Share on Facebook

Main News Page

ਜਿਸੁ ਪਾਹਨ ਕਉ ਪਾਤੀ ਤੋਰੈ...
-: ਗੁਰਦੇਵ ਸਿੰਘ ਸੱਧੇਵਾਲੀਆ

ਕਿਸ ਪੱਥਰ ਲਈ ਫੁੱਲ ਤੋੜ ਰਹੀ ਤੂੰ ਮਾਲਨੀ? ਭੁੱਲੀ ਹੋਈ ਮਾਲਨੀ ਤੈਨੂੰ ਪਤਾ ਨਹੀਂ ਇਹ ਪੱਥਰ ਨਿਰਜਿੰਦ ਹੈ? ਨਿਰਜਿੰਦ ਪੱਥਰ! ਕੁਝ ਨਹੀਂ ਬੋਲਦਾ! ਸਦੀਆਂ ਤੋਂ ਚੁੱਪ! ਹਜਾਰਾਂ ਸਾਲਾਂ ਤੋਂ ਖਮੋਸ਼! ਭਵੇਂ ਕਰੋੜਾਂ ਸਾਲ ਪਿਆ ਰਹਿਣ ਦਿਓ ਕੁਝ ਨਹੀਂ ਬੋਲੇਗਾ। ਪਰ ਮੈਂ? ਸਮਝਦਾਰ ਮਨੁੱਖ? ਇਸ ਨੂੰ ਹਜਾਰਾਂ ਸਾਲਾਂ ਤੋਂ ਬੁਲਾਉਂਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਫੁੱਲਾਂ ਦੇ ਹਾਰ ਪਾ ਕੇ, ਫੁੱਲਾਂ ਦੇ ਗੁਲਦਸਤੇ ਰੱਖ ਕੇ, ਫੁੱਲਾਂ ਦੀ ਭੇਟਾ ਕਰਕੇ ਕਿ ਬੋਲ ਪਵੇ, ਇਸ ਦੇ ਮੂੰਹ ਨੂੰ ਦੁੱਧ ਲਾ ਕੇ, ਇਸ ਅਗੇ ਪ੍ਰਸ਼ਾਦ ਚੜ੍ਹਾ ਕੇ, ਇਸ ਅਗੇ ਭੋਜਨਾ ਦੇ ਥਾਲ ਰੱਖ ਕੇ ਕਿ ਸ਼ਾਇਦ? ਪਰ ਨਹੀਂ ਬੋਲਿਆ ਪੱਥਰ। ਪੱਥਰ ਕਿਵੇਂ ਬੋਲੇਗਾ। ਪੱਥਰ ਬੋਲ ਸਕਦਾ ਹੀ ਨਹੀਂ। ਉਸ ਦੇ ਬੋਲਣ ਦਾ ਕੋਈ ਕਾਰਨ ਹੀ ਨਹੀਂ। ਕਿਵੇਂ ਬੋਲੇ ਪੱਥਰ? ਉਹ ਬੋਲਣ ਲਈ ਥੋੜੋਂ ਬਣਿਆ। ਕਿ ਬਣਿਆ? ਤੁਸੀਂ ਦੇਖਿਆ ਹੋਣਾ ਜਿਹੜਾ ਬੰਦਾ ਚੁੱਪ ਹੋ ਜਾਏ ਉਸ ਨੂੰ ਤੁਸੀਂ ਜਾਂ ਤਾਂ ਗੁੰਗ-ਵੱਟਾ ਕਹਿੰਦੇ ਹੋ ਜਾਂ ਪੱਥਰ ਹੋ ਗਿਆ? ਯਾਨੀ ਖਮੋਸ਼ੀ ਦਾ ਸਬੰਧ ਹੀ ਪੱਥਰ ਨਾਲ ਹੈ ਤਾਂ ਪੱਥਰ ਕਿਵੇਂ ਬੋਲੇਗਾ। ਇਹ ਮੇਰੀਆਂ ਹੀ ਕਹਾਵਤਾਂ ਹਨ ਤਾਂ ਮੈਂ ਫਿਰ ਵੀ ਸੋਚਦਾਂ ਕੇ ਪੱਥਰ ਬੋਲੇ?

