Share on Facebook

Main News Page

ਬਾਬਾ ਜੀ ਬਨਾਮ ਮੁੰਡਾ
- ਗੁਰਦੇਵ ਸਿੰਘ ਸੱਧੇਵਾਲੀਆ

ਇੱਕ ਅਮੀਰ ਪ੍ਰੀਵਾਰ ਨੇ ਬਾਬਾ ਜੀ ਦੀ ਦੱਸੀ ਪੂਰਨ ਮਰਿਯਾਦਾ ਨਾਲ ਬੱਚਾ ਹੋਣ ਦੇ ਗੇੜ ਵਿਚ 28 ਦਿਨਾ ਵਾਲਾ ਮਹਾਂਸੰਪਟ ਪਾਠ ਕਰਾਇਆ। ਤੁੱਕ ਤੁੱਕ ਤੇ ਲੱਗਣ ਵਾਲਾ ਸੰਪਟ ਕਿਉਂਕਿ ਬੱਚੇ ਵਾਸਤੇ ਸੀ, ਇਸ ਲਈ ਗੁਰਬਾਣੀ ਦਾ ਸਬਦ, ਸਤਿਗੁਰ ਸਾਚੇ ਦੀਆ ਭੇਜ ਲਾਇਆ ਜਾਣਾ ਸੀ। 28 ਦਿਨ ਸ਼ਰਧਾਲੂ ਦੀ ਕੋਠੀ ਦੇ ਦੁਆਲੇ ਇੱਕ ਖੁਲ੍ਹੀ ਵਾੜ ਕਰ ਦਿੱਤੀ ਜਾਣੀ ਸੀ, ਜਿਸ ਦੇ ਅੰਦਰ ਹੀ 28 ਦਿਨ ਪਾਠੀ ਸਿੰਘਾਂ ਨੇ ਰਹਿਣਾ ਸੀ। ਨਾ ਕੋਈ ਪਾਠੀਆਂ ਦੇ ਮੱਥੇ ਲੱਗ ਸਕਦਾ ਸੀ ਤੇ ਨਾ ਪਾਠੀ ਸਿੰਘ ਕਿਸੇ ਦੇ ਮੱਥੇ ਲੱਗ ਸਕਦੇ ਸਨ। ਨਾ ਕੋਈ ਪਾਠ ਵਾਲੀ ਥਾਂ ਜਾ ਸਕਦਾ ਸੀ ਤੇ ਨਾ ਕੋਈ ਪਾਠ ਵਾਲੀ ਥਾਂ ਤੋਂ ਬਾਹਰ ਆ ਸਕਦਾ ਸੀ। ਯਾਨੀ ਪੱਕੇ ਜੰਦਰੇ!

ਸ਼ਰਧਾਲੂ ਨੂੰ ਬਾਬਾ ਜੀ ਨੇ ਵੱਡੇ ਮਹਾਰਾਜ ਦੇ ਬੱਚਨ ਦੱਸਦਿਆਂ ਕਿਹਾ ਸੀ ਕਿ ਵੱਡੇ ਬਾਬਾ ਜੀ ਵੇਲੇ ਇਕ ਸੰਗੀ ਨੇ ਮਰਿਯਾਦਾ ਨਹੀਂ ਸੀ ਰੱਖੀ ਉਸਦੇ ਮੁੰਡਾ ਤਾਂ ਹੋ ਗਿਆ ਕਿਉਂਕਿ ਫਿਰ ਵੀ ਪਾਠ ਕਰਾਇਆ ਸੀ, ਪਰ ਘਰਵਾਲੀ ਚੜ੍ਹਾਈ ਕਰ ਗਈ। ਸ਼ਰਧਾਲੂ ਨੇ ਮਾਰੇ ਡਰਦੇ ਹਰ ਤਰ੍ਹਾਂ ਦੀ ਸ਼ਰਤ ਕਬੂਲਦਿਆਂ ਅਤੇ ਪੂਰਨ ਮਰਿਯਾਦਾ ਵਿਚ ਰਹਿਣ ਦਾ ਪ੍ਰਣ ਕੀਤਾ ਅਤੇ ਬਾਬਾ ਜੀ ਨੂੰ ਕ੍ਰਿਪਾ ਦ੍ਰਿਸ਼ਟੀ ਰੱਖਣ ਦੀ ਬੇਨਤੀ ਕੀਤੀ। ਉਸਨੂੰ ਜਾਪਦਾ ਸੀ ਕਿ ਜੇ ਬਾਬਾ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾ ਹੋਈ ਤੇ ਕੋਈ ਵਿਘਨ ਪੈ ਗਿਆ ਤਾਂ ਮਾਰਿਆ ਜਾਵਾਂਗਾ। ਜਾਣ ਲੱਗੇ ਬਾਬਾ ਜੀ ਇਹ ਖਾਸ ਹਦਾਇਤ ਦੇ ਗਏ ਕਿ ਪਾਠੀ ਸਿੰਘਾ ਦੀ ਸੇਵਾ ਰੱਜ ਕੇ ਹੋਣੀ ਚਾਹੀਦੀ। ਪਾਠੀ ਖੁਸ਼ ਤਾਂ ਗੁਰੂ ਖੁਸ਼! ਗੁਰੂ ਖੁਸ਼ ਤਾਂ ਸਮਝ ਮੁਰਾਦਾਂ ਪੂਰੀਆਂ। ਪਰਿਵਾਰ ਬਾਕੀ ਗੱਲਾਂ ਸਭ ਭੁੱਲ ਗਿਆ, ਪਰ ਪਾਠੀਆਂ ਨੂੰ ਖੁਸ਼ ਰੱਖਣ ਵਾਲੀ ਗੱਲ ਉਨ੍ਹਾਂ ਦੇ ਕੁਝ ਜਿਆਦਾ ਹੀ ਚੇਤੇ ਵਿਚ ਰਹਿ ਗਈ। ਬਾਬਾ ਜੀ ਵੀ ਇੱਕ ਅਪਣਾ ਖਾਸ ਸੋਧ ਵਾਲਾ ਬੰਦਾ ਦੇ ਗਏ ਸਨ, ਜਿਹੜਾ ਕੇਵਲ ਉਹੀ ਅੰਦਰ ਬਾਹਰ ਆ ਜਾ ਸਕਦਾ ਸੀ ਤੇ ਪਾਠੀ ਸਿੰਘਾ ਦੀ ਸੇਵਾ ਲਈ ਰਾਸ਼ਣ ਪਾਣੀ ਵੀ ਉਸੇ ਦੀ ਜਿੰਮੇਵਾਰੀ ਸੀ।

