Share on Facebook

Main News Page

ਕੁੜੀਆਂ ਖਾਣੇ?
-
ਗੁਰਦੇਵ ਸਿੰਘ ਸੱਧੇਵਾਲੀਆ

ਕੁੱਤੇ ਨੇ ਬੰਦੇ ਨੂੰ ਵੱਡ ਲਿਆ, ਇਹ ਕੋਈ ਖ਼ਬਰ ਨਹੀਂ। ਬੰਦੇ ਨੇ ਕੁੱਤੇ ਨੂੰ ਵੱਡ ਲਿਆ, ਇਹ ਖ਼ਬਰ ਬਣ ਜਾਂਦੀ ਹੈ! ਕੁਝ ਇਦਾ ਦੀ ਹੀ ਖ਼ਬਰ ਬਾਬਾ ਫੌਜਾ ਸਿੰਘ ਸੁਣ ਰਿਹਾ ਸੀ ਸੌਦੇ ਸਾਧ ਬਾਰੇ ਕਿ ਉਸ ਨੇ ਬੰਦੇ ਨੇ ਕੁੱਤੇ ਨੂੰ ਵੱਡ ਲਿਆ ਵਰਗੀ ਖ਼ਬਰ ਬਣਾਉਂਣ ਲਈ ਇਦਾਂ ਦਾ ਵਿਆਹ ਕੀਤਾ ਜਿਸ ਵਿਚ ਕੁੜੀ ਮੁੰਡੇ ਨੂੰ ਵਿਆਹੁਣ ਆਈ। ਬਕਾਇਦਾ ਬਰਾਤ ਲੈ ਕੇ ਆਈ ਤੇ ਮੁੰਡਾ ਵਿਆਹ ਲੈ ਗਈ। ਕਾਰਨ? ਕਾਰਨ ਕਿ ਅਖੇ ਇਸ ਨਾਲ ਭਰੂਣ ਹੱਤਿਆ ਰੋਕਣ ਵਿਚ ਸਹਾਇਤਾ ਹੋਵੇਗੀ।

ਬਾਬਾ ਫੌਜਾ ਸਿੰਘ ਨੂੰ ਜੇ ਕਿਸੇ ਪੁੱਛਣਾ ਹੋਵੇ ਕਿ ਭਰੂਣ ਹੱਤਿਆ ਕਿਵੇਂ ਰੁੱਕ ਸਕਦੀ ਹੈ, ਤਾਂ ਬਾਬਾ ਇਸ ਦਾ ਸੌਖਾ ਇਲਾਜ ਦੱਸੇਗਾ ਕਿ ਸਾਰੇ ਮੁਲਖ ਦੇ ਸਾਧ ਕੰਨਟੇਨਰਾਂ ਵਿਚ ਪਾ ਕੇ ਸਮੁੰਦਰ ਵਿਚ ਸੁੱਟ ਦਿਓ ਭਰੂਣ ਹੱਤਿਆ ਰੁੱਕ ਜਾਵੇਗੀ। ਸਭ ਸਾਧਾਂ ਦੇ ਡੇਰਿਆਂ ਦੀ ਹੋਲੀ ਜਲਾ ਦਿਓ ਭਰੂਣ ਹੱਤਿਆ ਰੁਕ ਜਾਵੇਗੀ। ਡੇਰਿਆਂ ਤੇ ਮੁੰਡੇ ਵਿਕਦੇ ਹਨ, ਧਾਰਮਿਕ ਗਰੰਥਾਂ ਵਿਚ ਮੁੰਡੇ ਵਿਕਦੇ ਹਨ, ਤੇ ਜਦ ਵਿਕਦੇ ਹੀ ਮੁੰਡੇ ਹਨ ਤਾਂ ਕੁੜੀਆਂ ਤਾਂ ਲੋਕੀਂ ਮਾਰਨਗੇ ਹੀ। ਮਾਰਕਿਟ ਹੀ ਮੁੰਡਿਆਂ ਦੀ ਹੈ ਕੁੜੀਆ ਕੌਣ ਚਾਹੇਗਾ। ਸਭ ਧਰਮ ਗੁਰੁ ਮੁੰਡੇ ਦੀ ਗੱਲ ਕਰਦੇ ਹਨ, ਮੁੰਡਾ ਹੀ ਦਿੰਦੇ ਹਨ, ਇਸ ਮੁਲਖ ਦੇ ਧਾਰਮਿਕ ਗਰੰਥ ਵੀ ਖੁਦ ਮੁੰਡੇ ਤੋਂ ਹੀ ਗਤੀ ਹੋਣ ਬਾਰੇ ਦੱਸਦੇ ਤਾਂ ਕੁੜੀਆਂ ਮਰਨੋਂ ਤੁਸੀਂ ਕਿਵੇ ਰੋਕ ਲਵੋਂਗੇ। ਬਾਬਾ ਸੋਚ ਰਿਹਾ ਸੀ ਮੁੰਡੇ ਨਾਲ ਸੱਚਮੁਚ ਗਤੀ ਹੋ ਜਾਂਦੀ ਹੈ?

