Share on Facebook

Main News Page

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 ਵਾਰਾਂ ਬਾਰੇ ਜਾਣਕਾਰੀ
-: ਸਿਮਰਜੀਤ ਸਿੰਘ
01 Aug 2007
#KhalsaNews #SimarjitSingh #Vaaran #SGGS

‘ਵਾਰ’ ਪੰਜਾਬੀ ਲੋਕ ਸਾਹਿੱਤ ਦੇ ਕਾਵਿ-ਰੂਪ ਦਾ ਅਨਿੱਖੜਵਾਂ ਅੰਗ ਹੈ। ਇਹ ਪੰਜਾਬੀਆਂ ਦਾ ਮਨਭਾਉਂਦਾ ਸਾਹਿੱਤ ਹੈ। ਸੈਨਿਕਾਂ, ਯੋਧਿਆਂ ਵਿਚ ਬੀਰ ਰਸ ਪੈਦਾ ਕਰਨ ਲਈ ਇਸ ਸਾਹਿੱਤ ਦਾ ਬਹੁਤ ਹੱਥ ਹੁੰਦਾ ਹੈ। ਭੱਟਾਂ ਅਤੇ ਕਵੀਆਂ ਦੁਆਰਾ ਰਚਿਤ ਵਾਰਾਂ ਨੂੰ ਢਾਡੀ ਬੜੇ ਹੀ ਜੋਸ਼ੀਲੇ ਢੰਗ ਨਾਲ ਗਾਉਂਦੇ ਹਨ ਜਿਸ ਦੇ ਸੁਣਨ ਨਾਲ ਮਨੁੱਖ ਜੋਸ਼ ਨਾਲ ਭਰ ਜਾਂਦਾ ਹੈ। ਉਹ ਨਿਡਰ ਹੋ ਕੇ ਸ਼ੇਰ ਵਾਂਗ ਰਣ-ਤੱਤੇ ਵਿਚ ਜਾ ਗੱਜਦਾ ਹੈ। ਪਰੰਪਰਾ ਅਨੁਸਾਰ ਵਾਰਾਂ ਪਉੜੀਆਂ ਵਿਚ ਲਿਖੀਆਂ ਜਾਂਦੀਆਂ ਸਨ। ਪਉੜੀ ਦੇ ਦੋ ਰੂਪ ਵਰਤੇ ਜਾਂਦੇ ਹਨ- ਨਿਸ਼ਾਨੀ ਛੰਦ ਵਾਲਾ ਅਤੇ ਸਿਰਖੰਡੀ ਛੰਦ ਵਾਲਾ। ਇਸ ਦੀ ਭਾਸ਼ਾ ਜਨ-ਪੱਧਰ ਦੀ ਹੁੰਦੀ ਹੈ ਅਤੇ ਯੁੱਧ ਦਾ ਵਾਤਾਵਰਨ ਸਿਰਜਣ ਲਈ ਤਲਖ ਤੇ ਕਠੋਰ ਧੁਨੀਆਂ ਵਾਲੇ ਵਰਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਾਵਿ-ਰੂਪ ਦਾ ਅਰੰਭ ਕਦੋਂ ਹੋਇਆ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਇਸ ਦੇ ਪੁਰਾਤਨ ਹੋਣ ਦਾ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਜਾਂਦਾ ਹੈ।

ਸੂਰਬੀਰ ਯੋਧਿਆਂ ਦੇ ਜੰਗ-ਏ-ਮੈਦਾਨ ਵਿਚ ਕੀਤੇ ਵੀਰਤਾ-ਭਰਪੂਰ ਕਿਸੇ ਇਕ ਕਾਰਨਾਮੇ ਨੂੰ ਦਿਲਖਿਚਵੀਂ ਕਵਿਤਾ ਰਾਹੀਂ ਪੇਸ਼ ਕੀਤਾ ਜਾਂਦਾ ਆ ਰਿਹਾ ਹੈ। ਵਾਰ ਵਿਚ ਕਿਸੇ ਯੋਧੇ ਦੇ ਸਾਰੇ ਜੀਵਨ ਨੂੰ ਬਿਆਨ ਨਹੀਂ ਕੀਤਾ ਜਾਂਦਾ ਸਗੋਂ ਕਿਸੇ ਇਕ ਘਟਨਾ ਨੂੰ ਹੀ ਬਿਆਨ ਕੀਤਾ ਜਾਂਦਾ ਹੈ। ਵਾਰ ਦਾ ਵਿਸ਼ੇਸ਼ ਗੁਣ ਇਹ ਹੁੰਦਾ ਹੈ ਕਿ ਇਸ ਵਿਚ ਦੋ ਵਿਰੋਧੀ ਸ਼ਕਤੀਆਂ ਦੀ ਟੱਕਰ ਹੁੰਦੀ ਹੈ। ਲੋਕ-ਵਾਰਾਂ ਵਿਚ ਜਿੱਥੇ ਇਹ ਟੱਕਰ ਬਾਹਰਮੁਖੀ ਹੁੰਦੀ ਹੈ ਅਰਥਾਤ ਦੋ ਯੋਧਿਆਂ ਵਿਚ ਹੁੰਦੀ ਹੈ ਉਥੇ ਇਹ ਟੱਕਰ ਅਧਿਆਤਮਿਕ ਵਾਰਾਂ ਵਿਚ ਅੰਤਰਮੁਖੀ ਅਰਥਾਤ ਮਨੁੱਖ ਅੰਦਰ ਚੱਲ ਰਹੀਆਂ ਬੁਰਾਈਆਂ ਨੂੰ ਫਤਿਹ ਕਰਨ ਲਈ ਦਰਸਾਈ ਗਈ ਹੈ। ਇਨ੍ਹਾਂ ਅਧਿਆਤਮਿਕ ਵਾਰਾਂ ਵਿਚ ਮਨੁੱਖ ਨੂੰ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਪ੍ਰਕਰਣ ਵਿਚ ਸਹੀ ਸੇਧ ਪ੍ਰਦਾਨ ਕਰ ਕੇ ਉਸ ਦੇ ਇਖਲਾਕੀ ਜੀਵਨ ਨੂੰ ਉੱਚਾ ਚੁੱਕਿਆ ਗਿਆ ਹੈ।

ਸਿੱਖ ਸਾਹਿੱਤ ਵਿਚ ਇਹ ਕਾਵਿ-ਰੂਪ ਬਹੁਤ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਦਰਜ ਹਨ। ਗੁਰਮਤਿ ਵਿਚ ਵਾਰਾਂ ਦਾ ਮੁੱਢ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੰਨ੍ਹਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ 3 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਭਾਰਤ ਦੀ ਜਨਤਾ ਹਾਕਮਾਂ ਦੇ ਜ਼ੁਲਮ ਸਹਿ-ਸਹਿ ਕੇ ਬੁਜ਼ਦਿਲ ਤੇ ਨਿਰਬਲ ਹੋ ਚੁੱਕੀ ਸੀ। ਕਾਬਲ ਤੋਂ ਛੋਟੇ-ਛੋਟੇ ਜਥਿਆਂ ਦੇ ਰੂਪ ਵਿਚ ਹਮਲਾਵਰ ਆ ਕੇ ਹਿੰਦੋਸਤਾਨ ਵਿਚ ਲੁੱਟ-ਮਾਰ ਕਰ ਰਹੇ ਸਨ। ਉਨ੍ਹਾਂ ਨੂੰ ਰੋਕਣ ਦੀ ਕਿਸੇ ਵਿਚ ਕੋਈ ਹਿੰਮਤ ਨਹੀਂ ਸੀ। ਖੱਤਰੀ ਜਿਨ੍ਹਾਂ ਦਾ ਧਰਮ ਦੇਸ਼ ਦੀ ਰੱਖਿਆ ਕਰਨਾ ਸੀ, ਉਨ੍ਹਾਂ ਨੇ ਆਪਣਾ ਧਰਮ ਛੱਡ ਕੇ ਮਲੇਛਾਂ ਵਾਂਗ ਰਵੱਈਆ ਬਣਾ ਲਿਆ ਸੀ:

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ (ਪੰਨਾ 663)

ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸਨ ਕਿ ਹਿੰਦੋਸਤਾਨੀਆਂ ਨੂੰ ਬਹਾਦਰ ਬਣਾ ਕੇ ਜ਼ੁਲਮ ਦਾ ਟਾਕਰਾ ਕਰਨਾ ਪਵੇਗਾ। ਇਸ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
(ਪੰਨਾ 1412)

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਵਿਚ ਬੀਰ ਰਸ ਪੈਦਾ ਕਰਨ ਲਈ ਸਮੇਂ ਦੇ ਅਨੁਕੂਲ 3 ਵਾਰਾਂ ਦੀ ਗੁਰਬਾਣੀ ਵਿਚ ਰਚਨਾ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ 4 ਵਾਰਾਂ, ਸ੍ਰੀ ਗੁਰੂ ਰਾਮਦਾਸ ਜੀ ਨੇ 8 ਵਾਰਾਂ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ 6 ਵਾਰਾਂ ਅਤੇ ਇਕ ਵਾਰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਲ ਕੇ ਲਿਖੀ। ਇਨ੍ਹਾਂ ਵਾਰਾਂ ਵਿੱਚੋਂ ‘ਬਸੰਤ ਕੀ ਵਾਰ ਮਹਲਾ 5’ ਅਤੇ ‘ਸਤੇ ਬਲਵੰਡ ਕੀ ਵਾਰ’ ਨੂੰ ਛੱਡ ਕੇ ਬਾਕੀ ਸਾਰੀਆਂ ਵਾਰਾਂ ਵਿਚ ਪਉੜੀਆਂ ਦੇ ਨਾਲ ਸਲੋਕ ਭੀ ਹਨ ਜਿਹੜੇ ਪਉੜੀ ਦੇ ਭਾਵ-ਅਰਥ ਨਾਲ ਮਿਲਦੇ-ਜੁਲਦੇ ਹਨ। ਇਨ੍ਹਾਂ ਵਾਰਾਂ ਦੇ ਸਿਰਲੇਖ ਗੁਰੂ ਸਾਹਿਬ ਨੇ ਰਾਗਾਂ ਦੇ ਨਾਂ ’ਤੇ ਦਿੱਤੇ ਹਨ ਜਿਸ ਤੋਂ ਭਾਵ ਹੈ ਕਿ ਇਸ ਵਾਰ ਨੂੰ ਇਸ ਰਾਗ ਵਿਚ ਗਾਉਣਾ ਹੈ।

1. ਵਾਰ ਮਾਝ ਕੀ ਮਹਲਾ 1
ਸੰਗੀਤ ਸ਼ਾਸਤਰੀਆਂ ਦੇ ਵਿਚਾਰ ਅਨੁਸਾਰ ਰਾਗ ‘ਮਾਝ’ ਪੰਜਾਬ ਦੇ ਮਾਝੇ ਇਲਾਕੇ ਦੀ ਲੋਕ-ਧੁਨ ਤੋਂ ਵਿਕਸਿਤ ਹੋਇਆ ਹੈ। ਗੁਰੂ ਸਾਹਿਬਾਨ ਦੇ ਸਮਕਾਲੀ ਸੰਗੀਤ ਗ੍ਰੰਥਾਂ ਵਿਚ ਮਾਝ ਰਾਗ ਦਾ ਉਲੇਖ ਬਿਲਕੁਲ ਨਹੀਂ ਮਿਲਦਾ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਨੇ ਜਿੱਥੇ ਲੋਕ-ਕਾਵਿ-ਰੂਪਾਂ ਨੂੰ ਆਪਣੀ ਬਾਣੀ ਵਿਚ ਵਰਤਿਆ ਉਥੇ ਉਨ੍ਹਾਂ ਲੋਕ-ਧੁਨਾਂ ’ਤੇ ਆਧਾਰਿਤ ਰਾਗਾਂ ਨੂੰ ਵੀ ਅਪਣਾਇਆ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਲਿਖੀ ਇਸ ਵਾਰ ਵਿਚ ਕੁੱਲ 27 ਪਉੜੀਆਂ ਅਤੇ 63 ਸਲੋਕ ਹਨ। ਇਨ੍ਹਾਂ ਵਿੱਚੋਂ 46 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਨ ਅਤੇ 12 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਹਨ, 3 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 2 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਹਨ। ਇਸ ਵਾਰ ਦੇ ਰਚਨਾ-ਕਾਲ ਅਤੇ ਰਚਨਾ-ਸਥਾਨ ਸੰਬੰਧੀ ਕੋਈ ਪੱਕਾ ਪ੍ਰਮਾਣ ਨਹੀਂ ਮਿਲਦਾ। ਉਂਝ ‘ਪੁਰਾਤਨ ਜਨਮਸਾਖੀ’ ਦੀ ਸਾਖੀ 43 ਵਿਚ ਇਸ ਰਚਨਾ ਨੂੰ ਦੱਖਣ ਦੀ ਉਦਾਸੀ ਸਮੇਂ ਰਚਣ ਦਾ ਜ਼ਿਕਰ ਮਿਲਦਾ ਹੈ। ਇਸ ਵਾਰ ਦੀਆਂ ਪਉੜੀਆਂ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਦਾ ਪ੍ਰਗਟਾਵਾ ਹੋਇਆ ਹੈ। ਇਸ ਵਾਰ ਦੀ ਹਰ ਇਕ ਪਉੜੀ ਅੱਠ-ਅੱਠ ਤੁਕਾਂ ਦੀ ਹੈ, ਪਰ ਇਨ੍ਹਾਂ ਵਿਚ ਮਾਤ੍ਰਾਂ ਸੰਬੰਧੀ ਇਕ-ਰੂਪਤਾ ਨਹੀਂ ਹੈ। ਸਲੋਕਾਂ ਦੀ ਪਉੜੀ ਅਨੁਸਾਰ ਵੰਡ ਇਕ-ਸਮਾਨ ਨਹੀਂ ਹੈ। ਦੋ ਤੋਂ ਅੱਠ ਤਕ ਸਲੋਕ ਦਰਜ ਮਿਲਦੇ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ ਵੀ ਇੱਕੋ ਜਿਹੀ ਨਹੀਂ ਹੈ। 2 ਤੋਂ ਲੈ ਕੇ 24 ਤੁਕਾਂ ਦੇ ਸਲੋਕ ਦਰਜ ਹਨ। ਭਾਸ਼ਾ ਦੀ ਦ੍ਰਿਸ਼ਟੀ ਤੋਂ ਇਹ ਵਾਰ ਪੰਜਾਬੀ ਦੇ ਜ਼ਿਆਦਾ ਨੇੜੇ ਹੈ। ਅਰਬੀ ਅਤੇ ਫ਼ਾਰਸੀ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।