ਸਾਰੀਆਂ ਮਰਿਯਾਦਾਵਾਂ ਪੂਰੀਆਂ ਕਰਕੇ ਯਾਨੀ ਕੁੰਭ, ਜਲ, ਨਾਰੀਅਲ, ਮੌਲੀ, ਲਾਲ ਕੱਪੜਾ, ਧੁੂਪ, ਜੋਤ ਆਦਿ ਸਾਰੀ ਸਮੱਗਰੀ ਬਾਰੇ ਸਮਝਾ ਕੇ ਬਾਬਾ ਜੀ ਚਲਦੇ ਬਣੇ।

ਸ਼ਰਧਾਲੂ ਅਤੇ ਉਸਦੀ ਪਤਨੀ ਹਵਾ ਵਿਚ ਪਏ ਉੱਡਣ। ਉਨ੍ਹਾਂ ਨੂੰ ਰੱਬ ਵੀ ਛੋਟਾ-ਛੋਟਾ ਜਿਹਾ ਪਿਆ ਜਾਪੇ ਜਿਹੜਾ ਉਨ੍ਹਾ ਘਰ ਮੁੰਡਾ ਘੱਲਣ ਤੋਂ ਆਕੀ ਹੋਇਆ ਬੈਠਾ ਸੀ। ਸ਼ਰਧਾਲੂ ਨੂੰ ਬਾਬਿਆਂ ਦੀ ਅਸ਼ੀਰਵਾਦ ਲੈ ਕੇ ਇੰਝ ਜਾਪੇ ਜਿਵੇਂ ਉਹ ਰੱਬ ਨੂੰ ਵੀ ਖੰਗੂਰੇ ਮਾਰਦਾ ਹੋਵੇ ਕਿ ਦੇਖੂੰ ਤੈਨੂੰ ਕਿਵੇਂ ਨਹੀਂ ਦਿੰਦਾ ਮੁੰਡਾ! ਸ਼ਰਧਾਲੂ ਦੀ ਪਤਨੀ ਸਹਿਬਾਂ ਨੇ ਪੇਕਿਆਂ ਵਲ ਦੇ ਖਾਸ ਖਾਸ ਅੰਗ ਸਾਕ ਇੱਕਠੇ ਕੀਤੇ ਪਏ ਸਨ ਕਿ ਪਾਠੀਆਂ ਦੀ ਸੇਵਾ ਵਿਚ ਕੋਈ ਕਮੀ ਨਾ ਰਹਿ ਜਾਏ।

ਹੁਣ ਅੰਦਰੋਂ ਤਾਂ ਕੁਝ ਨਹੀਂ ਸੀ ਆ ਰਿਹਾ। ਨਾ ਗੁਰਬਾਣੀ ਦੀ ਅਵਾਜ, ਨਾ ਕੀਰਤਨ ਦੀ ਅਵਾਜ ਤੇ ਨਾ ਕਿਸੇ ਪਾਠੀ ਦੀ ਅਵਾਜ। ਕਿਸੇ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਪਰ ਬਾਹਰ ਦੀ ਗਹਿਮਾ ਗਹਿਮੀ ਤੋਂ ਜਾਪਦਾ ਜਿਵੇਂ ਸ਼ਰਧਾਲੂ ਨੇ ਪਾਠ ਨਹੀਂ ਕੋਈ ਵਿਆਹ ਰੱਖਿਆ ਹੋਇਆ ਹੋਵੇ। ਅੰਦਰੋਂ ਬੇਸ਼ਕ ਕੁਝ ਨਹੀਂ ਆ ਰਿਹਾ ਪਰ ਬਾਹਰੋਂ ਰਾਸ਼ਨ ਤੇ ਰਾਸ਼ਨ ਜਾ ਰਿਹਾ ਹੈ। ਬਦਾਮਾਂ ਦੀ ਸ਼ਰਧਾਈ, ਕਾਜੂ ਪਿਸਤੇ, ਹਰੀ ਸੌਗੀ, ਲਾਲ ਸੌਗੀ, ਤੁੜਕਿਆਂ ਤਾਂ ਤਬਾਹੀ ਮਚਾਈ ਪਈ ਹੈ, ਖੀਰਾਂ ਕਸਟਡਾਂ ਦਾ ਕੋਈ ਪਾਰਾਵਾਰ ਨਹੀਂ। ਵੰਨ ਸੁਵੰਨੇ ਫਰੂਟ ਜਾ ਰਹੇ ਹਨ ਤੇ ਸ਼ਿਲਕਿਆਂ ਦੇ ਢੇਰ ਬਾਹਰ ਆ ਰਹੇ ਹਨ। ਸਵੇਰ ਅਤੇ ਬਾਅਦ ਦੁਪਹਿਰ ਦੀ ਚਾਹ ਵੇਲੇ ਘਰ ਦਾ ਬਣਿਆਂ ਬਦਾਮਾ ਵਾਲਾ ਵੇਸਣ, ਸ਼ੁਧ ਖੋਏ ਵਿਚ ਬਣੀਆਂ ਅਲਸੀ ਦੀਆਂ ਪਿੰਨੀਆਂ ਤੇ ਸ਼ਾਮ ਦੀ ਚਾਹ ਨਾਲ ਪਨੀਰ ਦੇ ਪਕੌੜੇ, ਦੇਸੀ ਘਿਉ ਦੇ ਗਰਮ ਗਰਮ ਜਲੇਬ, ਤਰ੍ਹਾ ਤਰ੍ਹਾਂ ਦੀਆਂ ਮਠਿਆਈਆਂ। ਕੋਕ ਲਿਮਿਕਿਆਂ ਦੀਆਂ ਤਾਂ ਅੰਦਰ ਨੂੰ ਨਹਿਰਾਂ ਪਈਆਂ ਚਲਦੀਆਂ ਸਨ। ਜਿਵੇਂ ਅੰਦਰ ਬੰਦੇ ਨਹੀਂ ਕੋਈ ਪੁਰਾਣਕ ਕਹਾਣੀ ਦਾ ਕੁੰਭਕਰਨ ਛੇ ਮਹੀਨਿਆਂ ਬਾਅਦ ਉਠਿਆ ਹੋਵੇ ਤੇ ਅਪਣੀ ਭੁੱਖ ਲਾਹ ਰਿਹਾ ਹੋਵੇ।

