Share on Facebook

Main News Page

ਲਫ਼ਜ਼ ‘ਮਹਲਾ’ ਦੇ ਉਚਾਰਣ ਸਬੰਧੀ... ਸਹੀ ਉਚਾਰਣ ਮਹਲਾ ਹੈ, ਮਹੱਲਾ ਨਹੀਂ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956
Dec 2009 #KhalsaNews #PrincipalSurjitSingh #Missionary #Mahala #Mahalla #SGGS

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਦਸ ਪਾਤਸ਼ਾਹੀਆਂ ਵਿਚੋਂ ਛੇ ਗੁਰੂ ਸਹਿਬਾਨ ਦੀ ਬਾਣੀ ਦਰਜ ਹੈ। ਇਹ ਹਨ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਤੇ ਨੌਵੇਂ ਪਾਤਸ਼ਾਹ। ਹਰੇਕ ਗੁਰੂ ਹੱਸਤੀ ਵਾਸਤੇ ਕਾਵਿ ਪਦ ‘ਨਾਨਕ’ ਹੀ ਆਇਆ ਹੈ। ਪਹਿਚਾਣ ਲਈ ਉਥੇ ‘ਮਹਲਾ ੧, ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫, ਮਹਲਾ ੯ਵਾਂ’ ਦਰਜ ਹੈ। ਉਚਾਰਣ ਸੇਧ ਵਾਸਤੇ ਕੁੱਝ ਸਥਾਨਾਂ ਤੇ ਮਹਲਾ ੨ ਜਾਂ ਮਹਲਾ ੩ ਦੇ ਨਾਲ ‘ਦੂਜਾ ਤੇ ਤੀਜਾ’ ਅੱਖਰਾਂ ਦੀ ਵੀ ਖਾਸ ਤੌਰ `ਤੇ ਵਰਤੋਂ ਵੀ ਕੀਤੀ ਗਈ ਹੈ।

“ਗੁਰੂ ਗ੍ਰੰਥ ਸਾਹਿਬ ਜੀ” ਅੰਦਰ ੬ ਗੁਰੂ ਪਾਤਸ਼ਾਹੀਆਂ ਦੀ ਬਾਣੀ ਸਮੇਤ ਕੁਲ ਪੈਂਤੀ ਲਿਖਾਰੀ ਹਨ। ਛੇ ਗੁਰੂ ਵਿਅਕਤੀਆਂ ਤੋਂ ਇਲਾਵਾ ਪੰਦਰ੍ਹਾਂ ਭਗਤ, ਯਾਰ੍ਹਾਂ ਭੱਟ ਅਤੇ ਤਿੰਨ ਸਿੱਖਾਂ ਦੀ ਬਾਣੀ ਵੀ ਦਰਜ ਹੈ। ਇਹ ਤਿੰਨ ਸਿੱਖ ਹਨ ਰਬਾਬੀ ਸੱਤਾ, ਬਲਵੰਡ ਜੀ ਤੇ ਤੀਜੇ ਹਨ ਭਗਤ ਸੁੰਦਰ ਜੀ। ਭਗਤ ਸੁੰਦਰ ਜੀ, ਤੀਜੇ ਪਾਤਸ਼ਾਹ ਦੇ ਪੜਪੋਤੇ ਦਸੇ ਜਾਂਦੇ ਹਨ। ਕੁੱਝ ਲਿਖਾਰੀਆਂ ਨੇ ਇਥੇ ਭਾਈ ਮਰਦਾਨਾ ਜੀ ਨੂੰ ਵੀ ਜੋੜ ਕੇ ਸਿੱਖਾਂ ਦੀ ਗਿਣਤੀ ਚਾਰ ਲਿਖੀ ਹੈ ਜੋ ਠੀਕ ਨਹੀਂ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਪੰਨਾ 553 ਦੇ ਜਿਹੜੇ ਤਿੰਨ ਸਲੋਕਾਂ ਬਾਰੇ ਇਹਨਾ ਲਿਖਾਰੀਆਂ ਨੇ ਧੋਖਾ ਖਾਧਾ ਹੈ, ਉਹ ਤਿੰਨੇ ਸਲੋਕ ਪਹਿਲੇ ਪਾਤਸ਼ਾਹ ਦੇ ਹਨ ਤੇ ਗੁਰਦੇਵ ਵਲੋਂ ਭਾਈ ਮਰਦਾਨਾ ਜੀ ਨੂੰ ਸਮ੍ਰਪਤ ਹਨ।

ਸਤਿਗੁਰਾਂ ਦੀ ਲਿਖੀ ਬਾਣੀ `ਚ ਵੱਖ-ਵੱਖ ਗੁਰੂ ਪਾਤਸ਼ਾਹੀਆਂ ਦਾ ਨਾਮ ਕੇਵਲ ‘ਨਾਨਕ’ ਪਦ ਨਾਲ ਹੀ ਆਇਆ ਹੈ। ਇਹ ਨਿਰਣਾ ਕਰਣ ਲਈ ਕਿ ਕਿਹੜੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਲਫ਼ਜ਼ ‘ਮਹਲਾ’ ਹੀ ਵਰਤਿਆ ਗਿਆ ਹੈ। ‘ਮਹਲਾ ਪਹਿਲਾ’ ਦਾ ਅਰਥ ਹੈ - ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਰੀਰ। ਮਹਲਾ ਦੂਜਾ’ ਦਾ ਅਰਥ ਹੈ - ਗੁਰੂ ਨਾਨਕ ਪਾਤਸ਼ਾਹ ਦਾ ਦੂਜਾ ਸਰੀਰ (ਗੁਰੂ ਅੰਗਦ ਸਾਹਿਬ) ‘ਮਹਲਾ ਤੀਜਾ’ ਦਾ ਅਰਥ ਹੈ - ਗੁਰੂ ਨਾਨਕ ਪਾਤਸ਼ਾਹ ਦਾ ਤੀਜਾ ਸਰੀਰ (ਗੁਰੂ ਅਮਰਦਾਸ ਜੀ)। ਇਸੇ ਤਰ੍ਹਾਂ ਮਹਲਾ ਚੌਥਾ, ਪੰਜਵਾਂ, ਨੌਂਵਾਂ ਤੋਂ ਅਰਥ ਹਨ ਗੁਰੂ ਨਾਨਕ ਪਾਤਸ਼ਾਹ ਦਾ ਚੌਥਾ, ਪੰਜਵਾਂ ਤੇ ਨੌਂਵਾਂ ਸਰੀਰ ਨੰਬਰਵਾਰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗਬਹਾਦਰ ਜੀ।

ਮਹਲਾ ਲਫ਼ਜ਼ ਦੇ ਉੱਚਾਰਣ ਸਬੰਧੀ ਭੁਲੇਖੇ
ਜਿਵੇਂ ਭਾਈ ਮਰਦਾਨਾ ਜੀ ਬਾਰੇ ਗੁਰਬਾਣੀ ਸਿਧਾਂਤ ਦੀ ਗਹਿਰਾਈ `ਚ ਗਏ ਬਿਨਾ, ਲਿਖਾਰੀਆਂ ਨੇ ਧੋਖਾ ਖਾਧਾ; ਇਸੇ ਤਰ੍ਹਾਂ ਕੁੱਝ ਸਦੀਆਂ `ਚ ਹੀ ਪੰਥ ਅੰਦਰ ਹੋਰ ਵੀ ਅਨੇਕਾਂ ਅਜਿਹੇ ਭੁਲੇਖੇ ਪੈਦਾ ਕੀਤੇ ਜਾ ਚੁੱਕੇ ਹਨ ਜੋ ਪੰਥ ਦੇ ਵਾਧੇ ਲਈ ਠੀਕ ਸੂਚਨਾ ਨਹੀਂ। ਇਹਨਾ ਭੁਲੇਖਿਆਂ `ਚੋਂ, ਕੁੱਝ ਡੇਰੇਦਾਰਾਂ ਤੇ ਸੰਪ੍ਰਦਾਈਆਂ ਨੇ ਲਫ਼ਜ਼ ‘ਮਹਲਾ’ ਦਾ ਉਚਾਰਣ ‘ਮਹਿਲਾ’ ਤੇ ਦੂਜਿਆਂ ਨੇ ‘ਮਹੱਲਾ’ `ਤੇ ਜ਼ੋਰ ਦਿੱਤਾ ਹੈ, ਪਰ ਗੁਰਬਾਣੀ ਵਿਚਾਰ ਦੀ ਗਹਿਰਾਈ `ਚ ਗਇਆਂ ਇਹ ਠੀਕ ਸਾਬਤ ਨਹੀਂ ਹੁੰਦੇ। ਇਸੇ ਕਾਰਨ-ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਤੇ ਮਹਾਨ ਪੰਥਕ ਵਿਦਵਾਨ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ‘ਗੁਰੂ ਗ੍ਰੰਥ ਦਰਪਣ’ ਭਾਗ ਪਹਿਲਾ, ਪੰਨਾ 
20 ਤੋਂ 27 ਤੀਕ, ਇਸ ਗੁੰਝਲ ਨੂੰ ਬੜੇ ਦਲੀਲ਼ ਭਰਪੂਰ ਢੰਗ ਨਾਲ ਸੁਲਝਾਇਆ ਹੈ। ਹਰੇਕ ਗੁਰਸਿੱਖ ਲਈ ਜ਼ਰੂਰੀ ਹੈ ਕਿ ਵਿਸ਼ੇ ਨੂੰ ਠੀਕ ਤਰ੍ਹਾਂ ਸਮਝਣ ਲਈ ਉਸ ਨੂੰ ਬੜੇ ਧਿਆਣ ਨਾਲ ਵਾਚਿਆ ਜਾਵੇ।

