Share on Facebook

Main News Page

ਚੋਰਾਂ ਮਗਰ ਕੁੱਤੇ...?
- ਗੁਰਦੇਵ ਸਿੰਘ ਸੱਧੇਵਾਲੀਆ

ਕਹਿੰਦੇ ਨੇ ਬੰਦੇ ਦਾ ਸਭ ਤੋਂ ਪਹਿਲਾ ਪਾਲਤੂ ਅਤੇ ਵਫਾਦਾਰ ਕੁੱਤਾ ਹੋਇਆ ਹੈ। ਕੁੱਤਾ ਸਿਆਣਾ ਜਾਨਵਰ ਮੰਨਿਆ ਜਾਂਦਾ ਹੈ। ਕੁੱਤਾ ਤੁਸੀਂ ਚੋਰਾਂ ਤੋਂ ਰਾਖੀ ਲਈ ਰੱਖਦੇ ਸੀ। ਕੁੱਤੇ ਵਿਚ ਗੁਣ ਵੀ ਹਨ ਤੇ ਪਰ ਕਹਿੰਦੇ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਪਰ ਬਾਬਾ ਫੌਜਾ ਸਿੰਘ ਸੋਚਦਾ ਸੀ ਕਿ ਚਲੋ ਨਾ ਹੋਵੇ ਵਿੰਗੀ ਵੀ ਕਿਹੜੀ ਮਾੜੀ ਲੱਗਦੀ।

ਹੁਣੇ ਖਬਰ ਸੀ ਕਿ ਗੋਆ ਵਿਖੇ ਕਾਲੀਆਂ ਨੂੰ ਕੁੱਤਿਆਂ ਨੇ ਭਜਾਇਆ। ਉਝਂ ਕੁੱਤਾ ਦੋ ਤਰ੍ਹਾਂ ਖਫਾ ਹੁੰਦਾ। ਇਕ ਤਾਂ ਜੇ ਉਸ ਦੇ ਇਲਾਕੇ ਵਿਚ ਕੋਈ ਦੂਜਾ ਕੁੱਤਾ ਆਣ ਵੜੇ ਜਾਂ ਕੁੱਤਾ ਚੋਰ ਮਗਰ ਦੋੜਦਾ। ਹੁਣ ਤੁਸੀਂ ਸੋਚੋ ਕਿ ਕੁੱਤਿਆਂ ਦੇ ਇਲਾਕੇ ਵਿਚ ਓਪਰੇ ਕੁੱਤੇ ਆਣ ਵੜੇ ਜਾਂ ਚੋਰ?

ਬਾਬਾ ਫੌਜਾ ਸਿੰਘ ਸੋਚਦਾ ਸੀ ਕੁੱਤਾ ਵਾਕਿਆ ਹੀ ਸਿਆਣਾ ਹੈ। ਪੰਜਾਬ ਦੇ ਲੋਕਾਂ ਕੋਲੋਂ ਚੋਰ ਪਛਾਣ ਨਹੀਂ ਹੋਏ ਤੇ ਉਨ੍ਹਾਂ ਦੂਹਰੀ ਵਾਰ ਤਖਤ ਉਪਰ ਬੈਠਾ ਦਿੱਤੇ ਪਰ ਕੁੱਤਿਆਂ ਫੱਟ ਪਛਾਣ ਲਏ। ਪਰ ਬਾਬਾ ਫੌਜਾ ਸਿੰਘ ਅਗੇ ਇਕ ਦੂਜਾ ਸਵਾਲ ਆਣ ਖੜਾ ਹੋਇਆ ਕਿ ਪੰਜਾਬ ਦੇ ਕੁੱਤਿਆਂ ਕੋਲੋਂ ਚੋਰ ਕਿਉਂ ਨਾ ਪਛਾਣ ਹੋਏ! ਕਿਤੇ ਕੁੱਤੇ ਵੀ ਤਾਂ ਬੰਦਿਆਂ ਵਾਲਾ ਕੰਮ ਤਾਂ ਨਹੀਂ ਕਰਨ ਲੱਗ ਪਏ!