2. ਆਸਾ ਕੀ ਵਾਰ ਮਹਲਾ 1
‘ਆਸਾ’ ਪੰਜਾਬ ਦਾ ਪ੍ਰਸਿੱਧ ਅਤੇ ਲੋਕਪ੍ਰਿਯ ਰਾਗ ਹੈ। ਆਸਾ ਰਾਗ ਗੁਰਮਤਿ ਸੰਗੀਤ ਪੱਧਤੀ ਦਾ ਮਹੱਤਵਪੂਰਣ ਰਾਗ ਹੈ। ਸਿੱਖ ਧਰਮ ਵਿਚ ਇਸ ਦੇ ਗਾਇਨ ਦਾ ਸਮਾਂ ਅੰਮ੍ਰਿਤ ਵੇਲੇ (ਸਵੇਰੇ) ਅਤੇ ਸ਼ਾਮ ਹੈ। ਸਵੇਰ ਸਮੇਂ ਇਸ ਰਾਗ ਵਿਚ ‘ਆਸਾ ਕੀ ਵਾਰ’ ਨਾਮਕ ਵਿਸ਼ੇਸ਼ ਬਾਣੀ ਦੇ ਗਾਇਨ ਦੀ ਪ੍ਰਥਾ ਹੈ। ਸ਼ਾਮ ਨੂੰ ‘ਸੋ ਦਰੁ ਦੀ ਚੌਕੀ’ ਵਿਚ ‘ਸੋ ਦਰੁ’ ਦਾ ਸ਼ਬਦ ਇਸੇ ਰਾਗ ਵਿਚ ਗਾਇਆ ਜਾਂਦਾ ਹੈ। ਇਥੇ ਇਹ ਤੱਥ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ ਕਿ ਭਾਰਤੀ ਸੰਗੀਤ ਦੀਆਂ ਦੋਵਾਂ ਪੱਧਤੀਆਂ ਵਿਚ ਕੋਈ ਵੀ ਰਾਗ ਸਵੇਰੇ ਅਤੇ ਸ਼ਾਮ ਸਮੇਂ ਨਹੀਂ ਗਾਇਆ ਜਾਂਦਾ (ਮੌਸਮੀ ਰਾਗਾਂ ਨਾਲ ਸੰਬੰਧਿਤ ਮੌਸਮ ਤੋਂ ਬਿਨਾਂ) ਪਰ ਇਸ ਰਾਗ ਦਾ ਗਾਇਨ ਕੇਵਲ ਗੁਰਮਤਿ ਸੰਗੀਤ ਪੱਧਤੀ ਵਿਚ ਹੀ ਦੋਵੇਂ ਸਮੇਂ ਕੀਤਾ ਜਾਂਦਾ ਹੈ।

ਇਸ ਦਾ ਪੰਜਾਬ ਦੀ ਲੋਕ ਧੁਨ ‘ਟੁੰਡੇ ਅਸਰਾਜ ਦੀ ਧੁਨੀ’ ਨਾਲ ਨਿਕਟ ਸੰਬੰਧ ਮੰਨਿਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਇਸ ਨੂੰ ਮੁੱਖ ਰਾਗ ਵਜੋਂ ਅੰਕਿਤ ਕੀਤਾ ਹੈ। ‘ਆਸਾ ਕੀ ਵਾਰ’ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਰਾਜਸੀ, ਧਾਰਮਿਕ ਹਾਲਤਾਂ ਸੰਬੰਧੀ ਆਪਣਾ ਅਨੁਭਵ ਪ੍ਰਗਟ ਕੀਤਾ ਹੈ। ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀਆਂ ਲੰਬੀਆਂ ਬਾਣੀਆਂ ਵਿੱਚੋਂ ਇਕ ਹੈ। ਇਸ ਵਾਰ ਦੀਆਂ 24 ਪਉੜੀਆਂ ਹਨ। ਇਨ੍ਹਾਂ ਪਉੜੀਆਂ ਨੂੰ ਸਮਝਣ ਲਈ ਨਾਲ 59 ਸਲੋਕ ਦਰਜ ਕੀਤੇ ਗਏ ਹਨ। ਇਨ੍ਹਾਂ ਸਲੋਕਾਂ ਵਿੱਚੋਂ 44 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਨ ਅਤੇ 15 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਹਨ। ਇਸ ਵਾਰ ਰਾਹੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਕਿ ਮਨੁੱਖ ਦੇ ਅੰਦਰ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਦੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ। ਇਸ ਵਾਰ ਵਿਚ ਦਿੱਤੇ ਸਲੋਕਾਂ ਰਾਹੀਂ ਗੁਰੂ ਜੀ ਮਨੁੱਖ ਨੂੰ ਚੰਗਾ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ ਹਨ। ਇਨ੍ਹਾਂ ਸਲੋਕਾਂ ਵਿਚ ਕੁਦਰਤ ਅਤੇ ਸ੍ਰਿਸ਼ਟੀ ਦਾ ਵਿਵਰਣ ਪੇਸ਼ ਕਰ ਕੇ ਮਨੁੱਖ ਦੀ ਆਤਮਿਕ ਬੁੱਧੀ ਉੁੱਤੇ ਬਲ ਦਿੱਤਾ ਗਿਆ ਹੈ। ਪਾਖੰਡਵਾਦ ਉੁੱਪਰ ਭਾਰੀ ਚੋਟ ਕੀਤੀ ਗਈ ਹੈ। ‘ਆਸਾ ਕੀ ਵਾਰ’ ਅਨੁਸਾਰ ਸਮਾਜ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਾਰੇ ਲੋਕ ਹਰ ਪ੍ਰਕਾਰ ਦਾ ਕੰਮ-ਕਾਰ ਕਰ ਸਕਦੇ ਹੋਣ। ਕੰਮਾਂ ਦੀ ਵੰਡ ਜਨਮ ’ਤੇ ਆਧਾਰਿਤ ਨਾ ਹੋਵੇ ਤਾਂ ਕਿ ਜਾਤ-ਪਾਤ ਦੀ ਤੰਗਦਿਲੀ ਤੋਂ ਉੁੱਪਰ ਉੁੱਠਿਆ ਜਾ ਸਕੇ। ਜਤ-ਸਤ ਨੂੰ ਧਾਰਨ ਕਰਨ ਵਾਲਾ ਸਮਾਜ ਹੋਵੇ ਜਿਸ ਵਿਚ ਇਸਤਰੀ ਨੂੰ ਪੂਰਾ ਸਨਮਾਨ ਪ੍ਰਾਪਤ ਹੋਵੇ। ‘ਆਸਾ ਕੀ ਵਾਰ’ ਮਨੁੱਖ ਨੂੰ ਸਚਿਆਰਾ ਜੀਵਨ ਜੀਣ ਦੀ ਜਾਚ ਦੱਸਦੀ ਹੈ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕਰ ਕੇ ਮਨੁੱਖ ਨੂੰ ਇਨ੍ਹਾਂ ਤੋਂ ਆਜ਼ਾਦ ਹੋ ਚੱਲਣ ਦਾ ਸਹੀ ਰਾਹ ਦੱਸਦੀ ਹੈ।

3. ਮਲਾਰ ਕੀ ਵਾਰ ਮਹਲਾ 1
‘ਮਲਾਰ’ ਰਾਗ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਫੁਰਮਾਨ ਕੀਤਾ ਹੈ:
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥(ਪੰਨਾ 1283)

ਇਸ ਦੇ ਰੂਪ ਬਾਰੇ ਲਿਖਿਆ ਹੈ ਕਿ ਕੀਮਤੀ ਮੋਤੀ ਨੱਕ ਵਿਚ, ਮੂੰਹ ਵਿਚ ਪਾਠ ਤੇ ਚਮਕਦਾ ਚਿਹਰਾ ਅਤੇ ਚੜ੍ਹੀ ਜਵਾਨੀ ਜਿਸ ’ਤੇ ਚੰਦਨ ਮਲ-ਮਲ ਖੁਸ਼ਬੂ ਪੈਦਾ ਕੀਤੀ ਹੋਵੇ ਅਤੇ ਰੇਸ਼ਮੀ ਕੱਪੜੇ, ਭਾਵ ਸਾਰੇ ਪਾਸੇ ਉਤਸ਼ਾਹ ਦਾ ਵਾਤਾਵਰਨ। ਸੋ ‘ਰਾਗ ਮਲਾਰ’ ਵਿਚ ਬਾਣੀ ਦਾ ਮੀਂਹ ਪੈਂਦਾ ਹੈ ਅਤੇ ਜਿਸ ਪੀ ਲਿਆ ਉਹ ਸ਼ਾਂਤ-ਚਿਤ ਹੋ ਗਿਆ:
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ॥ ਜਿਨਿ ਪੀਤੀ ਤਿਸੁ ਮੋਖ ਦੁਆਰ॥ (ਪੰਨਾ 1275)

ਇਹ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੀਆਂ ਕੁਲ 28 ਪਉੜੀਆਂ ਹਨ ਜਿਨ੍ਹਾਂ ਵਿੱਚੋਂ 1 ਪਉੜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਅਤੇ ਬਾਕੀ ਦੀਆਂ 27 ਪਉੜੀਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਹਨ। ਇਸ ਵਾਰ ਵਿਚ ਕੁਲ 58 ਸਲੋਕ ਸੰਕਲਿਤ ਕੀਤੇ ਗਏ ਹਨ। ਇਸ ਵਾਰ ਵਿਚਲੀ ਹਰ ਪਉੜੀ ਅੱਠ-ਅੱਠ ਤੁਕਾਂ ਦੀ ਹੈ ਪਰ ਇਨ੍ਹਾਂ ਦੇ ਆਕਾਰ ਵਿਚ ਸਮਾਨਤਾ ਨਹੀਂ ਹੈ। ਇਸ ਵਿਚ ਦਰਜ 58 ਸਲੋਕਾਂ ਵਿੱਚੋਂ 24 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ, 5 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ, 27 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 2 ਸਲੋਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਹਨ। ਹਰ ਇਕ ਪਉੜੀ ਨਾਲ 2-2 ਸਲੋਕ ਹਨ, ਸਿਰਫ 21ਵੀਂ ਪਉੜੀ ਦੇ ਨਾਲ 4 ਸਲੋਕ ਹਨ। ਸਲੋਕਾਂ ਦੀਆਂ ਤੁਕਾਂ ਦਾ ਆਕਾਰ ਇਕਸਾਰ ਨਹੀਂ ਹੈ। 2 ਤੋਂ ਲੈ ਕੇ 26 ਤਕ ਸਲੋਕ ਮਿਲਦੇ ਹਨ। ਇਸ ਵਾਰ ਦੀਆਂ ਪਉੜੀਆਂ ਦੀ ਭਾਸ਼ਾ ਦਾ ਸਰੂਪ ਪੂਰਬੀ ਪੰਜਾਬੀ ਵਾਲਾ ਹੈ, ਪਰ ਸਲੋਕ ਲਗਭਗ ਕੇਂਦਰੀ ਪੰਜਾਬੀ ਵਿਚ ਲਿਖੇ ਹੋਏ ਹਨ, ਭਾਵੇਂ ਇਨ੍ਹਾਂ ਉੁੱਪਰ ਕਿਤੇ-ਕਿਤੇ ਲਹਿੰਦੀ ਦਾ ਪ੍ਰਭਾਵ ਹੈ।