ਬਾਬਾ ਫੌਜਾ ਸਿੰਘ ਦਾ ਗੁਆਂਢੀ ਹੈ ਪਿੱਛਲੀਆਂ ਗਰਮੀਆਂ ਵਿਚ ਜਦ ਉਹ ਸਾਰਾ ਟੱਬਰ ਬਾਹਰ ਕੁਰਸੀਆਂ ਲਾ ਕੇ ਬੈਠੇ ਸਨ ਕਿ ਉਨ੍ਹਾਂ ਦਾ ਇੱਕ ਗੁਆਂਢੀ ਬਜ਼ੁਰਗ ਬਾਬੇ ਨੇ ਉੱਚੀ ੳਚੀ ਗੱਲਾਂ ਕਰਦਾ ਸੁਣਿਆ ਤੇ ਵਿਚੇ ਉਹ ਰੋਣ ਲੱਗ ਜਾਂਦਾ।ਬਾਅਦ ਵਿਚ ਬਾਬੇ ਨੇ ਜਦ ਗੁਆਂਢੀ ਨੂੰ ਪੁੱਛਿਆ ਤਾਂ ਉਸ ਦੱਸਿਆ ਕਿ ਮੁੰਡੇ ਨੇ ਕੁੱਟ ਕੇ ਘਰੋਂ ਕੱਢ ਦਿੱਤਾ ਹੈ। ਫੇਰ? ਫੇਰ ਕੀ ਉਸ ਸਾਡੇ ਘਰੋਂ ਕੁੜੀ ਨੂੰ ਫੋਨ ਕੀਤਾ ਤੇ ਉਹ ਚੁੱਕ ਕੇ ਲੈ ਗਈ ਹੈ!!

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਅਸੀਂ ਜੜ੍ਹ ਨਹੀਂ ਫੜਦੇ ਟਾਹਣੀਆਂ ਨੂੰ ਚਿੰਬੜੇ ਹਾਂ। ਜਿੰਨੇ ਮਰਜੀ ਕਨੂੰਨ ਬਣਾ ਲਏ ਜਾਣ ਕੁੜੀਆਂ ਦਾ ਮਰਨਾ ਨਹੀਂ ਰੁਕ ਸਕਦਾ ਕਿਉਂਕਿ ਮੁੰਡੇ-ਕੁੜੀ ਦੇ ਵਿਤਕਰੇ ਦੀ ਜੜ੍ਹ ਤਾਂ ਸਭ ਤੋਂ ਪਹਿਲਾਂ ਬ੍ਰਹਾਮਣ ਦੇ ਧਾਰਮਿਕ ਗਰੰਥਾਂ ਵਿਚ ਹੈ ਜਿਥੇ ਉਹ ਬਾ-ਦਲੀਲ ਦੱਸਦਾ ਕਿ ਮੁੰਡਾ ਹੀ ਪਿੱਛੋਂ ਮਾਪਿਆਂ ਦੀ ਗਤੀ ਕਰਨ ਦਾ ਹੱਕਦਾਰ ਹੈ। ਬਾਬਾ ਸੋਚ ਰਿਹਾ ਸੀ ਜਿਹੜਾ ਮਨੁੱਖ ਜਿਉਂਦੇ ਜੀਅ ਖੁਦ ਨਹੀਂ ਗਤ ਹੋ ਸਕਿਆ ਉਸ ਨੂੰ ਮਰਨ ਤੋਂ ਬਾਅਦ ਗਤ ਕਰਨਾ ਸਮਝ ਤੋਂ ਬਾਹਰ ਹੈ ਪਰ ਚਲ ਛੱਡੋ ਬ੍ਰਹਾਮਣ ਜੀ ਮਹਾਰਾਜ ਦੇ ਤਾਂ ਸਭ ਕੰਮ ਹੀ ਸਮਝੋਂ ਬਾਹਰ ਹਨ ਪਰ ਮੁੰਡਾ ਹੀ ਗਤੀ ਕਰੂ, ਇਹੀ ਜੜ੍ਹ ਹੈ ਕੁੜੀਆ ਮਾਰਨ ਦੀ। ਜਿੰਨਾ ਮਨੁੱਖਤਾ ਦਾ ਘਾਣ ਹੁੰਦਾ ਰਿਹਾ ਜਾਂ ਵਿਤਕਰਾ ਹੁੰਦਾ ਰਿਹਾ ਉਸ ਦੀ ਜੜ੍ਹ ਬ੍ਰਹਾਮਣ ਦੇ ਆਖੇ ਜਾਂਦੇ ਧਾਰਮਿਕ ਗਰੰਥ ਹੀ ਹਨ। ਚਾਹੇ ਸ਼ੂਦਰ ਕਹਿਕੇ ਮਨੁੱਖ ਉਪਰ ਜੁਲਮ ਹੋਵੇ, ਚਾਹੇ ਸਤੀ ਕਹਿਕੇ ਔਰਤ ਨੂੰ ਜਿਉਂਦੇ ਸਾੜਿਆ ਜਾਂਦਾ ਹੋਵੇ, ਚਾਹੇ ਭਰੂਣ ਹੱਤਿਆ ਹੋਵੇ, ਚਾਹੇ ਸਾਰੇ ਮੁਲਕ ਦੇ ਪੱਥਰਾਂ ਨੂੰ ਸਿਰ ਮਾਰਦੀ ਲੁਕਾਈ ਲੁੱਟੀ ਜਾ ਰਹੀ ਹੋਵੇ, ਚਾਹੇ ਰੰਗ-ਬਰੰਗੇ ਸਾਧ ਲੁਕਾਈ ਦਾ ਸ਼ੌਸ਼ਣ ਕਰ ਰਹੇ ਹੋਣ, ਸਭ ਦੀ ਬੁਨਿਆਦ ਬ੍ਰਹਾਮਣ ਦੇ ਮਨੁੱਖ ਨੂੰ ਦਿੱਤੇ ਗਏ ਧਾਰਮਿਕ ਗਰੰਥ ਹਨ।

