Share on Facebook

Main News Page

ਹਮ ਆਹੇਂ ਭੀ ਭਰਤੇ ਹੈਂ ਤੋ
- ਗੁਰਦੇਵ ਸਿੰਘ ਸੱਧੇਵਾਲੀਆ

ਗੁਲਾਮ ਦਾ ਕੀ ਹੁੰਦਾ? ਹੁੰਦਾ ਕੁਝ? ਗੁਲਾਮ ਰੋਣਾ ਵੀ ਚਾਹੇ ਤਾਂ ਕਿਸੇ ਨੂੰ ਕੀ ਫਿਕਰ? ਗੁਲਾਮ ਨਾਲ ਕਿਸੇ ਦੀ ਕੋਈ ਹਮਦਰਦੀ ਨਹੀਂ। ਗੁਲਾਮ ਦੋ ਅੱਥਰੂ ਵੀ ਨਹੀਂ ਕੇਰ ਸਕਦਾ। ਗੁਲਾਮ ਆਹ ਵੀ ਕਿਉਂ ਭਰਨੀ ਚਾਹੁੰਦਾ! ਗੁਲਾਮ ਦੀ ਭਰੀ ਹੋਈ ਆਹ ਵੀ ਮਾਲਕ ਦੇ ਮੱਥੇ ਤਿਊੜੀਆਂ ਚਾੜ੍ਹ ਦਿੰਦੀ ਹੈ। ਗੁਲਾਮ ਦੀ ਗ੍ਹਲ ਉਪਰ ਡਿੱਗਿਆ ਅੱਥਰੂ ਵੀ ਮਾਲਕ ਨੂੰ ਗਵਾਰਾ ਨਹੀਂ।

ਅਸੀਂ ਸਾਡਾ ਹੱਕ ਰਾਹੀਂ ਇੱਕ ਹਉਕਾ ਲੈਣ ਦਾ ਨਿਮਾਣਾ ਜਿਹਾ ਯਤਨ ਹੀ ਕੀਤਾ ਸੀ। ਪਰ ਗੁਲਾਮ ਹਉਕਾ ਵੀ ਕਿਉਂ ਲੈ ਜਾਵੇ। ਤੁਸੀਂ ਬਾਦਲਾਂ ਨੂੰ ਦੋਸ਼ ਦੇ ਰਹੇ ਹੋਂ ਬਿਨਾ ਇਸ ਗੱਲ ਨੂੰ ਸਮਝੇ ਕਿ ਸਾਡਾ ਹਿੰਦੂ ਨਾਲ ਰਿਸ਼ਤਾ ਕੀ ਹੈ। ਐਵੇਂ ਮੂਰਖਾਂ ਦੀ ਦੁਨੀਆਂ ਦੇ ਵਸਨੀਕ ਹਨ, ਉਹ ਲੋਕ ਜਿਹੜੇ ਹਿੰਦੂ ਸਿੱਖ ਦਾ ਨਹੁੰ-ਮਾਸ ਦਾ ਰਿਸ਼ਤਾ ਧੱਕੇ ਨਾਲ ਹੀ ਜੋੜੀ ਜਾ ਰਹੇ ਹਨ। ਭਰਾਵੋ ਗੁਲਾਮ ਤੇ ਮਾਲਕ ਕਦੇ ਨਹੁੰ-ਮਾਸ ਹੋਏ ਹਨ? ਨਹੁੰ-ਮਾਸ? ਨਹੁੰ-ਮਾਸ ਇੰਝ ਦਾ ਹੁੰਦਾ? ਨਹੁੰ ਤੇ ਮਾਸ ਤਾਂ ਇਕ ਦੂਜੇ ਲਈ ਤੜਫਦਾ, ਪਰ ਇਧਰ ਤਾਂ ਹਉਕਾ ਵੀ ਨਹੀਂ ਲੈਣ ਦਿੱਤਾ ਜਾ ਰਿਹਾ ਤਾਂ ਫਿਰ ਨਹੁੰ-ਮਾਸ ਕਿਵੇਂ ਹੋਇਆ?

