Share on Facebook

Main News Page

ਹਉਮੈ ਦੀਰਘ ਰੋਗ ਹੈ
-: ਗੁਰਦੇਵ ਸਿੰਘ ਸੱਧੇਵਾਲੀਆ

ਦੀਰਘ ਰੋਗ! ਜਿਸ ਵਿਚੋਂ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ। ਸਭ ਬਿਮਾਰੀਆਂ ਦੀ ਜੜ੍ਹ। ਸਭ ਮੁਸ਼ਕਲਾਂ ਦੀ ਮਾਂ ਹੈ ਹਉਂ। ਸਾਰੀਆਂ ਲੜਾਈਆਂ ਦਾ ਮੁੱਢ ਹੀ ਹਓਂ ਤੋਂ ਬੱਝਦਾ ਹੈ। ਘਰਾਂ ਤੋਂ ਲੈ ਕੇ ਕੌਮਾਂ ਤੱਕ ਤੋਂ ਮੁਲਕਾਂ ਤੱਕ। ਬੰਦਾ ਸਭ ਕੁਝ ਮੈਂ ਦੇ ਘੇਰੇ ਵਿਚ ਵਲਣਾ ਚਾਹੁੰਦਾ, ਸਭ ਕੁਝ ਉਸ ਦਾ ਹੋਵੇ, ਸਭ ਕੋਈ ਉਸ ਦੇ ਕਹੇ ਵਿਚ ਹੋਵੇ, ਜਿਦਾਂ ਮੈਂ ਚਾਹਾਂ, ਜਿਦਾਂ ਮੈਂ ਸੋਚਾਂ ਉਵੇਂ ਬਾਕੀ ਵੀ ਸੋਚਣ। ਦੁਨੀਆਂ ਦੀ ਸਾਰੀ ਚੀਜ, ਸਾਰੀ ਦੌਲਤ ਮੇਰੇ ਘਰ, ਮੇਰੇ ਹੁਕਮ ਵਿਚ ਹੋਵੇ! ਪਰ ਇੰਝ ਕਦੇ ਹੋਇਆ? ਹੋ ਸਕਦਾ ਹੀ ਨਹੀਂ। ਤੇ ਇਥੋਂ ਸ਼ੁਰੂ ਹੁੰਦੀ ਲੜਾਈ।

ਬੰਦਾ ਜਦ ਪੱਥਰ ਜੁੱਗ ਵਿਚ ਸੀ ਉਸ ਨੂੰ ਕੇਵਲ ਢਿੱਡ ਤੱਕ ਮੱਤਲਬ ਸੀ, ਕਿ ਉਹ ਕਿਵੇਂ ਭਰਨਾ ਹੈ। ਜਦ ਢਿੱਡ ਭਰਨ ਤੋਂ ਵਾਧੂ ਹੋਣ ਲੱਗ ਪਿਆ ਫਿਰ ਉਹ ਕਬਜੇ ਵਲ ਤੁਰਿਆ ਤੇ ਜਿਉਂ ਤੁਰਿਆ ਰੁੱਕਿਆ ਹੀ ਨਾ। ਵੱਡੀਆਂ ਲੜਾਈਆਂ, ਭਿਆਨਕ ਜੰਗਾਂ ਅਤੇ ਤਬਾਹੀਆਂ ਨੇ ਮੈਂ ਵਿਚੋਂ ਹੀ ਜਨਮ ਲਿਆ।

ਮਹਾਂਭਾਰਤ ਪਿੱਛੇ ਕੀ ਸੀ? ਰਮਾਇਣ? ਚੰਗੇਜ, ਹਲਾਕੂ, ਔਰੰਗਜੇਬ, ਨਾਦਰ, ਅਬਦਾਲੀ, ਹਿਟਲਰ, ਇੰਦਰਾ, ਰਜੀਵ, ਬੁਸ਼! ਕਿੰਨੀ ਮਨੁੱਖਤਾ ਤਬਾਹ ਕੀਤੀ? ਬੰਬ ਮਾਰੇ, ਤੋਪਾਂ ਵਰਾਈਆਂ, ਧੂੰਆਂ ਹੀ ਧੂੰਆਂ ਕਰ ਮਾਰੀ ਧਰਤੀ! ਜਿਥੇ ਫੁੱਲ ਉਗਣੇ ਸਨ, ਜਿਥੇ ਫਲ ਪੈਦਾ ਹੋਣੇ ਸਨ, ਜਿਥੋਂ ਅੰਨ ਆਉਂਣਾ ਸੀ, ਜੀਵਨ ਮਿਲਣਾ ਸੀ ਜਿਥੋਂ ਉਹ ਧਰਤੀ ਹੀ ਫੂਕ ਮਾਰੀ ਬੰਬਾ ਨਾਲ? ਲੜਾਈ ਕਾਹਦੀ ਸੀ? ਕਬਜੇ ਦੀ ਹੀ ਸੀ ਨਾ! ਤੇ ਕਬਜਾ ਕਿਥੋਂ ਪੈਦਾ ਹੁੰਦਾ? ਕਬਜੇ ਦਾ ਮੁੱਢ ਕੀ ਹੈ? ਹਓਂ! ਮੈਂ!

