Share on Facebook

Main News Page

ਮੈਂ ਕੀ ਹਾਂ? ਮੈਂ ਕੌਣ ਹਾਂ ?
- ਗੁਰਦੇਵ ਸਿੰਘ ਸੱਧੇਵਾਲੀਆ

ਇਸ ਵਿਸ਼ਾਲ ਕਾਇਨਾਤ ਵਿੱਚ ਮੈਂ ਇਨਾ ਛੋਟਾ ਜਿਹਾ ਇੱਕ ਜ਼ਰਰਾ ਹਾਂ ਜਿਸ ਨੂੰ ਬਹੁਤ ਮੋਟੀ ਖੁਰਦਬੀਨ ਨਾਲ ਵੀ ਮਸੇਂ ਦੇਖਿਆ ਜਾ ਸਕੇ। ਅਰਬਾਂ-ਖਰਬਾਂ ਮੀਲ ਜਾਂ ਗਿਣਤੀ ਤੋਂ ਵੀ ਬਾਹਰੇ ਖੁੱਲ੍ਹੇ ਅਤੇ ਉੱਚੇ ਅਕਾਸ਼ ਵਿੱਚ ਮੈਂ ਕੇਵਲ ਪੰਜ ਤੋਂ ਸਤ ਫੁੱਟ ਤੱਕ ਤੁਰਿਆ ਫਿਰਦਾ ਦੋ ਟੰਗਾਂ ਕਈਆਂ ਪਸ਼ੂਆਂ-ਪੰਛੀਆਂ ਪੱਥਰਾਂ ਦਾ ਸੰਗਰਿਹ ਹਾਂ ਜਿਸ ਦਾ ਕੋਈ ਪਤਾ ਨਹੀਂ ਕਿ ਕਦ ਕਿਹੜੀ ਜੂਨ ਵਿੱਚ ਚਲੇ ਜਾਵਾਂ। ਗੁਰੂ ਕੀ ਸੰਗਤ ਵਿੱਚ ਹੰਸ ਬਣਿਆ ਬੈਠਾ-ਬੈਠਾ ਪਤਾ ਹੀ ਨਹੀਂ ਲੱਗਦਾ ਕਦ ਕਾਂ ਬਣਕੇ ਉੱਡ ਜਾਂਦਾ ਹਾ ਅਤੇ ਦੇਹੀ ਨੂੰ ਉਥੇ ਹੀ ਛੱਡ ਵਿਸ਼ੇ-ਵਿਕਾਰਾਂ ਵਿੱਚ ਠੂੰਗੇ ਮਾਰਨ ਲੱਗਦਾ ਹਾਂ।

ਮੇਰਾ ਕੁੱਝ ਪਤਾ ਨਹੀਂ ਲੱਗਦਾ ਕਦ ਮੈਂ ਚੰਗੇ ਭਲੇ ਮਨੁੱਖ ਤੋਂ ਕਦੇ ਗੱਧਾ ਬਣਕੇ ਕੇ ਲੇਟਣ ਲੱਗਦਾ ਹਾਂ ਅਤੇ ਕਦੇ ਖੂੰਖਾਰ ਭੇੜੀਆ ਬਣਕੇ ਲੋਕਾਈ ਨੂੰ ਪਾੜਨ ਲੱਗਦਾ ਹਾਂ। ਮੈਂ ਕਦੇ ਵੀ ਫੈਸਲਾ ਨਹੀਂ ਕਰ ਸਕਦਾ ਕਿ ਮੈਂ ਕੌਣ ਹਾਂ? ਮੇਰੀ ਦੇਹੀ ਦਾ ਨਾਂ ਅਸਲ ਵਿੱਚ ਮੇਰਾ ਨਾਂ ਨਹੀਂ। ਮੇਰਾ ਇੱਕ ਨਾ ਹੋ ਹੀ ਨਹੀਂ ਸਕਦਾ। ਗੁਰੂ ਮੇਰੇ ਲਈ ਤਾਂ ਹੀ ਕਦੇ ਪਸ਼ੂ ਸੰਬੋਧਨ ਹੁੰਦੇ ਹਨ, ਕਦੇ ਕੁੰਚਰ ਯਾਨੀ ਹਾਥੀ, ਕਦੇ ਸੱਪ, ਕਦੇ ਕਾਂ ਅਤੇ ਕਦੇ ਕੋਈ ਜੂਨ। ਗੁਰੂ ਮੈਂਨੂੰ ਤਾਂ ਮੁੜ ਮੁੜ ਮਨੁੱਖ ਬਣਨ ਨੂੰ ਕਹਿ ਰਹੇ ਹਨ ਕਿਉਂਕਿ ਗੁਰੂ ਜਾਣਦੇ ਹਨ ਕਿ ਐਵੇਂ ਦੇਹੀ ਮੱਨੁਖਾ ਵਾਲੀ ਚੁੱਕੀ ਫਿਰਦਾ ਅੰਦਰ ਇਸਦੇ ਪਸ਼ੂਆਂ ਵਰਗੇ ਵੱਡੇ ਵੱਡੇ ਸਿੰਗ ਨੇ ਇਸਦੇ ਜਿਹੜੇ ਮਾਰਨ ਲੱਗਾ ਵੇਖਦਾ ਹੀ ਕੁੱਝ ਨਹੀਂ ਸਾਹਮਣੇ ਵਾਲੇ ਨੂੰ ਪਾੜ ਕੇ ਸੁਟ ਦਿੰਦਾ ਹੈ।

ਹਾਲੇ ਸ਼ੁਕਰ ਐ ਕਿ ਕੁਦਰਤ ਨੇ ਮੇਰੀ ਲਾਜ ਰੱਖ ਲਈ। ਮੇਰੀਆਂ ਕਰਤੂਤਾਂ ਨਾਲ ਜੇ ਮੇਰੀ ਦੇਹੀ ਵੀ ਬਦਲਦੀ ਰਹਿੰਦੀ ਹੁੰਦੀ ਤਾਂ ਸੜਕਾਂ ਉਪਰ, ਗਲੀਆਂ ਬਜਾਰਾਂ ਵਿੱਚ ਰੰਗ ਬਰੰਗੇ ਪਸ਼ੂਆਂ ਦੀਆਂ ਹੇੜਾਂ ਤੁਰੀਆਂ ਫਿਰਨੀਆਂ ਸਨ। ਤੁਸੀ ਸੋਚ ਸਕਦੇ ਹੋ ਕਿ ਗੁਰਦੁਆਰੇ ਡਰਦਾ ਕੋਈ ਜਾਂਦਾ? ਵੱਡੇ ਵੱਡੇ ਸਿੰਗਾਂ ਨਾਲ ਢੁਡਾਂ ਮਾਰਨ ਲਈ ਤਿਆਰ ਬੈਠੇ ਲੋਕਾਂ ਵਲ ਦੇਖ ਕੌਣ ਮੌਤ ਨੂੰ ਮਾਸੀ ਆਹਦਾ? ਰਾਜਨੀਤਕ ਭੇੜੀਆਂ ਨੂੰ ਦੇਖ ਲੋਕ ਅੰਦਰੀਂ ਨਾ ਵੜ ਜਾਂਦੇ? ਮੇਰੇ ਜਿਹੇ ਕਾਲੇ ਕਾਵਾਂ ਕਾਰਨ ਅਸਮਾਨ ਉਪਰੋਂ ਸੂਰਜ ਦਿਸਦਾ?

