Share on Facebook

Main News Page

ਬੀਬਾ ਕਬੂਤਰ ?
-
ਗੁਰਦੇਵ ਸਿੰਘ ਸੱਧੇਵਾਲੀਆ

ਲੋਭ ਦੀਆਂ ਲਹਿਰਾਂ ਬੰਦੇ ਨੂੰ ਰੋਹੜ ਖੜਦੀਆਂ ਹਨ। ਲੋਭੀ ਬੰਦੇ ਨੂੰ ਕੋਈ ਕਿਨਾਰਾ ਨਹੀਂ ਲੱਭਦਾ। ਲੋਭੀ ਬੰਦਾ ਛੱਲਾਂ ਵਿਚ ਗੁਆਚ ਜਾਂਦਾ ਹੈ। ਛੱਲਾਂ ਵਿਚ ਰੁੜਦੇ ਬੰਦੇ ਦਾ ਅਪਣਾ ਕੋਈ ਭਾਰ ਨਹੀਂ ਹੁੰਦਾ, ਅਪਣਾ ਕੋਈ ਵਜੂਦ ਨਹੀਂ ਹੁੰਦਾ। ਉਹ ਲਹਿਰਾਂ ਤੇ ਨਿਰਭਰ ਹੁੰਦਾ, ਜਿਧਰੋਂ ਵੱਡੀ ਲਹਿਰ ਆ ਗਈ ਉਧਰ ਰੁੜ ਗਿਆ। ਦਰਿਆ ਦੀਆਂ ਛੱਲਾਂ ਵਿਚ ਰੁੜਦਾ ਜਾਂਦਾ ਬੰਦਾ ਤਾਂ ਹੱਥ ਪੈਰ ਮਾਰਦਾ, ਰੌਲਾ ਪਾਉਂਦਾ, ਚੀਖਾਂ ਮਾਰਦਾ ਕਿ ਉਸ ਨੂੰ ਕੋਈ ਬਚਾ ਲਵੇ ਪਰ ਲੋਭ ਦੀਆਂ ਲਹਿਰਾਂ ਵਿਚ ਰੁੜਿਆ ਜਾਂਦਾ ਤਾਂ ਮੰਨਦਾ ਹੀ ਨਹੀਂ ਕਿ ਮੈਂ ਰੁੜ ਰਿਹਾ ਹਾਂ। ਉਹ ਤਾਂ ਇਨ੍ਹਾਂ ਲਹਿਰਾਂ ਨੂੰ ਹੋਰ ਘੁੱਟ-ਘੁੱਟ ਜੱਫੀਆਂ ਪਾਉਂਦਾ ਕਿ ਲਹਿਰਾਂ ਮੈਨੂੰ ਛੱਡ ਨਾ ਜਾਣ। ਦਰਿਆ ਦੀਆਂ ਲਹਿਰਾਂ ਵਿਚੋਂ ਤਾਂ ਬਚ ਨਿਕਲਣ ਦੇ ਮੌਕੇ ਹੋ ਸਕਦੇ ਪਰ ਲੋਭ ਦੀਆਂ ਲਹਿਰਾਂ ਵਿਚੋਂ ਕੋਈ ਚਾਂਨਸ ਨਹੀਂ।

 

ਭਾਈ ਪਿੰਦਰਪਾਲ ਸਿੰਘ ਦੀ ਨਵੀਂ ਕਥਾ ਆਈ ਹੈ। ਉਹ ਰਾੜੇ ਵਾਲੇ ਸਾਧ ਦੇ ਜਾ ਕੇ ਉਸ ਦੇ ਗੁਣ ਗਾਉਂਦਾ ਅਪਣੀ ਗਲ ਨੂੰ ਬੜਾ ਔਖਿਆਂ ਹੋ ਕੇ ਤੇ ਜੋਰ ਲਾ ਕੇ ਜਸਟੀਫਾਈ ਕਰਨਾ ਚਾਹ ਰਿਹਾ ਸੀ। ਉਸ ਨੂੰ ਇਨੀ ਸਮਝ ਜੇ ਨਾ ਹੁੰਦੀ ਕਿ ਉਸ ਦੀ ਗੱਡੀ ਲੀਹੋਂ ਲੱਥ ਕੇ ਚਲ ਰਹੀ ਹੈ ਤਾਂ ਉਸ ਇਨਾ ਜੋਰ ਨਹੀਂ ਸੀ ਲਾਉਣਾ।