ਹੋਰ ਦੁਖਾਂਤ ਵੇਖੋ ਕਿ ਧਰਮ ਨੇ ਬੰਦੇ ਦੀ ਹਓਂ ਨੂੰ ਮਾਰਨਾ ਸੀ, ਪਰ ਬੰਦਾ ਲੜਨ ਮਰਨ ਹੀ ਧਰਮ ਦੇ ਨਾਂ ਤੇ ਲੱਗ ਪਿਆ। ਉਸ ਹਓਂ ਨੂੰ ਪਾਲ ਹੀ ਧਰਮ ਦੇ ਨਾਂ ਲਿਆ! ਮੇਰਾ ਧਰਮ ਵੱਡਾ, ਮੇਰਾ ਧਰਮ ਮਹਾਨ, ਮੇਰਾ ਧਰਮ ਸਭ ਦੁਨੀਆਂ ਤੇ ਹੋਵੇ, ਮੇਰੇ ਧਰਮ ਨੂੰ ਸਭ ਦੁਨੀਆਂ ਮੰਨੇ? ਯਾਨੀ ਦਵਾਈ ਨੂੰ ਹੀ ਬਿਮਾਰੀ ਬਣਾ ਲਿਆ! ਅੱਜ ਪੱਛਮ ਤੇ ਪੂਰਬ ਇਕ ਦੂਏ ਵਲ ਬਾਹਾਂ ਟੰਗੀ ਬਰੂਦ ਦੇ ਢੇਰ ਤੇ ਖੜਾ ਹੈ ਜਿਹੜਾ ਕਦੇ ਵੀ ਫੱਟ ਸਕਦਾ ਹੈ। ਮੁਸਲਮਾਨ ਈਸਾਈਅਤ ਦਾ ਬੀਜ ਨਾਸ ਕਰ ਦੇਣਾ ਚਾਹੁੰਦਾ ਤੇ ਈਸਾਈ ਨੂੰ ਮੁਸਲਮਾਨ ਦੇ ਵਾਧੇ ਤੋਂ ਘਬਰਾਹਟ ਹੋ ਰਹੀ ਹੈ। ਹਿੰਦੂ ਸਿੱਖ ਨੂੰ ਨਿਗਲ ਜਾਣਾ ਚਾਹੁੰਦਾ ਤੇ ਉਧਰ ਈਸਾਈ ਹਿੰਦੂ ਦਾ ਕਾਫੀਆ ਤੰਗ ਕਰੀ ਆਉਂਦਾ। ਮੁਸਲਮਾਨ ਦੀ ਵਧਦੀ ਗਿਣਤੀ ਹਿੰਦੂ ਨੂੰ ਨਹੀਂ ਸੌਣ ਦਿੰਦੀ ਤੇ ਉਧਰ ਆਖੇ ਜਾਂਦੇ ਸ਼ੂਦਰ ਹਿੰਦੂ ਦੀ ਚੱਕੀ ਹੇਠ ਪਿੱਸ ਰਹੇ ਨੇ! ਕਾਰਨ ਭਵੇਂ ਪਿੱਛੇ ਰਾਜਨੀਤਕ ਹਨ ਪਰ ਮਨੁੱਖ ਲਈ ਧਰਮ ਹਓਂ ਬਣ ਗਿਆ ਹੈ, ਜਦ ਕਿ ਧਰਮ ਮਨੁੱਖ ਨੂੰ ਸਭ ਤੋਂ ਪਹਿਲਾਂ ਕਹਿੰਦਾ ਹੀ ਹਓਂ ਨੂੰ ਮਾਰਨ ਲਈ ਹੈ!