ਇਸ ਵਾਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕੁਰੀਤੀਆਂ ਅਤੇ ਕੂੜ ਪਰੰਪਰਾਵਾਂ ਨੂੰ ਤਿਆਗ ਕੇ ਵਾਸਤਵਿਕ ਧਰਮ-ਕਾਰਜ ਵਿਚ ਲੀਨ ਹੋਣ ਦੀ ਭਾਵਨਾ ਨੂੰ ਪ੍ਰਗਟ ਕੀਤਾ ਹੈ। ਕੁਝ ਵਿਦਵਾਨਾਂ ਨੇ ਇਸ ਦੀ ਭਾਵ-ਸਮੱਗਰੀ ਨੂੰ 4 ਭਾਗਾਂ ਵਿਚ ਵੰਡਿਆ ਹੈ। 1 ਤੋਂ 7 ਤਕ ਪਉੜੀਆਂ ਰੱਬ ਬਾਰੇ, 8 ਤੋਂ 16 ਤਕ ਨਾਮ ਬਾਰੇ, 17 ਤੋਂ 22 ਤਕ ਭਗਤੀ ਬਾਰੇ ਅਤੇ 23 ਤੋਂ 28 ਤਕ ਪਉੜੀਆਂ ਗੁਰੂ-ਸ਼ਬਦ ਬਾਰੇ ਹਨ। ਪਰ ਅਜਿਹੀ ਵੰਡ-ਰੇਖਾ ਅੰਦਰਲੇ ਤੱਥਾਂ ਤੋਂ ਸਪਸ਼ਟ ਨਹੀਂ ਹੁੰਦੀ।

4. ਗੂਜਰੀ ਕੀ ਵਾਰ ਮਹਲਾ 3
 ‘ਗੂਜਰੀ’ ਇਕ ਪੁਰਾਤਨ ਰਾਗ ਹੈ। ਇਸ ਦਾ ਸੁਰਾਤਮਕ ਸਰੂਪ ਕਰੁਣਾ ਰਸ ਦਾ ਧਾਰਨੀ ਹੈ ਜਿਸ ਕਰਕੇ ਇਹ ਗੰਭੀਰ ਪ੍ਰਕਿਰਤੀ ਦੀਆਂ ਭਗਤੀ-ਭਾਵ ਵਾਲੀਆਂ ਰਚਨਾਵਾਂ ਦੇ ਗਾਇਨ ਲਈ ਅਤਿ ਢੁਕਵਾਂ ਹੈ। ‘ਰਾਗ ਗੂਜਰੀ’, ਤੋੜੀ ਦੀ ਵੰਨਗੀ ਹੈ, ਇਸੇ ਕਰਕੇ ਕਈ ਸੰਗੀਤ ਪ੍ਰੇਮੀ ਇਸ ਨੂੰ ‘ਗੂਜਰੀ ਤੋੜੀ’ ਵੀ ਆਖਦੇ ਹਨ। ਇਸ ਵਾਰ ਵਿਚ ਕੁੱਲ 22 ਪਉੜੀਆਂ ਹਨ। ਇਹ ਸਾਰੀਆਂ ਪਉੜੀਆਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਹਰ ਇਕ ਪਉੜੀ ਵਿਚ 5-5 ਤੁਕਾਂ ਹਨ। ਹਰ ਇਕ ਪਉੜੀ ਦੇ ਨਾਲ 2-2 ਸਲੋਕ ਹਨ। ਇਨ੍ਹਾਂ ਵਿੱਚੋਂ ਕੇਵਲ ਚੌਥੀ ਪਉੜੀ ਨਾਲ ਆਇਆ ਸਲੋਕ ਭਗਤ ਕਬੀਰ ਜੀ ਦਾ ਹੈ ਅਤੇ ਬਾਕੀ ਸਾਰੇ ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। ਇਨ੍ਹਾਂ ਸਲੋਕਾਂ ਦੀਆਂ ਤੁਕਾਂ ਵਿਚ ਸਮਾਨਤਾ ਨਹੀਂ ਹੈ। 2 ਤੋਂ 11 ਤਕ ਤੁਕਾਂ ਮਿਲਦੀਆਂ ਹਨ। ਇਸ ਵਾਰ ਦੀ ਭਾਸ਼ਾ ਸਾਧ-ਭਾਖਾ ਤੋਂ ਪ੍ਰਭਾਵਿਤ ਪੂਰਬੀ ਪੰਜਾਬੀ ਹੈ। ਪਉੜੀਆਂ ਅਤੇ ਸਲੋਕਾਂ ਵਿਚ ਭਾਵਗਤ ਸਮਾਨਤਾ ਹੈ।
ਇਸ ਵਾਰ ਵਿਚ ਗੁਰੂ ਜੀ ਨੇ ਫ਼ੁਰਮਾਇਆ ਹੈ ਕਿ ਪਰਮਾਤਮਾ ਜਗਤ ਦਾ ਸਿਰਜਨਹਾਰ ਹੈ। ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ:

ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ॥ ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ॥
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ॥ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ॥
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ॥
(ਪੰਨਾ 517)

5. ਸੂਹੀ ਕੀ ਵਾਰ ਮਹਲਾ 3
‘ਸੂਹੀ’ ਇਕ ਅਪ੍ਰਚਲਿਤ ਰਾਗ ਹੈ। ਪੁਰਾਤਨ ਮੱਧਕਾਲੀਨ ਜਾਂ ਆਧੁਨਿਕ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਉਲੇਖ ਨਹੀਂ ਮਿਲਦਾ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਅਧੀਨ ਬਾਣੀ, ਅੰਕਿਤ ਹੈ। ਕਈ ਵਿਦਵਾਨ ‘ਸੂਹਾ’ ਰਾਗ ਨੂੰ ਹੀ ਸੂਹੀ ਰਾਗ ਮੰਨਦੇ ਹਨ। ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਇਸ ਰਾਗ ਦੇ ਸੰਬੰਧ ਵਿਚ ਲਿਖਦੇ ਹਨ :

“ਸੂਹੀ ਇਕ ਰਾਗਣੀ ਹੈ, ਜਿਸ ਨੂੰ ਸੂਹਾ ਭੀ ਆਖਦੇ ਹਨ। ਇਹ ਕਾਫੀ ਠਾਠ ਦੀ ਸ਼ਾਡਵ ਰਾਗਣੀ ਹੈ। ਇਸ ਵਿਚ ਧੈਵਤ ਵਰਜਿਤ ਹੈ। ਸੂਹੀ ਵਿਚ ਗੰਧਾਰ ਅਤੇ ਨਿਸ਼ਾਦ ਕੋਮਲ ਅਤੇ ਬਾਕੀ ਸੁਰ ਸ਼ੁੱਧ ਹਨ। ਵਾਦੀ ਮਧਿਅਮ ਅਤੇ ਸੰਵਾਦੀ ਸ਼ਡਜ ਹੈ। ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ।”
ਇਸ ਵਾਰ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ 15 ਸਲੋਕ ਹਨ। ਬਾਕੀਆਂ ਵਿੱਚੋਂ 21 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਤੇ 11 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਹਨ। ਇਸ ਤਰ੍ਹਾਂ ਇਸ ਦੇ ਕੁੱਲ 47 ਸਲੋਕ ਹਨ। ਇਸ ਵਾਰ ਦੀਆਂ ਕੁੱਲ 20 ਪਉੜੀਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਸਲੋਕਾਂ ਵਿਚ ਤੁਕਾਂ ਦੀ ਸਮਾਨਤਾ ਨਹੀਂ ਹੈ। ਦੋ ਤੋਂ ਲੈ ਕੇ ਅੱਠ ਤਕ ਤੁਕਾਂ ਹਨ। ਆਮ ਤੌਰ ’ਤੇ ਹਰ ਪਉੜੀ ਦੇ ਨਾਲ 2-2 ਸਲੋਕ ਹਨ, ਪਰ ਸਤਵੀਂ ਅਤੇ ਪੰਦਰ੍ਹਵੀਂ ਪਉੜੀ ਨਾਲ ਆਏ ਸਲੋਕਾਂ ਦੀ ਗਿਣਤੀ ਚਾਰ-ਚਾਰ ਹੈ। 6ਵੀਂ, 9ਵੀਂ ਅਤੇ 15ਵੀਂ ਪਉੜੀ ਨਾਲ ਆਏ ਸਲੋਕਾਂ ਦੀ ਗਿਣਤੀ ਤਿੰਨ-ਤਿੰਨ ਹੈ। ਇਸ ਵਾਰ ਵਿਚ ਗੁਰਮਤਿ ਦੇ ਕਈ ਸਿਧਾਂਤਾਂ ’ਤੇ ਚਾਨਣਾ ਪਾਇਆ ਗਿਆ ਹੈ।

6. ਰਾਮਕਲੀ ਕੀ ਵਾਰ ਮਹਲਾ 3
‘ਰਾਮਕਲੀ’ ਬੜਾ ਪ੍ਰਸਿੱਧ ਅਤੇ ਹਰਮਨ ਪਿਆਰਾ ਰਾਗ ਹੈ। ਪ੍ਰਭਾਤ ਦੇ ਰਾਗਾਂ ਵਿੱਚੋਂ ਇਸ ਦੀ ਬੜੀ ਮਹਾਨਤਾ ਹੈ। ਰਾਮਕਲੀ ਰਾਗ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ‘ਅਨੰਦ ਸਾਹਿਬ’ ਬਾਣੀ ਦੀ ਰਚਨਾ ਕੀਤੀ ਹੈ।

ਰਾਮਕਲੀ ਰਾਗ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚੀ ਇਸ ਵਾਰ ਦੀਆਂ ਕੁਲ 21 ਪਉੜੀਆਂ ਹਨ। ਹਰ ਇਕ ਪਉੜੀ ਵਿਚ ਸਮਾਨ ਆਕਾਰ ਵਾਲੀਆਂ ਪੰਜ-ਪੰਜ ਤੁਕਾਂ ਹਨ। ਪਹਿਲੀ ਪਉੜੀ ਤੋਂ ਬਾਅਦ ਇਕ ਤੁਕ ਵਾਲਾ ‘ਰਹਾਉ’ ਵੀ ਹੈ। ‘ਰਹਾਉ’ ਦੀ ਵਿਵਸਥਾ ਕਿਸੇ ਹੋਰ ਵਾਰ ਵਿਚ ਹੋਈ ਹੈ। ਇਨ੍ਹਾਂ ਪਉੜੀਆਂ ਨਾਲ 52 ਸਲੋਕ ਵੀ ਦਰਜ ਹਨ। ਇਨ੍ਹਾਂ ਸਲੋਕਾਂ ਵਿੱਚੋਂ 19 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ, 7 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਅਤੇ 24 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। 2 ਸਲੋਕ ਭਗਤ ਕਬੀਰ ਜੀ ਦੇ ਹਨ। 8ਵੀਂ ਪਉੜੀ ਨਾਲ ਦਰਜ ਮਹਲਾ 3 ਦਾ ਸਲੋਕ ਭਗਤ ਫਰੀਦ ਜੀ ਦੇ ਸਲੋਕਾਂ ਵਿਚ ਕ੍ਰਮਾਂਕ 52 ਉੁੱਤੇ ਵੀ ਆਇਆ ਹੈ ਅਤੇ ਪਉੜੀ 2 ਨਾਲ ਪਹਿਲਾ ਸਲੋਕ ਭਗਤ ਕਬੀਰ ਜੀ ਦੇ ਸਲੋਕਾਂ ਵਿਚ ਕ੍ਰਮਾਂਕ 65 ਉੁੱਤੇ ਵੀ ਦਰਜ ਹੈ। ਸਲੋਕਾਂ ਦੀ ਵੰਡ ਹਰ ਇਕ ਪਉੜੀ ਨਾਲ ਸਮਾਨ ਰੂਪ ਵਿਚ ਨਹੀਂ ਹੋਈ।

ਇਸ ਵਾਰ ਵਿਚ ਗੁਰੂ ਜੀ ਨੇ ਫ਼ਰਮਾਇਆ ਹੈ ਕਿ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ ਅਤੇ ਉਹ ਖ਼ੁਦ ਇਸ ਵਿਚ ਵਿਆਪਕ ਹੈ। ਮਾਇਆ ਦੀ ਰਚਨਾ ਕਰ ਕੇ ਫਿਰ ਮਨੁੱਖ ਨੂੰ ਉਸ ਦੇ ਜਾਲ ਵਿਚ ਫਸਣੋਂ ਬਚਾਉਂਦਾ ਵੀ ਉਹ ਆਪ ਹੀ ਹੈ। ਸਦਾ ਪਰਮਾਤਮਾ ਦੀ ਭਗਤੀ ਕਰ ਕੇ ਜੂਨਾਂ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ।