‘ਮਹਲਾ’ ਲਫ਼ਜ਼ ਇਸਤ੍ਰੀ ਲਿੰਗ ਨਹੀਂ
ਜਿਨ੍ਹਾਂ ਸੱਜਣਾਂ ਨੇ ਇਸ ਲਫ਼ਜ਼ ਨੂੰ ‘ਮਹਿਲਾ’ ਭਾਵ ਇਸਤ੍ਰੀ ਲਿੰਗ ਦੇ ਅਰਥਾਂ `ਚ ਲਿਆ ਤੇ ਪ੍ਰਚਾਰਿਆ ਹੈ। ਇਸ ਦੇ ਲਈ ਉਹਨਾਂ ਨੇ ਆਪਣੇ-ਆਪਣੇ ਢੰਗ ਦੀਆਂ ਦਲੀਲਾਂ ਦਿੱਤੀਆਂ ਹਨ। ਜਦਕਿ ਉਹਨਾਂ ਸੱਜਨਾ ਦੀ ਖਾਸ ਦਲੀਲ ਇਕੋ ਹੈ ਤੇ ਉਹ ਹੈ ਚੂੰਕਿ ਸੰਪੂਰਨ ਗੁਰਬਾਣੀ `ਚ “ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ (ਪੰ: ੫੯੧) ਵਾਲਾ ਸਿਧਾਂਤ ਕੰਮ ਕਰ ਰਿਹਾ ਹੈ। ਗੁਰਦੇਵ ਨੇ ਗੁਰਬਾਣੀ `ਚ ਇਸਤ੍ਰੀ ਹੋਵੇ ਜਾਂ ਪੁਰਖ, ਹਰੇਕ ਨੂੰ ਪਤੀ ਪ੍ਰਮੇਸ਼ਵਰ ਦੇ ਸਮੁੱਖ ਜੀਵ ਇਸਤ੍ਰੀਆਂ ਹੀ ਮੰਨਿਆ ਵੀ ਹੈ ਤੇ ਬਿਆਨਿਆ ਵੀ। ਸ਼ਾਇਦ ਇਸੇ ਆਧਾਰ `ਤੇ ਅਤੇ ਇਸੇ ਕਾਰਨ ਗੁਰਦੇਵ ਨੇ ਗੁਰਬਾਣੀ `ਚ ਆਪਣੇ ਸਰੀਰਾਂ ਨੂੰ ਵੀ ‘ਮਹਿਲਾ’ ਕਿਹਾ ਤੇ ਉਸੇ ਦਾ ਸਰੂਪ ‘ਮਹਲਾ’ ਕਰਕੇ ਲਿਖਿਆ ਹੈ ਜਿਵੇਂ ਕਿ ਮਹਲਾ ੧, ਮਹਲਾ ਦੂਜਾ, ਮਹਲਾ ਤੀਜਾ ਆਦਿ।

ਉਪ੍ਰੰਤ ਸਮਝਣਾ ਇਹ ਵੀ ਹੈ ਕਿ ਗੁਰਬਾਣੀ `ਚ ਹੀ ਗੁਰਦੇਵ ਨੇ ਇਸ ਲਫ਼ਜ਼ ਦੇ ਉਚਾਰਣ ਸਬੰਧੀ ਆਪਣੀ ਹੀ ਬਾਣੀ `ਚ ਘਟੋਘਟ ਸਤ (੭) ਵਾਰੀ ਸੇਧ ਬਖ਼ਸ਼ੀ ਹੈ ਜੋ ਆਪਣੇ ਆਪ `ਚ ਸਬੂਤ ਹੈ ਕਿ ‘ਮਹਲਾ’ ਲਫ਼ਜ਼ ਇਸਤ੍ਰੀ ਲਿੰਗ ਨਹੀਂ ਬਲਕਿ ਪੁਲਿੰਗ ਹੈ ਜੋ ਇਸ ਤਰ੍ਹਾਂ ਹੈ- (੧) ਸਿਰੀ ਰਾਗ ਮਹਲਾ ‘ਪਹਿਲਾ’ ੧ (ਪੰ: ੧੪), (੨) ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ (ਪੰ: ੧੬੩), (੩) ਵਡਹੰਸੁ ਮਹਲਾ ੩ ਮਹਲਾ ਤੀਜਾ (ਪੰ: ੫੮੨), (੪) ਸੋਰਠਿ ਮਹਲਾ ੪ ਚਉਥਾ (ਪੰ: ੬੦੪), (੫) ਸੋਰਠਿ ਮਹਲਾ ੧ ਪਹਿਲਾ ਦੁਤੁਕੀ (ਪੰ: ੬੩੬), (੬) ਧਨਾਸਰੀ ਮਹਲਾ ੩ ਤੀਜਾ (ਪੰ: ੬੬੪), (੭) ਬਸੰਤੁ ਮਹਲਾ ੩ ਤੀਜਾ (ਪੰ: ੧੧੬੯)। ਸਪਸ਼ਟ ਹੈ ੧, ੩, ੪ ਆਦਿ ਗਿਣਤੀ `ਚ ਦੇਣ ਦਾ ਬਾਵਜੂਦ ਉਚੇਚੇ ਤੌਰ `ਤੇ ਇਹਨਾ ਲਫ਼ਜ਼ਾਂ ਲਈ ਉਚਾਰਣ ਸੇਧ ‘ਪਹਿਲਾ’, ‘ਤੀਜਾ’, `ਚਉਥਾ’ ਵੀ ਦਿੱਤੀ ਹੈ।

ਇਸ ਦੇ ਉਲਟ ਜੇਕਰ ‘ਮਹਲਾ’ ਲਫ਼ਜ਼ ਇਸਤ੍ਰੀ ਲਿੰਗ ਹੁੰਦਾ ਤਾਂ ਇਥੇ ਸੇਧ ‘ਮਹਲਾ ਪਹਿਲਾ’ ‘ਤੀਜਾ’, `ਚਉਥਾ’ ਨਹੀਂ ਬਲਕਿ ‘ਮਹਲਾ ਪਹਿਲੀ’ ‘ਤੀਜੀ’ `ਚੌਥੀ’ ਹੋਣਾ ਸੀ। ਇਥੇ ਹੀ ਬੱਸ ਨਹੀਂ ਬਾਣੀ ‘ਆਸਾ ਦੀ ਵਾਰ’ ਦੇ ਸਿਰ-ਲੇਖ `ਚ ਵੀ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’, ਦੀ ਥਾਂ ‘ਸਲੋਕ ਭੀ ਮਹਲੇ ਪਹਿਲੀ ਕੇ ਲਿਖੇ’ ਹੁੰਦਾ। ਇਸੇ ਤਰ੍ਹਾਂ ਭੱਟਾਂ ਦੇ ਸਵਈਆਂ `ਚ ਹੇਠ ਲਿਖੇ ਸਿਰਲੇਖ ਹਨ ਜਿਵੇਂ-ਸਵਈਏ ਮਹਲੇ ਪਹਿਲੇ ਕੇ ੧ (ਪੰ: ੧੩੮੯) ਸਵਈਏ ਮਹਲੇ ਦੂਜੇ ਕੇ ੨ (ਪੰ: ੧੩੯੧) ਸਵਈਏ ਮਹਲੇ ਤੀਜੇ ਕੇ ੩ (ਪੰ: ੧੩੯੨) ਸਵਈਏ ਮਹਲੇ ਚਉਥੇ ਕੇ ੪ (ਪੰ: ੧੩੯੬) ਸਵਈਏ ਮਹਲੇ ਪੰਜਵੇ ਕੇ ੫ (ਪੰ: ੧੪੦੬) ਤਾਂ ਤੇ ਜੇ ਇਹ ਲਫ਼ਜ਼ ਇਸਤ੍ਰੀ ਲਿੰਗ ਹੁੰਦਾ ਤਾਂ ਇਥੇ ਲਫ਼ਜ਼ ਹੋਣੇ ਸਨ; ਸਵਈਏ ਮਹਿਲਾ ਪਹਿਲੀ ਕੇ ੧, ਸਵਈਏ ਮਹਿਲਾ ਦੂਜੀ ਕੇ ੨, ਸਵਈਏ ਮਹਿਲਾ ਤੀਜੀ ਕੇ ੩ ਸਵਈਏ ਮਹਿਲਾ ਚਉਥੀ ਕੇ ੪ ਸਵਈਏ ਮਹਿਲਾ ਪੰਜਵੀਂ ਕੇ ੫ ਪਰ ਅਜਿਹਾ ਕਿਧਰੇ ਨਹੀਂ ਹੈ। ਸਪਸ਼ਟ ਹੈ ਕਿ ਗੁਰੂ ਪਾਤਸ਼ਾਹੀਆਂ ਲਈ ਲਫ਼ਜ਼ ਮਹਲਾ ਇਸਤ੍ਰੀਲਿੰਗ ਨਹੀਂ ਬਲਕਿ ਪੁਲਿੰਗ ਹੀ ਹੈ।