ਹਿੰਦੋਸਤਾਨ ਉਪਰ ਲਹੂਆਂ ਦੇ ਦਰਿਆ ਵੱਗਦੇ ਰਹੇ ਪਰ ਪੱਥਰ ਨਹੀਂ ਬੋਲਿਆ। ਮੈਂਨੂੰ ਜਾਪਦਾ ਭਜਨਾਂ ਦੇ ਸ਼ੋਰ ਸੁਣਕੇ ਪੱਥਰ ਬੋਲ ਪਵੇਗਾ, ਕਮਲਿਆ ਇਹ ਤਾਂ ਖੂੰਨਖਾਰ ਜੰਗਾਂ ਦੇ ਸ਼ੋਰ ਸੁਣ ਕੇ ਨਹੀਂ ਬੋਲਿਆ ਤੇਰੇ ਭਜਨਾਂ ਦੇ ਚਿਮਿਟਿਆਂ ਇਸ ਨੂੰ ਕਿਥੋਂ ਬੁਲਾ ਲੈਣਾ ਹੈ। ਤੇਰੇ ਜਗਰਾਤੇ ਇਸ ਨੂੰ ਕਿਥੋਂ ਬੁਲਾ ਲੈਣਗੇ। ਤੇਰੇ ਕੀਰਤਨ..? ਗਜਨਵੀ ਆਇਆ, ਬਾਬਰ ਆਇਆ, ਨਾਦਰ-ਅਬਦਾਲੀ ਆਇਆ ਤਾਂ ਲੁਕਾਈ ਨੇ ਮੰਦਰਾਂ ਦੀਆਂ ਸਰਦਲਾਂ ਉਖੇੜ ਮਾਰੀਆਂ। ਅਰਦਾਸਾਂ ਅਤੇ ਕੀਰਤਨਾ ਨਾਲ ਕੰਨ ਪਾੜ ਮਾਰੇ ਪਰ ਪੱਥਰ ਉਪਰ ਕੋਈ ਅਸਰ ਨਹੀਂ ਹੋਇਆ। ਹੋਇਆ ਕੋਈ?

ਨਾ ਨਾ ਨਾ! ਮੈਂ ਰਾਹ ਹੀ ਗਲਤ ਪੈ ਗਿਆ। ਪਹਿਲਾਂ ਮੈਂ ਪੱਥਰ ਨੂੰ ਖੁਦ ਰੱਬ ਬਣਾਇਆ, ਫਿਰ ਖੁਦ ਹੀ ਉਸ ਅਗੇ ਗੋਡੇ ਟੇਕ ਦਿੱਤੇ! ਜਦ ਮੈਂ ਖੁਦ ਹੀ ਭਿਖਾਰੀ ਸਾਂ ਤਾਂ ਮੇਰਾ ਬਣਾਇਆ ਰੱਬ ਕੀ ਹੋਵੇਗਾ? ਭਿਖਾਰੀ ਦਾ ਸਾਜਿਆ ਰੱਬ ਧਨਾਢ ਕਿਵੇਂ ਹੋ ਸਕਦਾ। ਹੋ ਸਕਦਾ? ਬਣਾਉਂਣ ਵਾਲਾ ਵੀ ਭਿਖਾਰੀ ਤੇ ਅਗਾਂਹ ਰੱਬ ਵੀ ਉਸ ਭਿਖਾਰੀ ਬਣਾ ਧਰਿਆ ਜਿਹੜਾ ਮੇਰੇ ਥਾਲਾਂ ਤੇ, ਪ੍ਰਸ਼ਾਦਾਂ ਤੇ ਦੁੱਧਾਂ ਤੇ ਰੀਝਦਾ ਹੈ। ਭੁੱਖੜ ਰੱਬ? ਤੇ ਨਤੀਜਾ? ਪੂਰਾ ਮੁਲਖ ਹੀ ਭਿਖਾਰੀ? ਪੂਰਾ ਦੇਸ਼ ਹੀ ਭੁੱਖੜ? ਮੈਂ ਕੋਲੋਂ ਤਾਂ ਨਹੀਂ ਕਿਹਾ, ਇਤਿਹਾਸ ਹੈ! ਇੱਕ ਬੰਨੇ ਸ਼ਹੀਦ ਆਖ ਸਲਾਮੀਆਂ ਤੇ ਦੂਜੇ ਉਨ੍ਹਾਂ ਦੇ ਕਫਨ ਹੀ ਵੇਚ ਕੇ ਖਾ ਗਏ? ਤੋਪਾਂ ਛੱਕ ਗਏ! ਡੰਗਰਾਂ ਦਾ ਚਾਰਾ, ਜੂਰੀਆ ਖਾਦ, ਨਿੱਤ ਨਵੇ ਘੁਟਾਲੇ ਭੁੱਖਿਆਂ ਦੇ? ਅਰਬਾਂ-ਖਰਬਾਂ ਪੈਸਾ ਬਾਹਰ ਦੀਆਂ ਬੈਂਕਾਂ ਵਿਚ ਤੂੜ ਸੁੱਟਿਆ ਭੁੱਖੜਾਂ ਕਿ ਭੁੱਖ ਲੱਥ ਜਾਏ? ਭੁੱਖੜ ਰੱਬ ਦੇ ਲੋਕ ਰੱਜੇ ਕਿਵੇਂ ਹੋਏ? ਪੱਥਰਾਂ ਵਰਗੇ ਹੀ ਲੋਕ। ਬੰਦਾ ਮਰ ਜਾਏ ਪਰ ਡਾਕਟਰ..? ਪੱਥਰ ਦਾ ਪੱਥਰ! ਪਹਿਲਾਂ ਪੈਸੇ ਲਿਆਓ ਫਿਰ ਗੱਲ ਕਰਾਂਗੇ। ਤੇ ਦੁਨੀਆਂ ਦੇ ਇਸ ਸਭ ਤੋਂ ਧਾਰਮਿਕ ਆਖੇ ਜਾਂਦੇ ਮੁਲਖ ਵਿਚ ਪਤਾ ਨਹੀਂ ਕਿੰਨੀ ਦੁਨੀਆਂ ਬਿਨਾ ਇਲਾਜ ਤੜਫ ਤੜਫ ਕੇ ਦਮ ਤੋੜ ਜਾਂਦੀ ਹੈ। ਬੰਦਾ ਸੜਕ ਤੇ ਪਿਆ ਹੁੰਦਾ ਪਰ ਲੋਕ ਪੱਥਰ ਦੇ ਪੱਥਰ ਉਸ ਵਲ ਵੇਖ ਰਹੇ ਹੁੰਦੇ।