ਬਾਬਾ ਸੋਚ ਰਿਹਾ ਸੀ ਗੁਆਂਢੀ ਦੀ ਸ਼ਕਲ ਨਹੀਂ ਅਕਲ ਦਾ ਅਸਰ ਤਾਂ ਬੰਦੇ ਉਪਰ ਪੈਂਦਾ ਹੀ ਹੈ ਤੇ ਇਹ ਅਸਰ ਸਿੱਖਾਂ ਉਪਰ ਸਪੱਸ਼ਟ ਦਿੱਸ ਰਿਹਾ ਹੈ ਜਿਸ ਦੇ ਧਾਰਮਿਕ ਗਰੰਥ ਯਾਨੀ ਸ੍ਰੀ ਗੁਰੁ ਗਰੰਥ ਸਾਹਿਬ ਵਿਚ ਕਿਤੇ ਇਕ ਥਾਂ ਵੀ ਮੁੰਡੇ ਤੋਂ ਗਤੀ ਹੋਣਾ ਨਹੀਂ ਕਿਹਾ ਪਰ ਅਸ਼ਕੇ ਜਾਈਏ ਬਹਿਰੂਪੀਏ ਪੰਡੀਏ ਦੇ ਜਿਸ ਗੋਲ ਪੱਗਾਂ ਬੰਨ ਸਿੱਖਾਂ ਦੇ ਸਿਰਾਂ ਉਪਰ ਵੀ ਆਣ ਆਸਣ ਜਮਾਏ ਅਤੇ ਗੁਰੂ ਸਹਿਬਾਨਾ ਨੂੰ ਵੀ ਇਕ ਮੁੰਡੇ ਵੰਡਣੇ ਸਾਧ ਵਾਂਗ ਪੇਸ਼ ਕਰਕੇ ਸਿੱਖਾਂ ਹੱਥੋਂ ਕੁੜੀਆਂ ਦੇ ਕਤਲ ਕਰਾਏ।