ਲਫ਼ਜ਼ ‘ਮਹੱਲਾ’ ਵੀ ਨਹੀਂ
ਇਸੇ ਤਰ੍ਹਾਂ ਜਿਹੜੇ ਸੱਜਣ ਇਸ ਨੂੰ ‘ਮਹੱਲ’ ਭਾਵ ਇਮਾਰਤਾਂ, ਬਲਡਿੰਗਾਂ ਅਥਵਾ ਮਹੱਲਾਂ ਦੇ ਅਰਥ `ਚ ਦਸਦੇ ਹਨ। ਉਹਨਾਂ ਜਾਚੇ ਇਹ ਲਫ਼ਜ਼ ਪੁਲਿੰਗ ਤਾਂ ਹੈ ਪਰ ਉਹਨਾਂ ਦੀ ਬਹੁਤਾ ਕਰ ਕੇ ਦਲੀਲ ਹੈ- ਚੂੰਕਿ ਗੁਰੂ ਪਾਤਸ਼ਾਹ ਦਾ ਸਰੀਰ ਹੀ ਸੱਚਖੰਡ ਵਾਲੀ ਅਵਸਥਾ `ਚ ਹੈ, ਇਸ ਲਈ ਇਸ ਲਫ਼ਜ਼ ਦਾ ਉਚਾਰਣ ‘ਮਹੱਲ’ ਤੋਂ ਮਹੱਲਾ ਕਰਕੇ ਹੀ ਕਰਣਾ ਬਣਦਾ ਹੈ। ਉਹਨਾਂ ਅਨੁਸਾਰ, ਇਸ ਦੇ ਲਈ ਇਸੇ ਕਾਰਨ, ਗੁਰਬਾਣੀ `ਚ ‘ਮਹਲਾ’ ਦੇ ਨਾਲ ਬਹੁਤ ਵਾਰੀ ਲਫ਼ਜ਼ ਘਰ ਵੀ ਆਇਆ ਹੈ। ਉਹਨਾਂ ਨੇ ਆਪਣੀ ਦਲੀਲ਼ ਨੂੰ ਵਜ਼ਨਦਾਰ ਦਸਣ ਲਈ ਲਫ਼ਜ਼ ‘ਘਰ’ ਨੂੰ ਆਮ ਲੋਕਾਈ ਦੇ ਸਰੀਰਾਂ ਲਈ ਮੰਨਿਆ ਹੈ ਅਤੇ ਇਸ ਦੇ ਮੁਕਾਬਲੇ ਗੁਰੂ ਸਾਹਿਬਾਨ ਦੇ ਸਰੀਰਾਂ ਨੂੰ ‘ਮਹੱਲ’ ਕਰਕੇ। ਗੁਰਬਾਣੀ ਕਸਵੱਟੀ ਤੇ ਇਹ ਗਲ ਵੀ ਸਿੱਧ ਨਹੀਂ ਹੁੰਦੀ ਤੇ ਨਾ ਹੀ ਇਹ ਸੱਜਨ ਇਸ ਬਾਰੇ ਕੋਈ ਹੋਰ ਵਜ਼ਨਦਾਰ ਦਲੀਲ ਹੀ ਦੇ ਸਕੇ ਹਨ।

ਪਹਿਲੀ ਗੱਲ, ਗੁਰਬਾਣੀ `ਚ ਆਇਆ ਲਫ਼ਜ਼ ‘ਘਰ’ ਦਾ ਸਬੰਧ, ਗੁਰੂ ਜਾਮਿਆਂ ਲਈ ਵਰਤੇ ਗਏ ਲਫ਼ਜ਼ ‘ਮਹਲਾ’ ਨਾਲ ਹੈ ਹੀ ਨਹੀਂ। ਲਫ਼ਜ਼ ਘਰ, ਗੁਰਬਾਣੀ `ਚ ਤਾਂ ਘਰ ੧੭ਵਾਂ ਤੀਕ ਆਇਆ ਹੈ ਅਤੇ ਇਸ ਦਾ ਸਬੰਧ ਗੁਰਬਾਣੀ ਦਾ ਰਾਗਾਂ `ਚ ਗਾਇਣ ਕਰਣ ਨਾਲ ਹੈ, ਨਾ ਕਿ ਗੁਰੂ ਸਾਹਿਬਾਨ ਦੇ ਸਰੀਰਾਂ ਨਾਲ। ਜੇ ਕਰ ਗੁਰੂ ਸਰੀਰਾਂ ਲਈ ਲਫ਼ਜ਼ ‘ਮਹੱਲ’ ਦੇ ਬਦਲੇ ਸਾਧਾਰਣ ਸਰੀਰਾਂ ਲਈ ਲਫ਼ਜ਼ ‘ਘਰ’ ਆਇਆ ਹੁੰਦਾ ਤਾਂ ਇਹ ਲਫ਼ਜ਼ ਭਗਤਾਂ ਦੀ ਬਾਣੀ ਦੇ ਸਿਰਲੇਖਾਂ `ਚ ਨਹੀਂ ਸੀ ਆ ਸਕਦਾ। ਜਦ ਕਿ ਉਥੇ ਵੀ (੧) ਭੈਰਉ ਕਬੀਰ ਜੀਉ ਘਰੁ ੧, (੨) ਭੈਰਉ ਕਬੀਰ ਜੀਉ ਅਸਟਪਦੀ ਘਰੁ ੨, (੩) ਭੈਰਉ ਨਾਮਦੇਉ ਜੀ ਘਰੁ ੧ (੪) ਭੈਰਉ ਨਾਮਦੇਉ ਜੀ ਘਰੁ ੨ ਆਦਿ ਬਹੁਤ ਵਾਰੀ ਆਇਆ ਹੈ। ਦਰਅਸਲ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਇਸ ਵਿਸ਼ੇ ਨੂੰ ਵੀ ਸਬੰਧਤ ਪੰਨਿਆਂ ਤੇ ਵੇਰਵੇ `ਚ ਬੜੇ ਵਿਸਤਾਰ `ਚ ਲਿਆ ਹੈ, ਜਿਸ ਨੂੰ ਗਹੁ ਨਾਲ ਸਮਝਣ ਦੀ ਲੋੜ ਹੈ।