7. ਮਾਰੂ ਵਾਰ ਮਹਲਾ 3
‘ਰਾਗ ਮਾਰੂ’ ਇਕ ਪੁਰਾਤਨ ਅਤੇ ਕਠਿਨ ਰਾਗ ਹੈ। ਪੁਰਾਤਨ ਸੰਗੀਤ ਗ੍ਰੰਥਾਂ ਵਿਚ ਇਸ ਨੂੰ ਬੀਰ ਰਸੀ ਰਾਗ ਕਿਹਾ ਗਿਆ ਹੈ। ਪ੍ਰਾਚੀਨ ਗ੍ਰੰਥਾਕਾਰ ਇਸ ਨੂੰ ਮਾਰੁਵ, ਮਾਰਵ, ਮਾਰਵਿਕ, ਆਦਿ ਨਾਮਾਂ ਨਾਲ ਜਾਣਿਆ ਅੰਕਿਤ ਕਰਦੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ਮਾਰੂ ਰਾਗ ਹੀ ਲਿਖਿਆ ਗਿਆ ਹੈ। ਪੁਰਾਤਨ ਰਾਗ ਹੋਣ ਕਰਕੇ ਇਸ ਦੇ ਕਈ ਰੂਪ ਪ੍ਰਚਲਿਤ ਹਨ ਜਿਨ੍ਹਾਂ ਵਿਚ ਰਿਸ਼ਭ ਕੋਮਲ, ਮਧਿਅਮ ਤੀਬਰ, ਪੰਚਮ ਵਰਜਿਤ ਅਤੇ ਬਾਕੀ ਸਾਰੇ ਸੁਰ ਸ਼ੁੱਧ ਵਰਤੇ ਜਾਂਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਦੀ ਰਚੀ ਇਸ ਵਾਰ ਵਿਚ ਕੁੱਲ 22 ਪਉੜੀਆਂ ਹਨ। ਹਰ ਇਕ ਪਉੜੀ ਵਿਚ ਪੰਜ-ਪੰਜ ਤੁਕਾਂ ਹਨ ਸਿਵਾਏ ਅਖ਼ੀਰਲੀ ਦੇ ਜਿਸ ਪਉੜੀ ਵਿਚ 6 ਤੁਕਾਂ ਹਨ। ਇਸ ਦੇ ਨਾਲ 47 ਸਲੋਕ ਵੀ ਦਰਜ ਹਨ। ਪਉੜੀ ਅੰਕ 2, 13 ਅਤੇ 14 ਨਾਲ ਤਿੰਨ-ਤਿੰਨ ਸਲੋਕ ਹਨ ਅਤੇ ਬਾਕੀਆਂ ਨਾਲ ਦੋ-ਦੋ ਸਲੋਕ ਹਨ। 47 ਸਲੋਕਾਂ ਵਿਚੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 18 ਸਲੋਕ, ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ 1 ਸਲੋਕ, ਸ੍ਰੀ ਗੁਰੂ ਅਮਰਦਾਸ ਜੀ ਦੇ 23 ਸਲੋਕ, ਸ੍ਰੀ ਗੁਰੁ ਰਾਮਦਾਸ ਜੀ ਦੇ 2 ਸਲੋਕ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ 2 ਸਲੋਕ ਹਨ। ਇਸ ਵਾਰ ਵਿਚ ਅਨੇਕਾਂ ਅਧਿਆਤਮਿਕ ਪੱਖਾਂ ਉੱਪਰ ਚਾਨਣਾ ਪਾਇਆ ਗਿਆ ਹੈ।

8. ਸਿਰੀਰਾਗ ਕੀ ਵਾਰ ਮਹਲਾ 4
‘ਸਿਰੀਰਾਗ’ ਸ਼ਾਮ ਦਾ ਰਾਗ ਹੈ। ਸਿਰੀਰਾਗ ਦਾ ਰੂਪ ਦੱਸਦਿਆਂ ਕਿਹਾ ਗਿਆ ਹੈ ਕਿ ਗਹਿਣਿਆਂ ਨਾਲ ਲੱਦੀ ਖ਼ੂਬਸੂਰਤ ਇਸਤਰੀ ਦਾ ਹੈ, ‘ਸੁ ਤ੍ਰਯ ਭੂਖਨ ਅੰਗ ਸੁਭ’। ਇਹ ਅਤਿ ਗਰਮੀ ਅਤੇ ਅਤਿ ਸਰਦੀ ਵਿਚ ਗਾਇਆ ਜਾਂਦਾ ਹੈ।

ਪ੍ਰਮਾਣਿਕ ਸ੍ਰੋਤ ਸਾਨੂੰ ਇਹ ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਏ ਤਾਂ ਗੁਣਾਂ ਦੀ ਸ਼ਾਮ ਪੈ ਚੁੱਕੀ ਸੀ, ਲੰਮੀ ਰਾਤ ਅੱਗੋਂ ਦਿੱਸ ਰਹੀ ਸੀ। ਹੱਥ ਨੂੰ ਹੱਥ ਵਿਖਾਈ ਨਹੀਂ ਸੀ ਦਿੰਦਾ। ਕੋਈ ਦੀਵਾ ਨਹੀਂ ਸੀ ਅਤੇ ਨਾ ਹੀ ਕੋਈ ਚਾਨਣ ਜੋ ਲੋਕਾਈ ਨੂੰ ਅਗਿਆਨਤਾ ਦੇ ਅੰਧਕਾਰ ਵਿਚੋਂ ਬਾਹਰ ਕੱਢ ਸਕਦਾ।
ਸਿਰੀਰਾਗ ਇਕ ਪ੍ਰਾਚੀਨ ਰਾਗ ਹੈ। ਗੁਰਮਤਿ ਸੰਗੀਤ ਵਿਚ ਇਸ ਦੀ ਵਿਸ਼ੇਸ਼ ਥਾਂ ਹੈ। ਇਸ ਦੀ ਮਹੱਤਤਾ ਇਹ ਹੈ ਕਿ ਲੜੀਵਾਰ ਰਾਗ ਵਿਧਾਨ ਦਾ ਆਰੰਭ ਇਸੇ ਰਾਗ ਤੋਂ ਕੀਤਾ ਗਿਆ ਹੈ। ਇਸ ਰਾਗ ਦੇ ਮਹੱਤਵ ਨੂੰ ਹੋਰ ਉਜਾਗਰ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ :
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਪੰਨਾ 83)

ਰਾਗ ਰਾਗਣੀ ਪਰੰਪਰਾ ਅਨੁਸਾਰ ਇਹ ਰਾਗ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਆਧੁਨਿਕ ਥਾਟ ਦੇ ਅਨੁਸਾਰ ਇਸ ਨੂੰ ਪੂਰਬੀ ਥਾਟ ਦੇ ਅੰਤਰਗਤ ਰੱਖਿਆ ਜਾਂਦਾ ਹੈ। ਇਸ ਸਰੂਪ ਤੋਂ ਵੀ ਵਧੇਰੇ ਪ੍ਰਾਚੀਨ ਅਤੇ ਬਜ਼ੁਰਗ ਸਿੱਖ ਕੀਰਤਨੀਆਂ ਵਿਚ ਪ੍ਰਚਲਿਤ ਰਹੇ ਸਰੂਪ ਵਿਚ ਇਹ ਰਾਗ ਕਾਫੀ ਥਾਟ ਦੇ ਅੰਤਰਗਤ ਆਉਂਦਾ ਹੈ। ਪ੍ਰਾਚੀਨ ਸਿਰੀਰਾਗ ਨਿਸ਼ਚੇ ਹੀ ਕਾਫੀ ਥਾਟ ਅਧੀਨ ਹੋਵੇਗਾ ਅਤੇ ਬਜ਼ੁਰਗ ਸੰਗੀਤ ਵਿਦਵਾਨਾਂ ਕੋਲੋਂ ਪ੍ਰਾਪਤ ਕਾਫੀ ਥਾਟ ਦਾ ਸਿਰੀਰਾਗ ਹੀ ਪੁਰਾਤਨ ਸਰੂਪ ਹੈ। ਪੂਰਬੀ ਥਾਟ ਅਤੇ ਕਾਫੀ ਥਾਟ ਦੇ ਸੁਰਾਂ ਦਾ ਮੂਲ ਰੂਪ ਇੱਕੋ ਹੀ ਹੈ। ਪਰ ਥਾਟ ਅਨੁਸਾਰ ਉਨ੍ਹਾਂ ਦਾ ਸੁਰ ਰੂਪ ਤਬਦੀਲ ਕਰ ਦੇਣ ਨਾਲ ਬਾਕੀ ਨਿਯਮ ਸਮਾਨ ਰਹਿਣ ਉੱਤੇ ਵੀ ਸਿਰੀਰਾਗ ਪੂਰਬੀ ਅਤੇ ਕਾਫੀ ਥਾਟ ਅਧੀਨ ਆ ਜਾਂਦਾ ਹੈ।

ਇਸ ਵਾਰ ਦੀਆਂ ਕੁੱਲ 21 ਪਉੜੀਆਂ ਹਨ ਜੋ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇਹ ਸਾਰੀਆਂ ਪਉੜੀਆਂ ਪੰਜ-ਪੰਜ ਤੁਕਾਂ ਦੀਆਂ ਹਨ। ਹਰ ਇਕ ਪਉੜੀ ਨਾਲ 2-2 ਸਲੋਕ ਦਰਜ ਹਨ। ਸਿਰਫ 14ਵੀਂ ਪਉੜੀ ਨਾਲ ਤਿੰਨ ਸਲੋਕ ਹਨ। ਇਸ ਤਰ੍ਹਾਂ ਸਲੋਕਾਂ ਦੀ ਕੁੱਲ ਗਿਣਤੀ 43 ਹੈ। ਇਨ੍ਹਾਂ ਵਿੱਚੋਂ 7 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ, 2 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ, 33 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 1 ਸਲੋਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਕੋਈ ਸਲੋਕ ਇਸ ਵਿਚ ਨਹੀਂ ਹੈ। ਸਲੋਕਾਂ ਵਿਚ ਤੁਕਾਂ ਦੀ ਸਮਾਨਤਾ ਨਹੀਂ ਹੈ। 2 ਤੋਂ ਲੈ ਕੇ 11 ਤੁਕਾਂ ਤਕ ਦੇ ਸਲੋਕ ਦਰਜ ਹਨ। ਪਉੜੀਆਂ ਤੇ ਸਲੋਕਾਂ ਦੇ ਭਾਵ-ਅਰਥਾਂ ਵਿਚ ਬਹੁਤ ਸਮਾਨਤਾ ਹੈ। ਇਸ ਵਾਰ ਵਿਚ ਦੱਸਿਆ ਗਿਆ ਹੈ ਕਿ ਪਰਮਾਤਮਾ ਹਰ ਇਕ ਜੀਵ ਦਾ ਪ੍ਰਤਿਪਾਲਕ ਹੈ।

9. ਗਉੜੀ ਕੀ ਵਾਰ ਮਹਲਾ 4
ਭਾਰਤੀ ਸੰਗੀਤ ਗ੍ਰੰਥਾਂ ਵਿਚ ‘ਗਉੜੀ’ ਨੂੰ ਗਉਰੀ, ਗੌਰੀ, ਗਵਰੀ, ਗੌੜੀ ਆਦਿ ਨਾਮਾਂ ਨਾਲ ਲਿਖਿਆ ਗਿਆ ਹੈ। ਪ੍ਰਾਚੀਨ ਰਾਗ ਹੋਣ ਕਰਕੇ ਇਸ ਰਾਗ ਦੇ ਕਈ ਪ੍ਰਕਾਰ ਹਨ ਜਿਵੇਂ ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਦੀਪਕੀ, ਗਉੜੀ ਮਾਲਾ, ਗਉੜੀ ਗੁਆਰੇਰੀ ਆਦਿ। ਗਉੜੀ ਉੱਤਰੀ ਭਾਰਤੀ ਸੰਗੀਤ ਪੱਧਤੀ ਅਤੇ ਦੱਖਣੀ ਭਾਰਤੀ ਸੰਗੀਤ ਪੱਧਤੀ ਵਿਚ ਬਹੁਤ ਘੱਟ ਗਾਇਆ/ ਵਜਾਇਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਇਸ ਰਾਗ ਦੀ ਭਰਪੂਰ ਵਰਤੋਂ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦੇ ਬਹੁ-ਰੂਪ ਅੰਕਿਤ ਹਨ। ਨਿਸਚੇ ਹੀ ਪ੍ਰਾਚੀਨ ਸਮੇਂ ਵਿਚ ਇਹ ਰਾਗ ਕਾਫੀ ਪਰਵਾਰ ਵਿਚ ਰਿਹਾ ਹੋਵੇਗਾ, ਅਜਿਹਾ ਇਸ ਦੇ ਵਿਕਾਸ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ।