ਉਹ ਸਹਿਜ ਵਿਚ ਨਹੀਂ ਸੀ ਬੋਲ ਰਿਹਾ ਉਸ ਨੂੰ ਵਾਰ ਵਾਰ ਦਸਣਾ ਪੈ ਰਿਹਾ ਸੀ ਕਿ ਕਈ ਲੋਕ ਨਿੰਦਿਆ ਕਰਦੇ ਹਨ, ਹਰੇਕ ਧਰਮਾ ਵਿਚ ਰਬ ਦੀ ਬੰਦਗੀ ਵਾਲੇ ਮਹਾਂਪੁਰਖ ਹੋਏ ਹਨ, ਸਾਨੂੰ ਪੌਜ਼ਟਿਵ ਲੈਣਾ ਚਾਹੀਦਾ ਆਦਿ! ਤੇ ਉਸ ਨੂੰ ਪੌਜ਼ਟਿਵ ਦੱਸਣ ਲਈ ਵਿਵੇਕਾਨੰਦ ਦੀ ਪੂਛ ਫੜਨੀ ਪਈ ਤੇ ਮਿਸਾਲ ਗੀਤਾ ਦੀ ਦੇਣੀ ਪਈ।

ਜਦ ਬੰਦਾ ਰੁੜ ਤੁਰਦਾ ਹੈ ਤਾ ਫਿਰ ਉਸ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਹਥ ਪੈਰ ਮਾਰਨ ਦੀ ਉਸ ਦੀ ਕੋਈ ਤਰਕੀਬ ਨਹੀਂ ਰਹਿ ਜਾਂਦੀ। ਪਿੰਦਰਪਾਲ ਤਰਨਾ ਛੱਡ ਕੇ ਰੁੜਨ ਲੱਗ ਪਿਆ। ਇੰਝ ਨਹੀਂ ਹੋਇਆ ਕਿ ਉਸ ਦੀ ਸਮਝ ਵਿਕਾਸ ਕਰ ਗਈ ਤੇ ਉਸ ਨੂੰ ਹੁਣ ਪਤਾ ਲੱਗ ਗਿਆ ਕਿ ਰਾੜੇ ਵਾਲਾ ਬੜਾ ਮਹਾਤਮਾ ਸੀ ਜੋ ਪਹਿਲਾਂ ਮੇਰੇ ਤੋਂ ਲੁੱਕਿਆ ਰਿਹਾ ਬਲਕਿ ਉਸ ਨੂੰ ਲਹਿਰਾਂ ਨੇ ਰੋਹੜ ਖੜਿਆ! ਨਹੀਂ ਤਾਂ ਜਿਸ ਸੰਸਥਾ ਦੀ ਪੌੜੀ ਤੋਂ ਉਹ ਚੜਿਆ ਸੀ ਉਥੇ ਇਹ ਸਭ ਗੱਲਾਂ ਸਪੱਸ਼ਟ ਪੜਾਈਆਂ ਜਾਦੀਆਂ ਹਨ ਕਿ ਕੌਣ ਮਹਾਂਪੁਰਖ ਤੇ ਕੌਣ ਬ੍ਰਹਮਗਿਆਨੀ।

