Share on Facebook

Main News Page

ਯੋ ਯੋ ਹਨੀ ਦੀ ਟੋਰੰਟੋ ਫੇਰੀ ਨੂੰ ਲੈ ਕੇ ਲੋਕਾਂ ਵਿੱਚ ਭੜਕਾਹਟ !

(ਗੁਰਦੇਵ ਸਿੰਘ ਸੱਧੇਵਾਲੀਆ) - ਯੋ ਯੋ ਹਨੀ ‘ਸਿੰਘ’ ਦੀ ਲੱਚਰ ਗਾਇਕੀ, ਮੁਸ਼ਟੰਡਪੁਣਾ, ਅਤੇ ਗਾਏ ਜਾ ਰਹੇ ਕੂੜ-ਕੁਬਾੜ ਨੂੰ ਲੈ ਕੇ ਪਿੱਛਲੇ ਦਿਨੀ ਪੰਜਾਬ ਦੀਆਂ ਫਿਜ਼ਾਵਾਂ ਵਿਚ ਕਾਫੀ ਗਰਮਾ-ਗਰਮੀ ਰਹੀ ਹੈ। ਲੋਕ ਸੋਚਦੇ ਹਨ ਕਿ ‘This Party Gettin Hot’ ਵਰਗੇ ਗਾਣਿਆਂ ਉਪਰ ਹਨੀ ਅਤੇ ਜੈਜ਼ੀ ਬੀ ਨੇ ਜੋ ਪ੍ਰਦਰਸ਼ਨੀ ਗੰਨਾਂ-ਪਿਸਤੌਲਾਂ ਦੀ ਕੀਤੀ ਹੈ, ਉਸ ਨਾਲ ਨੌਜਵਾਨ ਪੀਹੜੀ ਨੂੰ ਭੜਕਾ ਕੇ ਗੈਂਗਵਾਦ ਵਲ ਤੋਰਿਆ ਜਾ ਰਿਹਾ ਹੈ। ਗਾਉਣ ਵਾਲੇ ਤਾਂ ਨਕਲੀ ਜਿਹੀਆਂ ਗੰਨਾਂ ਦਿਖਾ ਆਪਣੀ ਸੀ.ਡੀ. ਵੇਚ ਕੇ ਪੈਸਾ ਬਣਾ ਜਾਂਦੇ ਹਨ, ਪਰ ਕੱਚੀ ਉਮਰ ਦੀਆਂ ਪੌੜੀਆਂ ਚੜ ਰਹੇ ਨਿਆਣੇ ਉਸ ਨੂੰ ਗੰਭੀਰਤਾ ਨਾਲ ਲੈਂਦੇ ਮਾਰ-ਮਰਾਈ ਦੇ ਰਾਹੇ ਜਾ ਪੈਂਦੇ ਹਨ। ਇਸ ਦਾ ਨਤੀਜਾ ਪੰਜਾਬ ਵਿਚ ਅੱਜ ਸਪੱਸ਼ਟ ਦੇਖਿਆ ਜਾ ਸਕਦਾ ਹੈ ਅਤੇ ਇਸ ਦੀ ਤਸਵੀਰ ਵਿਆਹਾਂ-ਸ਼ਾਦੀਆਂ ਵਿਚ ਵੀ ਆਮ ਹੀ ਦੇਖੀ ਜਾ ਸਕਦੀ ਹੈ।

 

ਗਾਉਂਦਾ ਪੰਜਾਬ ਰੇਡੀਓ ਦੇ ਜੋਗਿੰਦਰ ਬਾਸੀ ਵਲੋਂ ਯੋ ਯੋ ਹਨੀ ਨੂੰ ‘ਵੰਡਰਲੈਂਡ’ ਵਿਖੇ ਸੱਦੇ ਜਾਣ ਕਾਰਣ, ਟੋਰੰਟੋ ਦੀ ਧਰਤੀ ਉਪਰ ਕਾਫੀ ਗਰਮਾ-ਗਰਮੀ ਨਜਰ ਆ ਰਹੀ ਹੈ।

