Share on Facebook

Main News Page

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 9 ਧੁਨੀਆਂ ਬਾਰੇ ਜਾਣਕਾਰੀ
-: ਸਿਮਰਜੀਤ ਸਿੰਘ
01 Aug 2007
#KhalsaNews #SimarjitSingh #Dhuniyan #SGGS

ਧੁਨੀਆਂ
ਧੁਨੀ ਸ਼ਬਦ ਦਾ ਪਿਛੋਕੜ ‘ਧਵਨੀ’ ਸ਼ਬਦ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਨਾਦ ਜਾਂ ਆਵਾਜ਼। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਵਿਸ਼ੇਸ਼ ਸੰਕੇਤ ਲਈ ਕੀਤੀ ਗਈ ਹੈ ਜਿਸ ਤੋਂ ਭਾਵ ਹੈ ਗਾਉਣ ਦੀ ਧਾਰਨਾ ਜਾਂ ਵਿਧੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਜਿੱਥੇ ਬਾਣੀ ਨੂੰ ਰਾਗਾਂ ਵਿਚ ਸਮੋਇਆ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੌਂ ਵਾਰਾਂ ਨੂੰ ਗਾਉਣ ਲਈ ਲੋਕ-ਕਾਵਿ ਦੇ ਗਾਉਣ ਦੀ ਪਰੰਪਰਾ ਵਿਚ ਪੁਰਾਤਨ ਲੋਕ-ਵਾਰਾਂ ਦੀਆਂ ਧੁਨੀਆਂ ਵੱਲ ਸੰਕੇਤ ਵੀ ਕੀਤਾ ਹੈ। ਅਜਿਹੇ ਸੰਕੇਤ ਕੇਵਲ ਨੌਂ ਵਾਰਾਂ ਨਾਲ ਦਿੱਤੇ ਮਿਲਦੇ ਹਨ।

ਜੋ ਕਹਾਣੀਆਂ ਇਨ੍ਹਾਂ ਵਾਰਾਂ ਨਾਲ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਗੁਰਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਨ੍ਹਾਂ ਧੁਨੀਆਂ ਨੂੰ ਉਸ ਸਮੇਂ ਲੋਕਾਂ ਵਿਚ ਪ੍ਰਚਲਿਤ ਹੋਣ ਕਾਰਨ ਅਤੇ ਲੋਕਾਂ ਦੀਆਂ ਮਨਭਾਉਂਦੀਆਂ ਹੋਣ ਕਰਕੇ ਲੋਕਾਂ ਦੇ ਮਨਾਂ ’ਤੇ ਸਿੱਧਾ ਅਸਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਇਨ੍ਹਾਂ ਵਾਰਾਂ ਨੂੰ ਇਨ੍ਹਾਂ ਧੁਨੀਆਂ ’ਤੇ ਗਾਉਣ ਦਾ ਆਦੇਸ਼ ਦਿੱਤਾ ਹੈ।  ਇਨ੍ਹਾਂ ਨੌਂ ਵਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ:

1. ਵਾਰ ਮਾਝ ਕੀ ਤਥਾ ਸਲੋਕ ਮਹਲਾ 1 – ਮਲਕ ਮੁਰੀਦ ਤਥਾ ਚੰਦ੍ਰਹੜਾ ਕੀ ਧੁਨੀ ਗਾਵਣੀ
2. ਗਉੜੀ ਕੀ ਵਾਰ ਮਹਲਾ 5 – ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ
3. ਆਸਾ ਮਹਲਾ 1 – ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ-ਟੁੰਡੇ ਅਸ ਰਾਜੈ ਕੀ ਧੁਨੀ
4. ਗੂਜਰੀ ਕੀ ਵਾਰ ਮਹਲਾ 3 – ਸਿਕੰਦਰ ਬਿਰਾਹਿਮ ਕੀ ਧੁਨਿ ਗਾਉਣੀ
5. ਵਡਹੰਸ ਕੀ ਵਾਰ ਮਹਲਾ 4 – ਲਲਾਂ ਬਹਲੀਮਾ ਕੀ ਧੁਨਿ ਗਾਵਣੀ
6.ਰਾਮਕਲੀ ਕੀ ਵਾਰ ਮਹਲਾ 3 – ਜੋਧੈ ਵੀਰੈ ਪੂਰਬਾਣੀ ਕੀ ਧੁਨੀ
7. ਸਾਰੰਗ ਕੀ ਵਾਰ ਮਹਲਾ 4 – ਰਾਇ ਮਹਮੇ ਹਸਨੇ ਕੀ ਧੁਨਿ
8. ਵਾਰ ਮਲਾਰ ਕੀ ਮਹਲਾ 1 – ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
9. ਕਾਨੜੇ ਕੀ ਵਾਰ ਮਹਲਾ 4 – ਮੂਸੇ ਕੀ ਵਾਰ ਕੀ ਧੁਨੀ

1. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ
ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ‘ਮਾਝ ਕੀ ਵਾਰ ਮਹਲਾ 1’ ਨੂੰ ਇਸ ਧੁਨ ਉੱਪਰ ਗਾਉਣ ਦਾ ਆਦੇਸ਼ ਕੀਤਾ ਹੈ। ‘ਮੁਰੀਦ’ ਤੇ ‘ਚੰਦ੍ਰਹੜਾ’ ਅਕਬਰ ਦੇ ਦੋ ਰਾਜਪੂਤ ਫੌਜੀ ਸਨ। ਮੁਰੀਦ ਨੂੰ ਮਲਕ ਦਾ ਖ਼ਿਤਾਬ ਮਿਲਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਮਲਕ ਮੁਰੀਦ ਕਿਹਾ ਜਾਂਦਾ ਸੀ। ਚੰਦ੍ਰਹੜਾ ਦੀ ਜੱਦ ਦਾ ਨਾਂ ਸੋਹੀਆ ਸੀ, ਇਸ ਲਈ ਚੰਦ੍ਰਹੜਾ ਸੋਹੀਆ ਦੇ ਨਾਂ ਨਾਲ ਪ੍ਰਸਿੱਧ ਸੀ। ਉੱਪਰੋਂ ਤਾਂ ਇਹ ਦੋਸਤ ਸਨ, ਪਰ ਵਿੱਚੋਂ ਇਕ ਦੂਜੇ ਨਾਲ ਦੁਸ਼ਮਣੀ ਰੱਖਦੇ ਸਨ।