ਅੰਦਰ 8 ਪਾਠੀ ਸਨ। 4 ਜਪੁਜੀ ਸਹਿਬ ਦੇ ਤੇ 4 ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ। ਨਵੇਂ ਤੋਂ ਨਵੇਂ ਖਾਣੇ ਦਾ ਸੁਨੇਹਾ ਅੰਦਰੋਂ ਆ ਰਿਹਾ ਸੀ। ਕਿਸੇ ਨੂੰ ਕੌਫੀ ਚਾਹੀਦੀ ਸੀ, ਕਿਸੇ ਨੂੰ ਦੁੱਧ ਵਿਚ ਪੱਤੀ ਚਾਹੀਦੀ ਸੀ, ਕਿਸੇ ਨੂੰ ਲਿਮਕੇ ਵਿਚ ਕਾਲਾ ਲੂਣ ਤੇ ਨਿੰਬੂ ਚਾਹੀਦਾ ਸੀ, ਕਿਸੇ ਨੂੰ ਦੁੱਧ ਤੇ ਕੋਕ ਮਿਲਾ ਕੇ ਚਾਹੀਦੇ ਸਨ ਕਿਸੇ ਨੂੰ ਮੂਲੀ, ਕਿਸੇ ਨੂੰ ਆਲੂ ਤੇ ਕਿਸੇ ਨੂੰ ਗੋਭੀ ਦੇ ਪਰਾਉਂਠੇ ਪਸੰਦ ਸਨ। ਨਵੇਂ ਤੋਂ ਨਵੇ ਬਾਬਿਆਂ ਦੇ ਖਾਣ ਦੇ ਤਰੀਕਿਆਂ ਤੋਂ ਆਏ ਰਿਸ਼ਤੇਦਾਰ ਬੜੇ ਹੈਰਾਨ ਹੋ ਰਹੇ ਸਨ। ਸ਼ਰਧਾਲੂ ਦਾ ਸਾਂਢੂ ਪੁੱਛਦਾ ਹੈ, ਕਿ ਅੰਦਰ ਪਾਠ ਹੋ ਰਿਹਾ ਕਿ ਖਾਣ ਦੀਆਂ ਰੇਸਾਂ ਲੱਗ ਰਹੀਆਂ ਹਨ। ਸ਼ਰਧਾਲੂ ਨੇ ਤਾਂ ਕੁਝ ਨਹੀਂ ਕਿਹਾ, ਪਰ ਉਸ ਦੀ ਮਾਂ ਪੈ ਗਈ।

ਦੇਖ ਕਾਕਾ! ਚੰਗੇ ਪੁੰਨ ਦੇ ਕੰਮਾਂ ਵਿੱਚ ਟਿੱਚਰਾਂ ਨਹੀਂ ਕਰੀਦੀਆਂ। ਹਾਂਅ! ਬਾਬਾ ਜੀ ਦਾ ਹੁਕਮ ਹੈ ਪਾਠੀ ਖੁਸ਼ ਰੱਖਣ ਦਾ!