ਜਦ ਵੀ ਮੈਂ ਜਾਨਣ ਲਗਾ ਕਿ ਮੈਂ ਕੌਣ ਹਾਂ ਤਾਂ ਅਪਣੇ ਹੀ ਅੰਦਰਲੇ ਕਿਸੇ ਜੰਗਲ ਵਿੱਚ ਗੁਆਚ ਜਾਂਦਾ ਹਾਂ ਜਿਥੇ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਨਸਲਾਂ ਦੇ ਪਸ਼ੁ ਤੁਰੇ ਫਿਰਦੇ ਹਨ। ਮੈਂ ਫਿਰ ਦੁਹਰਾ ਦਿਆਂ ਕਿ ਮੇਰੀ ਦੇਹੀ ਅਸਲ ਵਿੱਚ ਮੈਂ ਨਹੀਂ ਹਾਂ। ਗੁਰੂ ‘ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੇ’ ਕੀਹਨੂੰ ਕਹਿ ਰਹੇ ਹਨ? ਉਹ ਮੈਂਨੂੰ ਹੀ ਕਹਿ ਰਹੇ ਹਨ ਨਾ ਕਿ ਉਹ ਪੱਥਰ ਚੁਕ ਚੁਕ ਕਿਸੇ ਦਰਿਆ ਵਿੱਚ ਸੁਟ ਰਹੇ ਸਨ ਜਿਹੜੇ ਤਰਨ ਲੱਗ ਪਏ ਜਾਂ ਕਿਸੇ ਪ੍ਰੇਤਾਂ ਦੀਆਂ ਹਵੇਲੀਆਂ ਵਿੱਚ ਜਾ ਜਾ ਪ੍ਰੇਤ ਲੱਭਦੇ ਸਨ ਕਿ ਇਨ੍ਹਾ ਨੂੰ ਤਾਰਾਂ! ਉਹ ਮੈਂਨੂੰ ਹੀ ਪੱਥਰ ਬਣ ਚੁੱਕੇ ਨੂੰ ਸਬਦ ਦੇ ਹਥੌੜਿਆਂ ਨਾਲ ਤੋੜਦੇ ਸਨ ਮੱਨੁਖੀ ਜਾਤ ਦਾ ਅਹਿਸਾਸ ਕਰਵਾ ਕੇ ਲੋਕਾਂ ਦੇ ਗਲ ਵੱਡਣ ਵਾਲੇ ਸੱਜਣ ਠੱਗ ਤੋਂ ਸੰਤ ਬਣਾ ਦਿੰਦੇ ਸਨ। ਉਹ ਮੈਂਨੂੰ ਹੀ ਪ੍ਰੇਤ ਬਣ ਕੇ ਲੁਕਾਈ ਨੂੰ ਚਿਬੜੀ ਫਿਰਦੇ ਨੂੰ ਲ਼ੋਕਾਂ ਮਗਰੋਂ ਲਾਹ ਕੇ ਭਲੇ ਰਾਹ ਤੋਰ ਕੇ ਮੇਰੀ ਪ੍ਰੇਤ ਜੋਨੀ ਤੋਂ ਛੁਟਕਾਰਾ ਕਰਦੇ ਸਨ। ਉਹ ਮੇਰੇ ਹੀ ਢੁੱਡਾਂ ਮਾਰਦੇ ਫਿਰਦੇ ਪਸੂ ਦੇ ਗਲ ਵਿੱਚ ਗਿਆਨ ਦਾ ਪੈਂਖੜ ਪਾ ਮਨੁੱਖ ਹੋਣ ਦਾ ਅਹਿਸਾਸ ਕਰਾ ‘ਹਰਿ ਕੇ ਕੰਮ’ ਲਾਉਂਦੇ ਸਨ।