ਪਿੱਛਲੇ ਦਿਨੀ ਡਿਕਸੀ ਗੁਰਦੁਆਰੇ ਵਿੱਚ ‘ਗੁਰੂ ਨਾਨਕ ਮਿਸ਼ਨ ਕਨੇਡਾ’ ਵਲੋਂ ਸੱਦੀ ਗਈ ਮੀਟਿੰਗ ਵਿਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਤੋਂ ਜਾਪਦਾ ਹੈ ਕਿ ਲੋਕ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਂ ‘ਤੇ ਵੰਡੀ ਜਾ ਰਹੀ ਜ਼ਹਿਰ ਤੋਂ ਅੱਕ ਚੁੱਕੇ ਹੋਏ ਨੇ ਅਤੇ ਉਨ੍ਹਾਂ ਨੂੰ ਅਪਣੀਆਂ ਨਸਲਾਂ ਇਸ ‘ਗੰਦੇ ਨਾਲੇ’ ਵਿਚ ਰੁੜਦੀਆਂ ਨਜਰ ਆ ਰਹੀਆਂ ਹਨ।

ਉਥੇ ਹਾਜਰ ਲੋਕਾਂ ਵਲੋਂ ਮਹਿਸੂਸ ਕੀਤਾ ਗਿਆ ਕਿ “ਯੋ ਯੋ ਹਨੀ” ਜਦ ਪੰਜਾਬ ਦੀ ਗੈਰਤ ਉਪਰ ਸਿੱਧਾ ਵਾਰ ਕਰਦਾ ਹਿੱਕ ਤਾਣ ਤਾਣ ਗੰਦ ਬਕਦਾ ਹੈ, ਤਾਂ ਪੰਜਾਬ ਦੇ ਗੈਰਤਮੰਦ ਲੋਕਾਂ ਲਈ ਸੋਚਣ ਦਾ ਵਿਸ਼ਾ ਹੈ, ਕਿ ਅਜਿਹੇ ਐਲਾਨੀਆਂ ਬਲਾਤਕਾਰੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ ਅਤੇ ਅਜਿਹੇ ਲੱਚਰ ਮੁੰਡੇ ਨੂੰ ਨੱਥ ਪਾਈ ਜਾਵੇ।

ਲੋਕਾਂ ਦਾ ਕਹਿਣਾ ਹੈ ਕਿ ਗਾਉਂਦਾ ਪੰਜਾਬ ਵਾਲੇ ਜੋਗਿੰਦਰ ਬਾਸੀ ਦੀ ਕੀ ਮਜਬੂਰੀ ਹੈ, ਉਹ ਅਜਿਹੇ ਮਾੜਾ ਗਾਉਂਣ ਵਾਲੇ ਗਾਇਕ ਨੂੰ ਜਾਣਬੁਝ ਕੇ ਲੋਕਾਂ ਅਗੇ ਪਰੋਸਣ ਲਈ ਬਜ਼ਿਦ ਹੈ, ਜਦ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਦਾ ਢਿੰਡੋਰਾ ਉਨ੍ਹਾਂ ਵਲੋਂ ਨਿੱਤ ਪਿੱਟਿਆ ਜਾ ਰਿਹਾ ਹੈ! ਜੇ ਮਾਂ ਦੀ ਸੇਵਾ ਅਜਿਹਾ ਕੁਝ ਗਾਉਣਾ ਹੈ ਤਾਂ ਮਾਂ ਨਾਲ ਬਲਾਤਕਾਰ ਕਿਸ ਨੂੰ ਕਹੋਗੇ? ਇਸ ਦਾ ਜਵਾਬ ਜਾਂ ਤਾਂ “ਯੋ ਯੋ ਹਨੀ” ਦੇਵੇ ਜਾਂ ਉਸ ਨੂੰ ਸੱਦਣ ਵਾਲਾ ਪ੍ਰਮੋਟਰ?