ਸਾਂਢੂ ਬੋਲਣ ਤਾਂ ਲੱਗਿਆ ਸੀ ਕਿ ਇਨ੍ਹਾਂ ਦੀ ਖੁਸ਼ੀ ਕਰ ਰਹੇ ਓਂ ਜਾਂ ਇਨ੍ਹਾਂ ਦਾ ਵੀ ਪਾਠ ਰੱਖਣ ਦਾ ਪ੍ਰਬੰਧ ਕਰ ਰਹੇ ਹੋ। ਢਿੱਡ ਇਨ੍ਹਾਂ ਦੇ ਪਹਿਲਾਂ ਹੀ ਚੋਲਿਆਂ ਹੇਠੋਂ ਇੰਝ ਜਾਪਦੇ ਜਿਵੇਂ ਸੰਪਟ ਪਾਠ ਦਾ ਅਸਰ ਇਧਰ ਹੋਇਆ ਹੋਵੇ ਸਾਹ ਲੈਂਦੇ ਇੰਝ ਹਉਂਕਦੇ ਜਿਵੇਂ ਸਿਖਰ ਦੁਪਹਿਰ ਜੱਟ ਨੇ ਮਾੜਾ ਸੰਢਾ ਜੋਤਰੇ ਲਾ ਕੇ ਛੱਡਿਆ ਹੁੰਦਾ ਹੈ। ਪਰ ਸਾਂਢੂ ਘਰਵਾਲੀ ਤੋਂ ਡਰਦਾ ਚੁੱਪ ਹੀ ਕਰ ਰਿਹਾ।

ਪਾਠੀਆਂ ਦੀ ਖੁਸ਼ੀ ਲੈਂਦੀ ਸ਼ਰਧਾਲੂ ਦੀ ਪਤਨੀ ਨੇ ਪਾਠੀ ਪਾਟਣੇ ਕਰ ਦਿੱਤੇ। ਅੰਨ੍ਹੇਵਾਹ ਖਾਧੇ ਰਾਸ਼ਣ ਦੇ ਘਰਾੜੇ ਕਿਹੜੇ ਨੇੜ ਤੇੜ ਦੇ ਹੀ ਹੋਣੇ ਸਨ। ਹੁਣ ਇਕ ਫਾਇਦਾ ਹੋਇਆ ਕਿ ਚਲੋ ਅੰਦਰੋਂ ਕੁਝ ਤਾਂ ਆ ਰਿਹਾ। ਗੁਰਬਾਣੀ ਨਹੀਂ ਤਾਂ ਘੁਰਾੜੇ ਹੀ ਸਹੀਂ। ਪਾਠੀਆਂ ਦੀ ਖੁਸ਼ੀ ਦੇ ਝੱਲ ਨੇ ਇਕ ਪਹਿਲਾਂ ਹੀ ਪਾਟਣ ਨੂੰ ਫਿਰਦਾ ਪਾਠੀ ਸਿੰਘ ਹੋਰ ਬੀਮਾਰ ਕਰ ਦਿੱਤਾ। ਉਹ ਪਹਿਲੇ ਦਿਨ ਹੀ ਮੂੰਹ ਦੀ ਬਜਾਇ ਸਾਹ ਢਿੱਡ ਥਾਣੀਂ ਲੈਂਦਾ ਜਾਪਦਾ ਸੀ। ਭਾਰੇ ਢਿੱਡ ਦੇ ਬੇਥਵੇ ਭਾਰ ਨੇ ਲੱਤਾਂ ਉਸ ਦੀਆਂ ਅਸ਼ਟਾਬੱਕਰ ਵਰਗੀਆਂ ਵਿੰਗ-ਤੜਿੰਗੀਆਂ ਜਿਹੀਆਂ ਕੀਤੀਆਂ ਪਈਆਂ ਸਨ। ਤੁਰਦਾ ਉਹ ਇੰਝ ਜਾਪਦਾ ਜਿਵੇਂ ਡਿੱਗਿਆ ਕਿ ਡਿੱਗਿਆ। ਵਾਯਾਤ ਖਾਧੇ ਮੁਫਤੇ ਰਾਸ਼ਣ ਕਾਰਨ ਦੇਹ ਉਸ ਦੀ ਇੰਝ ਪਿਲ-ਪਿਲ ਕਰਦੀ ਸੀ ਜਿਵੇਂ ਭੁਕਾਨੇ ਵਿਚ ਪਾਣੀ ਭਰਿਆ ਹੁੰਦਾ। ਸ਼ਰਧਾਲੂ ਦਾ ਸਾਂਢੂ ਉਸ ਨੂੰ ਦੇਖ ਕੇ ਸੋਚ ਰਿਹਾ ਸੀ ਇਸ ਦਾ ਕੀਤਾ ਪਾਠ ਕਿਸੇ ਨੂੰ ਮੁੰਡਾ ਕੀ ਦਊ ਜਿਸ ਕੋਲੋਂ ਅਪਣੀ ਲੋਥ ਹੀ ਨਹੀਂ ਸਾਂਭੀ ਜਾਂਦੀ? ਉਹ ਹੈਰਾਨ ਸੀ ਕਿ ਇਹ ਪਾਠ ਤੇ ਬੈਠ ਵੀ ਲੈਂਦਾ? ਫਿਰ ਉਸ ਆਪੇ ਹੀ ਸੋਚਿਆ ਕਿ ਚਲੋ ਕਿਹੜਾ ਕਿਸੇ ਨੂੰ ਅੰਦਰ ਵੜਨ ਦੇਣਾ ਨਾ ਵੀ ਬਹੇ ਸਰ ਜਾਊ!!!!