ਭਾਈ ਪਿੰਦਰਪਾਲ ਜੀ ਜਿਸ ਰਾੜੇ ਵਾਲੇ ਦਾ ਭੰਡਪੁਣਾ ਕਰ ਰਹੇ ਸਨ ਉਸ ਬੰਦੇ ਨੇ ਸਿੱਖ ਸਟੇਜਾਂ ਤੋਂ ਸਾਰੀ ਉਮਰ ਸਿੱਖਾਂ ਦੇ ਸਿਰਾਂ ਵਿਚ ਤੂਸ-ਤੂਸ ਕੇ ਪਾਇਆ ਕਿ ਰਾਮ, ਕ੍ਰਿਸ਼ਨ, ਬ੍ਰਹਮਾ, ਵਿਸ਼ਨੂੰ, ਇੰਦਰ ਸ੍ਰਿਸ਼ਟੀ ਦੇ ਭਗਵਾਨ ਸਨ। ਨਾਰਦ ਤਾਂ ਰਾੜੇ ਵਾਲੇ ਦਾ ਫੇਵਰਟ ਹੀਰੋ ਸੀ। ਨਾਰਦ ਤੋਂ ਬਿਨਾ ਤਾਂ ਰਾੜੇ ਵਾਲੇ ਦੀ ਕਹਾਣੀ ਹੀ ਪੂਰੀ ਨਹੀਂ ਸੀ ਹੁੰਦੀ ਕੋਈ। ਚਲੋ ਬਾਕੀ ਤਾਂ ਖਾਧੀ ਕੜੀ, ਪਿੰਦਰਪਾਲ ਹੁਰੀਂ ਰਾੜੇ ਵਾਲੇ ਦੀ ਕਥਾ ਕਰਨ ਲੱਗੇ ਉਸ ਦੇ ਭੋਰੇ ਵਿਚਲੀਆਂ ਜੁੱਤੀਆਂ, ਛੱਤਰੀਆਂ, ਖੂੰਡੀਆਂ ਅਤੇ ਟਾਇਲਟਾਂ ਤਾਂ ਚੁਕਾ ਆਉਂਦੇ ਜਿਥੇ ਸਿੱਖਾਂ ਦੇ ਸਿਰ ਰਗੜਵਾਏ ਜਾ ਰਹੇ ਹਨ।

ਤੁਹਾਨੂੰ ਜਾਪਦਾ ਕਿ ਪਿੰਦਰਪਾਲ ਨੇ ਤ੍ਰਿਆ ਚਰਿਤਰ ਨਾ ਪੜਿਆ ਹੋਵੇਗਾ? ਤੇ ਪੜ੍ਹਕੇ ਉਸ ਨੂੰ ਕੀ ਹੁਲਾਰਾ ਆਇਆ ਕਿ ਉਸ ਨੂੰ ਦੁਬਾਰਾ ਦੁਬਾਰਾ ਦੁਹਰਾਉਂਣਾ ਪੈ ਰਿਹਾ ਹੈ ਕਿ ਇਹ ਚਰਿਤਰ ਤਾਂ ਹਰੇਕ ਘਰ ਵਿਚ ਵਰਤਦੇ ਹਨ। ਸਵਾਲ ਬੜਾ ਸਾਦਾ ਪਰ ਭਾਈ ਪਿੰਦਰਪਾਲ ਜੀ ਨੂੰ ਦੁੱਖੀ ਕਰਨ ਵਾਲਾ ਹੈ ਕਿ ਕੀ ਖਸਮ ਤੋਂ ਮਹਿੰਦੀ ਲਵਾ ਕੇ ਯਾਰ ਨਾਲ ਖੇਹ ਖਾਣ ਵਾਲਾ ਚਰਿੱਤਰ ਕਦੇ ਭਾਈ ਸਾਹਬ ਹੁਰਾਂ ਦੇ ਵਰਤਿਆ ਹੈ? ਖਸਮ ਨੂੰ ਮੰਜੇ ਹੇਠ ਵਾੜ ਕੇ ਯਾਰ ਨਾਲ ਮੰਜਾ ਤੋੜਨ ਵਾਲਾ? ਪਿੰਦਰਪਾਲ ਜੀ ਨੇ ਅਪਣੇ ਬਚਿਆਂ ਜਾਂ ਬਚੀਆਂ ਨੂੰ ਔਰਤਾਂ ਦੇ ਚਰਿਤਰਾਂ ਤੋਂ ਜਾਗੁਰਕ ਕਰਨ ਲਈ ਕਦੇ ਭੰਗ ਪੀ ਕੇ ਮੰਜੇ ਤੋੜਨ ਵਾਲੀਆਂ ਕਹਾਣੀਆਂ ਸੁਣਾਈਆਂ? ਤਾਂ ਫਿਰ ਇਹ ਗੁਰੂ ਦੀ ਬਾਣੀ ਕਿਵੇਂ ਹੋਈ ਜਿਸ ਲਈ ਭਾਈ ਜੀ ਹੁਰੀਂ ਅੱਡੀਆਂ ਚੁੱਕ ਚੁੱਕ ਕਿਲ੍ਹ ਰਹੇ ਹਨ? ਕੋਈ ਮੂਰਖ ਜਾਂ ਜਾਹਲ ਬੰਦਾ ਇਹ ਗੱਲ ਕਰੇ ਤਾਂ ਆਈ ਗਈ ਹੋ ਸਕਦੀ ਪਰ ਪਿੰਦਰਪਾਲ ਵਰਗਾ ਪ੍ਰਚਾਰਕ ਇਨੀਆਂ ਗੈਰ-ਜਿੰਮੇਵਾਰ ਗੱਲਾਂ ਕਰੇ ਤੇ ਉਹ ਵੀ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ?