ਮੈਂ ਕੌਣ ਹਾਂ? ਇਹ ਸਵਾਲ ਮੇਰੇ ਅਗੇ ਸਦੀਆਂ ਤੋਂ ਖੜਾ ਹੈ ਅਤੇ ਰਹੇਗਾ! ਕਾਰਨ ਕਿ ਜੋ ਮੈਂ ਹਾਂ ਉਸ ਨੂੰ ਮੈਂ ਜਾਣਦਾ ਨਹੀਂ ਪਰ ਜੋ ਮੈਂ ਨਹੀਂ ਉਸ ਨਾਲ ਮੇਰਾ ਇਨਾ ਮੋਹ ਹੈ ਕਿ ਉਸ ਦੇ ਖਾਤਮੇ ਦੀ ਗੱਲ ਸੁਣ ਕੇ ਹੀ ਮੈਂ ਕੰਬ ਜਾਂਦਾ ਹਾਂ। ਇਥੇ ਇੱਕ ਕਹਾਣੀ ਯਾਦ ਆਈ ਜਿਹੜੀ ਕੇਵਲ ਕਹਾਣੀ ਹੈ, ਕਿ ਇੱਕ ਬਜ਼ੁਰਗ ਨੂੰ ਕਿਸੇ ਰੱਬ ਦੀ ਭਗਤੀ ਵਾਲੇ ਨੇ ਸਰਾਪ ਦਿਤਾ ਕਿ ਤੂੰ ਸੂਰ ਵਾਂਗ ਘੁਰ-ਘੁਰ ਕਰਦਾ ਰਹਿੰਦਾ ਤੂੰ ਸੂਰ ਦੀ ਜੋਨ ਪਏਂਗਾ। ਉਹ ਬਜ਼ੁਰਗ ਵੀ ਸਮਦ੍ਰਿਸਟੀ ਵਾਲਾ ਸੀ। ਅਪਣੇ ਪੁੱਤਰ ਨੂੰ ਬੁਲਾ ਕੇ ਕਹਿਣ ਲੱਗਾ ਕਿ ਦੇਖ ਪੁੱਤਰ! ਇਸ ਸਾਧ ਦਾ ਸਰਾਪ ਤਾਂ ਹੁਣ ਭੁਗਤਣਾ ਪੈਣਾ ਪਰ ਇਹ ਜੂਨ ਬੜੀ ਕਸੂਤੀ। ਸਾਰੀ ਜਿੰਦਗੀ ਗੰਦੀਆਂ ਰੂੜੀਆਂ ਵਿੱਚ ਮੂੰਹ ਮਾਰਦਿਆਂ ਲੰਘ ਜਾਣੀ ਤੂੰ ਇੱਕ ਕੰਮ ਕਰੀਂ ਕਿ ਫਲਾਂ ਪਿੰਡ, ਫਲਾਂ ਦੇ ਘਰ ਫਲਾਂ ਸੂਰੀ ਦੇ ਜਿਹੜਾ ਆਖਰੀ ਬੱਚਾ ਪੈਦਾ ਹੋਣਾ ਉਹ ਮੈਂ ਹੀ ਹੋਵਾਂਗਾ। ਤੂੰ ਪੈਦਾ ਹੁੰਦਿਆਂ ਖਰੀਦ ਕੇ ਮੇਰਾ ਗਲ ਵੱਡ ਦੇਈ ਮੇਰੇ ਕੋਲੋਂ ਗੰਦਗੀ ਵਿੱਚ ਮੂੰਹ ਨਹੀਂ ਮਾਰਿਆ ਜਾਣਾ।

ਬੱਚਾ ਹੋਇਆ। ਪੁੱਤਰ ਦਸੀ ਨਿਸ਼ਾਨੀ 'ਤੇ ਗਿਆ। ਬੱਚਾ ਖਰੀਦਿਆ ਪਰ ਜਦ ਵ੍ਹਡਣ ਲੱਗਾ ਤਾਂ ਸੂਰ ਚੀਖ ਪਿਆ! ‘ਨਾ ਮਾਰ ਮਰਨ ਨੂੰ ਦਿਲ ਨਹੀਂ ਕਰਦਾ, ਕੋਈ ਨਾ ਤੁੰ ਜਾਹ ਮੈਂ ਆਪੇ ਨਿਬੇੜ ਲਾਂਗਾ ਜਿਹੋ ਜਿਹਾਂ ਹਾਂ!