ਇਸ ਵਾਰ ਦੀਆਂ 33 ਪਉੜੀਆਂ ਹਨ ਜਿਨ੍ਹਾਂ ਵਿੱਚੋਂ 28 ਪਉੜੀਆਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ, 5 ਪਉੜੀਆਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀਆਂ ਹਨ। ਆਮ ਤੌਰ ’ਤੇ ਪਉੜੀਆਂ ਦੀਆਂ ਤੁਕਾਂ ਦੀ ਗਿਣਤੀ ਪੰਜ-ਪੰਜ ਹੈ। ਗਿਆਰ੍ਹਵੀਂ ਪਉੜੀ ਵਿਚ ਤੁਕਾਂ ਦੀ ਗਿਣਤੀ 6 ਹੈ ਅਤੇ 12ਵੀਂ ਅਤੇ 31ਵੀਂ ਪਉੜੀ ਵਿਚ ਤੁਕਾਂ ਦੀ ਗਿਣਤੀ 10-10 ਹੈ। ਇਨ੍ਹਾਂ ਪਉੜੀਆਂ ਦੇ ਨਾਲ 2-2 ਸਲੋਕ ਵੀ ਹਨ। 15ਵੀਂ ਅਤੇ 20ਵੀਂ ਪਉੜੀ ਨਾਲ 3-3 ਸਲੋਕ ਦਰਜ ਹਨ। ਇਸ ਤਰ੍ਹਾਂ ਸਲੋਕਾਂ ਦੀ ਕੁੱਲ ਗਿਣਤੀ 68 ਹੈ। ਇਨ੍ਹਾਂ ਵਿੱਚੋਂ 7 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ, 53 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਅਤੇ 8 ਸਲੋਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ 2 ਤੋਂ 14 ਤਕ ਹੈ।

ਪਉੜੀਆਂ ਅਤੇ ਸਲੋਕਾਂ ਵਿਚ ਭਾਵ ਦੀ ਏਕਤਾ ਹੈ। ਇਸ ਵਿਚ ਗੁਰਮਤਿ ਦੇ ਅਨੇਕਾਂ ਪੱਖਾਂ ’ਤੇ ਚਾਨਣਾ ਪਾਇਆ ਗਿਆ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
(ਪੰਨਾ 305)

10. ਬਿਹਾਗੜੇ ਕੀ ਵਾਰ ਮਹਲਾ 4
‘ਬਿਹਾਗੜਾ ਰਾਗ’ ਉੱਤਰੀ ਭਾਰਤੀ ਸੰਗੀਤ ਦਾ ਮਧੁਰ ਰਾਗ ਹੈ। ਇਸ ਰਾਗ ਨੂੰ ‘ਬਿਹਾਗ’ ਦਾ ਉੱਪ ਅੰਗ ਮੰਨਿਆ ਜਾਂਦਾ ਹੈ ਜਿਸ ਦੀ ਰਚਨਾ ਬਿਹਾਗ ਅਤੇ ਖਮਾਜ ਦੇ ਮਿਸ਼ਰਣ ਤੋਂ ਹੋਈ ਹੈ।

ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਇਸ ਵਾਰ ਵਿਚ ਕੁੱਲ 21 ਪਉੜੀਆਂ ਹਨ ਅਤੇ ਹਰ ਇਕ ਪਉੜੀ ਪੰਜ-ਤੁਕੀ ਹੈ। ਪਰ ਤੁਕਾਂ ਦਾ ਆਕਾਰ ਇਕਸਾਰ ਨਹੀਂ ਹੈ। ਹਰ ਇਕ ਪਉੜੀ ਨਾਲ 2-2 ਸਲੋਕ ਹਨ। ਸਿਰਫ 12ਵੀਂ ਪਉੜੀ ਨਾਲ 3 ਸਲੋਕ ਹਨ। ਇਸ ਤਰ੍ਹਾਂ ਸਲੋਕਾਂ ਦੀ ਗਿਣਤੀ 43 ਹੈ। 12ਵੀਂ ਪਉੜੀ ਵਾਲੇ ਤਿੰਨ ਸਲੋਕਾਂ ਤੋਂ ਪਹਿਲਾਂ “ਸਲੋਕੁ ਮਰਦਾਨਾ 1” ਲਿਖਿਆ ਹੋਇਆ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਬਾਕੀ ਦੇ 40 ਸਲੋਕਾਂ ਵਿੱਚੋਂ 2 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਨ, ਇਕ ਸਲੋਕ ਭਗਤ ਕਬੀਰ ਜੀ ਦਾ ਹੈ। 2 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ, 2 ਸਲੋਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅਤੇ ਬਾਕੀ 33 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਲਿਖੇ ਹੋਏ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ ਇਕਸਾਰ ਨਹੀਂ ਹੈ। 2 ਤੋਂ ਲੈ ਕੇ 11 ਤੁਕਾਂ ਤਕ ਦੇ ਸਲੋਕ ਦਰਜ ਹਨ। ਇਨ੍ਹਾਂ ਦੀ ਭਾਸ਼ਾ ਸਾਧ-ਭਾਖਾ ਤੋਂ ਪ੍ਰਭਾਵਿਤ ਪੂਰਬੀ ਪੰਜਾਬੀ ਹੈ। ਇਸ ਵਾਰ ਵਿਚ ਦੱਸਿਆ ਗਿਆ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਜਿਗਿਆਸੂ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਮਾਇਆ ਦਾ ਪ੍ਰਭਾਵ ਨਸ਼ਟ ਹੋ ਜਾਂਦਾ ਹੈ ਅਤੇ ਉਹ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। ਪਰਮਾਤਮਾ ਦੀ ਸੱਚੀ ਭਗਤੀ ਦੇ ਤੁਲ ਕੋਈ ਵਸਤੂ ਜਾਂ ਸਹਾਇਕ ਤੱਤ ਨਹੀਂ ਹੈ:

ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ॥ (ਪੰਨਾ 555)

11. ਵਡਹੰਸ ਕੀ ਵਾਰ ਮਹਲਾ 4
ਗੁਰਮਤਿ ਸੰਗੀਤ ਪੱਧਤੀ ਉੱਤਰੀ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਦਾ ਸੁਮੇਲ ਹੈ। ਗੁਰੂ ਸਾਹਿਬਾਨ ਨੇ ਸੰਗੀਤ ਦੇ ਇਨ੍ਹਾਂ ਦੋਵੇਂ ਗਾਇਨ ਰੂਪਾਂ ਦੀਆਂ ਗਾਇਨ ਸ਼ੈਲੀਆਂ, ਰਾਗਾਂ ਤੇ ਧੁਨਾਂ ਦੀ ਵਰਤੋਂ ਕੀਤੀ ਅਤੇ ਪ੍ਰਚਾਰਿਆ। ਲੋਕ-ਕਾਵਿ ਰੂਪਾਂ ਨੂੰ ਕਿਸੇ ਰਾਗ ਅਧੀਨ ਅੰਕਿਤ ਕਰਨਾ ਗੁਰੂ ਸਾਹਿਬਾਨ ਦੀ ਵਿਸ਼ੇਸ਼ਤਾ ਹੈ। ਇਸ ਤੋਂ ਸੰਬੰਧਿਤ ਰਾਗਾਂ ਵਿਚ ਅੰਕਿਤ ਲੋਕ-ਕਾਵਿ ਰੂਪ ਦੀ ਧੁਨ ਨੂੰ, ਉਸ ਰਾਗ ਦਾ ਮੁਢਲਾ ਸਰੂਪ ਵੀ ਮਿਥਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਰਾਗ ਵਡਹੰਸ ਅਧੀਨ ਘੋੜੀਆਂ ਵਰਗੇ ਲੋਕ-ਕਾਵਿ ਰੂਪਾਂ ਨੂੰ ਅੰਕਿਤ ਕੀਤਾ ਗਿਆ ਹੈ। ਇਨ੍ਹਾਂ ਤੋਂ ਬਿਨਾਂ ਸ਼ਾਸਤਰੀ ਸੰਗੀਤ ਦੀ ਸ਼ੈਲੀ ਧਰੁਪਦ, ਧਮਾਰ ਆਦਿ ਵਿਚ ਵੀ ਕਈ ਸ਼ਬਦ ਅੰਕਿਤ ਕੀਤੇ ਮਿਲਦੇ ਹਨ।

ਇਸ ਵਾਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀਆਂ 21 ਪਉੜੀਆਂ ਹਨ। ਇਨ੍ਹਾਂ ਨਾਲ ਕੁੱਲ 43 ਸਲੋਕ ਹਨ। ਪਹਿਲੀ ਨਾਲ ਤਿੰਨ ਅਤੇ ਬਾਕੀ ਨਾਲ ਦੋ-ਦੋ ਸਲੋਕ ਹਨ। ਇਨ੍ਹਾਂ ਸਲੋਕਾਂ ਵਿੱਚੋਂ ਦਸਵੀਂ ਪਉੜੀ ਨਾਲ ਇਕ ਅਤੇ 20ਵੀਂ ਪਉੜੀ ਨਾਲ ਦੋ ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉੇਚਾਰਨ ਕੀਤੇ ਹੋਏ ਹਨ। ਅਤੇ ਬਾਕੀ ਦੇ 40 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ ਇਕਸਾਰ ਨਹੀਂ ਹੈ। 2 ਤੋਂ ਲੈ ਕੇ 10 ਤਕ ਸਲੋਕ ਹਨ। ਇਸ ਵਾਰ ਵਿਚ ਗੁਰੂ ਜੀ ਨੇ ਗੁਰਮਤਿ ਦੇ ਅਨੇਕਾ ਪੱਖਾਂ ’ਤੇ ਆਪਣੇ ਢੰਗ ਨਾਲ ਵਿਆਖਿਆ ਕਰ ਕੇ ਚਾਨਣਾ ਪਾਇਆ ਹੈ।

12. ਸੋਰਠਿ ਕੀ ਵਾਰ ਮਹਲਾ 4
ਸੋਰਠਿ ਰਾਗ ਦੇ ਸੰਬੰਧ ਵਿਚ ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ :

ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ (ਪੰਨਾ 642)

ਇਹ ਰਾਗ ਗੰਭੀਰ ਪ੍ਰਕਿਰਤੀ ਦਾ ਵੈਰਾਗਮਈ ਰਾਗ ਹੈ ਜੋ ਭਗਤੀ-ਭਾਵ ਦੀਆਂ ਰਚਨਾਵਾਂ ਲਈ ਅਤਿ ਢੁਕਵਾਂ ਹੈ। ‘ਸੋਰਠਿ ਕੀ ਵਾਰ’ ਵਿਚ ਕੁੱਲ 29 ਪਉੜੀਆਂ ਹਨ ਜੋ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ, ਪਰ ਤੁਕਾਂ ਦਾ ਆਕਾਰ ਇਕਸਾਰ ਨਹੀਂ ਹੈ। ਹਰ ਇਕ ਪਉੜੀ ਨਾਲ ਦੋ-ਦੋ ਸਲੋਕ ਹਨ। ਇਸ ਤਰ੍ਹਾਂ ਇਸ ਵਾਰ ਵਿਚ ਕੁੱਲ 58 ਸਲੋਕ ਹਨ ਜਿਨ੍ਹਾਂ ਦੀਆਂ ਤੁਕਾਂ ਦੀ ਗਿਣਤੀ ਦੋ ਤੋਂ ਲੈ ਕੇ ਅੱਠ ਤਕ ਹੈ। ਇਨ੍ਹਾਂ ਵਿੱਚੋਂ 3 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ, 1 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ, 47 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 7 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਹਨ। ਇਸ ਵਾਰ ਵਿਚ ਦਰਸਾਇਆ ਗਿਆ ਹੈ ਕਿ ਪਰਮਾਤਮਾ ਦੀ ਸ਼ਰਨ ਵਿਚ ਆਉਣ ਨਾਲ ਸਹੀ ਸੂਝ ਪ੍ਰਾਪਤ ਹੁੰਦੀ ਹੈ। ਸੰਸਾਰਿਕ ਵਸਤੂਆਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

13. ਬਿਲਾਵਲ ਕੀ ਵਾਰ ਮਹਲਾ 4
‘ਬਿਲਾਵਲ’ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਮੱਧਕਾਲੀ ਅਤੇ ਆਧੁਨਿਕ ਹਰ ਸੰਗੀਤ ਗ੍ਰੰਥ ਵਿਚ ਇਸ ਦਾ ਵਰਣਨ ਮਿਲਦਾ ਹੈ, ਜਿਸ ਤੋਂ ਇਸ ਦੇ ਅਤਿਅੰਤ ਲੋਕਪ੍ਰਿਯ ਹੋਣ ਦਾ ਸਬੂਤ ਭਲੀ-ਭਾਂਤ ਮਿਲ ਜਾਂਦਾ ਹੈ।

