ਪਿੱਛਲੇ
ਸਮੇਂ ਤੋਂ ਲੱਚਰ ਗਾਇਕੀ ਵਿਰੁਧ ਇਕ ਅੱਗ ਜਿਹੀ ਸੁਲਘ ਰਹੀ ਸੀ, ਜਿਸ ਦੇ ਨਤੀਜੇ ਵਜੋਂ
ਟਰੰਟੋ ਵਿਖੇ ਲੋਕਾਂ ਵਿੱਚ ਕਾਫੀ ਜਾਗਰਤੀ ਆਈ ਅਤੇ ਦੋਹਾਂ ਨਗਰ ਕੀਰਤਨਾਂ ਉਪਰ ਕੋਈ ਛੇ
ਹਜਾਰ ਤੋਂ ਉਪਰ ਲੋਕਾਂ ਨੇ ਪਟੀਸ਼ਨ ਸਾਈਨ ਕਰਕੇ, ਪੰਜਾਬੀ ਬੋਲੀ ਅਤੇ ਸਭਿਆਚਾਰ ਵਿਚ ਘੋਲੇ
ਜਾ ਰਹੇ ਗੰਦ ਵਿਰੁਧ ਅਪਣੀ ਰਾਇ ਦਿੱਤੀ। ਲੋਕਾਂ ਦਾ ਪੁਟੀਸ਼ਨ ਸਾਇਨ ਕਰਨ ਵੇਲੇ ਉਤਸ਼ਾਹ ਅਤੇ
ਟਿੱਪਣੀਆਂ ਤੋਂ ਜਾਪਦਾ ਸੀ ਕਿ ਲੋਕ ਹਾਲੇ ਇਨੇ ਨਹੀਂ ਸੁੱਤੇ ਜਿੰਨਾ ਲੱਚਰਤਾ ਦੇ ਵਪਾਰੀਆਂ
ਸਮਝ ਲਿਆ ਹੈ।
ਪਾਠਕਾਂ ਨੂੰ ਸ਼ਾਇਦ ਯਾਦ ਹੋਵੇ ਕਿ ਪਿੱਛਲੇ ਸਮੇਂ ਤੋਂ ਇਹ ਗੱਲ ਚਲ
ਰਹੀ ਹੈ, ਕਿ ਚਲੋ ਤੀਆਂ ਤਾਂ ਹੋ ਗਈਆਂ, ਮੇਲਾ ਵੀ ਹੋ ਗਿਆ ਪਰ ਬੀਬੀਆਂ ਦੇ ਪ੍ਰੋਗਰਾਮ
ਵਿਚ ‘ਮੇਲ’ ਗਾਇਕਾਂ ਦਾ ਕੀ ਕੰਮ? ਦੂਜੀ ਗੱਲ ਕਿ ਇਹ ਮੇਲਾ ਪਹਿਲਾਂ ਬੀਬੀਆਂ ਕਰਾਇਆ
ਕਰਦੀਆਂ ਸਨ, ਪਰ ਬੀਬੀਆਂ ਦਾ ਮੇਲਾ ‘ਮਰਦਾਂ’ ਖੋਹ ਲਿਆ? ਔਰਤਾਂ ਵਾਲੇ ਕੰਮ ਜਦ ਬੰਦੇ ਕਰਨ
ਲੱਗ ਜਾਣ ਤਾਂ ਉਨ੍ਹਾਂ ਬੰਦਿਆ ਉਪਰ ਕੀ ਸ਼ੱਕ ਨਹੀਂ ਹੋ ਜਾਣਾ ਚਾਹੀਦਾ?
ਤੇ ਇੱਕ ਗੱਲ ਹੋਰ ਕਿ ਜਦ ਔਰਤਾਂ ਨਚੱਦੀਆਂ ਵਿੱਚ ਬੰਦੇ ਸ਼ਾਮਲ ਹੋ
ਜਾਣ, ਤਾਂ ਉਨ੍ਹਾਂ ਨੂੰ ਕੀ ਕਹੀਦਾ? ਮੁਸ਼ਟੰਡੇ? ਕੋਈ ਪੁੱਛਣ ਵਾਲਾ ਨਹੀਂ ਰਿਹਾ, ਕਿ ਲੋਕਾਂ
ਦੀਆਂ ਧੀਆਂ-ਭੈਣਾਂ ਵਿਚ ਮੁਸ਼ਟੰਡਿਆਂ ਦਾ ਕੀ ਕੰਮ?
ਪਿੱਛਲੇ ਸਾਲ ਤੀਆਂ ਦੇ ਮੇਲੇ ਵੇਲੇ ਇਸ ਗੱਲੇ ਮੁਜ਼ਾਹਰਾ ਹੋਇਆ ਸੀ,
ਕਿ ਤੀਆਂ ਦੇ ਮੇਲੇ ਵਿਚ ‘ਮੇਲ’ ਗਾਇਕ ਨਹੀਂ ਹੋਣੇ ਚਾਹੀਦੇ। ਤੇ ਕੁਝ ਸੁਹਰਿਦ ਸੱਜਣਾਂ
ਮੁਜ਼ਾਹਰਾ ਕਰਨ ਵਾਲਿਆਂ ਨੂੰ ਕਿਹਾ ਸੀ, ਕਿ ਤੁਹਾਨੂੰ ਇਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ
ਸੀ। ਤੇ ਪਾਠਕਾਂ ਨੂੰ ਯਾਦ ਹੋਵੇ ਕਿ ਲੋਕ ਜਾਗਰਤੀ ਮੰਚ ਦੇ ਨਾਮ ਹੇਠ ਲੱਚਰਤਾ ਵਿਰੁਧ
ਲਾਮਬੰਦੀ ਫਰਵਰੀ ਮਹੀਨੇ ਹੀ ਹੋਣੀ ਸ਼ੁਰੂ ਹੋ ਗਈ ਸੀ, ਜਿਸ ਵਿਚ ਲੋਕਾਂ ਨੂੰ ਖੁਲ੍ਹਾ ਸੱਦਾ
ਦਿੱਤਾ ਗਿਆ ਸੀ, ਅਤੇ ਜਿਸ ਕੁਝ ਇਕ ਪ੍ਰਮੋਟਰ ਵੀ ਸ਼ਾਮਲ ਹੋਏ ਸਨ। ਪਰ ਇਸ ਸਭ ਦੇ ਬਾਵਜੂਦ
ਜੇ ਅੱਜ ਕੁਝ ਲੋਕ ਤੀਆਂ ਵਿਚ ‘ਮੇਲ’ ਗਾਇਕਾਂ ਨੂੰ ਨਚਾਉਂਣ ਅਤੇ ਗੰਦ ਪਾਉਣ ਲਈ ਬਜ਼ਿਦ ਹਨ,
ਤਾਂ ਇਸ ਨੂੰ ਜਾਣ ਬੁੱਝ ਕੇ ਟਕਰਾਅ ਵਾਲਾ ਰਸਤਾ ਅਖਤਿਆਰ ਕਰਨਾ ਸਮਝਣਾ ਚਾਹੀਦਾ ਹੈ।