ਇੱਕ ਦਿਨ ਗੱਡੀ ਚਲਾਉਂਦਿਆਂ ਗਜ਼ਲ ਸੁਣ
ਰਿਹਾ ਸੀ ਜਿਸ ਵਿੱਚ ਇਹ ਬੋਲ ਸੁਣੇ...
ਜਿਸ ਤਰਫ ਦੇਖੋ ਹੈ ਖੋਖਲੇ ਲਫਜ਼ੋਂ ਕਾ ਹੂਜ਼ੂਮ।
ਕੌਨ ਸਮਝੇਗਾ ਯਾਹਾਂ ਆਵਾਜ਼ ਕੀ ਗਹਿਰਾਈ ਕੋ।
ਜਦੋਂ ਮੈਂ ਸੁਣਿਆਂ ਤਾਂ
ਵਾਹ ਤੋਂ ਬਿਨਾਂ ਕੁੱਝ ਨਾ ਕਹਿ ਸਕਿਆ। ਗੱਡੀ ਰੋਕੀ ਤੇ
ਪਹਿਲਾਂ ਆਪਣੇ ਆਪ ਨੂੰ ਮੈਸੇਜ਼ ਕੀਤਾ ਕਿ ਘਰ ਪਹੁੰਚ ਕੇ ਇਸ ਉੱਤੇ ਕੁੱਝ ਲਿਖਾਂਗਾ।
ਕਿਸੇ ਸ਼ਾਇਰ ਦੀ ਇਹ ਸਤਰ ਬਹੁਤ ਡੂੰਘੀ
ਗੱਲ ਕਹਿੰਦੀ ਹੈ। "ਜਿਸ ਤਰਫ ਦੇਖੋ ਹੈ ਖੋਖਲੇ ਲਫਜ਼ੋ ਕਾ ਹੂਜ਼ੂਮ" (ਹਰ ਪਾਸੇ
ਖੋਖਲੇ ਸ਼ਬਦਾਂ ਦੀ ਭੀੜ ਹੈ) ਇਹ ਅੱਜ ਦੇ ਸਮਾਜ ਦੀ ਇੱਕ ਬਹੁਤ ਵੱਡੀ ਸੱਚਾਈ
ਨੂੰ ਬਿਆਨ ਕਰਦੀ ਹੈ, ਜਿੱਥੇ ਗੱਲਾਂ ਬਹੁਤ ਹੁੰਦੀਆਂ ਹਨ, ਪਰ ਉਹਨਾਂ ਵਿੱਚ ਅਰਥ
ਜਾਂ ਇਮਾਨਦਾਰੀ ਦੀ ਘਾਟ ਹੁੰਦੀ ਹੈ।
ਚੁਫੇਰੇ ਦਿਖਾਵਾ, ਬੋਲਾਂ ਵਿੱਚ
ਗਹਿਰਾਈ ਨਹੀਂ, ਸਿਰਫ ਸ਼ੋਰ ਹੈ। ਬੇਮਾਇਨੇ ਗੱਲਾਂ, ਗੱਪਾਂ, ਫੋਕੀ ਟਾਹਰਾਂ,
ਲੋਕ ਬੋਲਦੇ ਬਹੁਤ ਹਨ, ਪਰ ਉਹਨਾਂ ਦੀ ਗੱਲ ਦਾ ਕੋਈ ਵਜ਼ਨ ਜਾਂ ਮਤਲਬ ਨਹੀਂ
ਹੁੰਦਾ।
ਸੱਚਾਈ ਦੀ ਘਾਟ, ਸੱਚ ਅਤੇ ਨਿੱਗਰ
ਵਿਚਾਰਾਂ ਦੀ ਬਜਾਏ ਖੋਖਲੀਆਂ ਗੱਲਾਂ ਭਾਰੂ ਹਨ। ਪ੍ਰਚਾਰਕਾਂ ਦੇ ਮੂੰਹੋਂ ਅਤੇ
ਸਟੇਜਾਂ ਤੋਂ ਅੱਖਰ ਇੱਕ ਧਾਰਾ ਵਾਂਗ ਵਗ ਰਹੇ ਹਨ, ਜੋ 'ਖੋਖਲੇ ਲਫ਼ਜ਼ਾਂ' ਦਾ
ਹੜ੍ਹ ਮਾਤਰ ਹਨ। ਸਾਰਾ ਦ੍ਰਿਸ਼ ਰੰਗਹੀਣ ਹੈ, ਜੋ ਦਰਸਾਉਂਦਾ ਹੈ ਕਿ ਇੰਨੇ ਪ੍ਰਚਾਰ
