Share on Facebook

Main News Page

💥 ਭਾਈ ਪਿੰਦਰਪਾਲ ਸਿੰਘ ਜੀ ਆਹ ਲੇਖ ਧਿਆਨ ਨਾਲ ਪੜਿਓ⚠️
=========================================
🔥ਕੀ ਸ੍ਰੀ ਚੰਦ ਨੇ ਛੇਵੇਂ ਪਾਤਸ਼ਾਹ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉਤਰਾਧਿਕਾਰੀ ਥਾਪਿਆ ਸੀ?❓
-: ਗਿਆਨੀ ਜਗਤਾਰ ਸਿੰਘ ਜਾਚਕ
#KhalsaNews #JagtarSingh #Jachak #SriChand #BabaGurditta

ਬਾਬਾ ਸ੍ਰੀ ਚੰਦ ਦਾ ਦੇਹਾਂਤ ੧੫ ਅਸੂ ਸੰਮਤ ੧੬੬੯ (ਸੰਨ ੧੬੧੨) ਨੂੰ ਚੰਬੇ ਦੀਆਂ ਪਹਾੜੀਆਂ ਵਿੱਚ ਰਾਵੀ ਦਰਿਆ ਦੇ ਕਿਨਾਰੇ ਹੋਇਆ ਅਤੇ ✅ ਬਾਬਾ ਗੁਰਦਿੱਤਾ ਜੀ ਦਾ ਜਨਮ ਕੱਤਕ ਸੁਦੀ ੧੫ ਸੰਮਤ ੧੬੭੦ (ਸੰਨ ੧੬੧੩) ਨੂੰ ਪਿੰਡ ਡਰੌਲੀ ਜ਼ਿਲਾ ਫ਼ੀਰੋਜ਼ਪੁਰ ਵਿਖੇ ਹੋਇਆ। ✔️ਸਪੱਸ਼ਟ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਜਨਮ, ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣੇ ਤੋਂ ਠੀਕ ੧੩ ਮਹੀਨੇ ਪਿਛੋਂ ਹੋਇਆ।

👉ਇਸ ਲਈ ਹੁਣ ਸੁਆਲ ਪੈਦਾ ਹੁੰਦਾ ਹੈ ਕਿ ਜਦੋਂ ਬਾਬਾ ਸ੍ਰੀ ਚੰਦ ਜੀ ਦੇ ਅਕਾਲ ਚਲਾਣੇ ਵੇਲੇ ਬਾਬਾ ਗੁਰਦਿੱਤਾ ਜੀ ਦੀ ਕੋਈ ਸਰੀਰਕ ਹੋਂਦ ਹੀ ਨਹੀ ਸੀ, ਤਾਂ ਫਿਰ ਉਨ੍ਹਾਂ ਨੂੰ ਬਾਬਾ ਸ੍ਰੀ ਚੰਦ ਵਲੋਂ ਉਤਰਾਧਿਕਾਰੀ ਥਾਪਣ ਦੀ ਗੱਲ ਕਿਵੇਂ ਸੱਚ ਮੰਨੀ ਜਾ ਸਕਦੀ ਹੈ?