ਬੀਬਾ ਕਬੁੂਤਰ ਤੁਸੀਂ ਕੀਹਨੂੰ ਕਹਿੰਨੇ? ਜਦ ਉਹ ਛੱਤਰੀ ਤੇ ਬੈਠ ਗੁਟਕੂੰ ਗੁਟਕੂੰ ਕਰਨ ਲੱਗ ਜਾਏ। ਪਿੰਦਰਪਾਲ ਕਿਉਂਕਿ ਬਾਦਲਾਂ ਦੀ ਛੱਤਰੀ ਤੇ ਬੈਠ ਚੁੱਕਾ ਹੋਇਆ ਤੇ ਹੁਣ ਉਹ ਅਪਣੀ ਉਥੇ ਹੋ ਰਹੀ ਗੁਟਕੂੰ ਗੁਟਕੂੰ ਨੂੰ ਜਾਸਟੀਫਾਈ ਕਰਨ ਲਈ ਤ੍ਰਿਆ ਚਰਿਤਰ ਦਾ ਸਹਾਰਾ ਲੈ ਰਿਹਾ ਹੈ ਕਿਉਂਕਿ ਉਸ ਨੂੰ ਪਤੈ ਕਿ ਇਕ ਧਿਰ ਐਸੀ ਹੈ ਜਿਹੜੀ ਦਸਮ ਗਰੰਥ ਮੁੱਦੇ ਉਪਰ ਇਨੀ ਅੰਨਹੀਂ ਹੋ ਕੇ ਚਲ ਰਹੀ ਹੈ ਕਿ ਇਹ ਆਰ.ਐਸ.ਐਸ ਦੇ ਰੁਲਦਿਆਂ ਵਰਗਿਆਂ ਦੇ ਕੁੱਛੜ ਬੈਠੇ ਠਾਕੁਰ ਸਿਓ ਵਰਗਿਆਂ ਨੂੰ ਵੀ ਤਾਜੇ ਕੜਾਹ ਵਾਂਗ ਵੰਡੀ ਜਾ ਰਹੀ ਹੈ। ਉਸ ਨੂੰ ਹੁਣ ਕੱਟੜ ਹਿੰਦੂ ਦੇ ਐਲਾਨੀਆਂ ਯਾਰ ਬਾਦਲ ਵੀ ਮਾੜੇ ਨਹੀਂ ਲੱਗ ਰਹੇ ਅਤੇ ਉਸ ਦੇ ਸਾਜੇ ਨਿਵਾਜੇ ਲੂੰਗੀਆਂ ਵਾਲੇ ਵੀ ਕੌਮ ਦੇ ਸਿਰਮੌਰ ਜਾਪ ਰਹੇ ਹਨ। ਭੰਗ ਪੀਣੇ ਤੇ ਬੱਕਰੇ ਵੱਡ ਵੱਡ ਡਲੇ ਖਾਣੀਆਂ ਨਿਹੰਗਾਂ ਦੀਆਂ ਵਿਹਲੜ ਧਾੜਾਂ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ ਜਾਪ ਰਹੀਆਂ ਹਨ। ਪਿੰਦਰਪਾਲ ਇਸ ਨਬਜ ਨੂੰ ਸਮਝਦਾ ਤੇ ਉਹ ਇਸ ਧਿਰ ਨੂੰ ਅਪਣੇ ਹੱਕ ਵਿਚ ਭੁਗਤਾਉਣ ਲਈ ਤ੍ਰਿਆ ਚਰਿਤਰਾਂ ਨੂੰ ਘਰਾਂ ਤੱਕ ਲੈ ਗਿਆ ਹੈ।