ਇਕ ਵਾਰ ਸਰਹੱਦ ਵਿਚ ਬਗ਼ਾਵਤ ਹੋ ਗਈ। ਅਕਬਰ ਨੇ ਬਾਗ਼ੀਆਂ ਨੂੰ ਸੋਧਣ ਅਤੇ ਉਨ੍ਹਾਂ ਤੋਂ ਜੁਰਮਾਨਾ ਤੇ ਕਰ ਵਸੂਲ ਕਰਨ ਲਈ ਮਲਕ ਮੁਰੀਦ ਨੂੰ ਭੇਜਿਆ। ਮਲਕ ਮੁਰੀਦ ਬੜਾ ਬਹਾਦਰ ਸੂਰਮਾ ਸੀ। ਉਸ ਦਾ ਨਾਂ ਸੁਣਦਿਆਂ ਹੀ ਬਾਗ਼ੀਆਂ ਨੇ ਹਥਿਆਰ ਸੁੱਟ ਦਿੱਤੇ ਤੇ ਜੁਰਮਾਨਾ ਭਰ ਦਿੱਤਾ, ਪਰ ਕਰ ਵਾਸਤੇ ਕੁਝ ਸਮਾਂ ਮੰਗਿਆ। ਜੁਰਮਾਨੇ ਦਾ ਰੁਪਿਆ ਅਕਬਰ ਨੂੰ ਦਿੱਲੀ ਭੇਜ ਦਿੱਤਾ। ਬਾਗ਼ੀਆਂ ਨੂੰ ਸੋਧਣ ਲਈ ਅਤੇ ਕਰ ਇਕੱਠਾ ਕਰਨ ਲਈ ਕੁਝ ਸਮੇਂ ਵਾਸਤੇ ਉੱਥੇ ਹੀ ਠਹਿਰ ਗਿਆ।

ਕੁਝ ਸਮਾਂ ਲੰਘ ਗਿਆ। ਮਲਕ ਮੁਰੀਦ ਆਪਣੀ ਡਿਊਟੀ ਵਿਚ ਐਨਾ ਰੁੱਝ ਗਿਆ ਕਿ ਵੇਲੇ ਸਿਰ ਮਾਮਲਾ (ਕਰ) ਵਸੂਲ ਕਰ ਕੇ ਦਿੱਲੀ ਨਾ ਭੇਜ ਸਕਿਆ। ਚੰਦ੍ਰਹੜਾ ਸੋਹੀਆ ਨੇ ਮੌਕਾ ਤਾੜ ਕੇ ਅਕਬਰ ਦੇ ਦਰਬਾਰ ਵਿਚ ਝੂਠੀ ਖ਼ਬਰ ਉਡਾ ਦਿੱਤੀ ਕਿ ਮਲਕ ਮੁਰੀਦ ਬਾਗ਼ੀਆਂ ਨਾਲ ਰਲ ਗਿਆ ਹੈ। ਅਕਬਰ ਨੇ ਇਕ ਭਾਰੀ ਫੌਜ ਦੇ ਕੇ ਚੰਦ੍ਰਹੜਾ ਸੋਹੀਆ ਨੂੰ ਮਲਕ ਮੁਰੀਦ ਨੂੰ ਸੋਧਣ ਲਈ ਭੇਜ ਦਿੱਤਾ।

ਚੰਦ੍ਰਹੜਾ ਦੀ ਚਾਲ ਦਾ ਮਲਕ ਮੁਰੀਦ ਨੂੰ ਆਪਣੇ ਸੂਹੀਆਂ ਪਾਸੋਂ ਪਤਾ ਲੱਗ ਗਿਆ ਸੀ। ਦੋਹਾਂ ਧਿਰਾਂ ਵਿੱਚ ਲਹੂ-ਵੀਟਵੀਂ ਲੜਾਈ ਹੋਈ। ਅਨੇਕਾਂ ਸਿਪਾਹੀ ਮਾਰੇ ਗਏ। ਮਾਲੀ ਅਤੇ ਜਾਨੀ ਨੁਕਸਾਨ ਕਾਫ਼ੀ ਹੋਣ ਕਰਕੇ ਚੰਦ੍ਰਹੜਾ ਨੇ ਮੁਰੀਦ ਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਸਿਪਾਹੀਆਂ ਨੂੰ ਮਰਵਾਉਣ ਦਾ ਕੋਈ ਲਾਭ ਨਹੀਂ, ਦੁਸ਼ਮਣੀ ਆਪਣੀ ਹੈ ਇਸ ਲਈ ਆਪਾਂ ਦੋ-ਦੋ ਹੱਥ ਕਰ ਲਈਏ।

ਅਗਲੇ ਦਿਨ ਮਲਕ ਮੁਰੀਦ ਤੇ ਚੰਦ੍ਰਹੜਾ ਸੋਹੀਆ ਇਕੱਲੇ ਮੈਦਾਨ ਵਿਚ ਆ ਨਿੱਤਰੇ। ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਣ ਕਰਕੇ ਦੋਵਾਂ ਨੇ ਚੰਗੇ ਕਰਤਬ ਵਿਖਾਏ। ਕਾਫ਼ੀ ਦੇਰ ਤਕ ਲੜਦੇ ਰਹੇ ਅਤੇ ਅੰਤ ਵਿਚ ਇਤਨੇ ਜ਼ਖ਼ਮੀ ਹੋ ਗਏ ਕਿ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ। ਜਿੱਤ ਹਾਰ ਕਿਸੇ ਦੀ ਵੀ ਨਹੀਂ ਹੋਈ। ਢਾਡੀਆਂ ਨੇ ਇਨ੍ਹਾਂ ਦੀ ਸੂਰਮਗਤੀ ਦੀ ਉਸਤਤੀ ਵਿਚ ਵਾਰ ਰਚੀ, ਜਿਸ ਦੀ ਇਕ ਪ੍ਰਸਿੱਧ ਪਉੜੀ ਇਸ ਤਰ੍ਹਾਂ ਹੈ:

ਕਾਬੁਲ ਵਿਚ ਮੁਰੀਦ ਖਾਂ ਫੜਿਆ ਬਡ ਜੌਰ।
ਚੰਦ੍ਰਹੜਾ ਲੈ ਫੌਜ ਕੋ ਚੜ੍ਹਿਆ ਬਡ ਤੌਰ।
ਦੋਹਾਂ ਕੰਧਾਰਾਂ ਮੂੰਹ ਜੁੜੇ ਦੰਮਾਮੇ ਦੌਰ।
ਸ਼ਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ।
ਹੋਲੀ ਖੇਲੇਂ ਚੰਦ੍ਰਹੜਾ ਰੰਗ ਲਗੇ ਸੌਰ।
ਦੋਵੇਂ ਤਰਫਾਂ ਜੁੱਟੀਆਂ ਸਰ ਵਗਨ ਕੌਰ।
ਮੈਂ ਭੀ ਰਾਇ ਸਦਾਇਸਾਂ ਵੜਿਆ ਲਾਹੌਰ।
ਦੋਨੋਂ ਸੂਰੇ ਸਾਹਮਣੇ ਜੂਝੇ ਉਸ ਠੌਰ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਦੇਖਿਆ ਕਿ ਇਹ ਅੱਠ-ਤੁਕੀ ਪਉੜੀ ਸ੍ਰੀ ਗੁਰੁ ਨਾਨਕ ਸਾਹਿਬ ਜੀ ਦੀ ਵਾਰ ਮਾਝ ਦਾ ਹੀ ਵਜ਼ਨ ਹੈ, ਜੋ ਦੇਸ ਵਿਚ ਮਲਕ ਮੁਰੀਦ ਵਾਲੀ ਵਾਰ ਦਾ ਹੈ, ਪਰ ਮਲਕ ਮੁਰੀਦ ਵਾਰ ਨਾਲ ਬਾਣੀ ਦਾ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਹ ਧੁਨੀ ਲਿਖ ਕੇ ਹੁਕਮ ਦਿੱਤਾ ਕਿ ਵਾਰ ਮਾਝ ਨੂੰ ਇਸ ਧਾਰਨਾ ’ਤੇ ਗਾਵਣਾ ਹੈ:

ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥ (ਪੰਨਾ 138)

2. ਰਾਇ ਕਮਾਲਦੀ ਮੌਜਦੀ ਦੀ ਵਾਰ
ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਉਚਾਰੀ ਬਾਣੀ ‘ਗਉੜੀ ਕੀ ਵਾਰ ਮਹਲਾ 5’ ਨੂੰ ਇਸ ਧੁਨ ’ਤੇ ਗਾਉਣ ਦਾ ਆਦੇਸ਼ ਕੀਤਾ ਹੈ। ਰਾਇ ਸਾਰੰਗ ਤੇ ਰਾਇ ਕਮਾਲਦੀ (ਕਮਾਲਦੀਨ) ਦੋ ਸਕੇ ਭਰਾ ਸਨ, ਜੋ ਬਾਰਾ ਦੇਸ ਦੇ ਸਰਦਾਰ ਸਨ। ਰਾਇ ਕਮਾਲਦੀ ਜੋ ਛੋਟਾ ਸੀ, ਵੱਡੇ ਭਰਾ ਦੀ ਜਗੀਰ-ਜਾਇਦਾਦ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਰਾਇ ਸਾਰੰਗ ਵਿਰੁੱਧ ਬਗ਼ਾਵਤ ਦੀ ਝੂਠੀ ਖ਼ਬਰ ਉਡਾ ਦਿੱਤੀ। ਉਸ ਦੇਸ ਦੇ ਰਾਜੇ ਨੇ ਬਿਨਾਂ ਸੋਚੇ-ਸਮਝੇ ਤੇ ਬਿਨਾਂ ਕੋਈ ਪੜਤਾਲ ਕੀਤਿਆਂ ਰਾਇ ਸਾਰੰਗ ਨੂੰ ਬੰਦੀ ਬਣਾ ਲਿਆ। ਇਸ ’ਤੇ ਰਾਇ ਕਮਾਲਦੀ ਨੇ ਸਾਰੰਗ ਦੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ।

ਕੁਝ ਚਿਰ ਬਾਅਦ ਰਾਜੇ ਨੂੰ ਅਸਲੀਅਤ ਦਾ ਪਤਾ ਲੱਗਾ। ਉਸ ਨੇ ਸਾਰੰਗ ਨੂੰ ਨਿਰਦੋਸ਼ ਠਹਿਰਾਉਂਦਿਆਂ ਬੜੇ ਆਦਰ-ਭਾਉ ਨਾਲ ਰਿਹਾਅ ਕਰ ਦਿੱਤਾ। ਇਧਰ ਰਾਇ ਕਮਾਲਦੀ ਵੱਡੇ ਭਰਾ ਦੀ ਜਾਇਦਾਦ ਵਾਪਿਸ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਭਰਾ ਦੀ ਰਿਹਾਈ ਦਾ ਬਹਾਨਾ ਬਣਾ ਕੇ ਇਕ ਵੱਡਾ ਜਸ਼ਨ ਮਨਾਉਣ ਦੀ ਸਕੀਮ ਬਣਾਈ। ਪਰ ਇਸ ਜਸ਼ਨ ਵਿਚ ਆਪਣੇ ਭਰਾ ਸਾਰੰਗ ਨੂੰ ਧੋਖੇ ਨਾਲ ਸ਼ਰਾਬ ਵਿਚ ਜ਼ਹਿਰ ਮਿਲਾ ਕੇ ਮਰਵਾ ਦਿੱਤਾ।

ਸਾਰੰਗ ਦੀ ਪਤਨੀ ਆਪਣੇ ਪੁੱਤਰ ਮੌਜਦੀ (ਮੁਅੱਜਦੀਨ) ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਮੌਜਦੀ ਨੂੰ ਸ਼ਸਤਰ ਵਿੱਦਿਆ ਵਿਚ ਪ੍ਰਬੀਨ ਕੀਤਾ ਗਿਆ। ਜਦ ਮੌਜਦੀ ਜਵਾਨ ਹੋਇਆ ਉਸ ਨੇ ਨਾਨਕਿਆਂ ਦੀ ਭਾਰੀ ਫੌਜ ਲੈ ਕੇ ਆਪਣੇ ਚਾਚੇ ਨੂੰ ਜੰਗ ਲਈ ਲਲਕਾਰਿਆ। ਚਾਚੇ ਭਤੀਜੇ ਵਿਚਕਾਰ ਘਮਸਾਨ ਦਾ ਜੁੱਧ ਹੋਇਆ। ਮੌਜਦੀ ਅਜਿਹੀ ਬਹਾਦਰੀ ਨਾਲ ਲੜਿਆ ਕਿ ਰਾਇ ਕਮਾਲਦੀ ਨੂੰ ਸੰਸਾਰ ਤਿਆਗਣਾ ਪਿਆ।

ਢਾਡੀਆਂ ਨੇ ਇਸ ਜੁੱਧ ਬਾਰੇ ਇਕ ਵਾਰ ਲਿਖੀ, ਜਿਸ ਦੀ ਇਕ ਪਉੜੀ ਇਸ ਤਰ੍ਹਾਂ ਹੈ:

ਰਾਣਾ ਰਾਇ ਕਮਾਲਦੀ ਰਣ ਭਾਰਾ ਬਾਹੀ।
ਮੌਜਦੀ ਤਲਵੰਡੀਓਂ ਚੜ੍ਹਿਆ ਸਾਬਾਹੀ।
ਢਾਲੀ ਅੰਬਰ ਛਾਇਆ ਫੁਲੇ ਅੱਕ ਕਾਹੀ।
ਜੁੱਟੇ ਆਹਮੋ ਸਾਹਮਣੇ ਨੇਜ਼ੇ ਝੁਲਕਾਹੀ।
ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀ।

ਇਸ ਵਾਰ ਦੀ ਧੁਨੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਚਾਰੀ ਬਾਣੀ ‘ਗਉੜੀ ਕੀ ਵਾਰ’ ਨੂੰ ਗਾਉਣ ਦੀ ਹਦਾਇਤ ਕੀਤੀ ਹੈ:

ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ॥ (ਪੰਨਾ 318)