ਹਿੰਦੂ ਸਾਡਾ ਮਾਲਕ ਹੈ ਤੇ ਅਸੀਂ ਉਸ ਦੇ ਗੁਲਾਮ! ਆਹ ਰਿਸ਼ਤਾ ਹੈ ਹਿੰਦੂ ਨਾਲ ਸਾਡਾ! ਇਹ ਗੱਲ ਪੱਕੀ ਹੈ, ਪਰ ਬਹੁਤੀ ਲੁਕਾਈ ਨੂੰ ਸਮਝ ਨਹੀਂ ਆ ਰਹੀ ਤੇ ਉਹ ਨਹੁੰ-ਮਾਸ ਦੇ ਰਿਸ਼ਤੇ ਵਜੋਂ ਸਾਡਾ ਹੱਕ ਜਿਤਾਉਂਣ ਤੁਰ ਪੈਂਦੀ ਹੈ। ਹੱਕ ਤੁਸੀਂ ਕਿਥੇ ਜਿਤਾਉਂਦੇ? ਜਿਥੇ ਕੋਈ ਤੁਹਾਡਾ ਅਪਣਾ ਹੋਵੇ। ਪਰ ਅਪਣਾ ਹੋਣ ਬਾਰੇ ਜੇ ਹਾਲੇ ਵੀ ਕਿਸੇ ਨੂੰ ਭੁਲੇਖਾ ਹੈ, ਤਾਂ ਉਹ ਮੂਰਖਾਂ ਦੀ ਦੁਨੀਆਂ ਵਿਚ ਰਹਿ ਰਿਹਾ। ਨਹੀਂ?

ਗੁਲਾਮ ਚਾਹੇ ਅੱਡੀਆਂ ਤੱਕ ਜੋਰ ਲਾ ਕੇ ਸਾਬਤ ਕਰਦਾ ਰਹੇ ਕਿ ਉਹ ਮਾਲਕ ਦਾ ਵਫਾਦਾਰ ਹੈ ਪਰ ਇਸ ਜੋਰ ਲਾਉਂਣ ਨਾਲ ਮਾਲਕ ਉਸ ਨੂੰ ਅਪਣੇ ਬਰਾਬਰ ਤਾਂ ਨਹੀਂ ਨਾ ਮੰਨ ਸਕਦਾ! ਕਿ ਮੰਨ ਸਕਦਾ? ਸਿੱਖ ਚਾਹੇ ਕਿੱਲ੍ਹ ਕਿੱਲ੍ਹ ਰੌਲਾ ਪਾਉਂਦੇ ਰਹਿਣ ਕਿ ਉਹ ਇਸ ਦੇਸ਼ ਦੇ ਵਫਾਦਾਰ ਹਨ, ਉਹ ਦੇਸ਼ ਦੀ ਅਖੰਡਤਾ ਵਿਚ ਵਿਸਵਾਸ਼ ਰੱਖਦੇ ਹਨ, ਉਹ ਅੱਤਵਾਦੀ ਨਹੀਂ, ਉਹ ਵੱਖਵਾਦੀ ਨਹੀਂ ਪਰ ਗੁਲਾਮ ਦੀ ਕੋਈ ਸੁਣਦਾ? ਹਿੰਦੂ ਮੀਡੀਆ ਤਾਂ ਸਾਈਕਲ ਦੇ ਟਾਇਰ ਫੱਟੇ ਨੂੰ ਬੰਬ ਧਮਾਕਾ ਬਣਾ ਕੇ ਤੁਹਾਡੇ ਗਲੇ ਮੜ੍ਹ ਦਿੰਦਾ। ਤੁਸੀਂ ਕਿਹੜੀ ਵਫਾਦਾਰੀ ਦੀ ਗਲ ਕਰਦੇ?