ਦੂਜੀ ਗੱਲਜਿਵੇਂ “ਸਿਰੀ ਰਾਗੁ ਮਹਲੁ ੧, ਇਥੇ ਤਾਂ ਲਫ਼ਜ਼ ‘ਮਹਲਾ’ ਦੇ ਥਾਂ ਲਫ਼ਜ਼ ਹੀ ‘ਮਹਲੁ’ ਆਇਆ ਹੈ, ਇਸੇ ਤਰ੍ਹਾਂ ਗੁਰਬਾਣੀ `ਚ ਹੋਰ ਵੀ ਕਈ ਥਾਵੇਂ। ਜੇ ਕਰ ਲਫ਼ਜ਼ ‘ਮਹਲਾ’ ਦਾ ਉਚਾਰਨ ‘ਮਹੱਲਾ’ ਕਰੀਏ, ਤਾਂ ਲਫ਼ਜ਼ ‘ਮਹਲੁ’ ਦਾ ਉਚਾਰਨ ਕੀ ਕਰਾਂਗੇ? ਤਾਂ ਤੇ ਇਸ ਦਾ ਉਚਾਰਣ ‘ਮਹੱਲਾ’ ਨਹੀਂ ‘ਮਹੱਲ’ ਹੀ ਰਵੇਗਾ। ਕਿਉਂਕਿ ‘ਮਹਲੁ’ ਲਈ ਲਫ਼ਜ਼ ਮਹੱਲਾ ਤਾਂ ਵਰਤਿਆ ਹੀ ਨਹੀਂ ਜਾ ਸਕਦਾ। ਇਸ ਲਈ ਜਿਵੇਂ ਲਫ਼ਜ਼ ਮਹਲਾ ਦਾ ਉਹ ਸੱਜਨ ਆਧਾਰ ਦੇ ਰਹੇ ਹਨ, ਪਰ ‘ਮਹੱਲਾ’ ਅਤੇ ‘ਮਹਲੁ’ ਦੇ ਆਪਸੀ ਅਰਥਾਂ ਚ ਹੀ ਵੱਡਾ ਫ਼ਰਕ ਹੈ। ਲਫ਼ਜ਼ ‘ਮਹੱਲ’ ਕਿਸੇ ਵੱਡੀ ਆਲੀਸ਼ਾਨ, ਇਮਾਰਤ ਲਈ ਵਰਤਿਆ ਜਾਂਦਾ ਹੈ। ਦੂਜੇ ਪਾਸੇ ਲਫ਼ਜ਼ ‘ਮਹੱਲਾ’ ਆਪਣੇ ਆਪ `ਚ ਕਈ ਛੋਟੇ-ਵੱਡੇ ਮਕਾਨਾਂ ਨੂੰ ਮਿਲਾ ਕੇ ਹੁੰਦਾ ਹੈ। ਜੋ ਕਿ ‘ਮਹਲਾ’ ਲਈ ਉਹਨਾਂ ਰਾਹੀਂ ਦਿੱਤੇ ਜਾ ਰਹੇ ਸਚਖੰਡ ਵਾਲੇ ਅਰਥ ਭਾਵ ‘ਮਹੱਲਾ’ ਨੂੰ ਆਪਣੇ ਆਪ ਹੀ ਕੱਟ ਦਿੰਦਾ ਹੈ।

ਤਾਂ ਤੇ ਲਫ਼ਜ਼ ‘ਮਹਲਾ’ ਦਾ ਉਚਾਰਣ- ਸਪਸ਼ਟ ਹੋਇਆ ਕਿ ਇਹ ਲਫ਼ਜ਼ ਨਾ ‘ਮਹਿਲਾ’ ਹੈ ਤੇ ਨਾ ਹੀ ‘ਮਹੱਲਾ’। ਗੁਰਬਾਣੀ ਵਿਚਲੇ ਇਸ ਲਫ਼ਜ਼ ਦਾ ਉਚਾਰਣ ਇਸੇ ਤਰ੍ਹਾਂ ਹੈ ਜਿਵੇਂ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” `ਚ ਲਫ਼ਜ਼ ‘ਰਹਤ’, ‘ਬਹਰੇ’, ‘ਬਹਲੇ’, ਸਹਜੇ’ ; ‘ਗਹਲਾ’, ‘ਟਹਲ’, ‘ਮਹਰੇਰ’ ਅਤੇ ਇਹੋ ਜਿਹੇ ਹੋਰ ਕਈ ਲਫ਼ਜ਼, ਜਿੰਨ੍ਹਾਂ `ਚ ਕਿ ਵਿਚਲਾ ਅੱਖਰ ‘ਹ’ ਹੀ ਆਉਂਦਾ ਹੈ। ਮਿਸਾਲ ਵਜੋਂ “ਗਹਲਾ ਰੂਹੁ ਨਾ ਜਾਣਈ, ਸਿਰੁ ਭੀ ਮਿਟੀ ਖਾਇ” (ਪੰ: ੧੩੭੯)। ਜਿਵੇਂ ਇਹਨਾ ਬਾਕੀ ਲਫ਼ਜ਼ਾਂ ਦਾ ਉੱਚਾਰਣ ਹੈ, ਇਸੇ ਤਰ੍ਹਾਂ ਲਫ਼ਜ਼ ‘ਮਹਲਾ’ ਦਾ ਉੱਚਾਰਨ ਵੀ ਕਰਨਾ ਹੈ।

ਤਾਂ ਫ਼ਿਰ ਲਫ਼ਜ਼ ‘ਮਹਲਾ’ ਦਾ ਸਿਰਾ ਕਿਥੇ ਹੈ? -ਇਸ ਤੋਂ ਬਾਅਦ ਜਿੱਥੋਂ ਤੀਕ ਗੁਰਬਾਣੀ `ਚ ਗੁਰੂ ਹਸਤੀਆਂ ਨਾਲ ਉਚੇਚੇ ਤੌਰ `ਤੇ ਵਰਤੇ ਗਏ ਲਫ਼ਜ਼ ‘ਮਹਲਾ’ ਦਾ ਸਬੰਧ ਹੈ ਆਖਿਰ ਇਸ ਲਫ਼ਜ਼ ਦਾ ਸਿਰਾ ਕਿਥੇ ਹੈ ਅਤੇ ਇਹ ਲਫ਼ਜ਼ ਆਇਆ ਕਿਥੋਂ ਹੈ? ਇਸ ਦੇ ਲਈ ਸਾਨੂੰ ਇਹ ਗੱਲ ਸਮਝਣ ਦੀ ਵੀ ਲੋੜ ਹੈ ਕਿ ਗੁਰਬਾਣੀ `ਚ ਜੋ ਬੋਲੀ ਵਰਤੀ ਗਈ ਹੈ ਉਹ ਨਵੀਂ ਨਹੀਂ, ਬਲਕਿ ਉਸ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਇਹੀ ਕਾਰਨ ਹੈ ਕਿ ਗੁਰਬਾਣੀ `ਚ ਬਹੁਤਾ ਕਰਕੇ ਇਕ-ਇਕ ਲਫ਼ਜ਼ ਘਟੋ ਘਟ ਦੋ-ਦੋ ਬਲਕਿ ਤਿੰਨ-ਤਿੰਨ ਅਰਥਾਂ `ਚ ਵੀ ਆਇਆ ਹੈ।