ਅਤੇ ਇਕੱਠਾਂ ਦੇ ਬਾਵਜੂਦ ਕੋਈ ਠੋਸ ਨਤੀਜਾ ਨਹੀਂ ਨਿਕਲ ਰਿਹਾ।
ਸਮਾਜਿਕ ਤੌਰ 'ਤੇ ਹਰ ਪਾਸੇ ਵੈਸੇ ਇਹੀ
ਵਰਤਾਰਾ ਹੈ ਤੇ ਜੋ ਮੌਜੂਦਾ ਦੌਰ ਦੇ ਸਿੱਖੀ ਦੇ ਪ੍ਰਚਾਰ, ਸੋਸ਼ਲ ਮੀਡੀਆ ਅਤੇ
ਬਿਆਨਬਾਜ਼ੀ ਦੇ ਮਾਹੌਲ ਦੀ ਇੱਕ ਤਸਵੀਰ ਵੀ ਹੈ। ਅਸੀਂ ਵੀ ਗੁਰਮਤਿ ਦੀ ਗੱਲ
ਸੁਣਕੇ ਰਾਜ਼ੀ ਨਹੀਂ, ਹੋਰ ਗੱਪਾਂ, ਬੇਸਿਰਪੈਰ ਦੀਆਂ ਗੱਲਾਂ, ਫਰਜ਼ੀ ਸਾਖੀਆਂ,
ਫਰਜ਼ੀ ਗ੍ਰੰਥਾਂ ਦੇ ਬਖੇੜੇ ਆਦਿ ਸਾਭ ਗੁਰੂ ਦੀ ਸਿੱਖਿਆ ਤੋਂ ਬਗੈਰ ਬੋਲੇ ਬੋਲ
ਹਉਲ਼ੇ ਹਨ।
ਗੁਰੂ ਕਹਿੰਦੇ ਹਨ...
ਹੋਰ ਹਉਲੀ ਮਤੀ ਹਉਲੇ ਬੋਲ ॥ (ਸਿਫ਼ਤਿ-ਸਾਲਾਹ
ਤੋਂ ਬਿਨਾ) ਹੋਰ ਮੱਤਾਂ ਹੌਲੀਆਂ ਤੇ ਹੋਰ ਬਚਨ ਭੀ ਹੌਲੇ ਹਨ। ਪਰ ਹੁਣ ਸਾਡਾ
ਪੂਰਾ ਟੱਕ ਹੋਰਨਾਂ ਮਤਾਂ
'ਤੇ ਲੱਗ ਰਿਹਾ ਹੈ, ਜਿਸ ਕਾਰਣ ਮਤਿ ਵੀ ਹਉਲ਼ੀ (ਹਲਕੀ)
ਤੇ ਬੋਲ ਵੀ ਹਉਲੇ ਹੁੰਦੇ ਜਾ ਰਹੇ ਹਨ। ਕਾਸ਼ ਕਿਤੇ ਅਸੀਂ ਗਰੂ ਦੇ ਲਫ਼ਜ਼ਾਂ ਬੋਲਾਂ
ਨੂੰ ਗੁਰੂ ਰਾਹੀਂ ਸਮਝ ਸਕਣ ਦੇ ਸਮਰੱਥ ਹੋ ਸਕੀਏ ਤਾਂ ਜੋ ਸਾਨੂੰ ਦੇਖ ਕੇ ਕੋਈ
ਆਖ ਸਕੇ 'ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥'
ਨਹੀਂ?
(ਸਾਨੂੰ ਪਤਾ ਹੈ ਕਿ 'ਖੂਬੁ ਤੇਰੀ ਪਗਰੀ
ਮੀਠੇ ਤੇਰੇ ਬੋਲ॥' ਦਾ ਅਰਥ ਕੀ ਹੈ, ਪਰ ਐਥੇ ਲੇਖ ਦੇ ਸੰਦਰਭ 'ਚ ਅਸੀਂ
ਬਾਹਰਲੇ ਸਰੂਪ ਲਈ ਵਰਤਿਆ ਹੈ।)