ਬਾਦਲ ਤਾਂ ਇਕ ਪੁਰਜਾ ਹੈ, ਜਿਹੜਾ ਸਮੁੱਚੀ ਹਿੰਦੂ ਮਸ਼ੀਨ ਨਾਲ ਚਲਦਾ ਹੈ। ਉਸ ਮਸ਼ੀਨ ਨਾਲ ਜਿਸਦੇ ਤਿੱਖੇ ਟੋਕੇ ਲੱਗੇ ਹੋਏ ਹਨ ਘੱਟ ਗਿਣਤੀਆਂ ਦਾ ਕੁੱਤਰਾ ਕਰਨ ਲਈ। ਤੁਸੀਂ ਰੋਣਾ ਕਿਉਂ ਚਾਹੁੰਦੇ? ਤੁਹਾਨੂੰ ਰੋਣ ਦਾ ਹੱਕ ਕੀਹਨੇ ਦਿੱਤਾ? ਤੁਸੀਂ ਅਰਾਮ ਨਾਲ ਬਿਨਾ ਚੀਕ ਚਿਹਾੜਾ ਪਾਏ ਸਿਰ ਹੇਠ ਕਿਉਂ ਨਹੀਂ ਦਿੰਦੇ ਹਿੰਦੂ ਦੇ ਤਿੱਖੇ ਜਬਾੜਿਆਂ ਦੇ? ਗੁਲਾਮ ਨੂੰ ਕਾਹਦੇ ਰੋਣੇ ਚੜੇ ਪਏ ਨੇ? ਬੰਦ ਕਰੋ ਅਪਣੀਆਂ ਇਹ ਸਿਸਕੀਆਂ ਤੇ ਹਉਕੇ! ਇਹ ਦੇਸ਼ ਦੀ ਅਖੰਡਤਾ ਲਈ ਖਤਰਾ ਹਨ!!!!!!

ਇਕ ਨੌਕਰ ਮਾਲਕ ਨਾਲ ਕੋਈ ਅਪਣਾ ਰਿਸ਼ਤਾ ਦੱਸਦਾ ਫਿਰੇ ਤਾਂ ਮਾਲਕ ਕਦੇ ਬਰਦਾਸ਼ਤ ਨਹੀਂ ਕਰੇਗਾ। ਨੌਕਰ ਤੇ ਮਾਲਕ ਦਾ ਰਿਸ਼ਤਾ ਹੋ ਹੀ ਨਹੀਂ ਸਕਦਾ। ਪਰ ਇਕ ਗੁਲਾਮ? ਗੁਲਾਮ ਕਹੇ ਮਾਲਕ ਨਾਲ ਮੇਰਾ ਨਹੁੰ-ਮਾਸ ਦਾ ਰਿਸ਼ਤਾ! ਸਿੱਖ ਕਹੇ ਹਿੰਦੂ ਨਾਲ ਮੇਰਾ ਨਹੁੰ-ਮਾਸ ਦਾ ਰਿਸ਼ਤਾ! ਹਿੰਦੂ ਨੇ ਛਿੱਤਰ ਫੇਰਿਆ ਸਾਨੂੰ ਰੱਜ ਕੇ ਕਿਉਂਕਿ ਗੁਲਾਮ ਹੱਕ ਮੰਗਣ ਦੀ ਗੱਲ ਰਿਹੈ? ਕੁੱਟ ਕੇ ਮੁੜ ਕਲਾਵੇ ਵਿਚ ਲੈ ਕੇ ਘੁੱਟ ਲਿਆ। ਤੇ ਕਈ ਬੇਗੈਰਤ ਲੋਕ ਕੁੱਟ ਖਾ ਕੇ ਵੀ ਹਿੰਦੂ ਸਿੱਖ ਭਾਈ ਭਾਈ ਕਹੀ ਜਾ ਰਹੇ ਹਨ। ਤੇ ਜੇ ਕੋਈ ਬੋਲਦਾ ਤਾਂ ਅਪਣੀ ਬੇਗੈਰਤੀ ਨੂੰ ਜਸਟੀਫਾਈ ਕਰਨ ਲਈ ਮੇਰੇ ਵਰਗੇ ਨੂੰ ਕੱਟੜਵਾਦੀ ਕਹਿ ਕੇ ਪਈਆਂ ਜੁੱਤੀਆਂ ਦੀ ਮਿੱਟੀ ਝਾੜ ਕੇ ਔਹ ਜਾਂਦੇ ਹਨ।

ਹੀ, ਹੀ, ਹੀ, ਨਹੀਂ ਜੀ! ਉਹ ਤਾਂ ਸਾਡੇ ਹੀ ਬੰਦਿਆਂ ਅੰਦਰ ਹਥਿਆਰ ਰੱਖੇ ਸਨ?