ਮਿਸਾਲ ਵਜੋਂ ਅਸੀਂ ਗੁਰਬਾਣੀ ਵਿਚੋਂ ਲਫ਼ਜ਼ ‘ਗੁਰੂ’ ਨੂੰ ਲੈਂਦੇ ਹਾਂ। ਇਹ ਲਫ਼ਜ਼ ਗੁਰਬਾਣੀ ਲਈ ਨਵਾਂ ਲਫ਼ਜ਼ ਨਹੀਂ ਤੇ ਭਾਰਤੀ ਇਤਿਹਾਸ `ਚ ਬਹੁਤ ਪੁਰਾਣਾ ਲਫ਼ਜ਼ ਹੈ। ਇਸ ਲਈ ਜੇਕਰ ਇਸ ਲਫ਼ਜ਼ ਬਾਰੇ ਹੀ ਗੱਲ ਕਰੀਏ ਤਾਂ ਇਹ ਵੀ ਗੁਰਬਾਣੀ ਫ਼ੁਰਮਾਣ ਹੀ ਹਨ “ਕਬੀਰ ਬਾਮਨੁ ‘ਗੁਰੂ’ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ” (ਪੰ: ੧੩੭੭) “ਵਾਇਨਿ ਚੇਲੇ ਨਚਨਿ ‘ਗੁਰ’॥ ਪੈਰ ਹਲਾਇਨਿ, ਫੇਰਨਿੑ ਸਿਰ. .” (ਪੰ: ੪੬੫) “ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾਂ ਕੰਨਿ ਚੜਾਈਆ ‘ਗੁਰੁ’ ਬ੍ਰਾਹਮਣੁ ਥਿਆ” (ਪੰ: ੪੭੧) “ਗੁਰੂ’ ਜਿਨਾ ਕਾ ਅੰਧੁਲਾ, ਸਿਖ ਭੀ ਅੰਧੇ ਕਰਮ ਕਰੇਨਿ॥ ਓਇ ਭਾਣੈ ਚਲਨਿ ਆਪਣੈ, ਨਿਤ ਝੂਠੋ ਝੂਠੁ ਬੋਲੇਨਿ” (ਪੰ: ੯੫੧) “ਗੁਰੂ’ ਜਿਨਾ ਕਾ ਅੰਧੁਲਾ, ਚੇਲੇ ਨਾਹੀ ਠਾਉ” (ਪੰ: ੫੮)। ਇਹਨਾ ਸਾਰੇ ਪ੍ਰਮਾਣਾਂ `ਚ ਲਫ਼ਜ਼ ‘ਗੁਰੂ’ ਪ੍ਰਚਲਤ ਅਰਥਾਂ ਦੇ ਨਾਲ ਨਾਲ ਪੁਰਾਤਣ ਅਰਥਾਂ `ਚ ਹੈ। ਉਪ੍ਰੰਤ ਇਹੀ ਲਫ਼ਜ਼ ਜਦੋਂ ਆਦਿ ਤੋਂ ਅੰਤ ਤੀਕ ‘ਸ਼ਬਦ ਗੁਰੂ’ ਦੇ ਗੁਰਮਤਿ ਅਰਥਾਂ `ਚ ਆਉਂਦਾ ਹੈ, ਤਾਂ ਉਸ ਦਾ ਪਰੀਪੇਖ ਹੀ ਬਦਲ ਜਾਂਦਾ ਹੈ। ਇਸ ਲਈ ਗੁਰਬਾਣੀ `ਚ ਉਹ ਲਫ਼ਜ਼ ਵੀ ‘ਗੁਰੂ’ ਹੀ ਹੈ ਜਿਸ ਦੇ ਲੜ ਲਗਣ ਲਈ ਜਗਿਆਸੂ ਤੇ ਸਿੱਖ ਨੂੰ, ਅਰੰਭ ਤੋਂ ਅੰਤ ਤਾਕੀਦ ਕੀਤੀ ਗਈ ਹੈ। ਤਾਂ ਤੇ ਲਫ਼ਜ਼ ਤਿੰਨੇ ਪਾਸੇ ‘ਗੁਰੂ’ ਹੈ ਪਰ ਉਸ ਦੇ ਅਰਥ ਭਿੰਨ-ਭਿੰਨ ਤੇ ਵੱਖਰੇ-ਵੱਖਰੇ ਹਨ। ਦੇਖਣਾ ਇਹ ਹੈ ਕਿ ਪਰੀਪੇਖ ਅਨੁਸਾਰ (Refrence to the contest) ਗੁਰਬਾਣੀ ਦੀ ਕਿਸੇ ਰਚਨਾ `ਚ ਗੁਰੂ ਸਾਹਿਬ ਨੇ ਅਮੁੱਕੇ ਲਫ਼ਜ਼ ਨੂੰ ਕਿਸ ਅਰਥ `ਚ ਵਰਤਿਆ ਹੈ ਤੇ ਕਿਸ ਅਰਥ `ਚ ਨਹੀਂ। ਕੋਈ ਲਫ਼ਜ਼ ਪਰੀਪੇਖ ਅਨੁਸਾਰ ਮਿਸਾਲ ਵਜੋਂ ਆਇਆ ਹੈ? ਖੰਡਣ ਲਈ ਜਾਂ ਗੁਰਮਤਿ ਦੀ ਪ੍ਰੌੜਤਾ `ਚ?

ਗੁਰਬਾਣੀ `ਚ ਨਵੇਂ ਲਫ਼ਜ਼ ਵੀ ਹਨ-ਇਸ ਤੋਂ ਬਾਅਦ ਅਸਾਂ ਇਹ ਵੀ ਸਮਝਣਾ ਕਿ ਗੁਰਬਾਣੀ `ਚ ਸਾਰੀ ਸ਼ਬਦਾਵਲੀ ਪੁਰਾਣੀ ਹੀ ਨਹੀਂ ਬਲਕਿ ਵਿਦਵਾਨਾ ਅਨੁਸਾਰ ਲਗਭਗ ੭੦-੮੦ ਲਫ਼ਜ਼ ਉਹ ਵੀ ਹਨ ਜਿਨ੍ਹਾਂ ਦੀ ਉਤਪਤੀ ਹੀ ਗੁਰੂ ਪਾਤਸ਼ਾਹ ਨੇ ਆਪ ਕੀਤੀ ਹੈ। ਮਿਸਾਲ ਵਜੋਂ ਅਜਿਹੇ ਕੁੱਝ ਲਫ਼ਜ਼ ਹਨ ਜਿਵੇਂ ੴ, ਕਰਤਾਪੁਰਖੁ, ਜੀਵਨਮੁਕਤ, ਅੰਮ੍ਰਿਤਵੇਲਾ, ਵਾਹਿਗੁਰੂ, ਗੁਰਪ੍ਰਸਾਦਿ, ਸਿੱਖ ਆਦਿ। ਇਸ ਤਰ੍ਹਾਂ ਇਹਨਾ ਨਵੇਂ ਲਫ਼ਜ਼ਾਂ ਦਾ ਪਿਛੋਕੜ ਗੁਰਬਾਣੀ ਤੋਂ ਬਾਹਿਰ ਕਿਧਰੇ ਮਿਲੇ ਗਾ ਵੀ ਨਹੀਂ ਤੇ ਜੇ ਕਰ ਅਜਿਹਾ ਕਰਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਕੁਰਾਹੇ ਪੈ ਜਾਵਾਂਗੇ ਜਿਵੇਂ ਕਿ ਲਫ਼ਜ਼ ‘ਮਹਲਾ’ ਦੇ ਸਬੰਧ `ਚ ਸਾਡੇ ਨਾਲ ਹੋ ਰਿਹਾ ਹੈ। ਕਿਉਂਕਿ ਗੁਰੂ ਪਾਤਸ਼ਾਹੀਆਂ ਲਈ ਲਫ਼ਜ਼ ‘ਮਹਲਾ’ ਵੀ ਪਾਤਸ਼ਾਹ ਦੀ ਆਪਣੀ ਦੇਣ ਹੈ। ਇਸ ਲਈ ਇਸ ਦੇ ਅਰਥ ਵੀ ਪਾਤਸ਼ਾਹ ਦੀ ਬਖ਼ਸ਼ੀ ਸੇਧ `ਚੋਂ ਹੀ ਮਿਲਣਗੇ, ਬਾਹਰੋਂ ਨਹੀਂ। ਤਾਂ ਤੇ ਸਪਸ਼ਟ ਹੋਇਆ ਕਿ ਗੁਰਬਾਣੀ `ਚ ਗੁਰੂ ਹਸਤੀਆਂ ਲਈ ਲਫ਼ਜ਼ ‘ਮਹਲਾ’ ਵੀ ਇਸੇ ਲੜੀ `ਚ ਹੈ ਅਤੇ ਇਸ ਲਫ਼ਜ਼ ਦੇ ਅਰਥਾਂ ਜਾਂ ਉਚਾਰਣ ਨੂੰ ਪਿਛੋਕੜ `ਚੋਂ ਢੂੰਡਣ ਦਾ ਯਤਣ ਹੀ, ਅਰਥਾਂ ਪੱਖੋਂ ਸਾਡਾ ਕੁਰਾਹੇ ਪੈ ਜਾਣ ਦਾ ਮੁੱਖ ਕਾਰਨ ਹੈ।

ਸਾਡੀ ਅਜੋਕੀ ਹਾਲਤ ਤੇ ਚੇਤਾਵਣੀ ਵੀ-ਵਿਚਾਰਣ ਦਾ ਵਿਸ਼ਾ ਹੈ, ਜੇਕਰ ਤਨ, ਮਨ ਕਰਕੇ ਅਸੀਂ ਗੁਰੂ ਦੇ ਸਿੱਖ ਹੀ ਹਾਂ ਤਾਂ ਸਾਡੇ ਸਾਰਿਆਂ ਦੇ ਗੁਰੂ ਵੀ ਇਕੋ ਇੱਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਹੀ ਹਨ, ਦੂਜਾ ਨਹੀਂ। ਗੁਰਬਾਣੀ `ਚ ਹੀ ਇਸ ਬਾਰੇ ਫ਼ੈਸਲਾ ਵੀ ਮੋਜੂਦ ਹੈ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਕਿਸੇ ਰਚਨਾ ਜਾਂ ਸ਼ਬਦ ਦੇ ਅਰਥ ਇੱਕ ਤੋਂ ਵੱਧੀਕ ਸੰਭਵ ਨਹੀਂ ਹਨ। ਫ਼ੁਰਮਾਨ ਹੈ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ” (ਪੰ: ੬੪੬) ਇਹ ਵੱਖਰੀ ਗੱਲ ਹੈ ਕਿ ਸਿਧਾਂਤਕ ਪੱਖੋਂ ਗੁਰਮਤਿ ਵਿਚਾਰਧਾਰਾ ਦੇ ਆਧਾਰ `ਤੇ ਅਰਥ ਸਪਸ਼ਟ ਹੋਣ ਦੇ ਬਾਵਜੂਦ, ਅਰਥਾਂ `ਚ ਨਿੱਤ ਹੋਰ ਤੇ ਹੋਰ ਨਿਖਾਰ ਮਿਲਦਾ ਰਹੇ। ਜਿਸ ਦਾ ਮੁੱਖ ਕਾਰਨ ਹੈ ਕਿ ਗੁਰਬਾਣੀ ਰੱਬੀ ਗਿਆਨ ਤੇ ਜੀਵਨ ਜਾਚ ਦਾ ਖਜ਼ਾਨਾ ਹੈ। ਇਸ ਲਈ ਇਸ ਤੋਂ ਪ੍ਰਗਟ ਹੋਣ ਵਾਲੇ ਹਰੇਕ ਸੱਚ ਦੀ ਗਹਿਰਾਈ ਦੀ ਅੰਤਮ ਸੀਮਾ ਕਦੇ ਨਹੀਂ ਮਿਲ ਸਕੇਗੀ। ਗੁਰਬਾਣੀ ਦੇ ਅਰਥਾਂ ਦੀ ਗਹਿਰਾਈ ਤੀਕ ਮਨੁੱਖ ਕਦੇ ਨਹੀਂ ਪੁੱਜ ਸਕੇਗਾ। ਇਸ ਦਾ ਕਾਰਨ ਹੈ ਕਿ ਗੁਰਬਾਣੀ ਦੇ ਅਰਥਾਂ ਦਾ ਦੂਜਾ ਸਿਰਾ ਉਸ ਅਨੰਤ ਅਕਲਪੁਰਖ ਤੀਕ ਜਾਂਦਾ ਹੈ ਜਿਸ ਦਾ ਅੰਤ ਤੇ ਆਰਲਾ-ਪਾਰਲਾ ਬੰਨਾ ਹੈ ਹੀ ਨਹੀਂ।