ਕਹਿੰਦੇ ਚੋਰਾਂ ਦੇ ਇਕ ਗਰੋਹ ਨੇ ਕਿਸੇ ਜਿੰਮੀਦਾਰ ਦੇ ਘਰ ਚੋਰੀ ਕਰਨ ਦਾ ਮਨ ਬਣਾਇਆ ਪਰ ਜਿੰਮੀਦਾਰ ਦਾ ਕੁੱਤਾ ਬੜਾ ਜਬਰਨ ਸੀ। ਉਸ ਦੀਆਂ ਧੁੰਮਾ ਸਨ ਇਲਾਕੇ ਵਿਚ ਕਿ ਕੋਈ ਦੇਖ ਨਹੀਂ ਸੀ ਸਕਦਾ ਜਿੰਮੀਦਾਰ ਦੇ ਘਰ ਵਲ। ਚੋਰਾਂ ਦਾ ਸਰਦਾਰ ਕਹਿੰਦਾ ਕਿ ਅੱਜ ਰਾਤ ਇਸ ਘਰ ਚੋਰੀ ਹੋਵੇਗੀ। ਸਾਥੀਆਂ ਕਿਹਾ ਕਿ ਸਰਦਾਰ ਇਨ੍ਹਾਂ ਦੇ ਕੁੱਤੇ ਨਹੀਂ ਲੰਘਣ ਦੇਣਾ, ਪਾੜ ਦਊਗਾ, ਰਿਸਕ ਬੜਾ ਹੈ। ਪਰ ਸਰਦਾਰ ਨਾ ਮੰਨਿਆ ਤੇ ਸਵੇਰੇ ਸਾਰੇ ਪਿੰਡ ਵਿਚ ਧੁੰਮਾਂ ਪੈ ਗਈਆਂ ਕਿ ਜਿੰਮੀਦਾਰ ਦੇ ਘਰ ਚੋਰੀ ਹੋ ਗਈ ਹੈ!! ਸਾਰਾ ਪਿੰਡ ਬੜਾ ਹੈਰਾਨ ਕਿ ਕੁੱਤੇ ਦੇ ਹੁੰਦਿਆਂ ਚੋਰੀ?

ਤੇ ਆਖਰ ਕੁੱਤੇ ਦਾ ਭਾਈਚਾਰਾ ਯਾਨੀ ਬਾਕੀ ਕੁੱਤੇ ਉਸ ਨੂੰ ਪੁੱਛਣ ਆਏ ਕਿ ਗੱਦਾਰਾ ਤੂੰ ਰਾਤੀਂ ਭੌਂਕਿਆ ਨਹੀਂ, ਸਾਰੇ ਭਾਈਚਾਰੇ ਦਾ ਨਾਮ ਬਦਨਾਮ ਕਰ ਦਿੱਤਾ ਈ। ਜਿੰਮੀਦਾਰ ਦਾ ਕੁੱਤਾ ਨੀਵੀਂ ਜਿਹੀ ਪਾ ਕੇ ਕਹਿਣ ਲੱਗਾ, ਕਿ ਭਰਾਵੋ ਕੀ ਦੱਸਾਂ ਮੈਂ ਕੰਧ ਟੱਪਣ ਵਾਲੇ ਦੀਆਂ ਲੱਤਾਂ ਫੜਨ ਹੀ ਵਾਲਾ ਸੀ ਕਿ ਉਸ ਚੋਂਦਾ-ਚੋਂਦਾ ਉਪਰੋਂ ਕੀਮੇ ਦਾ ਪਰਾਉਂਠਾ ਸੁੱਟ ਦਿੱਤਾ। ਮੇਰੇ ਮੂੰਹ ਵਿਚ ਪਾਣੀ ਆ ਗਿਆ। ਮੈਂ ਸੋਚਿਆ ਚਲ ਖਾ ਕੇ ਨਿਪਟਦੇ ਇਸ ਨਾਲ ਉਸ ਦੂਜਾ ਫਿਰ ਸੁੱਟ ਦਿੱਤਾ। ਫਿਰ ਅੱਧਾ ਤੇ ਜਦ ਮੈਂ ਚਾਟੇ ਲੱਗ ਗਿਆ ਤਾਂ ਬੁਰਕੀ-ਬੁਰਕੀ ਕਰਕੇ ਲੱਗਾ ਸੁੱਟਣ ਤੇ ਮੇਰੇ ਰੱਜਣ ਤੱਕ ਚੋਰ ਅਪਣਾ ਕੰਮ ਕਰ ਗਏ ਤੇ ਦੱਸੋ ਮੈਂ ਭੌਂਕਦਾ ਕਿਹੜੇ ਵੇਲੇ?

ਕੁੱਤੇ ਦੇ ਭਾਈਚਾਰੇ ਵਾਲੇ ਬੜੇ ਦੁੱਖੀ ਹੋਏ ਤੇ ਉਸ ਨਾਲੋਂ ਸਦਾ ਲਈ ਨਾਤਾ ਤੋੜਦੇ ਕਹਿਣ ਲੱਗੇ ਦੁਰ ਫਿੱਟੇ ਮੂੰਹ ਤੇਰੇ! ਕੀਤਾ ਨਾ ਬੰਦਿਆਂ ਵਾਲਾ ਕੰਮ?