ਨਿੱਜ ਦੇ ਜੀਵਨ ਵਿਚ ਵੀ ਬੰਦੇ ਨੇ ਧਰਮ ਨੂੰ ਹਓਂ ਬਣਾ ਲਿਆ ਹੈ। ਦੋ ਵੱਜੇ ਉੱਠਣ ਦੀ ਹਓਂ ਹੀ ਉਸ ਨੂੰ ਸੌਣ ਨਹੀਂ ਦਿੰਦੀ। ਬਾਕੀ ਸਭ ਕੀੜੇ-ਮਕੌੜੇ ਤੇ ਸ਼ੂਦਰ ਜਾਂ ਨਰਕਾਂ ਵਿਚ ਜਾਣ ਵਾਲੇ। ਕਈ ਮੇਰੇ ਵਰਗਿਆਂ ਲਈ ਬਹੁਤੀਆਂ ਕਿਤਾਬਾਂ ਪੜੀਆਂ ਹਓਂ ਬਣ ਗਈਆਂ, ਉਹ ਦੂਜਿਆਂ ਨੂੰ ਅਨਪੜ ਗਵਾਰ ਸਮਝ ਕੇ ਸਵਾਦ ਲਈ ਜਾਂਦੇ ਤੇ ਕੁਝ ਸਭ ਕੁਝ ਨੂੰ ਤਰਕ ਸਮਝ ਕੇ ਜੀਵਨ ਦਾ ਹੀ ਤਰਕ ਕੱਢੀ ਜਾਂਦੇ। ਉਨ੍ਹਾਂ ਨੂੰ ਵਿਗਿਆਨ ਦੇ ਬੁਖਾਰ ਨੇ ਬਿਮਾਰ ਕਰ ਦਿੱਤਾ। ਸਭ ਕੁਝ ਜਾਣ ਲੈਣ ਦੀ ਹਓਂ ਦਾ ਭਾਰ ਹੀ ਨਹੀਂ ਚੁੱਕ ਹੁੰਦਾ ਤੇ ਉਹ ਮੂੰਹ ਉਪਰ ਵਲ ਕਰ ਕਰ ਰੱਬ ਨੂੰ ਗਾਹਲਾਂ ਕੱਢਣ ਵਿਚ ਹੀ ਮਨੁੱਖਤਾ ਸਮਝਣ ਲੱਗ ਪਏ ਹੋਏ ਨੇ। ਹਓਂ ਦੇ ਬੜੇ ਰੂਪ ਹਨ, ਬੜੇ ਰੰਗ ਹਨ, ਬੜੇ ਢੰਗਾਂ ਦੀ ਹੈ ਹਓਂ।

ਸਮਝ ਹੀ ਨਹੀਂ ਪੈਂਦੀ ਕਿਹੜੇ ਦਰਵਾਜਿਓਂ ਘੁੱਸ ਜਾਂਦੀ ਹੈ ਇਹ। ਬੰਦੇ ਨੂੰ ਪਤਾ ਹੀ ਨਹੀਂ ਚਲਦਾ ਕਿ ਹਓਂ ਉਸ ਦੇ ਅੰਦਰ ਕਦ ਦੱਬੇ ਪੈਰ ਬਿੱਲੀ ਵਾਂਗ ਅਛੋਪਲੇ ਜਿਹੇ ਹੀ ਛਹਿ ਲਾ ਕੇ ਬਹਿ ਜਾਂਦੀ ਤੇ ਮੁੜ ਬੰਦੇ ਦੀ ਮੂਰਖਤਾ ਦਾ ਤਮਾਸ਼ਾ ਵੇਖ ਵੇਖ ਅੰਦਰ ਬੈਠੀ ਹੱਸਦੀ, ਖੁਸ਼ ਹੁੰਦੀ, ਚੜ-ਗਿਲੀਆਂ ਪਾਉਂਦੀ ਤੇ ਸਾਰੀ ਉਮਰ ਬੰਦੇ ਦੀ ਚੱਕਰੀ ਘੁਮਾਈ ਰੱਖਦੀ! ਹਓਂ ਬੰਦੇ ਨੂੰ ਸੋਚਣ ਦਾ ਮੌਕਾ ਹੀ ਕਿਥੇ ਦਿੰਦੀ ਕਿ ਜਿਹੜੇ ਉਹ ਕੰਮ ਕਰ ਰਿਹਾ ਹੁੰਦਾ ਉਹ ਕੋਈ ਮਾਣ ਕਰਨ ਵਾਲੇ ਨਹੀਂ ਬਲਕਿ ਸ਼ਰਮ ਕਰਨ ਵਾਲੇ ਸਨ! ਮਸਲਨ ਅਪਣੀਆਂ ਔਰਤਾਂ ਨੂੰ ਨਾਚਿਆਂ ਅਗੇ ਪੇਸ਼ ਕਰਨ ਨੂੰ ਹੀ ਮਾਣ ਕਰਨਾ ਸਮਝਣ ਲੱਗ ਪਿਆ ਕਮਲਾ ਮਨੁੱਖ! ਕੋਟਾਂ ਵਿਚ ਜਾ ਕੇ ਗੁਰੂ ਘਰਾਂ ਦੀਆਂ ਕੁਰਸੀਆਂ ਲਈ ਲੜਨ ਉਪਰ ਵੀ ਲੱਜਤ ਹੋਣੋਂ ਹੱਟ ਗਿਆ? ਹਓਂ ਸੋਚਣ ਸ਼ਕਤੀ ਦਾ ਤਾਂ ਭੋਗ ਹੀ ਪਾ ਦਿੰਦੀ ਹੈ ਅਤੇ ਬੰਦਾ ਅਪਣੀਆਂ ਮੂਰਖਤਾਵਾਂ ਨੂੰ ਹੀ ਮਾਣ ਕਰਨ ਵਾਲੀ ਗੱਲ ਸਮਝਦਾ ਚੌੜਾ ਹੋਈ ਰਹਿੰਦਾ! ਨਹੀਂ?