ਪਾਠ ਨੂੰ ਹਾਲੇ 15ਵਾਂ ਦਿਨ ਸੀ ਕਿ ਉਸ ਦੀ ਸ਼ੂਗਰ, ਕਲੈਸਟਰ, ਬਲੱਡ ਸਭ ਕੁਝ ਇੰਝ ਘਟਾਵਾਂ ਬਣ ਕੇ ਚੜਿਆ ਕਿ ਉਸ ਦੀ ਭੁਕਾਨੇ ਵਰਗੀ ਦੇਹ ਨੂੰ ਰੋਹੜ ਲੈ ਤੁਰਿਆ। ਰੁੜਦੇ ਦੇ ਜਦ ਹੱਥ ਕਿਤੇ ਨਾ ਪਏ ਤਾਂ ਉਸ ਨੂੰ ਮਰਿਯਾਦਾ ਭੰਗ ਕਰਕੇ ਯਾਨੀ ਮੱਥੇ ਨਾ ਲੱਗਣ ਵਾਲੀ ਸ਼ਰਤ ਤੋੜ ਕੇ ਫੌਰਨ ਡਾਕਟਰ ਦੇ ਲਿਜਾਣਾ ਪਿਆ। ਡਾਕਟਰ ਨੇ ਮਰੀਜ ਦੀਆਂ ਅੱਖਾਂ ਜਦ ਭੰਗ ਪੀਤੇ ਸ਼ਿਵ ਜੀ ਵਰਗੀਆਂ ਲਾਲ ਸੂਹੀਆਂ ਦੇਖੀਆਂ ਤਾਂ ਉਹ ਡਰ ਗਿਆ। ਉਸ ਦੀਆਂ ਅੱਖਾਂ ਚੰਗਾਰੇ ਛੱਡ ਰਹੀਆਂ ਸਨ ਤੇ ਪੋਲੜ ਜਿਹੀ ਦੇਹ ਕੋਲੇ ਵਾਲੇ ਇੰਝਣ ਵਾਂਗ ਭੱਖ ਰਹੀ ਸੀ। ਸਾਹ ਉਸ ਦਾ ਰੁੱਕ ਰੁੱਕ ਕੇ ਇੰਝ ਆ ਰਿਹਾ ਸੀ ਜਿਵੇਂ ਭੁੱਖੇ ਛੱਡੇ ਢੱਗੇ ਨੇ ਹਰੇ ਫੁੱਟਦੇ ਬਰਸੀਨ ਦੀ ਪੰਡ ਖਾ ਕੇ ਫੂਅ ਕਰਾ ਲਈ ਹੋਵੇ। ਪੇਟ ਉਸ ਦਾ ਫੁੱਲ ਕੇ ਮਰੇ ਪਏ ਪੂਹਲੇ ਨਿਹੰਗ ਵਰਗਾ ਜਾਪ ਰਿਹਾ ਸੀ। ਡਾਕਟਰ ਨੇ ਉਸਦੀ ਹਾਲਤ ਦੇਖ ਕੇ ਉਸਨੂੰ ਹੌਸਪੀਟਲ ਭੇਜ ਦਿੱਤਾ ਜਿਥੇ ਜਾਣ ਤੱਕ ਉਸਦੀ ਹਾਲਤ ਹੋਰ ਖਰਾਬ ਹੋ ਗਈ। ਡਾਕਟਰਾਂ ਕਈ ਕੁਝ ਜਿਹਾ ਉਸ ਦਾ ਕੱਢ ਮਾਰਿਆ। ਬਥੇਰਾ ਪੁੱਠਾ ਸਿੱਧਾ ਕੀਤਾ। ਸੂਏ ਟੀਕੇ ਲਾਏ ਪਰ ਉਸ ਉਪਰ ਬਾਬਾ ਜੀ ਕ੍ਰਿਪਾ ਦ੍ਰਿਸ਼ਟੀ ਹੋ ਚੁੱਕੀ ਸੀ ਤੇ ਬਾਬਾ ਜੀ ਦੇ ਭੇਜੇ ਬੇਬਾਨ ਉਸਨੂੰ ਲੈਣ ਆ ਗਏ।

ਬਾਬਿਆਂ ਨੂੰ ਕੋਈ ਫਰਕ ਨਹੀਂ ਸੀ, ਕੋਈ ਫਿਕਰ ਨਹੀਂ ਸੀ ਉਨ੍ਹਾਂ ਕੋਲੇ ਅਜਿਹੇ ਕਈ ਨੰਗ ਕੁੱਟੇ-ਕੱਢੇ, ਕੰਮੋ ਭੱਜੇ, ਰੋਟੀਓਂ ਆਤਰ ਬੇਹੰਗਮਾਂ ਦੇ ਨਾ ਤੇ ਚੋਲੇ ਪਾਈ ਫਿਰਦੇ ਸਨ। ਉਨ੍ਹਾਂ ਘਰੋਂ ਉਸ ਦੇ ਕਿਸੇ ਨੂੰ ਸੱਦ ਕੇ ਦੇਹ ਉਸ ਦੀ ਫੂਕਣ ਲਈ ਪਿੰਡ ਭੇਜ ਦਿੱਤੀ। ਭਾਣੇ ਵਿਚ ਰਹਿਣ ਦਾ ੳਪਦੇਸ਼ ਦਿੱਤਾ ਤੇ ਗੁਰਬਾਣੀ ਪੜਦਾ ਮਰਿਆ ਕਹਿਕੇ ਵੱਡੇ ਬਾਬਾ ਜੀ ਕੋਲੇ ਸੱਚਖੰਡ ਪਹੁੰਚੇ ਦਾ ਸਰਟੀਫਿਕੇਟ ਦੇ ਕੇ ਅਤੇ ਘਰਦਿਆਂ ਦੀਆਂ ਇੱਕੀ ਕੁਲਾਂ ਤਾਰ ਜਾਣ ਮਹਾਨ ਕਾਰਜ ਮਰੇ ਦੇ ਖਾਤੇ ਪਾ ਕੇ ਆਪ ਸ਼ਰਧਾਲੂ ਦੇ ਜਾ ਢੋਲਕੀ ਖੜਕਾਈ।