ਫ਼ਿਰ ਵੀ ਗੁਰਬਾਣੀ ਦੀ ਸਿਧਾਂਤਕ ਸੇਧ ਨੂੰ ਛਿਕੇ ਟੰਗ ਕੇ, ਕੌਮ ਨੂੰ ਲਗਾਤਾਰ ਕੁੱਝ ਵਿਸ਼ਿਆਂ `ਤੇ ਭਮਲਭੂਸੇ `ਚ ਪਾਇਆ ਜਾ ਰਿਹਾ ਹੈ। ਚਿੰਤਾ ਦਾ ਵਿਸ਼ਾ ਹੈ ਕਿ ਪਿਛਲੇ ਕੇਵਲ ਕੁੱਝ ਸਮੇਂ `ਚ ਹੀ ਸਿੱਖ-ਸਿੱਖ ਦੀ ਸੋਚ `ਚ ਭਿੰਨ-ਭਿੰਨ ਵਿਸ਼ਿਆਂ `ਤੇ ਇੰਨੀ ਭਿੰਨਤਾ ਵੱਧਾ ਦਿੱਤੀ ਗਈ ਹੈ ਕਿ ਰੱਬ ਹੀ ਰਾਖਾ ਹੈ। ਫ਼ਿਰ ਜੇਕਰ ਸਿੱਖੀ ਸੰਭਾਲ ਬਾਰੇ ਸਾਡੀ ਨਾਸਮਝੀ, ਹੂੜਮੱਤ, ਲਾਪਰਵਾਹੀ, ਖਿੱਚ-ਧੂ ਇਸੇ ਤਰ੍ਹਾਂ ਵਧਦੀ ਗਈ ਤਾਂ ਇਸ ਨੂੰ ਕੌਮ ਲਈ ਖਤਰੇ ਦੀ ਘੰਟੀ ਹੀ ਕਿਹਾ ਜਾ ਸਕਦਾ ਹੈ। ਜਦਕਿ ਕੇਵਲ ਸਿੱਖ ਧਰਮ ਸੰਸਾਰ ਭਰ ਦਾ ਇਕੋ-ਇਕ ਨਿਵੇਕਲਾ, ਦਲੀਲ ਭਰਪੂਰ, ਅਗਾਂਹ ਵਧੂ, ਸਦਾ ਨਵਾਂ ਧਰਮ ਹੈ ਜਿਸ ਦੀ ਨਾ ਤਾਂ ਬਰਾਬਰੀ ਹੋ ਸਕਦੀ ਹੈ ਨਾ ਹੀ ਇਸ ਦਾ ਕੋਈ ਬਦਲ ਹੈ।

ਸੌ ਤਨੀਆਂ ਇੱਕੋ ਗੰਢ’ -ਅਸਾਂ ਇਹ ਗੱਲ ਭਲੀ ਭਾਂਤ ਸਮਝਣੀ ਹੈ ਕਿ ਗੁਰਬਾਣੀ, ਇਲਾਹੀ ਗਿਆਨ ਨਾਲ ਭਰਪੂਰ, ਮਨੁੱਖਾ ਜੀਵਨ ਲਈ ‘ਜੀਵਨ ਜਾਚ’ ਦਾ ਖਜ਼ਾਨਾ ਅਤੇ ਸਾਡੇ ਲਈ ਜੀਵਨ ਵਿਗਿਆਨ ਹੈ। ਗੁਰਬਾਣੀ ਵਾਲਾ ਜੀਵਨ ਵਿਗਿਆਨ ਸਦੀਵੀ, ਸਰਬ ਉੱਤਮ ਤੇ ਸਰਬ ਸਾਂਝਾ ਹੈ। ਜਿੱਥੇ ਇਹ ਸੱਚ ਹੈ ਕਿ ਇਸ ਇਲਾਹੀ ਤੇ ਰੱਬੀ ਗਿਆਨ ਦੀ ਗਹਿਰਾਈ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਥੇ ਇਹ ਵੀ ਸੱਚ ਹੈ ਕਿ ਇਸ ਗਿਆਨ ਦੀ ਲੋੜ ਵੀ ਹਰੇਕ ਦੇ ਜੀਵਨ ਲਈ ਹੈ। ਇਸ ਲਈ ਹਰੇਕ ਜਨਾਂ ਖਨਾਂ ਇਸ ਦਾ ਪ੍ਰਚਾਰਕ ਜਾਂ ਪ੍ਰਬੰਧਕ ਨਹੀਂ ਹੋ ਸਕਦਾ ਜਿਵੇਂ ਕਿ ਅੱਜ ਹੋਇਆ ਪਿਆ ਹੈ। ਹਜ਼ਾਰਾਂ-ਲਖਾਂ ਦੀ ਗਿਣਤੀ `ਚ ਸਾਰੇ ਸੰਸਾਰਕ ਗਿਆਨ ਇਸ ਇਕੋ ਇੱਕ ਇਲਾਹੀ-ਰੱਬੀ ਤੇ ਜੀਵਨ ਦੇ ਸੱਚ ਵਾਲੇ ਗਿਆਨ ਦੀ ਤਾਬਿਆ ਬਲਕਿ ਇਸੇ ਇਕੋ ਗਿਆਨ ਦੀ ਉਪਜ ਹਨ।

ਇਸ ਲਈ ਜਿਸ ਤਰ੍ਹਾਂ ਆਪਣੇ ਪਹਿਲੇ 239 ਸਾਲਾਂ `ਚ, ਇਸ ਰੱਬੀ ਗਿਆਨ ਨੂੰ ਗੁਰਦੇਵ ਨੇ ਦਸ ਜਾਮੇ ਧਾਰਣ ਕਰ ਕੇ ਬੜੇ ਵਿਉਂਤ ਬਧ ਤਰੀਕੇ, ਦੂਰ-ਨੇੜੇ ਦੇਸ਼-ਵਿਦੇਸ਼ਾਂ `ਚ ਪਹੁੰਚਾਇਆ। ਉਸੇ ਤਰ੍ਹਾਂ “ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ: 67) ਅਨੁਸਾਰ ਮਨੁੱਖ ਮਾਤ੍ਰ ਦੇ ਜੀਵਨ `ਚ ਇਸ ਦੀ ਠੰਡਕ ਵੀ ਪਹੁੰਚਾਈ। ਇਸ ਲਈ ਅੱਜ ਇੱਕ ਵਾਰੀ ਫ਼ਿਰ ਗੁਰੂ ਦੇ ਨਿਰਮਲ ਭਉ `ਚ ਜੀਵਨ ਜੀਊਣ ਵਾਲੀਆਂ ਰੂਹਾਂ ਨੂੰ ਪੂਰੀ ਘੋਖ ਕਰ ਕੇ ਇਸ ਰੱਬੀ ਗਿਆਨ ਦੀ ਸੰਭਾਲ ਤੇ ਪ੍ਰਫ਼ੁਲਤਾ ਲਈ, ਪੀੜ੍ਹੀ ਦਰ ਪੀੜ੍ਹੀ ਲਈ ਲੰਮੇ ਸਮੇਂ ਦੇ ਪ੍ਰੌਗ੍ਰਾਮ ਉਲੀਕਣੇ ਹੋਣਗੇ ਉਸ ਤੋਂ ਬਿਨਾ ਸਾਡਾ ਬਚਾਅ ਸੰਭਵ ਨਹੀਂ। ਇਸ ਸਬੰਧ `ਚ ਸੈਂਟਰ ਵਲੋਂ ਇਹਨਾ ਗੁਰਮਤਿ ਪਾਠਾਂ ਦੀ ਲੜੀ `ਚ ਗੁਰਮਤਿ ਪਾਠ ਨੰ: 85 ‘ਘਟੋਘਟ ਛੇ ਪੰਥਕ ਲਹਿਰਾਂ ਦੀ ਲੋੜ’ ਦਿੱਤਾ ਜਾ ਚੁੱਕਾ ਹੈ, ਪੰਥਕ ਤੌਰ `ਤੇ ਇਸ ਦਾ ਲਾਭ ਲਿਆ ਜਾ ਸਕਦਾ ਹੈ।