🙏ਗੁਰਮਤਿ ਵਿਚਾਰਧਾਰਾ ਦੀਆਂ ਵਿਰੋਧੀ ਸ਼ਕਤੀਆਂ ਵਲੋਂ ਇੱਕ ਗਿਣੀ-ਮਿਥੀ ਸਾਜਿਸ਼ ਤਹਿਤ ਬਿਪਰਵਾਦੀ ਰੰਗ ਵਿੱਚ ਰੰਗੇ ਜਾ ਚੁੱਕੇ ਗੁਰਪ੍ਰਤਾਪ ਸੂਰ੍ਯ (ਸੂਰਜ ਪ੍ਰਕਾਸ਼) ਗ੍ਰੰਥ 'ਤੇ ਅਧਾਰਤ ਉਦਾਸੀਆਂ ਦੇ ਪ੍ਰਚਾਰ ਦੁਆਰਾ ਇਹ ਮਨੋਕਲਪਿਤ ਕਹਾਣੀ ਤਾਂ ਬਹੁਤ ਚਿਰ ਪਹਿਲਾਂ ਤੋਂ ਹੀ ਪ੍ਰਚਲਿਤ ਕੀਤੀ ਜਾ ਚੁੱਕੀ ਸੀ ਕਿ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਦੀ ਬੇਨਤੀ ਸੁਣ ਕੇ ਆਪਣਾ ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ, ਉਨ੍ਹਾਂ ਨੂੰ ਸੌਂਪ ਦਿੱਤਾ, ਜਿਸ ਨੂੰ ਬਾਬਾ ਜੀ ਨੇ ਆਪਣੀ ਥਾਂ ਉਦਾਸੀ ਸੰਪਰਦਾ ਦਾ ਮੁਖੀ ਨੀਯਤ ਕੀਤਾ। ਗੁਰੂ ਘਰ ਵਲੋਂ ਹਰ ਸਾਲ ਇੱਕ ਘੋੜਾ ਤੇ ਪੰਜ ਸੌ ਰੁਪੈ ਸ੍ਰੀ ਚੰਦ ਨੂੰ ਭੇਟ ਕਰਨ ਦੀ ਗੱਲ ਵੀ ਉਦਾਸੀਆਂ ਨੇ ਹੀ ਮਸ਼ਹੂਰ ਕੀਤੀ, ਤਾਂ ਜੋ ਬਾਬਾ ਜੀ ਨੂੰ ਗੁਰੂ ਸਾਹਿਬਾਂ ਤੋਂ ਵੀ ਵੱਡਾ ਸਿੱਧ ਕਰਦਿਆਂ ਉਦਾਸੀ ਸੰਪਰਦਾ ਨੂੰ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਪ੍ਰਵਾਨ ਚਾੜ੍ਹਿਆ ਜਾਵੇ। ਕਿਉਂਕਿ, ਭੇਟਾ ਜਾਂ ਚੜ੍ਹਾਵਾ ਤਾਂ ਆਪਣੇ ਕਿਸੇ ਪੂਜਨੀਕ ਵੱਡੇ ਨੂੰ ਹੀ ਅਰਪਣ ਕੀਤਾ ਜਾਂਦਾ ਹੈ, ਜਿਹੜਾ ਸਾਨੂੰ ਧਾਰਮਿਕ ਦ੍ਰਿਸ਼ਟੀਕੋਨ ਤੋਂ ਪ੍ਰਵਾਨ ਹੋਵੇ।