ਬੜੀ ਪ੍ਰਚਲਤ ਕਹਾਣੀ ਹੈ ਸ਼ਿਬਲੀ ਦੇ ਫੁੱਲ ਵਾਲੀ। ਜੀਸਸ ਨੂੰ ਦੁੱਖ ਇਸ ਗੱਲ ਦਾ ਸੀ ਕਿ ਯਾਰ ਤੂੰ ਤਾਂ ਮੈਨੂੰ ਜਾਣਦਾ ਸੀ। ਤੈਨੂੰ ਤਾਂ ਮੇਰਾ ਪਤਾ ਸੀ। ਪਰ ਤੂੰ ਵੀ? ਚਾਹੇ ਫੁੱਲ ਦੀ ਕੋਈ ਸੱਟ ਨਹੀਂ ਸੀ ਪਰ ਸ਼ਿਬਲੀ ਦਾ ਹੱਥ ਤਾਂ ਉਠਿਆ ਨਾ! ਠਾਕੁਰ ਸਿਓ, ਰੰਧਾਵੇ, ਪਿਹੋਵੇ, ਢੱਡਰੀ, ਨਾਨਕਸਰੀਏ, ਰਾੜੇ-ਰਤਵਾੜੇ, ਨਿਹੰਗ, ਟਕਸਾਲੀ, ਅਖੰਡ ਕੀਰਤਨੀ, ਚਲੋ ਇਹ ਤਾਂ ਹੋਏ ਪਰ ਪਿੰਦਰਪਾਲ ਵਰਗੇ ਦਾ ਜਦ ਹੱਥ ਉਠੇਗਾ ਤਾਂ ਕੌਮ ਦੀ ਰੂਹ ਕੁਰਲਾਏਗੀ ਹੀ ਨਾ। ਜੀਸਸ ਕਹਿੰਦੇ ਸ਼ਿਬਲੀ ਤੈਨੂੰ ਤਾਂ ਪਤਾ ਸੀ। ਪਿੰਦਰਪਾਲ ਨੂੰ ਤਾਂ ਪਤਾ ਸੀ। ਜੀਸਸ ਕਹਿੰਦੇ ਸ਼ਿਬਲੀ ਤੂੰ ਤਾਂ ਗਿਆਨੀ ਸੀ, ਤੂੰ ਤਾਂ ਮੇਰੇ ਬਾਰੇ ਜਾਣਦਾ ਸੀ। ਪਿੰਦਰਪਾਲ ਤਾਂ ਗਿਆਨੀ ਸੀ, ਪਿੰਦਰਪਾਲ ਤਾਂ ਜਾਣਦਾ ਸੀ। ਪਰ ਉਹ ਜਾਣਦਾ ਹੋਇਆ ਵੀ ਤ੍ਰਿਆ ਚਰਿਤਰਾਂ ਨੂੰ ਜਾਣ ਬੁਝ ਕੇ ਦੁਹਰਾ ਰਿਹਾ ਤਾਂ ਕਿ ਬਾਦਲਾਂ ਦਾ ਚਹੇਤਾ ਬਣੇ ਰਹਿਣ ਦੇ ਬਾਵਜੂਦ ਉਹ ਜਿਉਂਦਾ ਰਹਿ ਸਕੇ ਪਰ ਉਸ ਨੂੰ ਇਨਾ ਪਤਾ ਨਹੀਂ ਲੱਗ ਰਿਹਾ ਕਿ ਕਮਲਿਆ ਰੂਹ ਤੋਂ ਸੱਖਣਾ ਕਲਬੂਤ ਲਾਸ਼ ਤਾਂ ਕਿਹਾ ਜਾ ਸਕਦਾ ਪਰ ਜਿਉਂਦਾ ਮਨੁੱਖ ਨਹੀਂ! ਤੇ ਲਾਸ਼ਾਂ ਨਾਲ ਤਾਂ ਪਹਿਲਾਂ ਹੀ ਕੌਮ ਮੇਰੀ ਦਾ ਵਿਹੜਾ ਭਰਿਆ ਪਿਆ ਹੈ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top