ਬਾਬਾ ਫੌਜਾ ਸਿੰਘ ਨੂੰ ਯਾਦ ਏ ਇਕ ਵਾਰ ਪੁਲਿਸ ਦੇ ਇੱਕ ਕੁੱਤੇ ਨੇ ਟਰੰਟੋ ਵਿਖੇ ਵੀ ਇੱਕ ਮਹਾਂਪਰੁਖ ਦਾ ਹੱਥ ਪਾੜ ਖਾਧਾ ਸੀ। ਉਸ ਕੀ ਸਮਝ ਕੇ ਇੰਝ ਕੀਤਾ ਹੋਵੇਗਾ? ਪਛਾਣ ਹੀ ਲਿਆ ਨਾ ਉਸ? ਕੁੱਤਾ ਪਛਾਣ ਲੈਂਦਾ ਹੈ ਬਈ। ਨਹੀਂ?

ਕੁੱਤੇ ਤੋਂ ਯਾਦ ਆਇਆ ਸਾਡੇ ਇਥੇ ਟਰੰਟੋ ਦੀ ਸੜਦੀ ਧਰਤੀ ਨੂੰ ਅੱਜ ਕੱਲ ਹਰੀ ਜੀ ਮਹਾਂਪਰੁਖ ਭਾਗ ਲਾ ਰਹੇ ਹਨ ਯਾਨੀ ਅਪਣੀਆਂ ਗੱਪਾਂ ਨਾਲ ਲੁਕਾਈ ਨੂੰ ਠੰਡ ਪਾ ਰਹੇ ਹਨ। ਉਨ੍ਹਾਂ ਵੀ ਕੁੱਤੇ ਦੀ ਇੱਕ ਬੜੀ ਅਜੀਬੋ-ਗਰੀਬ ਕਹਾਣੀ ਸੁਣਾਈ। ਉਹ ਮਹਾਂਪੁਰਖ ਹੀ ਕੀ ਹੋਇਆ ਜਿਸ ਅੰਬਰਾਂ ਤੋਂ ਤਾਰੇ ਨਾ ਤੋੜੇ। ਇਕ ਵਾਰ ਇਨਹੀਂ ਤਾਰਾ ਤੋੜ ਕੇ ਲਿਆਂਦਾ ਕਿ ਉਹ ਕਿਸੇ ਨਗਰ ਵਿਚ ਅੰਮ੍ਰਿਤ ਸੰਚਾਰ ਕਰ ਰਹੇ ਸਨ ਕਿ ਕਮਰੇ ਵਿਚ ਇੱਕ ਕੁੱਤਾ ਵੜ ਆਇਆ। ਕੁੱਤੇ ਦੇ ਵੜਨ ਤੇ ਫੜਨ ਦਾ ਨਕਸ਼ਾ ਖਿੱਚਿਆ ਕਿਤੇ ਬਾਬਾ ਜੀ ਨੇ! ਸਵਾਦੋ ਸਵਾਦ ਕਰ ਦੇਣ ਵਾਲੀ ਕਹਾਣੀ ਸੀ। ਜਿਵੇਂ ਕਹਿ ਰਹੇ ਸਨ ਕਿ ਮੈਂ ਅੱਖਾਂ ਵਿਚ ਅੱਖਾਂ ਪਾਈਆਂ, ਫਿਰ ਅੱਖਾਂ ਮਿਲਾਈਆਂ, ਫਿਰ ਅੱਖਾਂ ਚਾਰ ਹੋਈਆਂ, ਫਿਰ ਅੱਖਾਂ ਨੇ ਇਸ਼ਾਰਾ ਕੀਤਾ ਤੇ ਫਿਰ ਅੱਖਾਂ ਇੱਕ ਹੋ ਗਈਆਂ ਤੇ ਕੁੱਤਾ ਬੜੇ ਅਰਾਮ ਨਾਲ ਸਾਡੇ ਆਖੇ ਲੱਗ ਅੰਮ੍ਰਿਤ ਛੱਕ ਕੇ ਗਿਆ?? ਪਰ ਹੈਰਾਨੀ ਕਿ ਉਸ ਹਰੀ ਜੀ ਨੂੰ ਕਿਵੇਂ ਪਛਾਣ ਲਿਆ? ਜਰੂਰ ਪਿੱਛਲੇ ਜਨਮ ਦਾ ਕੋਈ ਸਬੰਧ ਰਿਹਾ ਹੋਵੇਗਾ।