☹️ਦੁੱਖ ਦੀ ਗੱਲ ਹੈ ਕਿ ਕਿ ਤੱਥਾਂ ਨੂੰ ਵਿਚਾਰੇ ਬਗੈਰ ਕਈ ਵੱਡੇ ਵੱਡੇ ਗੁਰਸਿੱਖ ਵਿਦਵਾਨ ਵੀ ਇਸ ਸਾਜਿਸ਼ ਦਾ ਸ਼ਿਕਾਰ ਹੋਏ ਦਿਸਦੇ ਹਨ। ਲਿਖਿਆ ਮਿਲਦਾ ਹੈ ਕਿ “ਬਾਬਾ ਸ੍ਰੀ ਚੰਦ ਨੇ ਉਦਾਸੀ ਮੱਤ ਨੂੰ ਅਗੇ ਤੋਰਨ ਲਈ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉਤਰਅਧਿਕਾਰੀ ਨਿਯੁਕਤ ਕੀਤਾ ਸੀ”। ਭਾਵੇਂ ਕਿ ਇਤਿਹਾਸਿਕ ਦ੍ਰਿਸਟੀਕੋਣ ਤੋਂ ਇਹ ਘਟਨਾ ਹਿਮਾਲੀਆ ਪਹਾੜ ਜਿੱਡਾ ਝੂਠ ਸਾਬਿਤ ਹੋ ਚੁੱਕੀ ਹੈ। ☝️ਪਰ, ਕਮਾਲ ਹੈ ਕਿ ਗੱਪ ਮਾਰਨ ਵਿੱਚ ਝੂਠ ਦੇ ਇਤਨੇ ਵੱਡੇ ਪਹਾੜ ਨੂੰ ਵੀ ਟੱਪ ਗਏ। ਕਿਉਂਕਿ, ਕਿਸੇ ਆਪਣੇ ਵਰਗੇ ਸਾਥੀ ਲਿਖਾਰੀ ਦੀ ਪੁਸਤਕ ਦਾ ਹਵਾਲਾ ਦੇ ਕੇ ਇਤਿਹਾਸਕ ਤੱਥਾਂ ਤੋਂ ਕੋਰਾ ਇਹ ਕੂੜ ਵੀ ਲਿਖ ਮਾਰਿਆ ਹੈ ਕਿ ਗੁਰੂ ਅੰਗਦ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਆਪਣਾ ਇੱਕ ਇੱਕ ਸਾਹਿਜ਼ਾਦਾ ਬਾਬਾ ਸ੍ਰੀ ਚੰਦ ਨੂੰ ਚੜ੍ਹਾਇਆ ਸੀ।

✍️ਮੇਰਾ ਖਿਆਲ ਹੈ ਕਿ ਅਜਿਹਾ ਸੁਆਰਥੀ ਕੂੜ ਲਿਖ ਕੇ ਉਦਾਸੀ ਸੰਪਰਦਾ ਦੇ ਢੋਲ ਦਾ ਪੋਲ ਖੁਲਵ੍ਹਾ ਕੇ ਬਹੁਤ ਨੁਕਸਾਨ ਕਰਵਾ ਲਿਆ ਹੈ। ਕਿਉਂਕਿ, ਪਹਿਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ-ਬਾਣ (ਪੁਤ੍ਰੀਂ ਕਉਲੁ ਨ ਪਾਲਿਓ) ਨੇ ਤੁਹਾਡੇ ਸੰਪਰਦਾਈ ਮਹਲ ਦੀਆਂ ਨੀਹਾਂ ਹਿਲਾ ਦਿੱਤੀਆਂ ਹਨ। ਉਸ ਗੁਰਵਾਕ ਦੀ ਰੌਸ਼ਨੀ ਵਿੱਚ ਕੋਈ ਨਹੀਂ ਮੰਨ ਸਕਦਾ ਕਿ ਬਾਬਾ ਸ੍ਰੀ ਚੰਦ ਵਰਗੇ ਵਿਅਕਤੀ ਨੂੰ ਗੁਰੂ-ਨਾਨਕ ਸਾਹਿਬ ਜੀ ਮਹਾਰਾਜ ਦੇ ਆਗਿਆਕਾਰੀ ਸਪੁਤਰ ਸਨ।