3. ਟੁੰਡੇ ਅਸਰਾਜੈ ਕੀ ਵਾਰ
ਲੋਕ-ਵਾਰ ਅਨੁਸਾਰ ਰਾਜਾ ਸਾਰੰਗ ਦੇ ਪੁੱਤਰ ਅਸਰਾਜੇ ਨੂੰ ਉਸ ਦੇ ਮਤਰੇਏ ਭਰਾਵਾਂ ਸਰਦੂਲ ਰਾਏ ਅਤੇ ਸੁਲਤਾਨ ਖਾਨ ਨੇ ਗਲੋਂ ਲਾਹੁਣ ਲਈ ਹੱਥ ਕੱਟ ਕੇ ਅੰਨ੍ਹੇ ਖੂਹ ਵਿਚ ਸੁੱਟ ਦਿੱਤਾ ਅਤੇ ਅਫਵਾਹ ਉਡਾ ਦਿੱਤੀ ਕਿ ਉਸ ਨੂੰ ਸ਼ੇਰ ਖਾ ਗਿਆ। ਵਣਜਾਰਿਆਂ ਦਾ ਇਕ ਕਾਫ਼ਲਾ ਉਸ ਖੂਹ ਦੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਉਨ੍ਹਾਂ ਨੇ ਖੂਹ ਵਿੱਚੋਂ ਆਵਾਜ਼ ਸੁਣ ਕੇ ਅਸਰਾਜੇ ਨੂੰ ਬਾਹਰ ਕੱਢ ਲਿਆ ਅਤੇ ਆਪਣੇ ਨਾਲ ਲੈ ਗਏ। ਉਹ ਕਾਫ਼ਲਾ ਜਿਸ ਨਗਰ ਵਿਚ ਪਹੁੰਚਿਆ ਉਸ ਨਗਰ ਦਾ ਰਾਜਾ ਨਿਰਸੰਤਾਨ ਮਰ ਗਿਆ ਸੀ। ਸਵੇਰੇ ਸਭ ਤੋਂ ਪਹਿਲਾਂ ਨਗਰ ਵਿਚ ਪ੍ਰਵੇਸ਼ ਕਰਨ ਦੀ ਸ਼ਰਤ ਨੂੰ ਸੰਜੋਗ ਵਸ ਪੂਰਾ ਕਰਨ ਕਰਕੇ ਵਜ਼ੀਰਾਂ ਨੇ ਅਸਰਾਜੇ ਨੂੰ ਗੱਦੀ ’ਤੇ ਬਿਠਾ ਦਿੱਤਾ। ਅਸਰਾਜੇ ਨੇ ਪੂਰੀ ਤਰ੍ਹਾਂ ਸ਼ਕਤੀ ਇਕੱਠੀ ਕੀਤੀ ਅਤੇ ਆਪਣੇ ਭਰਾਵਾਂ ਉੱਪਰ ਬਦਲਾ ਲੈਣ ਲਈ ਹਮਲਾ ਕਰ ਕੇ ਆਪਣਾ ਪਿਤਾ-ਪੁਰਖੀ ਰਾਜ ਪ੍ਰਾਪਤ ਕਰ ਲਿਆ। ਇਸ ਤੋਂ ਪ੍ਰਭਾਵਿਤ ਹੋ ਕੇ ਢਾਡੀਆਂ ਨੇ ਉਸ ਦੀ ਵੀਰਤਾ ਦੀ ਕਹਾਣੀ ਨੂੰ ਵਾਰਾਂ ਰਾਹੀਂ ਰਚਿਆ। ਇਸ ਦੀ ਵੰਨਗੀ ਇਸ ਪ੍ਰਕਾਰ ਹੈ:

ਭਬਕਿਆ ਸ਼ੇਰ ਸਰਦੂਲ ਰਾਇ ਰਣ ਮਾਰੂ ਬੱਜੇ।
ਸੁਲਤਾਨ ਖਾਨ ਬਡ ਸੂਰਮੇ ਵਿਚ ਰਣ ਦੇ ਗੱਜੇ।
ਖਤ ਲਿਖੇ ਟੁੰਡੇ ਅਸਰਾਜ ਨੂੰ ਪਤਸ਼ਾਹੀ ਅੱਜੇ।
ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ।
ਫਤੇ ਪਾਈ ਅਸਰਾਜ ਜੀ ਸਾਹੀ ਪਰ ਸੱਜੇ।

ਆਸਾ ਰਾਗ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਵਾਰ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਸਮੇਂ ਇਹ ਆਦੇਸ਼ ਕੀਤਾ ਹੈ ਕਿ ਇਸ ਵਾਰ ਨੂੰ ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਉੱਪਰ ਗਾਇਆ ਜਾਵੇ। ‘ਆਸਾ ਕੀ ਵਾਰ’ ਦੀ ਪਉੜੀ ਇਸ ਤਰ੍ਹਾਂ ਹੈ:

ਆਪੀਨੈ੍‍ ਆਪੁ ਸਾਜਿਓ ਆਪੀਨੈ੍‍ ਰਚਿਓ ਨਾਉ॥ (ਪੰਨਾ 463)

4. ਸਿਕੰਦਰ ਬਿਰਾਹਿਮ ਕੀ ਵਾਰ
ਸਿਕੰਦਰ ਤੇ ਬਿਰਾਹਿਮ (ਇਬਰਾਹੀਮ) ਦੋ ਰਾਜਪੂਤ ਛੋਟੀਆਂ ਛੋਟੀਆਂ ਰਿਆਸਤਾਂ ਦੇ ਰਾਜੇ ਸਨ। ਦੋਵੇਂ ਸ਼ਰੀਕੇ ਵਿੱਚੋਂ ਭਰਾ ਸਨ। ਬਿਰਾਹਿਮ ਐਸ਼ਪ੍ਰਸਤ ਅਤੇ ਕਾਮੀ ਸੁਭਾਅ ਦਾ ਸੀ ਜਿਸ ਕਾਰਨ ਉਸ ਦਾ ਜ਼ਿਆਦਾ ਸਮਾਂ ਰੰਗਰਲੀਆਂ ਵਿਚ ਹੀ ਗੁਜ਼ਰਦਾ ਸੀ। ਇਕ ਦਿਨ ਉਸ ਦੀ ਨਜ਼ਰ ਇਕ ਬ੍ਰਾਹਮਣ ਦੀ ਸੁੰਦਰ ਅਤੇ ਨਵ- ਵਿਆਹੀ ਇਸਤਰੀ ’ਤੇ ਪਈ ਜਿਸ ’ਤੇ ਉਹ ਮੋਹਿਤ ਹੋ ਗਿਆ। ਉਸ ਨੇ ਬ੍ਰਾਹਮਣ ਦੇ ਨਾਂ ਅਤੇ ਟਿਕਾਣੇ ਦਾ ਪਤਾ ਕੀਤਾ ਅਤੇ ਅਹਿਲਕਾਰਾਂ ਨੂੰ ਨਾਲ ਲੈ ਕੇ ਉਸ ਔਰਤ ’ਤੇ ਕਬਜ਼ਾ ਕਰ ਲਿਆ ਅਤੇ ਆਪਣੇ ਮਹਿਲਾਂ ਵਿਚ ਲੈ ਆਇਆ।