ਬਾਬਾ ਫੌਜਾ ਸਿੰਘ ਨੂੰ ਯਾਦ ਏ ਬਾਬਾ ਕਿਸੇ ਦੇ ਸੱਦੇ ਤੇ ਕਿਸੇ ਮੁੰਡੇ ਦੇ ਜਨਮ ਦਿਨ ਤੇ ਗਿਆ ਜਿਹੜਾ ਗੁਰੂ ਘਰ ਮਨਾਇਆ ਜਾ ਰਿਹਾ ਸੀ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਅਤੇ ਘਰ ਵਾਲਿਆਂ ਅਪਣੇ ਇਲਾਕੇ ਵਿਚੋਂ ਆਇਆ ਹੋਇਆ ਇਕ ਢਾਡੀ ਜਥਾ ਵੀ ਲਾ ਲਿਆ। ਉਨ੍ਹਾ ਕਿਤੇ ਰੰਗ ਬੰਨਿਆ ਮੁੰਡੇ ਦਾ! ਬਾਬਾ ਫੌਜਾ ਸਿੰਘ ਨੂੰ ਜਾਪਿਆ ਇਹ ਬਾਹਾਂ ਮਾਰਦੇ ਮਨੁੱਖ ਦੇ ਹੱਥ ਪਤਾ ਨਹੀਂ ਕਿੰਨੀਆਂ ਧੀਆਂ ਦੇ ਲਹੂਆਂ ਨਾਲ ਰੰਗੇ ਹੋਏ ਹਨ। ਬਾਬੇ ਨੂੰ ਉਹ ਸਾਖਯਾਤ ਕੁੜੀਆਂ ਦਾ ਕਾਤਲ ਜਾਪ ਰਿਹਾ ਸੀ ਜਿਵੇਂ ਉਹ ਮਾਵਾਂ ਦੀਆਂ ਕੁੱਖਾਂ ਵਿਚੋਂ ਧੀਆਂ ਨੂੰ ਕੱਢ ਕੱਢ ਕੇ ਕੋਹ ਰਿਹਾ ਹੋਵੇ। ਬਾਬੇ ਨੂੰ ਗੁਜਰਾਤ ਵਿਚ ਨਰਿੰਦਰ ਮੋਦੀ ਵਲੋਂ ਮੁਸਲਮਾਨਾ ਦੇ ਕਤਲੇਆਮ ਵੇਲੇ ਦੀ ਇਕ ਖ਼ਬਰ ਵਰਗਾ ਜੱਲਾਦ ਜਾਪ ਰਿਹਾ ਸੀ ਉਹ ਢਾਡੀ ਜਿਸ ਵਿਚ ਇਕ ਗਰਭਵਤੀ ਔਰਤ ਦਾ ਢਿੱਡ ਇੱਕ ਹਿੰਦੂ ਨੇ ਚਾਕ ਕਰਕੇ ਉਸ ਵਿਚਲਾ ਜਿਉਂਦਾ ਬੱਚਾ ਬਾਹਰ ਕੱਢ ਕੇ ਟੋਕੇ ਨਾਲ ਵੱਡ ਸੁੱਟਿਆ ਸੀ।

ਬਾਬਾ ਸੋਚ ਰਿਹਾ ਸੀ ਕਿ ਕੁੜੀਆਂ ਦੇ ਕਾਤਲਾਂ ਵਿਚ ਜਿਥੇ ਡੇਰੇਦਾਰ ਜਿੰਮੇਵਾਰ ਹਨ ਉਥੇ ਰਾਗੀ-ਢਾਡੀ ਪ੍ਰਚਾਰਕਾਂ ਤੋਂ ਇਲਾਵਾ ਗੁਰਦੁਆਰਿਆ ਦੇ ਪ੍ਰਬੰਧਕ ਵੀ ਜਿੰਮੇਵਾਰ ਹਨ ਜਿਹੜੇ ਅਪਣੇ ਵਪਾਰ ਦੇ ਹਿੱਤਾਂ ਨੂੰ ਮੁੱਖ ਰੱਖਕੇ ਇਨ੍ਹਾਂ ਨੂੰ ਓਸ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੁਰੀ ਵਿਚ ਕੁਫਰ ਤੋਲਣੋਂ ਨੱਥ ਨਹੀਂ ਪਾਉਂਦੇ ਜਿਸ ਦੇ ਸਭ ਤੋਂ ਪਹਿਲੇ ਸ੍ਰੀ ਗੁਰੂ ਨਾਨਕ ਸਹਿਬ ਨੇ ਅਪਣੀ ਸਕੀ ਭੈਣ ਨੂੰ ਵੀ ਕਿਸੇ ਮੁੰਡਾ ਹੋਣ ਦਾ ਕੋਈ ਵਰ ਨਹੀਂ ਸੀ ਦਿੱਤਾ ਬਲਕਿ ਲਿੰਗ ਅਤੇ ਜਾਤੀ ਭੇਦ ਤੋਂ ਬੜੀ ਸਖਤੀ ਨਾਲ ਰੋਕਿਆ ਸੀ।