ਪੱਥਰ ਮਨੁੱਖ ਦੀ ਰੂਹ ਵਿਚ ਉਤਰ ਗਿਆ ਹੈ। ਪੱਥਰ ਨੇ ਪੂਰੇ ਮੁੱਲਖ ਨੂੰ ਪੱਥਰ ਕਰ ਦਿੱਤਾ ਹੈ। ਪੰਡੀਏ ਨੇ ਸਭ ਅਗੇ ਪੱਥਰ ਪਰੋਸ ਦਿਤੇ ਹਨ ਤੇ ਆਪ ਪੱਥਰ ਦੀ ਆਮਦਨ ਤੇ ਉਸ ਸਾਰੀ ਉਮਰ ਗੁਲਛਰੇ ਉਡਾਏ ਹਨ ਤੇ ਅੱਜ ਅਰਬ ਤੋਂ ਉਪਰ ਲੋਕਾਂ ਤੇ ਰਾਜ ਕਰ ਰਿਹੈ। ਉਸ ਨੂੰ ਬੋਲਣ ਵਾਲਾ ਕਾਣੀ ਅੱਖ ਨਹੀਂ ਭਾਉਂਦਾ। ਉਹ ਬੋਲਣ ਵਾਲੇ ਦੀ ਜੁਬਾਨ ਵੱਡ ਦਿੰਦਾ ਰਿਹਾ। ਬੋਲਣ ਵਾਲੇ ਦਾ ਉਹ ਪੁੱਜ ਕੇ ਵੈਰੀ ਸੀ ਅੱਜ ਵੀ ਹੈ ਤੇ ਇਸੇ ਲਈ ਉਸ ਗੁੰਗ-ਵੱਟੇ ਲੋਕਾਂ ਹੱਥ ਦੇ ਛੱਡੇ ਕਿ ਜਿਹੜੇ ਬੋਲਣ ਨਾ। ਚੁੱਪ ਰਹਿਣ। ਚੁੱਪ ਚਾਪ ਮੇਰੀ ਭਗਵਾਨਤਾ ਦਾ ਤਮਾਸ਼ਾ ਦੇਖਣ ਪਰ ਬੋਲਣ ਨਾ। ਤੇ ਪੱਥਰ ਬ੍ਰਹਾਮਣ ਦੀ ਹਰੇਕ ਲੁੱਚ-ਗੜੁੱਚੀ ਹਜਾਰਾਂ ਸਾਲਾਂ ਤੋਂ ਦੇਖਦੇ ਆ ਰਹੇ ਹਨ ਪਰ ਮਜਾਲ ਕਿਤੇ ਬੋਲ ਗਏ ਹੋਣ। ਉਨ੍ਹਾਂ ਦੇ ਸਾਹਵੇਂ ਪੰਡੀਏ ਨੇ ਕੁਵਾਰੀਆਂ ਦੇ ਸੱਤ ਭੰਗ ਕੀਤੇ, ਦੇਵਦਾਸੀਆਂ ਤੋਂ ਬਾਅਦ ਵੇਸਵਾ ਬਣਾਈਆਂ, ਉਨ੍ਹਾਂ ਦੇ ਸਾਹਵੇਂ ਉਸ ਕਰਵਤ ਵਰਗੇ ਆਰਿਆਂ ਨਾਲ ਲੋਕ ਚੀਰ ਸੁੱਟੇ, ਪੱਥਰਾਂ ਦੇ ਸਾਹਵੇਂ ਬ੍ਰਹਾਮਣ ਨੇ ਸ਼ੂਦਰਾਂ ਦੇ ਮੂੰਹਾਂ ਵਿਚ ਥੁੱਕਿਆ, ਉਨ੍ਹਾਂ ਦੀਆਂ ਇੱਜਤਾਂ ਨਾਲ ਖੇਡਿਆ, ਕੁੱਤਿਆਂ ਵਰਗਾ ਜੀਵਨ ਜਿਉਂਣ ਲਈ ਮਜਬੂਰ ਕੀਤਾ ਪਰ ਪੱਥਰ ਨਹੀਂ ਬੋਲੇ ਨਹੀਂ ਪਿਘਲੇ ਪੱਥਰ। ਉਸ ਜਿਹੜਾ ਵੀ ਬੋਲਣ ਵਾਲਾ ਪੈਦਾ ਹੋਇਆ ਉਸ ਨੂੰ ਪੱਥਰ ਹੀ ਕਰ ਦਿੱਤਾ। ਬੁੱਧ ਦੇ ਬੁੱਤ ਅਸਮਾਨ ਛੋਹਦੇ ਹਨ, ਪੂਰੇ ਪਹਾੜ ਦੇ ਪਹਾੜ ਤੇ ਹੁਣ ਵਾਰੀ?