ਬ੍ਰਾਹਮਣ ਨੇ ਸਿਕੰਦਰ ਤੋਂ ਮਦਦ ਮੰਗੀ। ਸਿਕੰਦਰ ਨੇ ਬਿਰਾਹੀਮ ਨੂੰ ਬ੍ਰਾਹਮਣ ਦੀ ਇਸਤਰੀ ਵਾਪਿਸ ਕਰਨ ਲਈ ਕਿਹਾ ਪਰ ਉਸ ਨੇ ਕੋਈ ਪਰਵਾਹ ਨਾ ਕੀਤੀ। ਸਿਕੰਦਰ ਫੌਜ ਲੈ ਕੇ ਬਿਰਾਹੀਮ ਨੂੰ ਸੋਧਣ ਲਈ ਉਸ ਦੇ ਇਲਾਕੇ ਵਿਚ ਆ ਪਹੁੰਚਾ।

ਦੋਹਾਂ ਧਿਰਾਂ ਵਿਚ ਲੜਾਈ ਹੋਈ। ਸਿਕੰਦਰ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਬਿਰਾਹੀਮ ਨੂੰ ਥੋੜ੍ਹੀ ਦੇਰ ਵਿਚ ਹੀ ਬੰਦੀ ਬਣਾ ਲਿਆ ਅਤੇ ਬ੍ਰਾਹਮਣੀ ਨੂੰ ਬ੍ਰਾਹਮਣ ਦੇ ਪਾਸ ਪਹੁੰਚਾ ਦਿੱਤਾ। ਬਿਰਾਹੀਮ ਨੇ ਆਪਣੀ ਭੁੱਲ ਬਖਸ਼ਾਈ ਅਤੇ ਆਪਣੇ ਜੀਵਨ ਨੂੰ ਸੁਧਾਰਨ ਦਾ ਪ੍ਰਣ ਕੀਤਾ। ਸਿਕੰਦਰ ਨੇ ਉਸ ਨੂੰ ਉਸ ਦਾ ਰਾਜ- ਭਾਗ ਵਾਪਿਸ ਕਰ ਦਿੱਤਾ। ਕਿਸੇ ਢਾਡੀ ਨੇ ਇਨ੍ਹਾਂ ਦੀ ਲੜਾਈ ਸੰਬੰਧੀ ਵਾਰ ਲਿਖੀ ਜੋ ਬਹੁਤ ਮਕਬੂਲ ਹੋਈ, ਜਿਸ ਦੀਆਂ ਪਉੜੀਆਂ ਇਸ ਪ੍ਰਕਾਰ ਹਨ:

ਸਿਕੰਦਰ ਕਹੇ ਬਿਰਾਹਿਮ ਨੂੰ ਇਕ ਗੱਲ ਹੈ ਭਾਈ।
ਤੇਰੀ ਸਾਡੀ ਰਣ ਵਿਚ, ਅੱਜ ਪਈ ਲੜਾਈ।
ਤੂੰ ਨਾਹੀਂ ਕਿ ਮੈਂ ਨਾਹੀਂ ਇਹ ਹੁੰਦੀ ਆਈ।
ਰਾਜਪੂਤੀ ਜਾਤੀ ਨੱਸਿਆ, ਰਣ ਲਾਜ ਮਰਾਹੀ।
ਲੜੀਏ ਆਹਮੋ ਸਾਹਮਣੇ, ਜੋ ਕਰੇ ਸੋ ਸਾਈਂ।

ਇਸ ਪੰਜ-ਤੁਕੀ ਪਉੜੀ ਦੀ ਧੁਨੀ ’ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੁ ਅਮਰਦਾਸ ਜੀ ਦੀ ਰਚੀ ‘ਗੂਜਰੀ ਕੀ ਵਾਰ’ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਜਿਸ ਦੀ ਪਉੜੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ:

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥ (ਪੰਨਾ 509)

5. ਲਲਾਂ ਬਹਲੀਮਾ ਕੀ ਵਾਰ
ਲੋਕ-ਰਵਾਇਤ ਅਨੁਸਾਰ ਲਲਾ ਅਤੇ ਬਹਲੀਮ ਨਾਂ ਦੇ ਦੋ ਜਾਗੀਰਦਾਰ ਕਾਂਗੜੇ ਦੇ ਇਲਾਕੇ ਵਿਚ ਰਹਿੰਦੇ ਸਨ। ਦੋਹਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਲਲਾ ਖੁਸ਼ਕ ਖੇਤਰ ਦਾ ਮਾਲਕ ਸੀ ਅਤੇ ਉਸ ਦੀਆਂ ਫ਼ਸਲਾਂ ਬਰਸਾਤ ਉੱਪਰ ਨਿਰਭਰ ਸਨ। ਬਹਲੀਮ ਦੇ ਇਲਾਕੇ ਵਿਚ ਸਾਰਾ ਸਾਲ ਵਗਣ ਵਾਲੀ ਕੂਲ੍ਹ ਦੇ ਹੋਣ ਕਾਰਨ ਧਰਤੀ ਬਹੁਤ ਉਪਜਾਊ ਸੀ। ਇਕ ਸਾਲ ਮੀਂਹ ਨਾ ਪੈਣ ਕਰਕੇ ਲਲਾ ਦੇ ਇਲਾਕੇ ਵਿਚ ਅੰਨ ਪੈਦਾ ਹੋਣ ਦੀ ਕੋਈ ਸੰਭਾਵਨਾ ਨਾ ਰਹੀ। ਉਸ ਨੇ ਸੋਕੇ ਤੋਂ ਬਚਣ ਲਈ ਆਪਣੇ ਮਿੱਤਰ ਬਹਲੀਮ ਤੋਂ ਸਹਾਇਤਾ ਲਈ ਬੇਨਤੀ ਕੀਤੀ ਅਤੇ ਇਸ ਸ਼ਰਤ ਉੱਪਰ ਕੂਲ੍ਹ ਤੋਂ ਪਾਣੀ ਲਿਆ ਕਿ ਜਦੋਂ ਖੇਤੀ ਤਿਆਰ ਹੋ ਜਾਵੇਗੀ ਤਾਂ ਉਸ ਦਾ ਛੇਵਾਂ ਹਿੱਸਾ ਉਹ ਬਹਲੀਮ ਨੂੰ ਦੇਵੇਗਾ। ਪਰ ਜਦੋਂ ਫ਼ਸਲ ਪੱਕ ਗਈ ਤਾਂ ਉਹ ਆਪਣੇ ਵਾਅਦੇ ਤੋਂ ਮੁੱਕਰ ਗਿਆ। ਇਸ ਕਾਰਨ ਦੋਹਾਂ ਵਿਚ ਲੜਾਈ ਹੋਈ ਜਿਸ ਵਿਚ ਲਲਾ ਮਾਰਿਆ ਗਿਆ ਅਤੇ ਬਹਲੀਮ ਨੇ ਆਪਣੀ ਸ਼ਰਤ ਪੂਰੀ ਕਰ ਲਈ। ਇਸ ਸਾਕੇ ਨੂੰ ਕਿਸੇ ਢਾਡੀ ਨੇ ਵਾਰ ਵਿਚ ਬੰਨ੍ਹਿਆ ਹੈ। ਇਹ ਵਾਰ ਵਾਅਦਾ-ਖ਼ਿਲਾਫ਼ੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਸੰਬੰਧੀ ਹੋਣ ਕਾਰਨ ਬਹੁਤ ਪ੍ਰਸਿੱਧ ਹੋਈ। ਇਸ ਦੀ ਵੰਨਗੀ ਇਸ ਪ੍ਰਕਾਰ ਹੈ:

ਕਾਲ ਲਲਾ ਦੇ ਦੇਸ ਦਾ, ਖੋਇਆ ਬਹਿਲੀਮਾ।
ਹਿੱਸਾ ਛਠਾ ਮਨਾਇਕੈ, ਜਲ ਨਹਿਰੋਂ ਦੀਮਾ।
ਫਿਰਾਹੂਨ ਹੋਏ ਲਲਾ ਨੇ, ਰਣ ਮੰਡਿਆ ਧੀਮਾ।
ਭੇੜ ਦੁਹੂੰ ਦਿਸ ਮੱਚਿਆ, ਸੱਟ ਪਈ ਅਜੀਮਾ।
ਸਿਰ ਧੜ ਡਿੱਗੇ ਖੇਤ ਵਿਚ, ਜਿਉਂ ਵਾਹਣ ਢੀਮਾਂ।
ਮਾਰ ਲਲਾ ਬਹਲੀਮ ਨੇ, ਰਣ ਮੈ ਧਰ ਸੀਮਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ‘ਵਡਹੰਸ ਕੀ ਵਾਰ’ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਧੁਨ ਉੱਪਰ ਗਾਉਣ ਦਾ ਆਦੇਸ਼ ਕੀਤਾ ਹੈ। ਜਿਸ ਦੀ ਸ਼ੁਰੂਆਤ ਇਸ ਤਰ੍ਹਾਂ ਹੈ:

ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ॥ (ਪੰਨਾ 585)

6. ਜੋਧੈ ਵੀਰੈ ਪੂਰਬਾਣੀ ਕੀ ਵਾਰ
ਲੋਕ-ਰਵਾਇਤ ਅਨੁਸਾਰ ਪੂਰਬਾਣ ਨਾਂ ਦਾ ਇਕ ਰਾਜਪੂਤ ਰਾਜਾ ਸੀ ਜਿਸ ਦੇ ਦੋ ਬਹਾਦਰ ਪੁੱਤਰ ਸਨ ਜਿਨ੍ਹਾਂ ’ਚੋਂ ਇਕ ਦਾ ਨਾਂ ਜੋਧਾ ਅਤੇ ਦੂਜੇ ਦਾ ਨਾਂ ਵੀਰਾ ਸੀ। ਇਹ ਜੰਗਲ ਵਿਚ ਲੁਕ-ਛਿਪ ਕੇ ਡਾਕੇ ਮਾਰਦੇ ਹੁੰਦੇ ਸਨ। ਬਾਦਸ਼ਾਹ ਅਕਬਰ ਨੇ ਇਨ੍ਹਾਂ ਦੀ ਬਹਾਦਰੀ ਦੇ ਕਈ ਕਿੱਸੇ ਸੁਣ ਰੱਖੇ ਸਨ। ਇਕ ਦਿਨ ਬਾਦਸ਼ਾਹ ਨੇ ਇਨ੍ਹਾਂ ਨੂੰ ਆਪਣੀ ਫੌਜ ਵਿਚ ਨੌਕਰੀ ਕਰਨ ਲਈ ਸੁਝਾਅ ਦਿੱਤਾ। ਪਰ ਇਨ੍ਹਾਂ ਅਣਖੀ ਯੋਧਿਆਂ ਨੇ ਇਸ ਸੁਝਾਅ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਬਾਦਸ਼ਾਹ ਦੀ ਨੌਕਰੀ ਕਰਨ ਵਾਲੇ ਰਾਜਪੂਤਾਂ ਤੋਂ ਵਖਰੀ ਕਿਸਮ ਦੇ ਹਨ। ਇਹ ਗੱਲ ਅਕਬਰ ਨੂੰ ਚੰਗੀ ਨਾ ਲੱਗੀ ਅਤੇ ਉਸ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਉੱਪਰ ਫੌਜ ਨੂੰ ਚੜ੍ਹਾਈ ਕਰਨ ਦਾ ਹੁਕਮ ਕਰ ਦਿੱਤਾ। ਦੋਨੋਂ ਭਰਾ ਅਦੁੱਤੀ ਵੀਰਤਾ ਦਾ ਪ੍ਰਗਟਾਵਾ ਕਰਦੇ ਹੋਏ ਵੀਰ-ਗਤੀ ਨੂੰ ਪ੍ਰਾਪਤ ਹੋ ਗਏ। ਉਨ੍ਹਾਂ ਦੇ ਇਸ ਸਾਕੇ ਨੂੰ ਕਿਸੇ ਢਾਡੀ ਨੇ ਬੜੀ ਰੁਚੀ ਨਾਲ ਵਾਰ ਰਚਨਾ ਰਾਹੀਂ ਗਾਇਆ ਜੋ ਕਿ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਹੋ ਗਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ:

ਜੋਧ ਵੀਰ ਪੂਰਬਾਣੀਏ, ਦੋ ਗੱਲਾਂ ਕਰੀ ਕਰਾਰੀਆਂ।
ਫੌਜ ਚੜ੍ਹਾਈ ਬਾਦਸ਼ਾਹ, ਅਕਬਰ ਰਣ ਭਾਰੀਆਂ।
ਸਨਮੁੱਖ ਹੋਏ ਰਾਜਪੂਤ, ਸ਼ੁਤਰੀ ਰਣਕਾਰੀਆਂ।
ਧੂਹ ਮਿਆਨੋਂ ਕਂੱਢੀਆਂ, ਬਿਜੁੱਲ ਚਮਕਾਰੀਆਂ।…
ਏਹੀ ਕੀਤੀ ਜੋਧ ਵੀਰ, ਪਤਸ਼ਾਹੀ ਗੱਲਾਂ ਸਾਰੀਆਂ।

ਇਸ ਵਾਰ ਦੀ ਧੁਨੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਮਕਲੀ ਕੀ ਵਾਰ ਮਹਲਾ 3’ ਨੂੰ ਗਾਉਣ ਦਾ ਆਦੇਸ਼ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਹੈ। ਇਸ ਵਾਰ ’ਚੋਂ ਇਕ ਪਾਵਨ ਪੰਕਤੀ ਇਸ ਤਰ੍ਹਾਂ ਹੈ:

ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥ (ਪੰਨਾ 947)

7. ਵਾਰ ਰਾਇ ਮਹਮੇ ਹਸਨੇ ਕੀ
ਲੋਕ-ਕਥਾ ਅਨੁਸਾਰ ਮਹਿਮਾ ਅਤੇ ਹਸਨਾ ਭੱਟੀ ਰਾਜਪੂਤ ਸਨ ਜੋ ਮਾਲਵੇ ਦੇ ਖੇਤਰ ਕਾਂਗੜ ਅਤੇ ਧੌਲੇ ਦੇ ਰਜਵਾੜੇ ਸਨ। ਹਸਨੇ ਨੇ ਧੋਖੇ ਨਾਲ ਮਹਿਮੇ ਨੂੰ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਕਰ ਕੇ ਕੈਦ ਕਰਵਾ ਦਿੱਤਾ। ਮਹਿਮੇ ਨੇ ਆਪਣੀ ਬਹਾਦਰੀ ਨਾਲ ਬਾਦਸ਼ਾਹ ਨੂੰ ਖੁਸ਼ ਕਰ ਕੇ ਬਾਗ਼ੀ ਹੋਏ ਹਸਨੇ ਨੂੰ ਸੋਧਣ ਦੀ ਆਗਿਆ ਲਈ ਅਤੇ ਦੋਹਾਂ ਵਿਚਕਾਰ ਭਾਰੀ ਯੁੱਧ ਹੋਇਆ। ਇਸ ਯੁੱਧ ਵਿਚ ਹਸਨਾ ਹਾਰ ਗਿਆ।

ਇਸ ਘਟਨਾ ਬਾਰੇ ਇਕ ਹੋਰ ਵਾਰਤਾ ਵੀ ਪ੍ਰਚਲਿਤ ਹੈ ਕਿ ਹਸਨਾ ਅਕਬਰ ਬਾਦਸ਼ਾਹ ਪਾਸ ਨੌਕਰ ਸੀ। ਹਸਨੇ ਨੂੰ ਬਾਦਸ਼ਾਹ ਨੇ ਕਿਸੇ ਗਲਤੀ ਕਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਸੀ। ਉਹ ਮਹਿਮੇ ਦੀ ਸ਼ਰਨ ਵਿਚ ਚਲਾ ਗਿਆ ਅਤੇ ਅਖੀਰ ਵਿਚ ਉਸ ਨੂੰ ਧੋਖਾ ਦੇ ਮਾਮਲਾ ਨਾ ਤਾਰਨ ਦੇ ਦੋਸ਼ ਵਿਚ ਪਕੜਵਾ ਦਿੱਤਾ। ਬਾਅਦ ਵਿਚ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਨੇ ਮਹਿਮੇ ਨੂੰ ਫੌਜ ਦੇ ਕੇ ਹਸਨੇ ਨੂੰ ਸੋਧਣ ਲਈ ਭੇਜਿਆ। ਲੜਾਈ ਵਿਚ ਹਸਨਾ ਹਾਰ ਗਿਆ ਅਤੇ ਉਸ ਨੂੰ ਕੈਦ ਕਰ ਲਿਆ ਗਿਆ। ਪਰ ਮੁਆਫ਼ੀ ਮੰਗਣ ’ਤੇ ਮਹਿਮੇ ਨੇ ਉਸ ਨੂੰ ਛੱਡ ਦਿੱਤਾ। ਦੋਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਕਿਸੇ ਢਾਡੀ ਨੇ ਇਨ੍ਹਾਂ ਦੀ ਵਾਰ ਲਿਖ ਕੇ ਲੋਕਾਂ ਨੂੰ ਸੁਣਾਈ ਜੋ ਲੋਕਾਂ ਵਿਚ ਬਹੁਤ ਹਰਮਨਪਿਆਰੀ ਹੋਈ ਜਿਸ ਦੀ ਵੰਨਗੀ ਇਸ ਪ੍ਰਕਾਰ ਹੈ:

ਮਹਿਮਾ ਹਸਨਾ ਰਾਜਪੂਤ, ਰਾਇ ਭਾਰੇ ਭੱਟੀ।
ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ।
ਭੇੜ ਦੁਹਾਂ ਦਾ ਮੱਚਿਆ, ਸਰ ਵਗੇ ਸਫੱਟੀ।
ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ।
ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ

ਸਾਰੰਗ ਰਾਗ ਵਿਚ ਲਿਖੀ ਵਾਰ ਨੂੰ ਇਸ ਵਾਰ ਦੀ ਧੁਨੀ ਉੱਪਰ ਗਾਉਣ ਦੀ ਹਦਾਇਤ ਕੀਤੀ ਹੈ। ਇਸ ਵਾਰ ਦੀ ਪਾਵਨ ਪੰਕਤੀ ਇਸ ਤਰ੍ਹਾਂ ਹੈ:

ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ॥ (ਪੰਨਾ 1237)

8. ਵਾਰ ਰਾਣੇ ਕੈਲਾਸ ਤਥਾ ਮਾਲਦੇ ਕੀ
ਲੋਕ-ਕਹਾਣੀ ਅਨੁਸਾਰ ਕੈਲਾਸ਼ ਦੇਵ ਅਤੇ ਮਾਲਦੇਵ ਦੋਵੇਂ ਰਾਜਪੂਤ ਭਰਾ ਸਨ ਅਤੇ ਦੋਵੇਂ ਜਹਾਂਗੀਰ ਬਾਦਸ਼ਾਹ ਦੇ ਸਮੇਂ ਕਾਂਗੜੇ ਦੇ ਇਲਾਕੇ ਵਿਚ ਆਪਣੀ ਰਿਆਸਤ ਦੇ ਮਾਲਿਕ ਸਨ। ਇਹ ਦੋਵੇਂ ਮੁਗਲ ਬਾਦਸ਼ਾਹ ਨੂੰ ਕਰ ਦਿੰਦੇ ਸਨ। ਬਾਦਸ਼ਾਹ ਇਨ੍ਹਾਂ ਪ੍ਰਤੀ ਅੰਦਰੋ-ਅੰਦਰ ਵੈਰ ਰੱਖਦਾ ਸੀ। ਇਕ ਦਿਨ ਬਾਦਸ਼ਾਹ ਨੇ ਆਪਣੀ ਕਿੜ ਕੱਢਣ ਲਈ ਦੋਹਾਂ ਭਰਾਵਾਂ ਵਿਚਕਾਰ ਵੈਰ ਦੀ ਭਾਵਨਾ ਪੈਦਾ ਕਰ ਦਿੱਤੀ। ਵੈਰ ਦਾ ਨਿਪਟਾਰਾ ਕਰਨ ਲਈ ਦੋਵਾਂ ਵਿਚ ਜੰਗ ਛਿੜ ਗਈ। ਇਸ ਭਿਆਨਕ ਜੰਗ ਵਿਚ ਕੈਲਾਸ਼ ਦੇਵ ਹਾਰ ਗਿਆ। ਮਾਲਦੇਵ ਨੇ ਭਰਾ ਵੱਲੋਂ ਮੁਆਫ਼ੀ ਮੰਗਣ ’ਤੇ ਉਸ ਨੂੰ ਅੱਧਾ ਰਾਜ ਦੇ ਦਿੱਤਾ। ਉਸ ਸਾਕੇ ਨੂੰ ਲੈ ਕੇ ਕਿਸੇ ਢਾਡੀ ਵੱਲੋਂ ਜੋ ਵਾਰ ਰਚੀ ਗਈ ਉਹ ਲੋਕਾਂ ਵਿਚ ਬਹੁਤ ਹਰਮਨਪਿਆਰੀ ਹੋ ਕੇ ਪ੍ਰਸਿੱਧ ਹੋਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ:

ਧਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ।
ਨਉ ਸੈ ਨਦੀ ਨੜਿੰਨਵੇਂ, ਰਾਣਾ ਜਲ ਕੰਧਰ।
ਢੁੱਕਾ ਰਾਇ ਅਮੀਰ ਦੇ, ਕਰ ਮੇਘ ਅਡੰਬਰ।
ਆਨਤ ਖੰਡਾ ਰਾਣਿਆ ਕੈਲਾਸੇ ਅੰਦਰ।
ਬਿੱਜੁਲ ਜਯੋਂ ਚਮਕਾਣੀਆਂ, ਤੇਗਾਂ ਵਿਚ ਅੰਬਰ।
ਮਾਲਦੇਵ ਕੈਲਾਸ ਨੂੰ, ਬੰਨ੍ਹਿਆ ਕਰ ਸੰਘਰ।
ਫਿਰ ਅੱਧਾ ਧਨ ਮਾਲ ਦੇ, ਛੱਡਿਆ ਗੜ੍ਹ ਅੰਦਰ।
ਮਾਲਦੇਉ ਜੱਸ ਖੱਟਿਆ, ਜਿਉਂ ਸ਼ਾਹ ਸਿਕੰਦਰ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਮਲਾਰ ਰਾਗ ਵਿਚ ਰਚੀ ਵਾਰ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਾਰ ਦੀ ਧੁਨੀ ’ਤੇ ਗਾਉਣ ਦਾ ਆਦੇਸ਼ ਕੀਤਾ ਹੈ। ਇਸ ਵਾਰ ਦੀ ਇਕ ਪੰਕਤੀ ਇਸ ਪ੍ਰਕਾਰ ਹੈ:

ਆਪੀਨੈ ਆਪੁ ਸਾਜਿ ਆਪੁ ਪਛਾਣਿਆ॥ (ਪੰਨਾ 1279)

9. ਵਾਰ ਮੂਸੇ ਕੀ
ਪ੍ਰਚਲਿਤ ਰਵਾਇਤ ਅਨੁਸਾਰ ਮੂਸਾ ਬੜਾ ਸੂਰਬੀਰ ਅਤੇ ਅਣਖ ਵਾਲਾ ਜਾਗੀਰਦਾਰ ਸੀ। ਉਸ ਦੀ ਮੰਗੇਤਰ ਦਾ ਕਿਸੇ ਹੋਰ ਰਜਵਾੜੇ ਨਾਲ ਵਿਆਹ ਹੋ ਗਿਆ। ਮੂਸੇ ਤੋਂ ਇਹ ਸਭ ਕੁਝ ਸਹਿਆ ਨਾ ਗਿਆ। ਉਸ ਨੇ ਉਸ ਜਾਗੀਰਦਾਰ ਉੱਤੇ ਹਮਲਾ ਕਰ ਦਿੱਤਾ ਅਤੇ ਆਪਣੀ ਮੰਗੇਤਰ ਸਮੇਤ ਉਸ ਨੂੰ ਪਕੜ ਕੇ ਲੈ ਆਇਆ। ਜਦੋਂ ਮੰਗੇਤਰ ਨੂੰ ਉਸ ਨੇ ਸੰਬੋਧਨ ਕੀਤਾ ਕਿ ਤੇਰੇ ਮਨ ਦੀ ਇੱਛਾ ਕੀ ਹੈ? ਤੂੰ ਕਿਸ ਨਾਲ ਰਹਿਣਾ ਚਾਹੁੰਦੀ ਹੈਂ? ਤਾਂ ਉਸ ਨੇ ਉੱਤਰ ਦਿੱਤਾ ਕਿ ਜਿਸ ਨਾਲ ਮੇਰਾ ਵਿਆਹ ਹੋ ਚੁਕਿਆ ਹੈ ਮੈਂ ਉਸੇ ਦੀ ਪਤਨੀ ਵਜੋਂ ਰਹਾਂਗੀ। ਉਸ ਇਸਤਰੀ ਦੀ ਇੱਛਾ ਜਾਣ ਕੇ ਮੂਸਾ ਬੜਾ ਖੁਸ਼ ਹੋਇਆ ਅਤੇ ਦੋਹਾਂ ਨੂੰ ਬੜੇ ਮਾਣ-ਸਤਿਕਾਰ ਨਾਲ ਵਿਦਾ ਕੀਤਾ। ਮੂਸੇ ਦੀ ਉਦਾਰਤਾ ਅਤੇ ਬਹਾਦਰੀ ’ਤੇ ਕਿਸੇ ਢਾਡੀ ਨੇ ਦਿਲ ਨੂੰ ਕੀਲ ਲੈਣ ਵਾਲੀ ਵਾਰ ਲਿਖੀ ਜੋ ਬਹੁਤ ਹਰਮਨ ਪਿਆਰੀ ਹੋਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ:

ਤ੍ਰੈ ਸੈ ਸਠ ਮਰਾਤਬਾ, ਇਕਿ ਘੁਰਿਐ ਡੱਗੇ।
ਚੜ੍ਹਿਆ ਮੂਸਾ ਪਾਤਸਾਹ, ਸਭ ਸੁਣਿਆ ਜੱਗੇ।
ਦੰਦ ਚਿੱਟੇ ਬਡ ਹਾਥੀਆਂ ਕਹੁ ਕਿਤ ਵਰੱਗੇ?
ਰੁੱਤ ਪਛਾਤੀ ਬਗੁਲਿਆਂ, ਘਟ ਕਾਲੀ ਬੱਗੇ।
ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ।

ਇਸ ਵਾਰ ਦੀ ਧੁਨੀ ’ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ‘ਕਾਨੜੇ ਕੀ ਵਾਰ’ ਨੂੰ ਗਾਉਣ ਦਾ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੀਤਾ ਹੈ। ਇਸ ਵਾਰ ਦੀ ਇਕ ਪੰਕਤੀ ਇਸ ਪ੍ਰਕਾਰ ਹੈ:

ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ॥ (ਪੰਨਾ 1313)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top