ਔਖੇ ਤੋਂ ਔਖੇ ਵੇਲੇ ਵੀ ਮੈਂ ਜਿਸ ਨੂੰ ਬਚਾਉਂਣਾ ਚਾਹੁੰਦਾ ਉਹ ਦਰਅਸਲ ਮੈਂ ਨਹੀਂ ਹਾਂ। ਪਰ ਜੋ ਮੈਂ ਹਾਂ ਉਸ ਨੂੰ ਬਚਾਉਂਣ ਵਲ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ। ਉਹ ਮੇਰਾ ਈਰਖਾ, ਹਉਮੈਂ, ਕ੍ਰੋਧ, ਬਦਖੋਈ, ਸਾੜੇ ਅਤੇ ਕਾਮ ਕ੍ਰੋਧ ਨਾਲ ਗ੍ਰੁਸਿਆ ਪਿਆ ਹੈ। ਦੇਹੀ ਉੱਪਰ ਕੋਟ-ਨਿਕਟਾਈ ਲਾ ਕੇ ‘ਜੈਂਲਟਲਮੈਂਨ’ ਬਣਕੇ ਅਪਣੇ ਅੰਦਰਲੇ ਪਸ਼ੁ ਨੂੰ ਮੈਂ ਬੜੀ ਬਾਖੂਬੀ ਨਾਲ ਛੁਪਾ ਲੈਂਦਾ ਹਾਂ ਅਤੇ ਸਾਰੀ ਜਿੰਦਗੀ ਦੀ ਇਸੇ ਲੁੱਟਣਮੀਟੀ ਵਿੱਚ ਹੀ ਮੈਂ ਉਸ ਨੂੰ ਭੁੱਲ ਗਿਆ ਜੋ ਮੈਂ ਹਾਂ। ਮੇਰੇ ਕੋਲੇ ਜੋ ਬਚਿਆ ਹੈ ਉਹ ਹੈ, ਕੱਪੜਿਆਂ ਦੀ ਟੀਪ-ਟਾਪ, ਵਿਖਾਵੇ ਜਿਹੇ ਦੀ ਨਕਲੀ ਮੁਸਕਰਾਹਟ, ਝੂਠੀ ਲੋਕਾਚਾਰੀ, ਸਸਤੀ ਸ਼ੁਰਹਤ, ਚਾਪਲੂਸੀ, ਆਦਿ। ਇਹ ਮੇਰੀ ਜਿੰਦਗੀ ਦੇ ਗਹਿਣੇ ਹਨ। ਇਨ੍ਹਾਂ ਗਹਿਣਿਆਂ ਨਾਲ ਮੈਂ ਇੱਕ ਨਕਲੀ ਜਿਹੇ ਪੁਰਜੇ ਵਰਗਾ ਦੋ ਟੰਗਾ ਮੱਨੁਖ, ਜਾਂ ਪਸ਼ੂ ਜੋ ਮਰਜੀ ਕਹੋ ਬਣ ਕੇ ਰਹਿ ਗਿਆ ਹਾਂ। ਇਸੇ ਕਰਕੇ ਮੈਂ ਜਾਣ ਨਹੀਂ ਸਕਿਆ ਕਿ ਮੈਂ ਕੀ ਹਾਂ, ਮੈਂ ਕੌਣ ਹਾਂ?