ਹੱਕ ਜਿਤਾਉਂਣਾ, ਹੱਕ ਮੰਗਣਾ, ਹੱਕ ਲੈਣਾ, ਹੱਕ ਖੋਹਣਾ! ਸਾਡਾ ਹਿੰਦੂ ਨਾਲ ਰਿਸ਼ਤਾ ਇਹ ਨਹੀਂ ਰਿਹਾ ਕਿ ਅਸੀਂ ਹੱਕ ਜਿਤਾ ਸਕੀਏ, ਨਾ ਇਹ ਕਿ ਅਸੀਂ ਹੱਕ ਮੰਗਣ ਵਲ ਤੁਰੀਏ। ਮੰਗਦਿਆ ਮੰਗਦਿਆਂ ਅਸੀਂ ਹਜਾਰਾਂ ਬੰਦੇ ਮਰਵਾ ਲਏ ਪਰ ਮਿਲਿਆ ਕੁਝ ਨਹੀਂ। ਅਸੀਂ ਇਹ ਸੋਚੀਏ ਕਿ ਹੱਕ ਲੈਣਾ ਕਿਵੇਂ ਤੇ ਜੇ ਨਹੀਂ ਮਿਲਦਾ ਤਾਂ ਖੋਹਣਾ ਕਿਵੇਂ?

ਗੱਲ ਸਾਡਾ ਹੱਕ ਦੀ ਚਲ ਰਹੀ ਸੀ। ਫਿਰ ਉਥੇ ਆਵਾਂ ਕਿ ਤੁਸੀਂ ਰੋਣਾ ਚਾਹੁੰਦੇ ਹੋ, ਤੁਸੀਂ ਆਹ ਭਰਨੀ ਚਾਹੁੰਦੇ ਹੋ ਪਰ ਆਹ ਭਰਨ ਗਏ ਵੀ ਤੁਸੀਂ ਬਦਨਾਮ ਹੋ ਜਾਂਦੇ ਹੋ। ਸਾਡਾ ਹੱਕ ਵਿਚ ਤਾਂ ਭਰਾਵੋ ਦੇਗ ਚੋਂ ਦਾਣਾ ਵੀ ਨਹੀਂ। ਨਹੀਂ ਤਾਂ ਜੋ ਜੋ ਤਸੀਹੇ ਮਾਲ ਮੰਡੀਆਂ ਵਿਚ ਦਿੱਤੇ, ਜਾਂ ਕੋਹ ਕੋਹ ਮਾਰੇ, ਪਿਉਂਆਂ ਨੂੰ ਸਕੀਆਂ ਧੀਆਂ ਉਪਰ ਨੰਗਿਆ ਪਾਇਆ, ਚੱਡੇ ਪਾੜੇ, ਮਿਰਚਾ ਤੁੰਨੀਆਂ, ਖੱਸੀ ਕੀਤੇ ਕੁਝ ਵੀ ਨਹੀਂ ਸਾਡਾ ਹੱਕ ਵਿਚ ਤਾਂ। ਪਰ ਸਾਡੀ ਛੋਟੀ ਜਿਹੀ ਆਹ ਵੀ ਦੇਖੋ ਸਾਨੂੰ ਬਦਨਾਮ ਕਰ ਗਈ।

ਇਹ ਤਾਂ ਜੀ ਅੱਤਵਾਦ ਨੂੰ ਬੜਾਵਾ ਹੈ, ਮਹੌਲ ਖਰਾਬ ਕਰਨ ਲੱਗੇ ਹਨ, ਕਾਨੂੰਨ ਦੇ ਵਿਰੁੱਧ ਹੈ, ਸ਼ਾਂਤੀ ਭੰਗ ਹੋ ਜੂ, ਅੱਗ ਲੱਗ ਜੂ, ਬੰਦ ਕਰੋ ਇਸ ਨੂੰ! ਇਸ ਨੂੰ ਕਹਿੰਦੇ ਹਨ ਗੁਲਾਮ ਦੀ ਆਹ ਜਿਸ ਨੂੰ ਭਰਨ ਲੱਗਾ ਉਹ ਬਦਨਾਮ ਹੋ ਗਿਆ ਹੈ!