ਅੱਜ ਭੋਗ ਦਾ ਦਿਨ ਸੀ ਸ਼ਰਧਾਲੂ ਦੇ ਘਰੇ ਗਹਿਮਾ ਗਹਿਮ ਇੰਝ ਸੀ ਜਿਵੇਂ ਮੁੰਡਾ ਹੋ ਵੀ ਗਿਆ ਹੋਵੇ। ਭੋਗ ਤੋਂ ਬਾਅਦ ਬਾਬਾ ਜੀ ਦਾ ਕੀਰਤਨ ਦਾ ਸਮਾ ਸੀ। ਬਾਬਾ ਜੀ ਨੇ ਚੰਗਾ ਢੋਲਕੀ ਦਾ ਸਿਰ ਪਾੜਿਆ, ਚਿਮਟਿਆਂ ਨੂੰ ਆਪਸ ਵਿਚ ਭਿੜਾ ਕੇ ਲਹੂ-ਲੁਹਾਨ ਕੀਤਾ, ਵਾਜੇ ਦੀ ਘੰਡੀ ਵਿਚ ਉਗਲਾਂ ਦੇ ਕੇ ਉਸ ਦੀਆਂ ਚੀਖਾਂ ਮਰਵਾਈਆਂ। ਬਾਬੇ ਜਿਵੇਂ ਰੱਬ ਨੂੰ ਲਲਕਾਰ ਰਹੇ ਸਨ, ਕਿਥੇ ਹੈ ਤੂੰ ਨਿਕਲ ਬਾਹਰ ਤੇ ਦੱਸ ਮੇਰੇ ਇਸ ਸੇਵਕ ਨੂੰ ਮੁੰਡਾ ਦੇਣਾ ਕਿ ਨਹੀਂ। ਬਾਬੇ ਦੇ ਉੱਚੀ ਬਾਂਹ ਕਰਕੇ ਮਾਰੇ ਲਲਕਾਰੇ ਸੁਣ ਕੇ ਰੱਬ ਜੀ ਸੱਚਮੁਚ ਸੋਚ ਰਹੇ ਹੋਣਗੇ ਕਿ ਇਹ ਕਿਹੜੀ ਨਸਲ ਦੇ ਬੀਜ ਮੇਰੀ ਲਿਬਾਟਰੀ ਵਿਚ ਬਣਦੇ ਰਹੇ ਹਨ, ਜਿਹੜੇ ਮਨੁੱਖਤਾ ਨੂੰ ਅੰਨ੍ਹੇ ਖੂਹ ਵਿਚ ਧੱਕੇ ਨਹੀਂ ਚਿਮਟੇ ਮਾਰ-ਮਾਰ ਸੁੱਟ ਰਹੇ ਹਨ! ਬਾਬਿਆਂ ਦੇ ਮਿਰਜੇ ਦੀ ਤਾਨ ਅਤੇ ਜੱਗੇ ਜੱਟ ਦੇ ਲੋਰ ਨੇ ਪੇਡੂੰ ਜਨਤਾ ਝੂਲਣ ਲਾ ਦਿੱਤੀ। ਸਿੱਧੇ ਸਾਧੇ ਪਿੰਡ ਵਾਲਿਆਂ ਨੂੰ ਤਾਂ ਮੁੰਡੇ ਰੋਂਦੇ ਦੀ ਜਿਵੇਂ ਅਵਾਜ ਵੀ ਸੁਣਨ ਲੱਗ ਪਈ ਹੋਵੇ। ਉਹ ਧੰਨ ਧੰਨ ਕਰਦੇ ਝੋਨੇ ਕੁੱਟ-ਕੁੱਟ ਕੀਤੀ ਹੱਡ ਭੰਨਵੀ ਮਿਹਨਤ ਨੂੰ ਬੋਝਿਆਂ ਵਿਚੋਂ ਕੱਢ ਕੇ ਬਾਬਾ ਜੀ ਅੱਗੇ ਢੇਰੀ ਕਰਨ ਲੱਗੇ ਤੇ ਵਿਚੇ ਵਿਚ ਸੋਚਣ ਲੱਗੇ ਕਿ ਕਾਸ਼ ਬਾਬਾ ਜੀ ਕ੍ਰਿਪਾ ਕਰਨ ਤੇ ਅਸੀਂ ਵੀ ਇਸ ਜੋਗ ਹੋ ਸਕੀਏ ਤੇ ਬਾਬਾ ਜੀ ਸਾਡੇ ਗ੍ਰਿਹ ਵੀ ਰੌਣਕਾਂ ਲਾਉਂਣ ਯਾਨੀ ਢੋਕਲੀ ਦਾ ਸਿਰ ਪਾੜਨ!!