ਵਰਤਮਾਨ ਥਾਟ ਪੱਧਤੀ ਨੂੰ ਮੰਨਣ ਵਾਲੇ ਵਿਦਵਾਨਾਂ ਨੇ ਇਸ ਰਾਗ ਦੀ ਰਚਨਾ ਬਿਲਾਵਲ ਥਾਟ ਤੋਂ ਹੋਈ ਮੰਨੀ ਹੈ। ਇਹ ਆਪਣੇ ਥਾਟ ਦਾ ਪ੍ਰਮੁੱਖ ਅਤੇ ਜਨਕ ਰਾਗ ਹੈ। ਕਈ ਸੰਗੀਤ ਗ੍ਰੰਥਾਂ ਵਿਚ ਇਸ ਨੂੰ ਹਿੰਡੋਲ ਦੀ ਰਾਗਣੀ ਲਿਖਿਆ ਹੋਇਆ ਹੈ ਅਤੇ ਕਈਆਂ ਨੇ ਇਸ ਨੂੰ ਭੈਰਵ ਦਾ ਪੁੱਤਰ ਮੰਨਿਆ ਹੈ। ਪਰੰਤੂ ਗੁਰਮਤਿ ਸੰਗੀਤ ਪ੍ਰਣਾਲੀ ਦੇ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ‘ਬਿਲਾਵਲ’ ਹੀ ਲਿਖਿਆ ਗਿਆ ਹੈ। ਇਸ ਰਾਗ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਲਿਖੀ ਵਾਰ ਵਿਚ ਕੁੱਲ 13 ਪਉੜੀਆਂ ਹਨ। ਇਨ੍ਹਾਂ ਵਿੱਚੋਂ 12 ਪਉੜੀਆਂ ਪੰਜ-ਪੰਜ ਤੁਕਾਂ ਦੀਆਂ ਹਨ ਅਤੇ ਦਸਵੀਂ ਪਉੜੀ 6 ਤੁਕਾਂ ਦੀ ਹੈ। ਇਹ ਤੁਕਾਂ ਆਕਾਰ ਵਜੋਂ ਇਕ-ਸਮਾਨ ਨਹੀਂ ਹਨ। ਹਰ ਇਕ ਪਉੜੀ ਨਾਲ ਦੋ-ਦੋ ਸਲੋਕ ਹਨ, ਸਿਰਫ਼ ਸਤਵੀਂ ਪਉੜੀ ਨਾਲ 3 ਸਲੋਕ ਹਨ। ਇਨ੍ਹਾਂ 27 ਸਲੋਕਾਂ ਵਿੱਚੋਂ ਇਕ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ। ਬਾਕੀਆਂ ਵਿੱਚੋਂ 2 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ 24 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਲਿਖੇ ਹੋਏ ਹਨ। ਇਨ੍ਹਾਂ ਵਿਚ ਦੋ ਤੋਂ ਲੈ ਕੇ ਦਸ ਤੁਕਾਂ ਸ਼ਾਮਲ ਹਨ।

ਇਸ ਵਾਰ ਵਿਚ ਗੁਰੂ ਸਾਹਿਬ ਨੇ ਫ਼ਰਮਾਇਆ ਹੈ ਕਿ ਸਾਰਾ ਸੰਸਾਰ ਪਰਮਾਤਮਾ ਨੇ ਸਿਰਜਿਆ ਹੈ। ਮੁੱਖ ਤੌਰ ’ਤੇ ਨਾਮ-ਸਿਮਰਨ ਹੀ ਮਨੁੱਖ ਦੀ ਸੱਚੀ ਕਮਾਈ ਹੈ।

14. ਸਾਰੰਗ ਕੀ ਵਾਰ ਮਹਲਾ 4
‘ਰਾਗ ਸਾਰੰਗ’ ਭਾਰਤੀ ਸੰਗੀਤ ਦਾ ਪੁਰਾਤਨ ਲੋਕਪ੍ਰਿਯ ਰਾਗ ਹੈ। ਇਸ ਦੀ ਰਚਨਾ ਇਕ ਲੋਕ ਗੀਤ ਤੋਂ ਹੋਈ ਹੈ। ਚਰਵਾਹਿਆਂ ਅਤੇ ਸਪੇਰਿਆਂ ਦੇ ਲੋਕ-ਗੀਤਾਂ ਦੀਆਂ ਧੁਨਾਂ ’ਚੋਂ ਇਸ ਰਾਗ ਦੀ ਝਲਕ ਮਿਲ ਸਕਦੀ ਹੈ।

ਇਸ ਵਾਰ ਵਿਚ ਕੁੱਲ 36 ਪਉੜੀਆਂ ਹਨ ਜਿਨ੍ਹਾਂ ਵਿੱਚੋਂ 35ਵੀਂ ਪਉੜੀ ਦੀ ਰਚਨਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਕੀਤੀ ਹੋਈ ਹੈ ਅਤੇ ਬਾਕੀ ਦੀਆਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਹਨ। ਹਰ ਇਕ ਪਉੜੀ ਵਿਚ ਇਕਸਾਰ ਆਕਾਰ ਦੀਆਂ ਪੰਜ-ਪੰਜ ਤੁਕਾਂ ਹਨ। ਇਨ੍ਹਾਂ ਪਉੜੀਆਂ ਨਾਲ 74 ਸਲੋਕ ਵੀ ਦਰਜ ਹਨ। ਇਨ੍ਹਾਂ ਸਲੋਕਾਂ ਵਿੱਚੋਂ 34 ਪਉੜੀਆਂ ਨਾਲ ਦੋ-ਦੋ ਸਲੋਕ ਹਨ ਅਤੇ ਪਹਿਲੀ ਤੇ 34ਵੀਂ ਪਉੜੀ ਵਿਚ ਇਹ ਗਿਣਤੀ ਤਿੰਨ-ਤਿੰਨ ਹੈ। ਇਨ੍ਹਾਂ 74 ਸਲੋਕਾਂ ਵਿੱਚੋਂ 33 ਸਲੋਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ, 9 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਅਤੇ 23 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। 6 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਅਤੇ 3 ਸਲੋਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਹਨ। ਇਨ੍ਹਾਂ ਸਲੋਕਾਂ ਦੀਆਂ ਦੋ ਤੋਂ ਲੈ ਕੇ ਗਿਆਰਾਂ ਤਕ ਤੁਕਾਂ ਹਨ। ਭਾਸ਼ਾ ਸਰਲ ਅਤੇ ਪੰਜਾਬੀ ਦੇ ਵਧੇਰੇ ਅਨੁਰੂਪ ਹੈ।

ਇਸ ਵਾਰ ਵਿਚ ਗੁਰੂ ਜੀ ਨੇ ਦਰਸਾਇਆ ਹੈ ਕਿ ਪਰਮਾਤਮਾ ਦੁਆਰਾ ਪੈਦਾ ਕੀਤੀ ਮਾਇਆ ਦੇ ਮੋਹ-ਜਾਲ ਵਿਚ ਫਸ ਕੇ ਮਨੁੱਖ ਆਪਣੇ ਪਰਮਾਰਥਿਕ ਕਰਤੱਵ ਨੂੰ ਭੁੱਲ ਜਾਂਦਾ ਹੈ ਅਤੇ ਦੁਖੀ ਹੋ ਭਟਕਦਾ ਹੈ। ਮਨੁੱਖ ਨੂੰ ਹੌਲੀ-ਹੌਲੀ ਨਾਮ ਜਪਣ ਦੀ ਆਦਤ ਪਾਉਣੀ ਚਾਹੀਦੀ ਹੈ ਜੋ ਮਨੁੱਖ ਨੂੰ ਸਹੀ ਮਾਰਗ ਉਪਰ ਚੱਲਣ ਵਿਚ ਸਹਾਈ ਹੁੰਦੀ ਹੈ:

ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ॥
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੀ ਉਪਰਿ ਚੋਰ॥
(ਪੰਨਾ 1247)

15. ਕਾਨੜੇ ਕੀ ਵਾਰ ਮਹਲਾ 4
‘ਕਾਨੜਾ’ ਇਕ ਪੁਰਾਤਨ ਰਾਗ ਹੈ। ਭਾਰਤੀ ਸੰਗੀਤ ਦੇ ਪ੍ਰਚਲਿਤ ਰਾਗਾਂ ਵਿੱਚੋਂ ਇਹ ਇਕ ਅਤਿ ਗੰਭੀਰ ਰਾਗ ਹੈ। ਪੁਰਾਤਨ ਗ੍ਰੰਥਕਾਰਾਂ ਨੇ ਇਸ ਰਾਗ ਦਾ ਉਲੇਖ ‘ਕਰਨਾਟ’ ਨਾਮ ਨਾਲ ਕੀਤਾ ਹੈ। ਅਕਬਰ ਦੇ ਦਰਬਾਰੀ ਗਾਇਕ ਤਾਨਸੈਨ ਨੇ ਕਾਨੜਾ ਰਾਗ ਨੂੰ ਕਾਫੀ ਸੁੰਦਰ ਢੰਗ ਨਾਲ ਗਾਇਆ, ਜਿਸ ਕਾਰਨ ਇਸ ਦਾ ਨਾਂ ਦਰਬਾਰੀ ਕਾਨੜਾ ਪੈ ਗਿਆ ਸੀ। ਗੁਰਮਤਿ ਸੰਗੀਤ ਪੱਧਤੀ ਵਿਚ ਇਸ ਨੂੰ ਰਾਗ ਕਾਨੜਾ ਹੀ ਕਿਹਾ ਜਾਂਦਾ ਹੈ। ਰਾਗ ਕਾਨੜਾ ਆਧੁਨਿਕ ਸੰਗੀਤ ਵਿਚ ਕਈ ਰੂਪਾਂ ਵਿਚ ਪ੍ਰਚਲਿਤ ਹੈ।

ਇਸ ਵਾਰ ਵਿਚ ਪੰਜ-ਪੰਜ ਤੁਕਾਂ ਦੀਆਂ 15 ਪਉੜੀਆਂ ਹਨ। ਹਰ ਇਕ ਪਉੜੀ ਵਿਚ 2-2 ਸਲੋਕ ਦਰਜ ਹਨ। ਇਸ ਵਾਰ ਵਿਚ ਪਉੜੀਆਂ ਵਾਂਗ ਸਾਰੇ ਸਲੋਕ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹ ਸਲੋਕ ਦੋ ਤੁਕਾਂ ਤੋਂ ਲੈ ਕੇ ਸੱਤ ਤੁਕਾਂ ਤਕ ਦੇ ਹਨ। ਪਉੜੀਆਂ ਦੀ ਭਾਸ਼ਾ ਦਾ ਸਰੂਪ ਪੂਰਬੀ ਪੰਜਾਬੀ ਵਾਲਾ ਹੈ ਅਤੇ ਇਸ ’ਤੇ ਸਾਧ-ਭਾਖਾ ਦਾ ਪ੍ਰਭਾਵ ਸਪਸ਼ਟ ਹੁੰਦਾ ਹੈ ਪਰ ਸਲੋਕ ਲਹਿੰਦੀ ਪੰਜਾਬੀ ਦੇ ਪ੍ਰਭਾਵ ਹੇਠ ਹਨ।

ਇਸ ਵਾਰ ਵਿਚ ਗੁਰੂ ਸਾਹਿਬ ਦਰਸਾਉਂਦੇ ਹਨ ਕਿ ਹਰ ਪ੍ਰਕਾਰ ਦੀ ਸ੍ਰਿਸ਼ਟੀ ਦੀ ਰਚਨਾ ਪਰਮਤਾਮਾ ਨੇ ਆਪ ਕੀਤੀ ਹੈ ਅਤੇ ਆਪ ਹੀ ਇਸ ਵਿਚ ਵਿਆਪਕ ਹੈ। ਭਗਤੀ ਤੇ ਨਾਮ ਸਿਮਰਨ ਨਾਲ ਜਨਮ-ਜਨਮਾਂਤਰਾਂ ਦੇ ਪਾਪ ਧੁਲ ਜਾਂਦੇ ਹਨ:

ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ॥
ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ॥
(ਪੰਨਾ 1318)