ਹਾਲੇ ਸ਼ੁਕਰ ਕਰੋ ਬਾਬਾ ਜੀ ਨੇ ਅਗਲੀ ਕਹਾਣੀ ਨਹੀਂ ਕੱਢ ਮਾਰੀ ਕਿ ਭਾਈ ਇਹ ਕੋਈ ਤ੍ਰੇਤੇ ਯੁੱਗ ਦੀ ਗੱਲ ਹੈ, ਕਿ ਅਸੀਂ ਕਿਸੇ ਨਗਰ ਵਿਚ ਗਜਾ ਕਰਨ ਗਏ ਤਾਂ ਸਾਨੂੰ ਇੱਕ ਕੁੱਤਾ ਪੈ ਗਿਆ। ਉਸ ਸਾਡੀ ਲੂੰਗੀ ਲੀਰਾਂ ਕਰ ਮਾਰੀ। ਗੁੱਸੇ ਵਿਚ ਆਇਆਂ ਅਸੀਂ ਉਸ ਨੂੰ ਸਰਾਫ ਦਿੱਤਾ ਕਿ ਦੁਸ਼ਟਾ ਤੂੰ ਕੁੱਤਾ ਹੀ ਰਹੇਂਗਾ। ਕੁੱਤੇ ਦੀ ਜੂਨ ਤੋਂ ਤੇਰਾ ਕਦੇ ਛੁਟਕਾਰਾ ਨਹੀਂ ਹੋਵੇਗਾ ਤੇ ਤੂੰ ਇੰਝ ਹੀ ਭੌਂਕਦਾ ਰਹੇਂਗਾ। ਸਾਡਾ ਸਰਾਫ ਸੁਣਕੇ ਕੁੱਤਾ ਸਾਡੇ ਚਰਨਾ ਤੇ ਡਿੱਗ ਪਿਆ ਕਿ ਮਹਾਂਪੁਰਖੋ ਗਲਤੀ ਹੋ ਗਈ। ਕੁੱਤੇ ਦੀ ਇਨੀ ਲੰਮੀ ਜੂਨ ਵਿਚ ਤਾਂ ਮੈਂ ਬੋਰ ਹੋ ਜਾਵਾਂਗਾ, ਕ੍ਰਿਪਾ ਕਰੋ ਬਖਸ਼ ਲਓ ਇਸ ਘੋਰ ਪਾਪ ਤੋਂ ਮੈਨੂੰ। ਤਾਂ ਭਾਈ ਅਸਾਂ ਦਿਆਲ ਹੋ ਕੇ ਉਸ ਨੂੰ ਵਰ ਦਿੱਤਾ ਕਿ ਕੁੱਤੇ ਭਾਈ ਕਲਯੁੱਗ ਵਿਚ ਅਸੀਂ ਹਰੀ ਜੀ ਦੇ ਰੂਪ ਵਿਚ ਆਵਾਂਗੇ ਤੇ ਤੂੰ ਸਾਡੇ ਕੋਲੋਂ ਅੰਮ੍ਰਤਿ ਦਾ ਚੁਲਾ ਲੈ ਕੇ ਮੁਕਤ ਹੋਵੇਂਗਾ ਉਨਾ ਚਿਰ ਤੈਨੂੰ ਕੁੱਤਾ ਹੀ ਬਣਿਆ ਰਹਿਣਾ ਪਵੇਗਾ! ਸੋ ਭਾਈ ਇਹ ਉਹੀ ਤ੍ਰੇਤੇ ਯੁੱਗ ਵਾਲਾ ਕੁੱਤਾ ਸੀ ਜਿਸ ਸਾਡੀ ਲੂੰਗੀ ਪਾੜੀ ਸੀ?

ਜੋ ਵੀ ਹੈ ਕੁੱਤਾ ਸਿਆਣਾ ਜਾਨਵਰ ਹੈ, ਉਸ ਕਾਲੀਆਂ ਮਗਰ ਦੌੜ ਕੇ ਇਹ ਸਾਬਤ ਕਰ ਦਿੱਤਾ, ਕਿ ਉਹ ਚੋਰਾਂ ਨੂੰ ਪਛਾਣਦੇ ਹਨ ਤੇ ਹਾਲੇ ਉਹ ਬੰਦਿਆਂ ਵਰਗੇ ਨਹੀਂ ਹੋਏ! ਕਿ ਹੋਏ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top