ਉਹ ਗੋਲ ਪੱਗ ਬੰਨ ਕੇ ਸਿੱਖਾਂ ਵਿਚ ਵੀ ਵੜ ਗਿਆ ਅਤੇ ਉਸ ਦੇ ਬੋਲਣ ਵਾਲੇ ਸ੍ਰੀ ਗੁਰੂ ਗਰੰਥ ਸਾਹਿਬ ਉਪਰ ਕੰਬਲ, ਰਜਾਈਆਂ, ਗੋਟੇ ਵਾਲੇ ਰੁਮਾਲੇ, ਏਅਰਕੰਡੀਸ਼ਨ ਕਮਰੇ! ਥਾਲਾਂ ਦੇ ਭੋਗ, ਪ੍ਰਸ਼ਾਦਾਂ ਦੇ ਚੜਾਵੇ, ਰੈਣਸਬਾਈਆਂ ਦੇ ਨਾਂ ਤੇ ਜਗਰਾਤੇ, ਢੋਲਕੀਆਂ ਚਿਮਟਿਆਂ ਦਾ ਸ਼ੋਰ, ਕੋਤਰੀਆਂ, ਸੰਪਟ ਪਾਠ, ਮਹਾਂ ਸੰਪਟ ਪਾਠ!! ਦੁਆਲੇ ਜੋਤਾਂ, ਧੂਪਾਂ, ਮੌਲੀਆਂ, ਕੁੰਭ, ਕੋਰੇ ਘੜੇ, ਲਾਲ ਚੁੰਨੀਆਂ। ਸਭ ਕੁਝ ਪੱਥਰਾਂ ਕੋਲੋਂ ਚੁੱਕ ਕੇ ਸ੍ਰੀ ਗੁਰੂ ਜੀ ਦੀ ਬਾਣੀ ਅੱਗੇ ਲਿਆ ਧਰਿਆਾ! ਸਾਹ ਕਿਵੇਂ ਕੱਢ ਜਾਣਗੇ ਬਾਬਾ ਜੀ ਦੇ ਬੱਚਨ।