ਧਿਆਨ ਦੇਣ ਦੀ ਲੋੜ ਹੈ ਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਵਿਸ਼ਾ ਕੇਵਲ ਲਫ਼ਜ਼ ‘ਮਹਲਾ’ ਦੇ ਉਚਾਰਣ ਤੀਕ ਹੀ ਸੀਮਿਤ ਨਹੀਂ। ਭਾਈ ਮਰਦਾਨਾ ਜੀ ਬਾਰੇ, ‘ਆਦਿ ਬੀੜ ਦੀ ਸੰਪਾਦਨਾ’, ‘ਭਗਤ ਬਾਣੀ ਦੀ ਸੰਭਾਲ’ ‘ਮੰਗਲਾਚਰਣ’ (ਮੂਲ ਮੰਤਰ), ਰਾਗਮਾਲਾ, ਮਾਸ ਆਦਿ ਬਹੁਤੇਰੇ ਅਜਿਹੇ ਵਿਸ਼ੇ ਹਨ ਜੋ ਬਿਨਾ ਕਾਰਨ ਤੇ ਬਹੁਤਾ ਕਰਕੇ ਅਗਿਆਣਤਾ ਵੱਸ ਉਲਝਾਏ ਗਏ ਜਾਂ ਉਲਝਾਏ ਜਾ ਰਹੇ ਹਨ। ਇਸੇ ਦਾ ਨਤੀਜਾ ਹੈ ਕਿ ਅੱਜ ਸਿੱਖ ਨੂੰ ਇਤਨਾ ਵੱਧ ਉਲਝਾਇਆ ਜਾ ਚੁੱਕਾ ਹੈ ਕਿ ਅੱਜ ਦਾ ਨਵ ਜਨਮਿਆ ਸਿੱਖ ਬੱਚਾ, ਜਿਸ ਨੂੰ ਕਿ ਜਨਮ ਤੋਂ ਹੀ ਮਾਪਿਆਂ ਰਾਹੀਂ ਤਿਆਰ ਗੁਰਬਾਣੀ ਆਧਾਰਿਤ ਸਿੱਖ ਜੀਵਨ ਮਿਲਣਾ ਚਾਹੀਦਾ ਸੀ ਉਸ ਨੂੰ ਸਿੱਖ ਧਰਮ ਸਬੰਧੀ ਜਨਮ ਤੋਂ ਹੀ ਸ਼ੰਕਿਆਂ-ਗੁੰਝਲਾਂ ਤੋਂ ਸਿਵਾ ਸਿੱਖ ਧਰਮ ਬਾਰੇ ਹੋਰ ਕੁੱਝ ਵੀ ਪ੍ਰਾਪਤ ਨਹੀਂ ਹੋ ਰਿਹਾ ਅਤੇ ਉੇਸੇ ਦਾ ਨਤੀਜਾ ਹੈ ਕਿ:

ਅੱਜ ਦਾ ਨਵ ਜਨਮਿਆ ਸਿੱਖ ਬੱਚਾ-ਵੱਡਾ ਦੁਖਾਂਤ ਹੈ ਕਿ ਅੱਜ ਦੇ ਵਿਗੜੇ ਪ੍ਰਚਾਰ ਪ੍ਰਬੰਧ `ਚ ਜਨਮ ਲੈ ਰਿਹਾ ਸਿੱਖ ਬੱਚਾ, ਜਨਮ ਤੋਂ ਹੀ ਸਿੱਖੀ ਸਬੰਧੀ ਸ਼ੰਕਿਆਂ ਦੀ ਪੰਡ ਲੈ ਕੇ ਜਨਮ ਲੈ ਰਿਹਾ ਹੈ। ਇਹ, ਉਸ ਧਰਮ ਦੀ ਹਾਲਤ ਹੈ ਜੋ ਸਭ ਤੋਂ ਵੱਧ ਦਲੀਲ ਭਰਪੂਰ, ਅਗਾਂਹ ਵਧੂ ਅਤੇ ਸਮੁਚੇ ਮਨੁੱਖੀ ਸਮਾਜ ਦੀ ਵੱਡੀ ਲੋੜ ਹੈ। ਸ਼ੰਕਿਆਂ ਦੀ ਇਸ ਸੜ੍ਹਾਂਦ ਵਿੱਚ ਪੈਦਾ ਹੋਇਆ ਇਹ ਸਿੱਖ ਬੱਚਾ ਫਿਰ ਘੱਟ ਤੋਂ ਘੱਟ ਪੰਜ ਵਰਗਾਂ `ਚ ਤਾਂ ਜਨਮ ਤੋਂ ਹੀ ਵੰਡਿਆ ਹੀ ਜਾਂਦਾ ਹੈ:-

1. ਅੰਧ ਵਿਸ਼ਵਾਸੀ ਹੋ ਕੇ ਧਰਮ ਦੇ ਵਿਗੜੇ ਰੂਪ ਦਾ ਹੀ ਜਨੂੰਨੀ ਬਣ ਜਾਂਦਾ ਹੈ ਅਤੇ ਸਿੱਖੀ ਪ੍ਰਚਾਰ ਨੂੰ ਵੱਡੀ ਚੋਟ ਦੇਂਦਾ ਹੈ।

2. ਇਹ ਸੋਚ ਕੇ `ਚਲੋ ਅਸਾਂ ਕੀ ਲੈਣਾ’ ਜਿੱਧਰ ਦਿਲ ਆਇਆ ਸਿੱਖੀ ਨੂੰ ਅਨਮੱਤਾਂ, ਦੁਰਮੱਤਾਂ, ਬ੍ਰਾਹਮਣੀ ਰੀਤਾਂ ਵਿੱਚ ਡੁਬੋਂਦੇ ਗਏ। ਇਸ ਤਰ੍ਹਾਂ ਗੁਰੂ ਤੋਂ ਵੀ ਬੇਮੁਖ, ਆਪਣੇ ਮਨੁੱਖਾ ਜਨਮ ਦੀ ਵੀ ਤਬਾਹੀ ਅਤੇ ਸਿੱਖੀ ਦਾ ਵੀ ਭਰਵਾਂ ਮਜ਼ਾਕ ਤੇ ਬਦਨਾਮੀ।

3. ਉੱਕਾ ਹੀ ਸਿੱਖੀ ਤੋਂ ਬਾਗੀ, ਪਤਿਤਪੁਣੇ, ਨਾਸਤਿਕਤਾ ਜਾਂ ਗੁਰੂਡੰਮਾਂ, ਅਨਮੱਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸੇ ਦਾ ਨਤੀਜਾ ਹੈ ਕਿ ਅੱਜ ਪਤਿਤਪੁਣੇ ਦੀ ਕਤਾਰ ਲੱਗੀ ਪਈ ਹੈ।

4. ਵਿਰਲੇ ਬਾਣੀ ਦੀ ਸਟਡੀ-ਵਿਚਾਰ ਕਰਕੇ ਸੁਅਛ ਸਿੱਖੀ ਜੀਵਨ ਦੀ ਪਛਾਣ ਕਰਦੇ ਹਨ ਤਾਂ ਪਹਿਲਾਂ ਤੋਂ ਸਿੱਖੀ ਦਾ ਵਾਤਾਵਰਣ ਉਪ੍ਰੋਕਤ ਤਿੰਨ ਭਾਗਾਂ `ਚ ਵੰਡਿਆ ਹੁੰਦਾ ਹੈ, ਸਾਂਝ ਨਹੀਂ ਬਣ ਆਉਂਦੀ। ਜਿੱਥੇ ਉਹਨਾਂ ਦੇ ਜੀਵਨ `ਚ ਪਿਆਰ, ਪਰ-ਉਪਕਾਰ ਨੇ ਵਾਧਾ ਪਾਉਣਾ ਸੀ, ਖਿਝ ਤੇ ਟੋਕਾ-ਟਾਕੀ ਦਾ ਸੁਭਾਅ ਜਨਮ ਲੈ ਲੈਂਦਾ ਹੈ। ਸਿੱਖੀ ਦੀ ਪ੍ਰਫੁਲਤਾ ਉਥੋਂ ਵੀ ਨਹੀਂ ਹੁੰਦੀ।