ਵਿਚੇ ਬਾਬਿਆਂ ਅਲੋਪ ਚੰਡਕਾ ਹੋਏ ਗਈ ਪੜਕੇ ਇੰਦਰ ਜੀ ਮਾਹਰਾਜ ਦੀ ਅਜਿਹੀ ਆਰਤੀ ਕੀਤੀ ਕਿ ਗੇਂਦੇ ਦੇ ਫੁੱਲਾਂ ਦੀ ਵਰਖਾ ਜਿਵੇਂ ਧਰਤੀ ਤੋਂ ਨਹੀਂ ਸੱਚਮੁਚ ਅਕਾਸ਼ ਵਿਚੋਂ ਹੋ ਰਹੀ ਹੋਵੇ। ਬਾਬੇ ਆਪ ਉੱਠ ਕੇ ਸੰਗਤਾਂ ਉਪਰ ਰਿਊ-ਕਉੜਾ ਛਿੱੜਕ ਰਹੇ ਸਨ। ਅਰਦਾਸ ਵੇਲੇ ਬਾਬਿਆਂ ਆਪ ਹੀ ਸ੍ਰੀ ਗੁਰੂ ਗਰੰਥ ਸਹਿਬ ਜੀ ਅਗੇ ਪੜਦਾ ਕਰ ਲਿਆ ਤੇ ਆਪੇ ਹੀ ਲੱਗੇ ਬਹੁੜੀਆਂ ਪਾਉਂਣ ਕਿ ਬਾਬਾ ਜੀ ਦਿਓ ਦਰਸ਼ਨ। ਸ਼ਰਧਾਲੂ ਦਾ ਸਾਂਢੂ ਫਿਰ ਹੱਸ ਪਿਆ ਕਿ ਹੱਦ ਹੋ ਗਈ ਦਰਸ਼ਨ ਦਿੰਦੇ ਅਗੇ ਆਪੇ ਪੜਦਾ ਤਾਣ ਲਿਆ ਤੇ ਆਪੇ ਦੁਹਾਈ ਚੁੱਕ ਲਈ ਇਹ ਕੀ ਮਾਜਰਾ ਬਈ? ਲੋਕ ਮੂਰਖ ਜਾਂ ਬਾਬਿਆਂ ਦੇ ਕੋਈ ਨੁਕਸ ਹੈ। ਇਹ ਤਾਂ ਪਾਗਲ ਬੰਦਿਆਂ ਨੂੰ ਲੁਕਾਈ ਪੂਜੀ ਤੁਰੀ ਜਾ ਰਹੀ! ਨਹੀਂ? ਬਾਬਿਆਂ ਖਾਲਸੇ ਦੀ ਲਹੂ ਨੁਚੜਦੇ ਇਤਿਹਾਸ ਦੀ ਅਰਦਾਸ ਛੱਡ ਕੇ ਅਪਣੀ ਹੀ ਬਣਾਈ ਅਰਦਾਸ ਵਿਚ ਫਿਰ ਦੁਹਾਈਆਂ ਚੁੱਕ ਦਿੱਤੀਆਂ ਤੇ ਆਖਰ ਸ਼ਰਧਾਲੂ ਦੀਆਂ ਕਾਮਨਾਵਾਂ ਲਈ ਧੁਰ ਦਰਗਾਹ ਤੱਕ ਸ਼ਿਫਾਰਸ਼ਾਂ ਜਾ ਪਾਈਆਂ। ਬ੍ਰਾਹਮਣ ਦੇ ਹਰੇਕ ਦੇਵਤੇ ਦੇ ਧਿਆਉਂਣ ਵਾਗੂੰ ਉਸ ਵਿਚੇ ਗੁਰੂ ਸਾਹਿਬਾਨਾਂ ਅਤੇ ਵਿਚੇ ਵੱਡੇ ਬਾਬਿਆਂ ਤੇ ਵਿਚੇ ਅਗੇ ਉਨ੍ਹਾਂ ਦੇ ਵੀ ਬਾਬਿਆਂ ਅਗੇ ਅਪਣੀ ਕਹਾਣੀ ਸੁਣਾ ਮਾਰੀ ਕਿ ਚਲੋ ਕੋਈ ਤਾਂ ਸੁਣੇਗਾ ਹੀ। ਗਰੀਬ ਲੋਕ, ਜਿੰਨਾ ਦੇ ਕਿਸੇ ਦੇ ਮੁੰਡਾ ਨਹੀਂ ਸੀ ਉਹ ਬਿੱਲਕੁਲ ਹੀ ਮੁੰਡੇ ਦੀ ਆਸ ਲਾਹੀ ਮੁਰਝਾਏ ਬੈਠੇ ਸਨ। ਹੁਣ ਕਿਹੜਾ 5-6 ਲੱਖ ਵਾਲਾ ਮਹਾਂਸੰਪਟ ਪਾਠ ਕਰਾਏ ਤੇ ਮੁੰਡਾ ਲਵੇ।

