇ ਸਾਰੇ ਹਿੰਦੋਸਤਾਨ ਦੇ ਧਰਮ ਗੁਰੂ ਆਤਮਾ ਦੀ ਗੱਲ ਕਰਦੇ ਮਨੁੱਖ ਨਹੀਂ। ਇਸ ਮੁਲਕ ਨੂੰ ਪਹਿਲਾਂ ਵੀ ਆਤਮਾ ਵਾਲੇ ਧਰਮ ਗੁਰੂਆਂ ਨੇ ਮਾਰਿਆ ਸੀ ਭਵਿੱਖ ਵਿਚ ਫਿਰ ਤੋਂ ਇਸ ਮੁਲਕ ਨੂੰ ਗੁਲਾਮ ਹੋਣੋਂ ਕੋਈ ਨਹੀਂ ਬਚਾ ਸਕਦਾ! ਕਿ ਬਚਾ ਸਕਦਾ?

ਦੁਖਾਂਤ ਪਰ ਇਹ ਕਿ ਉਨਾ ਚਿਰ ਨੂੰ ਸਿੱਖਾਂ ਦੇ ਬ੍ਰਾਹਮਣ ਇਸ ਕੌਮ ਨੂੰ ਵੀ ਲੈ ਡੁਬਣਗੇ ਜੇ ਇਹ ਆਤਮਾ ਵਾਲੇ ਗੋਰਖ ਧੰਦੇ ਵਿਚੋਂ ਬਾਹਰ ਨਾ ਆਈ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top