👁️ਇਹ ਵੀ ਕਦਾਚਿਤ ਨਹੀਂ ਮੰਨਿਆਂ ਜਾ ਸਕਦਾ ਕਿ ਜਿਹੜਾ ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਗੁਰੂ ਹੁਕਮਾਂ ਤੋਂ ਆਕੀ, ਖੋਟੇ ਦਿਲ ਵਾਲਾ ਅਤੇ ਅਧਿਆਤਮੀ ਹੋਣ ਦੀ ਥਾਂ, ਕੇਵਲ ਦੁਨਿਆਵੀ ਧੰਦਿਆਂ ਵਿੱਚ ਖਚਿਤ ਗ੍ਰਿਹਸਥੀ ਜੀਵਨ ਨੂੰ ਨਫਰਤ ਕਰਨ ਵਾਲਾ ਹੋਵੇ, ਉਸ ਨੂੰ ਆਪਣੇ ਮਿਸ਼ਨ ਦਾ ਗੁਰਮਤਿ ਪ੍ਰਚਾਰਕ ਥਾਪ ਕੇ ਅਗਾਂਹ ਲਈ ਪ੍ਰਚਾਰਕ ਤਿਆਰ ਕਰਨ ਦੀ ਜ਼ੁਮੇਵਾਰੀ ਵਾਰੀ ਵੀ ਉਸਨੂੰ ਹੀ ਸੌਂਪ ਦੇਣ। ਕਿਉਂਕਿ, ਲਿਖ ਮਾਰਿਆ ਹੈ ਕਿ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਾਬਾ ਸ੍ਰੀ ਚੰਦ ਹੁਰਾਂ ਨੂੰ ਉਦਾਸੀ ਬਾਣੇ ਵਿੱਚ ਤੇ ਉਦਾਸੀ ਰੀਤ (ਜਿਹੜੀ ਬਿਪਰਵਾਦੀ ਰੀਤ ਗੁਰਮਤਿ ਦੇ ਵਿਪਰੀਤ ਹੈ) ਦੇ ਅਨੁਸਾਰ ਗੁਰਮਤਿ ਪ੍ਰਚਾਰ ਕਰਨ ਤੇ ਆਪਣੇ ਵਰਗੇ ਹੋਰ ਪ੍ਰਚਾਰਕ ਤਿਆਰ ਕਰਨ ਦੀ ਬਖ਼ਸ਼ਿਸ਼ ਕੀਤੀ।

📍 ਹਾਂ, ਇਹ ਗੱਲ ਤਾਂ ਮੰਨਣ ਵਿੱਚ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ਆਪਣੇ ਅਤਿਅੰਤ ਆਗਿਆਕਾਰੀ ਸੇਵਕ ਬਾਬਾ ਲਹਿਣਾ ਜੀ (ਗੁਰੂ ਅੰਗਦ ਸਾਹਿਬ ਜੀ) ਨੂੰ ਗੁਰਗੱਦੀ ਸੌਂਪਣ ਦੇ ਸਮੇਂ ਤੋਂ ਪਹਿਲਾਂ ਤਾਂ ਬਾਬਾ ਸ੍ਰੀ ਚੰਦ ਜੀ ਗੁਰਿਆਈ ਮਿਲਣ ਦੀ ਆਸ ਵਿੱਚ ਸ੍ਰੀ ਕਰਤਾਰਪੁਰ ਦੀ ਧਰਮਸ਼ਾਲ ਦੀਆਂ ਜ਼ੁਮੇਂਵਾਰੀਆਂ ਚੁੱਪ-ਚਾਪ ਨਿਭਾਂਦੇ ਰਹੇ ਹੋਣਗੇ ਕਿ ਪਿਤਾ ਜੀ ਤੇ ਸੰਗਤਾਂ ਮੇਰੇ 'ਤੇ ਖੁਸ਼ ਰਹਿਣ। ਪਰ, ਜਦੋਂ ਗੁਰਿਆਈ ਨਾ ਮਿਲੀ ਤਾਂ ਉਸ ਨੇ ਬਿਪਰਵਾਦੀਆਂ ਸ਼ਕਤੀਆਂ ਦੀ ਸ਼ਹਿ 'ਤੇ ਓਵੇਂ ਹੀ ਇੱਕ ਵਖਰਾ ਪੰਥ ਕਾਇਮ ਕਰਕੇ ਗੱਦੀ ਲਾ ਕੇ ਬਹਿ ਗਿਆ ਹੋਵੇਗਾ।