ਪਰ ਸਾਲ ਬਾਅਦ ਹਉਕਾ ਜਿਹਾ ਲੈਣ ਵਾਲੇ ਗਰੀਬ ਲੋਕਾਂ ਦੇ ਮੂੰਹ ਤੇ ਖੁਸ਼ੀ ਜਿਹੀ ਝਲਕੀ ਜਦ 5-6 ਲੱਖ ਫੂਕਣ ਵਾਲੇ ਸ਼ਰਧਾਲੂ ਦੇ ਘਰ ਇਕ ਨਨਹੀਂ ਜਿਹੀ ਲੜਕੀ ਨੇ ਜਨਮ ਲਿਆ। ਬਾਬਿਆਂ ਦਾ ਰੱਬ ਕਿਤੇ ਰੁੱਸ ਗਿਆ ਜਾਪਦਾ ਸੀ ਪਰ ਬਾਬਿਆਂ ਬੜੇ ਅਰਾਮ ਨਾਲ ਸੇਵਾ ਵਿਚ ਕੋਈ ਅੜਚਨ ਰਹਿ ਗਈ ਕਹਿ ਕੇ ਭਾਣੇ ਵਿਚ ਰਹਿਣ ਦਾ ਫੁਰਮਾਨ ਭੇਜ ਦਿੱਤਾ। ਸ਼ਰਧਾਲੂ ਦਾ ਸਾਂਢੂ ਕਹਿ ਰਿਹਾ ਸੀ ਕਿ ਇਸ ਭੜੂਏ ਨੂੰ ਪਹਿਲਾਂ ਨਹੀਂ ਭਾਣਾ ਯਾਦ ਆਇਆ ਜਦ ਚਿਮਟਿਆਂ ਨਾਲ ਧਰਤੀ ਪੁੱਟਣੀ ਲਈ ਸੀ? ਸਾਂਢੂ ਦੀ ਤਿੱਖੀ ਟਿੱਪਣੀ ਤੇ ਏਸ ਵਾਰੀ ਸ਼ਰਧਾਲੂ ਦੀ ਸੱਸ ਕੁਝ ਨਹੀਂ ਬੋਲੀ ਪਰ ਸ਼ਰਧਾਲੂ ਬੋਲਿਆ ਕਿ ਚਲੋ ਸ਼ਾਇਦ ਸਾਡੀ ਸੇਵਾ ਵਿਚ ਹੀ ਕੋਈ ਕਮੀ ਰਹਿ ਗਈ ਹੋਵੇ। ਬਾਬਾ ਜੀ ਨਹੀਂ ਆਏ। ਨਾ ਕੋਈ ਰੌਲਾ ਸੀ, ਨਾ ਕੋਈ ਢੋਲਕੀਆਂ ਦਾ ਸ਼ੋਰ। ਸਾਰੇ ਪਾਸੇ ਖਮੋਸ਼ੀ ਦਾ ਪਹਿਰਾ ਸੀ। ਘਰ ਇਵੇਂ ਜਾਪਦਾ ਜਿਵੇਂ ਪੱਤਝੜ ਵਿਚ ਸੜਕਾਂ ਤੇ ਪੱਤੇ ਖਿਲਰੇ ਹੁੰਦੇ ਹਨ। ਪਾਠ ਵੇਲੇ ਭੱਖਦੇ ਤਦੂੰਰਾਂ ਵਿਚੋਂ ਸਵਾਹ ਉੱਡ ਰਹੀ ਸੀ। ਪਰ੍ਹੇ ਇਕ ਗੁੱਠੇ ਘਰ ਦਾ ਪਾਲਤੂ ਕੁੱਤਾ ਅਗਲੀਆਂ ਦੋਂਹ ਲੱਤਾਂ ਤੇ ਉਦਾਸ ਜਿਹਾ ਮੂੰਹ ਰੱਖੀ ਜਾਗੋ ਮੀਟੀ ਜਿਹੀ ਊਂਘ ਰਿਹਾ ਸੀ।

ਸ਼ਰਧਾਲੂ ਦੀ ਪਤਨੀ ਗੋਦ ਪਈ ਨੰਨਹੀਂ ਜਿਹੀ ਕੁੜੀ ਵਲ ਵੇਖ ਇੰਝ ਝੂਰ ਰਹੀ ਸੀ ਜਿਵੇਂ ਉਸ ਨੇ ਉਸ ਦਾ ਸਾਰਾ ਘਰ ਬਰਬਾਦ ਕਰ ਦਿੱਤਾ ਹੋਵੇ। ਉਹ ਜਦ ਕਦੇ ਭੁੱਖ ਨਾਲ ਰੋਦੀ ਤਾਂ ਮਾਂ ਬੜੇ ਅਣਮੰਨੇ ਜਿਹੇ ਮਨ ਨਾਲ ਦੁੱਧ ਦਾ ਥਣ ਉਸ ਦੇ ਮੂੰਹ ਵਿਚ ਪਾਉਂਦੀ। ਉਹ ਥਣ ਮੂੰਹ ਵਿਚ ਲੈ ਬੜੀਆਂ ਧੰਨਵਾਦ ਭਰੀਆਂ ਅੱਖਾਂ ਨਾਲ ਮਾਂ ਵਲ ਵੇਖ ਕੇ ਮੁਸਕਰਾਉਂਦੀ ਪਰ ਮਾਂ ਹਉਕਾ ਲੈ ਕੇ ਮੂੰਹ ਦੂਜੇ ਪਾਸੇ ਕਰ ਲੈਂਦੀ। ਕੁੜੀ ਵੇਖਣ ਆਏ ਸਾਂਢੂ ਅਤੇ ਉਸਦੀ ਪਤਨੀ ਨੂੰ ਮਹੌਲ ਦੇਖ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਅਫਸੋਸ ਕਰਨ ਕਿ ਵਧਾਈ ਦੇਣ। ਘਰ ਵਿਚ ਖਮੋਸ਼ੀ ਇੰਝ ਸੀ ਜਿਵੇਂ ਕੋਈ ਮਰ ਗਿਆ ਹੋਵੇ ਪਰ ਬਾਬੇ ਇਸ ਮਾਤਮ ਤੇ ਦੋ ਅੱਥਰੂ ਵੀ ਕੇਰਨ ਨਾ ਆਏ ਤੇ ਉਹ ਹੋਰ ਉਸ ਸ਼ਰਧਾਲੂ ਦੇ ਕੀਰਤਨ ਕਰਨ ਚਲੇ ਗਏ ਜਿਸ ਦੇ ਉਨ੍ਹਾਂ ਦੇ ਬੱਚਨ ਨਾਲ ਮੁੰਡਾ ਹੋਇਆ ਸੀ ਤੇ ਉਨ੍ਹਾਂ ਮੁੰਡੇ ਦੇ ਪਹਿਲੇ ਜਨਮ ਦਿਨ ਤੇ ਬਾਬਾ ਜੀ ਨੂੰ ਉਚੇਚਾ ਸੱਦਿਆ ਹੋਇਆ ਸੀ!!!!!!!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top