5. ਇਸ ਚੌਥੀ ਕਿਸਮ ਵਾਲਿਆਂ ਚੋਂ ਇੱਕ ਹੋਰ ਕਿਸਮ ਵੀ ਜਨਮ ਲੈਣ ਲਗ ਪਈ ਹੈ। ਜਿਨ੍ਹਾਂ ਨੂੰ ਗੁਰਬਾਣੀ ਜੀਵਨ ਪਖੋਂ ਜਾਗ੍ਰਤੀ ਤਾਂ ਆ ਜਾਂਦੀ ਹੈ ਪਰ ਪੰਥ ਦੀ ਵਿਗੜੀ ਸੰਭਾਲਣ ਦੀ ਬਜਾਇ. ਅਗਿਆਨਤਾ ਦੇ ਇਸ ਵਾਤਾਵਰਣ ਦਾ ਉਲਟਾ ਲਾਭ ਚੁੱਕ ਕੇ, ਹੋਰ ਲੁੱਟ-ਖੋਹ ਦੇ ਰਸਤੇ ਟੁਰ ਪੈਂਦੇ ਹਨ। ਇਹ ਤਬਕਾ ਬਲਕਿ ਪੰਥ ਲਈ ਹੋਰ ਵੀ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ।

ਇਸ ਲਈ ‘ਮਹਲਾ’ ਵਾਲਾ ਜੋ ਉਚੇਚੇ ਤੌਰ `ਤੇ ਵਿਸ਼ਾ ਲਿਆ ਗਿਆ ਹੈ ਇਹ ਕੇਵਲ ਇਸ ਦੁਖਾਂਤ ਵੱਲ ਇਸ਼ਾਰਾ ਹੈ, ਇਸ ਸਚਾਈ ਨੂੰ ਸਮਝਣ ਲਈ ਕਿ ਅੱਜ ਪੰਥ ਅੰਦਰ ਜੋ ਪਾਟਕਾਂ ਮੂੰਹ ਪਾੜੀ ਖੜੀਆਂ ਤੇ ਨਿੱਤ ਨਵੇਂ ਮਸਲੇ ਪੈਦਾ ਹੋ ਰਹੇ ਜਾਂ ਕਈ ਵਾਰੀ ਬਾਹਰਲੀਆਂ ਤਾਕਤਾਂ ਰਸਤੇ ਪੰਥ `ਚ ਘੁੱਸ ਪੈਠ ਕਰਕੇ ਕੀਤੇ ਜਾ ਰਹੇ ਹਨ, ਉਹਨਾਂ ਸਾਰਿਆਂ ਦਾ ਇਕੋ ਹੀ ਹੱਲ ਹੈ। ਉਹ ਹੱਲ ਹੈ ਕਿ ਪਹਿਲਾਂ ਤਾਂ ਹਰੇਕ ਸਿੱਖ ਅੰਦਰ ਇਹ ਭਾਵਨਾ ਪੈਦਾ ਹੋਣੀ ਜ਼ਰੂਰੀ ਹੈ ਕਿ ਬੀਬੀਆਂ ਚਾਹੇ ਵੀਰ, ਚੂੰਕਿ ਅਸੀਂ ਸਾਰੇ ਗੁਰਭਾਈ ਹਾਂ ਇਸ ਲਈ ਅਜਿਹੇ ਵਿਸ਼ਿਆਂ ਲਈ ਸਾਨੂੰ ਗੁਰਬਾਣੀ ਦਾ ਆਦੇਸ਼ ਹੈ “ਗੁਰਸਿਖ ਪ੍ਰੀਤਿ, ਗੁਰ ਮਿਲਿ ਆਘਾਇ (੧੬੪) ਅਨੁਸਾਰ “ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: 1185)।

ਉਸ ਤੋਂ ਬਾਅਦ ਵਿਸ਼ਾ ਚਾਹੇ ਕੋਈ ਵੀ ਹੋਏ, ਗੁਰਭਾਈ ਹੋਣ ਦੇ ਨਾਤੇ ਹਰੇਕ ਨੂੰ ਪੂਰਾ ਹੱਕ ਹੋਵੇ, ਜਿਨੀਂ ਵੀ ਕਿਸੇ ਦੀ ਤਿਆਰੀ ਹੈ, ਬਿਨਾ ਕਿਸੇ `ਤੇ ਲਾਂਛਣ ਲਗਾਏ, ਪ੍ਰਾਪਤ ਸਾਧਨਾ ਨੂੰ ਵਰਤ ਕੇ ਸਬੰਧਤ ਵਿਸ਼ੇ `ਤੇ ਆਪਣੇ ਵਿਚਾਰ ਪੰਥ ਸਾਹਮਣੇ ਪੇਸ਼ ਕਰਦਾ ਰਵੇ। ਇਸ ਤਰ੍ਹਾਂ ਹਰੇਕ ਵਿਸ਼ੇ ਲਈ ਕੁੱਝ ਸਮਾਂ ਤਾਂ ਲਗੇ ਗਾ ਹੀ, ਫ਼ਿਰ ਵੀ ਇਨਾਂ ਨਹੀਂ ਲਗੇ ਗਾ ਜਿਵੇਂ ਕਿ ਅੱਜ ਇੱਕ ਇੱਕ ਵਿਸ਼ੇ ਲਈ ਦਹਾਕੇ ਤੇ ਸਦੀਆਂ ਲੱਗ ਰਹੀਆਂ ਹਨ। ਇਸ ਤਰੀਕੇ ਪੰਥ `ਚ ਅਮੁੱਕੇ ਵਿਸ਼ੇ `ਤੇ ਯੋਗ ਰਾਇਆਮਾ ਜ਼ਰੂਰ ਬਣ ਜਾਵੇਗੀ। ਇਸ ਦਾ ਨਤੀਜਾ ਸੰਗਤਾਂ ਵਿਚਕਾਰ ਆਪਸੀ ਮਨਮੁਟਾਵ, ਵਿਰੋਧ ਤੇ ਝਗੜੇ ਵੀ ਨਹੀਂ ਪਣਪਣਗੇ। ਹੱਥਲਾ ਵਿਸ਼ਾ ‘ਮਹਲਾ’ ਆਦਿ ਵਾਂਗ ਮਸਲੇ ਵੀ ਨਹੀਂ ਰਹਿਣ ਗੇ ਤੇ ਆਪਸੀ ਪਿਆਰ ਵੀ ਵਧੇਗਾ। ਇਸ ਸਾਰੇ ਸਿਲਸਿਲੇ `ਚ ਇੱਕ ਦੋ ਗੱਲਾਂ ਦਾ ਧਿਆਣ ਜ਼ਰੂਰ ਦੇਣਾ ਹੋਵੇਗਾ। ਇੱਕ ਤਾਂ ਇਹ ਕਿ ਆਪਣੇ ਵਿਚਾਰ ਦਿੰਦਿਆਂ ਇਸ ਚੀਜ਼ ਦਾ ਧਿਆਨ ਜ਼ਰੂਰ ਰਖਿਆ ਜਾਵੇ ਕਿ ਇਕ-ਦੂਜੇ `ਤੇ ਲਾਂਛਣ ਬਿਲਕੁਲ ਨਾ ਲਗਾਏ ਜਾਣ। ਦੂਜੇ, ਆਪਣੇ ਆਪਣੇ ਪ੍ਰਭਾਵ ਵਰਤ ਕੇ ਤੇ ਰਾਜਸੀ ਲਾਭ ਉਠਾ ਕੇ ਹੁਕਮਨਾਮਿਆ ਦੀ ਆੜ ਲੈ ਕੇ ਵਿਰੋਧੀ ਵਿਚਾਰਧਾਰਾ ਤੇ ਵਿਰੋਧੀਆਂ ਦਾ ਮੂੰਹ ਬੰਦ ਕਰਣ ਦਾ ਉੱਕਾ ਯਤਨ ਨਾ ਕੀਤਾ ਜਾਵੇ ਜਿਵੇਂ ਕਿ ਅੱਜ ਹੋ ਰਿਹਾ ਹੈ। #181so2.4s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top