16. ਗਉੜੀ ਕੀ ਵਾਰ ਮਹਲਾ 5
ਇਸ ਵਾਰ ਵਿਚ ਪੰਜ-ਪੰਜ ਤੁਕਾਂ ਦੀਆਂ ਕੁੱਲ 21 ਪਉੜੀਆਂ ਹਨ ਅਤੇ ਹਰ ਇਕ ਪਉੜੀ ਨਾਲ 2-2 ਸਲੋਕ ਹਨ। ਇਹ ਸਲੋਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਲਿਖੇ ਹੋਏ ਹਨ। ਇਸ ਤਰ੍ਹਾਂ ਕੁੱਲ 42 ਸਲੋਕ ਇਸ ਵਾਰ ਵਿਚ ਹਨ। ਇਸ ਵਾਰ ਵਿਚ 36 ਸਲੋਕ ਦੋ-ਤੁਕੇ ਹਨ, ਤਿੰਨ ਚਾਰ-ਤੁਕੇ, ਦੋ ਪੰਜ-ਤੁਕੇ ਅਤੇ ਇਕ ਸਲੋਕ ਅੱਠ ਤੁਕਾਂ ਦਾ ਹੈ। 19ਵੀਂ ਪਉੜੀ ਦੇ ਨਾਲ ਦਰਜ ਪਹਿਲੇ ਸਲੋਕ ਨਾਲ ‘ਡਖਨਾ’ ਸ਼ਬਦ ਲਿਖਿਆ ਹੋਇਆ ਹੈ। ਇਸ ਪਉੜੀ ਦੇ ਦੋਵੇਂ ਸਲੋਕ ਅਤੇ 20ਵੀਂ ਪਉੜੀ ਦਾ ਪਹਿਲਾ ਸਲੋਕ ਦੋਵੇਂ ਲਹਿੰਦੀ ਭਾਸ਼ਾ ਵਿਚ ਹਨ। ਬਾਕੀ ਦੇ ਸਲੋਕ ਅਤੇ ਪਉੜੀਆਂ ਸਾਧ-ਭਾਖਾ ਪ੍ਰਭਾਵਿਤ ਪੂਰਬੀ ਪੰਜਾਬੀ ਵਿਚ ਲਿਖੀਆਂ ਗਈਆਂ ਹਨ। ਇਸ ਵਾਰ ਵਿਚ ਗੁਰੂ ਜੀ ਨੇ ਗੁਰਮਤਿ ਦੇ ਪ੍ਰਮੁੱਖ ਸਿਧਾਂਤਾਂ ’ਤੇ ਪ੍ਰਕਾਸ਼ ਪਾਉਂਦੇ ਹੋਏ ਫ਼ਰਮਾਇਆ ਹੈ ਕਿ ਪਰਮਾਤਮਾ ਸਰਵ-ਸ਼ਕਤੀਮਾਨ ਹੈ। ਮਨੁੱਖ ਵਾਸਤੇ ਸ੍ਰੇਸ਼ਠ ਬਣਨ ਲਈ ਸਾਧ-ਸੰਗਤ ਵਿਚ ਜਾਣਾ ਬਹੁਤ ਜ਼ਰੂਰੀ ਹੈ। ਨਾਮ-ਸਿਮਰਨ ਨਾਲ ਸਾਧਕ ਦੀ ਸ਼ਖਸੀਅਤ ਇਕਦਮ ਬਦਲ ਜਾਂਦੀ ਹੈ:

ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ॥
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ॥ 
(ਪੰਨਾ 323)

17. ਗੂਜਰੀ ਕੀ ਵਾਰ ਮਹਲਾ 5
‘ਗੂਜਰੀ’ ਇਕ ਪੁਰਾਤਨ ਰਾਗ ਹੈ। ਇਸ ਦਾ ਸੁਰਾਤਮਕ ਸਰੂਪ ਕਰੁਣਾ ਰਸ ਦਾ ਧਾਰਨੀ ਹੈ ਜਿਸ ਕਰਕੇ ਇਹ ਗੰਭੀਰ ਪ੍ਰਕਿਰਤੀ ਦੀਆਂ ਭਗਤੀ-ਭਾਵ ਵਾਲੀਆਂ ਰਚਨਾਵਾਂ ਦੇ ਗਾਇਨ ਲਈ ਅਤਿ ਢੁਕਵਾਂ ਹੈ। ਰਾਗ ਗੂਜਰੀ, ਤੋੜੀ ਦੀ ਵੰਨਗੀ ਹੈ, ਇਸੇ ਕਰਕੇ ਕਈ ਸੰਗੀਤ ਪ੍ਰੇਮੀ ਇਸ ਨੂੰ ‘ਗੂਜਰੀ ਤੋੜੀ’ ਵੀ ਆਖਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚੀ ਇਸ ਵਾਰ ਵਿਚ ਕੁੱਲ 21 ਪਉੜੀਆਂ ਹਨ। ਹਰ ਇਕ ਪਉੜੀ ਵਿਚ ਅੱਠ-ਅੱਠ ਤੁਕਾਂ ਹਨ। ਪਰ 20ਵੀਂ ਪਉੜੀ ਦੀਆਂ ਕੁੱਲ ਪੰਜ ਤੁਕਾਂ ਹਨ। ਹਰ ਇਕ ਪਉੜੀ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਲਿਖੇ 2-2 ਸਲੋਕ ਹਨ। ਇਨ੍ਹਾਂ ਸਲੋਕਾਂ ਵਿੱਚੋਂ 37 ਸਲੋਕ ਦੋ-ਤੁਕੇ ਹਨ ਅਤੇ ਦੋਹਰੇ ਦੇ ਆਕਾਰ ਦੇ ਹਨ। ਪੰਜ ਸਲੋਕਾਂ ਦੀਆਂ ਤੁਕਾਂ ਦੋ ਤੋਂ ਵੱਧ ਸੱਤ ਤਕ ਹਨ। ਸਲੋਕਾਂ ਦੀ ਭਾਸ਼ਾ ਲਹਿੰਦੀ ਪੰਜਾਬੀ ਹੈ ਪਰ ਪਉੜੀਆਂ ’ਤੇ ਸਾਧ-ਭਾਖਾ ਦੇ ਪ੍ਰਭਾਵ ਵਾਲੀ ਪੂਰਬੀ ਪੰਜਾਬੀ ਦਾ ਪ੍ਰਭਾਵ ਹੈ। ਇਸ ਵਾਰ ਦੀਆਂ ਅਨੇਕਾਂ ਤੁਕਾਂ ‘ਸਤਿ’ ਕਥਨ ਦਾ ਰੂਪ ਧਾਰਨ ਕਰ ਗਈਆਂ ਹਨ।

ਗੁਰੂ ਜੀ ਨੇ ਇਸ ਵਾਰ ਵਿਚ ਮੁੱਖ ਤੌਰ ’ਤੇ ਪਰਮਾਤਮਾ ਅਤੇ ਗੁਰੂ ਦੀ ਮਹਿਮਾ ਦਾ ਵਿਖਿਆਨ ਕੀਤਾ ਹੈ। ਜੀਵ ਆਪਣੀ ਸਾਧਨਾ ਰਾਹੀਂ ਉੱਚਾ ਉੱਠ ਕੇ ਸੱਚੀ ਦਰਗਾਹ ਵਿਚ ਪ੍ਰਵਾਨ ਚੜ੍ਹਦਾ ਹੈ। ਇਨ੍ਹਾਂ ਤੋਂ ਇਲਾਵਾ ਗੁਰਮਤਿ ਦੇ ਹੋਰ ਕਈ ਸਿਧਾਂਤਾਂ ਉੱਤੇ ਵੀ ਰੋਸ਼ਨੀ ਪਾਈ ਗਈ ਹੈ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥
(ਪੰਨਾ 522)

18. ਜੈਤਸਰੀ ਕੀ ਵਾਰ ਮਹਲਾ 5
‘ਰਾਗ ਜੈਤਸਰੀ’ ਬਹੁਤ ਪੁਰਾਤਨ ਰਾਗ ਹੈ। ਪੂਰਬੀ ਅੰਗ ਦੇ ਰਾਗਾਂ ਵਿਚ ਇਸ ਦਾ ਨਿਵੇਕਲਾ ਅਤੇ ਅਸਾਧਾਰਨ ਸਰੂਪ ਹੈ। ਇਸ ਰਾਗ ਦੀ ਰਚਨਾ ਜੋਤ ਅਤੇ ਸਿਰੀ ਰਾਗ ਦੇ ਮਧੁਰ ਸੰਜੋਗ ਤੋਂ ਹੋਈ ਹੈ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਇਸ ਵਾਰ ਦੀਆਂ ਕੁੱਲ 20 ਪਉੜੀਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਹਰ ਇਕ ਪਉੜੀ ਨਾਲ 2-2 ਸਲੋਕ ਹਨ। ਸਾਰੇ ਸਲੋਕ 2-2 ਤੁਕਾਂ ਦੇ ਦੋਹਿਰਾ ਸੋਰਠਾ ਤੋਲ ’ਤੇ ਲਿਖੇ ਗਏ ਹਨ। ਸਿਵਾਏ 12ਵੀਂ ਪਉੜੀ ਦੇ ਪਹਿਲੇ ਸਲੋਕ ਦੇ ਜੋ ਕਿ 3 ਤੁਕਾਂ ਦਾ ਹੈ। ਇਸ ਵਾਰ ਵਿਚ ਭਾਵੇਂ ਗੁਰਮਤਿ ਦੇ ਅਨੇਕਾਂ ਵਿਸ਼ਿਆਂ ’ਤੇ ਪ੍ਰਕਾਸ਼ ਪਾਇਆ ਗਿਆ ਹੈ ਪਰ ਵਿਸ਼ੇਸ਼ ਤੌਰ ’ਤੇ ਪਰਮਾਤਮਾ ਦੇ ਨਾਮ-ਸਿਮਰਨ, ਮਾਇਆ ਦੇ ਪ੍ਰਪੰਚ ਤੋਂ ਮੁਕਤ ਹੋਣ ਅਤੇ ਚੰਗੇ ਗੁਣ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ ਹੈ।

19. ਰਾਮਕਲੀ ਕੀ ਵਾਰ ਮਹਲਾ 5
‘ਰਾਮਕਲੀ ਕੀ ਵਾਰ’ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੀਆਂ ਅੱਠ-ਅੱਠ ਤੁਕਾਂ ਦੀਆਂ 22 ਪਉੜੀਆਂ ਹਨ। ਹਰ ਇਕ ਪਉੜੀ ਨਾਲ ਦੋ-ਦੋ ਸਲੋਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਹਨ। ਇਸ ਤਰ੍ਹਾਂ ਸਲੋਕਾਂ ਦੀ ਕੁਲ ਗਿਣਤੀ 44 ਹੈ। ਸਲੋਕਾਂ ਦੀਆਂ ਤੁਕਾਂ ਵਿਚ ਸਮਾਨਤਾ ਨਹੀਂ ਹੈ। ਪਹਿਲੀਆਂ ਤਿੰਨ ਪਉੜੀਆਂ ਨਾਲ ਦਰਜ ਸਲੋਕਾਂ ਦੀਆਂ ਚਾਰ-ਚਾਰ ਤੁਕਾਂ ਹਨ। ਬਾਕੀ ਪਉੜੀਆਂ ਨਾਲ ਦਰਜ ਸਲੋਕਾਂ ਦੀ ਗਿਣਤੀ 2 ਤੋਂ 16 ਤੁਕਾਂ ਤਕ ਹੈ। ਇਨ੍ਹਾਂ ਵਿੱਚੋਂ 19ਵੀਂ ਪਉੜੀ ਨਾਲ ਦਰਜ ਦੂਜਾ ਸਲੋਕ ਅਤੇ 20ਵੀਂ ਪਉੜੀ ਨਾਲ ਦਰਜ ਸਲੋਕ ਦੋਵੇਂ ਭਗਤ ਕਬੀਰ ਜੀ ਪ੍ਰਤੀ ਅਤੇ 21ਵੀਂ ਪਉੜੀ ਨਾਲ ਦਰਜ ਸਲੋਕ ਭਗਤ ਫਰੀਦ ਜੀ ਪ੍ਰਤੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ। ਇਸ ਵਾਰ ਦੀ ਭਾਸ਼ਾ ਪੂਰਬੀ ਪੰਜਾਬੀ ਹੈ ਅਤੇ ਸਾਧ-ਭਾਖਾ ਦਾ ਪ੍ਰਭਾਵ ਵੀ ਹੈ। ਕਿਤੇ- ਕਿਤੇ ਲਹਿੰਦੀ ਸ਼ਬਦਾਵਲੀ ਦਾ ਪ੍ਰਭਾਵ ਵੀ ਮਿਲਦਾ ਹੈ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਾਰ ਵਿਚ ਗੁਰਮਤਿ ਦੇ ਅਨੇਕਾਂ ਪੱਖਾਂ ਉੱਪਰ ਚਾਨਣਾ ਪਾਇਆ ਹੈ। ਇਸ ਵਿਚ ਵਿਸ਼ੇਸ਼ ਤੌਰ ’ਤੇ ‘ਚਿਤ’ ਦੀ ਸਥਿਰਤਾ ਉੱਤੇ ਬਹੁਤ ਬਲ ਦਿੱਤਾ ਗਿਆ ਹੈ।