ਪਰ ਹੋਰ ਦੇਖੋ, ਤੁਹਾਡੀ ਇਸ ਛੋਟੀ ਜਿਹੀ ਸਿਸਕੀ ਲੈਣ ਦੇ ਹੱਕ ਵਿਚ ਕੋਈ ਨਹੀਂ ਨਿਤਰਿਆ, ਕੋਈ ਨਹੀਂ ਬੋਲਿਆ। ਕੋਈ ਹਿੰਦੂ ਬੋਲਿਆ? ਨਹੁੰ-ਮਾਸ ਦਾ ਰਿਸ਼ਤਾ ਹੈ ਆਖਰ?? ਕੋਈ ਅਗਾਂਹ ਵਧੂ? ਭਗਤ ਸਿੰਘ ਦੇ ਵੈਣ ਪਾ ਕੇ ਅੰਗਰੇਜਾਂ ਨੂੰ ਕੋਸਣ ਵਾਲਿਆਂ ਨੂੰ ਹੁਣ ਨਹੀਂ ਧੱਕਾ ਹੁੰਦਾ ਦਿੱਸਦਾ? ਬੋਲਿਆ ਕੋਈ? ਤੇ ਚਲੋ ਉਨ੍ਹਾਂ ਦੀ ਵੀ ਖਾਧੀ ਕੜ੍ਹੀ! ਕੋਈ ਭੋਰਾ ਬੋਲਿਆ? ਕੋਈ ਸੱਚਖੰਡ? ਕੋਈ ਚਿਮਟਾ? ਕੋਈ ਢੋਲਕੀ? ਸੌਂ ਗਏ ਨਾ ਸਭ ਸੁਸਰੀ ਵਾਂਗ? ਕਿਉਂ? ਕਿਉਂਕਿ ਉਹ ਗੁਲਾਮਾਂ ਦੇ ਵੀ ਗੁਲਾਮ ਹਨ! ਗੁਲਾਮ ਤਾਂ ਸਿੱਧਾ ਹੀ ਵਾਹਿਆ-ਬੀਜਿਆ ਨਹੀਂ ਲੱਭਦਾ ਪਰ ਜਿਹੜੇ ਗੁਲਾਮਾ ਦੇ ਵੀ, ਗੁਲਾਮਾ ਦੇ ਵੀ ਗੁਲਾਮ ਹੋਣ!

ਕੋਈ ਪਿੰਦਰਪਾਲ ਦੀ ਕਥਾ ਨਹੀਂ ਬੋਲੀ, ਕੋਈ ਸ੍ਰੀ ਨਗਰ, ਜਵੱਦੀ, ਕੋਈ ਰੰਗੀਲਾ, ਚਮਕੀਲਾ, ਜਗਾਧਰੀ ਤਾਂ ਚਲੋ ਮਰ ਗਿਆ!

ਪਰ ਭਰਾਵੋ, ਤੁਹਾਨੂੰ ਫਿਰ ਵੀ ਮਾਣ ਹੋਣਾ ਚਾਹੀਦਾ ਕਿ ਤੁਸੀਂ ਲਾਸ਼ਾਂ ਦੇ ਢੇਰ ਵਿੱਚ ਖੜੇ ਵੀ ਲੜੀ ਜਾ ਰਹੇ ਹੋ। ਐਨ ਰੜੇ ਮੈਦਾਨ! ਬਿਨਾ ਕਿਸੇ ਜਰਨੈਲ ਦੇ! ਪਤਾ ਕਿਉਂ? ਗੁਰੂ ਬਾਜਾਂ ਵਾਲਾ ਹਾਲੇ ਸਿੱਖ ਵਿੱਚ ਜਿਊਂਦਾ ਹੈ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top