ਘਰਾਂ ਵਿਚ ਕਾਹਦੀ ਲੜਾਈ ਹੈ? ਮੀਆਂ ਬੀਵੀ ਦੀ ਕਾਹਦੀ ਲੜਾਈ? ਤਲਾਕ ਤੱਕ ਗੱਲ ਜਾ ਨਿਬੜਦੀ! ਕਿਉਂ? ਮੈਂ! ਸੋਚ ਨਹੀਂ ਰਲਦੀ, ਖਿਆਲਾਂ ਦਾ ਟਕਰਾਅ ਹੈ। ਖਿਆਲ ਅੱਡ ਹੋ ਸਕਦੇ, ਹੋਣੇ ਚਾਹੀਦੇ ਵੀ ਹਨ। ਕੁਦਰਤ ਦੀ ਇਹੀ ਤਾਂ ਖੂਬਸੂਰਤੀ ਹੈ ਕਿ ਸ਼ਕਲਾਂ ਵੀ ਭਿੰਨ ਤੇ ਅਕਲਾਂ ਵੀ। ਪਰ ਕੀ ਅਸੀਂ ਕਦੇ ਇਸ ਗਲੇ ਲੜੇ ਹਾਂ ਕਿ ਸਾਡੀ ਸ਼ਕਲ ਇੱਕੋ ਜਿਹੀ ਕਿਉਂ ਨਹੀਂ? ਜੇ ਅਸੀਂ ਅਲੱਗ ਅਲੱਗ ਸ਼ਕਲਾਂ ਲੈ ਕੇ ਘੁੰਮਦੇ ਹਾਂ ਤੇ ਸਾਡੀ ਕੋਈ ਲੜਾਈ ਨਹੀਂ ਤਾਂ ਅਕਲ ਤੇ ਆ ਕੇ ਅਸੀਂ ਕਿਉਂ ਫਸ ਪੈਂਦੇ ਹਾਂ? ਜੇ ਮੈਂ ਇਹ ਨਹੀਂ ਸੋਚਦਾ ਕਿ ਸਾਹਵੇਂ ਵਾਲੇ ਦੀ ਸ਼ਕਲ ਮੇਰੇ ਵਰਗੀ ਕਿਉਂ ਨਹੀਂ ਤਾਂ ਮੈਂ ਇਹ ਕਿਉਂ ਸੋਚਦਾਂ ਕਿ ਸਾਹਵੇਂ ਵਾਲੇ ਦੀ ਅਕਲ ਵੀ ਮੇਰੇ ਵਰਗੀ ਹੋਵੇ? ਬੱਅਸ! ਇਹੀ ਲੜਾਈ ਹੈ। ਕਬਜੇ ਦੀ ਲੜਾਈ ਤੋਂ ਬਾਅਦ ਵਿਚਾਰਾਂ ਦੀ ਲੜਾਈ ਸ਼ੁਰੂ ਹੁੰਦੀ। ਪਰ ਹੈ ਦੋਵਾਂ ਪਿੱਛੇ ਹਓਂ! ਦੀਰਘ ਰੋਗ! ਬੜਾ ਔਖਾ ਕਰਦਾ ਬੰਦੇ ਨੂੰ। ਬੜਾ ਪੀੜਾ ਭਰਿਆ ਹੈ ਇਹ ਰੋਗ। ਬੰਦਾ ਸਉਂ ਨਹੀਂ ਸਕਦਾ, ਬੰਦਾ ਖਾ ਨਹੀਂ ਸਕਦਾ। ਅੰਦਰ ਹਓਂ ਦਾ ਕੰਡਾ ਰੜਕਦਾ, ਚੁਬਦਾ। ਜਿਉਂ ਜਿਉਂ ਚਲਦਾ ਹੋਰ ਦੁੱਖੀ ਕਰਦਾ। ਸੋਚਾਂ ਵਿਚ ਸੂਲ ਬਣ ਬਣ ਦੁੱਖਦਾ ਹਓਂ ਦਾ ਕੰਡਾ। ਡਿਪਰੈਸ਼ਨ ਸਟਰੈੱਸ ਮਾਈਗਰੇਨ ਚਿੰਤਾ, ਫਿਕਰ ਕੀ ਹੈ? ਇਹ ਕੰਡਾ! ਚੋਬਾਂ ਮਾਰਦਾ, ਦੁੱਖੀ ਕਰਦਾ ਤੇ ਰੋਗ ਬਣ ਜਾਂਦਾ ਦੇਹ ਦਾ! ਦੇਹ ਨੂੰ ਭੁਗਤਣਾ ਪੈਂਦਾ! ਬਿਮਾਰੀਆਂ ਦੇ ਵਿਕਰਾਲ ਰੂਪ ਵਿਚ ਦੇਹ ਭੁਗਤਦੀ ਇਸ ਹਓਂ ਦੇ ਕੰਡੇ ਦੀ ਪੀੜਾ ਨੂੰ।