ਯਾਦ ਰਹੇ ਕਿ ਕੁਝ ਚੰਗੇ ਮੂਹਰੇ ਲੱਗੇ ਚਿਹਰਿਆਂ ਨੂੰ ਛੱਡ ਇਸ ਮੀਟਿੰਗ ਵਿਚ ਸ਼ਾਮਲ ਉਨ੍ਹਾਂ ਲੋਕਾਂ ਬਾਰੇ ਵੀ ਲੋਕਾਂ ਵਿਚ ਚਰਚਾ ਸੀ ਜਿਹੜੇ ਬੱਬੂ ਮਾਨ ਦੀ “ਬਦੂੰਕਾਂ ਚੱਕ ਲਓ ਕਬਜਾ ਲੈਣਾ ਹੈ” ਜਾਂ “ਜਵਾਨੀ ਦੀਆਂ ਸਾਰੀਆਂ ਹੱਦਾਂ ਟੱਪਣ ਨੂੰ ਜੀਅ ਕਰਦਾ” ਜਾਂ “ਚੌਥੇ ਪੈੱਗ ਨਾਲ ਬਾਂਹ ਫੜ ਲਈ” ਨੂੰ ਸ਼ਾਇਦ ਲੱਚਰਤਾ ਨਹੀਂ ਮੰਨਦੇ ਜਾਂ ਚਮਕੀਲੇ ਦੇ ਭੜਕੀਲੇ ਅਤੇ ਚੱਕਵੇਂ ਗਾਣਿਆਂ ਨੂੰ ਅਪਣੇ ਪ੍ਰੋਗਰਾਮਾਂ ਦਾ ਸ਼ਿੰਗਾਰ ਬਣਾਉਂਦੇ ਹਨ, ਜਾਂ ਜੀਹਨਾ ਨੂੰ ਸ਼ਰਮਨਾਕ ਇਸ਼ਾਰੇ ਕਰਨ ਵਾਲੀ ਮਿੱਸ ਪੂਜਾ ਵੀ ਲੱਚਰ ਨਹੀਂ ਜਾਪਦੀ, ਪਰ ਇਸ ਲੱਚਰਤਾ ਖਿਲਾਫ ਉਹ ਵੀ ਝੰਡੇ-ਬਰਦਾਰ ਸਨ!! ਇਹ ਤਾਂ ਇੰਝ ਜਾਪਦਾ ਜਿਵੇਂ ਇੱਕ ਹੱਟੀ ਵਾਲਾ ਦੂਜੀ ਵਾਲੇ ਬਾਰੇ ਗਾਹਕਾਂ ਨੂੰ ਕਹਿ ਰਿਹਾ ਹੋਵੇ ਕਿ ਉਧਰ 100% ਲੱਚਰਤਾ ਹੈ, ਪਰ ਅਸੀਂ ਤੁਹਾਨੂੰ 90 % ਦੇਵਾਂਗੇ ਸਾਡੇ ਥੜੇ ਚੜ ਕੇ ਦੇਖੋ?? ਉਨ੍ਹਾਂ ਲੋਕਾਂ ਦੀ ਇਹ ਦਲੀਲ ਵੀ ਬੜੀ ਹਾਸੋਹੀਣੀ ਹੈ, ਜਦ ੳਹ ਕਹਿੰਦੇ ਕਿ ਉਨ੍ਹਾਂ ਗਾਇਕਾਂ ਚੰਗਾ ਵੀ ਬਹੁਤ ਗਾਇਆ, ਪਰ ਚੰਗਾ ਤਾਂ ਚਮਕੀਲੇ ਵੀ ਗਾਇਆ। ਇਸ ਨੂੰ ਇੰਝ ਹੀ ਮੰਨਣਾ ਜਾਪਦਾ, ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਦੇਖੋ ਜੀ ਰੰਡੀ ਕੋਠੇ ਉਪਰ ਨਿੱਤ ਪਾਠ ਕਰਕੇ ‘ਕਾਰੋਬਾਰ’ ਸ਼ੁਰੂ ਕਰਦੀ ਹੈ!!

ਕੁੱਲ ਮਿਲਾ ਕੇ ਇਸ ਲਹਿਰ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਵਿਚ ਬਹੁਤੇ ਉਹ ਸੁਹਿਰਦ ਲੋਕ ਸ਼ਾਮਲ ਸਨ, ਜਿਹੜੇ ਸੱਚਮੁਚ ਇਸ ਪੈ ਚੁੱਕੇ ਗੰਦ ਖਿਲਾਫ ਬੋਲਣਾ ਚਾਹ ਰਹੇ ਸਨ ਅਤੇ ਪੰਜਾਬੀ ਬੋਲੀ, ਸਭਿਆਚਾਰ ਅਤੇ ਪੰਜਾਬ ਦੇ ਗੈਰਤਮੰਦ ਵਿਰਸੇ ਨੂੰ ਇਨ੍ਹਾਂ ਲੱਚਰ ਭੇੜੀਆਂ ਤੋਂ ਬਚਾਉਂਣਾ ਚਾਹੁੰਦੇ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top