20. ਮਾਰੂ ਵਾਰ ਮਹਲਾ 5
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਲਿਖੀ ‘ਮਾਰੂ ਵਾਰ’ ਵਿਚ ਅੱਠ-ਅੱਠ ਤੁਕਾਂ ਦੀਆਂ ਕੁੱਲ 23 ਪਉੜੀਆਂ ਹਨ। ਹਰ ਇਕ ਪਉੜੀ ਨਾਲ ਤਿੰਨ-ਤਿੰਨ ਸਲੋਕ ਦਰਜ ਹਨ। ਇਹ ਸਾਰੇ ਸਲੋਕ ਵੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਹਨ ਅਤੇ ਇਨ੍ਹਾਂ ਵਿਚ ਦੋ-ਦੋ ਤੁਕਾਂ ਹਨ। ਸਿਰਫ਼ 21ਵੀਂ ਅਤੇ 22ਵੀਂ ਪਉੜੀ ਨਾਲ ਦਰਜ ਤੀਜਾ ਸਲੋਕ ਤਿੰਨ-ਤਿੰਨ ਤੁਕਾਂ ਦਾ ਹੈ। ਸਲੋਕਾਂ ਦੀ ਭਾਸ਼ਾ ਲਹਿੰਦੀ ਪ੍ਰਧਾਨ ਹੈ। ਸਲੋਕਾਂ ਦੇ ਸ਼ੁਰੂ ਵਿਚ ‘ਡਖਣੇ’ ਪਦ ਵੀ ਲਿਖਿਆ ਹੈ। ਪਉੜੀਆਂ ਦੀ ਭਾਸ਼ਾ ਸਾਧ-ਭਾਖਾ ਪ੍ਰਭਾਵਿਤ ਪੂਰਬੀ ਪੰਜਾਬੀ ਹੈ। ਗੁਰੂ ਜੀ ਨੇ ਇਸ ਵਾਰ ਵਿਚ ਗੁਰਮਤਿ ਦੇ ਕਈ ਨੁਕਤਿਆਂ ਦੀ ਵਿਆਖਿਆ ਕੀਤੀ ਹੈ।

21. ਬਸੰਤ ਕੀ ਵਾਰ ਮਹਲਾ 5
‘ਬਸੰਤ’ ਬੜਾ ਪੁਰਾਤਨ ਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦਾ ਬਸੰਤ ਰੁੱਤ ਨਾਲ ਬੜਾ ਗਹਿਰਾ ਸੰਬੰਧ ਹੈ। ਇਸ ਨੂੰ ਮੌਸਮੀ ਜਾਂ ਰਿਤੂ ਕਾਲੀਨ ਰਾਗ ਮੰਨਿਆ ਜਾਂਦਾ ਹੈ। ਬਸੰਤ ਰਾਗ ਦੀ ਰਚਨਾ ਪੂਰਬੀ ਮੇਲ ਤੋਂ ਹੋਈ ਮੰਨੀ ਜਾਂਦੀ ਹੈ। ਇਸ ਵਿਚ ਰਿਸ਼ਭ, ਧੈਵਤ ਕੋਮਲ, ਮਧਿਅਮ ਦੋਵੇਂ ਅਤੇ ਹੋਰ ਸਭ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਅਰੋਹ ਵਿਚ ਰਿਸ਼ਭ ਅਤੇ ਪੰਚਮ ਸੁਰ ਨਹੀਂ ਲੱਗਦੇ। ਬਸੰਤ ਰੁੱਤ ਵਿਚ ਹਰ ਸਮੇਂ ਅਤੇ ਬਾਕੀ ਰੁੱਤਾਂ ਵਿਚ ਇਸ ਦਾ ਸਮਾਂ ਅੱਧੀ ਰਾਤ ਤੋਂ ਬਾਅਦ ਦਾ ਮੰਨਿਆ ਜਾਂਦਾ ਹੈ। ਸੰਗੀਤਕਾਰਾਂ ਨੇ ਇਸ ਨੂੰ ਗੰਭੀਰ ਪ੍ਰਕਿਰਤੀ ਦਾ ਰਾਗ ਮੰਨਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਵਾਰ ਦੀਆਂ 3 ਪਉੜੀਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਇਸ ਵਾਰ ਵਿਚ ਕੇਵਲ ਪਉੜੀਆਂ ਹੀ ਹਨ, ਸਲੋਕ ਨਹੀਂ ਹਨ। ਇਸ ਵਾਰ ਵਿਚ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਵਾਸ਼ਨਾਵਾਂ ਤਿਆਗ ਕੇ ਨਾਮ-ਸਿਮਰਨ ਵਿਚ ਲੀਨ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜੀਵ ਦਾ ਪਰਮਾਤਮਾ ਨਾਲ ਏਕਾਕਾਰ ਹੋ ਜਾਂਦਾ ਹੈ।

22. ਰਾਮਕਲੀ ਕੀ ਵਾਰ ਭਾਈ ਸਤਾ ਅਤੇ ਭਾਈ ਬਲਵੰਡ
ਰਾਮਕਲੀ ਦੀ ਵਾਰ ‘ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ’ ਦੇ ਨਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 966 ’ਤੇ ਦਰਜ ਹੈ। ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਗੁਰੂ ਦਰਬਾਰ ਦੇ ਰਬਾਬੀ ਸਨ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਹਜ਼ੂਰ ਕੀਰਤਨ ਕਰਿਆ ਕਰਦੇ ਸਨ। ਇਸ ਵਾਰ ਵਿਚ ਉਨ੍ਹਾਂ ਵੱਲੋਂ ਗੁਰੂ-ਘਰ ਦੀ ਸਿਫ਼ਤ- ਸਲਾਹ ਕੀਤੀ ਗਈ ਹੈ। ਇਸ ਸਾਰੀ ਵਾਰ ਵਿਚ ਇੱਕੋ ਵਿਚਾਰ ਘੁੰਮ ਰਿਹਾ ਹੈ ਕਿ “ਗੁਰੂ ਦੀ ਆਪਣੇ ਚੇਲੇ ਅੱਗੇ ਰਹਿਰਾਸ”, ਸਾਰੀ ਵਾਰ ਦਾ ਇਹੋ ਕੇਂਦਰੀ-ਭਾਵ ਹੈ। ਇਸ ਵਾਰ ਦੀਆਂ ਕੁੱਲ ਅੱਠ ਪਉੜੀਆਂ ਹਨ। ਪਹਿਲੀਆਂ ਤਿੰਨ ਪਉੜੀਆਂ ਭਾਈ ਬਲਵੰਡ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਅਤੇ ਅਖ਼ੀਰਲੀਆਂ ਪੰਜ ਪਉੜੀਆਂ ਭਾਈ ਸੱਤਾ ਜੀ ਦੀਆਂ ਹਨ। ਵਾਰ ਦੀ ਪਹਿਲੀ ਪਉੜੀ ਵਿਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਇਕ ਨਵੀਂ ਕਿਸਮ ਦਾ ਰਾਜ ਚਲਾਇਆ ਹੈ। ਉਨ੍ਹਾਂ ਨੇ ਆਪਣੇ ਗੁਰਸਿੱਖ ਭਾਈ ਲਹਿਣਾ ਜੀ ਨੂੰ ਆਪਣੇ ਵਾਂਗ ਬਣਾ ਕੇ ਉਸ ਅੱਗੇ ਮੱਥਾ ਟੇਕਿਆ:

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥…
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥
(ਪੰਨਾ 966)

ਦੂਜੀ ਤੇ ਤੀਜੀ ਪਉੜੀ ਵਿਚ ਵੀ ਭਾਈ ਬਲਵੰਡ ਜੀ ਇਸੇ ਗੱਲ ਨੂੰ ਹੈਰਾਨ ਹੋ ਕੇ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਰੀਰ ਵਟਾ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਰੂਪ ਵਿਚ ਗੁਰਗੱਦੀ ’ਤੇ ਬੈਠੇ ਹੋਏ ਹਨ:
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ (ਪੰਨਾ 967)

ਭਾਈ ਬਲਵੰਡ ਜੀ ਫ਼ਰਮਾ ਰਹੇ ਹਨ ਕਿ ਭਾਈ ਲਹਿਣਾ ਜੀ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਾਲੀ ਜੋਤਿ ਹੈ, ਜੀਵਨ ਦਾ ਢੰਗ ਵੀ ਉਹੀ ਹੈ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿਰਫ਼ ਸਰੀਰ ਹੀ ਵਟਾਇਆ ਹੈ:
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਵੇਂ ਧਰਮ-ਰਸਤੇ ਨੂੰ ਵਿਚਾਰ ਕੇ ਭਾਈ ਸੱਤਾ ਜੀ ਭੀ ਬਹੁਤ ਹੈਰਾਨ ਹੁੰਦੇ ਹਨ। ਵਾਰ ਦੀ ਚੌਥੀ ਪਉੜੀ ਵਿਚ ਉਹ ਫ਼ਰਮਾਉਂਦੇ ਹਨ ਕਿ ਜਗਤ ਦੇ ਨਾਥ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਹੋਰ ਪਾਸੇ ਵੱਲ ਹੀ ਗੰਗਾ ਚਲਾ ਦਿੱਤੀ ਹੈ:
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥ (ਪੰਨਾ 967)

ਵਾਰ ਦੀ ਛੇਵੀਂ ਪਉੜੀ ਵਿਚ ਭਾਈ ਸੱਤਾ ਜੀ ਸ੍ਰੀ ਗੁਰੂ ਅਮਰਦਾਸ ਜੀ ਬਾਬਤ ਅਚੰਭੇ ਵਾਲੀ ਮਰਯਾਦਾ ਦਾ ਜ਼ਿਕਰ ਕਰਦੇ ਫ਼ਰਮਾਉਂਦੇ ਹਨ:
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ (ਪੰਨਾ 968)

ਭਾਈ ਸੱਤਾ ਜੀ ਫ਼ਰਮਾਉਂਦੇ ਹਨ ਕਿ ਪੋਤੇ ਭਾਵ ਸ੍ਰੀ ਗੁਰੂ ਅਮਰਦਾਸ ਜੀ ਦੇ ਮੱਥੇ’ਤੇ ਭੀ ਉਹੀ ਨੂਰ ਹੈ, ਉਹੀ ਤਖ਼ਤ ਹੈ ਅਤੇ ਉਹੀ ਦਰਬਾਰ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਸੀ। ਸਤਵੀਂ ਪਉੜੀ ਵਿਚ ਭਾਈ ਸੱਤਾ ਜੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੁੱਖ ਰੱਖ ਕੇ ਆਪਣੇ ਵਿਚਾਰ ਇਉਂ ਪ੍ਰਗਟ ਕਰਦੇ ਹਨ:
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥ (ਪੰਨਾ 968)

ਅਖ਼ੀਰਲੀ ਪਉੜੀ ਵਿਚ ਭਾਈ ਸੱਤਾ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸੰਬੰਧ ਵਿਚ ਫ਼ਰਮਾਉਂਦੇ ਹਨ:
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ॥ (ਪੰਨਾ 968)

ਅੰਤ ਵਿਚ ਗੁਰੂ ਸਾਹਿਬਾਨ ਦੀ ਮਹਿਮਾ ਬਿਆਨ ਕਰਦਿਆਂ ਹੋਇਆਂ ਵਾਰ ਨੂੰ ਹੇਠ ਲਿਖੇ ਸ਼ਬਦਾਂ ਨਾਲ ਸਮਾਪਤ ਕੀਤਾ ਗਿਆ ਹੈ:
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ (ਪੰਨਾ 968)

ਭਾਵ ਚਾਰੇ ਗੁਰੂ ਸਾਹਿਬਾਨ ਆਪੋ ਆਪਣੇ ਸਮੇਂ ਰੋਸ਼ਨ ਹੋਏ ਅਤੇ ਵਾਹਿਗੁਰੂ ਆਪ ਹੀ ਉਨ੍ਹਾਂ ਵਿਚ ਪ੍ਰਗਟ ਹੋਇਆ ਹੈ। ਇਨ੍ਹਾਂ ਉਪਰੋਕਤ ਵਾਰਾਂ ਨੂੰ ਨਿਰਧਾਰਤ ਰਾਗਾਂ ’ਤੇ ਆਧਾਰਿਤ ਗਾਉਣ ਦੇ ਨਾਲ-ਨਾਲ ਇਨ੍ਹਾਂ ਵਿਚੋਂ 9 ਵਾਰਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਧੁਨੀਆਂ ਅਨੁਸਾਰ ਗਾਉਣ ਦੀ ਹਦਾਇਤ ਕੀਤੀ ਗਈ ਹੈ।
 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top