ਪਰ ਬਾਬਾ ਜੀ ਅਪਣੇ ਕਹਿੰਦੇ ਕਿ ਘਬਰਾ ਨਾ ਮਨੁੱਖਾ ਇਸ ਬਿਮਾਰੀ ਦਾ ਇਲਾਜ ਵੀ ਹੈ। ਜੇ ਇਹ ਦੀਰਘ ਰੋਗ ਹੈ ਤਾਂ ਇਸ ਦੀ ਦਵਾਈ ਵੀ ਹੈ। ਗੁਰ ਦਾ ਸਬਦ ਕਮਾ ਲੈ, ਗੁਰ ਦਾ ਸਬਦ ਯਾਨੀ ਬੱਚਨ ਮੰਨ ਲੈ ਇਹ ਰੋਗ ਜਾਂਦਾ ਲਗੇਗਾ। ਗੁਰ ਕਾ ਸਬਦ ਕੀ ਹੈ, ਗੁਰ ਕਾ ਬੱਚਨ ਕੀ ਹੈ, ਇਹ ਸਮਝਣ ਲਈ ਕਿਸੇ ਗਰੰਥੀ ਭਾਈ ਨੂੰ ਕਿਰਾਏ ਤੇ ਕਰਨ ਦੀ ਲੋੜ ਨਹੀਂ, ਆਪ ਚਲ ਕੇ ਬੈਠ ਉਹ ਤੈਨੂੰ ਦੱਸ ਦਏਗਾ, ਕਿ ਗੁਰੂ ਕੀ ਕਹਿੰਦਾ ਜਿਸ ਦੇ ਮੰਨਣ ਨਾਲ ਤੇਰਾ ਇਹ ਦੀਰਘ ਰੋਗ ਜਾਂਦਾ ਲੱਗੇਗਾ! ਕੁਝ ਆਪ ਵੀ ਤਾਂ ਹਿੰਮਤ ਕਰ, ਸਾਰੀਆਂ ਗੱਲਾਂ ਮੈਂ ਤਾਂ ਨਹੀਂ ਨਾ ਦੱਸ ਸਕਦਾ! ਕਿ ਦੱਸ ਸਕਦਾਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top