ਜਿਹੜੇ ਬਾਬਾ ਜੀ ਸਾਰੀ ਹਯਾਤੀ ਪੱਥਰਾਂ ਵਿਰੁਧ ਲੜਦੇ ਰਹੇ ਉਸ ਉਸੇ ਬਾਬਾ ਜੀ ਦੇ ਪੱਥਰ ਬਣਾ ਧਰੇ? ਅੱਜ ਉਹੀ ਬਾਬਾ ਜੀ ਪੱਥਰ ਬਣ ਬਜਾਰ ਵਿਚ ਵਿੱਕ ਰਹੇ ਹਨ! ਸਿੱਖ ਨੂੰ ਪੱਥਰਾਂ ਵਿਚੋਂ ਕੱਢਦੇ ਕੱਢਦੇ ਬਾਬਾ ਜੀ ਖੁਦ ਪੱਥਰ ਦੇ ਹੋ ਕੇ ਰਹਿ ਗਏ ਹਨ ਤੇ ਉਨ੍ਹਾਂ ਪੱਥਰਾਂ ਨੂੰ ਖੁਦ ਸਿੱਖ ਹੀ ਖਰੀਦ ਕੇ ਘਰੀਂ ਲਿਆ ਰਿਹਾ ਹੈ। ਕਿਸੇ ਸੜਕ-ਸ਼ਾਪ ਜਿਹੇ ਮੂਰਤੀ ਘਾੜੇ ਦੇ ਬਣਾਏ ਪੱਥਰ ਨੂੰ ਸਿੱਖ ਨੇ ਵੀ ਅਪਣਾ ਰਹਿਬਰ ਮੰਨ ਲਿਆ ਹੋਇਆ ਹੈ।

ਕਾਗਜਾਂ ਦੀਆਂ ਮੂਰਤਾਂ ਤੋਂ ਉਤਰ ਕੇ ਹੁਣ ਬਾਬਾ ਜੀ ਪੱਥਰਾਂ ਦੇ ਬੁੱਤਾਂ ਵਿਚ ਸਮਾ ਰਹੇ ਹਨ! ਤੇ ਉਨ੍ਹਾਂ ਬੁੱਤਾਂ ਅੱਗੇ ਬਾਬਿਆਂ ਦੇ ਪ੍ਰਸ਼ਾਦਿਆਂ ਦੇ ਥਾਲ ਜਾ ਰਹੇ ਹਨ ਅਤੇ ਗੁਰਬਾਣੀ ਦੇ ਗਲਤ ਅਰਥ ਕਰਕੇ ਗਾਇਆ ਜਾ ਰਿਹਾ ਹੈ ਕਿ ਹੁਣ ਲਾਓ ਭੋਗ ਹਰ ਰਾਇ!!! ਤੇ ਹੁਣ ਇਨ੍ਹਾਂ ਪੱਥਰਾਂ ਦੇ ਮੂੰਹਾਂ ਨੂੰ ਵੀ ਦੁੱਧ ਦੇ ਚਿਮਚੇ ਲਾਏ ਜਾਇਆ ਕਰਨਗੇ! ਹੁਣ ਇਹ ਪੱਥਰ ਵੀ ਖਮੋਸ਼ ਰਹਿਣਗੇ, ਕੁਝ ਨਹੀਂ ਬੋਲਣਗੇ ਇਹ ਪੱਥਰ? ਪੱਥਰ ਜਦ ਬੋਲ ਸਕਦਾ ਹੀ ਨਹੀਂ ਤਾਂ ਇਸ ਨਾਲ ਕੀ ਫਰਕ ਪੈਂਦਾ ਕਿ ਪੱਥਰ ਕਿਸਦਾ ਹੈ। ਹਿੰਦੂ ਦਾ ਹੈ ਕਿ ਸਿੱਖ ਦਾ। ਪੱਥਰ ਤਾਂ ਪੱਥਰ ਹੀ ਏ ਨਾ।