ਬਾਬਾ ਫੌਜਾ ਸਿੰਘ ਹੈਰਾਨ ਹੈ ਕਿ ਪ੍ਰਬੰਧਕਾਂ ਨੇ ਰੋਕਣਾ ਤਾਂ ਕੀ ਏ ਉਹ ਤਾਂ ਖੁਦ ਜਲ ਕਰ-ਕਰ ਦੇ ਰਹੇ ਮੁੰਡਿਆਂ ਦਾ ਅਤੇ ਬਾਬਾ ਬੁੱਢਾ ਜੀ ਦੇ ਜਨਮ ਦਿਨ ਤੇ ਮਿੱਸੇ ਪ੍ਰਸਾਦੇ, ਗੰਡੇ ਅਤੇ ਲੱਸੀਆਂ ਦੇ ਲੰਗਰ ਲਈ ਉਤਸ਼ਾਹਤ ਕਰ ਰਹੇ ਹਨ। ਬਾਬੇ ਨੂੰ ਪਤਾ ਏ ਮਾਲਟਨ ਦਾ ਨਵਾ ਬਣਿਆ ਸੰਤ ਯਾਨੀ ਮਹੰਤ ਕਿਵੇਂ ਮੁੰਡਿਆਂ ਦੇ ਵਰ ਦਿੰਦਾ ਅਤੇ ਕਹਾਣੀਆਂ ਸੁਣਾ ਕੇ ਲੋਕਾਂ ਦੀ ਮਾਨਸਿਕਤਾ ਨੂੰ ਬਿਮਾਰ ਕਰਦਾ ਹੈ। ਬਾਬੇ ਨੂੰ ਯਾਦ ਏ ਇਕ ਨਗਰ ਕੀਰਤਨ ਤੇ ਧੀਆਂ ਖਾਣਾ ਇਹ ਸਾਧ ਨਗਰ ਕੀਰਤਨ ਧੁਰ ਪਹੁੰਚਣ ਤੇ ਹਜਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਵਿਚ ਘੋੜੇ ਦੇ ਪੌੜ ਮਾਰ ਕੇ ਸਤ ਮੁੰਡਿਆਂ ਵਾਲੀ ਕਹਾਣੀ ਸੁਣਾ ਕੇ ਬੀਬੀਆਂ ਨੂੰ ਉਤਸ਼ਾਹਤ ਕਰ ਰਿਹਾ ਸੀ ਮੈਂ ਸਤ ਭਵੇਂ ਨਾ ਸਹੀਂ ਇਕ ਅੱਧਾ ਤਾਂ ਦੇ ਹੀ ਸਕਦਾਂ! ਨਹੀਂ?

ਇਹ ਕੁਫਰ ਹੈ, ਮੱਕੇ ਵਿਚੋਂ ਕੁਫਰ ਵਾਲੀ ਕਹਾਣੀ ਹੈ। ਗੁਰੂ ਘਰ ਵਿਚ, ਗੁਰੂ ਦੀ ਹਜੂਰੀ ਵਿਚ ਜਿਹੜਾ ਕੇਵਲ ਮੁੰਡੇ ਦੀ ਗੱਲ ਕਰੇ ਉਸ ਨੂੰ ਸਟੇਜ ਤੋਂ ਲਾਹ ਦੇਣਾ ਬਣਦਾ ਹੇੈ ਅਤੇ ਲੋਕਾਂ ਨੂੰ ਉਨ੍ਹਾਂ ਪ੍ਰਬੰਧਕਾਂਾ ਅਤੇ ਪ੍ਰਚਾਰਕਾਂ ਦਾ ਸਿਆਪਾ ਕਰਨਾ ਚਾਹੀਦਾ ਜਿਹੜੇ ਗੁਰੁ ਜੀ ਦੀ ਹਜੂਰੀ ਵਿਚ ਕੁਫਰ ਤੋਲਕੇ ਕੁੜੀਆਂ ਦੇ ਕਤਲਾਂ ਦਾ ਕਾਰਨ ਬਣ ਰਹੇ ਹਨ ਕਿਉਂਕਿ ਸ੍ਰੀ ਗੁਰੂ ਜੀ ਦੀ ਬਾਣੀ ਕਿਸੇ ਜਾਤੀ ਜਾਂ ਲਿੰਗ ਭੇਦ ਨੂੰ ਨਹੀਂ ਮੰਨਦੀ! ਕਿ ਮੰਨਦੀ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top