ਗੁਰੁ ਮੈਂਨੂੰ ਬਾਰ ਬਾਰ ਦੱਸਦੇ ਹਨ ਕਿ ਤੂੰ ਕੌਣ ਹੈਂ। ਤੂੰ ਹਰ ਕਾ ਰੂਪ ਹੈਂ, ਤੂੰ ਜੋਤ ਸਰੂਪ ਹੈਂ, ਤੂੰ ਪ੍ਰਮਾਤਮਾ ਦੀ ਅੰਸ਼ ਹੈਂ, ਤੂੰ ਬੇਸ਼ਕ ਬੂੰਦ ਹੈਂ ਪਰ ਸਾਗਰ ਵਿੱਚ ਰਲਕੇ ਤੂੰ ਸਾਗਰ ਹੀ ਹੈਂ। ਪਰ ਸੁਣੇ ਕੌਣ ਗੁਰੂ ਦੀ? ਮੈਂ ਤਾਂ ਫਲਾਂ ਲੀਡਰ ਹਾਂ! ਫਲਾਂ ਗੁਰਦੁਆਰੇ ਦਾ ਪ੍ਰਧਾਨ ਹਾਂ! ਫਲਾਂਣੀ ਅਖ਼ਬਾਰ ਦਾ ਐਡੀਟਰ ਹਾਂ! ਫਲਾਂਣੀ ਸੰਸਥਾਂ ਮੇਰੀ ਹੈ ਇਸੇ ਲਈ ਉਹ ਮਹਾਨ ਹੈ! ਜਾਂ ਫਲਾਣੀ ਸੰਸਥਾਂ ਮਹਾਨ ਹੈ ਕਿਉਂਕਿ ਮੈਂ ਉਸ ਵਿੱਚ ਹਾਂ! ਪਰ ਘਟੋ ਘਟ ਮੈਂ ਉਹ ਨਹੀਂ ਹਾਂ ਜੋ ਗੁਰੂ ਮੈਂਨੂੰ ਦੱਸਦੇ ਹਨ। ਮੈਂ ਤਗੜੇ ਅਗੇ ਲੇਲਾ ਹਾਂ ਮਾੜੇ ਮੂਹਰੇ ਬਘਿਆੜ। ਮੈਂ ਘਰ ਹੋਰ ਹਾਂ ਬਾਹਰ ਹੋਰ ਗੁਰਦੁਆਰੇ ਹੋਰ ਤੇ ਕੰਮ ਤੇ ਹੋਰ। ਜਿਹੜੀ ਮੁੱਛ ਮੇਰੀ ਘਰਵਾਲੀ ਅੱਗੇ ਜਾਂ ਗੁਰੂ ਘਰ ਵਿੱਚ ਸ਼ੇਰ ਦੀ ਮੁੱਛ ਜਾਪਦੀ ਹੈ ਉਹੀ ਮੁੱਛ ਕੰਮ ਤੇ ਜਾਂ ਕੋਟ ਵਿੱਚ ਜੱਜ ਅਗੇ ਚੂਹੇ ਵਾਂਗ ਫਰਕਦੀ ਹੈ। ਗੁਰਦੁਆਰੇ ਮੈਂ ਅੱਖਾਂ ਮੀਟੀ ਸਿਰ ਮਾਰਦਾ ਭਗਤ ਜਾਪਦਾ ਹਾਂ ਪਰ ਘਰੇ ਘਰਵਾਲੀ ਜਾਂ ਬੱਚਿਆਂ ਅੱਗੇ ਪੂਰੇ ਦਾ ਪੂਰਾ ਹਿਟਲਰ! ਮੈਂ ਪਲ ਪਲ ਬਦਲਦਾ ਹਾਂ, ਮੈਂ ਪਲ ਪਲ ਮਰਦਾ ਹਾਂ ਤੇ ਜੰਮਦਾ ਹਾਂ, ਮੈਂ ਪਲ ਪਲ ਜੂਨਾ ਵਿੱਚ ਆਉਂਦਾ ਹਾਂ ਇਸੇ ਲਈ ਮੈਂਨੂੰ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਮੈਂ ਕੌਣ ਹਾਂ, ਮੈਂ ਕੀ ਹਾਂ ਕਿਉਂਕਿ ਇਹ ਗੱਲ ਸਮਝਾਉਂਣ ਵਾਲੇ ਗੁਰੂ ਦੀ ਮੈਂ ਸੁਣਦਾ ਹੀ ਨਹੀਂ ਹਾਂ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top