☢️ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣੇ ਦੇ ੧੩ ਮਹੀਨੇ ਦੇ ਫਰਕ ਪਿਛੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਣ ਦੀ ਸਚਾਈ ਨੇ ਉਦਾਸੀ ਸੰਪਰਦਾ ਦੇ ਝੂਠ ਨੂੰ ਬਿਲਕੁਲ ਨੰਗਿਆਂ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖੀ ਮਾਰਗ ਨੂੰ ਵੇਦ ਪੁਰਾਣਾਂ ਤੇ ਸਿਮ੍ਰਤੀਆਂ ਦਾ ਮਾਰਗ ਦਸਣ ਵਾਲੇ, ਤੇ ਇਸ ਪ੍ਰਕਾਰ ਗੁਰਦੁਆਰਿਆਂ ਵਿੱਚ ਵੀ ਗੋਬਿੰਦ ਸਦਨ ਵਾਂਗ ਆਪਣੀ ਦੁਕਾਨਦਾਰੀ ਚਲਾਉਣ ਲਈ ਸਭ ਧਰਮਾਂ ਦੇ ਸਤਿਕਾਰ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ (ਕਥਿਤ) ਦਸਮ ਗ੍ਰੰਥ ਅਤੇ ਹੋਰ ਅਨਮਤੀ ਧਾਰਮਿਕ ਪੁਸਤਕਾਂ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨ੍ਹਾਂ ਸਾਰਿਆਂ ਦੇ ਰੋਲ-ਘਚੋਲੇ ਵਿੱਚ ਰੋਲ ਦਿੱਤਾ ਜਾਵੇ ਅਤੇ ਸਭ ਥਾਈਂ ਸ਼੍ਰੀ ਚੰਦ ਦੇ ਧੂੰਣੇ ਧੁਖਣ? ਕਿਉਂਕਿ, ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਪਰਵਾਦੀ ਸੰਪਰਦਾਵਾਂ ਦੀਆਂ ਜੜ੍ਹਾਂ 'ਤੇ ਕੁਹਾੜਾ ਮਾਰਦਾ ਹੈ।

👳ਸਿੱਖ ਸੰਗਤਾਂ ਦੀ ਹੋਰ ਤਸੱਲੀ ਲਈ ਕਿ ਉਦਾਸੀ ਬਾਵੇ (ਪ੍ਰਚਾਰਕ) ਸਿੱਖ ਸੰਗਤਾਂ ਨੂੰ ਕਿਵੇਂ ਗੁੰਮਰਾਹ ਕਰਦੇ ਰਹੇ, ਇਸ ਸਬੰਧੀ ਬਾਵਾ ਸੰਤਰੇਣ ਦਾ ਇੱਕ ਦੋਹਾ ਲਿਖ ਕੇ ਆਪਣੇ ਲੇਖ ਦੀ ਪਹਿਲੀ ਕਿਸ਼ਤ ਸਮਾਪਤ ਕਰਦਾ ਹਾਂ, ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਦਾਸੀਆਂ ਨੇ ਗੁਰੂ ਨਾਨਕ ਦੇ ਨਿਆਰੇ ਤੇ ਨਿਰਮਲ ਪੰਥ ਨੂੰ ਵੇਦਾਂ ਪੁਰਾਣਥ ਤੇ ਸਿਮਰਤੀਆਂ ਦਾ ਮਾਰਗ ਦਰਸਾਣ ਲਈ ਕਿਵੇਂ ਚਾਲਾਂ ਚਲੀਆਂ: ਆਦਿ ਅਚਾਰਜ ਨਾਨਕ ਦੇਵ, ਨਿਰੰਜਨ ਅੰਜਨ ਮਾਹਿ ਨਿਵਾਸੀ। ਸਿੰਮ੍ਰਿਤਿ ਵੇਦ ਪੁਰਾਣ ਕੇ ਮਾਰਗ, ਜੀਵ ਲਗਾਇ ਕਟੀ ਭਵ ਫਾਸੀ।

ਭੁੱਲ-ਚੱਕ ਮੁਆਫ਼।
ਜਗਤਾਰ ਸਿੰਘ ਜਾਚਕ, ਗਲੈਨਕੋਵ (ਨਿਊਯਾਰਕ)
ਫੋਨ: ੫੧੬-੬੭੪-੬੭੯੩ ਮਿਤੀ ੧੦/੨੦/੨੦੦੭


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top