ਇਥੇ ਬਾਬਾ ਜੀ ਬਾਬਿਆਂ ਦੀ ਮਾਲਨੀ ਨੂੰ ਸੰਬੋਧਨ ਹਨ ਕਿ ਮਾਲਨੀ ਤੂੰ ਕਿੱਡੀ ਭੁੱਲ ਕਰ ਰਹੀ ਹੈਂ ਜਿਹੜੀ ਇਨ੍ਹਾਂ ਨਿਰਜਿੰਦ ਬੁੱਤਾਂ ਅਗੇ ਫੁੱਲ, ਫੱਲ ਅਤੇ ਥਾਲ ਲਿਆ ਲਿਆ ਰੱਖ ਰਹੀ ਹੈਂ। ਫਿਰ ਬਾਬਾ ਜੀ ਕਹਿੰਦੇ ਮਾਲਨ ਭੂਲੀ ਜਗ ਭੁਲਾਨਾ.. ਸਾਰਾ ਜਗ ਹੀ ਭੁਲਾ ਛੱਡਿਆ ਮਾਲਨ ਨੇ? ਸਾਰਾ ਸਿੱਖ ਜਗਤ ਹੀ ਇਸ ਗੱਲ ਨੂੰ ਮੰਨ ਕੇ ਬੈਠ ਗਿਆ ਕਿ ਬਾਬਾ ਨੰਦ ਸਿੰਘ ਨੇ ਪ੍ਰਤਖ ਪ੍ਰਸ਼ਾਦਾ ਛਕਾਇਆ ਅਤੇ ਗੁਰੂ ਜੀ ਨੂੰ ਪ੍ਰਤਖ ਕਰਕੇ ਉਨ੍ਹਾਂ ਦੀ ਮੂਰਤੀ ਬਣਵਾਈ?

ਇਸ ਕਹਾਣੀ ਦੇ ਅਧਾਰ 'ਤੇ ਬਾਬਾ ਜੀ ਦੇ ਬੁੱਤ ਉਨਹੀਂ ਅਪਣੇ ਠਾਠਾਂ ਵਿਚ ਲਾ ਦਿੱਤੇ ਜਿਹੜੇ ਹੁਣ ਸਹਿਜੇ ਸਹਿਜੇ ਪੱਥਰਾਂ ਵਿਚ ਬਦਲ ਰਹੇ ਹਨ। ਭੁਲਾ ਤਾਂ ਨਾ ਸਾਰਾ ਜਗ ਮਾਲਨ ਨੇ? ਮਾਲਨੀ ਬੜੀ ਸ਼ਾਤਰ ਹੈ ਉਸ ਨੂੰ ਪਤੈ ਕਿ ਬੁੱਤ ਬੋਲਦੇ ਨਹੀਂ, ਬੁੱਤ ਚੁੱਪ ਰਹਿਣਗੇ ਮੇਰੇ ਭੋਰਿਆਂ ਦਾ ਪਾਇਆ ਜਾ ਰਿਹਾ ਗੰਦ ਦੇਖ ਕੇ। ਬੁੱਤਾਂ ਨੂੰ ਮੇਰੇ ਸਚਖੰਡ ਵਿਚਲੀਆਂ ਜੁੱਤੀਆਂ ਨਾਲ ਕੋਈ ਤਕਲੀਫ ਨਹੀਂ। ਬੁੱਤਾਂ ਨੂੰ ਕੋਈ ਸ਼ਕਾਇਤ ਰਹੀ ਮੇਰੀ ਰੱਬਤਾ ਤੇ। ਮੈਂ ਜਿਵੇਂ ਮਰਜੀ ਕੁਰਸੀਆਂ, ਆਸਨ, ਗੱਦੇ ਲਾ ਕੇ ਬੈਠਾਂ ਬੁੱਤਾਂ ਕੁਝ ਨਹੀਂ ਬੋਲਣਾ। ਸਾਰਾ ਜਗ ਭੁਲਾ ਦਿੱਤਾ ਮਾਲਨ ਨੇ। ਸਾਰਾ ਸਿੱਖ ਜਗਤ ਮੂਰਤੀਆਂ ਪੂਜਣ ਲਾ ਦਿੱਤਾ ਮਾਲਨ ਨੇ ਤੇ ਅੱਜ ਹਰੇਕ ਸਿੱਖ ਦੇ ਘਰ, ਇਥੋਂ ਤੱਕ ਕਿ ਖੁਦ ਬੁੱਤ ਤੋੜਨ ਵਾਲੇ ਗੁਰੂ ਦੀ ਹਜੂਰੀ ਵਿਚ ਉਸ ਦੇ ਬੁੱਤ ਖੜੇ ਕਰ ਦਿੱਤੇ ਗਏ। ਨਿਰਜਿੰਦ ਬੁੱਤ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top